ਪਾਕਿਸਤਾਨ ਕਈ ਮਹੀਨਿਆਂ ਤੋਂ ਇਹ ਮਾਣ ਕਰਦਾ ਆ ਰਿਹਾ ਸੀ ਕਿ ‘ਕੋਵਿਡ-19’ ਮਹਾਂਮਾਰੀ ਨਾਲ ਸਿੱਝਣ ਪੱਖੋਂ ਉਹ ਦੋ ਗੁਆਂਢੀ ਮੁਲਕਾਂ- ਭਾਰਤ ਤੇ ਇਰਾਨ ਨਾਲੋਂ ਕਿਤੇ ਵੱਧ ਕਾਮਯਾਬ ਰਿਹਾ ਹੈ। ਪਰ ਹੁਣ ਸਥਿਤੀ ਬਦਲਣੀ ਸ਼ੁਰੂ ਹੋ ਗਈ ਹੈ। ਮਨਸੂਬਾਬੰਦੀ ਤੇ ਵਿਕਾਸ ਬਾਰੇ ਮਰਕਜ਼ੀ ਵਜ਼ੀਰ ਅਸਦ ਉਮਰ ਨੇ ਸ਼ਨਿੱਚਰਵਾਰ ਨੂੰ ਤਸਲੀਮ ਕੀਤਾ ਕਿ ਮੁਲਕ ਵਿਚ ਕੋਵਿਡ-19 ਦੀ ਚੌਥੀ ਲਹਿਰ ਸ਼ੁਰੂ ਹੋ ਚੁੱਕੀ ਹੈ। ਇਹ ਕੋਵਿਡ-19 ਦੀ ਰੋਕਥਾਮ ਸਬੰਧੀ ਨਿਯਮਾਂ ਤੇ ਬੰਦਸ਼ਾਂ ਦੀ ਖੁਲ੍ਹੇਆਮ ਅਵੱਗਿਆ ਦਾ ਨਤੀਜਾ ਹੈ। ਅੰਗਰੇਜ਼ੀ ਅਖ਼ਬਾਰ ‘ਡਾਅਨ’ ਦੀ ਰਿਪੋਰਟ ਅਨੁਸਾਰ ਅਸਦ ਉਮਰ ਨੇ ਕੋਵਿਡ-19 ਦੇ ਕੇਸਾਂ ਵਿਚ ਪਿਛਲੇ ਤਿੰਨ ਹਫ਼ਤਿਆਂ ਤੋਂ ਹੋਏ ਵਾਧੇ ਦਾ ਜ਼ਿਕਰ ਕੀਤਾ ਅਤੇ ਚੌਕਸ ਕੀਤਾ ਕਿ ਜੇਕਰ ਕੇਸ ਇੰਜ ਹੀ ਵਧਦੇ ਰਹੇ ਤਾਂ ਸਖ਼ਤਾਈ ਦੀ ਵਾਪਸੀ ਟਾਲੀ ਨਹੀਂ ਜਾ ਸਕੇਗੀ।
ਕੋਵਿਡ ਬਾਰੇ ਕੌਮੀ ਕਮਾਂਡ ਤੇ ਅਪਰੇਸ਼ਨਜ਼ ਕੇਂਦਰ (ਐਨਸੀਓਸੀ) ਦੇ ਮਾਹਿਰਾਂ ਦਾ ਮੰਨਣਾ ਹੈ ਕਿ ਹਰ ਤਰ੍ਹਾਂ ਦਾ ਵਣਜ-ਵਪਾਰ, ਕਾਰੋਬਾਰ ਤੇ ਸੈਰ-ਸਪਾਟਾ ਖੋਲ੍ਹੇ ਜਾਣ ਕਾਰਨ ਲੋਕਾਂ ਨੇ ਇਹਤਿਆਤ ਵਰਤਣੀ ਛੱਡ ਦਿੱਤੀ। ਇਹੋ ਕਾਰਨ ਹੈ ਕਿ ਨਵੇਂ ਕੇਸ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ। ਐਤਵਾਰ ਨੂੰ ਜਾਰੀ ਅੰਕੜਿਆਂ ਮੁਤਾਬਿਕ ਸ਼ਨਿੱਚਰਵਾਰ ਨੂੰ ਮੁਲਕ ਭਰ ਵਿਚ 1828 ਨਵੇਂ ਕੇਸ ਆਏ ਅਤੇ 28 ਮੌਤਾਂ ਹੋਈਆਂ। ਤਿੰਨ ਹਫ਼ਤੇ ਪਹਿਲਾਂ 21 ਜੂਨ ਨੂੰ ਇਹ ਅੰਕੜਾ ਕ੍ਰਮਵਾਰ 663 ਕੇਸਾਂ ਤੇ ਅੱਠ ਮੌਤਾਂ ਦਾ ਸੀ। 10 ਜੁਲਾਈ ਨੂੰ ਮੁਲਕ ਵਿਚ 36454 ਸਰਗਰਮ ਕੋਵਿਡ ਕੇਸ ਸਨ। ਤਿੰਨ ਹਫ਼ਤੇ ਪਹਿਲਾਂ ਇਹ ਅੰਕੜਾ 31 ਹਜ਼ਾਰ ਦਾ ਸੀ। ਜ਼ਾਹਿਰ ਹੈ ਕਿ ਸਰਗਰਮ ਕੇਸ ਵੀ ਤੇਜ਼ੀ ਨਾਲ ਵਧ ਰਹੇ ਹਨ। ਫ਼ਿਕਰ ਵਾਲੀ ਗੱਲ ਇਹ ਹੈ ਕਿ ਤਿੰਨ ਹਫ਼ਤੇ ਪਹਿਲਾਂ ਸੌ ਟੈਸਟਾਂ ਪਿੱਛੇ ਕੋਵਿਡ ਮਰੀਜ਼ਾਂ ਦੀ ਔਸਤ 1.93 ਸੀ। ਹੁਣ ਇਹ ਦਰ ਸੌ ਪਿੱਛੇ ਚਾਰ ’ਤੇ ਜਾ ਪੁੱਜੀ ਹੈ। ਗਿਲਗਿਤ-ਬਾਲਟਿਸਤਾਨ ਵਿਚ ਇਹ ਔਸਤ 21 ਜੂਨ ਨੂੰ ਇਕ ਫ਼ੀਸਦੀ ਸੀ। ਉੱਥੇ ਹੁਣ ਇਹੋ ਦਰ 3.0 ਫ਼ੀਸਦੀ ਹੈ। ਜ਼ਾਹਿਰ ਹੈ ਕਿ ਉੱਥੇ ਲੱਗੀਆਂ ਸੈਲਾਨੀਆਂ ਦੀਆਂ ਭੀੜਾਂ ਨੇ ਮਹਾਂਰੋਗ ਦੇ ਪਸਾਰੇ ਨੂੰ ਵੀ ਤਕੜਾ ‘ਹੁਲਾਰਾ’ ਦਿੱਤਾ ਹੈ। ਅਸਦ ਉਮਰ ਨੇ ਸਿਆਸੀ ਆਗੂਆਂ ਤੇ ਸਰਕਾਰੀ ਅਫ਼ਸਰਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮਾਂ ਲਈ ਭੀੜਾਂ ਜੁਟਾਉਣ ਦੀ ਥਾਂ ਭੀੜਾਂ ਖਿੰਡਾਉਣ ਤੇ ਹਟਾਉਣ ਵਿਚ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਪਾਿਕਸਤਾਨ ਵਿਚ ਕਰੋਨਾ ਡੈਲਟਾ ਵਾਇਰਸ ਦੀਆਂ 12 ਨਵੀਆਂ ਵੰਨਗੀਆਂ ਸਾਹਮਣੇ ਆਈਆਂ ਹਨ। ਜ਼ਾਹਿਰ ਹੈ ਕਿ ਇਹ ਵਾਇਰਸ ਤੇਜ਼ੀ ਨਾਲ ਆਪਣਾ ਰੂਪ-ਸਰੂਪ ਬਦਲਦਾ ਜਾ ਰਿਹਾ ਹੈ। ਨਵੀਂ ਮਿਊਟੇਸ਼ਨਜ਼ ਨਾਲ ਲੜਨ ਲਈ ਨਵੀਆਂ ਦਵਾਈਆਂ ਦੀ ਖੋਜ ਦੀ ਲੋੜ ਪੈਂਦੀ ਹੈ। ਇਹ ਅਮਲ ਬਹੁਤ ਮਹਿੰਗਾ ਹੈ। ਲਿਹਾਜ਼ਾ, ਲੋਕਾਂ ਨੂੰ ਨਵੀਂ ਲਾਗ ਤੋਂ ਬਚਣ ਲਈ ਛੇਤੀ ਤੋਂ ਛੇਤੀ ਟੀਕਾਕਰਨ ਅਪਨਾਉਣਾ ਚਾਹੀਦਾ ਹੈ।
ਲਾਹੌਰ ’ਚ ਨਵੀਆਂ ਬੰਦਸ਼ਾਂ
ਵਧਦੇ ਕੋਵਿਡ ਕੇਸਾਂ ਵਾਲੇ ਰੁਝਾਨ ਤੋਂ ਸੂਬਾ ਪੰਜਾਬ ਦੀ ਰਾਜਧਾਨੀ ਲਾਹੌਰ ਵੀ ਨਹੀਂ ਬਚੀ। ਅੰਗਰੇਜ਼ੀ ਅਖ਼ਬਾਰ ‘ਡੇਲੀ ਟਾਈਮਜ਼’ ਨੇ ਲਿਖਿਆ ਹੈ ਕਿ ਨਵੇਂ ਕੇਸਾਂ ਵਿਚ ਆਈ ਤੇਜ਼ੀ ਨੇ ਲਾਹੌਰ ਪ੍ਰਸ਼ਾਸਨ ਨੂੰ ਬੰਦਸ਼ਾਂ ਦੇ ਰਾਹ ਪੈਣ ਲਈ ਮਜਬੂਰ ਕਰ ਦਿੱਤਾ ਹੈ। ਇਸੇ ਲਈ ਪ੍ਰਸ਼ਾਸਨ ਨੇ ਰੇਸਤਰਾਵਾਂ, ਹੋਟਲਾਂ ਤੇ ਸਿਨਮਾਘਰਾਂ ਵਿਚ ਸਿਰਫ਼ ਉਨ੍ਹਾਂ ਲੋਕਾਂ ਦੇ ਦਾਖ਼ਲੇ ਦੀ ਖੁੱਲ੍ਹ ਦਿੱਤੀ ਹੈ ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਾ ਹੋਵੇ। ਸਾਰੀਆਂ ਦੁਕਾਨਾਂ ਤੇ ਅਦਾਰਿਆਂ ਨੂੰ ਆਪੋ-ਆਪਣੇ ਮੁਲਾਜ਼ਮਾਂ ਦਾ ਟੀਕਾਕਰਨ ਲਾਜ਼ਮੀ ਬਣਾਏ ਜਾਣ ਦੀ ਹਦਾਇਤ ਕੀਤੀ ਗਈ ਹੈ। ਜੰਝਘਰਾਂ ਤੇ ਮੈਰਿਜ ਹਾਲਾਂ ਵਿਚ ਇਕੱਠਾਂ ਲਈ ਵੱਧ ਤੋਂ ਵੱਧ ਹੱਦ 200 ਵਿਅਕਤੀ ਨਿਰਧਾਰਤ ਕੀਤੀ ਗਈ ਹੈ। ਇਸ ਹੱਦ ’ਚ ਕਮੀ ਕਰਨ ਦੀਆਂ ਚਿਤਾਵਨੀਆਂ ਵੀ ਨਾਲੋ-ਨਾਲ ਜਾਰੀ ਹੋ ਰਹੀਆਂ ਹਨ।
ਹੌਲਨਾਕ ਕਾਂਡ ਤੇ ਨਵੇਂ ਸਵਾਲ
ਲਾਹੌਰ ਦੀ ਇਕ ਮੁਟਿਆਰ ਨੌਕਰੀ ਦੇ ਸਿਲਸਿਲੇ ਵਿਚ ਇਸਲਾਮਾਬਾਦ ਆਈ। ਉਸ ਦੇ ਪਰਿਵਾਰ ਦੇ ਇਕ ਜੀਅ ਨੇ ਇਸਲਾਮਾਬਾਦ ਵਸੇ ਆਪਣੇ ਇਕ ਮਿੱਤਰ ਨੂੰ ਫੋ਼ਨ ਕਰਕੇ ਫਲੈਟ ਲੱਭਣ ਵਿਚ ਮੁਟਿਆਰ ਦੀ ਮਦਦ ਕਰਨ ਲਈ ਕਿਹਾ। ਉਹ ਨੌਜਵਾਨ ਤੇ ਮੁਟਿਆਰ ਇਕ ਪ੍ਰਾਪਰਟੀ ਡੀਲਰ ਤੋਂ ਚਾਬੀ ਲੈ ਕੇ ਫਲੈਟ ਦੇਖਣ ਲਈ ਫਲੈਟ ਦੇ ਅੰਦਰ ਦਾਖ਼ਲ ਹੋਏ। ਤਿੰਨ ਮਿੰਟਾਂ ਦੇ ਅੰਦਰ ਛੇ ਬੰਦੇ ਉੱਥੇ ਆ ਧਮਕੇ। ਉਨ੍ਹਾਂ ਵਿਚ ਪ੍ਰਾਪਰਟੀ ਡੀਲਰ ਵੀ ਸ਼ਾਮਲ ਸੀ। ਉਨ੍ਹਾਂ ਨੇ ਮੁੰਡੇ ਤੇ ਕੁੜੀ ਉਪਰ ਬਦਫ਼ੈਲੀ ਤੇ ਲੁੱਚਪੁਣੇ ਦੇ ਦੋਸ਼ ਲਾਏ। ਦੋਵਾਂ ਦੀ ਮਾਰਕੁੱਟ ਕੀਤੀ। ਪਿਸਤੌਲ ਦੀ ਨੋਕ ’ਤੇ ਦੋਵਾਂ ਨੂੰ ਕੱਪੜੇ ਉਤਾਰਨ ਲਈ ਮਜਬੂਰ ਕੀਤਾ। ਉਨ੍ਹਾਂ ਦੇ ਅਸ਼ਲੀਲ ਪੋਜ਼ ਕੈਮਰਾਬੰਦ ਕੀਤੇ। ਮੁੰਡੇ ਨੂੰ ਮੁੜ ਮਾਰਿਆ-ਕੁੱਟਿਆ। ਕੁੜੀ ਨਾਲ ਪਹਿਲਾਂ ਜਿਸਮਾਨੀ ਛੇੜ-ਛਾੜ ਕੀਤੀ, ਫਿਰ ਬਲਾਤਕਾਰ। ਇਸ ਸਾਰੇ ਘਟਨਾਕ੍ਰਮ ਦੀਆਂ ਵੀਡੀਓਜ਼ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਦੋਵਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਦੋ ਮਹੀਨੇ ਬਾਅਦ ਇਹ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ। ਇਸ ਦੇ ਵਾਇਰਲ ਹੁੰਦਿਆਂ ਹੀ ਨੌਜਵਾਨ ਵਰਗ ਵਿਚ ਰੋਹ ਦਾ ਤੂਫ਼ਾਨ ਖੜ੍ਹਾ ਹੋ ਗਿਆ। ਇਹ ਰੋਹ ਸੋਸ਼ਲ ਮੀਡੀਆ ਤੋਂ ਮੁੱਖ ਧਾਰਾਈ ਮੀਡੀਆ ਤੱਕ ਆ ਪਹੁੰਚਿਆ। ਪੀੜਿਤ ਜੋੜੇ ਨੂੰ ਇਨਸਾਫ਼ ਦੇਣ ਦੀ ਅਤੇ ਮੁਲਜ਼ਮਾਂ ਨੂੰ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਜ਼ੋਰ ਫੜਨ ਲੱਗੀ। ਲੋਕਾਂ ਨੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੇ ਨਾਮ ਟਵੀਟ ਕਰ ਕੇ ਸਰਕਾਰ ਨੂੰ ‘ਜਾਗਣ’ ਲਈ ਮਜਬੂਰ ਕਰ ਦਿੱਤਾ।
ਇਸਲਾਮਾਬਾਦ ਪੁਲੀਸ ਨੇ ਗੋਲ੍ਹੜਾ ਥਾਣੇ ਵਿਚ ਪਾਿਕਸਤਾਨੀ ਫੌ਼ਜਦਾਰੀ ਦੰਡ ਵਿਧਾਨ ਦੀਆਂ 13 ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮੁੱਖ ਮੁਲਜ਼ਮ ਉਸਮਾਨ ਅਬਰਾਰ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋ ਮੁਲਜ਼ਮ ਰੂਪੋਸ਼ ਹਨ ਜਿਨ੍ਹਾਂ ਦੇ ਸਕੇ-ਸਬੰਧੀ ਤਿੰਨ ਦਿਨਾਂ ਤੋਂ ਥਾਣੇ ਵਿਚ ‘ਬਿਠਾਏ’ ਗਏ ਹਨ। ‘ਐਕਸਪ੍ਰੈਸ ਟ੍ਰਿਬਿਊਨ’ ਅਖ਼ਬਾਰ ਦੀ ਰਿਪੋਰਟ ਮੁਤਾਬਿਕ ਵਜ਼ੀਰੇ ਆਜ਼ਮ ਨੇ ਆਈ.ਜੀ. ਜਮੀਲੁਰ ਰਹਿਮਾਨ ਨੂੰ ਤਲਬ ਕਰ ਕੇ ਮਾਮਲੇ ਦੀ ਤਫ਼ਤੀਸ਼ ਵਿਚਲੀ ਪ੍ਰਗਤੀ ਦਾ ਜਾਇਜ਼ਾ ਲਿਆ ਹੈ। ਦੂਜੇ ਪਾਸੇ ਪੀੜਿਤ ਮੁਟਿਆਰ ਤੇ ਨੌਜਵਾਨ ਨੂੰ ਹੋਰ ਨਮੋਸ਼ੀ ਤੋਂ ਬਚਾਉਣ ਲਈ ਦੋਵਾਂ ਦੇ ਪਰਿਵਾਰਾਂ ਨੇ ਸ਼ੁੱਕਰਵਾਰ ਰਾਤ ਨੂੰ ਦੋਵਾਂ ਦਾ ਇਸਲਾਮਾਬਾਦ ਵਿਚ ਨਿਕਾਹ ਕਰਵਾ ਦਿੱਤਾ। ਪੁਲੀਸ ਅਫ਼ਸਰਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਮੁੰਡੇ ਨੂੰ ਬਲੈਕਮੇਲ ਕਰਦਿਆਂ 13 ਲੱਖ ਰੁਪਏ ਵਸੂਲੇ। ਕੁੜੀ ਤੋਂ ਪੈਸੇ ਨਹੀਂ ਮੰਗੇ ਗਏ, ਦੋ ਵਾਰ ਸਮੂਹਿਕ ਬਲਾਤਕਾਰ ਕੀਤਾ ਗਿਆ। ਮੁੰਡਾ ਏਨਾ ਡਰਿਆ ਹੋਇਆ ਸੀ ਕਿ ਉਹ ਮੁਲਜ਼ਮਾਂ ਖ਼ਿਲਾਫ਼ ਬੋਲਣ ਲਈ ਤਿਆਰ ਨਹੀਂ ਸੀ। ਕੁੜੀ ਨੇ ਦਲੇਰੀ ਦਿਖਾਈ, ਉਹ ਖੁੱਲ੍ਹ ਕੇ ਬਿਆਨ ਦਿੰਦੀ ਰਹੀ। ਬਦਲਾ ਲੈਣ ਦੇ ਜਜ਼ਬੇ ਦਾ ਇਜ਼ਹਾਰ ਵੀ ਵਾਰ ਵਾਰ ਕਰਦੀ ਰਹੀ। ਉਹ ਤਾਂ ਨਿਕਾਹ ਲਈ ਵੀ ਤਿਆਰ ਨਹੀਂ ਸੀ। ਉਸ ਦਾ ਕਹਿਣਾ ਸੀ ਕਿ ਉਹ ‘ਇੱਜ਼ਤ ਦੀ ਖੈ਼ਰਾਤ’ ਨਹੀਂ ਚਾਹੁੰਦੀ। ਮਾਪਿਆਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਰਾਜ਼ੀ ਕੀਤਾ।
ਮੁੱਖ ਮੁਲਜ਼ਮ ਇਸਲਾਮਾਬਾਦ ਦੀ ਇਕ ਕਾਰ ਏਜੰਸੀ ਦਾ ਸਹਿ-ਮਾਲਕ ਹੈ। ਪ੍ਰਾਪਰਟੀ ਦਾ ਕਾਰੋਬਾਰ ਵੀ ਕਰਦਾ ਹੈ। ਇਸਲਾਮਾਬਾਦ-ਰਾਵਲਪਿੰਡੀ ਖੇਤਰ ਵਿਚ ‘ਇੱਜ਼ਤਦਾਰ’ ਵਜੋਂ ਵਿਚਰਦਾ ਆਇਆ ਹੈ। ਹੁਣ ਅਸਲੀਅਤ ਸਾਹਮਣੇ ਆਉਣ ’ਤੇ ਉਸ ਦੀ ਬੀਵੀ ਤੇ ਬੇਟੀ ਵੀ ਉਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਦੀ ਸਿਰਫ਼ ਇਕੋ ਇਲਤਜਾ ਹੈ ਕਿ ਉਨ੍ਹਾਂ ਨੂੰ ਬਦਨਾਮੀ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ। ਉਨ੍ਹਾਂ ਦਾ ਨਾਮ ਮੀਡੀਆ ਵਿਚ ਨਾ ਉਛਾਲਿਆ ਜਾਵੇ। ਮੁਲਜ਼ਮਾਂ ਦੀ ਅਗਲੀ ਪੇਸ਼ੀ ਮੰਗਲਵਾਰ ਨੂੰ ਹੈ। ਕਈ ਜਥੇਬੰਦੀਆਂ ਉਸ ਦਿਨ ਉਨ੍ਹਾਂ ਖ਼ਿਲਾਫ਼ ਮੁਜ਼ਾਹਰਾ ਕਰਨ ਦੀ ਤਿਆਰੀ ਵਿਚ ਹਨ।
ਮਗਰਮੱਛ ਦਾ ਕਹਿਰ
