ਐੱਸ ਪੀ ਸਿੰਘ*
ਇਹ ਲਿਖਦਿਆਂ ਹੋਇਆਂ ਵੀ ਕੋਫ਼ਤ ਹੁੰਦੀ ਹੈ, ਕੁਝ ਅੰਦਰਲਾ ਵਲੂੰਧਰਿਆ ਜਾਂਦਾ ਹੈ ਪਰ ਅੰਤਰਰਾਸ਼ਟਰੀ ਰਾਜਨੀਤਕ ਹਕੀਕਤਾਂ ਅਤੇ ਸੱਤਾ ਦੇ ਆਲਮੀ ਸਮੀਕਰਨਾਂ ਤੋਂ ਹੁਣ ਕਿੰਨਾ ਕੁ ਮੁਨਕਰ ਹੋਇਆ ਜਾ ਸਕਦਾ ਹੈ? ਸੱਚ ਇਹ ਹੈ ਕਿ ਇੱਕ ਵੱਡੀ ਹੱਦ ਤਕ ਅਮਰੀਕਾ ਦਾ ਰਾਸ਼ਟਰਪਤੀ ਦੁਨੀਆਂ ਦੇ ਬਹੁਤੇ ਦੇਸ਼ਾਂ ਦੇ ਬਹੁਤੇ ਲੋਕਾਂ ਦਾ ‘ਭਾਗਿਆ ਵਿਧਾਤਾ’ ਹੁੰਦਾ ਹੈ, ਉਨ੍ਹਾਂ ਦੀਆਂ ਜ਼ਿੰਦਗੀਆਂ ਉੱਤੇ ਫ਼ੈਸਲਾਕੁੰਨ ਪ੍ਰਭਾਵ ਪਾਉਂਦਾ ਹੈ। ਪੌਪੂਲਰ ਕਲਚਰ ਦੀ ਭਾਸ਼ਾ ਵਿੱਚ ਅਕਸਰ ਉਹਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਕਿਹਾ ਜਾਂਦਾ ਹੈ।
ਇਸ ਲਿਖਤ ਦੇ ਤੁਹਾਡੇ ਤੱਕ ਪੁੱਜਣ ਦੇ ਕੁਝ ਕੁ ਘੰਟਿਆਂ ਬਾਅਦ ਹੀ ਦੁਨੀਆਂ ਦਾ ਇਹ ਸ਼ਕਤੀਸ਼ਾਲੀ ਵਿਅਕਤੀ ਆਪਣੇ ਅਹੁਦੇ ਦੀ ਸਹੁੰ ਚੁੱਕ ਰਿਹਾ ਹੋਵੇਗਾ। ਅਮਰੀਕੀ ਰਾਜਧਾਨੀ ਵਿੱਚ ਇਸ ਮੌਕੇ ਏਨਾ ਖ਼ਤਰਾ ਮੰਡਰਾ ਰਿਹਾ ਹੈ ਕਿ ਹਥਿਆਰਬੰਦ ਫ਼ੌਜੀ ਜਵਾਨ ਸਰਕਾਰੀ ਇਮਾਰਤਾਂ ਤੇ ਜਨਤਕ ਚੁਰਾਹਿਆਂ ’ਤੇ ਕੁਰਬਲ ਕੁਰਬਲ ਗਸ਼ਤ ਕਰ ਰਹੇ ਹਨ। ਇਸ ਬ੍ਰਹਿਮੰਡ ਵਿਚ ਸਭ ਤੋਂ ਵਧੇਰੇ ਚੁਸਤ-ਚਲਾਕ, ਸਾਧਨ-ਸੰਪੰਨ ਤੇ ਸੂਖ਼ਮ ਵਿਗਿਆਨਕ ਤਕਨੀਕਾਂ ਅਤੇ ਹਥਿਆਰਾਂ ਨਾਲ ਲੈਸ ਖ਼ੁਫ਼ੀਆ ਏਜੰਸੀ, ਐਫ.