ਡਾ. ਕੁਲਦੀਪ ਸਿੰਘ
ਦੂਸਰੀ ਸੰਸਾਰ ਜੰਗ ਦੌਰਾਨ ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਤਬਾਹੀ ਕਰਨ ਮਗਰੋਂ ਵਿਸ਼ਵ ਪੂੰਜੀਵਾਦ ਦਾ ਬੇਤਾਜ ਬਣਿਆ ਬਾਦਸ਼ਾਹ ਅਮਰੀਕਾ ਆਪਣੇ ਹੀ ਘਰ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਿਚ ਇਕ ਤੋਂ ਬਾਅਦ ਇਕ ਸੰਕਟ ਵਿਚ ਫਸ ਚੁੱਕਾ ਹੈ। ਦੁਨੀਆਂ ਦਾ ਕੋਈ ਵੀ ਅਜਿਹਾ ਦੇਸ਼ ਨਹੀਂ ਹੋਵੇਗਾ ਜਿੱਥੇ ਅਮਰੀਕਾ ਨੇ ਆਪਣੀ ਧੌਂਸ ਤੇ ਚੌਧਰ ਨਾ ਦਿਖਾਈ ਹੋਵੇ। ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਉਲਟਾਉਣ ਤੋਂ ਲੈ ਕੇ ਅਫਗਾਨਿਸਤਾਨ ਵਰਗੇ ਮੁਲਕ ਦੀ ਤਬਾਹੀ ਦਾ ਅਮਰੀਕਨ ਇਤਿਹਾਸ ਲੋਕਾਂ ਦੇ ਚੇਤਿਆਂ ਵਿਚ ਉਕਰਿਆ ਪਿਆ ਹੈ। ਇਹ ਕਿਸੇ ਵੀ ਮੁਲਕ ਨੂੰ ਗੈਰ-ਜਮਹੂਰੀ, ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲਾ, ਅਤਿਵਾਦ ਨੂੰ ਸ਼ਹਿ ਦੇਣ ਵਾਲਾ ਆਦਿ ਇਲਜ਼ਾਮ ਲਗਾ ਕੇ ਫੌਜੀ ਕਾਰਵਾਈ ਕਰਦਾ ਜਾਂ ਬੰਦਸ਼ਾਂ ਲਾਉਂਦਾ ਰਿਹਾ ਹੈ। ਨਾਟੋ ਵਰਗੀਆਂ ਸੰਸਥਾਵਾਂ ਨੂੰ ਸਿਰਫ ਬੈਨਰ ਵਜੋਂ ਵਰਤਦਾ ਅਤੇ ਆਪਣੀ ਫ਼ੌਜੀ ਤਾਕਤ ਰਾਹੀਂ ਇਰਾਕ ਤੋਂ ਲੈ ਕੇ ਲਤੀਨੀ ਅਮਰੀਕਾ ਦੇ ਮੁਲਕਾਂ ਤੱਕ ਦੇਸ਼ਾਂ ਨੂੰ ਤਬਾਹ ਕਰਨ ਅਤੇ ਉਨ੍ਹਾਂ ਦੀਆਂ ਹਕੂਮਤਾਂ ਉਲਟਾਉਂਦਾ ਰਿਹਾ ਹੈ। ਇਹ ਇਰਾਕ ਵਰਗੇ ਮੁਲਕ ਨੂੰ ਤਬਾਹ ਕਰਨ ਤੋਂ ਲੈ ਕੇ ਅਰਬ ਖਾੜੀ ਵਿਚਲੇ ਤੇਲ ਦੇ ਭੰਡਾਰਾਂ ਨੂੰ ਲੁੱਟਣ ਅਤੇ ਕੰਟਰੋਲ ਕਰਨ ਤੱਕ ਚਲਿਆ ਗਿਆ। ਅਰਬ ਦੇਸ਼ਾਂ ਦੇ ਬਾਦਸ਼ਾਹਾਂ ਨੂੰ ਹੇਠਾਂ ਲਗਾ ਕੇ ਅਰਬਾਂ-ਖਰਬਾਂ ਪੈਟਰੋ ਡਾਲਰ ਦੇ ਤੌਰ ਤੇ ਕਮਾਏ ਅਤੇ ਵਿਤੀ ਪੂੰਜੀ ਦੇ ਪ੍ਰਬੰਧ ਵਿਚ ਸਮੁੱਚਾ ਅਰਬ ਸਰਮਾਇਆ ਅਮਰੀਕਨ ਕਾਰਪੋਰੇਟ ਬੈਕਾਂ ਵਿਚ ਜਮ੍ਹਾਂ ਕਰਵਾ ਲਿਆ। ਦਹਾਕਿਆਂ ਤੋਂ ਸਹਿਕਦੇ ਫਲਸਤੀਨੀ ਕਹਿ ਰਹੇ ਹਨ- ਸਾਨੂੰ ਅਮਰੀਕਨ ਸ਼ਹਿ ਤੇ ਪਲ ਰਹੇ ਇਜ਼ਰਾਈਲ ਤੋਂ ਆਜ਼ਾਦ ਕਰਵਾਓ!
