ਡਾ. ਸ਼ਿਆਮ ਸੁੰਦਰ ਦੀਪਤੀ
ਹਰ ਰੋਜ਼ ਤਕਰੀਬਨ ਚਾਰ ਲੱਖ ਨਵੇਂ ਕੇਸ ਅਤੇ ਚਾਰ ਹਜ਼ਾਰ ਦੇ ਕਰੀਬ ਮੌਤਾਂ, ਜੋ ਸਾਨੁੰ ਸਰਕਾਰ ਵੱਲੋਂ ਕਰੋਨਾ ਬੁਲੇਟਿਨ ਵਿੱਚ ਦੱਸੀਆਂ ਜਾ ਰਹੀਆਂ ਹਨ। ਇਸ ਮੁਤਾਬਕ ਮੌਤ ਦਰ ਇੱਕ ਫ਼ੀਸਦੀ ਹੈ। ਜਿਸ ਘਰ ਦੇ ਬੰਦੇ ਦੀ ਮੌਤ ਹੁੰਦੀ ਹੈ, ਉਸ ਲਈ ਇਹ ਅੰਕੜੇ ਮਾਇਨੇ ਨਹੀਂ ਰੱਖਦੇ, ਭਾਵੇਂ ਕਿ ਮੈਡੀਕਲ ਵਿਗਿਆਨ ਦੇ ਪੱਖ ਤੋਂ ਇਹ ਕੋਈ ਵੱਡੀ ਗਿਣਤੀ ਨਹੀਂ ਹੈ, ਜਦੋਂ ਕਿ ਸਾਡੇ ਕੋਲ ਹੋਰ ਕਈ ਬਿਮਾਰੀਆਂ ਬਾਰੇ ਵੀ ਮੌਤਾਂ ਦੀ ਤਸਵੀਰ ਪਈ ਹੈ ਤੇ ਇਨ੍ਹਾਂ ਦੀ ਤੁਲਨਾ ਕਰਕੇ ਸਮਝਣਾ, ਵਿਗਿਆਨਕ ਸੂਝ ਦਾ ਹਿੱਸਾ ਹੈ। ਇਸ ਦਾ ਇੱਕ ਪੱਖ ਹੋਰ ਵੀ ਹੈ ਕਿ ਜਦੋਂ ਮੀਡੀਆ ਦੇਸ਼ ਭਰ ਦੇ ਅਨੇਕਾਂ ਸਿਵਿਆਂ ਵਿੱਚ ਸੜ ਰਹੀਆਂ ਲਾਸ਼ਾਂ, ਲਾਈਨ ਲਗਾ ਕੇ ਉਡੀਕ ਕਰਦੀਆਂ ਲਾਸ਼ਾਂ ਜਾਂ ਟੋਕਣ ਲੈ ਰਹੇ ਲੋਕ, ਦਿਖਾਏ-ਦਰਸਾਏ ਜਾਂਦੇ ਹਨ ਤਾਂ ਇੱਕ ਸਵਾਲ ਤਾਂ ਪੈਦਾ ਹੁੰਦਾ ਹੈ ਕਿ ਪੂਰੇ ਦੇਸ਼ ਵਿੱਚ ਚਾਰ ਕੁ ਹਜ਼ਾਰ ਮ੍ਰਿਤਕ ਦੇਹਾਂ ਨੂੰ ਅਗਨੀ ਦੇ ਹਵਾਲੇ ਕਰਨ ਵਿੱਚ ਕਿੰਨੀ-ਕੁ ਦਿੱਕਤ ਹੈ, ਜਦੋਂ ਕਿ ਆਮ ਮੌਤ ਦਰ ਦੇ ਮੁਤਾਬਕ, ਹਰ ਰੋਜ਼ ਤਕਰੀਬਨ 26-27 ਹਜ਼ਾਰ ਲੋਕ ਹਰ ਰੋਜ਼ ਹੀ ਮਰਦੇ ਹਨ। ਕੀ ਸਰਕਾਰ ਘੱਟ ਮੌਤਾਂ ਦੱਸ ਰਹੀ ਹੈ? ਜਾਂ ਮੀਡੀਆ ਵੱਧ ਤੋਂ ਵੱਧ ਉਨ੍ਹਾਂ ਥਾਵਾਂ ’ਤੇ ਪਹੁੰਚ ਕੇ ਸਨਸਨੀ ਫੈਲਾਉਣਾ ਚਾਹੁੰਦਾ ਹੈ ਤੇ ਡਰ ਬਣਾ ਕੇ ਰੱਖਣ ਦਾ ਕਾਰਜ ਕਰ ਰਿਹਾ ਹੈ।
