ਲਖਵਿੰਦਰ ਸਿੰਘ ਰਈਆ
ਸ਼ਹੀਦ ਸੁਖਦੇਵ, ਸ. ਭਗਤ ਸਿੰਘ ਅਤੇ ਸ਼ਹੀਦ ਰਾਜਗੁਰੂ ਹਵਾ ਦੇ ਰੁਖ਼ ਚੱਲਣਾ ਕਾਫ਼ੀ ਆਸਾਨ ਹੁੰਦਾ ਹੈ ਤੇ ਇਸ ਨਾਲ ਭੀੜਾਂ ਜੁੜਨਾ ਆਮ ਹੀ ਗੱਲ ਹੋ ਨਿੱਬੜਦੀ ਹੈ ਪਰ ਹਵਾ ਦੇ ਉਲਟ ਚੱਲਣਾ ਖ਼ਾਸ ਕਰਕੇ ਜ਼ੁਲਮ ਵਿਰੁੱਧ ਜੂਝਣਾ ਕਾਫ਼ੀ ਔਖਾ ਹੁੰਦਾ ਹੈ। ਇਸ ਮਾਰਗ ਦੇ ਵਿਰਲੇ-ਟਾਵੇਂ ਪਾਧੀਆਂ ਨੂੰ ਸਿਰ ਤਲੀ ’ਤੇ ਧਰ ਕੇ ਹੀ ਟੁਰਨਾ ਪੈਂਦਾ ਹੈ। ਇਸ ਬਿਖੜੇ ਪੈਂਡੇ ਦੇ ਹਮਸਫ਼ਰ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਭਾਰਤ ਮਾਤਾ ਦੇ ਗਲੋਂ ਗ਼ੁਲਾਮੀ ਦਾ ਜੂਲਾ ਲਾਹੁਣ ਲਈ ਅੰਗਰੇਜ਼ੀ ਰਾਜ ਦੇ ਜ਼ੁਲਮਾਂ ਨਾਲ ਲੋਹਾ ਲੈਂਦੇ ਹੋਏ ਇਕੱਠਿਆਂ ਨੇ ਹੀ ਫਾਂਸੀ ਦਾ ਰੱਸਾ ਚੁੰਮ ਕੇ ਕੌਮੀ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਕੀਤਾ ਸੀ।
ਸ. ਭਗਤ ਸਿੰਘ ਤੇ ਸੁਖਦੇਵ ਦਾ ਜਨਮ ਇੱਕੋ ਸੰਨ 1907 ਵਿੱਚ ਹੋਣ ਕਰਕੇ ਇਹ ਦੋਵੇਂ ਇਨਕਲਾਬੀ ਦੋਸਤ ਹਾਣੀ ਸਨ ਪਰ ਰਾਜਗੁਰੂ ਜਿਸ ਦਾ ਪੂਰਾ ਨਾਮ ਸ਼ਿਵਰਾਮ ਹਰੀ ਰਾਜਗੁਰੂ ਸੀ, ਦਾ ਜਨਮ 1908 ਵਿੱਚ ਹੋਣ ਕਰਕੇ ਉਹ ਦੋਵਾਂ ਦੋਸਤਾਂ ਨਾਲੋਂ ਉਮਰ ਵਿੱਚ ਕੁਝ ਛੋਟਾ ਸੀ। ਸ. ਭਗਤ ਸਿੰਘ ਦਾ ਜਨਮ ਮਾਤਾ ਵਿਦਿਆਵਤੀ ਤੇ ਪਿਤਾ ਸ. ਕਿਸ਼ਨ ਸਿੰਘ ਦੇ ਘਰ ਚੱਕ ਨੰਬਰ 105 ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ), ਸੁਖਦੇਵ ਦਾ ਜਨਮ ਮਾਤਾ ਰਲੀ ਦੇਵੀ ਤੇ ਪਿਤਾ ਲਾਲਾ ਰਾਮ ਲਾਲ ਥਾਪਰ ਦੇ ਘਰ ਲੁਧਿਆਣਾ ਅਤੇ ਰਾਜਗੁਰੂ ਦਾ ਜਨਮ ਮਾਤਾ ਪਾਰਬਤੀ ਬਾਈ ਤੇ ਪਿਤਾ ਸ੍ਰੀ ਨਰੈਣ ਹਰੀ ਰਾਜਗੁਰੂ ਦੇ ਘਰ ਪਿੰਡ ਖੁੱਡ, ਜ਼ਿਲ੍ਹਾ ਪੂਨਾ (ਮਹਾਰਾਸ਼ਟਰ) ਵਿੱਚ ਹੋਇਆ।
ਸੁਖਦੇਵ ਦੇ ਪਿਤਾ ਲਾਲਾ ਰਾਮਲਾਲ ਥਾਪਰ ਲਾਇਲਪੁਰ ਵਿੱਚ ਆੜ੍ਹਤ ਦੀ ਦੁਕਾਨ ਕਰਦੇ ਸਨ। ਸੁਖਦੇਵ ਅਜੇ ਤਿੰਨ ਕੁ ਸਾਲ ਦਾ ਸੀ ਕਿ ਉਸ ਦੇ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ। ਉਸ ਦਾ ਪਾਲਣ ਪੋਸ਼ਣ ਉਸ ਦੇ ਤਾਏ ਲਾਲਾ ਚਿੰਤਰਾਮ ਨੇ ਕੀਤਾ। ਅੰਗਰੇਜ਼ਾਂ ਦੀਆਂ ਮਾਰੂ ਨੀਤੀਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਇਨ੍ਹਾਂ ਦਿਨਾਂ ਵਿੱਚ ਸ. ਭਗਤ ਸਿੰਘ ਦੇ ਚਾਚਾ ਜੀ ਸ. ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਨੇ ‘ਪੱਗੜੀ ਸੰਭਾਲ ਜੱਟਾ’ ਲਹਿਰ ਚਲਾਈ ਹੋਈ ਸੀ। ਇਸ ਲਹਿਰ ਦਾ ਮੁੱਖ ਟਿਕਾਣਾ ਲਾਲਾ ਚਿੰਤਰਾਮ ਦੀ ਦੁਕਾਨ ਹੀ ਸੀ। ਸ. ਭਗਤ ਸਿੰਘ ਆਪਣੇ ਦਾਦਾ ਜੀ ਸ. ਅਰਜਨ ਸਿੰਘ ਦੇ ਨਾਲ ਇਸ ਦੁਕਾਨ ’ਤੇ ਅਕਸਰ ਆਇਆ ਕਰਦਾ ਸੀ। ਸੋ ਵੱਡਿਆਂ ਦੀ ਸਾਂਝ ਸਦਕਾ ਸ. ਭਗਤ ਸਿੰਘ ਤੇ ਸੁਖਦੇਵ ਦੀ ਬਚਪਨ ਤੋਂ ਹੀ ਦੋਸਤੀ ਹੋ ਗਈ। ਇਨ੍ਹਾਂ ਦੋਹਾਂ ਦੋਸਤਾਂ ਦੇ ਵਡੇਰੇ ਅਕਸਰ ਅੰਗਰੇਜ਼ੀ ਜ਼ੁਲਮ ਦਾ ਟਾਕਰਾ ਕਰਨ ਦੇ ਢੰਗਾਂ ਬਾਰੇ ਵਿਚਾਰ-ਵਟਾਂਦਰਾ ਕਰਿਆ ਕਰਦੇ ਸਨ ਜਿਸ ਕਰਕੇ ਇਨ੍ਹਾਂ ਬਾਲ ਮਨਾਂ ’ਚ ਵੀ ਅੰਗਰੇਜ਼ੀ ਹਕੂਮਤ ਦੇ ਜ਼ੁਲਮ ਵਿਰੁੱਧ ਜੂਝਣ ਦੇ ਬੀਜ ਪੁੰਗਰਨ ਲੱਗ ਪਏ।
ਜਵਾਨੀ ਵਿੱਚ ਪੈਰ ਧਰਦਿਆਂ ਹੀ ਸ. ਭਗਤ ਸਿੰਘ ਤੇ ਸੁਖਦੇਵ ਨੇ ਆਜ਼ਾਦੀ ਦੇ ਕ੍ਰਾਂਤੀਕਾਰੀਆਂ ਨਾਲ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਫਿਰ ਇਹ ਇਨਕਲਾਬੀ ਪਾਰਟੀ ‘ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ’ ਦੇ ਮੁੱਖ ਕਾਰਕੁਨਾਂ ਵਜੋਂ ਵਿਚਰਨ ਲੱਗ ਪਏ। ਉੱਧਰ ਰਾਜਗੁਰੂ ਵੀ ਇਸ ਪਾਰਟੀ ਦੇ ਕੰਮਾਂ ਨਾਲ ਸਰਗਰਮ ਵਰਕਰ ਵਜੋਂ ਆਣ ਜੁੜਿਆ। ਇਨ੍ਹਾਂ ਤਿੰਨਾਂ ਦੋਸਤਾਂ ਦੀ ਦੇਸ਼-ਭਗਤੀ ਅਤੇ ਦੇਸ਼ ਲਈ ਮਰ ਮਿਟਣ ਦਾ ਚਾਅ ਭਰਿਆ ਜਜ਼ਬਾ ਅਤੇ ਇਨਕਲਾਬੀ ਪਾਰਟੀ ਪ੍ਰਤੀ ਸੰਜੀਦਗੀ ਨੂੰ ਘੋਖਿਆ ਜਾਵੇ ਤਾਂ ਇਹ ਗੱਲ ਉੱਘੜ ਕੇ ਸਾਹਮਣੇ ਆਉਂਦੀ ਹੈ ਕਿ ਸ. ਭਗਤ ਸਿੰਘ ਨੀਤੀ ਘਾੜਾ, ਸੁਖਦੇਵ ਜਥੇਬੰਦਕ ਆਗੂ ਤੇ ਰਾਜਗੁਰੂ ਹਰ ਸਖ਼ਤ ਤੇ ਜੋਖਮ ਭਰੇ ਦਲੇਰਾਨਾ ਐਕਸ਼ਨ ’ਤੇ ਪਹਿਲ ਕਰਨ ਵਾਲਾ ਮਰਜੀਵੜਾ ਸੀ। ਕਈ ਵਾਰ ਇਨ੍ਹਾਂ ਦੋਸਤਾਂ ਵਿਚਕਾਰ ਨੋਕ-ਝੋਕ ਵੀ ਹੋ ਜਾਂਦੀ ਪਰ ਦਿਲਾਂ ’ਚੋਂ ਇੱਕ ਦੂਜੇ ਪ੍ਰਤੀ ਭਰਾਤਰੀ ਭਾਵ, ਇੱਜ਼ਤ-ਮਾਣ ਤੇ ਮੁਹੱਬਤ ਕਦੇ ਵੀ ਘੱਟ ਨਾ ਹੁੰਦੀ ਕਿਉਂਕਿ ਇਸ ਨੋਕ-ਝੋਕ ਦਾ ਆਧਾਰ ਕੋਈ ਨਿੱਜੀ ਮੁਫਾਦ ਨਹੀਂ ਹੁੰਦਾ ਸੀ, ਸਗੋਂ ਦੇਸ਼/ਕੌਮ ਲਈ ਆਪਾ ਵਾਰਨਾ ’ਚ ਪਹਿਲਕਦਮੀ ਕਰਨ ਦੀ ਇੱਛਾ ਹੀ ਹੁੰਦੀ ਸੀ।
ਉਨ੍ਹਾਂ ਦਿਨਾਂ ਵਿੱਚ ਜਦੋਂ ਲਾਲਾ ਲਾਜਪਤ ਰਾਏ ਲਾਹੌਰ ਵਿਖੇ ‘ਸਾਈਮਨ ਕਮਿਸ਼ਨ ਗੋ ਬੈਕ’ ਦੇ ਜਲੂਸ ਦੀ ਅਗਵਾਈ ਕਰ ਰਹੇ ਸਨ। ਅੰਗਰੇਜ਼ ਅਫ਼ਸਰ ਐੱਸ.ਐੱਸ.ਪੀ . ਸਕਾਟ ਦੇ ਹੁਕਮ ’ਤੇ ਜਲੂਸ ’ਤੇ ਲਾਠੀਚਾਰਜ ਕੀਤਾ ਗਿਆ ਤੇ ਇੱਕ ਲਾਠੀ ਲਾਲਾ ਜੀ ਦੇ ਸਿਰ ’ਤੇ ਵੀ ਵੱਜੀ ਜੋ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ। ਜਦ ਐੱਚ. ਐੱਸ.ਆਰ.ਏ. ਨੇ ਲਾਲਾ ਜੀ ਦੀ ਸ਼ਹੀਦੀ ਦੇ ਮੁੱਖ ਦੋਸ਼ੀ ਅੰਗਰੇਜ਼ ਅਫ਼ਸਰ ਐੱਸ.ਐੱਸ.ਪੀ. ਸਕਾਟ ਤੋਂ ਬਦਲਾ ਲੈਣ ਦਾ ਫ਼ੈਸਲਾ ਲਿਆ ਤਾਂ ਯੋਜਨਾ ਅਨੁਸਾਰ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰਸ਼ੇਖਰ ਆਜ਼ਾਦ ਤੇ ਜੈ ਗੁਪਾਲ ਸਕਾਟ ਦੇ ਦਫ਼ਤਰ ਕੋਲ ਪਹੁੰਚ ਗਏ। ਜਦ ਇਸ ਗੋਰੇ ਦੀ ਉਡੀਕ ਕਰਦਿਆਂ ਕਾਫ਼ੀ ਸਮਾਂ ਲੰਘ ਗਿਆ ਤਾਂ ਰਾਜਗੁਰੂ, ਸਕਾਟ ਨੂੰ ਸੋਧਣ ਲਈ ਉਸ ਦੇ ਦਫ਼ਤਰ ਹੀ ਘੁਸਣ ਲਈ ਤਿਆਰ ਹੋ ਗਿਆ ਪਰ ਦੂਜੇ ਸਾਥੀਆਂ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ। ਉੱਧਰ ਜਦ ਮਿਸਟਰ ਸਕਾਟ ਦੀ ਥਾਂ ਡੀ. ਐੱਸ. ਪੀ. ਸਾਂਡਰਸ ਮੋਟਰ ਸਾਈਕਲ ’ਤੇ ਬਾਹਰ ਆਇਆ ਤਾਂ ਰਾਜਗੁਰੂ ਤੇ ਭਗਤ ਸਿੰਘ ਨੇ ਉਸ ਨੂੰ ਹੀ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ ਕਿਉਂਕਿ ਇਹ ਵੀ ਲਾਠੀਚਾਰਜ ਕਰਵਾਉਣ ਦਾ ਓਨਾ ਹੀ ਦੋਸ਼ੀ ਸੀ।
ਇਸ ਕਤਲ ਪਿੱਛੇ ਇਸ ਜਥੇਬੰਦੀ ਦਾ ਮਕਸਦ ਸਿਰਫ਼ ਖੂਨ ਦਾ ਬਦਲਾ ਖੂਨ ਨਹੀਂ ਸੀ ਸਗੋਂ ਅੰਗਰੇਜ਼ੀ ਰਾਜ ਦੇ ਜ਼ੁਲਮਾਂ ਦੇ ਇੰਤਾਹ ਵਿੱਚ ਪਿਸ ਰਹੀ ਜਨਤਾ ਦੇ ਡਿੱਗ ਰਹੇ ਮਨੋਬਲ ਨੂੰ ਹੋਰ ਡਿੱਗਣ ਤੋਂ ਬਚਾ ਕੇ ਉੱਚਾ ਚੁੱਕਣਾ ਸੀ ਤੇ ਨਾਲ ਹੀ ਅੰਗਰੇਜ਼ੀ ਹਕੂਮਤ ਨੂੰ ਕੰਨ ਵੀ ਕਰਨੇ ਸਨ ਕਿ ਹਿੰਦੋਸਤਾਨ ਦੇ ਨੌਜਵਾਨ ਹੁਣ ਚੁੱਪ ਕਰਕੇ ਜ਼ੁਲਮ ਨਹੀਂ ਸਹਿਣਗੇ। ਮਨੁੱਖੀ ਜਾਨਾਂ ਦਾ ਘਾਣ ਕਰਨਾ ਇਸ ਪਾਰਟੀ ਦੇ ਏਜੰਡੇ ’ਤੇ ਬਿਲਕੁਲ ਨਹੀਂ ਸੀ ਸਗੋਂ ਮਨੁੱਖੀ ਜਾਨਾਂ ਦੀ ਕਦਰ ਕਰਨ ਦਾ ਪੁਖਤਾ ਸਬੂਤ ਇਹ ਵੀ ਹੈ ਕਿ ਇਸ ਪਾਰਟੀ ਨੇ 1929 ਵਿੱਚ ਅੰਗਰੇਜ਼ਾਂ ਦੇ ਇੱਕ ਹੋਰ ਦਮਨਕਾਰੀ ਕਾਨੂੰਨੀ ਵਾਰ (ਉਦਯੋਗਿਕ ਵਪਾਰ ਤੇ ਲੋਕ ਸੁਰੱਖਿਆ ਕਾਨੂੰਨ) ਦਾ ਵਿਰੋਧ ਕਰਨ ਲਈ ਇੰਪਰੀਅਲ ਅਸੈਂਬਲੀ ਹਾਲ ਦਿੱਲੀ ਵਿੱਚ ਸਿਰਫ਼ ਧਮਾਕਾ ਤੇ ਧੂੰਆਂ ਪੈਦਾ ਕਰਨ ਵਾਲਾ ਬੰਬ ਅਤੇ ਸੰਦੇਸ਼ ਪਰਚੇ ਸੁੱਟ ਕੇ ਅੰਗਰੇਜ਼ ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਹੀ ਫ਼ੈਸਲਾ ਲਿਆ ਸੀ ਨਾ ਕਿ ਮਾਰੂ ਬੰਬ ਸੁੱਟ ਜਾਂ ਗੋਲੀਆਂ ਚਲਾ ਕੇ ਕਤਲੇਆਮ ਮਚਾਉਣ ਦਾ। ਇਹ ਸੂਰਮਗਤੀ ਕਰਦਿਆਂ ਭਗਤ ਸਿੰਘ ਤੇ ਬੀ. ਕੇ ਦੱਤ ਨੇ ‘ਇਨਕਲਾਬ ਜ਼ਿੰਦਾਬਾਦ, ਸਾਮਰਾਜ ਮੁਰਦਾਬਾਦ’ ਦੇ ਨਾਅਰੇ ਲਾ ਕੇ ਗ੍ਰਿਫ਼ਤਾਰੀ ਦੇ ਦਿੱਤੀ।
ਹਫ਼ਤਾ ਕੁ ਬਾਅਦ ਹੀ ਸੁਖਦੇਵ, ਕਿਸ਼ੋਰੀ ਲਾਲ ਤੇ ਜੈ ਗੋਪਾਲ ਅਤੇ ਉੱਧਰੋਂ ਰਾਜਗੁਰੂ ਨੂੰ ਵੀ ਉਸ ਦੇ ਪਿੰਡ ਖੁੱਡ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਇਨਕਲਾਬੀਆਂ ਨੇ ਜੇਲ੍ਹ ਵਿੱਚ ਹੀ ਅੰਗਰੇਜ਼ੀ ਵਧੀਕੀਆਂ ਵਿਰੁੱਧ ਸੰਘਰਸ਼ ਵਜੋਂ ਲੰਮੀ ਭੁੱਖ ਹੜਤਾਲ ਕੀਤੀ। ਜਿਸ ਦੌਰਾਨ ਜਤਿੰਦਰ ਨਾਥ ਸ਼ਹੀਦ ਹੋ ਗਿਆ ਪਰ ਇਨ੍ਹਾਂ ਆਜ਼ਾਦੀ ਪਰਵਾਨਿਆਂ ਨੇ ਆਪਣੀਆਂ ਹੱਕੀ ਮੰਗਾਂ ਮਨਾ ਕੇ ਹੀ ਦਮ ਲਿਆ। ਲਾਹੌਰ ਸਾਜ਼ਿਸ਼ ਕੇਸ ਜੋ ‘ਸਰਕਾਰ ਬਨਾਮ ਸੁਖਦੇਵ’ ’ਦੇ ਨਾਂ ’ਤੇ ਚਲਾਇਆ ਗਿਆ ਸੀ, ਦੇ ਅਧੀਨ ਤਿੰਨ ਇਨਕਲਾਬੀ ਦੋਸਤਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਭਾਵੇਂ ਸਜ਼ਾ-ਏ-ਮੌਤ ਸੁਣਾ ਦਿੱਤੀ ਗਈ ਸੀ ਪਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਇਸ ਅਦਾਲਤੀ ਸੁਣਵਾਈ ਸਮੇਂ ਅਦਾਲਤ ਨੂੰ ਹੀ ਸਟੇਜ ਵਜੋਂ ਵਰਤਕੇ ਅੰਗਰੇਜ਼ਾਂ ਦੇ ਕਾਲੇ ਕਾਰਨਾਮਿਆਂ ਵਿਰੁੱਧ ਆਪਣੇ ਸੰਘਰਸ਼ ਦੇ ਉਦੇਸ਼ ਨੂੰ ਦਲੀਲਾਂ ਰਾਹੀਂ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਿੱਚ ਕਾਫ਼ੀ ਹੱਦ ਤੱਕ ਸਫਲਤਾ ਪ੍ਰਾਪਤ ਕਰ ਲਈ ਸੀ।
ਜਦੋਂ ਇਨ੍ਹਾਂ ਸੂਰਬੀਰਾਂ ਨੂੰ ਆਪਣੀ ਸਜ਼ਾ ਵਿਰੁੱਧ ਅਪੀਲ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ, ‘ਸਾਡੀ ਜਾਨ ਇੰਨੀ ਕੀਮਤੀ ਨਹੀਂ ਕਿ ਇਸ ਨੂੰ ਅਸੂਲਾਂ ਦੀ ਕੁਰਬਾਨੀ ’ਤੇ ਬਚਾਇਆ ਜਾਵੇ।’ ਇਨ੍ਹਾਂ ਮਹਾਨ ਯੋਧਿਆਂ ਨੇ ਸਮੇਂ ਦੇ ਅੰਗਰੇਜ਼ੀ ਗਵਰਨਰ ਨੂੰ ਇੱਕ ਪੱਤਰ ਵਿੱਚ ਲਿਖਿਆ,‘ਅਸੀਂ ਅੰਗਰੇਜ਼ੀ ਹਕੂਮਤ ਵਿਰੁੱਧ ਜੰਗ ਛੇੜੀ ਹੋਈ ਹੈ ਸੋ ਸਾਨੂੰ ਜੰਗੀ-ਕੈਦੀ ਮੰਨਦਿਆਂ ਫਾਂਸੀ ਨਹੀਂ ਸਗੋ ਗੋਲੀ ਨਾਲ ਉਡਾਇਆ ਜਾਵੇ।’
