ਮੱਖਣ ਸਿੰਘ ਭੁੱਲਰ, ਮਨਪ੍ਰੀਤ ਸਿੰਘ ਤੇ ਪਰਵਿੰਦਰ ਕੌਰ*
ਗੁੱਲੀ-ਡੰਡਾ ਕਣਕ ਦੀ ਫ਼ਸਲ ਦਾ ਪ੍ਰਮੁੱਖ ਨਦੀਨ ਹੈ। ਇਸ ਨੇ ਕਣਕ ’ਚ ਵਰਤੇ ਜਾਣ ਵਾਲੇ ਜ਼ਿਆਦਾਤਰ ਨਦੀਨਨਾਸ਼ਕਾਂ ਪ੍ਰਤੀ ਰੋਧਨ ਸ਼ਕਤੀ ਪੈਦਾ ਕਰ ਲਈ ਹੈ। ਕਣਕ ਦੇ ਕੁਝ ਖੇਤਾਂ ਵਿਚ ਤਾਂ ਪਹਿਲੇ ਪਾਣੀ ਤੋਂ ਬਾਅਦ ਵਰਤੀ ਜਾਣ ਵਾਲੀ ਕੋਈ ਵੀ ਨਦੀਨਨਾਸ਼ਕ ਕਾਰਗਰ ਸਾਬਿਤ ਨਹੀਂ ਹੋ ਰਹੀ। ਇਸ ਕਰ ਕੇ ਕਣਕ ਵਿਚ ਗੁੱਲੀ-ਡੰਡੇ ਦੀ ਸੁਚੱਜੀ ਰੋਕਥਾਮ ਕਰਨ ਲਈ ਬਦਲਵੇਂ ਉਪਾਅ ਦੀ ਵਰਤੋਂ ਕਰਨੀ ਲਾਜ਼ਮੀ ਬਣ ਗਈ ਹੈ। ਕਾਸ਼ਤਕਾਰੀ ਢੰਗਾਂ ਦੀ ਵਰਤੋਂ ਕਰ ਕੇ
ਖੇਤ ਉੱਪਰੋਂ ਸੁਕਾ ਕੇ ਬਿਜਾਈ: ਗੁੱਲੀ-ਡੰਡੇ ਦੇ ਬੀਜ ਨੂੰ ਉਗਣ ਲਈ ਜ਼ਿਆਦਾ ਸਲਾਭ ਦੀ ਲੋੜ ਪੈਂਦੀ ਹੈ ਅਤੇ ਇਸ ਦੇ ਬੀਜ ਜ਼ਿਆਦਾਤਰ ਜ਼ਮੀਨ ਦੀ ਉਪਰਲੀ ਤਹਿ ਤੋਂ ਉੱਗਦੇ ਹਨ। ਇਸ ਕਰ ਕੇ ਬਿਜਾਈ ਤੋਂ ਪਹਿਲਾਂ ਜੇ ਜ਼ਮੀਨ ਦੀ ਉਪਰਲੀ ਤਹਿ ਨੂੰ ਸੁਕਾ ਲਿਆ ਜਾਵੇ ਤਾਂ ਗੁੱਲੀ-ਡੰਡਾ ਬਹੁਤ ਘਟ ਉਗਦਾ ਹੈ।
ਬੈੱਡਾਂ ’ਤੇ ਬਿਜਾਈ: ਬੈੱਡਾਂ ’ਤੇ ਬੀਜੀ ਕਣਕ ਵਾਲੇ ਖੇਤ ਵਿਚ ਰਵਾਇਤੀ ਢੰਗਾਂ ਨਾਲ ਬੀਜੀ ਕਣਕ ਦੀ ਫ਼ਸਲ ਨਾਲੋਂ ਗੁੱਲੀ-ਡੰਡਾ ਘੱਟ ਉਗਦਾ ਹੈ।
ਬਿਨਾਂ ਵਾਹੇ ਹੈਪੀ ਸੀਡਰ ਨਾਲ ਬਿਜਾਈ: ਹੈਪੀ ਸੀਡਰ ਨਾਲ ਬਿਨਾਂ ਵਾਹੇ ਝੋਨੇ ਦੇ ਨਾੜ ਵਿਚ ਬਿਜਾਈ ਕਰਨ ਨਾਲ ਗੁੱਲੀ-ਡੰਡਾ ਅਤੇ ਬਾਕੀ ਨਦੀਨ ਬਹੁਤ ਘੱਟ ਨਿਕਲਦੇ ਹਨ। ਜੇ ਬਿਜਾਈ ਵੇਲੇ ਗੁੱਲੀ-ਡੰਡੇ ਦੇ ਬੂਟੇ ਖੇਤ ਵਿੱਚ ਉੱਗ ਪਏ ਹੋਣ ਤਾਂ ਬਿਜਾਈ ਤੋਂ ਦੋ ਦਿਨ ਪਹਿਲਾਂ ਗਰੈਮੈਕਸੋਨ 24 ਐਸ ਐਲ (ਪੈਰਾਕੁਆਟ) 500 ਮਿਲੀ ਲਿਟਰ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਦਿਓ।
ਫ਼ਸਲਾਂ ਦਾ ਹੇਰ-ਫੇਰ: ਨਦੀਨਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਫ਼ਸਲਾਂ ਦਾ ਹੇਰ-ਫੇਰ ਕਾਰਗਰ ਤਰੀਕਾ ਹੈ। ਗੁੱਲੀ-ਡੰਡੇ ਦੀ ਜ਼ਿਆਦਾ ਸਮੱਸਿਆ ਵਾਲੇ ਖੇਤਾਂ ਵਿਚ, ਜਿੱਥੇ ਸੰਭਵ ਹੋ ਸਕੇ, ਕਣਕ ਦੀ ਥਾਂ ’ਤੇ ਬਰਸੀਮ, ਆਲੂ, ਰਾਇਆ, ਗੋਭੀ ਸਰ੍ਹੋਂ, ਸੂਰਜਮੁਖੀ ਜਾਂ ਗੰਨੇ ਨਾਲ 12 ਸਾਲ ਬਦਲੀ ਕਰਨ ਤੇ ਗੁੱਲੀ-ਡੰਡੇ ਦੀ ਸਮੱਸਿਆ ਆਪਣੇ ਆਪ ਹੱਲ ਹੋ ਜਾਂਦੀ ਹੈ।
ਰਸਾਇਣਕ ਤਰੀਕੇ ਵਰਤ ਕੇ-
ਬਿਜਾਈ ਸਮੇਂ: ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿੱਚ ਬਿਜਾਈ ਕਰਨ ਤੋਂ ਤੁਰੰਤ ਬਾਅਦ 15 ਲਿਟਰ ਸਟੌਂਪ 30 ਈ ਸੀ (ਪੈਂਡੀਮੈਥਾਲਿਨ) ਜਾਂ 60 ਗ੍ਰਾਮ ਅਵਕੀਰਾ 85 ਡਬਲਊ ਜੀ (ਪਾਈਰੌਕਸਾਸਲਫੋਨ) 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰ ਦਿਉ। ਖੇਤ ਚੰਗੀ ਤਰ੍ਹਾਂ ਤਿਆਰ ਹੋਵੇ ਅਤੇ ਖੇਤ ਵਿਚ ਚੰਗੀ ਸਲਾਭ ਹੋਣੀ ਜ਼ਰੂਰੀ ਹੈ। ਬਿਜਾਈ ਕਰਨ ਲਈ ‘ਲੱਕੀ ਸੀਡ ਡਰਿੱਲ’ ਨੂੰ ਤਰਜੀਹ ਦਿਉ।
ਪਹਿਲੇ ਪਾਣੀ ਤੋਂ ਪਹਿਲਾਂ: ਜੇ ਬਿਜਾਈ ਤੋਂ ਬਾਅਦ ਬਾਰਸ਼ ਪੈ ਜਾਵੇ ਜਾਂ ਤਾਪਮਾਨ ਘਟ ਜਾਵੇ ਤਾਂ ਪਹਿਲੇ ਪਾਣੀ ਤੋ ਪਹਿਲਾਂ ਹੀ ਗੁੱਲੀ-ਡੰਡੇ ਦੇ ਬੂਟੇ ਉੱਗ ਪੈਂਦੇ ਹਨ ਅਤੇ 2 ਤੋਂ 3 ਪੱਤਿਆਂ ਦੀ ਅਵਸਥਾ ਵਿਚ ਆ ਜਾਂਦੇ ਹਨ। ਇਹ ਸਮੱਸਿਆ ਉਨ੍ਹਾਂ ਖੇਤਾਂ ਵਿਚ ਜ਼ਿਆਦਾ ਆਉਂਦੀ ਹੈ ਜਿੱਥੇ ਬਿਜਾਈ ਸਮੇਂ ਨਦੀਨਨਾਸ਼ਕ ਦੀ ਵਰਤੋਂ ਨਾ ਕੀਤੀ ਗਈ ਹੋਵੇ। ਇਸ ਹਾਲਾਤ ਵਿਚ ਲੀਡਰ 75 ਡਬਲਯੂ ਜੀ (ਸਲਫੋਸਲਫੂਰਾਨ) 13 ਗ੍ਰਾਮ ਪ੍ਰਤੀ ਏਕੜ 150 ਲਿਟਰ ਪਾਣੀ ਵਿਚ ਘੋਲ ਕੇ ਪਹਿਲੇ ਪਾਣੀ ਤੋਂ 1-2 ਦਿਨ ਪਹਿਲਾਂ ਛਿੜਕਾਅ ਕਰ ਦੇਣਾ ਚਾਹੀਦਾ ਹੈ।