ਪਿਛਲੇ ਦੋ ਦਹਾਕਿਆਂ ਤੋਂ ਚੀਨ ਅਮਰੀਕਾ ਨੂੰ ਆਰਥਿਕ ਖੇਤਰ ਵਿਚ ਲਗਾਤਾਰ ਚੁਣੌਤੀ ਦੇ ਰਿਹਾ ਹੈ ਕਿਉਂਕਿ ਅਮਰੀਕਨ ਵਿਕਾਸ ਦਾ ਮਾਡਲ ਸਿਰਫ ਖਪਤ ਮੰਡੀ ਉਪਰ ਹੀ ਟਿਕਿਆ ਹੈ। ਵੱਖ ਵੱਖ ਵਸਤੂਆਂ ਦੀ ਪੈਦਾਵਾਰ ਦੀ ਕਮਾਂਡ ਚੀਨ ਕੋਲ ਹੈ। ਅਮਰੀਕਨ ਕਾਰਪੋਰੇਟ ਘਰਾਣੇ ਚੀਨੀ ਮਾਲ ਨੂੰ ਖਪਤ ਸਟੋਰਾਂ ਵਿਚ ਰੱਖ ਕੇ ਵੇਚਣ ਤੱਕ ਸੀਮਤ ਹਨ। ਅਮਰੀਕਾ ਜੋ ਕੁੱਲ ਦੁਨੀਆਂ ਦੀ ਆਬਾਦੀ ਦਾ 4% ਹੈ ਪਰ ਖਪਤ ਕੁੱਲ ਦੁਨੀਆਂ ਦੀ 25% ਕਰਦਾ ਹੈ। ਅਮਰੀਕਾ ਨੇ ਆਪਣੇ ਵਿਕਾਸ ਮਾਡਲ ਵਿਚ ਸਨਅਤੀ ਖੇਤਰਾਂ ਨੂੰ ਇਸ ਕਰਕੇ ਤਿਲਾਂਜਲੀ ਦਿਤੀ ਕਿ ਬਾਹਰਲੇ ਮੁਲਕਾਂ ਵਿਚ ਮਜ਼ਦੂਰੀ ਸਸਤੀ ਹੈ, ਇਸ ਕਰਕੇ ਮਾਲ ਬਾਹਰੋਂ ਮੰਗਵਾਉਣਾ ਸਸਤਾ ਪੈਂਦਾ ਹੈ। ਉਧਰ, ਦਹਾਕਿਆਂ ਤੋਂ ਪੈਦਾਵਾਰ ਦੀ ਕਮਾਂਡ ਚੀਨ ਨੇ ਸੰਭਾਲੀ ਹੋਈ ਹੈ ਅਤੇ ਅਜੋਕੇ ਕਰੋਨਾ ਸੰਕਟ ਵਿਚੋਂ ਉਭਰ ਕੇ ਪੈਦਾਵਾਰ ਬਰਕਰਾਰ ਰੱਖੀ ਹੋਈ ਹੈ। ਹੁਣ ਅਮਰੀਕਾ ਦਾ ਹਾਲ ਵੀ ਉਹੀ ਹੋ ਰਿਹਾ ਹੈ ਜਿਵੇਂ ਸੋਵੀਅਤ ਯੂਨੀਅਨ ਦੇ ਆਪਣੇ ਆਪ ਨੂੰ ਅਮਰੀਕਾ ਦੇ ਹਥਿਆਰਾਂ ਅਤੇ ਜੰਗੀ ਸਾਜ਼ੋ-ਸਾਮਾਨ ਨਾਲ ਲੈਸ ਤਾਕਤ ਦੇ ਰੂਪ ਵਿਚ ਬਦਲ ਲਿਆ ਸੀ। ਸੋਵੀਅਤ ਯੂਨੀਅਨ ਅੱਜ ਦੁਨੀਆਂ ਦੇ ਨਕਸ਼ੇ ਤੋਂ ਗਾਇਬ ਹੋ ਚੁੱਕਾ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜੰਗੀ ਬੇੜਿਆਂ ਨਾਲ ਲੈਸ ਅਤੇ ਜੰਗੀ ਆਰਥਿਕਤਾ ਦੇ ਆਧਾਰ ਉਪਰ ਚੱਲਣ ਵਾਲੇ ਅਮਰੀਕਾ ਦਾ ਕੀ ਹਸ਼ਰ ਹੁੰਦਾ ਹੈ! ਪ੍ਰਸਿੱਧ ਵਿਦਵਾਨ ਨੌਮ ਚੌਮਸਕੀ ਤਾਂ ਇਥੋਂ ਤੱਕ ਕਹਿ ਰਿਹਾ ਹੈ: “ਅਮਰੀਕਾ ਫੇਲ੍ਹ ਸਟੇਟ ਹੈ। ਟਰੰਪ ਵਾਲਾ ਸਮਾਂ ਅਮਰੀਕਨਾਂ ਦੀ ਬਰਬਾਦੀ ਦਾ ਸਮਾਂ ਹੈ। ਜੇ ਟਰੰਪ ਦੂਸਰੀ ਵਾਰ ਰਾਸ਼ਟਰਪਤੀ ਬਣਦਾ ਹੈ ਤਾਂ ਇਹ ਦੁਨੀਆਂ ਨੂੰ ਪਰਮਾਣੂ ਜੰਗ ਵੱਲ ਧੱਕ ਦੇਵੇਗਾ, ਕਿਉਂਕਿ ਨਵ-ਉਦਾਰਵਾਦੀ ਨੀਤੀਆਂ ਕਾਰਨ ਦੁਨੀਆਂ ਦੇ ਹਰ ਕੋਨੇ ਵਿਚ ਸੰਕਟ ਹੈ, ਸੱਜੇ-ਪੱਖੀ ਹਕੂਮਤਾਂ ਹਨ, ਕੋਈ ਵੀ ਅਜਿਹਾ ਖਿੱਤਾ ਨਹੀਂ ਜਿੱਥੇ ਅਮਰੀਕਨ ਬੇੜੇ ਤੇ ਫੌਜਾਂ ਦੀ ਮੌਜੂਦਗੀ ਨਾ ਹੋਵੇ। ਇਸ ਕਰਕੇ ਭਵਿੱਖ ਵਿਚ ਜੰਗਾਂ ਦੇ ਖਤਰੇ ਵਧੇ ਹੋਏ ਹਨ। ਟਰੰਪ ਦੇ ਦੌਰ ਵਿਚ ਅਮਰੀਕੀ ਜਮਹੂਰੀਅਤ ਸੰਕਟਗ੍ਰਸਤ ਹੋ ਚੁਕੀ ਹੈ, ਇਸ ਕਰਕੇ ਅਮਰੀਕਾ ਵਿਚ ਸਿਆਸੀ ਤਬਦੀਲੀ ਜ਼ਰੂਰੀ ਹੈ।”
ਕਰੋਨਾ ਸੰਕਟ ਆਇਆ ਤਾਂ ਡੋਨਲਡ ਟਰੰਪ ਨੇ ਵਾਇਰਸ ਕੰਟਰੋਲ ਕਰਨ ਅਤੇ ਸਿਹਤ ਸਹੂਲਤਾਂ ਨੂੰ ਹਾਲਾਤ ਨਾਲ ਨਜਿੱਠਣ ਲਈ ਤਿਆਰ ਕਰਨ ਦੀ ਥਾਂ ਇਸ ਨੂੰ ਚੀਨੀ ਸਾਜ਼ਿਸ਼ ਤੇ ਚੀਨੀ ਵਾਇਰਸ ਵਜੋਂ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਵਿਸ਼ਵ ਸਿਹਤ ਸੰਸਥਾ ਨੂੰ ਵੀ ਨਾ ਬਖ਼ਸ਼ਿਆ ਅਤੇ ਉਸ ਨੂੰ ਆਰਥਿਕ ਮਦਦ ਵੀ ਬੰਦ ਕਰ ਦਿੱਤੀ। ਕਰੋਨਾ ਨਾਲ ਇਕ ਲੱਖ ਤੋਂ ਵੱਧ ਅਮਰੀਕਨਾਂ ਦੀ ਜਾਨ ਜਾ ਚੁੱਕੀ ਹੈ ਜਿਨ੍ਹਾਂ ਵਿਚ ਬਹੁਤੇ ਅਫਰੀਕਨ ਅਮਰੀਕਨ ਸਨ। ਅਜੇ ਵੀ ਲੱਖਾਂ ਦੀ ਤਾਦਾਦ ਵਿਚ ਅਮਰੀਕਨ ਕਰੋਨਾ ਕਾਰਨ ਸੰਕਟ ਵਿਚ ਹਨ। ਸਿਹਤ ਸਹੂਲਤਾਂ ਕਾਰਪੋਰੇਟ ਘਰਾਣਿਆਂ ਅਧੀਨ ਹਨ ਅਤੇ ਲੋਕ ਤੜਫ ਰਹੇ ਹਨ।
ਹੁਣ ਜਦੋਂ ਜੌਰਜ ਫਲਾਇਡ ਦੀ ਗੈਰ-ਮਾਨਵੀ ਹੱਤਿਆ ਕਾਰਨ ਸਾਹਮਣੇ ਆਇਆ ਹੈ ਤਾਂ ਇਸ ਨੇ ਅਮਰੀਕਨ ਸਮਾਜ ਦੀਆਂ ਅੰਦਰੂਨੀ ਪਰਤਾਂ ਨੂੰ ਤਾਂ ਨੰਗਾ ਕੀਤਾ ਹੀ ਬਲਕਿ ਅਮਰੀਕਨ ਸਟੇਟ ਦਾ ਚਿਹਰਾ ਵੀ ਬੇਨਕਾਬ ਕਰ ਦਿੱਤਾ। ਕਾਲੇ ਤੇ ਗੋਰੇ ਅਮਰੀਕਨ ਨੌਜਵਾਨ ਜੋ ਮਹਿੰਗੀ ਪੜ੍ਹਾਈ, ਬੇਰੁਜ਼ਗਾਰੀ, ਧੁੰਦਲੇ ਭਵਿੱਖ ਅਤੇ ਸਮੇਂ ਸਮੇਂ ਹਕੂਮਤ ਦੀਆਂ ਜ਼ਿਆਦਤੀਆਂ ਦੇ ਸਤਾਏ ਹੋਏ ਸਨ, ਸੜਕਾਂ ਉਪਰ ਉਤਰ ਆਏ। ਜਾਰਜ ਫਲਾਇਡ ਦੇ ਆਖ਼ਰੀ ਵਕਤ ਵਾਲੇ ਬੋਲ ਕਿ ‘ਮੈਨੂੰ ਸਾਹ ਨਹੀਂ ਆ ਰਿਹਾ’ ਨਾਅਰਾ ਬਣ ਗਏ। ਇਸ ਬੁਲੰਦ ਆਵਾਜ਼ ਨੇ ਅਮਰੀਕਨ ਹੁਕਮਰਾਨਾਂ ਨੂੰ ਇਕ ਵਾਰੀ ਤਾਂ ਕੰਬਣ ਲਾ ਦਿੱਤਾ ਅਤੇ ਇਹ ਆਵਾਜ਼ਾਂ ਅਮਰੀਕਨ ਸਰਹੱਦਾਂ ਪਾਰ ਕਰਕੇ ਦੁਨੀਆਂ ਦੇ ਹੋਰ ਦੇਸ਼ਾਂ ਤੱਕ ਪਹੁੰਚ ਗਈਆਂ। ਕੋਈ ਮੁਲਕ ਅਤੇ ਖਿੱਤਾ ਅਜਿਹਾ ਨਹੀਂ ਬਚਿਆ ਜਿਥੇ ਜੌਰਜ ਫਲਾਇਡ ਦੇ ਹੱਕ ਵਿਚ ਹਾਅ ਦਾ ਨਾਅਰਾ ਨਾ ਲਗਿਆ ਹੋਵੇ। ਵੱਖ ਵੱਖ ਦੇਸ਼ਾਂ ਵਿਚ ਲੋਕਾਂ ਨੇ ਨਾਅਰਾ ਘੜ ਲਿਆ: ‘ਸਾਨੂੰ ਨਵ-ਉਦਾਰਵਾਦ ਦੀਆਂ ਸਰਕਾਰਾਂ ਤੋਂ ਆਜ਼ਾਦੀ ਚਾਹੀਦੀ ਹੈ’, ‘ਅਸੀਂ ਸਾਹ ਲੈਣਾ ਚਾਹੁੰਦੇ ਹਾਂ’।
ਇਸ ਸੰਕਟ ਦੌਰਾਨ ਡੋਨਲਡ ਟਰੰਪ ਇਸ ਹੱਦ ਤੱਕ ਬੌਂਦਲ ਗਿਆ ਕਿ ਨੈਸ਼ਨਲ ਸਕਿਉਰਟੀ ਗਾਰਡ ਲਾਉਣ ਦੀ ਧਮਕੀ ਤੱਕ ਚਲਾ ਗਿਆ। ਉਹ ਇਥੇ ਹੀ ਨਹੀਂ ਰੁਕਿਆ, ਵੱਖ ਵੱਖ ਰਾਜਾਂ ਦੇ ਸ਼ਹਿਰਾਂ ਵਿਚ ਮਿਲਟਰੀ ਉਤਾਰਨ ਦੀ ਵਕਾਲਤ ਕਰਨ ਲੱਗਾ। ਇਸ ਉਪਰ ਪੈਂਟਾਗਨ ਦੇ ਅਧਿਕਾਰੀਆਂ ਤੋਂ ਲੈ ਕੇ ਸਾਬਕਾ ਸੁਰੱਖਿਆ ਸਕੱਤਰ ਤੱਕ ਨੂੰ ਕਹਿਣਾ ਪਿਆ, “ਟਰੰਪ ਜੀ, ਬੱਸ ਕਰੋ। ਕਿਉਂ ਦੇਸ਼ ਨੂੰ ਵੰਡਣ ਵੱਲ ਵਧ ਰਹੇ ਹੋ। ਗਲੀਆਂ ਤੇ ਬਾਜ਼ਾਰਾਂ ਵਿਚ ਜੰਗ ਵਰਗੀ ਹਾਲਤ ਬਣਾ ਦਿਓਗੇ ਜੋ ਬਚੀ-ਖੁਚੀ ਜਮਹੂਰੀਅਤ ਨੂੰ ਵੀ ਤਬਾਹ ਕਰ ਦੇਵੇਗੀ।”
ਅੱਜ ਅਮਰੀਕਾ ਦੀ ਹਾਲਤ ਇਹ ਹੈ ਕਿ ਬੇਰੁਜ਼ਗਾਰੀ ਦੀ ਦਰ 4% ਤੋਂ ਵਧ ਕੇ 15% ਹੋ ਗਈ ਹੈ ਜੋ 1930 ਦੇ ਮੰਦਵਾੜੇ ਤੋਂ ਬਾਅਦ ਸਭ ਤੋਂ ਵੱਧ ਹੈ। ਹਰ ਤੀਜਾ ਅਮਰੀਕਨ ਬੇਰੁਜ਼ਗਾਰ ਹੋ ਚੁੱਕਾ ਹੈ। ਇਕ ਅੰਦਾਜ਼ੇ ਮੁਤਾਬਿਕ ਰੋਜ਼ੀ ਰੋਟੀ ਕਾਇਮ ਰੱਖਣ ਲਈ 3 ਅਰਬ ਡਾਲਰ ਦੇ ਕਰਜ਼ੇ ਲੋਕ ਲੈਣਗੇ ਜਿਨ੍ਹਾਂ ਵਿਚ 29% ਕਾਲੇ ਅਮਰੀਕਨਾਂ ਦੀ ਆਬਾਦੀ ਹੋਵੇਗੀ। 2020 ਦੇ ਪਹਿਲੇ 3 ਮਹੀਨਿਆਂ ਵਿਚ 155 ਬਿਲੀਅਨ ਡਾਲਰ ਘਰੇਲੂ ਕਰਜ਼ਿਆਂ ਵਿਚ ਵਾਧਾ ਹੋਇਆ ਹੈ। ਅਮਰੀਕਾ ਦੀ ਫੂਡ ਬੈਂਕ ਵਿਚੋਂ 2 ਮਹੀਨਿਆਂ ਦੌਰਾਨ ਹੀ ਲੋੜ 11% ਤੋਂ ਵਧ ਕੇ 44% ਹੋ ਗਈ ਹੈ। ਫੂਡ ਬੈਂਕ ਉਪਰ ਪਹਿਲਾਂ ਹੀ 5 ਕਰੋੜ ਲੋਕ ਨਿਰਭਰ ਸਨ। ਵਾਸ਼ਿੰਗਟਨ ਪੋਸਟ ਅਨੁਸਾਰ, “ਅਮਰੀਕਾ ਦੀ ਸਿਆਸੀ ਹਾਲਤ ਲਗਾਤਾਰ ਵਿਗੜ ਰਹੀ ਹੈ। ਮੌਤਾਂ ਦਾ ਦੁਖਦਾਈ ਨਵਾਂ ਮੀਲ ਪੱਥਰ ਬਣ ਗਿਆ ਹੈ। ਹੁਣ ਜੌਰਜ ਫਲਾਇਡ ਦੀ ਮੌਤ ਨੇ ਇਸ ਆਰਥਿਕਤਾ ਨੂੰ ਵਿਨਾਸ਼ਕਾਰੀ, ਬੇਕਾਬੂ ਤੇ ਪ੍ਰੇਸ਼ਾਨ ਕਰਨ ਵਾਲੀ ਹਾਲਤ ਵਿਚ ਪਹੁੰਚਾ ਦਿੱਤਾ ਹੈ, ਇਹ ਹਾਲਤ ਅਮਰੀਕਾ ਦੇ ਸਮੁੱਚੇ ਤਾਣੇਬਾਣੇ ਨੂੰ ਬੁਰੀ ਤਰ੍ਹਾਂ ਹਿਲਾ ਦੇਵੇਗੀ।”
ਅਮਰੀਕਾ ਦੀ ਅਜਿਹੀ ਹਾਲਤ ਦੁਨੀਆਂ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਵੱਲ ਵੀ ਵਧੇਗੀ। ਅਮਰੀਕਾ ਦਾ ਅੰਦਰੂਨੀ ਵਿਰੋਧ ਵਿਸ਼ਵ ਪੂੰਜੀਵਾਦੀ ਸੰਕਟ ਦੇ ਸਵਾਲ ਨੂੰ ਮੁੜ ਸਿਆਸਤ ਦੇ ਖੇਤਰ ਵਿਚ ਵੱਖ ਵੱਖ ਦੇਸ਼ਾਂ ਦੀਆਂ ਹਕੂਮਤਾਂ ਨੂੰ ਕੰਬਣੀਆਂ ਛੇੜ ਰਿਹਾ ਹੈ। ਇਸ ਵਿਚ ਕਰੋਨਾ ਦਾ ਸੰਕਟ ਨਵਾਂ ਵਾਧਾ ਕਰ ਰਿਹਾ ਹੈ। ਬਦਲ ਦੀ ਤਲਾਸ਼ ਵਿਚ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਨਵੀਆਂ ਪਹਿਲਕਦਮੀਆਂ ਪੈਦਾ ਹੋਣ ਦੀ ਸੰਭਾਵਨਾ ਪੈਦਾ ਹੋ ਰਹੀ ਹੈ। ਇਸ ਸਵਾਲ ਦਾ ਜਵਾਬ ਲੱਭਣ ਲਈ 1968 ਵਿਚ ਪੈਰਿਸ ਤੋਂ ਲੰਡਨ ਤੱਕ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਨਾਅਰਾ ਬੁਲੰਦ ਕੀਤਾ ਸੀ: “ਉਹ ਕਾਰਜ ਕਰੋ ਜੋ ਅਸੰਭਵ ਹੈ।” ਇਸ ਦਿਸ਼ਾ ਵੱਲ ਜੇ ਦੁਨੀਆਂ ਦੇ ਲੋਕ ਇਕਜੁੱਟ ਹੋ ਕੇ ਨਵ-ਉਦਾਰਵਾਦੀ ਆਰਥਿਕ ਤੇ ਸਿਆਸੀ ਪ੍ਰਾਜੈਕਟ ਖਿਲਾਫ ਬਦਲ ਉਸਾਰਨ ਵੱਲ ਨਹੀਂ ਵਧਣਗੇ ਤਾਂ ਪਤਾ ਨਹੀਂ ਜੌਰਜ ਫਲਾਇਡ ਵਰਗੀਆਂ ਕਿੰਨੀਆਂ ਤਰਾਸਦੀਆਂ ਹੋਰ ਹੰਢਾਉਣੀਆਂ ਪੈਣਗੀਆਂ।
ਸੰਪਰਕ: 98151-15429