ਡਾ. ਹਰਵਿੰਦਰ ਸਿੰਘ
ਪੰਜਾਬ ਵਿਚ ਬਰਤਾਨਵੀ ਨਿਜ਼ਾਮ ਸਥਾਪਤ ਹੋਣ ਨਾਲ ਵੱਖਰੀ ਤਰ੍ਹਾਂ ਦੇ ਮਾਹੌਲ, ਸਭਿਆਚਾਰ, ਪ੍ਰਸ਼ਾਸਨਿਕ ਢਾਂਚੇ ਅਤੇ ਸਿਆਸਤ ਦਾ ਉਭਾਰ ਹੋਇਆ। ਇਸ ਨਿਜ਼ਾਮ ਦੇ ਪ੍ਰਭਾਵ ਅਧੀਨ ਨਵ-ਜਾਗ੍ਰਿਤੀ, ਨਵੀਆਂ ਪਛਾਣਾਂ, ਅਸਹਿਮਤੀ, ਨਵਾਂ ਸਿੱਖਿਆ ਢਾਂਚਾ, ਹੀਣਭਾਵਨਾ, ਤੌਖ਼ਲਾ ਅਤੇ ਭਾਈਚਾਰਕ ਸਬੰਧਾਂ ’ਚ ਕਸ਼ੀਦਗੀ ਦਾ ਮਾਹੌਲ ਆਦਿ ਵਰਤਾਰੇ ਮਿਸ਼ਰਤ ਰੂਪ ’ਚ ਕਾਰਜਸ਼ੀਲ ਸਨ। ਇਸ ਸੰਕ੍ਰਾਂਤੀ ਦੇ ਦੌਰ ’ਚ ਪੁਰਾਣੇ ਦੀ ਟੁੱਟ-ਭੱਜ ਅਤੇ ਨਵਾਂ ਹੋਂਦ ਧਾਰਨ ਕਰ ਰਿਹਾ ਸੀ। ਸੰਖੇਪ ਵਿਚ ਆਖੀਏ ਤਾਂ ਪੰਜਾਬੀਅਤ ’ਚ ਪਈਆਂ ਤਰੇੜਾਂ ਖਾਈ ਦਾ ਰੂਪ ਧਾਰਨ ਕਰ ਰਹੀਆਂ ਸਨ। ਪੰਜਾਬੀਅਤ ’ਚ ਪਏ ਪਾੜ ਦੇ ਕਾਰਨ ਸਿਰਫ਼ ਬਰਤਾਨਵੀ ਹਕੂਮਤ ਦੌਰਾਨ ਹੀ ਨਹੀਂ ਸਨ ਪਣਪੇ; ਇਸ ਤੋਂ ਪਹਿਲਾਂ ਵੀ ਪੰਜਾਬ ’ਚ ਲੰਮੇ ਸਮੇਂ ਤੋਂ ਆਪੋ-ਆਪਣੀਆਂ ਧਾਰਮਿਕ ਪਛਾਣਾਂ ਗੂੜ੍ਹੀਆਂ ਹੋ ਚੁੱਕੀਆਂ ਸਨ। ਅੰਗਰੇਜ਼ੀ ਸਾਮਰਾਜ ਨੇ ਪੰਜਾਬੀਅਤ ਨੂੰ ਵੰਡੇ ਜਾਣ ਦੀ ਗੁੰਜਾਇਸ਼ ਦੀ ਤਲਾਸ਼ ਕੀਤੀ।
ਬਸਤੀਵਾਦੀ ਸੱਤਾ ’ਚ ਸ਼ਕਤੀਸ਼ਾਲੀ ਰਾਜ ਪ੍ਰਬੰਧ ਦੇ ਨਾਲ-ਨਾਲ ਪ੍ਰਕਾਸ਼ਨ ਸਭਿਆਚਾਰ, ਪ੍ਰਚਾਰਕ ਮਸ਼ੀਨਰੀ ਇਸਾਈ ਮੱਤ ਦੇ ਪ੍ਰਚਾਰ ਲਈ ਨਿਰਸੰਦੇਹ ਜਥੇਬੰਦ ਸਨ, ਪਰ ਉਨ੍ਹਾਂ ਸਥਾਨਕ ਕਬੀਲਿਆਂ, ਜਾਤਾਂ ਦੀ ਕਿੱਤਾਮੁਖੀ ਜਾਣਕਾਰੀ, ਇਤਿਹਾਸਕ ਸ੍ਰੋਤਾਂ ਦੇ ਅਧਿਐਨ ਲਈ ਸਥਾਨਕ ਅਤੇ ਵਿਦੇਸ਼ੀ ਵਿਦਵਾਨਾਂ ਦੀਆਂ ਸੇਵਾਵਾਂ ਲਈਆਂ; ਕਈ ਅੰਗਰੇਜ਼ ਚਿੰਤਕਾਂ ਨੇ ਭਾਸ਼ਾ, ਸਭਿਆਚਾਰ ਦੇ ਖੇਤਰਾਂ ’ਚ ਸਲਾਹੁਣਯੋਗ ਕਾਰਜ ਕੀਤੇ। ਇਨ੍ਹਾਂ ਖੋਜ ਕਾਰਜਾਂ ਰਾਹੀਂ ਬਸਤੀਵਾਦੀ ਚਿੰਤਕ ਪੰਜਾਬੀ ਮਾਨਸਿਕਤਾ ਨੂੰ ਸਮਝਣ ਅਤੇ ਬਰਤਾਨਵੀ ਹਕੂਮਤ ਪੈਰ ਪੱਕੇ ਕਰਨ ਦੇ ਆਹਰ ’ਚ ਸਨ। ਬਸਤੀਵਾਦੀ ਚਿੰਤਕਾਂ ਨੇ ਆਪਣੇ ਆਪ ਨੂੰ ‘ਸਰਬਉੱਚ’, ‘ਉੱਤਮ’, ‘ਕੁਲੀਨ’ ਕੌਮ ਦਾ ਹੋਣ ਦਾ ਪ੍ਰਚਾਰ ਕਰਕੇ, ਸਥਾਨਕ ਸਭਿਆਚਾਰਾਂ, ਭਾਸ਼ਾਵਾਂ ’ਚ ‘ਹੀਣ-ਭਾਵਨਾ’, ਅਵਿਕਸਤ ਅਤੇ ਪਛੜੇ ਹੋਣ ਦਾ ਭਰਮ ਸਿਰਜਿਆ। ਉਨ੍ਹਾਂ ਨੇ ਆਪਣੇ ਪ੍ਰਚਾਰ ਢੰਗ ਨਾਲ ਪੰਜਾਬ ਦੇ ਗਿਆਨ ਸਰੋਤਾਂ ’ਚ ਰਲਾ ਪਾਏ ਅਤੇ ਤੱਥਾਂ ਦੀ ਆਪਣੇ ਹਿੱਤਾਂ ਅਨੁਸਾਰ ਵਿਆਖਿਆ ਕੀਤੀ।
ਇਨ੍ਹਾਂ ਕਾਰਨਾਂ ਕਰਕੇ ਆਮ ਵਾਕਫ਼ੀਅਤ ਰੱਖਣ ਵਾਲੀ ਆਵਾਮ ਦੀ ਮਾਨਸਿਕਤਾ ਵਿਚ ਬਰਤਾਨਵੀ ਹਕੂਮਤ ਦਾ ਚਿਹਰਾ ਉਦਾਰਵਾਦੀ, ਤਰੱਕੀਪਸੰਦ, ਸਥਾਨਕ ਲੋਕਾਂ ਲਈ ‘ਰੱਬ ਦੇ ਦੂਤ’ ਵਾਲਾ ਨਜ਼ਰ ਆਉਂਦਾ ਸੀ; ਜਦੋਂਕਿ ਅੰਗਰੇਜ਼ੀ ਸਾਮਰਾਜ ਅਤੇ ਉਸ ਦੇ ਕਈ ਚਿੰਤਕ ਨਸਲਪ੍ਰਸਤ, ਹਿੰਸਕ ਅਤੇ ਸਥਾਨਕ ਲੋਕਾਂ ’ਚ ਘਿਰਣਾਯੋਗ ਵਰਤਾਰਿਆਂ ਨੂੰ ਅੰਜਾਮ ਦੇਣ ਵਾਲੇ ਸਨ। ਅੰਗਰੇਜ਼ ਮੈਕਸ ਮੂਲਰ ਨੇ ਆਪਣੇ ਦੋਸਤਾਂ ਨੂੰ ਲਿਖੀਆਂ ਚਿੱਠੀਆਂ ’ਚ ਕਬੂਲ ਕੀਤਾ ਕਿ ਮੈਂ ਇਹੋ ਜਿਹਾ ਕੰਮ ਕਰ ਦਿੱਤਾ ਜਿਸ ਦੀ ਸਦੀਆਂ ਬਾਅਦ ਹਿੰਦੋਸਤਾਨੀਆਂ ਨੂੰ ਸਮਝ ਆਏਗੀ। ਪੰਜਾਬੀਆਂ ਦੀ ਦੇਹ ’ਤੇ ਕੀਤੀ ਹਿੰਸਾ ਦੇ ਜ਼ਖ਼ਮ ਸ਼ਾਇਦ ਸਮੇਂ ਨਾਲ ਭਰ ਜਾਣ, ਪਰ ਇਨ੍ਹਾਂ ਦੁਆਰਾ ਕੀਤੀ ਭਾਸ਼ਾਈ ਹਿੰਸਾ ਕਾਰਨ ਸਥਾਨਕ ਲੋਕਾਈ ਦੇ ਮਨ ਵਿਚ ‘ਹੀਣ-ਭਾਵਨਾ’, ‘ਪਛੜਿਆ’, ਅਵਿਕਸਤ ਹੋਣ ਦਾ ਭਰਮ ਸਦਾ ਲਈ ਜੜ੍ਹ ਫੜ ਗਿਆ।
ਫਰੈਂਕ ਲੂਗਾਰਡ ਬ੍ਰੇਨ ਦਾ ਪੇਂਡੂ ਸੁਕਰਾਤ:
ਇਸ ਦੀ ਇਕ ਮਿਸਾਲ ਸਾਂਝੀ ਕਰ ਸਕਦੇ ਹਾਂ। ਅੰਗਰੇਜ਼ ਅਫ਼ਸਰਸ਼ਾਹ, ਫਰੈਂਕ ਲੂਗਾਰਡ ਬ੍ਰੇਨ (Frank Lugard Brayne, ਆਈ.ਸੀ.ਐਸ. ਗੁੜਗਾਉਂ, ਫਿਰ ਜਿਹਲਮ) ਦੀ ਪੁਸਤਕ Socrates in an Indian Village (ਦਾ ਪੰਜਾਬੀ ਅਨੁਵਾਦ ਪੇਂਡੂ ਜਾਂ ਦਿਹਾਤੀ ਸੁਕਰਾਤ) ਹੈ। ਇਹ ਪੁਸਤਕ ਔਕਸਫੌਰਡ ਯੂਨੀਵਰਸਿਟੀ ਪ੍ਰੈਸ, ਬੰਬਈ-ਮਦਰਾਸ ਤੋਂ 1930 ’ਚ ਪ੍ਰਕਾਸ਼ਿਤ ਹੋਈ। ਇਸ ਅਨੁਵਾਦਤ ਪੁਸਤਕ ਦੇ ਪੰਜਾਬੀ ਸੰਸਕਰਣ ਦਾ ਇਸ਼ਤਿਹਾਰ 1930ਵਿਆਂ ਦੌਰਾਨ ਫੁਲਵਾੜੀ ਅਤੇ ਹੋਰ ਰਸਾਲਿਆਂ ’ਚ ਛਪਦਾ ਰਿਹਾ। ਐਫ਼.ਐਲ. ਬ੍ਰੇਨ ਭਾਰਤੀ ਪਿੰਡਾਂ ਦੀ ਉੱਨਤੀ, ਵਿਕਾਸ ਦੀਆਂ ਸਕੀਮਾਂ, ਯੋਜਨਾਵਾਂ ਦਾ ਪ੍ਰਮੁੱਖ ਸਲਾਹਕਾਰ ਸੀ। ਉਸ ਨੇ ਇੰਗਲੈਂਡ ਦੇ ਪਿੰਡਾਂ ਦੀ ਤਰਜ਼ ’ਤੇ ਪੰਜਾਬ ਦੇ ਪਿੰਡਾਂ ਨੂੰ ਵਿਕਸਤ ਕਰਨ ਦੀ ਯੋਜਨਾ ਬਣਾਈ। ਇਸੇ ਤਰੱਦਦ ਤਹਿਤ ਉਸ ਨੇ ਲੋਕਾਂ ਨੂੰ ਸੁਸਿੱਖਿਅਤ ਕਰਨ ਲਈ ਸੁਕਰਾਤ ਦਾ ‘ਕਾਲਪਨਿਕ’ ਕਿਰਦਾਰ ਘੜਿਆ; ਬ੍ਰੇਨ ਦਾ ਸੁਕਰਾਤ ਗੁੜਗਾਉਂ ਜ਼ਿਲ੍ਹੇ ਦੇ ਪਿੰਡਾਂ ਦੇ ਵਿਹੜਿਆਂ, ਘਰਾਂ ’ਚ ਜਾ ਕੇ ‘ਸੰਵਾਦੀ ਵਿਧੀ’ ਰਾਹੀਂ ਸਥਾਨਕ ਵਸਨੀਕਾਂ ਨੂੰ ਪੜ੍ਹਾਈ, ਜਾਤ-ਪਾਤ, ਰਹਿਣ-ਸਹਿਣ, ਖਾਣ-ਪਹਿਨਣ, ਸਿੱਖਿਆ, ਨੈਤਿਕਤਾ-ਸਦਾਚਾਰ, ਸਫ਼ਾਈ-ਸੁਧਾਰ ਸਬੰਧੀ ਵਿਖਿਆਨ ਦਿੰਦਾ ਸੀ। ਕਿਸੇ ਅਫ਼ਸਰਸ਼ਾਹ ਵੱਲੋਂ ਲੋਕ ਭਲਾਈ ਸਬੰਧੀ ਸੁਸਿੱਖਿਅਤ ਕਰਨਾ ਨੈਤਿਕ ਫ਼ਰਜ਼ ਹੈ। ਇਹ ‘ਸਿਖਲਾਈ’ ਇੱਥੋਂ ਤੱਕ ਤਾਂ ਠੀਕ ਲੱਗਦੀ ਹੈ; ਪਰ ਸਦਾਚਾਰ, ਸਿੱਖਿਆ-ਸੁਧਾਰ ਦੇ ਨਾਂ ’ਤੇ ਵਰਤੀ ਗਈ ਭਾਸ਼ਾ ‘ਹਿੰਸਾ’ ਬਣ ਜਾਂਦੀ ਹੈ। ਇਸ ਪੁਸਤਕ ਵਿਚ ਸਦਾਚਾਰ ਦੇ ਓਹਲੇ, ਤਹਿਆਂ ’ਚ ਨਸਲਪ੍ਰਸਤੀ, ਹਿੰਸਾ, ਹਿਕਾਰਤ ਅਤੇ ਆਪਣੇ ਆਪ ਨੂੰ ‘ਉੱਤਮ’ ਸਿੱਧ ਕਰਨ ਦੀ ਭਾਵਨਾ ਪ੍ਰਬਲ ਰੂਪ ’ਚ ਸਾਹਮਣੇ ਆਉਂਦੀ ਹੈ। ਮਿਸਾਲ ਵਜੋਂ:
ਸੁਕਰਾਤ: ਤੁਸੀਂ ਰੇਲਗੱਡੀ ਬਣਾ ਸਕਦੇ ਓ?
ਜ਼ਿਮੀਂਦਾਰ: ਜੀ ਅਸੀਂ ਕੋਈ ਇੰਜੀਨੀਅਰ ਤਾਂ ਨਹੀਂ!