ਪਹਿਲੇ ਪਾਣੀ ਤੋਂ ਬਾਅਦ: ਗੁੱਲੀ-ਡੰਡੇ ਦੀ ਰੋਕਥਾਮ ਲਈ ਵਿੱਚ ਦਿੱਤੇ ਕਿਸੇ ਵੀ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲਗਾਤਾਰ ਇਕੋ ਨਦੀਨਨਾਸ਼ਕ ਦੀ ਵਰਤੋਂ ਕਰਨ ਨਾਲ ਗੁਲੀ ਡੰਡੇ ਵਿਚ ਉਸ ਨਦੀਨ ਨਾਸ਼ਕ ਪ੍ਰਤੀ ਰੋਧਨ ਸ਼ਕਤੀ ਪੈਦਾ ਹੋ ਜਾਂਦੀ ਹੈ।
ਸਹੀ ਸਪਰੇਅ ਤਕਨੀਕ ਦੇ ਨੁਕਤੇ-
ਨਦੀਨਨਾਸ਼ਕਾਂ ਦੀ ਸਹੀ ਚੋਣ: ਨਦੀਨਨਾਸ਼ਕਾਂ ਦੀ ਚੋਣ ਕਰਨ ਸਮੇਂ ਪਿਛਲੇ ਸਾਲਾਂ ਵਿਚ ਖੇਤ ਵਿਚ ਵਰਤੇ ਗਏ ਨਦੀਨਨਾਸ਼ਕਾਂ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ। ਜਿਹੜੇ ਨਦੀਨਨਾਸ਼ਕਾਂ ਨੇ ਪਿਛਲੇ ਸਾਲਾਂ ਵਿਚ ਚੰਗੇ ਨਤੀਜੇ ਨਾ ਦਿੱਤੇ ਹੋਣ ਉਨ੍ਹਾਂ ਦੀ ਵਰਤੋਂ ਨਾ ਕੀਤੀ ਜਾਵੇ।
ਸਹੀ ਮਾਤਰਾ: ਹਮੇਸ਼ਾ ਨਦੀਨਨਾਸ਼ਕ ਦੀ ਸਿਫ਼ਾਰਸ਼ ਕੀਤੀ ਮਾਤਰਾ ਹੀ ਵਰਤੋ।
ਸਹੀ ਸਮੇਂ ’ਤੇ ਸਪਰੇਅ: ਨਦੀਨਾਂ ਨੂੰ ਉੱਗਣ ਤੋਂ ਰੋਕਣ ਲਈ ਨਦੀਨਨਾਸ਼ਕਾਂ ਦੀ ਵਰਤੋਂ ਬਿਜਾਈ ਕਰਨ ਤੋਂ ਤੁਰੰਤ ਬਾਅਦ ਕਰ ਦਿਉ। ਉੱਗੇ ਹੋਏ ਨਦੀਨਾਂ ਦੇ ਬੂਟਿਆਂ ਨੂੰ ਮਾਰਨ ਵਾਲੇ ਨਦੀਨਨਾਸ਼ਕ ਦੀ ਵਰਤੋਂ, ਜਦੋਂ ਨਦੀਨ 2 ਤੋਂ 3 ਪੱਤਿਆਂ ਦੀ ਅਵਸਥਾ ਵਿਚ ਹੋਣ, ਉਸ ਸਮੇਂ ਕਰੋ। ਨਦੀਨਾਂ ਦੇ ਵੱਡੇ ਬੂਟਿਆਂ ਵਿਚ ਨਦੀਨ ਨਾਸ਼ਕ ਨੂੰ ਸਹਿ ਸਕਣ ਦੀ ਸ਼ਕਤੀ ਵਧ ਜਾਂਦੀ ਹੈ।
ਚੰਗੇ ਸਲਾਭ ’ਚ ਸਪਰੇਅ: ਨਦੀਨਨਾਸ਼ਕ ਦੀ ਵਰਤੋਂ ਹਮੇਸ਼ਾ ਵੱਤਰ ਖੇਤ (ਚੰਗੀ ਸਲਾਭ) ਵਿੱਚ ਹੀ ਕਰੋ। ਜੇ ਖੁਸ਼ਕ ਖੇਤ ਵਿਚ ਸਪਰੇਅ ਕੀਤੀ ਜਾਵੇ ਤਾਂ ਨਤੀਜੇ ਸਹੀ ਨਹੀਂ ਮਿਲਦੇ ਤੇ ਜੇ ਖੇਤ ਜ਼ਿਆਦਾ ਗਿੱਲਾ ਹੋਵੇ ਤਾਂ ਨਦੀਨਨਾਸ਼ਕ ਫ਼ਸਲ ਦਾ ਨੁਕਸਾਨ ਕਰ ਸਕਦੀ ਹੈ।
