ਐੱਸ ਪੀ ਸਿੰਘ*
‘‘ਦੇਸ਼ ਵਿੱਚ ਹੁਣ ਲੋਕਤੰਤਰ ਨਹੀਂ, ਤਾਨਾਸ਼ਾਹੀ ਹੈ। ਮੋਦੀ ਦੇ ਰਾਜ ਵਿੱਚ ਅਣਐਲਾਨੀ ਐਮਰਜੈਂਸੀ ਹੈ।’’ ਆਪਣੇ ਆਪ ਨੂੰ ਤਰੱਕੀਪਸੰਦ, ਨਰਮਖਿਆਲੀਏ ਅਤੇ ਲੋਕਤੰਤਰੀ ਘੁਲਾਟੀਏ ਦੱਸਦਿਆਂ ਦਾ ਇਹ ਬਿਆਨੀਆ ਕਿਉਂ ਕਿਸੇ ਵੱਡੀ ਆਜ਼ਾਦੀ ਦੀ ਲਹਿਰ ਵਿੱਚ ਤਬਦੀਲ ਨਹੀਂ ਹੋ ਰਿਹਾ? ਕੁਝ ਵੀ ਹੋਵੇ, ਹਰ ਹਫ਼ਤੇ ਦੋ-ਚਾਰ ਵਾਰੀ ਤਾਂ ਇਹ ਸੁਰਖ਼ੀ ਛੱਪ ਹੀ ਜਾਂਦੀ ਹੈ ਕਿ ਮੋਦੀ ਰਾਜ ਵਿੱਚ ਲੋਕਤੰਤਰ ਦਾ ਕਤਲ ਹੋ ਗਿਆ ਹੈ, ਫਿਰ ਆਜ਼ਾਦੀ ਦੀ ਲੰਬੀ ਤਵਾਰੀਖ਼ ਵਾਲੇ ਇਸ ਮੁਲਕ ਵਿੱਚ ਇੱਕ ਭਰਵਾਂ ਆਜ਼ਾਦੀ ਅੰਦੋਲਨ ਕਿਉਂ ਨਹੀਂ ਸੜਕਾਂ ’ਤੇ ਠਿੱਲ੍ਹ ਪਿਆ?
ਕੀ ਦੇਸ਼ ਵਿੱਚ ਸੱਚਮੁੱਚ ਲੋਕਤੰਤਰ ਨਹੀਂ? ਕੀ ਅਸੀਂ ਕਿਸੇ ਤਾਨਾਸ਼ਾਹੀ ਨਿਜ਼ਾਮ (autocracy) ਹੇਠ ਰਹਿ ਰਹੇ ਹਾਂ? ਜਾਂ ਕੀ ਜ਼ਮੀਨੀ ਰਾਜਨੀਤਕ ਧਰਾਤਲ ਦੀ ਹਕੀਕੀ ਪੜ੍ਹਤ ਲਈ ਸਾਨੂੰ ਕੋਈ ਨਵੀਂ ਸਮਝ, ਨਵੇਂ ਸ਼ਬਦ ਦਰਕਾਰ ਹਨ? ਇੱਕ ਸੰਵਿਧਾਨਕ ਲੋਕਤੰਤਰ ਵਿੱਚ ਕੋਈ ਤਾਨਾਸ਼ਾਹ ਕਿਵੇਂ ਹੋ ਸਕਦਾ ਹੈ? ਨਰਿੰਦਰ ਮੋਦੀ ਲੋਕ-ਫ਼ਤਵੇ ਦੁਆਰਾ ਚੁਣੇ ਹੋਏ ਪ੍ਰਧਾਨ ਮੰਤਰੀ ਹਨ, ਭਾਜਪਾ ਕੋਲ ਅਦੁੱਤੀ (unprecedented) ਬਹੁਗਿਣਤੀ ਹੈ। ਸ਼ਾਸਕ ਸੰਵਿਧਾਨਕ ਮਦਾਂ ਤਹਿਤ ਦੁਬਾਰਾ ਲੋਕਾਂ ਦੀ ਕਚਹਿਰੀ ਵਿੱਚ ਜਾਣ ਤੋਂ ਇਨਕਾਰੀ ਨਹੀਂ ਹੈ। ਅਜਿਹੇ ਵਿਚ ਮੋਦੀ/ਭਾਜਪਾ ਸਮਰਥਕਾਂ, ਪ੍ਰਸ਼ੰਸਕਾਂ, ਆਮ ਨਾਗਰਿਕਾਂ ਨੂੰ ਕਿਵੇਂ ਇਹ ਯਕੀਨਦਹਾਨੀ ਕਰਵਾਓਗੇ ਕਿ ਦੇਸ਼ ਵਿੱਚ ਹੁਣ ਲੋਕਤੰਤਰ ਨਹੀਂ, ਤਾਨਾਸ਼ਾਹੀ ਹੈ?
ਦਰਅਸਲ ਅਸੀਂ ਤਾਨਾਸ਼ਾਹੀ ਵਾਲੇ ਨਿਜ਼ਾਮ ਤੋਂ ਵੀ ਖ਼ਤਰਨਾਕ ਮਰਹਲੇ ਵਿੱਚੋਂ ਲੰਘ ਰਹੇ ਹਾਂ। ਇੱਕ ਪਾਸੇ ਤਾਨਾਸ਼ਾਹ ਅਤੇ ਦੂਜੇ ਪਾਸੇ ਆਜ਼ਾਦੀ/ਲੋਕਤੰਤਰ/ਨਿਆਂ ਪੱਖੀ ਸਮਾਜਿਕ ਬਣਤਰ ਦਾ ਸੁਪਨਾ – ਇਹ ਲਕੀਰਾਂ ਸਾਫ ਸਨ। ਤੁਸੀਂ ਸਿਰ ਝੁਕਾ ਕੇ ਜਿਊਣਾ ਚਾਹੁੰਦੇ ਹੋ ਕਿ ਸਿਰ ਉਠਾ ਕੇ – ਸਵਾਲ ਵਲਵਲੇ ਪੈਦਾ ਕਰਦਾ ਸੀ। ਨਿਜ਼ਾਮ ਨੇ ਸਬਕ ਸਿੱਖੇ, ਆਪਣਾ ਖ਼ਾਸਾ ਬਦਲ ਲਿਆ ਹੈ। ਸਵਾਲ ਇਹ ਹੈ ਕਿ ਕੀ ਕਾਰਕੁਨਾਂ ਨੇ ਬਦਲੀ ਹੋਈ ਜ਼ਮੀਨੀ ਹਕੀਕਤ ਲਈ ਨਵੇਂ ਸ਼ਬਦ, ਨਵੇਂ ਨਾਅਰੇ, ਨਵੀਂ ਸਮਝ ਦਾ ਨਿਰਮਾਣ ਕੀਤਾ ਹੈ ਜਾਂ ‘ਸਰਫਰੋਸ਼ੀ ਕੀ ਤਮੰਨਾ’ ਦੇ ਭਰਿਆਂ ਨੇ ਪੁਰਾਣੇ ਮੁਹਾਵਰਿਆਂ, ਲਕੀਰਾਂ ਅਤੇ ਰਣਨੀਤੀ ਨਾਲ ਹੀ ਲੜਨ ’ਤੇ ਮਨ ਬੱਧਾ ਹੈ?
ਜੇ ਸੜਕ ’ਤੇ ਭੀੜਾਂ ਨਹੀਂ ਉਮੜ ਰਹੀਆਂ, ਸਰਕਾਰ ਦੇ ਨੱਕ ਵਿੱਚ ਦਮ ਨਹੀਂ ਹੋ ਗਿਆ ਤਾਂ ਇਸ ਲਈ ਕਿਉਂਜੋ ਇੱਕ ਵੱਡੀ ਬਹੁਗਿਣਤੀ ਮੋਦੀ/ਭਾਜਪਾ ਨਿਜ਼ਾਮ ਨੂੰ ਤਾਨਾਸ਼ਾਹ ਦੇ ਤੌਰ ’ਤੇ ਨਹੀਂ ਦੇਖ ਰਹੀ। ਦਰਅਸਲ, ਆਧੁਨਿਕ ਯੁੱਗ ਵਿੱਚ ਇਹ ਬਹੁਤ ਸਾਰੇ ਇਹੋ ਜਿਹੇ ਖ਼ਾਸੇ ਵਾਲੇ ਲੀਡਰਾਂ/ਪਾਰਟੀਆਂ/ਨਿਜ਼ਾਮਾਂ ਦੀ ਵੱਡੀ ਉਪਲੱਬਧੀ ਹੈ।