ਬੀ.ਆਈ ਨੇ ਚਿਤਾਵਨੀ ਸ਼ਾਇਆ ਕੀਤੀ ਹੈ ਕਿ ਅਮਰੀਕੀ ਸੂਬਿਆਂ ਦੀਆਂ ਰਾਜਧਾਨੀਆਂ, ਵਿਧਾਨ ਸਭਾਵਾਂ ਅਤੇ ਕੇਂਦਰੀ ਸਰਕਾਰ ਦੀਆਂ ਇਮਾਰਤਾਂ ਅਤੇ ਅਦਾਰਿਆਂ ਉੱਤੇ ਹਥਿਆਰਬੰਦ ਘਰੇਲੂ ਅਤਿਵਾਦੀ (domestic terrorists) ਹਮਲੇ ਕਰ ਸਕਦੇ ਹਨ।
ਖ਼ਤਰੇ ਬਾਰੇ ਖ਼ਬਰਾਂ ਬੜੀ ਦੇਰ ਤੋਂ ਗਰਦਿਸ਼ ਕਰ ਰਹੀਆਂ ਸਨ ਪਰ ਜਦੋਂ ਨਵੇਂ ਵਰ੍ਹੇ ਦੇ ਪਹਿਲੇ ਹੀ ਹਫ਼ਤੇ ਅਮਰੀਕੀ ਭੀੜਤੰਤਰ ਨੇ ਲੋਕਤੰਤਰ ਦੇ ਵੱਡੇ ਬਿੰਬ, ਕੈਪੀਟਲ ਹਿਲ (Capitol Hill) – ਅਮਰੀਕੀ ਲੋਕ ਸਭਾ ਤੇ ਰਾਜ ਸਭਾ – ਉੱਤੇ ਹਮਲਾ ਬੋਲ ਦਿੱਤਾ, ਕਬਜ਼ਾ ਕਰ ਲਿਆ, ਕੁਝ ਲਾਸ਼ਾਂ ਵਿਛੀਆਂ ਅਤੇ ਲੋਕਤੰਤਰ ਦੀ ਇੱਜ਼ਤ ਛਲਣੀ ਹੋ ਗਈ ਤਾਂ ਇਸ ਨਵੇਂ ਦੁਸ਼ਮਣ ਦੀ ਆਮਦ, ਤਾਕਤ, ਮਨਸ਼ਾ ਅਤੇ ਸੰਭਾਵਨਾਵਾਂ ਬਾਰੇ ਨਿੱਠ ਕੇ ਬਿਰਤਾਂਤਕਾਰੀ ਸਾਹਮਣੇ ਆਈ ਹੈ। ਇਹਨੂੰ greatest domestic terrorism threat- ਦੇਸ਼ ਵਿਚ ਹੀ ਪਣਪਿਆ ਸਭ ਤੋਂ ਵੱਡਾ ਦਹਿਸ਼ਤਵਾਦ- ਗਰਦਾਨਿਆ ਗਿਆ ਹੈ।
ਕਿਸੇ ਲੋਕਤੰਤਰ ਵਿਚ ਸਿਆਸਤ ਇਸ ਮੁਕਾਮ ਤਕ ਕਿਵੇਂ ਪੁੱਜਦੀ ਹੈ? ਡੋਨਲਡ ਟਰੰਪ ਵਿੱਚ ਅਜਿਹੀਆਂ ਕਿਹੜੀਆਂ ਖ਼ੂਬੀਆਂ ਸਨ, ਉਹਦੇ ਬਿਆਨੀਏ ਵਿੱਚ ਉਹ ਕਿਹੜੀ ਮਿਕਨਾਤੀਸੀ ਕਸ਼ਿਸ਼ ਸੀ ਕਿ ਕੁਲ ਜਹਾਨ ਸਾਹਵੇਂ ਚੋਣ ਹਾਰ ਜਾਣ ਤੋਂ ਬਾਅਦ ਵੀ ਇੱਕ ਵੱਡੀ ਭੀੜ ਉਹਦੇ ਉੱਤੇ ਹੀ ਵਿਸ਼ਵਾਸ ਕਰਦੀ ਹੈ, ਸੋਚਦੀ ਹੈ ਕਿ ਬਾਕੀ ਸਭ ਬੇਈਮਾਨ ਹਨ, ਬੱਚੇ ਉਧਾਲਣ ਵਾਲੇ ਗਿਰੋਹ ਹਨ, ਸ਼ੈਤਾਨ ਨੂੰ ਸਮਰਪਿਤ ਹਨ। ਇਹ ਟਰੰਪ ਹੀ ਹੈ ਜਿਹੜਾ ਅਮਰੀਕੀ ਆਦਰਸ਼ਵਾਦ ਨੂੰ ਬਚਾਉਣ ਵਿੱਚ ਰੁੱਝਾ ਹੈ। ਸੱਦਾ ਆਇਆ ਹੈ, ਉਹਨੇ ਸਾਨੂੰ ਬੁਲਾਇਆ ਹੈ, ਅਸਾਂ ਹੁਣ ਉਸ ਪਹਾੜ ’ਤੇ ਚੜ੍ਹ ਜਾਣਾ ਹੈ, ਆਪਣਾ ਦੇਸ਼ ਬਚਾਉਣਾ ਹੈ।
ਹੁਣ ਟਰੰਪ ਦੇ ਦਿਨ ਪੁੱਗ ਗਏ ਹਨ। ਅਮਰੀਕੀ ਲੋਕ ਸਭਾ ਨੇ ਵੋਟਾਂ ਪਾ ਕੇ ਉਹਨੂੰ ਦੁਬਾਰਾ ਮਹਾਂਦੋਸ਼ੀ ਕਰਾਰ ਦੇ ਕੇ ਦੂਜੀ ਵਾਰੀ ਉਹਦੇ ਗੋਰੇ ਮੁਖੜੇ ’ਤੇ ਕਾਲਖ਼ ਪੋਤ ਦਿੱਤੀ ਹੈ। ਸਿਆਸਤ ਆਪਣੀ ਮੁੜ ਸੰਭਾਲ ਵਿਚ ਜੁਟ ਗਈ ਹੈ। ਭਵਿੱਖ ਵਿੱਚ ਕੋਈ ਵੀ ਉਹ ਚੰਨ ਨਾ ਚਾੜ੍ਹ ਸਕੇ ਜਿਹੜੇ ਟਰੰਪ ਨੇ ਚਾਰ ਸਾਲ ਚਾੜ੍ਹੇ, ਇਹਦੇ ਲਈ ਨਵੀਂ ਕਾਨੂੰਨਸਾਜ਼ੀ ਦੀ ਗੱਲ ਤੁਰੀ ਹੈ।
ਅਸਲ ਵਿਚ ਇਹ ਸਿਆਸਤ ਵਿੱਚੋਂ ਚਿਰਾਂ ਤੋਂ ਮਨਫ਼ੀ ਹੋ ਗਏ ਨੈਤਿਕਤਾ ਦੇ ਸਵਾਲ ਹਨ। ਮਨੁੱਖਾਂ ਨੇ ਹਾਲੇ ‘ਪ੍ਰਬੰਧਨ ਚੰਗਾ ਕਿਵੇਂ ਚੱਲੇ’, ‘ਆਰਥਿਕਤਾ ਕਿਵੇਂ ਸੁਚਾਰੂ ਹੋਵੇ’, ‘ਚੋਣਾਂ ਕਿਵੇਂ ਸ਼ਫਾਫ ਹੋਣ’, ‘ਸੜਕਾਂ ’ਤੇ ਦੁਰਘਟਨਾ ਦਾ ਖ਼ਤਰਾ ਕਿਵੇਂ ਟਲੇ’, ਇਸ ਸਭ ਕਾਸੇ ਬਾਰੇ ਨਿਯਮ ਬਣਾਉਣੇ ਸਿੱਖੇ ਹਨ। ਮਨੁੱਖਾਂ ਅੰਦਰ, ਖ਼ਾਸ ਤੌਰ ’ਤੇ ਦੂਸਰੇ ਮਨੁੱਖਾਂ ਦੀਆਂ ਜ਼ਿੰਦਗੀਆਂ ਉੱਤੇ ਪ੍ਰਭਾਵ ਪਾਉਣ ਵਾਲੇ ਮਨੁੱਖਾਂ – ਰਾਜਨੇਤਾਵਾਂ – ਅੰਦਰ ਨੈਤਿਕਤਾ ਦਾ ਪੱਧਰ ਉੱਚਾ ਚੁੱਕਣ ਲਈ ਕਾਨੂੰਨਨ ਕੁਝ ਨਹੀਂ ਕੀਤਾ ਜਾ ਸਕਦਾ। ਤੁਸੀਂ ਕਾਨੂੰਨ ਪਾਸ ਨਹੀਂ ਕਰ ਸਕਦੇ ਕਿ ਕੋਈ ਦਿਲੋਂ ਨਿਰਮਲ ਹੋਵੇ, ਗ਼ਰੀਬਨਵਾਜ਼ ਹੋਵੇ, ਖ਼ਲਕਤ ਪ੍ਰਤੀ ਫਰਜ਼ਸ਼ਨਾਸ ਹੋਵੇ।
ਟਰੰਪ ਸਿਆਸਤ ਵਿੱਚੋਂ ਨੈਤਿਕਤਾ ਦੀ ਮੌਤ ਦਾ ਰਸਮੀ ਐਲਾਨ ਸੀ। ਜ਼ਾਹਰਾ ਝੂਠ, ਖੁੱਲ੍ਹਮ-ਖੁੱਲ੍ਹਾ ਸਵਾਰਥੀ, ਟੈਕਸ ਚੋਰੀ ਦਾ ਸਰਗਣਾ, ਨਸਲੀ ਹਿੰਸਾ ਤੋਂ ਬੇਪਰਵਾਹ- ਉਹ ਸਿਆਸਤ ਵਿਚਲੇ ਉਸ ਕਿਰਦਾਰ ਦਾ ਮੁਜੱਸਮਾ ਸੀ ਜਿਹੜਾ ਟੁਕੜਿਆਂ-ਟੁਕੜਿਆਂ ਵਿੱਚ ਸਾਡੇ ਸਮਿਆਂ ਦੇ ਰਾਜਨੇਤਾਵਾਂ ਦੇ ਚਰਿੱਤਰ ਦਾ ਹਿੱਸਾ ਬਣਦਾ ਜਾ ਰਿਹਾ ਹੈ। ਫ਼ਰਕ ਸਿਰਫ਼ ਇੰਨਾ ਹੀ ਸੀ ਕਿ ਟਰੰਪ ਦੀ ਸ਼ਖ਼ਸੀਅਤ, ਵਿਹਾਰ ਅਤੇ ਸ਼ੈਲੀ ਵਿਚ ਇਹ ਟੁਕੜੇ ਇਕੋ ਥਾਈਂ ਇਕੱਠੇ ਆ ਗਏ ਸਨ।
ਦਹਾਕਿਆਂ ਤੋਂ ਹੁੰਦੀ ਰਹੀ ਕਿਰਦਾਰਕੁਸ਼ੀ ਨੇ ਇੱਕ ਵੱਡੀ ਭੀੜ ਨੂੰ ਇਹ ਜਤਾ ਦਿੱਤਾ ਸੀ ਕਿ ਸਭ ਚੋਰ ਹਨ। ਇਕ ਮੌਕਾ-ਸ਼ਨਾਸ ਚੋਰ ਨੇ ਵੱਡਾ ਭੌਂਪੂ ਲੈ ਕੇ ਨਾਅਰਾ ਮਾਰਿਆ ਕਿ ਸਭ ਚੋਰ ਹਨ, ਤੁਸੀਂ ਮੈਨੂੰ ਚੁਣੋ, ਸਿਰਫ਼ ਮੇਰੀ ਗੱਲ ਸੁਣੋ। ਸਮਾਂ ਬੀਤਣ ਨਾਲ ਪਤਾ ਲੱਗਿਆ ਕਿ ਉਹ ਆਪ ਉਹੋ ਜਿਹਾ ਹੈ ਜਿਹੋ ਜਿਹੇ ਸਾਡੇ ’ਚੋਂ ਕਿੰਨੇ ਸਾਰੇ ਹੋ ਜਾਣਾ ਲੋਚਦੇ ਹਨ- ਅਮੀਰ, ਖ਼ੁਦਪ੍ਰਸਤ, ਬੇਪਰਵਾਹ, ਨਿਯਮ ਕਾਨੂੰਨ ਤੋਂ ਆਜ਼ਾਦ, ਤਾਕਤਵਰ, ਆਪਣੇ ਆਪ ਨਾਲ ਮੁਹੱਬਤ ਵਿੱਚ ਗ਼ਲਤਾਨ, ਜ਼ਬਾਨ ’ਤੇ ਗਾਲ੍ਹ, ਹਰ ਤਨਕੀਦ ਪ੍ਰਤੀ ਹਿਕਾਰਤ, ਸਿਰੇ ਦਾ ਖ਼ੁਦਗਰਜ਼, ਬਾਕੀ ਜਹਾਨ ਪਵੇ ਢੱਠੇ ਖੂਹ ’ਚ।
ਹੁਣ ਘਟਨਾਕ੍ਰਮ ਅਤੇ ਸਮੇਂ ਦੇ ਚੱਕਰ ਨੇ ਉਹਨੂੰ ਪਾਸੇ ਧੱਕਿਆ ਹੈ ਤਾਂ ਸਿਆਸਤ ਕੋਲ ਫਿਰ ਮੌਕਾ ਆਇਆ ਹੈ ਕਿ ਉਸ ਕੇਂਦਰੀ ਸਵਾਲ ਨੂੰ ਮੁੜ ਸੇਧਿਤ ਹੋਇਆ ਜਾਵੇ- ਅਸੀਂ ਨੈਤਿਕਤਾ ਬਾਰੇ ਕੀ ਪੈਂਤੜਾ ਲੈਣਾ ਹੈ?
ਜੇ ਅੱਜ ਅਮਰੀਕੀ ਰਾਜਧਾਨੀ ਤੇ ਵੱਡੇ ਸ਼ਹਿਰਾਂ ਵਿੱਚ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਫ਼ੌਜੀ ਗਸ਼ਤ ਕਰ ਰਹੇ ਹਨ ਤੇ ਲੋਕਤੰਤਰ ਦੇ ਜਸ਼ਨ ਉੱਤੇ ਖ਼ੂਨ ਖ਼ਰਾਬੇ ਦੇ ਅੰਦੇਸ਼ਿਆਂ ਦਾ ਪਰਛਾਵਾਂ ਹੈ ਤਾਂ ਇਹ ਸਿਆਸਤ ਵਿੱਚੋਂ ਨੈਤਿਕਤਾ ਦੇ ਸਵਾਲ ਦੇ ਮਨਫ਼ੀ ਹੋ ਜਾਣ ਦਾ ਇਸ਼ਤਿਹਾਰੀ ਐਲਾਨ ਹੈ। ਕਿਸੇ ਮੁਲਕ ਦੇ ਵਸਨੀਕਾਂ ਦਾ ਖ਼ਲਕਤ ਹੋ ਜਾਣਾ, ਸੰਗਤ ਬਣ ਜਾਣਾ ਰਾਜਨੀਤੀ ਅਤੇ ਰਾਜਨੇਤਾ ਉੱਤੇ ਨੈਤਿਕਤਾ ਦਾ ਵੱਡਾ ਕੁੰਡਾ ਹੁੰਦਾ ਹੈ।