ਸੁਕਰਾਤ: ਤਾਂ ਤੁਹਾਡੇ ਤੇ ਪਸ਼ੂਆਂ ਵਿਚ ਕੋਈ ਫ਼ਰਕ ਤਾਂ ਨਹੀਂ ਹੋਇਆ? ਕਿਉਂ ਜੋ ਤੁਸੀਂ ਇਨ੍ਹਾਂ ’ਚੋਂ ਇਕ ਵੀ ਨਹੀਂ ਬਣ ਸਕਦੇ?
ਬ੍ਰੇਨ (Brayne) ਇਕ ਬੌਧਿਕ ਫ਼ਰੇਬ ਵਰਤ ਕੇ ਸੁਕਰਾਤ ਦੇ ਬਿੰਬ ਰਾਹੀਂ ਪੱਛਮੀ ਪਦਾਰਥ ਵਿੱਦਿਆ ਤੇ ਹਉਂਵਾਦੀ ਰੁਚੀਆਂ ਦਾ ਪ੍ਰਗਟਾਵਾ ਕਰ ਜਾਂਦਾ ਹੈ। ਇਹ ਬਸਤੀਵਾਦੀ ਚਿੰਤਨ, ਅਨੁਵਾਦ ਅਤੇ ਵਿਆਖਿਆ ਦਾ ਅਛੋਪਲਾ ਸੰਸਾਰ ਹੈ। ਦਰਅਸਲ, ਸੁਕਰਾਤ ਦੇ ਬਹਾਨੇ ਇਹ ਪੱਛਮੀ ਚਿੰਤਕਾਂ ਦੀਆਂ ‘ਟਾਹਰਾਂ’ ਹਨ ਜੋ ਸਥਾਨਕ ਸਭਿਆਚਾਰ ਅਤੇ ਵਸਨੀਕਾਂ ਨੂੰ ‘ਅਤਿ ਨੀਵੀਂ’ ਸ਼੍ਰੇਣੀ ਦਾ ਦਰਜਾ ਦਿੰਦੇ ਹਨ।
ਬਸਤੀਵਾਦੀ ਚਿੰਤਨ ਅਤੇ ਭਾਈ ਵੀਰ ਸਿੰਘ
ਪੰਜਾਬ ਦੀ ਬਦਲੀ ਹੋਈ ਫ਼ਿਜ਼ਾ ਵਿਚ ਭਾਸ਼ਾ, ਧਾਰਮਿਕ ਪਛਾਣਾਂ, ਸਥਾਨਕ ਸਭਿਆਚਾਰਾਂ ਅਤੇ ਆਪੋ-ਆਪਣੀ ਕੌਮੀਅਤ ਨੂੰ ਬਚਾਉਣ ਲਈ ਜਥੇਬੰਦਕ ਤੌਰ ’ਤੇ ਹੀਲੇ-ਵਸੀਲੇ ਹੋਣ ਲੱਗੇ। ਬਰਤਾਨਵੀ ਹਕੂਮਤ ਨੇ ਆਪਣੇ ਮਿਸ਼ਨਰੀ ਮਨੋਰਥ ਤਹਿਤ ਧਾਰਮਿਕ ਸਮੂਹਾਂ ਨੂੰ ‘ਨਿਵੇਕਲੇ’ ਹੋਣ ਦੀ ਸ਼ਹਿ ਦਿੱਤੀ। ਇਸ ਦੇ ਨਾਲ ਹੀ ਪੰਜਾਬ ਵਿਚ ਇਸਾਈ ਮੱਤ ਦੇ ਪ੍ਰਚਾਰ ਲਈ ਟਰੈਕਟ, ਪ੍ਰਕਾਸ਼ਨਾਵਾਂ, ਧਰਮ ਪਰਿਵਰਤਨ ਰਾਹੀਂ ਯਤਨ ਹੋਣ ਲੱਗੇ। ਮਿਸ਼ਨਰੀਆਂ ਦੇ ਪ੍ਰਚਾਰ ਨਾਲ ਪੰਜਾਬ ਦੀ ਭਾਈਚਾਰਕ ਸਾਂਝ ਵਿਚ ਕਸ਼ੀਦਗੀ ਦਾ ਮਾਹੌਲ ਪਨਪਿਆ। ਸਥਾਨਕ ਪਛਾਣਾਂ ਦੁਵੱਲੇ ਵਿਰੋਧਾਂ ’ਚੋਂ ਆਪਣਾ ਭਵਿੱਖ ਤਲਾਸ਼ਣ ’ਚ ਰੁੱਝ ਗਈਆਂ। ਆਪਣੀਆਂ ਪਛਾਣਾਂ ਨੂੰ ‘ਸਰਵੋਤਮ’ ਤੇ ਸਰਬਕਾਲੀ ਸਿੱਧ ਕਰਨ ਲਈ ਯਤਨ ਹੋਏ। ਭਾਈ ਵੀਰ ਸਿੰਘ ਨੇ ਕੌਰ ਸਿੰਘ ਧੂਪੀਆ ਨਾਲ ਮਿਲ ਕੇ 1896 ਵਿਚ ਖ਼ਾਲਸਾ ਟ੍ਰੈਕਟ ਸੁਸਾਇਟੀ ਅਤੇ ਦੋ-ਮਾਸਿਕ ‘ਨਿਰਗੁਣੀਆਰਾ’ ਰਸਾਲਾ ਸ਼ੁਰੂ ਕੀਤਾ। ਭਾਈ ਸਾਹਿਬ ਨੇ ਇਸ ਖ਼ਾਸ ਯਤਨ ਤਹਿਤ 1862 ’ਚ ਕਾਇਮ ਕੀਤੀ ‘ਅਮਰੀਕਨ ਟ੍ਰੈਕਟ ਸੁਸਾਇਟੀ’ ਅਤੇ ਰਸਾਲਾ ‘ਨੂਰ ਅਸ਼ਫ਼ਾਂ’ ਦੀ ਤਰਜ਼ ’ਤੇ ਪ੍ਰਕਾਸ਼ਨ ਲੜੀ ਸ਼ੁਰੂ ਕੀਤੀ। ਭਾਈ ਵੀਰ ਸਿੰਘ ਅਤੇ ਟ੍ਰੈਕਟ ਸੁਸਾਇਟੀ ਨੇ ਸਮੇਂ ਅਤੇ ਸਮਾਜ ਦੀਆਂ ਲੋੜਾਂ ਮੁਤਾਬਿਕ ਧਾਰਮਿਕ, ਭਾਈਚਾਰਕ, ਸਿੱਖ ਇਤਿਹਾਸ, ਰਸੋਈ ਪ੍ਰਬੰਧ, ਸਦਾਚਾਰ, ਕੁਰੀਤੀ ਸੁਧਾਰ, ਉੱਚ ਵਿੱਦਿਆ, ਪਦਾਰਥ ਵਿੱਦਿਆ, ਆਮ ਸਿੱਖਿਆ ਉਪਦੇਸ਼ ਸਬੰਧੀ ਟ੍ਰੈਕਟ ਪ੍ਰਕਾਸ਼ਿਤ ਕੀਤੇ। ਭਾਈ ਵੀਰ ਸਿੰਘ ਨੇ ਬਸਤੀਵਾਦੀ ਚਿੰਤਨ ਅਤੇ ਉਨ੍ਹਾਂ ਦੀਆਂ ਧਾਰਨਾਵਾਂ ਦੇ ਸਮਾਨਾਂਤਰ ਪੂਰਬੀ ਚਿੰਤਨ, ਮਾਨਤਾਵਾਂ, ਗੌਰਵ ਅਤੇ ਧਾਰਨਾਵਾਂ ਨੂੰ ਸਥਾਪਿਤ ਕਰਨ ਦਾ ਅਹਿਦ ਲਿਆ। ਭਾਈ ਵੀਰ ਸਿੰਘ ਦੀ ਸ਼ਖ਼ਸੀਅਤ ਸਾਹਿਤਕ-ਇਤਿਹਾਸਕ, ਸੰਸਥਾਗਤ ਪ੍ਰਕਾਸ਼ਕ ਦੇ ਹਵਾਲੇ ਨਾਲ ਬਹੁਪਰਤੀ ਅਤੇ ਜਟਿਲਤਾ ਵਾਲੀ ਹੈ।
1914 ’ਚ ਭਾਈ ਵੀਰ ਸਿੰਘ ਨੇ ਖ਼ਾਲਸਾ ਸਮਾਚਾਰ ’ਚ ‘ਫ਼ਿਲਾਸਫ਼ਰ ਅਤੇ ਫ਼ਕੀਰ’ ਨਾਂ ਦਾ ਲੰਮਾ ਲੇਖ ਲੜੀਵਾਰ ਛਾਪਿਆ। ਬਾਅਦ ਵਿਚ ਇਹ ਲੇਖ ‘ਸਭ ਤੋਂ ਵੱਡਾ ਸਤਿਗੁਰ ਨਾਨਕ’ ਦੇ ਸਿਰਲੇਖ ਅਧੀਨ ‘ਗੁਰੂ ਨਾਨਕ ਚਮਤਕਾਰ’ ਵਿਚ ਸ਼ਾਮਿਲ ਕੀਤਾ। ਇਸ ਲੇਖ ਵਿਚ ਭਾਈ ਵੀਰ ਸਿੰਘ ਨੇ ਗੁਰੂ ਨਾਨਕ ਦੇ ਵਿਚਾਰਾਂ ਨੂੰ ਵੱਖ-ਵੱਖ ਪਰਮ ਮਨੁੱਖਾਂ (ਮਹਾਤਮਾ ਬੁੱਧ, ਕਨਫਿਊਸ਼ਸ਼, ਈਸਾ, ਵੇਦਕ ਰਿਸ਼ੀ, ਜ਼ੋਰਾਸ਼ਟਰ, ਮੁਹੰਮਦ ਸਾਹਿਬ, ਗੌਰੰਗ, ਰਾਮਾਨੁਜ, ਵੱਲਭ), ਦਾਰਸ਼ਨਿਕਾਂ (ਸੰਕਰਾਚਾਰਯ, ਸੁਕਰਾਤ, ਪਲੈਟੋ, ਅਰਸਤੂ, ਕਾਂਟ, ਸ਼ਾਪਨਹਿਊਰ, ਬਰਗਸਾਂ ਆਦਿ) ਅਤੇ ਵੱਖ-ਵੱਖ ਅਨੁਸ਼ਾਸਨਾਂ ਸਬੰਧੀ ਕਿਤੇ ਭਰਵਾਂ ਅਤੇ ਕਿਤੇ ਸੰਖੇਪ ਰੂਪ ’ਚ ਚਿੰਤਨ ਕੀਤਾ। ਭਾਈ ਵੀਰ ਸਿੰਘ ਦੇ ਇਸ ਯਤਨ ਨੂੰ ਪੰਜਾਬੀ ਅਤੇ ਪੂਰਬੀ ਚਿੰਤਨ ਦੀ ਮੌਲਿਕਤਾ ਅਤੇ ਬਸਤੀਵਾਦੀ ਮਾਨਸਿਕਤਾ ਦੇ ਗਿਲਾਫ਼ ਨੂੰ ਉਧੇੜਨ ਵਜੋਂ ਸਮਝਿਆ ਜਾ ਸਕਦਾ ਹੈ। ਬਰਤਾਨਵੀ ਹਕੂਮਤ ਦੌਰਾਨ ਉਤਪਾਦਤ ਸਾਹਿਤ ਚਿੰਤਨ ਕਿਸੇ ਨਾ ਕਿਸੇ ਵਰਤਾਰੇ, ਘਟਨਾ, ਮਾਹੌਲ, ਲਹਿਰ ਆਦਿ ਦਾ ਪ੍ਰਤੀਕਰਮ ਜਾਂ ਪ੍ਰਤੀਉੱਤਰ ਹੈ। ਉਸ ਸਮੇਂ ਦੀ ਗਿਆਨ ਪਰੰਪਰਾ ਭਾਵੇਂ ਮੌਲਿਕ ਤੌਰ ’ਤੇ ਕੋਈ ਚਿੰਤਨ ਨਹੀਂ ਕਰਦੀ; ਪਰ ਆਪਣੀਆਂ ਰਵਾਇਤਾਂ, ਮਾਨਤਾਵਾਂ, ਅਸਤਿੱਤਵ ਨੂੰ ਬਚਾਈ ਰੱਖਣ ਲਈ ਪੂਰਬਲੇ ਚਿੰਤਨ ਦੀ ਵਿਆਖਿਆ, ਅਨੁਵਾਦ ਕਾਰਜ ਵਿਸ਼ਾਲ ਪੱਧਰ ’ਤੇ ਹੋਏ।
ਸੁਕਰਾਤ ਦੇ ਸੰਵਾਦਾਂ ਦਾ ਉਲਥਾ ਅਤੇ ਭਾਈ ਵੀਰ ਸਿੰਘ
ਖ਼ਾਲਸਾ ਟ੍ਰੈਕਟ ਸੁਸਾਇਟੀ ਦੀ ਸਥਾਪਨਾ ਤੋਂ ਲੈ ਕੇ ਭਾਈ ਵੀਰ ਸਿੰਘ ਦੇ ਜੀਵਨ-ਕਾਲ ਦੌਰਾਨ ਲਗਪਗ 1158 ਦੇ ਕਰੀਬ ਟ੍ਰੈਕਟ ਵੱਖ-ਵੱਖ ਵਿਸ਼ਿਆਂ ’ਤੇ ਪ੍ਰਕਾਸ਼ਿਤ ਹੋਏ। ਇਹ ਦਾਅਵਾ ਹਰਗਿਜ਼ ਨਹੀਂ ਕਿ ਸਾਰੇ ਟ੍ਰੈਕਟ ਭਾਈ ਵੀਰ ਸਿੰਘ ਦੁਆਰਾ ਰਚਿਤ ਹਨ, ਪਰ ਬਹੁਤੇ ਵਿਦਵਾਨ ਇਕਮੱਤ ਹਨ ਕਿ ਸੁਸਾਇਟੀ ਦੇ ਲੇਖਣ ਦਾ ਬਹੁਤਾ ਕਾਰਜ ਭਾਈ ਵੀਰ ਸਿੰਘ ਜ਼ਿੰਮੇ ਸੀ। ਖੋਜ ਚਿੰਤਨ ਤੱਥਾਂ ਦੀ ਭਾਲ ਕਰਦਾ ਹੈ ਪਰ ਇਨ੍ਹਾਂ ਦਾ ਮੁਲਾਂਕਣ ਅਤੇ ਵਿਸ਼ਲੇਸ਼ਣ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਦੇ ਕੁਝ ਨਿੱਜੀ ਕਾਗਜ਼ਾਤ, ਸੰਸਥਾ ਨਾਲ ਚਿੱਠੀ-ਪੱਤਰ ਅਤੇ ਖੋਜੇ ਗਏ ਤੱਥਾਂ ਅਨੁਸਾਰ ਸੁਕਰਾਤ ਦਾ ਮੁਕੱਦਮਾ, ਸੰਵਾਦ ਅਤੇ ਉਸ ਦੇ ਚਿੰਤਨ ਦੀ ਸਮਕਾਲਤਾ ਸਬੰਧੀ ਟਰੈਕਟ ਭਾਈ ਵੀਰ ਸਿੰਘ ਵੱਲੋਂ ਉਲਥਾਏ ਅਤੇ ਲਿਖੇ ਸਿੱਧ ਹੁੰਦੇ ਹਨ। ਇਹ ਟ੍ਰੈਕਟ ਤਿੰਨ ਪੜਾਵਾਂ ’ਚ ਲਿਖੇ ਤੇ ਉਲਥਾਏ ਗਏ।
(1) ਇਕ ਈਸ਼ਵਰਵਾਦੀ ਮਹਾਤਮਾ: ਟ੍ਰੈਕਟ ‘ਇਕ ਈਸ਼ਵਰਵਾਦੀ ਸੁਕਰਾਤ ਹਕੀਮ ਦਾ ਸੰਖੇਪ ਜੀਵਨ ਚਰਚਿਤ’ ਵਿਚ ਭਾਈ ਵੀਰ ਸਿੰਘ ਨੇ ਸੁਕਰਾਤ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਦਾ ਸੰਖੇਪ ਖ਼ਾਕਾ ਤਿਆਰ ਕੀਤਾ ਅਤੇ ਉਸ ਦੇ ਹਾਲਾਤ ’ਤੇ ਢੁਕਵੀਆਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਦਰਜ ਕੀਤਾ। ਦੂਜੇ ਸ਼ਬਦਾਂ ’ਚ ਭਾਈ ਸਾਹਿਬ ਦਾ ਇਹ ਯਤਨ ਸੁਕਰਾਤ ਦੀ ਸਮਕਾਲਤਾ, ਸਿਦਕ, ਵਿਚਾਰਾਂ ਦੀ ਪਰਪੱਕਤਾ ਦੇ ਨਾਲ-ਨਾਲ ਬਾਣੀ ਦੇ ਸਰਬਕਾਲੀ ਪ੍ਰਸੰਗ ਦਾ ਉਲੇਖ ਕਰਦਾ ਹੈ। ਭਾਈ ਵੀਰ ਸਿੰਘ ਵੱਲੋਂ ਸੁਕਰਾਤ ਨੂੰ ‘ਇਕ ਈਸ਼ਵਰਵਾਦੀ ਮਹਾਤਮਾ’ ਆਖਣ ਦਾ ਅਰਥ ਅਤੇ ਲੋੜ 20ਵੀਂ ਸਦੀ ਦੇ ਮੁੱਢਲੇ ਦਹਾਕੇ ਦੀ ਸਮਾਜਿਕ, ਧਾਰਮਿਕ, ਸਿਆਸੀ ਅਤੇ ਭਾਈਚਾਰਕ ਕਸ਼ੀਦਗੀ ’ਚੋਂ ਸਮਝਿਆ ਜਾ ਸਕਦਾ ਹੈ।
(2) ਸੁਕਰਾਤ ਦੇ ਅੰਤਿਮ ਵਾਕ: ਦੂਜੀ ਵਾਰ ਭਾਈ ਵੀਰ ਸਿੰਘ ਨੇ ‘ਸੁਕਰਾਤ ਦੇ ਅੰਤਿਮ ਵਾਕ’ ਬਾਰੇ ਲੇਖ ਲੜੀ 1916 ’ਚ ਪ੍ਰਕਾਸ਼ਿਤ ਕੀਤੀ। ਇਨ੍ਹਾਂ ਟ੍ਰੈਕਟਾਂ ਵਿਚ ਲੰਮੀ ਭੂਮਿਕਾ ਦੇ ਨਾਲ ਨਾਲ ਮੇਲੀਟਸ ਨਾਲ ਸੁਆਲ-ਜਵਾਬ, ਸੁਕਰਾਤ ਦੇ ਮੁਕੱਦਮੇ ਦੇ ਲੰਮੇ ਵਿਖਿਆਨਾਂ ਦਾ ਉਲਥਾ ਕੀਤਾ ਹੈ।
(3) ਪਹਿਲਾ ਅਨੁਵਾਦ: ਸੁਕਰਾਤ ਦਾ ਉਲਥਾ ਭਾਈ ਵੀਰ ਸਿੰਘ ਨੇ ਸਤੰਬਰ 1936 ’ਚ ਵੀ ਪ੍ਰਕਾਸ਼ਿਤ ਕੀਤਾ। ਇਨ੍ਹਾਂ ਟ੍ਰੈਕਟਾਂ ਵਿਚ ਸੁਕਰਾਤ ਦੇ ਨੇੜਲੇ ਮਿੱਤਰਾਂ ਯੂਥੀਫਾਇਰਨ, ਕ੍ਰਿਟੋ, ਫੀਡੋ, ਸ਼ਿਵੀ, ਸਿਮੀਆਸ ਨਾਲ ਹੋਏ ਵਾਰਤਾਲਾਪ ਦਾ ਉਲਥਾ ਕੀਤਾ ਹੈ। ਸੁਕਰਾਤ ਦੇ ਜੀਵਨ ਅਤੇ ਸੰਵਾਦ ਦਾ ਉਲਥਾ ਪਲੈਟੋ (ਅਫ਼ਲਾਤੂਨ) ਦੀਆਂ ਲਿਖਤਾਂ ’ਚੋਂ ਕੀਤਾ ਹੈ; ਇਸ ਗੱਲ ਦਾ ਭਾਈ ਵੀਰ ਸਿੰਘ ਨੇ ਟ੍ਰੈਕਟ ਦੀ ਭੂਮਿਕਾ ’ਚ ਵਿਸ਼ੇਸ਼ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਸੁਕਰਾਤ ਦੇ ਵਿਚਾਰਾਂ ਦਾ ਉਲਥਾ ਕਰਨ ਦਾ ਮਨੋਰਥ ਪੰਜਾਬੀ ਨੂੰ ਗਿਆਨ ਪੱਖੋਂ ਅਮੀਰ ਕਰਨਾ ਮਿਥਿਆ ਸੀ। ਭਾਈ ਸਾਹਿਬ ਨੇ ਉਲਥਾ ਕਰਦਿਆਂ ਸੰਕਲਪਕ ਸ਼ਬਦਾਵਲੀ ਸਬੰਧੀ ਅਨੁਵਾਦ ’ਚ ਪੰਜਾਬੀ ਦੇ ਪ੍ਰਚੱਲਤ ਸ਼ਬਦਾਂ ਦੀ ਵਰਤੋਂ ਵਧੇਰੇ ਕੀਤੀ। ਇਸ ਅਨੁਵਾਦ ਦੀ ਭਾਸ਼ਾ ‘ਉਚਾਰਣ ਅੰਸ਼ਾਂ’ ਦੇ ਆਧਾਰ ’ਤੇ ਲਿਖਤਬੱਧ ਕੀਤੀ। ਮੇਰੀ ਜਾਚੇ ਇਹ ਸੁਕਰਾਤ ਸਬੰਧੀ ਪੰਜਾਬੀ ਭਾਸ਼ਾ ’ਚ ਕੀਤਾ ਗਿਆ ਪਹਿਲਾ ਕਾਰਜ ਹੈ।