ਜ਼ਮੀਨੀ ਹਕੀਕਤਾਂ ਦੀ ਕੁੰਡਲੀ ਮਿਲਾ ਕੇ ਵੇਖੀਏ ਤਾਂ ਗੁਆਂਢ ਵਿੱਚ ਸਾਡੇ ਹਮਸਾਏ ਨਹੀਂ, ਸਕੇ ਰਹਿੰਦੇ ਹਨ। ਜਿਵੇਂ ਥੋਕ ਦੇ ਭਾਅ ਦੇਸ਼ਧ੍ਰੋਹ ਦੇ ਮੁਕੱਦਮੇ ਭਾਰਤ ਵਿੱਚ ਦਰਜ ਹੁੰਦੇ ਹਨ, ਇਸੇ ਤਰ੍ਹਾਂ ਹੀ ਪਾਕਿਸਤਾਨ ਵਿੱਚ ਦੇਸ਼ਧ੍ਰੋਹ ਦੀਆਂ ਐਫਆਈਆਰਾਂ ਧੜਾਧੜ ਕੱਟੀਆਂ ਜਾਂਦੀਆਂ ਹਨ। ਸਾਡੀ ਤਾਂ ਧਾਰਾ ਨੰਬਰ, 124(ਏ), ਦੀ ਵੀ ਸਾਂਝ ਹੈ – ਸੱਕ ਹੋਵੇ ਤਾਂ ਏਡਾ ਸਕਿਆਂ ਵਰਗਾ। ਅੰਗਰੇਜ਼ਾਂ ਲੋਕਮਾਨਿਆ ਤਿਲਕ ਤੇ ਮਹਾਤਮਾ ਗਾਂਧੀ ਨੂੰ, ਅਤੇ ਅਸਾਂ ਅਰੁੰਧਤੀ ਰਾਏ, ਬਿਨਾਇਕ ਸੇਨ, ਵਰਵਰਾ ਰਾਓ, ਸੁਧਾ ਭਾਰਦਵਾਜ ਤੋਂ ਲੈ ਕੇ ਨਤਾਸ਼ਾ ਨਰਵਾਲ, ਸਫੂਰਾ ਜ਼ਰਗਰ, ਸ਼ਰਜੀਲ ਇਮਾਮ ਵਰਗੇ ਨੌਜਵਾਨ ਕਾਰਕੁਨਾਂ ਨੂੰ 124(ਏ) ਥੱਲੇ ਅੰਦਰ ਡੱਕਿਆ।
ਹਮਸਾਇਆਂ ਕਾਹਨੂੰ ਪਿੱਛੇ ਰਹਿਣਾ ਸੀ? ਲੰਘੇ ਸੋਮਵਾਰ ਇੱਕ ਨਾਗਰਿਕ ਲਾਹੌਰ ਵਿੱਚ ਆਪਣੇ ਘਰ ਨੇੜਲੇ ਥਾਣੇ ਗਿਆ, ਥਾਣੇਦਾਰ ਨੂੰ ਕਿਹਾ ਕਿ ਉਸ ਐਫਆਈਆਰ ਦਰਜ ਕਰਵਾਉਣੀ ਹੈ ਕਿਉਂਜੋ ਕੁਝ ਲੋਕ ਦੇਸ਼ ਨਾਲ ਧ੍ਰੋਹ ਕਮਾ ਰਹੇ ਹਨ। ਪੰਜਾਬ ਪੁਲੀਸ ਤਾਂ ਜਿਵੇਂ ਦੀ ਸਾਡੀ, ਉਵੇਂ ਦੀ ਉਨ੍ਹਾਂ ਦੀ – ਹਮੇਸ਼ਾ ਲੋਕਾਂ ਦੀ ‘ਸੇਵਾ’ ਲਈ ਤਿਆਰ! ਥਾਣੇਦਾਰ ਨੇ ਕਲਮ ਚੁੱਕੀ ਤੇ ਕਿਹਾ, ਬੋਲੋ ਜੀ, ਕੀਹਦਾ-ਕੀਹਦਾ ਨਾਓਂ ਹੈ ਲਿਖਣਾ? ਨਵਾਜ਼ ਸ਼ਰੀਫ ਅਤੇ ਧੀ ਮਰੀਅਮ ਨਵਾਜ਼ ਨੂੰ ਛੱਡੋ, ਪਾਕਿਸਤਾਨੀ ਕਬਜ਼ੇ ਵਾਲੇ ‘ਆਜ਼ਾਦ ਕਸ਼ਮੀਰ’ ਦਾ ਵਜ਼ੀਰੇ-ਆਜ਼ਮ ਰਾਜਾ ਫਰੂਕ ਹੈਦਰ ਵੀ ਰਗੜਿਆ ਗਿਆ। ਦੋ ਸਾਬਕਾ ਪ੍ਰਧਾਨ ਮੰਤਰੀ, ਤਿੰਨ ਸਾਬਕਾ ਫ਼ੌਜੀ ਜਰਨੈਲ, ਸਾਬਕਾ ਰੱਖਿਆ, ਗ੍ਰਹਿ, ਕਾਨੂੰਨ ਮੰਤਰੀ, ਕੋਈ 40 ਤੋਂ ਵਧੀਕ ਦੇਸ਼ਧ੍ਰੋਹੀ ਇੱਕ ਨਾਗਰਿਕ ਦੇ ਕਹਿਣ ’ਤੇ ਗੱਦਾਰਾਂ ਦੀ ਫਹਿਰਿਸਤ ’ਚ ਆ ਗਏ।