ਟਰੰਪ ਭੀੜ ਨੂੰ ਬੁਲਾਵਾ ਭੇਜ ਸਕਦਾ ਹੈ। ਸੰਗਤੀ ਸੋਚ ਵਿਚਾਰ ਤੋਂ ਵਿਰਵੀ ਭੀੜ ‘ਚਲੋ ਬੁਲਾਵਾ ਆਇਆ ਹੈ’ ਕੂਕਦੀ, ਖ਼ੂਨ ਖ਼ਰਾਬਾ ਕਰਨ ਨਿਕਲ ਪੈਂਦੀ ਹੈ। ਦੁਨੀਆਂ ਭਰ ਵਿੱਚ ਸਿਆਸਤ ਹੁਣ ਇਨ੍ਹਾਂ ਦੋ ਪਰਸਪਰ ਵਿਰੋਧੀ ਜਨਸਮੂਹਾਂ ਉੱਤੇ ਆਣ ਟਿਕੀ ਹੈ। ਇਕ ਪਾਸੇ ਕੋਈ ਭੀੜ ਦਾ ਨਿਰਮਾਣ ਕਰ ਸਕਦਾ ਹੈ, ਦੂਜੇ ਪਾਸੇ ਲੋਕ ਇਕੱਠੇ ਹੋ ਕੇ ਸੰਗਤੀ ਰੂਪ ਵਿਚ ਵਿਚਰ ਸਕਦੇ ਹਨ।
ਇੱਕ ਸਿਆਸਤ ਨੇ ਸਦਾ ਦਿੱਤੀ ਤਾਂ ਲੋਕਾਈ ਖ਼ਲਕਤ ਬਣ ਕੇ ਉਮੜ ਆਈ। ਜਨਤਾ ਘੋਲ ਵਿੱਚ ਕੁੱਦ ਪਈ। ਸਿੰਘੂ ਟੀਕਰੀ ਬਾਰਡਰ ’ਤੇ ਸੰਗਤ ਜੁੜ ਕੇ ਬਹਿ ਗਈ। ਸਟੇਜਾਂ ਤੋਂ ਲੈਕਚਰ, ਕੀਰਤਨ ਦਾ ਪ੍ਰਵਾਹ, ਲੰਗਰ ਦੀ ਪ੍ਰੰਪਰਾ, ਟਰਾਲੀਆਂ ਦੇ ਅੰਦਰ ਬਾਹਰ ਦਾ ਵਾਸ, ਦੁੱਖ-ਸੁਖ ਦੀ ਸਾਂਝ, ਹਕੂਮਤੀ ਨੀਤੀਆਂ ਬਾਰੇ ਵਿਚਾਰ ਵਟਾਂਦਰੇ, ਆਪਸੀ ਮੱਤਭੇਦਾਂ ਬਾਰੇ ਬਹਿਸ ਮੁਬਾਹਿਸੇ, ਸਰਕਾਰਾਂ ਦੇ ਸਰੋਕਾਰਾਂ ਤੋਂ ਕੋਹਾਂ ਦੂਰ ਹੋਣ ਬਾਰੇ ਕੁਲ ਲੋਕਾਈ ਦੀ ਸਾਂਝੀ ਸਮਝਸਾਜ਼ੀ ਦੀ ਪ੍ਰਕਿਰਿਆ- ਇਹ ਸੰਖਨਾਦ ਵਜਾ ਕੇ ਸਿਆਸਤ ਵਿੱਚ ਨੈਤਿਕਤਾ ਦੀ ਮੁੜ ਵਾਪਸੀ ਦਾ ਸੰਗਤੀ ਐਲਾਨ ਹੈ।
ਇਕ ਮੁਖਾਲਿਫ਼ ਸਿਆਸਤ ਵੀ ਹੈ। ਉਹ ਵੀ ਜਨਸਮੂਹ ਉੱਤੇ ਆਧਾਰਤ ਹੈ। ਉਹ ਭੀੜ ਦਾ ਨਿਰਮਾਣ ਕਰਦੀ ਹੈ। ਉਹ ਸਵਾਲ ਬਰਦਾਸ਼ਤ ਨਹੀਂ ਕਰਦੀ, ਤਨਕੀਦ ਨੂੰ ਹਮਲਾ ਦੱਸਦੀ ਹੈ, ਸਰਕਾਰ ਨੂੰ ਮੁਲਕ ਦੱਸਦੀ ਹੈ, ਨੇਤਾ ਨੂੰ ਸਰਬਜਨ ਦਾ ਵਾਹਿਦ ਪ੍ਰਤੀਨਿਧੀ ਬਣਾ ਕੇ ਪੇਸ਼ ਕਰਦੀ ਹੈ। ਉਸੇ ਇਕੱਲੇ ਵਿਚ 130 ਕਰੋੜ ਆਤਮਾਵਾਂ ਦੀ ਪੱਕੀ ਰਿਹਾਇਸ਼ ਦੱਸਦੀ ਹੈ।
ਭੀੜ ਮੁਹੰਮਦ ਅਖ਼ਲਾਕ ਦੀ ਗਲੀ ਵੜਦੀ ਹੈ, ਪਹਿਲੂ ਖ਼ਾਨ ਨੂੰ ਕੁੱਟ ਕੁੱਟ ਮਾਰ ਦਿੰਦੀ ਹੈ, ਪਾਰਕਾਂ ’ਚ ਨੌਜਵਾਨ ਮੁੰਡੇ ਕੁੜੀਆਂ ਨੂੰ ਫੜ ਉਨ੍ਹਾਂ ਤੋਂ ਮੁਹੱਬਤ ਕਰਨ ਦੇ ਹੱਕ ਦੀ ਗਿੱਦੜ-ਪਰਚੀ ਮੰਗਦੀ ਹੈ। ਕਦੋਂ ਕਰੋਨਾ ਦਾ ਸ਼ਨੀ ਚੜ੍ਹ ਗਿਆ ਹੈ, ਥਾਲੀਆਂ ਵਜਾ ਐਲਾਨ ਕਰਦੀ ਹੈ; ਕਦੋਂ ਮੰਗਲ ਬੁੱਧ ਸੁੱਧ ਹੋ ਗਿਆ ਹੈ, ਪਛਾਣ ਕਰਦੀ ਹੈ।
ਸੰਗਤ ਧਰਨੇ ਵਿੱਚ ਆਣ ਜੁੜਦੀ ਹੈ। ਭੁੱਖੇ ਲਈ ਰੋਟੀ, ਗ਼ਰੀਬ ਲਈ ਰੁਜ਼ਗਾਰ ਮੰਗਦੀ ਹੈ, ਨਾਗਰਿਕ ਹੋ ਜਾਣ ਦਾ ਅਧਿਕਾਰ ਮੰਗਦੀ ਹੈ। ਨੀਤੀਆਂ ਕਾਨੂੰਨ ਅਜ਼ਲੋਂ ਲਿਖੀਆਂ ਆਇਤਾਂ ਨਹੀਂ, ਮਨੁੱਖਾਂ ਦੁਆਰਾ ਮਨੁੱਖਾਂ ਲਈ ਬਣਾਈਆਂ ਸਰਕਾਰੀ ਰਵਾਇਤਾਂ ਹੁੰਦੀਆਂ ਹਨ, ਸਮੇਂ ਅਤੇ ਸਮਝ ਨਾਲ ਬਦਲੀਆਂ ਜਾ ਸਕਦੀਆਂ ਹਨ, ਇਹ ਤੌਫੀਕ ਰੱਖਦੀ ਹੈ।
ਭੀੜ ਅਤੇ ਸੰਗਤ ਵਿੱਚ ਰਾਜਨੇਤਾਵਾਂ ਦੀ ਨੈਤਿਕਤਾ ਜਿੰਨਾ ਫਾਸਲਾ ਹੁੰਦਾ ਹੈ। ਸਿਆਸਤ ਨੂੰ ਜਨਸਮੂਹ ਲੋੜੀਂਦਾ ਹੁੰਦਾ ਹੈ। ਨੇਤਾ ਦੀ ਨੈਤਿਕਤਾ ਤੈਅ ਕਰਦੀ ਹੈ ਕਿ ਲੋਕਾਂ ਦੀ ਭੀੜ ਬਣੇ ਕਿ ਕੋਈ ਸੰਗਤ ਆਣ ਜੁੜੇ।
