ਹਰਕੀਰਤ ਕੌਰ ਸਭਰਾ
ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਦਿਮਾਗ ਦਾ ਵਾਸਾ ਹੁੰਦਾ ਹੈ। ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ, ਜੋ ਨਾ ਸਿਰਫ਼ ਸਰੀਰ ਰਿਸ਼ਟਪੁਸ਼ਟ ਰੱਖਦੀਆਂ ਹਨ, ਬਲਕਿ ਅਨੁਸ਼ਾਸਿਤ ਜੀਵਨ ਵੀ ਖੇਡਾਂ ਤੋਂ ਹੀ ਸਿੱਖਿਆ ਜਾ ਸਕਦਾ ਹੈ। ਅਤੀਤ ਵਿਚ ਸਾਡੇ ਬਾਬਿਆਂ ਦੀ ਤਾਂ ਖੇਡਾਂ ਜਿੰਦ-ਜਾਨ ਸਨ। ਉਦੋਂ ਖੇਡ ਮੈਦਾਨ ਅਜਿਹਾ ਸਥਾਨ ਸੀ, ਜਿੱਥੇ ਨਾ ਕੇਵਲ ਮੰਨੋਰੰਜਨ ਤੇ ਸਰੀਰਕ ਤੰਦਰੁਸਤੀ ਦਾ ਖਿਆਲ ਰੱਖਿਆ ਜਾਂਦਾ ਸੀ, ਬਲਕਿ ਚੁਣੌਤੀਆਂ ਨੂੰ ਸਵੀਕਾਰਨ ਦਾ ਜਜ਼ਬਾ ਵੀ ਸਿੱਖਿਆ ਜਾਂਦਾ ਸੀ। ਜੇ ਪੁਰਾਤਨ ਸਮਿਆਂ ਵੱਲ ਵੇਖੀਏ ਤਾਂ ਪਹਿਲਵਾਨੀ, ਕਬੱਡੀ, ਬਲਦਾਂ ਦੀਆਂ ਦੌੜਾਂ, ਘੋੜ ਸਵਾਰੀ, ਨੇਜ਼ਾਬਾਜ਼ੀ ਵਰਗੀਆਂ ਖੇਡਾਂ ਆਮ ਸਨ। ਲੋਕਾਂ ਕੋਲ ਇਕੱਠੇ ਹੋਣ ਦੇ ਵੀ ਇਕ-ਦੋ ਹੀ ਸਾਧਨ ਸਨ, ਪਿੰਡ ਦੀਆਂ ਸੱਥਾਂ ਜਾਂ ਖੇਡ ਮੈਦਾਨ। ਆਧੁਨਿਕ ਯੁੱਗ ਵਾਂਗ ਨਾ ਸਿਨਮੇ ਸਨ, ਨਾ ਟੈਲੀਵਿਜ਼ਨ ਅਤੇ ਨਾ ਹੀ ਮੋਬਾਈਲ ਫੋਨ।
ਅਧੁਨਿਕ ਦੌਰ ਵਿਚ ਹੈਰਾਨੀ ਹੁੰਦੀ ਹੈ ਕਿ ਨੌਜਵਾਨਾਂ ਦਾ ਘਰੋਂ-ਬਾਹਰਲੀਆਂ ਸਰਗਰਮੀਆਂ (outdoor activities) ਖ਼ਾਸਕਰ ਖੇਡਣ ਦਾ ਰੁਝਾਨ ਬਹੁਤ ਘਟ ਗਿਆ ਹੈ। ਇਨ੍ਹਾਂ ਦੀ ਜਗ੍ਹਾ ਵੀਡੀਓ ਗੇਮਜ਼ ਨੇ ਜਾਂ ਮੋਬਾਈਲ ਫੋਨਾਂ ਨੇ ਲੈ ਲਈ ਹੈ। ਵੀਡੀਓ ਗੇਮਜ਼ ਦਾ ਨਸ਼ਾ ਸਾਡੇ ਨੌਜਵਾਨਾਂ ਦੀ ਜਾਨ ਤੱਕ ਲੈ ਰਿਹਾ ਹੈ। ਜਿਵੇਂ ਪਬਜੀ ਨੇ ਨੌਜਵਾਨਾਂ ਨੂੰ ਆਪਣੇ ਬੁਰੀ ਤਰ੍ਹਾਂ ਗ਼ੁਲਾਮ ਬਣਾਇਆ ਹੋਇਆ ਹੈ। ਅਜਿਹੀਆਂ ਘਰ ਬੈਠ ਕੇ ਖੇਡੀਆਂ ਜਾਣ ਵਾਲੀਆਂ ਖੇਡਾਂ ਕਾਰਨ ਬੱਚੇ ਘਰੋਂ ਬਾਹਰ ਨਿਕਲਣਾ ਹੀ ਨਹੀਂ ਚਾਹੁੰਦੇ। ਇਸ ਕਾਰਨ ਉਨ੍ਹਾਂ ਦਾ ਸਰੀਰਕ ਵਿਕਾਸ ਤਾਂ ਕੀ ਹੋਣਾ, ਬਲਕਿ ਮਾਨਸਿਕ ਤਣਾਅ ਵਧ ਰਿਹਾ ਹੈ, ਅੱਖਾਂ ਦੀ ਰੌਸ਼ਨੀ ਉੱਤੇ ਮਾੜਾ ਅਸਰ ਹੋ ਰਿਹਾ ਹੈ। ਅਨੁਸ਼ਾਸਨ ਸਿੱਖਣ ਦੀ ਬਜਾਇ ਉਨ੍ਹਾਂ ਵਿਚ ਸਹਿਣਸ਼ੀਲਤਾ ਦੀ ਕਮੀ ਆ ਰਹੀ ਹੈ ਅਤੇ ਸੁਭਾਅ ਚਿੜਚਿੜਾ ਹੋ ਰਿਹਾ ਹੈ।
ਇਹ ਹਾਲਾਤ ਪੈਦਾ ਹੋਣ ਦੇ ਕਾਰਨ ਕੀ ਹਨ? ਪਹਿਲਾ ਕਾਰਨ ਹਨ ਖ਼ੁਦ ਮਾਪੇ। ਅੱਜ ਦੇ ਭੌਤਿਕਵਾਦੀ ਯੁੱਗ ਵਿਚ ਮਾਪੇ ਆਪਣੀ ਕਮਾਈ ਵਿਚ ਇੰਨੇ ਰੁਝ ਜਾਂਦੇ ਹਨ ਕਿ ਬੱਚਿਆਂ ਕੋਲ ਬੈਠਣ ਦਾ ਨਾ ਉਨ੍ਹਾਂ ਕੋਲ ਸਮਾਂ ਹੈ ਅਤੇ ਨਾ ਹੀ ਉਹ ਲੋੜ ਮਹਿਸੂਸ ਕਰਦੇ ਹਨ। ਬੱਚਿਆਂ ਨੂੰ ਲਾਡ-ਪਿਆਰ ਵਿਚ ਲਿਆ ਕੇ ਦਿੱਤੇ ਫੋਨਾਂ ਦੀ ਵਰਤੋਂ ਉੱਪਰ ਬਿਲਕੁਲ ਨਿਗਰਾਨੀ ਨਹੀਂ ਰੱਖੀ ਜਾਂਦੀ ਕਿ ਉਹ ਸਾਰਾ ਦਿਨ ਫੋਨ ਉੱਤੇ ਕੀ ਕਰ ਰਹੇ ਹਨ। ਫਿਰ ਅੱਜ-ਕੱਲ੍ਹ ਦੀਆਂ ਪੀੜ੍ਹੀਆਂ-ਲਿਖੀਆਂ ਮਾਵਾਂ ਨੇ ਬੱਚਿਆਂ ਨੂੰ ਬਹੁਤ ਸੋਹਲ ਬਣਾ ਦਿੱਤਾ ਹੈ ਕਿ ਬੱਚੇ ਮਿੱਟੀ-ਘੱਟੇ ਵਿਚ ਖੇਡ ਹੀ ਨਹੀਂ ਸਕਦੇ, ਜਦੋਂਕਿ ਇਕ ਹੱਦ ਤੱਕ ਇਹ ਵੀ ਜ਼ਰੂਰੀ ਹੈ।
