ਗੁਰਦੇਵ ਸਿੰਘ ਸਿੱਧੂ
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਖ਼ਾਲਸਾ ਰਾਜ ਦੇ ਢਹਿ-ਢੇਰੀ ਹੋ ਜਾਣ ਪਿੱਛੋਂ ਹੀ ਅੰਗਰੇਜ਼ 1849 ਵਿਚ ਪੰਜਾਬ ਉੱਤੇ ਕਾਬਜ਼ ਹੋ ਸਕੇ। ਪੰਜਾਬੀਆਂ ਨੂੰ ਵਿਰਾਸਤ ਵਿਚ ਮਿਲੇ ਨਾਬਰੀ ਵਾਲੇ ਸੁਭਾਅ ਨੂੰ ਅੰਗਰੇਜ਼ ਭਲੀਭਾਂਤ ਜਾਣਦੇ ਸਨ। ਪੰਜਾਬੀਆਂ ਨੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਦਾ ਝੰਡਾ ਵਾਰ-ਵਾਰ ਬੁਲੰਦ ਕੀਤਾ ਅਤੇ ਆਜ਼ਾਦੀ ਲਈ ਸੰਘਰਸ਼ ਵਿਚ ਮੋਹਰੀ ਭੂਮਿਕਾ ਨਿਭਾਈ। ਇਹ ਲੇਖ ਦੇਸ਼ ਦੀ ਆਜ਼ਾਦੀ ਖ਼ਾਤਰ ਅਥਾਹ ਕੁਰਬਾਨੀਆਂ ਕਰਨ ਵਾਲੇ ਪੰਜਾਬੀਆਂ ਦੀ ਯਾਦ ਦਿਵਾਉਂਦਾ ਹੈ।
ਅੰਗਰੇਜ਼ਾਂ ਦੀ ਲਾਹੌਰ ਦਰਬਾਰ ਨਾਲ ਪਹਿਲੀ ਲੜਾਈ ਪਿੱਛੋਂ ਨੌਂ ਮਾਰਚ 1846 ਨੂੰ ਹੋਈ ਭੈਰੋਵਾਲ ਦੀ ਸੰਧੀ ਨਾਲ ਕੰਪਨੀ ਸਰਕਾਰ ਨੇ ਲਾਹੌਰ ਵਿਚ ਪੈਰ ਰੱਖਣ ਲਈ ਥਾਂ ਬਣਾ ਲਈ। ਅੰਗਰੇਜ਼ਾਂ ਨੇ ਆਮ ਪੰਜਾਬੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਸਤੇ ਰਾਜ-ਗੱਦੀ ਦਾ ਮਾਲਕ ਬਾਲਕ ਦਲੀਪ ਸਿੰਘ ਨੂੰ ਪ੍ਰਵਾਨ ਕਰ ਲਿਆ ਪਰ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਦੂਰ ਰੱਖਣ ਵਾਸਤੇ ਚੋਣਵੇਂ ਸਰਦਾਰਾਂ ਦੀ ਕੌਂਸਲ ਬਣਾ ਦਿੱਤੀ। ਕੌਂਸਲ ਮਹਾਰਾਜਾ ਦਲੀਪ ਸਿੰਘ ਦੇ ਨਾਂ ਉੱਤੇ ਫ਼ੈਸਲੇ ਕਰਦੀ ਸੀ ਪਰ ਫ਼ੈਸਲਾ ਉਸ ਤਰ੍ਹਾਂ ਹੀ ਹੁੰਦਾ ਸੀ ਜਿਵੇਂ ਅੰਗਰੇਜ਼ ਰੈਜ਼ੀਡੈਂਟ ਲੈਫਟੀਨੈਂਟ ਕਰਨਲ ਐੱਚ.ਐੱਮ. ਲਾਅਰੰਸ ਚਾਹੁੰਦਾ ਸੀ। ਉਸ ਨੇ ਸਿੱਖ-ਸਮੂਹ ਦੀਆਂ ਭਾਵਨਾਵਾਂ ਨੂੰ ਤਾੜਦਿਆਂ 29 ਮਈ 1847 ਨੂੰ ਗਵਰਨਰ-ਜਨਰਲ ਦੇ ਸਕੱਤਰ ਨੂੰ ਸੰਬੋਧਿਤ ਪੱਤਰ ਵਿਚ ਲਿਖਿਆ, ‘‘ਸਮਾਂ ਬੀਤਣ ਨਾਲ ਜਦ ਹੌਲੀ ਹੌਲੀ ਨਿਕਟ ਭੂਤ ਦੀਆਂ ਹਾਰਾਂ ਦੀ ਯਾਦ ਮੱਧਮ ਪੈ ਗਈ, ਜੇ ਅਜਿਹਾ ਅਵਸਰ ਬਣਿਆ, ਸਿੱਖ ਚਰਿੱਤਰ ਵਿਚਲੀ ਪ੍ਰਵਾਨਿਤ ਆਜ਼ਾਦੀ ਇਸ ਸਮੂਹ ਨੂੰ ਵਿਦੇਸ਼ੀ ਗ਼ੁਲਾਮੀ ਤੋਂ ਮੁਕਤੀ ਦੇ ਯਤਨ ਦੇ ਰਾਹ ਪਾ ਸਕਦੀ ਹੈ।’’ ਉਸ ਨੂੰ ਛੇਤੀ ਹੀ ਜਾਣਕਾਰੀ ਮਿਲ ਗਈ ਕਿ ਸਿੱਖ ਤਾਂ ਮਹਾਰਾਣੀ ਜਿੰਦਾਂ ਦੀ ਅਗਵਾਈ ਵਿਚ ਪਹਿਲਾਂ ਹੀ ਗ਼ੁਲਾਮੀ ਤੋਂ ਮੁਕਤੀ ਦੇ ਰਾਹ ਪੈ ਚੁੱਕੇ ਹਨ। ਰੈਜ਼ੀਡੈਂਟ ਨੇ ਇਸ ਸੰਭਾਵਨਾ ਨੂੰ ਟਾਲਣ ਦਾ ਰਾਹ ਮਹਾਰਾਣੀ ਜਿੰਦਾਂ ਨੂੰ ਪੰਜਾਬ-ਬਦਰ ਕਰਨ ਅਤੇ ਉਸ ਦੇ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਜ਼ਾਵਾਂ ਦੇਣ ਵਿਚ ਵੇਖਿਆ। ਅੰਗਰੇਜ਼ਾਂ ਨੇ ਕੁਝ ਵਿਅਕਤੀ ਗ੍ਰਿਫ਼ਤਾਰ ਵੀ ਕਰ ਲਏ ਪਰ ਇਸ ਸੰਭਾਵੀ ਵਿਦਰੋਹ ਵਿਚ ਸ਼ਾਮਲ ਭਾਈ ਮਹਾਰਾਜ ਸਿੰਘ ਗ੍ਰਿਫ਼ਤਾਰੀ ਤੋਂ ਬਚਣ ਵਾਸਤੇ ਰੂਪੋਸ਼ ਹੋ ਗਿਆ ਅਤੇ ਉਸ ਨੇ ਇਸ ਤਰ੍ਹਾਂ ਰਹਿੰਦਿਆਂ ਹੀ ਅੰਗਰੇਜ਼ਾਂ ਵਿਰੁੱਧ ਜੱਦੋਜਜਿਦ ਜਾਰੀ ਰੱਖੀ।
ਭਾਈ ਮਹਾਰਾਜ ਸਿੰਘ ਦੂਰ-ਦ੍ਰਿਸ਼ਟੀ ਰੱਖਦਾ ਸੀ ਪਰ ਉਸ ਦਾ ਸੇਵਕ ਨਿਹੰਗ ਗੰਡਾ ਸਿੰਘ ਤੱਟ-ਫੱਟ ਨਿਸ਼ਾਨੇ ਦੀ ਪ੍ਰਾਪਤੀ ਦਾ ਧਾਰਨੀ ਸੀ। ਉਸ ਨੇ ਅੰਗਰੇਜ਼ ਹਾਕਮਾਂ ਨਾਲ ਟੱਕਰ ਲੈਣ ਦਾ ਐਲਾਨ ਕੀਤਾ ਅਤੇ ਆਪਣੇ 8 ਸਾਥੀਆਂ ਨਾਲ 28 ਜਨਵਰੀ 1846 ਨੂੰ ਸ੍ਰੀ ਦਰਬਾਰ ਸਾਹਿਬ ਦੇ ਨੇੜ ਬੁੰਗਾ ਰਾਮਗੜ੍ਹੀਆ ਦੇ ਇਕ ਮੀਨਾਰ ਵਿਚ ਡੇਰਾ ਜਾ ਲਾਇਆ। ਅੰਮ੍ਰਿਤਸਰ ਦੇ ਅਦਾਲਤੀ ਬਾਬਾ ਲਛਮਣ ਸਿੰਘ ਅਤੇ ਹੋਰ ਸਿੱਖ ਮੁਖੀਆਂ ਨੇ ਨਿਹੰਗ ਜਥੇ ਨੂੰ ਆਤਮ ਸਮਰਪਣ ਕਰਨ ਲਈ ਪ੍ਰੇਰਿਆ ਪਰ ਅਸਫ਼ਲ ਰਹੇ। ਨਤੀਜੇ ਵਜੋਂ ਕਿਲ੍ਹਾ ਗੋਬਿੰਦਗੜ੍ਹ ਤੋਂ ਆਈ ਇਕ ਸੈਨਿਕ ਟੁਕੜੀ ਨੇ ਮੀਨਾਰ ਦੀ ਘੇਰਾਬੰਦੀ ਕਰ ਲਈ ਪਰ ਅਕਾਲੀਆਂ ਵੱਲੋਂ ਕੀਤੀ ਗੋਲਾਬਾਰੀ ਵਿਚ ਸੈਨਿਕ ਟੁਕੜੀ ਦੀ ਅਗਵਾਈ ਕਰ ਰਿਹਾ ਕਰਨਲ ਅਤੇ ਇਕ ਸਿਪਾਹੀ ਜ਼ਖ਼ਮੀ ਹੋ ਗਏ। ਅਗਲੇ ਦਿਨ ਨਵੀਂ ਕੁਮਕ ਨੇ ਆ ਕੇ ਅਕਾਲੀਆਂ ਨੂੰ ਵੰਗਾਰਿਆ ਤਾਂ ਅਕਾਲੀਆਂ ਨੇ ਪਹਿਲੇ ਹੱਲੇ ਇਕ ਸੂਬੇਦਾਰ ਨੂੰ ਮਾਰ ਮੁਕਾਇਆ ਅਤੇ ਤਿੰਨ ਸਿਪਾਹੀਆਂ ਨੂੰ ਜ਼ਖ਼ਮੀ ਕਰ ਦਿੱਤਾ। ਸੂਰਬੀਰ ਮਰਜੀਵੜਿਆਂ ਦੀ ਇਸ ਕਾਰਵਾਈ ਦੀ ਰਿਪੋਰਟ ਲਾਹੌਰ ਪਹੁੰਚੀ ਤਾਂ ਹੁਕਮ ਦਿੱਤਾ ਗਿਆ ਕਿ ਮੀਨਾਰ ਦੀਆਂ ਨੀਹਾਂ ਵਿਚ ਬਾਰੂਦ ਭਰ ਕੇ ਉਸ ਨੂੰ ਉਡਾ ਦਿੱਤਾ ਜਾਵੇ। ਜਦ ਇਹ ਸੂਚਨਾ ਗੰਡਾ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਮਿਲੀ ਤਾਂ ਉਨ੍ਹਾਂ ਆਪਣੀ ਜਾਨ ਨਾਲੋਂ ਆਪਣੀ ਵਿਰਾਸਤ ਨੂੰ ਮੁੱਲਵਾਨ ਸਮਝਦਿਆਂ ਆਤਮ-ਸਮਰਪਣ ਕਰ ਦਿੱਤਾ। ਇਨ੍ਹਾਂ ਨੌਂ ਅਕਾਲੀਆਂ ਨੂੰ ਲਾਹੌਰ ਲਿਆ ਕੇ ਗੰਡਾ ਸਿੰਘ ਅਤੇ ਉਸ ਦੇ ਦੋ ਸਾਥੀਆਂ ਨੂੰ ਫਾਂਸੀ ਅਤੇ ਬਾਕੀ ਛੇ ਨੂੰ ਡੰਡੇ ਬੇੜੀ ਸਹਿਤ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਫਾਂਸੀ ਦੀ ਸਜ਼ਾ 19 ਅਪਰੈਲ 1848 ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਮਲ ਵਿਚ ਲਿਆਂਦੀ ਗਈ। ਇਉਂ ਨਿਹੰਗ ਗੰਡਾ ਸਿੰਘ ਅਤੇ ਉਸ ਦੇ ਦੋ ਸਾਥੀਆਂ ਨੇ ਮਾਤ-ਭੂਮੀ ਨੂੰ ਵਿਦੇਸ਼ੀ ਗ਼ੁਲਾਮੀ ਤੋਂ ਮੁਕਤੀ ਦਿਵਾਉਣ ਲਈ ਜੋ ਪੈੜਾਂ ਪਾਈਆਂ, ਅਗਲੀ ਪੂਰੀ ਸਦੀ ਪੰਜਾਬੀ ਉਨ੍ਹਾਂ ਉੱਤੇ ਬੇਖ਼ੌਫ਼ ਹੋ ਕੇ ਤੁਰਦੇ ਰਹੇ।
