ਡਾ. ਤੇਜਵੀਰ ਕੌਰ
ਭਾਰਤ ਵਿਚ ਪਹਿਲੇ ਕੋਵਿਡ ਮਰੀਜ਼ ਦੀ ਪਛਾਣ ਦੱਖਣੀ ਕੇਰਲਾ ਵਿਚ 30 ਜਨਰਵੀ 2020 ਨੂੰ ਹੋਈ। 24 ਮਾਰਚ 2020 ਨੂੰ ਦੇਸ਼ ਭਰ ਵਿਚ ਲੌਕਡਾਊਨ ਦੀ ਘੋਸ਼ਣਾ ਕੀਤੀ ਗਈ। ਇਹ ਲੌਕਡਾਊਨ ਅਚਾਨਕ ਹੋਇਆ ਅਤੇ ਇਸ ਦੇ ਨਤੀਜੇ ਵਜੋਂ 120 ਮਿਲੀਅਨ ਲੋਕਾਂ ਦੀ ਭਾਰੀ ਸਮੂਹਿਕ ਯਾਤਰਾ ਹੋਈ, ਜਿਸ ਵਿਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਸਨ। ਇਸ ਵਿਸ਼ਾਲ ਯਾਤਰਾ ਦੀ ਤੁਲਨਾ ਭਾਰਤ ਦੀ ਵੰਡ ਨਾਲ ਕੀਤੀ ਗਈ, ਜਿਸ ਵਿਚ 14-15 ਮਿਲੀਅਨ ਲੋਕ ਉਜਾੜੇ ਗਏ ਸਨ। ਇਸ ਜਨਤਕ ਨਿਕਾਸ ਦੇ ਨਤੀਜੇ ਵਜੋਂ ਕੋਵਿਡ-19 ਪੇਂਡੂ ਖੇਤਰਾਂ ਜਿਥੇ ਸਿਹਤ ਸਹੂਲਤਾਂ ਸ਼ਹਿਰੀ ਖੇਤਰਾਂ ਨਾਲੋਂ ਘੱਟ ਹੁੰਦੀਆਂ ਹਨ, ਵਿਚ ਪਹੁੰਚਿਆ। ਇਸ ਜਨਤਕ ਨਿਕਾਸ ਨੇ ਨਾ ਸਿਰਫ਼ ਭਾਰਤ ਦੀ ਗਰੀਬੀ ਅਤੇ ਭੁੱਖਮਰੀ ਨੂੰ ਉਜਾਗਰ ਕੀਤਾ ਪਰ ਨਾਲ ਹੀ ਭਾਰਤ ਦੀ ਖੰਡਿਤ ਸਿਹਤ ਸੰਭਾਲ ਸਹੂਲਤਾਂ ਦੀ ਤਸਵੀਰ ਵੀ ਪੇਸ਼ ਕੀਤੀ। ਭਾਰਤ ਦੀ ਸਿਹਤ ਸੰਭਾਲ ਜਨਤਕ ਅਤੇ ਨਿੱਜੀ ਦਾ ਇਕ ਗੁੰਝਲਦਾਰ ਨੈੱਟਵਰਕ ਹੈ। ਫਰੰਟਲਾਈਨ ਸਿਹਤ ਦੇਖਭਾਲ ਪੇਸ਼ੇਵਰ ਡਾਕਟਰ, ਨਰਸਾ, ਡੈਂਟਲ ਡਾਕਟਰਾਂ ਦੇ ਨਾਲ ਨਾਲ ਫਾਰਮਾਸਿਸਟ ਵੀ ਹਰ ਜਗ੍ਹਾ ਮੂਹਰਲੀਆਂ ਭੂਮਿਕਾਵਾਂ ਨਿਭਾ ਰਹੇ ਹਨ। ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਵਿਚ ਫਰੰਟਲਾਈਨ ਸਿਹਤ ਕਰਮਚਾਰੀ ਮਹੱਤਵਪੂਰਨ ਰਹੇ ਹਨ ਪਰ ਵਿਅਕਤੀਗਤ ਪੇਸ਼ਿਆਂ ਦੀ ਮਾਨਤਾ ਹਰ ਪੱਧਰ ’ਤੇ ਇਕਸਾਰ ਨਹੀਂ ਹੈ। ਫਾਰਮਾਸਿਸਟਾਂ ਨੂੰ ਹਮੇਸ਼ਾ ਫਰੰਟਲਾਈਨ ਵਜੋਂ ਵਿਚਾਰਿਆ ਜਾਣਾ ਚਾਹੀਦਾ ਹੈ, ਖਾਸ ਤੌਰ ’ਤੇ ਕੋਵਿਡ-19 ਸਮੇਂ ਦੌਰਾਨ ਜਦੋਂ ਨਿੱਜੀ ਸੁਰੱਖਿਆ ਉਪਕਰਨਾਂ ਦੀ ਸ਼ੁਰੂਆਤੀ ਘਾਟ ਦੇ ਬਾਵਜੂਦ, ਸਖਤ ਤਾਲਾਬੰਦ ਪਾਬੰਦੀਆਂ ਵਿਚ ਫਾਰਮੇਸੀਆਂ ਲੋਕਾਂ ਲਈ ਖੁੱਲ੍ਹੀਆਂ ਰਹੀਆਂ ਹਨ। ਨਿਊਜ਼ੀਲੈਂਡ ਨੇ ਕੋਵਿਡ-19 ਵਿਚਕਾਰ ਫਾਰਮਾਸਿਸਟਾਂ ਦੇ ਯੋਗਦਾਨ ਲਈ ਵਾਧੂ ਮਿਹਨਤਾਨਾ ਪ੍ਰਦਾਨ ਕੀਤਾ ਹੈ ਜਦੋ ਕਿ ਓਨਟਾਰਿਉ, ਕੈਨੇਡਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਪ੍ਰਦੇਸ਼ ਫਾਰਮਾਸਿਸਟਾਂ ਨੂੰ ਫਰੰਟਲਾਈਨ ਕਰਮਚਾਰੀਆਂ ਦੀ ਸੂਚੀ ਦੇ ਹਿੱਸੇ ਵਜੋਂ ਸ਼ਾਮਲ ਕਰਨ ਵਿਚ ਅਸਫ਼ਲ ਰਿਹਾ ਹੈ।
ਕੋਵਿਡ-19 ਸੰਕਟ ਦੌਰਾਨ ਸ਼ੰਘਾਈ ਸਹਿਕਾਰਤਾ ਸੰਗਠਨ ਦੇ ਜਨਰਲ ਸਕੱਤਰ ਵਲਾਦੀਮੀਰ ਨੋਰੋਵ ਵਲੋਂ ਭਾਰਤ ਨੂੰ ‘ਵਿਸ਼ਵ ਦੀ ਫਾਰਮੇਸੀ’ ਕਿਹਾ ਗਿਆ ਹੈ। ਕੋਵਿਡ-19 ਵਿਰੁੱਧ ਲੜਾਈ ਵਿਚ ਭਾਰਤ ਨੇ ਹੁਣ ਤਕ 133 ਦੇਸ਼ਾਂ ਨੂੰ ਦਵਾਈਆਂ ਦੀ ਸਪਲਾਈ ਕੀਤੀ ਹੈ, ਜੋ ਕਿ ਭਾਰਤ ਦੀ ਉਦਾਰਤਾ ਨੂੰ ਦਰਸਾਂਉਦੀ ਹੈ। ਇਸ ਸਮੇਂ ਵਿਸ਼ਵ ਭਰ ਫਾਰਮਾਸਿਉਟਿਕਲ ਵਿਗਿਆਨੀ ਦਵਾਈਆਂ ਦੇ ਆਪਣੇ ਵਿਸ਼ਾਲ ਤਜ਼ਰਬੇ ਅਤੇ ਡੂੰਘੇ ਗਿਆਨ ਰਾਹੀਂ ਕੋਵਿਡ-19 ਲਈ ਦਵਾਈ/ਵੈਕਸੀਨ ਦੀ ਖੋਜ ਵਿਚ ਲੱਗੇ ਹੋਏ ਹਨ। ਫਾਰਮੇਸੀ ਪੇਸ਼ੇ ਦੀਆਂ ਭੂਮਿਕਾਵਾਂ ਵਿਚ ਦਵਾਈਆਂ ਦੀ ਖੋਜ, ਨਿਰਮਾਣ, ਅਤੇ ਕਲੀਨਿਕਲ ਟਰਾਇਲ ਜੋ ਕਿ ਅੱਜ-ਕੱਲ੍ਹ ਕੋਵਿਡ-19 ਲਈ ਦਵਾਈ-ਵੈਕਸੀਨ ਦੇ ਸਮੇਂ ਵਿਚ ਸਾਰਿਆਂ ਤੋਂ ਜ਼ਿਆਦਾ ਸੁਣਨ ਵਾਲਾ ਵਿਸ਼ਾ ਬਣ ਗਿਆ ਹੈ, ਸ਼ਾਮਿਲ ਹਨ। ਕਲੀਨਿਕਲ ਟਰਾਇਲ ਵਿਚ ਦਵਾਈ ਦੀ ਖੋਜ ਤੋਂ ਬਾਅਦ ਨਵੇਂ ਟੈਸਟਾਂ, ਇਲਾਜਾਂ ਦਾ ਅਧਿਐਨ ਅਤੇ ਮਨੁੱਖੀ ਸਿਹਤ ਤੇ ਨਤੀਜਿਆਂ, ਉਨ੍ਹਾਂ ਦੇ ਪ੍ਰਭਾਵਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਜਿਥੇ ਇਸ ਸਮੇਂ ਫਾਰਮਾਸਿਉਟਿਕਲ ਵਿਗਿਆਨੀ ਕਰੋਨਾਵਾਇਰਸ ਵਿਰੁੱਧ ਸਭ ਤੋਂ ਵੱਧ ਕਾਰਗਾਰ ਵੈਕਸੀਨ ਦੀ ਖੋਜ ਵਿਚ ਦਿਨ ਰਾਤ ਲੱਗੇ ਹੋਏ ਹਨ, ਉੱਥੇ ਫਾਰਮਾਸਿਸਟ ਕਮਿਊਨਿਟੀ ਫਾਰਮੇਸੀਆਂ, ਹਸਪਤਾਲਾਂ ਅਤੇ ਸਿਹਤ ਸੰਭਾਲ ਦੀਆਂ ਹੋਰ ਸਥਿਤੀਆਂ ਦੌਰਾਨ ਮਰੀਜ਼ਾ ਦੀ ਦੇਖਭਾਲ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਆਪਣੇ ਆਸ-ਪਾਸ ਕਈ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਕੋਵਿਡ ਦੇ ਵਿਚਕਾਰ ਕਮਿਊਨਿਟੀ ਫਾਰਮਾਸਿਸਟ ਸਰਕਾਰ ਦੁਆਰਾ ਲਗਾਈਆਂ ਗਈਆਂ ਪਾਬੰਦੀਆ ਦੇ ਬਾਵਜੂਦ ਲੋਕਾਂ ਤੱਕ ਦਵਾਈਆਂ ਮੁਹੱਈਆ ਕਰਵਾ ਰਹੇ ਹਨ। ਇਹ ਕੋਵਿਡ-19 ਦੇ ਯੁੱਗ ਵਿਚ ਖਾਸਕਰ ਸੱਚਾਈ ਹੈ ਕਿ ਪੇਂਡੂ ਖੇਤਰਾਂ ਵਿਚ ਜਦੋ ਦੂਜੇ ਪੇਸ਼ੇਵਰਾਂ ਨੇ ਮਰੀਜ਼ਾ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਸਨ ਤਾਂ ਫਾਰਮਾਸਿਸਟ ਸਖਤ ਲੌਕਡਾਊਨ ਪਾਬੰਦੀਆਂ ਅਤੇ ਸੀਮਤ ਸਰੋਤਾਂ ਦੇ ਬਾਵਜੂਦ ਸਿਹਤ ਸੰਭਾਲ ਪ੍ਰਣਾਲੀ ਵਿਚ ਵੱਧ ਤੋਂ ਵੱਧ ਕੁਸ਼ਲਤਾ ਨਾਲ ਯੋਗਦਾਨ ਦੇ ਰਹੇ ਸਨ। ਹਸਪਤਾਲਾ ਵਿਚ ਵੀ ਫਾਰਮਾਸਿਸਟਾਂ ਦੀ ਭੂਮਿਕਾ ਨੂੰ ਲੋਕਾਂ ਦੁਆਰਾ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਡਾਕਟਰਾਂ, ਨਰਸਾਂ ਦੇ ਨਾਲ ਨਾਲ ਫਾਰਮਾਸਿਸਟ ਵੀ ਕੋਵਿਡ-19 ਦੇ ਦੌਰਾਨ ਸਿਹਤ ਸੰਭਾਲ ਪ੍ਰਣਾਲੀ ਦਾ ਸਮਰਥਨ ਕਰਨ ਵਿਚ ਵੱਖੋ-ਵੱਖਰੀਆਂ ਭੂਮਿਕਾਵਾਂ ਨਿਭਾ ਰਹੇ ਹਨ। ਮਰੀਜ਼ਾ ਨੂੰ ਦਵਾਈਆਂ ਪ੍ਰਦਾਨ ਕਰਨਾ, ਦਵਾਈ ਦੀ ਘਾਟ ਦਾ ਪ੍ਰਬੰਧਨ, ਇਲਾਜ ਪ੍ਰੋਟੋਕੋਲ ਦਾ ਵਿਕਾਸ, ਮਰੀਜ਼ਾਂ ਨੂੰ ਟੈਲੀਹੈਲਥ ਬਾਰੇ ਜਾਗਰੂਕ ਕਰਨਾ, ਪੁਰਾਣੀਆਂ ਦਵਾਈਆਂ ਦੇ ਨਵੀਨੀਕਰਨ ਲਈ ਮਰੀਜ਼ਾਂ ਦਾ ਮੁਲਾਂਕਣ ਕਰਨਾ, ਮਾਮੂਲੀ ਬਿਮਾਰੀਆਂ ਬਾਰੇ ਸਲਾਹ ਮਸ਼ਵਰਾ ਕਰਨਾ, ਕੋਵਿਡ-19 ਦੇ ਇਲਾਜ ਬਾਰੇ ਗਲਤ ਧਾਰਨਾਵਾਂ ਨੂੰ ਸਪੱਸ਼ਟ ਕਰਨ ਵਿਚ ਯੋਗਦਾਨ ਪਾ ਰਹੇ ਹਨ।
ਭਾਰਤ ਵਿਚ ਫਾਰਮੇਸੀ ਪੇਸ਼ੇਵਰਾਂ ਦੀਆਂ ਭੂਮਿਕਾਵਾਂ ਦਾ ਵਿਸਤਾਰ ਕਰਨ ਦੀ ਲੋੜ ਹੈ। ਭਾਰਤ ਵਿਚ 2005 ਵਿਚ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਦਾ ਗਠਨ ਕਿਸੇ ਵੀ ਤਰ੍ਹਾਂ ਦੀ ਤਬਾਹੀ ਦੀ ਤਿਆਰੀ ਅਤੇ ਉਸ ਦੀ ਪ੍ਰਤੀਕਿਆ ਨੂੰ ਹੱਲ ਕਰਨ ਲਈ ਬਣਾਇਆ ਗਿਆ ਸੀ, ਜਿਸ ਅਧੀਨ ਕੌਮੀ ਆਫ਼ਤ ਫ਼ੋਰਸ (ਐੱਨ.ਡੀ.ਆਰ.ਐੱਫ) ਵਿਚ 12 ਬਟਾਲੀਅਨਾਂ ਨੂੰ ਕੁਦਰਤੀ ਅਤੇ ਮਨੁੱਖੀ ਆਫ਼ਤਾਂ ਨੂੰ ਨਜਿੱਠਣ ਲਈ ਸਿਖਲਾਈ ਦਿੱਤੀ ਗਈ ਹੈ। ਇਸ ਵੇਲੇ ਇਸ ਐਕਟ ਵਿਚ ਫਾਰਮੇਸੀ ਪੇਸ਼ੇਵਰਾਂ ਦਾ ਕੋਈ ਜ਼ਿਕਰ ਨਹੀਂ ਹੈ। ਫਾਰਮੇਸੀ ਪੇਸ਼ੇਵਰਾਂ ਨੂੰ ਐੱਨਡੀਆਰਐੱਫ ਬਟਾਲੀਅਨਾਂ ਵਿਚ ਸ਼ਾਮਲ ਕੀਤਾ ਜਾਵੇ ਅਤੇ ਟਾਸਕ ਫ਼ੋਰਸ ਦੀ ਯੋਜਨਾਬੰਦੀ ਕੀਤੀ ਜਾਣੀ ਬਣਦੀ ਹੈ। ਇਸ ਤੋਂ ਇਲਾਵਾ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੂੰ ਵਿਸ਼ਵ ਫਾਸਟ ਟਰੈਕ ਕੋਵਿਡ-19 ਸਹੂਲਤਾਂ ਤਹਿਤ 500 ਮਿਲੀਅਨ ਯੂਐੱਸ ਡਾਲਰ ਪ੍ਰਾਪਤ ਹੋਏ। ਇਸ ਪ੍ਰੋਗਰਾਮ ਤਹਿਤ ਫਾਰਮਾਸਿਸਟਾਂ ਨੂੰ ਐਮਰਜੈਂਸੀ ਦੀ ਤਿਆਰੀ, ਕੋਵਿਡ-19 ਅਤੇ ਹੋਰ ਐਮਰਜੈਂਸੀ ਲਈ ਸਿਖਿਅਤ ਅਤੇ ਬਿਹਤਰ ਉਪਾਅ ਦੇ ਵਿਕਾਸ ਵਿਚ ਹਿੱਸੇਦਾਰਾਂ ਵਜੋਂ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਦਵਾਈਆਂ ਦੇ ਜਾਣਕਾਰਾਂ ਫਾਰਮਾਸਿਸਟਾਂ ਨੂੰ ਦਵਾਈ ਦੇ ਨੀਤੀ ਨਿਰਮਾਣ ਵਿਚ ਸ਼ਾਮਲ ਕਰਨਾ, ਕੋਵਿਡ-19 ਅਤੇ ਹੋਰ ਐਮਰਜੈਂਸੀ ਵਿਚ ਮਰੀਜ਼ਾ ਦੀ ਸਿਹਤ ਸੰਭਾਲ ਅਤੇ ਜਵਾਬਦੇਹੀ ਲਈ ਇਕ ਵੱਖਰੇ ਕੇਡਰ ਦਾ ਵਿਕਾਸ ਸਮੇਂ ਦੀ ਮੰਗ ਹੈ।
ਭਾਰਤ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਕੀਤੀ ਗਈ ਸ਼ੁਰੂਆਤੀ ਪਹਿਲਕਦਮੀ ਇਕ ਸਵਾਗਤਯੋਗ ਕਦਮ ਹੈ, ਜਿਸ ਵਿਚ ਫ਼ਾਰਮੇਸੀ ਕੌਂਸਲ ਆਫ਼ ਇੰਡੀਆ ਨੂੰ ਬੇਨਤੀ ਕਰਦਿਆਂ ਸਟੇਟ ਫਾਰਮੇਸੀ ਕੌਂਸਲਾਂ ਨੂੰ ਨੋਡਲ ਦਫ਼ਤਰ ਬਣਾ ਕੇ ਫਾਰਮਾਸਿਸਟਾਂ ਦੀ ਰਾਜ ਪੱਧਰੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਹੈ, ਜਿਸ ਨੂੰ ਕੋਵਿਡ ਯੋਧਿਆਂ ਦੇ ਹਿੱਸੇ ਵਜੋਂ ਦਾਖਲ ਕੀਤਾ ਜਾ ਸਕੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਪੰਜਾਬ ਇਕ ਰੋਲ ਮਾਡਲ ਵਜੋਂ 2016 ਵਿਚ ਭਾਰਤ ਦਾ ਪਹਿਲਾ ਅਜਿਹਾ ਸੂਬਾ ਬਣਿਆ, ਜਿਥੇ ਫਾਰਮਾਸਿਸਟ/ਫਾਰਮੇਸੀ ਅਫ਼ਸਰ ਦੀ ਸਿੱਧੀ ਨਿਯੁਕਤੀ ਲਈ ਘੱਟੋ ਘੱਟ ਵਿਦਿਅਕ ਯੋਗਤਾ ਬੈਚਲਰ ਆਫ਼ ਫਾਰਮੇਸੀ ਕੀਤੀ ਗਈ।
ਕੋਵਿਡ-19 ਜਾਂ ਸਿਹਤ ਸੰਭਾਲ ਵਿਚ ਕਿਸੇ ਵੀ ਐਮਰਜੈਂਸੀ ਦੌਰਾਨ ਜਨਤਕ ਜਾਗਰੂਕਤਾ ਮੁਹਿੰਮਾਂ ਅਜੇ ਵੇਖੀਆਂ ਜਾਣੀਆਂ ਹਨ। ਵਿਸ਼ੇਸ਼ ਤੌਰ ’ਤੇ ਫਾਰਮਾਸਿਸਟਾਂ ਦੀ ਐਮਰਜੈਂਸੀ ਵੇਲੇ ਤਿਆਰੀ ਵਿਚ ਵਧੇਰੇ ਖੋਜ ਤੇ ਮੁਲਾਂਕਣ ਦੀ ਜ਼ਰੂਰਤ ਹੈ। ਫਾਰਮਾਸਿਸਟ ਫਰੰਟਲਾਈਨ ਵਰਕਰਾਂ ਵਜੋਂ ਕੰਮ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਦੀ ਬਣਦੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ।
ਸੰਪਰਕ: 9501988700