ਇਕ ਹੋਰ ਪੱਖ ਹੈ ਪੰਜਾਬੀ ਗਾਇਕ ਅਤੇ ਗੀਤਕਾਰ। ਅੱਜ-ਕੱਲ੍ਹ ਯੂਟਿਊਬ ਤੇ ਹੋਰ ਸੋਸ਼ਲ ਸਾਈਟਸ ਦੇ ਜ਼ਮਾਨੇ ਵਿਚ ਇਹ ਲੋਕ ਨਾਮ ਕਮਾਉਣ ਅਤੇ ਲੋਕਾਂ ਦੀਆਂ ਨਜ਼ਰਾਂ ਵਿਚ ਆਉਣ ਲਈ ਕੁਝ ਵੀ ਊਟ-ਪਟਾਂਗ ਲਿਖ ਤੇ ਗਾ ਸਕਦੇ ਹਨ। ਸਾਡੀ ਨੌਜਵਾਨ ਪੀੜ੍ਹੀ ਉੱਪਰ ਸਭ ਤੋਂ ਵੱਧ ਪ੍ਰਭਾਵ ਗਾਇਕਾਂ, ਗਾਣਿਆਂ ਤੇ ਫਿਲਮਾਂ ਦਾ ਪੈ ਰਿਹਾ ਹੈ। ਜੋ ਵੀ ਇਨ੍ਹਾਂ ਵਿਚ ਸੁਣਾਇਆ ਜਾਂ ਵਿਖਾਇਆ ਜਾ ਰਿਹਾ ਹੈ, ਨੌਜਵਾਨ ਉਨ੍ਹਾਂ ਵਰਗੇ ਹੀ ਬਣਨਾ ਪਸੰਦ ਕਰਦੇ ਹਨ। ਇਸ ਪਿੱਛੋਂ ਵਾਰੀ ਆਉਂਦੀ ਹੈ ਸਾਡੀਆਂ ਸਰਕਾਰਾਂ ਦੀ, ਜਿਨ੍ਹਾਂ ਵੱਲੋਂ ਅਜਿਹੇ ਖਾਸ ਕਦਮ ਨਹੀਂ ਚੁੱਕੇ ਜਾਂਦੇ, ਜਿਨ੍ਹਾਂ ਨਾਲ ਨੌਜਵਾਨ ਵਰਗ ਖੇਡਾਂ ਪ੍ਰਤੀ ਖਿੱਚਿਆ ਜਾਵੇ। ਜੇ ਵਿਦਿਆਰਥੀ ਵਰਗ ਨੂੰ ਕੁਝ ਲਾਭ ਨਜ਼ਰ ਆਉਂਦਾ ਹੋਵੇ ਤਾਂ ਉਹ ਖੇਡਾਂ ਵਿਚ ਜ਼ਰੂਰ ਹਿੱਸਾ ਲੈਣ। ਇਹ ਵੀ ਕਿ ਪੰਜਾਬ ਦੇ ਖਿਡਾਰੀਆਂ ਨਾਲ ਅਕਸਰ ਕਾਣੀ ਵੰਡ ਕੀਤੀ ਜਾਂਦੀ ਹੈ। ਕੌਮਾਂਤਰੀ ਖੇਡਾਂ ਵਿਚ ਮੱਲਾਂ ਮਾਰਨ ’ਤੇ ਦੂਜੇ ਰਾਜਾਂ ਤੋਂ ਜਿੱਤੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਤੇ ਵਧੀਆ ਇਨਾਮ ਸਨਮਾਨ ਮਿਲਦੇ ਹਨ, ਪਰ ਪੰਜਾਬ ਦੇ ਖਿਡਾਰੀ ਨੂੰ ਨਹੀਂ। ਇਸ ਮਮਲੇ ਵਿਚ ਪੰਜਾਬ ਸਰਕਾਰ ਨੇ ਵੀ ਕਦੇ ਕੋਈ ਖ਼ਾਸ ਰੁਚੀ ਨਹੀਂ ਦਿਖਾਈ। ਸੋ ਮਾਪਿਆਂ, ਗਾਇਕਾਂ-ਗੀਤਕਾਰਾਂ, ਲੇਖਕਾਂ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਪ੍ਰਬੰਧ ਅਤੇ ਹਾਂਪੱਖੀ ਸੋਚ ਪੈਦਾ ਕੀਤੀ ਜਾਵੇ ਕਿ ਨੌਜਵਾਨ ਪੀੜ੍ਹੀ ਖੇਡ ਮੈਦਾਨਾਂ ਵਿਚ ਜਾ ਕੇ ਖੇਡਣ ਲਈ ਉਤਸ਼ਾਹਿਤ ਹੋਵੇ।
*ਪਿੰਡ ਸਭਰਾ, ਤਹਿ ਪੱਟੀ, ਜ਼ਿਲ੍ਹਾ ਤਰਨ ਤਾਰਨ।
ਸੰਪਰਕ: 97791-18066