ਮਾਰਚ 1849 ਵਿਚ ਸਿੱਖ ਫ਼ੌਜ ਨੂੰ ਦੂਜੀ ਵਾਰ ਹਰਾ ਕੇ ਅੰਗਰੇਜ਼ਾਂ ਨੇ ਪੰਜਾਬ ਨੂੰ ਅੰਗਰੇਜ਼ੀ ਸਲਤਨਤ ਦੀ ਨਿਸ਼ਾਨਦੇਹੀ ਕਰਦੀ ਲਾਲ ਲਕੀਰ ਦੇ ਅੰਦਰ ਕਰ ਲਿਆ। ਆਪਣੇ ਰਾਜ ਨੂੰ ਚਿਰ-ਸਥਾਈ ਬਣਾਉਣ ਅਤੇ ਬਿਨਾਂ ਕਿਸੇ ਤੌਖ਼ਲੇ ਦੇ ਚਲਾਉਣ ਵਾਸਤੇ ਲਾਹੌਰ ਦਰਬਾਰ ਦੀ ਫ਼ੌਜ ਵਿਚ ਸ਼ਾਮਲ ਸੈਨਿਕਾਂ ਨੂੰ ਤੁਰੰਤ ਸੇਵਾਮੁਕਤ ਕਰ ਕੇ ਅਤੇ ਘਰਾਂ ਵਿਚ ਪਈਆਂ ਤਲਵਾਰਾਂ ਅਤੇ ਹੋਰ ਹਥਿਆਰਾਂ ਨੂੰ ਜ਼ਬਤ ਕਰ ਕੇ ਅੰਗਰੇਜ਼ ਹਾਕਮ ਨਿਸ਼ਚਿੰਤ ਹੋ ਗਏ ਪਰ ਉਨ੍ਹਾਂ ਦੀ ਇਹ ਬੇਫ਼ਿਕਰੀ ਲੰਮਾ ਸਮਾਂ ਨਾ ਚੱਲ ਸਕੀ। ਯੁੱਧ ਜਿੱਤਣ ਪਿੱਛੋਂ ਅੰਗਰੇਜ਼ੀ ਫ਼ੌਜ ਨੇ ਸ. ਚਤਰ ਸਿੰਘ ਅਟਾਰੀ, ਸ. ਸ਼ੇਰ ਸਿੰਘ ਅਟਾਰੀ ਆਦਿ ਸਿੱਖ ਜਰਨੈਲਾਂ ਨੂੰ ਤੁਰੰਤ ਬੰਦੀ ਬਣਾ ਲਿਆ ਪਰ ਉਹ ਭਾਈ ਮਹਾਰਾਜ ਸਿੰਘ ਨੂੰ 29 ਦਸੰਬਰ 1849 ਨੂੰ ਗ੍ਰਿਫ਼ਤਾਰ ਕਰ ਸਕੇ। ਫਿਰ ਉਸ ਨੂੰ ਦੇਸ਼ ਨਿਕਾਲਾ ਦੇ ਕੇ ਸਿੰਗਾਪੁਰ ਭੇਜ ਦਿੱਤਾ ਗਿਆ ਜਿੱਥੇ ਇਕਲਾਪਾ ਭੋਗਦਿਆਂ ਉਸ ਨੇ 5 ਜੁਲਾਈ 1856 ਨੂੰ ਅੰਤਿਮ ਸਵਾਸ ਲਏ। ਨਿਰਸੰਦੇਹ, ਭਾਈ ਮਹਾਰਾਜ ਸਿੰਘ ਦਾ ਨਾਂ ਮੋਢੀ ਦੇਸ਼ਭਗਤਾਂ ਵਿਚ ਆਉਂਦਾ ਹੈ।
ਪੰਜਾਬ ਵਿਚ ਆਜ਼ਾਦੀ ਸੰਗਰਾਮ ਦੇ ਇਸ ਪੜਾਅ ਨੂੰ ‘ਸੰਤ-ਸਿਪਾਹੀ ਜੁੱਗ’ ਕਹਿਣਾ ਗ਼ਲਤ ਨਹੀਂ ਹੋਵੇਗਾ। ਭਾਈ ਮਹਾਰਾਜ ਸਿੰਘ ਸਰਗਰਮ ਸੰਘਰਸ਼ ਤੋਂ ਓਹਲੇ ਹੋਏ ਤਾਂ ਉਨ੍ਹਾਂ ਦੀ ਥਾਂ ਬਾਬਾ ਰਾਮ ਸਿੰਘ ਨੇ ਲੈ ਲਈ। ਉਨ੍ਹਾਂ ਨੇ 12 ਅਪਰੈਲ 1857 ਨੂੰ ਕੂਕਾ ਸੰਪਰਦਾਇ ਦੀ ਸਥਾਪਨਾ ਕੀਤੀ। ਉਨ੍ਹਾਂ ਦੀ ਯੋਜਨਾ ਧਰਮ ਕਰਮ ਵਿਚ ਪੂਰੇ ਰਹਿਤਵਾਨ ਸਿੱਖ ਸਮਾਜ ਦੀ ਸਿਰਜਨਾ ਕਰ ਕੇ ਅੰਗਰੇਜ਼ ਸਰਕਾਰ ਨਾਲ ਆਢਾ ਲੈਣ ਦੀ ਸੀ। ਬਾਬਾ ਰਾਮ ਸਿੰਘ ਨੇ ਆਪਣੇ ਪੈਰੋਕਾਰਾਂ ਨੂੰ ਮਨੋਰਥ ਪ੍ਰਾਪਤੀ ਦੇ ਯੋਗ ਬਣਾਉਣ ਵਾਸਤੇ ਉਨ੍ਹਾਂ ਨੂੰ ਗੁਰਬਾਣੀ ਨਾਲ ਜੋੜ ਕੇ ਰੂਹਾਨੀ ਪੱਖੋਂ ਮਜ਼ਬੂਤ ਕੀਤਾ ਅਤੇ ਸਰਕਾਰੀ ਸੰਚਾਰ ਸਾਧਨਾਂ, ਅਦਾਲਤਾਂ, ਵਸਤਰਾਂ ਆਦਿ ਦੇ ਤਿਆਗ ਦਾ ਸੁਨੇਹਾ ਦੇ ਕੇ ਉਨ੍ਹਾਂ ਦੀ ਅੰਗਰੇਜ਼ ਵਿਰੋਧੀ ਮਾਨਸਿਕਤਾ ਨੂੰ ਬਲਵਾਨ ਬਣਾਇਆ। ਉਨ੍ਹਾਂ ਦੇ ਕੁਝ ਕਾਹਲੇ ਪੈਰੋਕਾਰਾਂ ਵੱਲੋਂ ਬਿਨਾਂ ਪੂਰੀ ਤਿਆਰੀ ਕੀਤਿਆਂ ਜੱਦੋਜਹਿਦ ਸ਼ੁਰੂ ਕਰਨ ਨਾਲ ਉਨ੍ਹਾਂ ਦੀ ਵਿਉਂਤਬੰਦੀ ਅਸਫ਼ਲ ਹੋ ਗਈ। ਅੰਗਰੇਜ਼ਾਂ ਨੇ ਬੇਸ਼ੱਕ ਜਨਵਰੀ 1872 ਵਿਚ ਬਾਬਾ ਰਾਮ ਸਿੰਘ ਨੂੰ ਦੇਸ਼ ਨਿਕਾਲਾ ਦੇ ਕੇ ਬਰਮਾ ਭੇਜ ਦਿੱਤਾ ਪਰ ਉਨ੍ਹਾਂ ਦੇ ਪੈਰੋਕਾਰ ਸਰਕਾਰ ਲਈ ਨਿਰੰਤਰ ਸਿਰਦਰਦੀ ਬਣੇ ਰਹੇ। ਪੰਜਾਬੀਆਂ ਦੇ ਸਿਰ ਉੱਤੋਂ ਅੰਗਰੇਜ਼ੀ ਗ਼ੁਲਾਮੀ ਦੀ ਛੱਟ ਲਾਹ ਦੇਣ ਵਾਸਤੇ ਉਨ੍ਹਾਂ ਵੱਲੋਂ ਨੇਪਾਲ, ਰੂਸ ਅਤੇ ਜੰਮੂ ਰਿਆਸਤ ਨਾਲ ਬਣਾਏ ਸੰਪਰਕ ਨੇ ਹਕੂਮਤ ਨੂੰ ਏਨਾ ਭੈਅਭੀਤ ਕੀਤਾ ਕਿ ਉਨ੍ਹਾਂ ਦੇ ਡੇਰੇ ਭੈਣੀ ਸਾਹਿਬ ਵਿਚ ਪੱਕੀ ਪੁਲੀਸ ਚੌਕੀ ਸਥਾਪਤ ਕਰ ਦਿੱਤੀ ਗਈ ਅਤੇ ਉਨ੍ਹਾਂ ਦੇ ਇਕੱਠੇ ਹੋ ਕੇ ਸਤਿਸੰਗ ਨਾ ਕਰਨ ਦੇਣ ਵਾਸਤੇ ਕਰੜੇ ਹੁਕਮ ਜਾਰੀ ਕੀਤੇ।
ਜਿਸ ਸਾਲ ਬਾਬਾ ਰਾਮ ਸਿੰਘ ਨੇ ਨਾਮਧਾਰੀ ਸੰਪਰਦਾਇ ਦੀ ਨੀਂਹ ਰੱਖੀ ਉਸੇ ਸਾਲ ਬਰਤਾਨਵੀ ਹਿੰਦੋਸਤਾਨ ਦੀ ਅੰਗਰੇਜ਼ੀ ਫ਼ੌਜ ਨੇ ਸਰਕਾਰ ਖ਼ਿਲਾਫ਼ ਵਿਦਰੋਹ ਕੀਤਾ। ਨਵੀਂ ਇਤਿਹਾਸਕ ਖੋਜ ਨੇ ਸਿੱਧ ਕਰ ਦਿੱਤਾ ਹੈ ਕਿ ਇਸ ਮੌਕੇ ਸਿੱਖ ਸੈਨਿਕ ਵੀ ਪਿੱਛੇ ਨਹੀਂ ਰਹੇ। ਸਿੱਖ ਰਾਜਿਆਂ ਨੇ ਜ਼ਰੂਰ ਅੰਗਰੇਜ਼ਾਂ ਦੀ ਓਸੇ ਤਰ੍ਹਾਂ ਮਦਦ ਕੀਤੀ ਜਿਸ ਤਰ੍ਹਾਂ ਉੱਤਰੀ ਭਾਰਤ ਦੇ ਹੋਰ ਹਿੰਦੂ ਰਾਜਿਆਂ ਤੇ ਮੁਸਲਮਾਨ ਨਵਾਬਾਂ ਨੇ ਕੀਤੀ ਸੀ। ਨੀਝਵਾਨ ਹਿੰਦੋਸਤਾਨੀਆਂ ਨੇ ਸਮਝ ਲਿਆ ਸੀ ਕਿ ਦੇਸ਼ ਨੂੰ ਵਿਦੇਸ਼ੀ ਗ਼ੁਲਾਮੀ ਤੋਂ ਛੁਟਕਾਰਾ ਉਨੀ ਦੇਰ ਸੰਭਵ ਨਹੀਂ ਜਿੰਨੀ ਦੇਰ ਪੰਜਾਬ ਅੱਗੇ ਆ ਕੇ ਸਿਰ ਨਹੀਂ ਡਾਹੁੰਦਾ। ਇਸ ਮਨੋਰਥ ਵਾਸਤੇ 1857 ਦੇ ਗ਼ਦਰ ਵਿਚ ਪੰਜਾਬੀਆਂ ਵੱਲੋਂ ਅੰਗਰੇਜ਼ਾਂ ਦੀ ਮਦਦ ਕਰਨ ਦੀ ਮਿੱਥ ਘੜੀ ਅਤੇ ਪ੍ਰਚਾਰੀ ਗਈ। ਭੋਲੇ ਪੰਜਾਬੀਆਂ ਨੇ ਇਸ ਨੂੰ ਸੱਚ ਮੰਨ ਕੇ ਇਸ ਦਾਗ਼ ਨੂੰ ਧੋਣ ਵਾਸਤੇ ਕੁਰਬਾਨੀਆਂ ਦੇਣ ਵਿਚ ਕੋਈ ਕਸਰ ਬਾਕੀ ਨਾ ਛੱਡੀ।
ਪੰਜਾਬ ਵਿਚ ਉਨ੍ਹੀਵੀਂ ਸਦੀ ਦੀ ਅੰਤਲੀ ਚੌਥਾਈ ਦੌਰਾਨ ਅੰਗਰੇਜ਼ ਹਕੂਮਤ ਨੂੰ ਕੁਝ ਸਾਹ ਲੈਣ ਦਾ ਮੌਕਾ ਮਿਲਿਆ ਪਰ ਇਹ ਸਾਗਰ ਵਿਚ ਤੂਫ਼ਾਨ ਆਉਣ ਤੋਂ ਪਹਿਲਾਂ ਵਾਲੀ ਸ਼ਾਂਤੀ ਸਿੱਧ ਹੋਈ। ਵੀਹਵੀਂ ਸਦੀ ਚੜ੍ਹਦਿਆਂ ਪੰਜਾਬੀ ਦੇਸ਼ਭਗਤਾਂ ਦਾ ਕੌਮੀ ਪੱਧਰ ਉੱਤੇ ਸਰਗਰਮ ਆਜ਼ਾਦੀ ਸੰਗਰਾਮੀਆਂ ਨਾਲ ਮੇਲ ਹੋਣਾ ਸ਼ੁਰੂ ਹੋਇਆ ਜਿਸ ਸਦਕਾ ਪਹਿਲੇ ਦਹਾਕੇ ਦੌਰਾਨ ਸ੍ਰੀ ਬਾਲ ਗੰਗਾਧਰ ਤਿਲਕ, ਦੂਜੇ ਦਹਾਕੇ ਦੌਰਾਨ ਸ੍ਰੀਮਤੀ ਏਨੀ ਬੇਸੈਂਟ ਅਤੇ ਉਸ ਦੇ ਤੁਰੰਤ ਪਿੱਛੋਂ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਨੇ ਪੰਜਾਬੀਆਂ ਨੂੰ ਟੁੰਬਿਆ। ਤਿਲਕ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸ. ਅਜੀਤ ਸਿੰਘ ਵੱਲੋਂ 1907 ਵਿਚ ਚਲਾਏ ਬਾਰ ਦੇ ਕਿਸਾਨ ਅੰਦੋਲਨ ਨੇ ਪੰਜਾਬੀਆਂ ਨੂੰ ਵੱਡੇ ਪੱਧਰ ਉੱਤੇ ਸਾਮਰਾਜੀ ਸਰਕਾਰ ਵਿਰੋਧੀ ਸਫ਼ਾਂ ਵਿਚ ਲਿਆ ਖੜ੍ਹਾਇਆ ਅਤੇ ਦੇਸ਼ ਵਾਸੀਆਂ ਨੂੰ ਸਮੂਹਿਕ ਬਲ ਰਾਹੀਂ ਸਰਕਾਰ ਨੂੰ ਝੁਕਾ ਸਕਣ ਦਾ ਵਿਸ਼ਵਾਸ ਦਿੱਤਾ। ਇਸ ਵਿਸ਼ਵਾਸ ਦੇ ਧਾਰਨੀ ਪੰਜਾਬੀਆਂ ਨੇ ਪਹਿਲਾ ਏਨੀ ਬੇਸੈਂਟ ਦੀ ਹੋਮ ਰੂਲ ਲੀਗ ਵਿਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਦੇ ਨੱਕ ਵਿਚ ਦਮ ਕੀਤਾ ਅਤੇ ਫਿਰ ਮਹਾਤਮਾ ਗਾਂਧੀ ਦੇ ਸੱਦੇ ਉੱਤੇ ਮਾਰਸ਼ਲ ਲਾਅ ਦਾ ਲਾਮਿਸਾਲ ਵਿਰੋਧ ਕੀਤਾ। ਡਾ. ਸਤਪਾਲ ਅਤੇ ਡਾ. ਸੈਫ਼ੂਦੀਨ ਕਿਚਲੂ ਦੀ ਅਗਵਾਈ ਵਿਚ (ਇਨ੍ਹਾਂ ਦੋਵਾਂ ਆਗੂਆਂ ਨੂੰ ਵਿਸਾਖੀ ਤੋਂ ਪਹਿਲਾਂ ਹੀ ਸ਼ਹਿਰ-ਬਦਰ ਕਰ ਦਿੱਤਾ ਗਿਆ ਸੀ) ਇਸ ਵਿਰੋਧ ਦੇ ਦਿਨੀਂ ਹੀ 13 ਅਪਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ਼ ਵਿਚ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓ’ਡਵਾਇਰ ਦੀ ਮਿਲੀਭੁਗਤ ਨਾਲ ਜਨਰਲ ਡਾਇਰ ਨੇ ਕਈ ਸੈਂਕੜੇ ਸ਼ਾਂਤਮਈ ਨਿਹੱਥੇ ਵਿਅਕਤੀਆਂ ਨੂੰ ਗੋਲੀਆਂ ਨਾਲ ਭੁੰਨਣ ਦੀ ਕਰੂਰ ਕਾਰਵਾਈ ਕੀਤੀ। ਪੰਜਾਬੀਆਂ ਦੇ ਇਸ ਮੌਕੇ ਡੁੱਲ੍ਹੇ ਖ਼ੂਨ ਨੇ ਸਮੁੱਚੇੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ। ਫਿਰ ਭਾਵੇਂ ਗਾਂਧੀ ਜੀ ਦੀ 1921 ਵਾਲੀ ਨਾ-ਮਿਲਵਰਤਣ ਲਹਿਰ ਸੀ, ਭਾਵੇਂ 1931 ਦੀ ਸਿਵਲ ਨਾ-ਫਰਮਾਨੀ ਲਹਿਰ, ਭਾਵੇਂ 1942 ਦਾ ‘ਭਾਰਤ ਛੱਡੋ ਅੰਦੋਲਨ’, ਹਰ ਮੌਕੇ ਪੰਜਾਬੀ, ਦੇਸ਼ਵਾਸੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ।
ਪੰਜਾਬੀਆਂ ਨੇ ਕੌਮੀ ਪੱਧਰ ਉੱਤੇ ਕਾਂਗਰਸ ਪਾਰਟੀ ਦੇ ਝੰਡੇ ਹੇਠ ਲੜੀ ਜਾ ਰਹੀ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਰਗਰਮ ਭੂਮਿਕਾ ਨਿਭਾਉਣ ਦੇ ਨਾਲ ਨਾਲ ਸੂਬਾਈ ਪੱਧਰ ਉੱਤੇ ਵੀ ਅੰਗਰੇਜ਼ ਸਰਕਾਰ ਨੂੰ ਪੱਬਾਂ ਭਾਰ ਕਰੀ ਰੱਖਿਆ। ਸਿੱਖ ਲੀਗ ਦੀ ਸਰਗਰਮੀ ਭਾਵੇਂ ਥੋੜ੍ਹਚਿਰੀ ਰਹੀ ਪਰ ਮਾਸਟਰ ਮੋਤਾ ਸਿੰਘ, ਸ. ਸਰਦੂਲ ਸਿੰਘ ਕਵੀਸ਼ਰ ਆਦਿ ਵਰਗੇ ਸਿਰੜੀ ਸੁਤੰਤਰਤਾ ਸੰਗਰਾਮੀਆਂ ਨੇ ਸਿੱਖ ਲੀਗ ਰਾਹੀਂ ਸੁਤੰਤਰਤਾ ਸੰਗਰਾਮ ਵਿਚ ਪੈਰ ਧਰਿਆ। ਅੰਗਰੇਜ਼ੀ ਕਾਨੂੰਨਾਂ ਦਾ ਸਹਾਰਾ ਲੈ ਕੇ ਸਿੱਖ ਧਰਮ ਅਸਥਾਨਾਂ ਉੱਤੇ ਸੱਪ ਕੁੰਡਲੀ ਮਾਰ ਕੇ ਬੈਠੇ ਮਹੰਤ ਅਤੇ ਪੁਜਾਰੀ ਗੁਰਦੁਆਰਿਆਂ ਦੀ ਆਮਦਨ ਨੂੰ ਸਿੱਖ ਧਰਮ ਦੇ ਪ੍ਰਚਾਰ ਪਸਾਰ ਦੀ ਥਾਂ ਨਿੱਜੀ ਸੁਖ-ਸਹੂਲਤਾਂ ਦੀ ਪ੍ਰਾਪਤੀ ਲਈ ਵਰਤ ਰਹੇ ਸਨ। ਇਹ ਪ੍ਰਬੰਧ ਨਿੱਜੀ ਖ਼ੁਦਗਰਜ਼ ਹੱਥਾਂ ਵਿਚੋਂ ਕੱਢ ਕੇ ਸਿੱਖ ਜਗਤ ਦੇ ਪ੍ਰਤੀਨਿਧਾਂ ਦੇ ਹੱਥਾਂ ਵਿਚ ਲਿਆਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਸੰਘਰਸ਼ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਆਪਣੀ ਮਿਸਾਲ ਆਪ ਹੈ। 22 ਅਗਸਤ ਤੋਂ 18 ਨਵੰਬਰ 1922 ਤੱਕ ਚੱਲੇ ਗੁਰੂ ਕਾ ਬਾਗ਼ ਦੇ ਮੋਰਚੇ ਦੌਰਾਨ ਉਹ ਕਿਹੜਾ ਜ਼ੁਲਮ ਸੀ ਜੋ ਅੰਗਰੇਜ਼ ਸਰਕਾਰ ਨੇ ਸ਼ਾਂਤਮਈ ਅਕਾਲੀ ਸੱਤਿਆਗ੍ਰਹੀਆਂ ਉੱਤੇ ਨਹੀਂ ਢਾਹਿਆ। ਸਿੱਖ ਕੌਮ ਦੇ ਪਿਛਲੇ ਇਤਿਹਾਸ ਨੂੰ ਵਾਚ ਕੇ ਸਿੱਖ ਕੌਮ ਨੂੰ ‘ਸੁੱਕਾ ਬਾਰੂਦ’ ਕਹਿਣ ਵਾਲੇ ਲੋਕ ਸਰੀਰ ਉੱਤੇ ਥਾਂ-ਕੁਥਾਂ ਡਾਂਗਾਂ ਦੀ ਸਿੱਧੀ ਵਿੰਙੀ ਮਾਰ ਕਰ ਕੇ ਬੇਸੁੱਧ ਪਏ ਅਕਾਲੀਆਂ ਉੱਤੇ ਘੋੜੇ ਚੜ੍ਹਾਉਣ, ਸ਼ਿਕਾਰੀ ਕੁੱਤੇ ਛੱਡਣ, ਵਾਲਾਂ ਤੋਂ ਫੜ ਕੇ ਘੜੀਸਦਿਆਂ ਪਾਣੀ ਨਾਲ ਭਰੇ ਖਤਾਨਾਂ ਵਿਚ ਸੁੱਟਣ ਦੇ ਹੈਵਾਨੀ ਕਾਰਿਆਂ ਦੇ ਪ੍ਰਤੀਕਰਮ ਵਜੋਂ ਅਕਾਲੀਆਂ ਵੱਲੋਂ ਉਂਗਲ ਤੱਕ ਨਾ ਉਠਾਉਣ ਨੂੰ ਵੇਖ ਕੇ ਮੂੰਹ ਵਿਚ ਉਂਗਲਾਂ ਪਾਉਣ ਲਈ ਮਜਬੂਰ ਹੋ ਗਏ। 1925 ਵਿਚ ਗੁਰਦੁਆਰਾ ਐਕਟ ਬਣ ਜਾਣ ਦੇ ਫਲਸਰੂਪ ਅਕਾਲੀ ਦਲ ਦਾ ਵਧੇਰੇ ਧਿਆਨ ਗੁਰਦੁਆਰਾ ਪ੍ਰਬੰਧ ਦੇ ਸੁਧਾਰ ਵੱਲ ਹੋ ਗਿਆ ਅਤੇ ਸਿਆਸੀ ਮਾਮਲਿਆਂ ਵਿਚ ਰੁਚੀ ਘਟ ਗਈ।
ਅਸਲ ਵਿਚ ਅਕਾਲੀ ਲਹਿਰ ਦਾ ਇਹ ਲੜਾਕੂ ਲੱਛਣ ਉਨ੍ਹਾਂ ਦੇਸ਼ਭਗਤਾਂ ਦੀ ਦੇਣ ਸੀ ਜੋ ਗ਼ਦਰ ਪਾਰਟੀ ਵੱਲੋਂ 1914 ਵਿਚ ਦੇਸ਼ ਦੀ ਆਜ਼ਾਦੀ ਵਾਸਤੇ ਕੀਤੀ ਹਥਿਆਰਬੰਦ ਬਗ਼ਾਵਤ ਦੀ ਅਸਫ਼ਲਤਾ ਪਿੱਛੋਂ ਅਕਾਲੀ ਲਹਿਰ ਨੂੰ ਢੁੱਕਵਾਂ ਮੰਚ ਮੰਨ ਕੇ ਇਸ ਵਿਚ ਸ਼ਾਮਲ ਹੋਏ ਸਨ। ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਸਰਗਰਮੀ ਘਟੀ ਤਾਂ ਧਰਮ ਨਿਰਪੇਖਤਾ ਦੇ ਧਾਰਨੀ ਬਾਬਾ ਖੜਕ ਸਿੰਘ, ਗਿਆਨੀ ਗੁਰਮੁਖ ਸਿੰਘ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਗਿਆਨੀ ਜ਼ੈਲ ਸਿੰਘ ਆਦਿ ਕਾਂਗਰਸ ਨਾਲ ਜੁੜ ਗਏ ਅਤੇ ਦੂਜੇ ਪਾਸੇ ਇਸ ਤੋਂ ਵੀ ਅੱਗੇ ਵਧ ਕੇ ਸਮਾਜਵਾਦੀ ਵਿਚਾਰਧਾਰਾ ਨੂੰ ਪ੍ਰਣਾਏ ਦੇਸ਼ਭਗਤਾਂ ਗਿਆਨੀ ਹੀਰਾ ਸਿੰਘ ‘ਦਰਦ’, ਸੋਹਣ ਸਿੰਘ ‘ਜੋਸ਼’, ਸਰਦਾਰਾ ਸਿੰਘ ‘ਯੂਪਥ’ ਆਦਿ ਨੇ ਭਾਈ ਸੰਤੋਖ ਸਿੰਘ ਨਾਲ ਰਲ ਕੇ ਕਿਰਤੀ-ਕਿਸਾਨਾਂ ਨੂੰ ਜਥੇਬੰਦ ਕਰਨ ਦਾ ਨਵਾਂ ਸਿਆਸੀ ਮੰਚ ਬਣਾ ਲਿਆ ਜਿਸ ਦਾ ਪਿੱਛੋਂ ਕਮਿਊਨਿਸਟ ਪਾਰਟੀ ਨਾਲ ਰਲੇਵਾਂ ਹੋਇਆ। 