ਜਦੋਂ ਅੰਗਰੇਜ਼ ਸਰਕਾਰ ਨੇ ਆਪਣੇ ਕਾਇਦੇ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਫਾਂਸੀ ਦੀ ਮਿੱਥੀ ਮਿਤੀ ਤੋਂ ਇੱਕ ਰਾਤ ਪਹਿਲਾਂ ਹੀ 23 ਮਾਰਚ 1931 ਨੂੰ ਹੀ ਫਾਂਸੀ ਦੇਣ ਦਾ ਮਨਸੂਬਾ ਬਣਾ ਲਿਆ ਤਾਂ ਇਹ ਤਿੰਨ ਮਹਾਨ ਸੂਰਬੀਰ ਦੋਸਤ, ‘ਇਨਕਲਾਬ ਜ਼ਿੰਦਾਬਾਦ! ਸਾਮਰਾਜ ਮੁਰਦਾਬਾਦ’ ਦੇ ਨਾਅਰੇ ਲਾਉਂਦੇ ਹੋਏ ਖ਼ੁਸ਼ੀ-ਖ਼ੁਸ਼ੀ ਫਾਂਸੀ ਦੇ ਰੱਸਿਆ ਨੂੰ ਚੁੰਮ ਕੇ ਵੀਰ ਗਤੀ ਪ੍ਰਾਪਤ ਕਰ ਗਏ। ਫਾਂਸੀ ਤੋਂ ਕੁਝ ਦਿਨ ਪਹਿਲਾਂ ਸ. ਭਗਤ ਸਿੰਘ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ,‘ਜਦੋਂ ਹਿੰਦੁਸਤਾਨ ਦੇ ਕੋਨੇ-ਕੋਨੇ ’ਚ ‘ਇਨਕਲਾਬ ਜ਼ਿੰਦਾਬਾਦ’ ਗੂੰਜ ਉਠੇਗਾ ਤੇ ਦੇਸ਼ ਵਾਸੀ (ਕਿਰਤੀ ਸੱਭਿਆਚਾਰ) ਰਾਜਨੀਤਕ ਲੁੱਟ-ਖਸੁੱਟ, ਬੇਇਨਸਾਫੀ, ਭ੍ਰਿਸ਼ਟਾਚਾਰੀ, ਫਿਰਕੂ ਰੰਗ ਜਾਤ-ਪਾਤ, ਨਾ-ਬਰਾਬਰੀ, ਕਾਣੀ ਵੰਡ, ਸਿਆਸੀ ਲੂੰਬੜਚਾਲਾਂ, ਅੰਧਵਿਸ਼ਵਾਸ, ਵਹਿਮ-ਭਰਮ, ਨਸ਼ਾਖੋਰੀ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਮੁਕਤ ਹੋ ਕੇ ਸਹੀ ਮਾਅਨਿਆਂ ’ਚ ਆਜ਼ਾਦੀ ਦਾ ਨਿੱਘ ਮਾਣਨ ਲੱਗ ਪੈਣਗੇ ਤਾਂ ਅਸੀਂ ਸਮਝਾਂਗੇ ਕਿ ਸਾਡੀ ਛੋਟੀ ਜਿਹੀ ਜ਼ਿੰਦਗੀ ਦਾ ਮੁੱਲ ਪੈ ਗਿਆ ਤੇ ਸਾਡੇ ਸੁਪਨੇ ਸਾਕਾਰ ਹੋ ਗਏ।’
ਸੰਪਰਕ: 98764-74858