ਘਟਨਾ ਸੱਖੜ (ਸੂਬਾ ਸਿੰਧ) ਦੀ ਹੈ। ਉਸ ਜ਼ਿਲ੍ਹੇ ਵਿਚ ਚਾਰ ਵਰ੍ਹਿਆਂ ਦੀ ਬੱਚੀ ਨੂੰ ਮਗਰਮੱਛ ਖਾ ਗਿਆ। ਸੱਖੜ, ਸਿੰਧ ਸੂਬੇ ਦਾ ਤੀਜਾ ਵੱਡਾ ਸ਼ਹਿਰ ਹੈ। ‘ਦਿ ਨਿਊਜ਼’ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਸ ਇਲਾਕੇ ਵਿਚ ਪਾਣੀ ਦੀ ਕਮੀ ਹਮੇਸ਼ਾ ਰਹੀ ਹੈ। ਅੱਜਕੱਲ੍ਹ ਬਹੁਤ ਜ਼ਿਆਦਾ ਹੈ। ਚਾਰ ਵਰ੍ਹਿਆਂ ਦੀ ਫੌ਼ਜ਼ੀਆ ਆਪਣੀ ਮਾਂ ਨਾਲ ਸਾਲ੍ਹਾਪਤ ਪਿੰਡ ਨੇੜਿਓਂ ਲੰਘਦੀ ਨਾਰਾ ਨਹਿਰ ਵਿਚ ਨਹਾ ਰਹੀ ਸੀ ਕਿ ਇਕ ਮਗਰਮੱਛ ਨੇ ਉਸ ਨੂੰ ਆਪਣੇ ਜਬਾੜਿਆਂ ਵਿਚ ਦਬੋਚ ਲਿਆ। ਉਸ ਦੀ ਮਾਂ ਤੇ ਕੁਝ ਹੋਰ ਲੋਕਾਂ ਨੇ ਉਸ ਨੂੰ ਬਚਾਉਣ ਦਾ ਯਤਨ ਕੀਤਾ, ਪਰ ਮਗਰਮੱਛ ਬੱਚੀ ਨੂੰ ਨਿਗ਼ਲਣ ਵਿਚ ਕਾਮਯਾਬ ਹੋ ਗਿਆ। ਨਾਰਾ ਨਹਿਰ ਅਜਿਹੀਆਂ ਘਟਨਾਵਾਂ ਲਈ ਬਦਨਾਮ ਹੈ। ਨਹਿਰਾਂ ਵਿਚ ਮਗਰਮੱਛ ਆਮ ਤੌਰ ’ਤੇ ਨਹੀਂ ਹੁੰਦੇ, ਪਰ ਦਰਿਆ ਸਿੰਧ ਵਿਚ ਜਦੋਂ ਪਾਣੀ ਸੀਮਤ ਰਹਿ ਜਾਂਦਾ ਹੈ ਤਾਂ ਤਕੜਿਆਂ ਵੱਲੋਂ ਭਜਾਏ ਕਮਜ਼ੋਰ ਮਗਰਮੱਛ ਨਹਿਰਾਂ ਤੇ ਪੇਂਡੂ ਟੋਭਿਆਂ ਵੱਲ ਮੂੰਹ ਕਰ ਲੈਂਦੇ ਹਨ। ਅਜਿਹਾ ਸਫ਼ਰ ਉਹ ਅਕਸਰ ਰਾਤ ਵੇਲੇ ਕਰਦੇ ਹਨ। ਨਾਰਾ ਨਹਿਰ ਵਿਚ ਛੇ ਮਹੀਨੇ ਪਹਿਲਾਂ ਵੀ ਛੇ ਵਰ੍ਹਿਆਂ ਦੀ ਬੱਚੀ ਉਪਰ ਮਗਰਮੱਛ ਨੇ ਹਮਲਾ ਕੀਤਾ ਸੀ। ਖੁਸ਼ਕਿਸਮਤੀ ਨਾਲ ਉਦੋਂ ਉਸ ਦਾ ਪਿਤਾ ਨੇੜੇ ਸੀ। ਉਸ ਨੇ ਮਗਰਮੱਛ ਦੇ ਨੱਕ ਉੱਤੇ ਲਾਠੀ ਨਾਲ ਵਾਰ ਕਰ ਕੇ ਬੱਚੀ ਨੂੰ ਮੌਤ ਦੇ ਮੂੰਹੋਂ ਬਚਾ ਲਿਆ ਸੀ।
– ਪੰਜਾਬੀ ਟ੍ਰਿਬਿਊਨ ਫੀਚਰ