ਲਿਖਤ ਦਾ ਸਮੱਸਿਆਕਾਰ
ਭਾਈ ਵੀਰ ਸਿੰਘ ਦੀ ਲਿਖਤ ਪ੍ਰਤੀ ਵਿਦਵਾਨਾਂ ਤੇ ਪਾਠਕਾਂ ਦੀ ਪਹੁੰਚ ਆਪਣੇ ਆਪ ’ਚ ਇਕ ਸਮੱਸਿਆਕਾਰ ਹੈ। ਭਾਈ ਵੀਰ ਸਿੰਘ ਦੇ ਸਾਨੂੰ ਦੋ ਤਰੀਕੇ ਦੇ ਪਾਠਕ ਮਿਲਦੇ ਹਨ। ਇਕ ਉਹ ਜਿਹੜੇ ਪ੍ਰਬੁੱਧ ਵਿਦਵਾਨ, ਚਿੰਤਕ, ਆਲੋਚਕ ਹਨ; ਜਿਨ੍ਹਾਂ ਦੀ ਚਿੰਤਨ ਦਿਸ਼ਾ ਪ੍ਰਾਪਤ ਸਰੋਤਾਂ ਦੇ ਆਧਾਰ ਅਤੇ ਵੱਖ-ਵੱਖ ਅਨੁਸ਼ਾਸਨ ਵਿਧੀਆਂ ਤੋਂ ਊਰਜਿਤ ਹੁੰਦੀ ਹੈ। ਪਰ ਉਹ ਵਿਸ਼ੇਸ਼ ਚਿੰਤਨ ਦ੍ਰਿਸ਼ਟੀ ਦੇ ਪ੍ਰਭਾਵ ਅਧੀਨ ਭਾਈ ਵੀਰ ਸਿੰਘ ਦੀਆਂ ਲਿਖਤਾਂ ਦਾ ਵਸਤੂਗਤ ਅਧਿਐਨ ਕਰਦਿਆਂ ‘ਜੋ ਹੈ’ ਦੀ ਥਾਵੇਂ ‘ਜੋ ਨਹੀਂ ਹੈ’ ’ਤੇ ਕੇਂਦਰਿਤ ਹੋ ਜਾਂਦੇ ਹਨ। ਅਜਿਹਾ ਕਰਦਿਆਂ ਸਾਹਿਤ-ਵਸਤੂ ‘ਸਵੀਕਾਰਨ’ ਦੀ ਥਾਂ ‘ਨਕਾਰਨ’ ਦੇ ਰਾਹ ਪੈ ਜਾਂਦੀ ਹੈ ਅਤੇ ਨਤੀਜਨ ਚਿੰਤਨ, ਸਰਬਾਂਗੀ ਮੁਲਾਂਕਣ ਦੀ ਥਾਂ ‘ਵਿਸ਼ੇਸ਼ਣਬਾਜ਼ੀ’ ਬਣ ਜਾਂਦਾ ਹੈ। ਭਾਈ ਵੀਰ ਸਿੰਘ ਦਾ ਦੂਜਾ ਪਾਠਕ ਵਰਗ ‘ਸ਼ਰਧਾਲੂ ਬਿਰਤੀ’ ਵਾਲਾ ਹੈ; ਜੋ ਭਾਈ ਸਾਹਿਬ ਦੀਆਂ ਲਿਖਤਾਂ ਦੀ ਸਲਾਹੁਤਾ, ਪ੍ਰਚਾਰ ਅਤੇ ਕਿਤਾਬਾਂ ਵੰਡਣ ਦਾ ਕਾਰਜ ਨਿਭਾਉਂਦੇ ਹਨ। ਅਜਿਹੇ ਪਾਠਕ ਖੋਜ, ਚਿੰਤਨ ਅਤੇ ਗਿਆਨਾਤਮਕ ਪੱਧਰ ’ਤੇ ਮੁਲਾਂਕਣ ਕਰਨ ਦੀ ਬਿਰਤੀ ਤੋਂ ਖੁੰਝ ਜਾਂਦੇ ਹਨ। ਭਾਈ ਵੀਰ ਸਿੰਘ ਨੇ ਆਪਣੇ ਚਿੰਤਨ, ਸਾਹਿਤ-ਇਤਿਹਾਸ, ਸੰਪਾਦਨਾ, ਪੱਤਰਕਾਰੀ ਰਾਹੀਂ, ਉਨ੍ਹਾਂ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਜਿਨ੍ਹਾਂ ਦਾ ਬਸਤੀਵਾਦ ਦੁਆਰਾ ਲਿਆਂਦੀ ਗਈ ਆਧੁਨਿਕਤਾ ਦੀ ਹਨੇਰੀ ਵਿਚ ਗੁੰਮ-ਗੁਆਚ ਜਾਣਾ ਤੈਅ ਸੀ। ਉਨ੍ਹਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਵਡਮੁੱਲੀ ਅਤੇ ਇਤਿਹਾਸਕ ਹੈ।
ਸੰਪਰਕ: 98119-29614