ਮੈਡੀਕਲ ਦੇ ਮਾਹਿਰ ਵੀ ਦੂਸਰੀ ਲਹਿਰ ਦੀ ਤਿਆਰੀ ਨਾ ਹੋਣ ਦੀ ਸੂਰਤ ਵਿੱਚ, ਇਸ ਤਸਵੀਰ ਦੀ ਗੱਲ ਕਰ ਰਹੇ ਹਨ ਤੇ ਇਸ ਫੈਲਾਅ ਨੂੰ ਪਿੰਡਾਂ ਤੱਕ ਪਹੁੰਚਣ ਦੀ ਚਿਤਾਵਨੀ ਵੀ ਦੇ ਰਹੇ ਹਨ। ਇਸ ਅਚਾਨਕ ਆਈ ਤੇਜ਼ੀ ਵਿੱਚ, ਦੇਸ਼ ਅੰਦਰ ਫਰਵਰੀ-ਮਾਰਚ ਵਿੱਚ ਹੋਈਆਂ ਦੋ ਤਿੰਨ ਅਹਿਮ ਘਟਨਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਬੰਗਾਲ ਦੀਆਂ ਚੋਣਾਂ ਅਤੇ ਕੁੰਭ। ਇੱਕ ਪਾਸੇ ਸਰਕਾਰ ਨੇ ਤਿਆਰੀ ਨਹੀਂ ਕੀਤੀ, ਦੂਸਰੇ ਪਾਸੇ ਪੂਰੀ ਖੁੱਲ੍ਹ ਦਿੱਤੀ ਗਈ, ਜੇ ਕਹੀਏ ਤਾਂ ਖ਼ੁਦ ਉਸ ਦਾ ਹਿੱਸਾ ਬਣਿਆ ਗਿਆ। ਕਰੋਨਾ ਦੇ ਫੈਲਾਅ, ਪਾਜ਼ੇਟਿਵ ਕੇਸਾਂ, ਬਿਮਾਰੀ, ਮੌਤ ਦੇ ਦ੍ਰਿਸ਼ ਨੂੰ ਡੇਢ ਸਾਲ ਹੋਣ ਜਾ ਰਿਹਾ ਹੈ ਤੇ ਕੋਈ ਵੀ ਦਿਨ ਅਜਿਹਾ ਨਹੀਂ ਹੋਣਾ ਕਿ ਮੀਡੀਆ, ਰਾਜਨੇਤਾ, ਮੈਡੀਕਲ ਅਮਲੇ ਨੇ ਇਸ ਹਾਲਤ ਨੂੰ ਵਿਸਾਰਿਆ ਹੋਵੇ ਪਰ ਸਥਿਤੀ ਸਪੱਸ਼ਟ ਹੋਣ ਦੀ ਬਜਾਏ ਗੁੰਝਲਦਾਰ ਹੋਈ ਹੈ ਤੇ ਭੰਬਲਭੂਸਾ ਵਧਿਆ ਹੈ। ਨਤੀਜੇ ਵਜੋਂ ਅਸੀਂ ਕਰੋਨਾ ਨੂੰ ਲੈ ਕੇ ਹਾਲਾਤ ਨੂੰ ਬਦ ਤੋਂ ਬਦਤਰ ਹੁੰਦੇ ਦੇਖ ਰਹੇ ਹਾਂ।
ਇੱਕ ਹੋਰ ਗੱਲ ਅਹਿਮ ਹੈ ਕਿ ਪਿਛਲੇ ਸਾਲ ਦੇ ਲੌਕਡਾਊਨ, ਮਜ਼ਦੂਰਾਂ ਦਾ ਪੈਦਲ ਹੀ ਆਪਣੇ ਘਰਾਂ ਨੂੰ ਪਰਤਣਾ, ਤਾਲੀ-ਥਾਲੀ, ਨੌ ਦਾ ਚੱਕਰ ਤੇ ਫੇਰ ਕਿਸਾਨਾਂ ਦਾ ਟੌਲਾਂ ’ਤੇ ਧਰਨਾ ਦੇਣਾ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਬਾਰਡਰ ’ਤੇ ਧਰਨਾ ਦੇਣਾ। ਉਨ੍ਹਾਂ ਨੂੰ ਕਰੋਨਾ ਮੌਜੂਦਾ ਸਰਕਾਰ ਦੀ ਚਾਲ ਵੱਧ ਲੱਗਿਆ ਹੈ ਤੇ ਉਨ੍ਹਾਂ ਨੇ ਇਸ ਨੂੰ ਕਦੇ ਵੀ ਸੰਜੀਦਗੀ ਨਾਲ ਨਹੀਂ ਲਿਆ। ਗੱਲ ਜਚਦੀ ਵੀ ਹੈ ਕਿ ਕਰੋਨਾ ਦੀ ਆੜ ਵਿੱਚ ਮਜ਼ਦੂਰਾਂ ਦੇ ਬਿੱਲ ਵਿੱਚ ਸੋਧਾਂ, ਖੇਤੀ ਕਾਨੂੰਨ, ਸਿੱਖਿਆ ਨੀਤੀ ਆਦਿ ਕਈ ਕਾਰਨਾਮੇ ਹੋਏ ਹਨ।
ਇਸ ਦੇ ਉਲਟ ਇੱਕ ਹੋਰ ਵਰਗ ਹੈ ਜੋ ਏਨਾ ਡਰਿਆ ਹੋਇਆ ਹੈ ਕਿ ਘਰ ਵਿੱਚ ਹੀ ਬੰਦ ਹੋ ਗਿਆ ਹੈ। ਅਨੇਕਾਂ ਹੀ ਅਜਿਹੇ ਲੋਕ ਹਨ, ਜੋ ਤਕਰੀਬਨ ਡੇਢ ਸਾਲ ਤੋਂ, ਜਦੋਂ ਤੋਂ ਕਿਹਾ ਗਿਆ ਹੈ, ‘ਘਰੇ ਰਹੋ ਸੁਰੱਖਿਅਤ ਰਹੋ’ ਘਰ ਤੋਂ ਬਾਹਰ ਨਹੀਂ ਨਿਕਲੇ ਹਨ। ਇਸ ਪਿੱਛੇ ਮੀਡੀਆ ਦੀ ਭੂਮਿਕਾ ਵੀ ਹੈ ਤੇ ਪੁਲੀਸ ਦਾ ਕਿਰਦਾਰ ਵੀ। ਇਸ ਡਰ ਦੀ ਹਾਲਤ ਨੇ ਸਮਾਜ ਵਿੱਚ ਕਈ ਨਵੇਂ ਰੂਪ ਸਾਹਮਣੇ ਲਿਆਂਦੇ ਹਨ, ਜਿਵੇਂ ਆਪਣੇ ਰਿਸ਼ਤੇਦਾਰਾਂ ਤੋਂ ਦੂਰੀ ਬਣਾਉਣਾ, ਕਰੋਨਾ ਹੋਣ ’ਤੇ ਟੈਲੀਫੋਨ ’ਤੇ ਵੀ ਗੱਲ ਨਾ ਕਰਨੀ, ਆਪਣੀ ਮਾਂ ਦੀ ਮ੍ਰਿਤਕ ਦੇਹ ਨੂੰ ਲੈਣ ਤੋਂ ਇਨਕਾਰ ਕਰਨਾ। ਪਿਛਲੇ ਸਾਲ ਤਾਂ ਇਹ ਬਹੁਤ ਜ਼ਿਆਦਾ ਸੀ ਪਰ ਘੱਟ ਅਜੇ ਵੀ ਨਹੀਂ ਹੋਇਆ ਹੈ, ਜਦੋਂ ਮੀਡੀਆ ਅਮਾਨਵੀਂ ਤਸਵੀਰਾਂ ’ਤੇ ਜ਼ਿਆਦਾ ਕੈਮਰਾ ਫੋਕਸ ਕਰ ਰਿਹਾ ਹੈ। ਦੂਸਰੇ ਪਾਸੇ ਸਰਕਾਰ ਦੇ ਨਾਈਟ ਕਰਫ਼ਿਊ, ਕਾਰ ਵਿੱਚ ਦੋ ਸਵਾਰੀਆਂ, ਸੜਕਾਂ ਦੇ ਬੈਰੀਕੇਟਸ ਵੀ ਡਰਾਉਂਦੇ ਹਨ। ਇਹ ਗੱਲ ਜ਼ਰੂਰ ਠੀਕ ਹੈ ਕਿ ਕਿਸੇ ਵੀ ਸਾਹ ਦੀ ਬਿਮਾਰੀ ਲਈ, ਭੀੜ-ਭੜੱਕੇ ਵਿੱਚ ਇਹ ਜ਼ਰੂਰ ਫੈਲਦੀ ਹੈ ਪਰ ਹਵਾ ਨਾਲ ਫੈਲਦੀ ਹੋਵੇ, ਇਹ ਅਜੇ ਤੱਕ ਪੂਰੀ ਤਰ੍ਹਾਂ ਸਾਬਿਤ ਨਹੀਂ ਹੋਇਆ ਹੈ।
ਜਦੋਂ ਕਰੋਨਾ ਬਿਮਾਰੀ ਦੇ ਸਰੀਰਿਕ ਪੱਖ ਦੀ, ਕਰੋਨਾਵਾਇਰਸ ਦੇ ਰੂਪ ਸਰੂਪ ਦੀ ਗੱਲ ਹੁੰਦੀ ਹੈ ਤਾਂ ਖਾਂਸੀ, ਖਰਾਸ਼, ਸਾਹ ਚੜ੍ਹਣਾ, ਨਿਮੋਨੀਆਂ ਬਾਰੇ ਸਾਰੇ ਹੀ ਜਾਣੂ ਹਨ। ਨਿਮੋਨੀਆਂ ਨਾਲ ਜਦੋਂ ਫੇਫੜੇ ਨਕਾਰਾ ਹੋ ਜਾਂਦੇ ਹਨ ਤਾਂ ਮੌਤ ਦੀ ਸੰਭਾਵਨਾ ਵੀ ਕੋਈ ਨਵੀਂ ਹੈ। ਹੁਣ ਅਸੀਂ ਮਾਸਕ ਅਤੇ ਸਮਾਜਿਕ ਦੂਰੀ ਦੀ ਗੱਲ ਕਰਦੇ ਹਾਂ, ਪਰ ਇਹ ਵੀ ਸਾਡੇ ਵਿਵਹਾਰ ਦਾ ਹਿੱਸਾ ਹੈ ਕਿ ਜਦੋਂ ਵੀ ਕਿਸੇ ਨੂੰ ਵਾਇਰਲ ਬੁਖ਼ਾਰ, ਨਜ਼ਲਾ-ਜ਼ੁਕਾਮ ਹੁੰਦਾ ਰਿਹਾ ਹੈ ਤਾਂ ਅਸੀਂ ਹੱਥ ਮਿਲਾਉਣ ਤੇ ਗਲਵੱਕੜੀ ਪਾਉਣ ਤੋਂ ਵੀ ਗੁਰੇਜ਼ ਕਰਦੇ ਹਾਂ। ਅਸੀਂ ਖ਼ੁਦ ਕਹਿ ਦਿੰਦੇ ਹਾਂ ਕਿ ‘ਮੈਨੂੰ ਅੱਜ ਵਾਇਰਲ ਬੁਖ਼ਾਰ ਹੈ, ਦੂਰ ਰਹਿਣਾ ਹੀ ਬੇਹਤਰ ਹੈ।’ ਹੁਣ ਇਸ ਨੂੰ ਮਾਸਕ ਅਤੇ ਸਮਾਜਿਕ ਦੂਰੀ ਦਾ ਨਾਂ ਮਿਲ ਗਿਆ ਹੈ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਮਨੁੱਖ ਸਮਾਜਿਕ ਪ੍ਰਾਣੀ ਹੈ ਤੇ ਉਸ ਅੰਦਰ ਲੋਕਾਂ ਦੀ ਮਦਦ ਕਰਨ ਦਾ ਅਹਿਸਾਸ ਕੁਦਰਤੀ ਪਿਆ ਹੈ। ਅਸੀਂ ਕਿਸੇ ਵੀ ਔਕੜ ਵੇਲੇ, ਚਾਹੇ ਤੂਫ਼ਾਨ-ਸੁਨਾਮੀ, ਰੇਲਵੇ ਦੁਰਘਟਨਾ ਵੇਲੇ, ਦੂਰ-ਦਰਾਜ ਦੇ ਇਲਾਕਿਆਂ ਤੋਂ ਵੀ ਪੈਸੇ-ਕੱਪੜੇ, ਰਾਸ਼ਨ ਇਕੱਠਾ ਕਰਕੇ ਭੇਜਦੇ ਹਾਂ ਤੇ ਲੋੜ ਪੈਣ ’ਤੇ ਖ਼ੁਦ ਵੀ ਪਹੁੰਚਦੇ ਹਾਂ। ਇਹ ਨਹੀਂ ਕਿ ਕਰੋਨਾ ਆਪਦਾ ਵਿੱਚ ਅਜਿਹਾ ਆਪਸੀ ਮਦਦ ਵਾਲਾ ਕੁੱਝ ਨਾ ਹੋਇਆ ਹੋਵੇ। ਰਾਸ਼ਨ ਤੋਂ ਲੈ ਕੇ ਆਕਸੀਜਨ ਦੇ ਲੰਗਰ ਲੱਗਦੇ ਦੇਖੇ ਜਾ ਸਕਦੇ ਹਨ ਪਰ ਇਸਦੇ ਉਲਟ ਆਕਸੀਜਨ ਦੀ ਘਾਟ ਇੱਕ ਮਸਲਾ ਹੈ ਪਰ ਉਸ ਦੀ ਜਮਾਂਖੋਰੀ ਅਤੇ ਕਾਲਾਬਾਜ਼ਾਰੀ, ਨੌ ਸੋ ਰੁਪਏ ਦੇ ਟੀਕੇ ਦਾ 25-30 ਹਜ਼ਾਰ ਵਿੱਚ ਮਿਲਣਾ ਤੇ ਇੱਥੋਂ ਤੱਕ ਕਿ ਸ਼ਮਸ਼ਾਨਘਾਟ ਵਿੱਚ ਲੱਕੜਾਂ ਅਤੇ ਸਸਕਾਰ ਦੇ ਸਾਮਾਨ ਵਿੱਚ ਤੇਜ਼ੀ ਜ਼ਰੂਰ ਹੀ ਮਨੁੱਖ ਦਾ ਚਿਹਰਾ ਦਿਖਾਉਂਦੇ ਹਨ।
ਵਾਇਰਸ ਨੂੰ ਲੈ ਕੇ, ਇਸ ਦੇ ਰੂਪ ਬਦਲਣ, ਨਵੇਂ ਸਟ੍ਰੇਨ ਪੈਦਾ ਹੋਣ ਦੀ ਗੱਲ ਲਗਾਤਾਰ ਹੋ ਰਹੀ ਹੈ। ਉਸੇ ਤਰ੍ਹਾਂ, ਮਨੁੱਖ ਵੀ ਕਿਸੇ ਪੱਖੋਂ ਪਿੱਛੇ ਨਹੀਂ ਰਹਿ ਰਿਹਾ ਤੇ ਨਵੇਂ ਨਵੇਂ ਰੂਪ ਦਿਖਾ ਰਿਹਾ ਹੈ, ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਇਹ ਕਾਰਜ ਪੁਲੀਸ ਵੀ ਕਰ ਰਹੀ ਹੈ, ਮੀਡੀਆ ਵੀ। ਫੈਕਟਰੀਆਂ ਦੇ ਮਾਲਕ ਵੀ, ਜਿਨ੍ਹਾਂ ਦੇ ਸਿਰਾਂ ’ਤੇ ਉਹ ਸਾਲ ਦਰ ਸਾਲ ਆਪਣੇ ਘਰਾਂ ਨੂੰ ਧਨ ਨਾਲ ਭਰਦੇ ਹਨ। ਇੱਥੋਂ ਤੱਕ ਕਿ ਮੈਡੀਕਲ ਕਮਿਉਨਿਟੀ ਅੱਗੇ ਵਧ ਕੇ, ਬਾਰਡਰ ’ਤੇ ਲੜ ਰਹੇ ਫੌਜੀਆਂ ਵਾਂਗ ਜੁਟੇ ਹੋਏ ਹਨ ਪਰ ਨਿੱਜੀ ਖੇਤਰ ਦੇ, ਕਾਰਪੋਰੇਟ ਘਰਾਣਿਆਂ ਦੇ ਹਸਪਤਾਲ ਮੌਕੇ ਦਾ ਫਾਇਦਾ ਲੈਣ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੇ।
ਇੱਥੇ ਇੱਕ ਪੱਖ ਕਰੋਨਾ ਦੇ ਇਲਾਜ ਨੂੰ ਲੈ ਕੇ ਵੀ ਹੈ। ਕਰੋਨਾ ਦੇ ਰੂਪ-ਸਰੂਪ, ਵਿਵਹਾਰ ਬਾਰੇ ਛੇਤੀ ਹੀ ਮੈਡੀਕਲ ਵਿਗਿਆਨੀਆਂ ਨੂੰ ਪਤਾ ਚੱਲ ਗਿਆ। ਇੱਕ ਆਵਾਜ਼ ਉੱਠੀ ਕਿ ਵੈਕਸੀਨ ਹੀ ਇੱਕੋ ਇੱਕ ਕਾਰਗਰ ਉਪਾਅ ਹੈ। ਅਨੇਕਾਂ ਕੰਪਨੀਆਂ ਜੁਟ ਗਈਆਂ। ਭਾਵੇਂ ਹਸਪਤਾਲ ਦੇ ਲਈ ਇਲਾਜ ਨੂੰ ਆਏ ਮਰੀਜ਼ਾਂ ’ਤੇ ਕਈ ਦਵਾਈਆਂ ਨੂੰ ਲੈ ਕੇ ਤਜ਼ਰਬੇ ਹੋਏ। ਜੋ ਸਮੇਂ ਸਮੇਂ ਕੁਝ ਕੁ ਸਮੇਂ ਲਈ ਪ੍ਰਵਾਨ ਵੀ ਹੋਏ ਤੇ ਫਿਰ ਉਨ੍ਹਾਂ ਦੇ ਪ੍ਰਭਾਵ ਨੂੰ ਦੇਖਦੇ ਹੋਏ, ਉਹ ਸੂਚੀ ਤੋਂ ਬਾਹਰ ਵੀ ਕੀਤੇ। ਪੂਰੀ ਵਿਵਸਥਾ ਦੀ ਇੱਕਸੁਰਤਾ ਨਾ ਹੋਣ ਕਰਕੇ, ਨਿੱਜੀ ਹਸਪਤਾਲਾਂ ਨੇ, ਆਪਣੀ ਮਨਮਾਨੀ ਨਾਲ ਇਲਾਜ ਕੀਤਾ ਅਤੇ ਦਵਾਈਆਂ ਦੇ ਸਹੀ ਇਸਤੇਮਾਲ ਤੋਂ ਵੱਧ, ਉਨ੍ਹਾਂ ਦਾ ਗਲਤ ਅਤੇ ਵਾਧੂ ਪੈਸੇ ਲੈ ਕੇ ਵਰਤਣ ਵੱਲ ਰੁਝਾਨ ਦਿਖਾਇਆ। ਵੈਕਸੀਨ ਬਣ ਕੇ ਤਿਆਰ ਹੋਈ ਤੇ ਉਸ ਨੂੰ ਕੇਂਦਰ ਨੇ ਕਿਸੇ ਵੀ ਵਿਉਂਤ ਤੋਂ ਬਿਨਾਂ ਸਭ ਲਈ ਖੋਲ੍ਹ ਦਿੱਤਾ ਹੈ। ਰਾਜਨੀਤਿਕ ਚਿਹਰਾ ਉਦੋਂ ਸਾਹਮਣੇ ਆਇਆ ਜਦੋਂ ਵੈਕਸੀਨ ਜਾਂ ਆਕਸੀਜਨ ਦੀ ਵੰਡ ਨੂੰ ਲੈ ਕੇ ਕੇਂਦਰ ਨੇ ਸਭ ਕੁੱਝ ਆਪਣੇ ਹੱਥ ਵਿੱਚ ਰੱਖ ਲਿਆ ਤੇ ਉਸ ਦੀ ਵੰਡ ਨੂੰ ਲੈ ਕੇ ਵਿਤਕਰਾ ਸਾਫ਼ ਨਜ਼ਰ ਆਇਆ ਕਿ ਗ਼ੈਰ ਭਾਜਪਾ ਵਾਲੇ ਸੂਬੇ ਮਹਾਂਰਾਸ਼ਟਰ, ਪੰਜਾਬ, ਦਿੱਲੀ ਆਦਿ ਲਗਾਤਾਰ ਦੁਹਾਈ ਦੇ ਰਹੇ ਹਨ ਕਿ ਸਾਨੂੰ ਵੈਕਸੀਨ ਘੱਟ ਦਿੱਤੀ ਜਾ ਰਹੀ ਹੈ। ਵੈਕਸੀਨ ਨੂੰ ਲੈ ਕੇ, ਦੇਸ਼ ਲਈ ਇਹ ਕੋਈ ਪਹਿਲ ਤਜ਼ਰਬਾ ਨਹੀਂ ਹੈ। ਵੈਕਸੀਨ ਦੀ ਮਾਤਰਾ ਦੇ ਮੱਦੇਨਜ਼ਰ ਵਿਗਿਆਨਕ ਢੰਗ ਹੈ, ਰਿੰਗ ਵੈਕਸੀਨ। ਮਤਲਬ ਜਿੱਥੇ ਕੇਸ ਵੱਧ ਹਨ, ਉਨ੍ਹਾਂ ਇਲਾਕਿਆਂ ਨੂੰ ਪਹਿਲ ਦੇ ਆਧਾਰ ’ਤੇ ਦਵਾ/ਵੈਕਸੀਨ ਮੁਹੱਈਆਂ ਕਰਵਾਉਣਾ। ਲੌਕਡਾਊਨ ਤੋਂ ਲੈ ਕੇ ਲੌਕਡਾਊਨ ਦੀ ਸਥਿਤੀ, ਦੇਸ਼ ਦੀ ਆਰਥਿਕਤਾ ਤੇ ਤਾਂ ਸੱਟ ਮਾਰਦੀ ਹੀ ਹੈ, ਨਿਮਨ ਅਤੇ ਮੱਧਮ ਦੇ ਦਰਜੇ ਦੇ ਦੁਕਾਨਦਾਰ/ਰੇਹੜੀ ਵਾਲੇ/ਦਿਹਾੜੀਦਾਰ ਆਦਿ ਸਭ ਹੀ ਪ੍ਰੇਸ਼ਾਨ ਹਨ। ‘ਕਰੋਨਾ ਜਾਂ ਭੁੱਖ’ ਵਿੱਚੋਂ ਇੱਕ ਨੂੰ ਚੁਣਨਾ, ਉਨ੍ਹਾਂ ਦੀ ਕਿਸਮਤ ਇੱਥੇ ਤੱਕ ਹੀ ਸੀਮਤ ਹੈ। ਉਨ੍ਹਾਂ ਨੂੰ ਨਾ ਸਰਕਾਰ ਦਾ ਸਹਾਰਾ ਹੈ, ਨਾ ਹੀ ਆਪਣੇ ਮਾਲਿਕ-ਮੈਨੇਜਰਾਂ ਦਾ।
ਇਸ ਤਰ੍ਹਾਂ, ਇਸ ਪਰਿਪੇਖ ਵਿੱਚ, ਕਰੋਨਾ, ਜੋ ਕਿ ਵਾਇਰਸ ਹੈ, ਸਾਹ ਨਲੀ ਦੀ ਬਿਮਾਰੀ ਹੈ, ਨਿਮੋਨੀਆਂ ਹੋਣ ’ਤੇ ਮੌਤ ਦੀ ਸਥਿਤੀ ਬਣ ਜਾਂਦੀ ਹੈ ਪਰ ਇਸ ਦਾ ਪ੍ਰਭਾਵ ਜੋ ਸਮਾਜ ਦੇ ਵੱਖ ਵੱਖ ਪਹਿਲੂਆਂ, ਪਰਤਾਂ ਨੂੰ ਸਮਝਣ ਲਈ ਨਜ਼ਰ ਆਇਆ ਹੈ, ਉਹ ਆਉਣ ਵਾਲੇ ਸਮੇਂ ਵਿੱਚ ਸਭ ਨੂੰ ਪ੍ਰਭਾਵਿਤ ਕਰੇਗਾ, ਚਾਹੇ ਉਹ ਆਪਸੀ ਰਿਸ਼ਤਿਆਂ ਨੂੰ ਲੈ ਕੇ ਹੋਵੇ, ਚਾਹੇ ਸਰਕਾਰਾਂ ਦੀਆਂ ਨੀਤੀਆਂ ਅਤੇ ਵਿਉਂਤਬੰਦੀ ਦੀ ਕਾਬਲੀਅਤ ਨੂੰ ਲੈ ਕੇ ਹੈ। ਇਹ ਸਮਾਂ ਸਿੱਖਣ ਦਾ ਹੈ ਕਿ ਅਸੀਂ ਭਵਿੱਖ ਵਿੱਚ ਕਿਹੋ ਜਿਹਾ ਸਮਾਜ ਚਾਹੁੰਦੇ ਹਾਂ, ਜਿਹੋ ਜਿਹੇ ਰਾਜਨੀਤਿਕ ਆਗੂ ਅਤੇ ਰਿਸ਼ਤਿਆਂ ਵਿੱਚ ਕੀ ਗੁਣ ਦੇਖਣ ਦੇ ਚਾਹਵਾਨ ਹਾਂ।
ਸੰਪਰਕ: 98158-08506