ਪਾਕਿਸਤਾਨੀ ਕਾਨੂੰਨ ਵਿੱਚ ਦੇਸ਼ਧ੍ਰੋਹ ਦਾ ਮੁਕੱਦਮਾ ਸਿਰਫ਼ ਹਕੂਮਤ ਦਰਜ ਕਰਵਾ ਸਕਦੀ ਹੈ, ਕੋਈ ਆਮ ਸ਼ਹਿਰੀ ਨਹੀਂ। ਪਹਿਲਾਂ ਤਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਯਾਰਾਂ ਕੱਛਾਂ ਵਜਾਈਆਂ, ਫਿਰ ਰੌਲਾ ਪਿਆ ਤਾਂ ਇਮਰਾਨ ਖਾਨ ਨੇ ਕਿਹਾ ਕਿ ਉਹਨੂੰ ਤਾਂ ਪਤਾ ਹੀ ਨਹੀਂ, ਹਕੂਮਤ ਨੇ ਕੋਈ ਕੇਸ ਦਰਜ ਨਹੀਂ ਕਰਵਾਇਆ। ਵਿਰੋਧੀ ਚੀਕੇ ਤਾਂ ਹੁਣ ਬਾਕੀ ਸਾਰਿਆਂ ਦੇ ਨਾਮ ਐਫਆਈਆਰ ’ਚੋਂ ਕੱਟ ਦਿੱਤੇ ਗਏ ਹਨ, ਪਰ ਨਵਾਜ਼ ਸ਼ਰੀਫ਼ ਇਕੱਲੇ ਦਾ ਰਹਿਣ ਦਿੱਤਾ ਗਿਆ ਹੈ। ਲੋਕਤੰਤਰ ਆਪਣੀ ਜਗ੍ਹਾ ਮੁਬਾਰਕ, ਪਰ ਏਡਾ ਮੂੰਹ ਅੱਡ ਕੇ ਵੀ ਨਾ ਮੰਗੋ। ਵਿੱਚ-ਵਿਚਾਲੇ ਜਿਹੇ ਵਾਲਾ ਲੋਕਤੰਤਰ ਹੁਣ ਸਮਝੌਤੇ ਦੀ ਜ਼ਮੀਨ ਹੈ।
ਪਾਕਿਸਤਾਨ ਵਿੱਚ ਇਸ ਵਿੱਚ-ਵਿਚਾਲੜੀ ਥਾਂ ਦੀ ਗੱਲ ਖੁੱਲ੍ਹ ਕੇ ਹੋ ਰਹੀ ਹੈ। ਸ਼ੁਰੂ ਵਿੱਚ ਵਿਰੋਧੀਆਂ ਇਮਰਾਨ ਖਾਨ ਨੂੰ ਸਿਲੈਕਟਡ ਪ੍ਰਧਾਨ ਮੰਤਰੀ ਕਿਹਾ, ਪਰ ਪ੍ਰਵਾਨ ਵੀ ਕਰ ਲਿਆ। ਇਮਰਾਨ ਖਾਨ ਵੀ ਬਹੁਤਾ ਪਾਖੰਡ ਨਾ ਕੀਤਾ, ਕਿਹਾ ਫ਼ੌਜ ਤੇ ਉਹਦੀ ਪਾਰਟੀ ਹਮਸਫ਼ਾ ਹਨ – ਇੱਕੋ page ’ਤੇ ਹਨ। ਵੋਟਾਂ ਵੇਲੇ ਫ਼ੌਜ ਬੂਥ ਦੇ ਅੰਦਰ ਵੀ ਸੀ, ਬਾਹਰ ਵੀ। ਚੋਣਾਂ ਤਾਂ ਲੋਕਤੰਤਰੀ ਪ੍ਰਕਿਰਿਆ ਹੁੰਦੀਆਂ ਹੀ ਹਨ; ਸੋ ਜੋ ਨਿਜ਼ਾਮ ਇੰਝ ਚੁਣ ਕੇ ਆਇਆ, ਉਹਦੇ ਬਾਰੇ ਸਿਆਸੀ ਮਾਹਿਰਾਂ ਨੇ ਜੁਮਲਾ ਵਰਤਿਆ- ਹਾਈਬ੍ਰਿਡ ਰਿਜੀਮ (hybrid regime)।
ਇਹ ਹਾਈਬ੍ਰਿਡ ਨਿਜ਼ਾਮ ਹੁਣ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੀ ਹਕੀਕਤ ਹੈ। ਪਹਿਲੀ ਵਾਰ ਇਹ ਸ਼ਬਦ ਹੰਗਰੀ ਦੇ ਸਮਾਜਸ਼ਾਸਤਰੀ ਐਲੇਮਰ ਹੈਂਕਿਜ਼ (Elemér Hankiss) ਨੇ 1990ਵਿਆਂ ਵਿੱਚ ਵਰਤੇ ਸਨ ਜਦੋਂ ਉਹ ਆਪਣੇ ਮੁਲਕ ਦੇ 1956 ਵਾਲੇ ਉਸ ਤਜਰਬੇ ਦੀ ਅਸਲੀਅਤ ਸਮਝ ਰਹੇ ਸਨ ਜਿਸ ਵਿੱਚ ਲੋਕਕ੍ਰਾਂਤੀ ਨੂੰ ਕੁਚਲ ਕੇ ਸੋਵੀਅਤ ਯੂਨੀਅਨ ਨੇ ਯਾਨੋਸ਼ ਕਾਦਰ (János Kádár) ਨੂੰ ਸ਼ਾਸਕ ਥਾਪ ਦਿੱਤਾ ਪਰ ਕਾਦਰ ਨੇ ਦੁਪਾਸੀ ਖੇਡ ਖੇਡੀ – ਸਟਾਲਿਨ ਵਾਲੀ ਧਿੰਙੋਜ਼ੋਰੀ ਵੀ ਨਾ ਕੀਤੀ, ਕੁਝ ਸੁਧਾਰ ਵੀ ਲਿਆਂਦੇ, ਰੋਹ ਵੀ ਦਬਾਈ ਰੱਖਿਆ, ਸਾਹ ਵੀ ਲੈਣ ਦਿੱਤਾ ਤੇ ਲੋਕਤੰਤਰ ਦੀ ਦੁਹਾਈ ਵੀ ਦੇਂਦਾ ਰਿਹਾ।
ਸੋਵੀਅਤ ਯੂਨੀਅਨ ਦੀ ਟੁੱਟ-ਭੱਜ ਤੋਂ ਬਾਅਦ ਹੋਂਦ ਵਿੱਚ ਆਏ ਪੂਰਬੀ ਯੂਰਪ ਦੇ ਕਈ ਦੇਸ਼ਾਂ ਹਾਈਬ੍ਰਿਡ ਨਿਜ਼ਾਮ ਵਾਲਾ ਮਾਡਲ ਅਪਣਾਇਆ। ਉਦੋਂ ਤੋਂ ਲੈ ਕੇ ਬਹੁਤ ਸਾਰੇ ਲੋਕਤੰਤਰੀ ਮੁਲਕ ਵੀ ਹਾਈਬ੍ਰਿਡ ਨਿਜ਼ਾਮ ਵੱਲ ਸਰਕਦੇ ਜਾ ਰਹੇ ਹਨ, ਅਤੇ ਬਹੁਤ ਸਾਰੇ ਤਾਨਾਸ਼ਾਹ ਵੀ। ਇਸ ਵਿੱਚ-ਵਿਚਾਲੜੀ ਜ਼ਮੀਨ ਵਿੱਚ ਤੁਸੀਂ ਆਪਣੇ ਆਪ ਨੂੰ ਲੋਕਤੰਤਰੀ ਵੀ ਕਹਿ ਸਕਦੇ ਹੋ ਤੇ ਅਸਲੀ ਸੱਤਾ ਉੱਤੇ ਕੁੰਡਲ-ਕਬਜ਼ਾ ਵੀ ਰੱਖ ਸਕਦੇ ਹੋ। ਲੋਕ ਵੋਟਾਂ ਵੀ ਪਾ ਸਕਦੇ ਹਨ ਅਤੇ ਭੀੜ ਨੂੰ ਧਰਨੇ-ਪ੍ਰਦਰਸ਼ਨ ਲਈ ਪਹਿਲਾਂ ਤੋਂ ਨਿਯੁਕਤ ਸਥਾਨ ’ਤੇ ਹੀ ਇਕੱਠੇ ਹੋਣ ਦੀ ਇਜਾਜ਼ਤ ਮਿਲ ਸਕਦੀ ਹੈ।
ਕਦੀ ਹਾਈਬ੍ਰਿਡ ਨਿਜ਼ਾਮ ਨੂੰ ਬਦਲਵੀਂ/ਆਰਜ਼ੀ (transitional) ਲੋਕਤੰਤਰ ਸਮਝਿਆ ਜਾਂਦਾ ਸੀ। ਸ਼ਾਇਦ ਸ਼ੀਤ-ਯੁੱਧ ਤੋਂ ਬਾਅਦ ਕੁਝ ਮੁਲਕਾਂ ਵਿੱਚ ਤਾਨਾਸ਼ਾਹਾਂ ਦੇ ਖ਼ਿਲਾਫ਼ ਉੱਠੀਆਂ ਬਗ਼ਾਵਤਾਂ ਅਤੇ ਲੋਕਤੰਤਰੀ ਸਰਕਾਰਾਂ ਦੇ ਹੋਂਦ ਵਿੱਚ ਆਉਣ ਕਾਰਨ ਆਸ ਬੱਝੀ ਹੋਵੇਗੀ ਕਿ ਆਹਿਸਤਾ-ਆਹਿਸਤਾ ਨਿਜ਼ਾਮ ਪੂਰਨ ਲੋਕਤੰਤਰ ਵੱਲ ਵਧਣਗੇ ਪਰ ਹਕੀਕਤ ਵਿੱਚ ਇਸ ਤੋਂ ਉਲਟ ਹੋ ਰਿਹਾ ਹੈ। ਕਿਤੇ ਫ਼ੌਜੀ ਜਰਨੈਲ ਚੋਣ ਲੜ ਕੇ ਲੋਕਤੰਤਰੀ ਨਿਜ਼ਾਮ ਚਲਾ ਰਿਹਾ ਹੈ (ਮਿਸਰ); ਕਿਤੇ ਸੱਚਮੁੱਚ ਲੋਕਪ੍ਰਿਯ ਨੇਤਾ ਸਿਖਰ ’ਤੇ ਪਹੁੰਚਣ ਤੋਂ ਬਾਅਦ ਪੱਕੇ ਕਬਜ਼ੇ ਦੀ ਫ਼ਿਰਾਕ਼ ਵਿੱਚ ਹੈ (ਤੁਰਕੀ): ਕਿਤੇ ਵਰਦੀਧਾਰੀ ਤਾਕਤਾਂ ਕਿਸੇ ਸੈਲੀਬ੍ਰਿਟੀ ਨੂੰ ਆਸ ਦਾ ਸੂਰਜ ਬਣਾ, ਚਮਕਾ ਕੇ ਚੋਣਾਂ ਜਿਤਾ ਰਹੀਆਂ ਹਨ, ਫਿਰ ਉਹਨੂੰ ਚਲਾ ਰਹੀਆਂ ਹਨ (ਪਾਕਿਸਤਾਨ), ਕਿਤੇ ਫ਼ੌਜੀ ਹੀ ਮਜ਼ਬੂਤ ਨੇਤਾ ਬਣ ਅਤੇ ਸੰਵਿਧਾਨ ਬਦਲ ਕਦੀ ਪ੍ਰਧਾਨ ਮੰਤਰੀ, ਕਦੀ ਰਾਸ਼ਟਰਪਤੀ ਅਤੇ ਹਮੇਸ਼ਾਂ ਲਈ ਸੱਤਾ-ਸਿਖਰ ਬਣਿਆ ਬੈਠਾ ਹੈ (ਰੂਸ)।
ਜੇ ਗੌਰ ਨਾਲ ਵੇਖੋ, ਜੋ ਅਮਰੀਕਾ ਵਿੱਚ ਹੋ ਰਿਹਾ ਹੈ, ਉਹਨੂੰ ਜਮਹੂਰੀਅਤ ਵਾਲੇ ਇਤਿਹਾਸਕ ਲੇਬਲ ਨੂੰ ਨਜ਼ਰ-ਅੰਦਾਜ਼ ਕਰਕੇ ਪੜ੍ਹੋ ਤਾਂ ਅਜਿਹੇ ਬਹੁਤ ਸਾਰੇ ਵਰਤਾਰੇ ਦਿਸਦੇ ਹਨ ਜਿੱਥੇ ਨਿਜ਼ਾਮ ਹਾਈਬ੍ਰਿਡ ਹੀ ਜਾਪਦਾ ਹੈ। ਸਾਡੇ ਏਥੇ ਜਿਵੇਂ ਸਾਬਕਾ ਫ਼ੌਜੀ ਅਫ਼ਸਰ ਮੰਤਰੀ ਬਣ ਰਹੇ ਹਨ, ਅਦਾਲਤ-ਏ-ਉਸਮਾ ਦੇ ਜੱਜ ਰਿਟਾਇਰ ਹੋ ਕੇ ਪਾਰਲੀਮੈਂਟ ਪਹੁੰਚ ਰਹੇ ਹਨ, ਅਤੇ ਮੌਜੂਦਾ ਫ਼ੌਜੀ ਅਫ਼ਸਰ ਅਤੇ ਉੱਚ-ਅਦਲੀਆ ਨਿਜ਼ਾਮ ਨਾਲ ਹਮ-ਸਫ਼ਾ ਹੋਣ ਦੇ ਬਿਆਨ ਅਤੇ ਪ੍ਰਮਾਣ ਦੇ ਰਹੇ ਹਨ, ਇਹ ਸਾਫ ਹੈ ਕਿ ਅਸੀਂ ਹਾਈਬ੍ਰਿਡ ਨਿਜ਼ਾਮ ਬਣ ਚੁੱਕੇ ਹਾਂ। ਨਾ ਇਹ ਲੋਕਤੰਤਰ ਹੈ, ਨਾ ਤਾਨਾਸ਼ਾਹੀ। ਨੇਤਾ ਮਜ਼ਬੂਤ ਹੈ, ਭੀੜ ਉਹਦੇ ਨਾਲ ਹੈ। ਵੋਟਾਂ ਪੈਂਦੀਆਂ ਹਨ, ਸਰਕਾਰਾਂ ਬਣਦੀਆਂ ਹਨ। ਅੰਦੋਲਨ ਲਈ ਸ਼ਹਿਰ ’ਚ ਵੱਖਰੀ ਇੱਕ ਥਾਂ ਨਿਰਧਾਰਤ ਹੈ। ਭਾਰਤੀ ਲੋਕਤੰਤਰ ਦੀ ਇਹ ਨਵੀਂ ਇਬਾਰਤ ਹੈ।
*(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਏਨਾ ਜਾਣਦਾ ਹੈ ਕਿ ਹਾਈਬ੍ਰਿਡ ਨਿਜ਼ਾਮ ਵਿੱਚ ਲੋਕਤੰਤਰੀ ਪਾਖੰਡ ਕਾਇਮ ਰੱਖਣ ਲਈ ਆਜ਼ਾਦੀ ਦਾ ਜਿੰਨਾ ਕੁ ਵਿਖਾਲਾ ਕਰਨਾ ਪੈਂਦਾ ਹੈ, ਉਸ ਵਿੱਚ-ਵਿਚਾਲੜੀ ਬੇਰੜੀ ਜ਼ਮੀਨ ਤੋਂ ਵੀ ਹਾਕਮ ਕਿਸੇ ਲੇਖ-ਨਾਅਰੇ-ਧਰਨੇ-ਰੇਲ ਰੋਕ ਤਹਿਰੀਕ ਨਾਲ ਤ੍ਰਭਕਿਆ ਫਿਰਦਾ ਹੈ।)