ਜਿਸ ਨਰਮਖਿਆਲੀ, ਤਰੱਕੀਪਸੰਦ ਤਹਿਰੀਕ ਦੀ ਰਜਿਸਟਰੀ ਆਪਣੇ ਨਾਮ ਕਰਵਾਉਂਦੀ ਸਿਆਸਤ ਨੇ ਪਹਿਲੋਂ ਨੈਤਿਕਤਾ ਤੋਂ ਤਿਲ੍ਹਕ ਆਪਣੇ ਗੁੱਝੇ ਸਵਾਰਥਾਂ ਦੀ ਪੂਰਤੀ ਲਈ ਕੋਝੀਆਂ ਚਾਲਾਂ ਚਲੀਆਂ, ਉਹਦੇ ’ਤੇ ਹੁਣ ਇਹ ਆਇਦ ਹੈ ਕਿ ਉਹ ਨੈਤਿਕਤਾ ਬਾਰੇ ਇਸ ਵਡੇਰੇ ਸੰਗਤੀ ਵਿਚਾਰ ਵਟਾਂਦਰੇ ਨਾਲ ਮੁੜ ਜੁੜੇ। ਕਿਉਂ ਤਿਲ੍ਹਕੇ, ਭਟਕੇ, ਅਟਕੇ, ਜੁਰਮ ਦਾ ਇਕਬਾਲ ਕਰੇ। ਉਹਦੀ ਇਸ ਮੁਜਰਮਾਨਾ ਗ਼ਫ਼ਲਤ ਕਾਰਨ ਹੀ ਭੀੜ ਤੰਤਰ ਲਈ ਰਾਹ ਖੋਲ੍ਹਦੇ ਨੇਤਾ ਅਤੇ ਸਿਆਸਤ ਲਈ ਜਗ੍ਹਾ ਮੁਹਈਆ ਹੋਈ। ਕੈਪੀਟਲ ਹਿੱਲ ਤੋਂ ਸਿੰਘੂ ਟੀਕਰੀ ਬਾਰਡਰ ਤੱਕ ਸੰਗਤ ਵੀ ਜੁੜੀ ਬੈਠੀ ਹੈ, ਭੀੜਾਂ ਦੇ ਵੀ ਅੰਦੇਸ਼ੇ ਹਨ। ਹਕੂਮਤਾਂ ਪਰ ਤੋਲ ਰਹੀਆਂ ਹਨ, ਅੰਦਰੋਂ ਅੰਦਰੀਂ ਡੋਲ ਰਹੀਆਂ ਹਨ। ਜੋਅ ਬਾਇਡਨ ਤੇ ਕਮਲਾ ਹੈਰਿਸ ਤਿਆਰ ਹੋ ਰਹੇ ਹਨ, ਟਰੈਕਟਰਾਂ ਟਰਾਲੀਆਂ ਦੇ ਸ਼ਿੰਗਾਰ ਹੋ ਰਹੇ ਹਨ।
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਸ਼ਿੱਦਤ ਨਾਲ ਉਹ ਦ੍ਰਿਸ਼ ਵੇਖਣ ਨੂੰ ਤਰਸ ਰਿਹਾ ਹੈ ਜਦੋਂ ਕੇਸਰੀ, ਲਾਲ, ਨੀਲੇ ਨਿਸ਼ਾਨਾਂ ਨਿਵਾਜੀਆਂ ਸੰਗਤਾਂ ਨੇ ਦਿੱਲੀ ਨੂੰ ਆਪਣੀ ਚਰਨਧੂੜ ਬਖਸ਼ ਭੀੜ ਤੋਂ ਤਿਰੰਗੇ ਖੋਹ ਲੋਕਾਈ ਲਈ ਫਹਿਰਾ ਦੇਣੇ ਹਨ।)