ਦਮਨਜੀਤ ਕੌਰ
ਪਿਛਲੇ ਕਰੀਬ 60 ਦਿਨਾਂ ਤੋਂ ਪੰਜਾਬ ਦੇ ਕਿਸਾਨ ਕੇਂਦਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਧਰਨੇ ‘ਤੇ ਹਨ ਤੇ ਕਰੀਬ ਦੋ ਹਫ਼ਤੇ ਹੋ ਗਏ ਹਨ ਉਨ੍ਹਾਂ ਨੂੰ ਦਿੱਲੀ ਦੇ ਸਿੰਘੂ, ਕੁੰਡਲੀ ਬਾਰਡਰ ‘ਤੇ ਬੈਠਿਆਂ ਨੂੰ ਪਰ ਹਾਲੇ ਤੱਕ ਕੇਂਦਰ ਵੱਲੋਂ ਇਸ ‘ਤੇ ਕੋਈ ਵਜ਼ਨਦਾਰ ਬਿਆਨ ਤੇ ਗੱਲ ਨਹੀਂ ਕਹੀ ਗਈ। 26 ਨਵੰਬਰ ਨੂੰ ਜਦੋਂ ਕਿਸਾਨਾਂ ਨੇ ਪੰਜਾਬ ਤੋਂ ਦਿੱਲੀ ਵੱਲ ਨੂੰ ਕੂਚ ਕੀਤਾ ਤਾਂ ਹਰਿਆਣਾ ਬਾਰਡਰ ਉੱਤੇ ਹੀ ਹਰਿਆਣਾ ਪੁਲੀਸ ਵੱਲੋਂ ਉਨ੍ਹਾਂ ਨੂੰ ਰੋਕ ਲਿਆ ਗਿਆ ਕਿਉਂਕਿ ਹਰਿਆਣਾ ਸਰਕਾਰ ਦੇ ਹੁਕਮ ਸਨ ਤੇ ਇਹ ਸੁਭਾਵਕ ਸੀ ਕਿਉਂਕਿ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਹੈ। ਇੱਥੋਂ ਹੀ ਕਿਸਾਨਾਂ ਦਾ ਇਹ ਪ੍ਰਦਰਸ਼ਨ ਹੋਰ ਸੁਰਖੀਆਂ ਵਿੱਚ ਆਇਆ ਕਿਉਂਕਿ ਜਿਸ ਤਰ੍ਹਾਂ ਅੰਦੋਲਨ ਵਿੱਚ ਮੌਜੂਦ ਕਿਸਾਨਾਂ, ਬਜ਼ੁਰਗਾਂ, ਮਹਿਲਾਵਾਂ ਤੇ ਨੌਜਵਾਨਾਂ ਨੇ ਆਪਣੇ ਏਕੇ ਨਾਲ ਸਾਰੇ ਬੈਰੀਕੇਡ ਤੋੜ ਕੇ ਹਰਿਆਣਾ ਵਿੱਚ ਆਪਣੇ ਕਦਮ ਰੱਖੇ ਤੇ ਇਕੱਠੇ ਹੋ ਕੇ ਦਿੱਲੀ ਵੱਲ ਨੂੰ ਕੂਚ ਕੀਤਾ, ਉਹ ਸੱਚੀਂ ਕਾਬਿਲ-ਏ-ਤਾਰੀਫ ਸੀ, ਕਿਉਂਕਿ ਕਿਸਾਨਾਂ ਦੇ ਅੰਦੋਲਨ ਦਾ ਸਭ ਤੋਂ ਮਜ਼ਬੂਤ ਪੱਖ ਇਹ ਹੈ ਕਿ ਇਸ ਵਿੱਚ ਨਾ ਤਾਂ ਹੁਣ ਤੱਕ ਕੋਈ ਹਿੰਸਾ ਹੋਈ ਹੈ ਤੇ ਨਾ ਹੀ ਕੋਈ ਹੁਲੜਬਾਜ਼ੀ। ਇਹ ਪਹਿਲੀ ਵਾਰ ਹੋ ਰਿਹੈ ਕਿ ਕਿਸੇ ਅੰਦੋਲਨ ਨੂੰ ਹਰ ਵਰਗ ਦਾ ਸਾਥ ਮਿਲ ਰਿਹਾ ਹੋਵੇ। ਕਿਸਾਨਾਂ ਦੇ ਇਸ ਅੰਦੋਲਨ ਵਿੱਚ ਬੱਚੇ, ਬਜ਼ੁਰਗ, ਮਹਿਲਾਵਾਂ, ਨੌਜਵਾਨ, ਫੌਜੀ, ਸਰਕਾਰੀ ਕਰਮਚਾਰੀ, ਵਪਾਰੀ, ਕਲਾਕਾਰ ਆਦਿ ਹਰ ਕੋਈ ਸਾਥ ਦੇ ਰਿਹਾ ਹੈ।
ਬੇਸ਼ੱਕ ਸਾਡੇ ਕਿਸਾਨ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਕਰੀਬ ਦੋ ਹਫ਼ਤਿਆਂ ਤੋਂ ਬੈਠੇ ਹਨ ਪਰ ਉਨ੍ਹਾਂ ਦੇ ਅੰਦੋਲਨ ਦਾ ਤਰੀਕਾ ਸਾਰਿਆਂ ਨੂੰ ਪਸੰਦ ਆ ਰਿਹਾ ਹੈ। ਇੱਥੋਂ ਤੱਕ ਕਿ ਦਿੱਲੀ ਵਾਸੀ ਵੀ ਕਿਸਾਨਾਂ ਦੇ ਅੰਦੋਲਨ ਦਾ ਹਿੱਸਾ ਬਣਨ ਲਈ ਇਸ ਵਿੱਚ ਆਪਣੀ ਸ਼ਿਰਕਤ ