ਡਾ. ਗੁਰਿੰਦਰ ਕੌਰ*
ਮਿਚੌਂਗ ਚੱਕਰਵਾਤ 5 ਦਸੰਬਰ 2023 ਨੂੰ ਦਿਨ ਵੇਲੇ ਆਂਧਰਾ ਪ੍ਰਦੇਸ਼ ਦੇ ਬਾਪਤਲਾ ਜ਼ਿਲ੍ਹੇ ਦੇ ਤੱਟਵਰਤੀ ਖੇਤਰ ਨਾਲ ਟਕਰਾਇਆ। ਮਿਚੌਂਗ ਚੱਕਰਵਾਤ ਨੇ ਤਾਮਿਲਨਾਡੂ, ਪੁੱਡੂਚੇਰੀ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਓਡੀਸ਼ਾ ਆਦਿ ਰਾਜਾਂ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਰਾਹੀਂ ਭਾਰੀ ਨੁਕਸਾਨ ਕੀਤਾ ਹੈ। ਸਭ ਤੋਂ ਜ਼ਿਆਦਾ ਨੁਕਸਾਨ ਤਾਮਿਲਨਾਡੂ ਦੇ ਚੇਨੱਈ ਸ਼ਹਿਰ ਵਿੱਚ ਹੋਇਆ ਹੈ। ਤਾਮਿਲਨਾਡੂ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਲਗਭਗ 11 ਵਿਅਕਤੀ ਫੱਟੜ ਹੋ ਗਏ ਹਨ ਅਤੇ 18 ਵਿਅਕਤੀਆਂ ਦੀ ਮੌਤ ਹੋ ਗਈ। ਚੇਨੱਈ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਪਾਣੀ ਭਰ ਗਿਆ ਅਤੇ ਸੜਕਾਂ ਉੱਤੇ ਪਾਣੀ ਭਰਨ ਕਾਰਨ ਆਵਾਜਾਈ ਵਿੱਚ ਭਾਰੀ ਰੁਕਾਵਟ ਆਈ। ਬਿਜਲੀ, ਪਾਣੀ, ਮੋਬਾਈਲ ਆਦਿ ਦੀਆਂ ਸੇਵਾਵਾਂ ਵੀ ਕਈ ਥਾਵਾਂ ਉੱਤੇ ਠੱਪ ਹੋ ਗਈਆਂ। ਮਿਚੌਂਗ ਚੱਕਰਵਾਤੀ ਤੂਫ਼ਾਨ ਨਾਲ 90 ਤੋਂ 100 ਕਿਲੋਮੀਟਰ ਦੀ ਰਫ਼ਤਾਰ ਵਾਲੀਆਂ ਤੇਜ਼ ਹਵਾਵਾਂ ਚੱਲੀਆਂ ਜਿਸ ਕਾਰਨ ਹਜ਼ਾਰਾਂ ਏਕੜ ਫ਼ਸਲ, ਇਮਾਰਤਾਂ ਅਤੇ ਬੁਨਿਆਦੀ ਢਾਂਚੇ ਦਾ ਭਾਰੀ ਨੁਕਸਾਨ ਹੋਇਆ ਹੈ।
ਇਸ ਸਾਲ ਮਿਚੌਂਗ ਚੱਕਰਵਾਤ ਹਿੰਦ ਮਹਾਸਾਗਰ ਵਿੱਚ ਆਉਣ ਵਾਲਾ ਛੇਵਾਂ ਚੱਕਰਵਾਤੀ ਤੂਫਾਨ ਹੈ। ਇਸ ਤੋਂ ਪਹਿਲਾਂ ਹਿੰਦ ਮਹਾਸਾਗਰ ਵਿੱਚ ਮੌਚਾ, ਬਿਪਰਜੋਏ, ਤੇਜ਼, ਹਮੂਨ ਅਤੇ ਮਿਥਲੀ ਚੱਕਰਵਾਤੀ ਤੂਫਾਨ ਆਏ ਸਨ। ਇਨ੍ਹਾਂ ਵਿੱਚੋਂ ਚਾਰ ਬੰਗਾਲ ਦੀ ਖਾੜੀ ਵਿੱਚ ਆਏ ਸਨ। ਭਾਰਤ ਵਿੱਚ ਚੱਕਰਵਾਤੀ ਤੂਫਾਨ ਆਮ ਤੌਰ ਉੱਤੇ ਮੌਨਸੂਨ ਆਉਣ ਤੋਂ ਪਹਿਲਾਂ ਮਈ-ਜੂਨ ਦੇ ਮਹੀਨਿਆਂ ਵਿੱਚ ਅਤੇ ਮੌਨਸੂਨ ਮੁੜਨ ਤੋਂ ਬਾਅਦ ਅਕਤੂਬਰ-ਨਵੰਬਰ ਦੇ ਮਹੀਨਿਆਂ ਵਿੱਚ ਆਉਂਦੇ ਹਨ। ਮਿਚੌਂਗ ਚੱਕਰਵਾਤ ਦਸੰਬਰ ਵਿੱਚ ਆਇਆ ਹੈ ਜੋ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਇਆ ਹੈ। ਦਸੰਬਰ ਵਿੱਚ ਆਉਣ ਵਾਲੇ ਚੱਕਰਵਾਤੀ ਤੂਫ਼ਾਨ ਆਮ ਤੌਰ ਉੱਤੇ ਕਮਜ਼ੋਰ ਅਤੇ ਘੱਟ ਹਵਾ ਦੀ ਗਤੀ ਵਾਲੇ ਹੁੰਦੇ ਹਨ। ਭਾਰਤ ਦੇ ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਦਸੰਬਰ ਵਿੱਚ ਤੇਜ਼ ਗਤੀ ਦੇ ਚੱਕਰਵਾਤ ਦਾ ਮੁੱਖ ਕਾਰਨ ਸਮੁੰਦਰ ਦੀ ਸਤ੍ਵਾ ਦੇ ਪਾਣੀ ਦਾ ਤਾਪਮਾਨ ਔਸਤ ਨਾਲੋਂ ਉੱਚਾ ਹੋਣਾ ਹੈ।
ਵੱਖ-ਵੱਖ ਸੰਸਥਾਵਾਂ ਦੀਆਂ ਰਿਪੋਰਟਾਂ ਅਨੁਸਾਰ ਦੁਨੀਆ ਦੇ ਸਾਰੇ ਸਮੁੰਦਰਾਂ ਦਾ ਪਾਣੀ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਇੰਟਰਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ ਦੀ 2021 ਦੀ ‘ਦਿ ਫਿਜ਼ਿਕਲ ਸਾਇੰਸ ਬੇਸਿਸ’ ਦੀ ਰਿਪੋਰਟ ਅਨੁਸਾਰ ਹਿੰਦ ਮਹਾਸਾਗਰ ਦੇ ਸਮੁੰਦਰ ਦੇ ਪਾਣੀ ਦਾ ਔਸਤ ਤਾਪਮਾਨ ਦੂਜੇ ਮਹਾਸਾਗਰਾਂ ਦੇ ਪਾਣੀ ਦੇ ਔਸਤ ਤਾਪਮਾਨ ਤੋਂ ਜ਼ਿਆਦਾ ਵਧਿਆ ਹੈ। ਹਿੰਦ ਮਹਾਸਾਗਰ ਦੇ ਸਮੁੰਦਰੀ ਸਤ੍ਵਾ ਦੇ ਪਾਣੀ ਦੇ ਤਾਪਮਾਨ ਵਿੱਚ ਉਦਯੋਗਿਕ ਇਨਕਲਾਬ ਸਮੇਂ ਤੇ ਪਹਿਲਾਂ ਦੇ ਔਸਤ ਤਾਪਮਾਨ ਨਾਲੋਂ 1.1 ਡਿਗਰੀ ਸੈਲਸੀਅਸ ਦਾ ਵਾਧਾ ਰਿਕਾਰਡ ਕੀਤਾ ਹੈ ਜਦੋਂ ਕਿ ਦੂਜੇ ਮਹਾਸਾਗਰਾਂ ਵਿੱਚ ਇਹ ਵਾਧਾ 0.7 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਹੈ। ਸਮੁੰਦਰ ਧਰਤੀ ਦੇ ਲਗਭਗ 70 ਫ਼ੀਸਦ ਹਿੱਸੇ ਉੱਤੇ ਫੈਲੇ ਹੋਏ ਹਨ ਅਤੇ ਇਨ੍ਹਾਂ ਨੇ ਮਨੁੱਖੀ ਗਤੀਵਿਧੀਆਂ ਦੁਆਰਾ ਪੈਦਾ ਕੀਤੀਆਂ ਗਈਆਂ ਗਰੀਨਹਾਊਸ ਗੈਸਾਂ ਦਾ 90 ਫ਼ੀਸਦ ਹਿੱਸਾ ਆਪਣੇ ਅੰਦਰ ਜਜ਼ਬ ਕਰ ਲਿਆ ਹੋਇਆ ਹੈ ਜਿਸ ਦੇ ਨਤੀਜੇ ਵਜੋਂ ਹੁਣ ਤੱਕ ਇੱਕ ਪਾਸੇ ਤਾਂ ਇਹ ਧਰਤੀ ਦੇ ਔਸਤ ਤਾਪਮਾਨ ਵਿੱਚ ਵਾਧਾ ਹੋਣ ਦੀ ਰਫ਼ਤਾਰ ਹੌਲੀ ਕਰ ਰਹੇ ਹਨ, ਦੂਜੇ ਪਾਸੇ ਸਮੁੰਦਰ ਦੇ ਪਾਣੀ ਦੇ ਤਾਪਮਾਨ ਵਿੱਚ ਵਾਧਾ ਹੋਣ ਨਾਲ ਚੱਕਰਵਾਤਾਂ ਅਤੇ ਸੁਨਾਮੀ ਵਰਗੀਆਂ ਸਮੁੰਦਰੀ ਆਫ਼ਤਾਂ ਦੀ ਆਮਦ ਦੀ ਗਿਣਤੀ ਅਤੇ ਮਾਰ ਦੀ ਗਹਿਰਾਈ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸਮੁੰਦਰ ਦੇ ਪਾਣੀ ਦੇ ਤਾਪਮਾਨ ਵਿੱਚ ਇੱਕ ਡਿਗਰੀ ਸੈਲਸੀਅਸ ਦੇ ਵਾਧੇ ਨਾਲ ਚੱਕਰਵਾਤ ਵਿਚਲੀ ਹਵਾ ਦੀ ਗਤੀ ਵਿੱਚ 5 ਫ਼ੀਸਦ ਦਾ ਵਾਧਾ ਹੋ ਜਾਂਦਾ ਹੈ। ਵੱਧ ਗਤੀ ਵਾਲੀ ਹਵਾ ਵਾਲਾ ਚੱਕਰਵਾਤੀ ਤੂਫ਼ਾਨ ਵਧੇਰੇ ਤਬਾਹੀ ਮਚਾਉਂਦਾ ਹੈ। ਮੌਚਾ, ਬਿਪਰਜੋਏ, ਮਿਚੌਂਗ, ਫਰੈਡੀ, ਸੋਲਾ, ਦੌਕਸੁਰੀ, ਲੈਨ ਆਦਿ ਸਮੁੰਦਰੀ ਤੂਫ਼ਾਨਾਂ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ 2023 ਵਿੱਚ ਭਾਰੀ ਤਬਾਹੀ ਮਚਾਈ ਹੈ।
ਭਾਰਤ ਦੇ ਮੌਸਮ ਵਿਭਾਗ ਦੀ ਇੱਕ ਰਿਪੋਰਟ ਅਨੁਸਾਰ 1891-2017 ਦੇ ਅਰਸੇ ਦੌਰਾਨ ਹਿੰਦ ਮਹਾਸਾਗਰ ਵਿੱਚ ਹਰ ਸਾਲ ਔਸਤਨ 5 ਚੱਕਰਵਾਤੀ ਤੂਫ਼ਾਨ ਆਉਂਦੇ ਸਨ ਜਿਨ੍ਹਾਂ ਵਿੱਚੋਂ ਚਾਰ ਬੰਗਾਲ ਦੀ ਖਾੜੀ ਵਿੱਚ ਅਤੇ ਸਿਰਫ਼ ਇੱਕ ਅਰਬ ਸਾਗਰ ਵਿੱਚ ਆਉਂਦਾ ਸੀ। ਇਸ ਦਾ ਮਤਲਬ ਹੈ ਕਿ ਬੰਗਾਲ ਦੀ ਖਾੜੀ ਵਿੱਚ ਜ਼ਿਆਦਾ ਅਤੇ ਅਰਬ ਸਾਗਰ ਵਿੱਚ ਘੱਟ ਚੱਕਰਵਾਤੀ ਤੂਫ਼ਾਨ ਆਉਂਦੇ ਸਨ। ਅਰਬ ਸਾਗਰ ਵਿੱਚ ਆਉਣ ਵਾਲੇ ਚੱਕਰਵਾਤੀ ਤੂਫ਼ਾਨ ਬੰਗਾਲ ਦੀ ਖਾੜੀ ਦੇ ਤੂਫ਼ਾਨਾਂ ਦੇ ਮੁਕਾਬਲੇ ਘੱਟ ਤੀਬਰਤਾ ਵਾਲੇ ਹੁੰਦੇ ਸਨ। ਹਿੰਦ ਮਹਾਸਾਗਰ ਦੇ ਸਮੁੰਦਰ ਦੀ ਸਤ੍ਵਾ ਦੇ ਪਾਣੀ ਦੇ ਔਸਤ ਤਾਪਮਾਨ ਵਿੱਚ ਵਾਧਾ ਹੋਣ ਨਾਲ 2018 ਤੋਂ ਬਾਅਦ ਅਰਬ ਸਾਗਰ ਵਿੱਚ ਵੀ ਚੱਕਰਵਾਤਾਂ ਦੀ ਗਿਣਤੀ ਵਿੱਚ ਵਾਧਾ ਹੋਣ ਦੇ ਨਾਲ ਨਾਲ ਉਨ੍ਹਾਂ ਦੀ ਮਾਰ ਦੀ ਗਹਿਰਾਈ ਵਿੱਚ ਵੀ ਵਾਧਾ ਹੋਣ ਲੱਗ ਪਿਆ ਹੈ। ਇੰਡੀਅਨ ਇੰਸਟੀਚਿਊਟ ਆਫ ਟਰੋਪੀਕਲ ਮੈਟਰੋਲੋਜੀ ਦੀ ਇੱਕ ਖੋਜ ਅਨੁਸਾਰ ਅਰਥ ਸਾਗਰ ਵਿੱਚ ਵੀ ਹੁਣ ਬੰਗਾਲ ਦੀ ਖਾੜੀ ਦੀ ਤਰ੍ਹਾਂ ਵੱਧ ਤੀਬਰਤਾ ਵਾਲੇ ਅਤੇ ਜ਼ਿਆਦਾ ਚੱਕਰਵਾਤ ਬਣਨ ਲੱਗ ਪਏ ਹਨ।
ਹਿੰਦ ਮਹਾਸਾਗਰ ਵਿੱਚ ਤੇਜ਼ ਗਤੀ ਵਾਲੇ ਚੱਕਰਵਾਤਾਂ ਦੀ ਵਧ ਰਹੀ ਗਿਣਤੀ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ। ਪਿਛਲੇ ਪੰਜ ਦਹਾਕਿਆਂ ਵਿੱਚ ਲਗਭਗ 60 ਚੱਕਰਵਾਤੀ ਤੂਫ਼ਾਨ ਭਾਰਤ ਦੇ ਤੱਟੀ ਖੇਤਰਾਂ ਨਾਲ ਟਕਰਾਏ ਸਨ ਜਿਨ੍ਹਾਂ ਵਿੱਚੋਂ 40 ਅਕਤੂਬਰ ਅਤੇ ਨਵੰਬਰ, 14 ਮਈ ਅਤੇ ਜੂਨ ਅਤੇ ਸਿਰਫ਼ 6 ਦਸੰਬਰ ਵਿੱਚ ਬਣੇ ਸਨ। ਦਸੰਬਰ ਵਿੱਚ ਤੇਜ਼ ਗਤੀ ਵਾਲੇ ਮਿਚੌਂਗ ਚੱਕਰਵਾਤ ਦਾ ਬਣਨਾ ਅਤੇ ਤਾਮਿਲਨਾਡੂ ਤੋਂ ਲੈ ਕੇ ਓਡੀਸ਼ਾ ਰਾਜਾਂ ਤੱਕ ਤਬਾਹੀ ਕਰਨਾ ਵੀ ਭਾਰਤ ਲਈ ਮੌਸਮੀ ਤਬਦੀਲੀ ਦੀ ਇੱਕ ਅਹਿਮ ਅਤੇ ਗੰਭੀਰ ਚਿਤਾਵਨੀ ਹੈ। ਭਾਰਤ ਦੇ ਦੱਖਣ ਵੱਲ ਤਿੰਨੇ ਪਾਸੇ ਸਮੁੰਦਰ ਹੈ ਅਤੇ ਇੱਥੋਂ ਦੇ 10 ਰਾਜ 4 ਕੇਂਦਰੀ ਸ਼ਾਸਿਤ ਰਾਜ ਸਮੁੰਦਰ ਦੇ ਤੱਟਵਰਤੀ ਖੇਤਰਾਂ ਵਿੱਚ ਸਥਿਤ ਹਨ। ਇਨ੍ਹਾਂ ਰਾਜਾਂ ਵਿੱਚ ਭਾਰਤ ਦੀ 40 ਫ਼ੀਸਦ ਆਬਾਦੀ ਰਹਿੰਦੀ ਹੈ। ਇਨ੍ਹਾਂ ਰਾਜਾਂ ਵਿੱਚ ਵਸੇ ਲੋਕਾਂ ਨੂੰ ਸਮੁੰਦਰੀ ਆਫ਼ਤਾਂ (ਚੱਕਰਵਾਤਾਂ ਅਤੇ ਸੁਨਾਮੀਆਂ) ਦੀ ਮਾਰ ਝੱਲਣ ਦੇ ਨਾਲ ਨਾਲ ਸਮੁੰਦਰ ਦੇ ਉੱਚੇ ਉੱਠ ਰਹੇ ਜਲ ਪੱਧਰ ਦੀ ਮਾਰ ਵੀ ਝੱਲਣੀ ਪੈਂਦੀ ਹੈ।
ਭਾਰਤ ਦੇ ਮੌਸਮ ਵਿਭਾਗ ਦੀ ਇੱਕ ਰਿਪੋਰਟ ਅਨੁਸਾਰ ਚੱਕਰਵਾਤਾਂ ਕਾਰਨ 1980-2000 ਦੇ ਅਰਸੇ ਦੌਰਾਨ ਹਰ ਸਾਲ ਦੇਸ਼ ਦੇ 320 ਮਿਲੀਅਨ ਲੋਕ ਪ੍ਰਭਾਵਿਤ ਹੋਏ ਸਨ। ਜਨੇਵਾ ਦੇ ਇੰਟਰਨਲ ਡਿਸਪਲੇਸਮੈਂਟ ਮੋਨੀਟਰਿੰਗ ਸੈਂਟਰ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਹੜ੍ਹਾਂ ਅਤੇ ਚੱਕਰਵਾਤਾਂ ਨਾਲ 2022 ਵਿੱਚ 2.5 ਮਿਲੀਅਨ ਲੋਕ ਪ੍ਰਭਾਵਿਤ ਹੋਏ ਸਨ। ਨੇਚਰ ਕਮਿਊਨੀਕੇਸ਼ਨ ਨਾਂ ਦੇ ਜਨਰਲ ਵਿੱਚ ਛਪੀ ਇੱਕ ਖੋਜ ਅਨੁਸਾਰ ਸਮੁੰਦਰ ਦਾ ਜਲ ਪੱਧਰ ਉੱਚਾ ਹੋਣ ਕਾਰਨ ਭਾਰਤ ਦੀ 36 ਮਿਲੀਅਨ ਆਬਾਦੀ 2050 ਤੱਕ ਸਮੁੰਦਰੀ ਆਫ਼ਤਾਂ ਦੀ ਲਪੇਟ ਵਿੱਚ ਆ ਜਾਵੇਗੀ ਅਤੇ ਸਦੀ ਦੇ ਅੰਤ ਤੱਕ ਇਹ ਗਿਣਤੀ 44 ਮਿਲੀਅਨ ਹੋ ਸਕਦੀ ਹੈ। ਇਸ ਤੋਂ ਇਲਾਵਾ ਭਾਰਤ ਦੀ ਕੌਂਸਲ ਔਨ ਐਨਰਜ਼ੀ, ਇਨਵਾਇਰਨਮੈਂਟ ਐਂਡ ਵਾਟਰ ਦੇ 2020 ਦੇ ਇੱਕ ਅਧਿਐਨ ਅਨੁਸਾਰ ਦੇਸ਼ ਦੇ 75 ਫ਼ੀਸਦ ਜ਼ਿਲ੍ਹੇ ਮੌਸਮੀ ਤਬਦੀਲੀਆਂ ਕਾਰਨ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਦੇ 258 ਜ਼ਿਲ੍ਹੇ ਚੱਕਰਵਾਤਾਂ ਦੀ ਆਮਦ ਨਾਲ ਪ੍ਰਭਾਵਿਤ ਹੋਏ ਸਨ। 2005 ਤੋਂ ਬਾਅਦ ਚੱਕਰਵਾਤਾਂ ਦੀ ਮਾਰ ਥੱਲੇ ਆਉਣ ਵਾਲੇ ਜ਼ਿਲ੍ਹਿਆਂ ਦੀ ਗਿਣਤੀ 1970 ਨਾਲੋਂ ਤਿੰਨ ਗੁਣਾ ਅਤੇ ਉਨ੍ਹਾਂ ਨਾਲ ਹੋਣ ਵਾਲੀ ਤਬਾਹੀ ਦੋ ਗੁਣਾ ਹੋ ਗਈ ਹੈ। ਇਸ ਤਰ੍ਹਾਂ ਕੁਦਰਤ ਭਾਰਤ ਨੂੰ ਬਾਰ ਬਾਰ ਚਿਤਾਵਨੀ ਦੇ ਰਹੀ ਹੈ ਕਿ ਤੱਟਵਰਤੀ ਇਲਾਕਿਆਂ ਵਿੱਚ ਕੁਦਰਤੀ ਸਰੋਤਾਂ ਨਾਲ ਆਰਥਿਕ ਵਿਕਾਸ ਦੀ ਆੜ ਵਿੱਚ ਜ਼ਿਆਦਾ ਛੇੜਛਾੜ ਨਾ ਕੀਤੀ ਜਾਵੇ, ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਇਹ ਦੇਸ਼ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ।
ਭਾਰਤ ਵਿੱਚ ਭਾਵੇਂ ਲੋਕਾਂ ਨੂੰ ਚੱਕਰਵਾਤਾਂ ਦੀ ਅਗਾਊਂ ਚਿਤਾਵਨੀ ਦੇ ਕੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਨੂੰ ਬਚਾ ਲਿਆ ਜਾਂਦਾ ਹੈ ਜੋ ਭਾਰਤ ਦੇ ਮੌਸਮ ਵਿਭਾਗ ਅਤੇ ਕੌਮੀ ਆਫ਼ਤ ਪ੍ਰਬੰਧਨ ਫੋਰਸ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ, ਪਰ ਚੱਕਰਵਾਤਾਂ ਰਾਹੀਂ ਹੋਣ ਵਾਲਾ ਮਾਲੀ ਨੁਕਸਾਨ ਹਰ ਸਾਲ ਵਧ ਰਿਹਾ ਹੈ ਜਿਸ ਲਈ ਤੱਟਵਰਤੀ ਰਾਜਾਂ ਦੀਆਂ ਸਰਕਾਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਤਾਮਿਲਨਾਡੂ ਦੇ ਚੇਨੱਈ ਸ਼ਹਿਰ ਵਿੱਚ ਮਿਚੌਂਗ ਚੱਕਰਵਾਤ ਦੇ ਪ੍ਰਭਾਵ ਨਾਲ ਭਾਰੀ ਮੀਂਹ ਪਿਆ ਜਿਸ ਨਾਲ ਮਾਲੀ ਨੁਕਸਾਨ ਦੇ ਨਾਲ ਨਾਲ ਲਗਭਗ 15 ਵਿਅਕਤੀਆਂ ਦੀ ਮੌਤ ਵੀ ਹੋ ਗਈ ਹੈ। ਚੇਨੱਈ ਵਿੱਚ ਭਾਰੀ ਨੁਕਸਾਨ ਹੋਣ ਦਾ ਮੁੱਖ ਕਾਰਨ ਜਲ ਸਰੋਤਾਂ (ਝੀਲਾਂ, ਤਲਾਬਾਂ, ਜਲਗਾਹਾਂ, ਅਤੇ ਬਰਸਾਤੀ ਨਾਲਿਆਂ) ਉੱਤੇ ਉਸਾਰੀਆਂ ਹੋਈਆਂ ਹਨ। ਹਰ ਤਰ੍ਹਾਂ ਦੇ ਜਲ ਸਰੋਤ ਮੀਂਹ ਦੇ ਵਾਧੂ ਪਾਣੀ ਨੂੰ ਜਾਂ ਤਾਂ ਸਪੰਜ ਦੀ ਤਰ੍ਹਾਂ ਆਪਣੇ ਵਿੱਚ ਸਮੋ ਲੈਂਦੇ ਹਨ ਜਾਂ ਫਿਰ ਉਨ੍ਹਾਂ ਨੂੰ ਸਮੁੰਦਰ, ਝੀਲਾਂ ਜਾਂ ਤਲਾਬਾਂ ਤੱਕ ਪਹੁੰਚਾ ਦਿੰਦੇ ਹਨ। ਚੇਨੱਈ ਦੀ ਅੰਨਾ ਯੂਨੀਵਰਸਿਟੀ ਦੀ ਇੱਕ ਖੋਜ ਅਨੁਸਾਰ 1893 ਤੋਂ 2017 ਦੇ ਅਰਸੇ ਵਿੱਚ ਚੇਨੱਈ ਦੀਆਂ ਜਲਗਾਹਾਂ ਦਾ ਖੇਤਰਫਲ 12.6 ਵਰਗ ਕਿਲੋਮੀਟਰ ਤੋਂ ਘਟ ਕੇ ਸਿਰਫ਼ 3.2 ਵਰਗ ਕਿਲੋਮੀਟਰ ਰਹਿ ਗਿਆ ਹੈ। ਇੰਟਰਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ ਦੀ ਪੰਜਵੀਂ ਅਤੇ ਛੇਵੀਂ ਰਿਪੋਰਟ ਅਨੁਸਾਰ ਭਾਰਤ ਦੀ ਭੂਗੋਲਿਕ ਸਥਿਤੀ ਕਾਰਨ ਭਾਰਤ ਉੱਤੇ ਹਰ ਤਰ੍ਹਾਂ ਦੀ ਕੁਦਰਤੀ ਆਫ਼ਤ ਬਾਕੀ ਨਾਲੋਂ ਜ਼ਿਆਦਾ ਮਾਰ ਕਰੇਗੀ।
ਧਰਤੀ ਅਤੇ ਸਮੁੰਦਰ ਦੀ ਸਤ੍ਵਾ ਦੇ ਪਾਣੀ ਦੇ ਤਾਪਮਾਨ ਵਿੱਚ ਵਾਧੇ ਨਾਲ ਕੁਦਰਤੀ ਆਫ਼ਤਾਂ ਦੀ ਵਧਦੀ ਹੋਈ ਗਿਣਤੀ ਨੂੰ ਦੇਖਦੇ ਹੋਏ ਤੱਟਵਰਤੀ ਰਾਜਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਆਪਣੇ ਆਪਣੇ ਰਾਜਾਂ ਦੇ ਬਨਸਪਤੀ ਅਤੇ ਜਲ ਸਰੋਤਾਂ ਵਰਗੇ ਕੁਦਰਤੀ ਸਰੋਤਾਂ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕਰਨ ਕਿਉਂਕਿ ਉਹ ਕੁਦਰਤ ਵੱਲੋਂ ਬਣਾਏ ਗਏ ਆਫ਼ਤ-ਨਿਰੋਧਕ ਹਨ। ਤੱਟਵਰਤੀ ਇਲਾਕਿਆਂ ਵਿੱਚ ਉਦਯੋਗਿਕ ਇਕਾਈਆਂ, ਵੱਡੇ ਵੱਡੇ ਸ਼ਹਿਰ ਵਸਾਉਣ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਬਣਾਉਣ ਤੋਂ ਗੁਰੇਜ਼ ਕਰਨ। ਇਸ ਤਰ੍ਹਾਂ ਦਾ ਵਿਕਾਸ ਕਰਨ ਨਾਲ ਉੱਥੋਂ ਦੀ ਕੁਦਰਤੀ ਬਨਸਪਤੀ ਕੱਟੀ ਜਾਵੇਗੀ ਅਤੇ ਇਸ ਤਰ੍ਹਾਂ ਦੇ ਖੇਤਰਾਂ ਦਾ ਕੁਦਰਤੀ ਆਫ਼ਤਾਂ ਨਾਲ ਆਮ ਖੇਤਰਾਂ ਨਾਲੋਂ ਵਧੇਰੇ ਨੁਕਸਾਨ ਹੋਵੇਗਾ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਤੱਟਵਰਤੀ ਖੇਤਰਾਂ ਵਿੱਚ ਉਸਾਰੀ ਦੇ ਨਿਯਮਾਂ ਵਿੱਚ ਢਿੱਲ ਨਾ ਦੇਵੇ ਜਿਵੇਂ ਉਸ ਨੇ 2018 ਵਿੱਚ 2011 ਦੇ ਕੋਸਟਲ ਰੇਗੂਲੇਸ਼ਨ ਜ਼ੋਨ ਦੇ ਨਿਯਮਾਂ ਦੇ ਸਬੰਧ ਵਿੱਚ ਕੀਤਾ ਹੈ। ਇਸ ਤਰ੍ਹਾਂ ਕਰਨ ਨਾਲ ਪਹਿਲਾਂ ਤੋਂ ਹੀ ਸੰਵੇਦਨਸ਼ੀਲ ਤੱਟਵਰਤੀ ਖੇਤਰ ਹੋਰ ਵੱਧ ਕੁਦਰਤੀ ਆਫ਼ਤਾਂ ਦੇ ਸਨਮੁੱਖ ਹੋ ਜਾਣਗੇ। ਕੁਦਰਤੀ ਆਫ਼ਤਾਂ ਨਾਲ ਸਿੱਝਣ ਲਈ ਕੁਦਰਤ ਨਾਲ ਦੋਸਤੀ ਅਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਕਰਨੀ ਪਵੇਗੀ। ਕਿਸੇ ਵੀ ਥਾਂ ਦਾ ਵਿਕਾਸ ਮਨੁੱਖਾਂ ਲਈ ਹੋਣਾ ਚਾਹੀਦਾ ਹੈ, ਜੇਕਰ ਉਹ ਹੀ ਆਫ਼ਤਾਂ ਵਿੱਚ ਘਿਰੇ ਰਹੇ ਤਾਂ ਵਿਕਾਸ ਦਾ ਕੋਈ ਅਰਥ ਨਹੀਂ ਹੈ। ਇਸ ਲਈ ਵਿਕਾਸ ਕੁਦਰਤ ਅਤੇ ਲੋਕ-ਪੱਖੀ ਹੋਣਾ ਚਾਹੀਦਾ ਹੈ।
*ਸਾਬਕਾ ਪ੍ਰੋਫੈਸਰ, ਜਿਓਗ੍ਰਾਫ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।