1947 ਵਿਚ ਦੇਸ਼ ਨੂੰ ਆਜ਼ਾਦੀ ਮਿਲਣ ਤੱਕ ਇਸ ਜਥੇਬੰਦੀ ਨੇ ਸਾਮਰਾਜੀ ਅੰਗਰੇਜ਼ ਸਰਕਾਰ ਵੱਲੋਂ ਉਭਾਰੀ ਧਰਮ ਆਧਾਰਿਤ ਸਿਆਸਤ ਦਾ ਵਿਰੋਧ ਕਰਦਿਆਂ ਆਰਥਿਕ ਮੁੱਦਿਆਂ ਨੂੰ ਆਧਾਰ ਬਣਾ ਕੇ ਸੰਘਰਸ਼ ਕੀਤਾ। ਸ. ਭਗਤ ਸਿੰਘ ਦੀ ਅਗਵਾਈ ਵਿਚ ਸਰਗਰਮ ਨੌਜਵਾਨ ਭਾਰਤ ਸਭਾ ਅਤੇ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਵੀ ਇਸੇ ਸੋਚ ਨੂੰ ਪ੍ਰਣਾਈਆਂ ਜਥੇਬੰਦੀਆਂ ਸਨ।
ਬਰਤਾਨਵੀ ਹਿੰਦੋਸਤਾਨ ਸਰਕਾਰ ਦੀ ਫ਼ੌਜ ਵਿਚ ਸੇਵਾ ਕਰਨ ਵਾਲੇ ਪੰਜਾਬੀ ਫ਼ੌਜੀਆਂ ਦਾ ਆਜ਼ਾਦੀ ਸੰਗਰਾਮ ਵਿਚ ਯੋਗਦਾਨ ਵੀ ਘੱਟ ਨਹੀਂ। ਦੇਸ਼ ਦੀ ਆਜ਼ਾਦੀ ਲਈ ਲੜੀ ਜਾ ਰਹੀ ਲੜਾਈ ਵਿਚ ਸੈਨਿਕਾਂ ਦੀ ਸ਼ਮੂਲੀਅਤ ਨੂੰ ਲਾਜ਼ਮੀ ਸਮਝਦਿਆਂ ਉਨ੍ਹਾਂ ਦਾ ਸਹਿਯੋਗ ਲੈਣ ਦੇ ਯਤਨਾਂ ਦੀ ਸ਼ੁਰੂਆਤ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਸ. ਅਜੀਤ ਸਿੰਘ ਨੇ ਕੀਤੀ ਪਰ ਦੇਸ਼ ਤੋਂ ਬਾਹਰ ਚਲੇ ਜਾਣ ਕਾਰਨ ਉਨ੍ਹਾਂ ਦੇ ਯਤਨ ਕੰਢੇ ਨਾ ਲੱਗੇ। ਅਗਲੇ ਦਹਾਕੇ ਦੌਰਾਨ ਗ਼ਦਰ ਪਾਰਟੀ ਨੇ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਦੀ ਯੋਜਨਾ ਵਿਚ ਫ਼ੌਜੀਆਂ ਨਾਲ ਨਾਤਾ ਜੋੜਿਆ। ਗ਼ਦਰੀ ਆਗੂਆਂ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ ਆਦਿ ਨੇ ਮੇਰਠ, ਆਗਰਾ, ਬਨਾਰਸ, ਫੈਜ਼ਾਬਾਦ, ਅਲਾਹਾਬਾਦ ਆਦਿ ਕਈ ਛਾਉਣੀਆਂ ਵਿਚ ਫ਼ੌਜੀਆਂ ਨਾਲ ਸੰਪਰਕ ਬਣਾਇਆ ਜਿਨ੍ਹਾਂ ਵਿਚੋਂ ਲਾਹੌਰ ਛਾਉਣੀ ਦੇ 23ਵੀਂ ਰਸਾਲੇ ਅਤੇ 26ਵੀਂ ਪੰਜਾਬੀ ਨੇ ਉਨ੍ਹਾਂ ਦਾ ਡਟਵਾਂ ਸਾਥ ਦਿੱਤਾ। ਦੂਜੀ ਆਲਮੀ ਜੰਗ ਸਮੇਂ ਕਿਰਤੀ ਆਗੂਆਂ ਦੇ ਸੰਪਰਕ ਵਿਚ ਆਏ ‘ਸੈਂਟਰਲ ਇੰਡੀਆ ਹਾਰਸ’ ਅਤੇ ਆਰ.ਆਈ.ਏ.ਐੱਸ. ਕੰਪਨੀ ਦੀ ਬਗ਼ਾਵਤ, ਜੋ ਅਜੇ ਅਣਗੌਲੀ ਹੈ, ਸੁਤੰਤਰਤਾ ਸੰਗਰਾਮ ਦਾ ਮਹੱਤਵਪੂਰਨ ਹਿੱਸਾ ਹੈ। ਸੇਵਾ ਕਰ ਰਹੇ ਫ਼ੌਜੀਆਂ ਦੇ ਨਾਲ ਨਾਲ ਸੇਵਾਮੁਕਤ ਫ਼ੌਜੀ ਵੀ ਆਜ਼ਾਦੀ ਦੇ ਘੋਲ ਵਿਚ ਪਿੱਛੇ ਨਹੀਂ ਰਹੇ। ਬੱਬਰ ਅਕਾਲੀ ਲਹਿਰ ਦੇ ਆਗੂਆਂ ਵਿਚ ਇਹ ਮੋਹਰੀ ਸਨ। ਅਕਾਲੀ ਲਹਿਰ ਦੌਰਾਨ ਗੁਰੂ ਕਾ ਬਾਗ਼ ਦੇ ਮੋਰਚੇ ਦੌਰਾਨ ਨਿਰੋਲ ਸਾਬਕਾ ਫ਼ੌਜੀਆਂ ਦੇ ਦੋ ਜਥਿਆਂ ਨੇ ਗ੍ਰਿਫ਼ਤਾਰੀ ਦਿੱਤੀ, ਜੈਤੋ ਦੇ ਮੋਰਚੇ ਵਿਚ ਭਾਗ ਲੈਣ ਵਾਲੇ ਸਾਬਕਾ ਫ਼ੌਜੀਆਂ ਦੀ ਗਿਣਤੀ ਵੀ ਨਿਗੂਣੀ ਨਹੀਂ ਸੀ।
ਦੇਸ਼ ਵਿਚ ਹੀ ਨਹੀਂ, ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਵੀ ਆਜ਼ਾਦੀ ਸੰਗਰਾਮ ਵਿਚ ਮੋਹਰੀ ਹੋ ਕੇ ਹਿੱਸਾ ਪਾਇਆ। ਇਨ੍ਹਾਂ ਨੇ ਪਹਿਲੀ ਆਲਮੀ ਜੰਗ ਸਮੇਂ ਗ਼ਦਰ ਲਹਿਰ ਦੇ ਸੱਦੇ ਉੱਤੇ ਅਮਰੀਕਾ, ਕੈਨੇਡਾ ਅਤੇ ਹੋਰ ਪੂਰਬੀ ਟਾਪੂਆਂ ਤੋਂ ਦੇਸ਼ ਪਰਤ ਕੇ ਬਰਤਾਨਵੀ ਸਾਮਰਾਜ ਨਾਲ ਆਢਾ ਲਿਆ ਜੋ ਕਿਸੇ ਤੋਂ ਗੁੱਝਾ ਨਹੀਂ। ਪੰਜਾਬ ਸਰਕਾਰ ਵੱਲੋਂ ਗ਼ਦਰੀ ਬਗ਼ਾਵਤ ਨਾਲ ਸੰਬੰਧਿਤ ਵਿਭਿੰਨ ਮੁਕੱਦਮਿਆਂ ਵਿਚ 36 ਗ਼ਦਰੀਆਂ ਨੂੰ ਫਾਂਸੀ ਅਤੇ 70 ਨੂੰ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਸੁਣਾਏ ਜਾਣ ਤੋਂ ਗ਼ਦਰ ਲਹਿਰ ਦੀ ਵਿਸ਼ਾਲਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇੰਗਲੈਂਡ ਵਿਚ 1909 ਵਿਚ ਅੰਗਰੇਜ਼ ਸੈਨਿਕ ਅਫ਼ਸਰ ਕਰਜ਼ਨ ਵੈਲੀ ਨੂੰ ਅਤੇ ਜਲ੍ਹਿਆਂਵਾਲਾ ਬਾਗ਼ ਦਾ ਹੱਤਿਆ ਕਾਂਡ ਵਾਪਰਨ ਦੇ ਦਿਨੀਂ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਓ’ਡਵਾਇਰ ਨੂੰ 1940 ਵਿਚ ਜਮਪੁਰੀ ਪਹੁੰਚਾਉਣ ਵਾਲੇ ਕ੍ਰਮਵਾਰ ਮਦਨ ਲਾਲ ਢੀਂਗਰਾ ਅਤੇ ਊਧਮ ਸਿੰਘ ਦੋਵੇਂ ਪੰਜਾਬੀ ਸਨ। ਸਾਮਰਾਜੀ ਸਰਕਾਰ ਦੀ ਗ਼ੁਲਾਮੀ ਦਾ ਜੂਲਾ ਲਾਹੁਣ ਵਾਸਤੇ ਸਿਆਸੀ ਦਾਅ-ਪੇਚਾਂ ਦੀ ਸਿਖਲਾਈ ਲੈਣ ਵਾਸਤੇ ਪੰਜਾਬ ਤੋਂ ਛੁੱਟ ਅਮਰੀਕਾ, ਕੈਨੇਡਾ, ਅਰਜਨਟਾਈਨਾ ਆਦਿ ਤੋਂ ਲਗਭਗ ਇਕ ਸੌ ਪੰਜਾਬੀ, ਆਪਣੇ ਘਰ-ਘਾਟ ਅਤੇ ਜ਼ਮੀਨ ਜਾਇਦਾਦ ਦਾ ਮੋਹ ਤਿਆਗ ਕੇ ਮਾਸਕੋ ਗਏ। ਅੰਗਰੇਜ਼ ਸਰਕਾਰ ਦੀ ਜੇਲ੍ਹ ਵਿਚ ਰੁਲ-ਖੁਲ ਕੇ ਮਰਨ ਦੀ ਥਾਂ ਵਿਦੇਸ਼ ਵਿਚ ਰਹਿ ਕੇ ਸਾਮਰਾਜੀ ਸਰਕਾਰ ਵਿਰੁੱਧ ਲੋਕ ਰਾਇ ਲਾਮਬੰਦ ਕਰਨ ਵਾਲੇ ਲਾਲਾ ਹਰਦਿਆਲ, ਸ. ਅਜੀਤ ਸਿੰਘ ਅਤੇ ਭਾਈ ਭਗਵਾਨ ਸਿੰਘ ‘ਪ੍ਰੀਤਮ’ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ? ਸੁਖ ਦੀ ਗੱਲ ਇਹ ਰਹੀ ਕਿ ਸ. ਅਜੀਤ ਸਿੰਘ ਨੂੰ ਜੀਵਨ ਦਾ ਆਖ਼ਰੀ ਕੁਝ ਸਮਾਂ ਭਾਰਤ ਵਿਚ ਗੁਜ਼ਾਰਨ ਦਾ ਮੌਕਾ ਮਿਲ ਗਿਆ ਪਰ ਭਾਈ ਭਗਵਾਨ ਸਿੰਘ ‘ਪ੍ਰੀਤਮ’ ਨੂੰ ਅਜਿਹਾ ਸੁਭਾਗ ਆਜ਼ਾਦੀ ਮਿਲਣ ਤੋਂ ਇਕ ਦਹਾਕਾ ਬਾਅਦ ਹੀ ਪ੍ਰਾਪਤ ਹੋਇਆ।
ਭਾਰਤ ਨੂੰ ਆਜ਼ਾਦੀ ਮਿਲਣ ਦੀ 75ਵੀਂ ਵਰ੍ਹੇਗੰਢ ਨੂੰ ‘ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ’ ਦੇ ਰੂਪ ਵਿਚ ਮਨਾਉਂਦਿਆਂ ਆਜ਼ਾਦੀ ਪ੍ਰਾਪਤੀ ਲਈ ਕੁਰਬਾਨੀ ਕਰਨ ਵਾਲੇ ਸਭਨਾਂ ਸੂਰਬੀਰਾਂ ਨੂੰ ਪ੍ਰਨਾਮ।
ਸੰਪਰਕ: 94170-49417