ਸਪਰੇਅ ਪੰਪ: ਨਦੀਨਨਾਸ਼ਕ ਸਪਰੇਅ ਕਰਨ ਲਈ ਹੱਥ ਨਾਲ, ਬੈਟਰੀ ਨਾਲ ਜਾਂ ਇੰਜਨ ਨਾਲ ਚਲਣ ਵਾਲੇ ਸਪਰੇਅਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨਦੀਨਨਾਸ਼ਕ ਦੀ ਸਪਰੇਅ ਲਈ ‘ਗੰਨ ਸਪਰੇਅਰ’ ਨਾ ਵਰਤੋਂ।
ਸਹੀ ਨੋਜ਼ਲ ਦੀ ਵਰਤੋਂ: ਨਦੀਨਨਾਸ਼ਕ ਦੀ ਸਪਰੇਅ ਕਰਨ ਲਈ ਹਮੇਸ਼ਾ ਕੱਟ ਵਾਲੀ ਜਾਂ ਟੱਕ ਵਾਲੀ ਨੋਜ਼ਲ ਹੀ ਵਰਤੋ। ਕਦੇ ਵੀ ਗੋਲ ਨੋਜ਼ਲ ਨਾ ਵਰਤੋਂ।
ਪਾਣੀ ਦੀ ਸਹੀ ਮਾਤਰਾ: ਬਿਜਾਈ ਵੇਲੇ ਵਰਤੇ ਜਾਣ ਵਾਲੇ ਨਦੀਨਨਾਸ਼ਕਾਂ ਲਈ 200 ਲਿਟਰ ਪਾਣੀ ਅਤੇ ਖੜ੍ਹੀ ਫ਼ਸਲ ਵਿਚ ਵਰਤੇ ਜਾਣ ਵਾਲੇ ਨਦੀਨਨਾਸ਼ਕਾਂ ਲਈ 150 ਲਿਟਰ ਪਾਣੀ ਪ੍ਰਤੀ ਏਕੜ ਵਰਤੋ।
ਨਦੀਨਨਾਸ਼ਕਾਂ ਦਾ ਮਿਸ਼ਰਨ: ਕਦੇ ਵੀ ਆਪਣੇ ਤੌਰ ’ਤੇ ਦੋ ਜਾਂ ਜ਼ਿਆਦਾ ਨਦੀਨਨਾਸ਼ਕ ਰਲਾ ਕੇ ਨਾ ਵਰਤੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਇਕ ਤਾਂ ਨਦੀਨ ਵਿਚ ਸਾਰੇ ਨਦੀਨ ਨਾਸ਼ਕਾਂ ਪ੍ਰਤੀ ਰੋਧਨ ਸ਼ਕਤੀ ਪੈਦਾ ਹੋਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਦੂਸਰਾ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ।
ਪਾਣੀ ਹਲਕੇ ਲਾਉਣਾ: ਨਦੀਨਨਾਸ਼ਕਾਂ ਤੋਂ ਪੂਰਾ ਫਾਇਦਾ ਲੈਣ ਲਈ ਪਾਣੀ ਹਲਕੇ ਲਾਓ। ਭਾਰੇ ਪਾਣੀ ਲਾਉਣ ਤੇ ਨਦੀਨਨਾਸ਼ਕ ਫ਼ਸਲ ਦਾ ਨੁਕਸਾਨ ਕਰ ਸਕਦੇ ਹਨ।
ਨਦੀਨਾਂ ਨੂੰ ਬੀਜ ਪੈਣ ਤੋਂ ਰੋਕਣਾ: ਨਦੀਨ ਪ੍ਰਬੰਧ ਦੇ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਨ ਤੋਂ ਬਾਅਦ ਵੀ ਕੁਝ ਨਦੀਨਾਂ ਦੇ ਬੂਟੇ ਬਚ ਜਾਂਦੇ ਹਨ ਜਾਂ ਫ਼ਸਲ ਦੇ ਪਿਛਲੇ ਪੜਾਅ ਵਿੱਚ ਉੱਗ ਪੈਂਦੇ ਹਨ। ਬਚੇ ਹੋਏ ਨਦੀਨਾਂ ਦੇ ਬੂਟਿਆਂ ਨੂੰ ਬੀਜ ਬਣਾਉਣ ਤੋਂ ਪਹਿਲਾਂ ਹੱਥ ਨਾਲ ਪੁੱਟ ਦਿਓ।
*ਫ਼ਸਲ ਵਿਗਿਆਨ ਵਿਭਾਗ, ਪੀਏਯੂ।
ਸੰਪਰਕ: 98728-11350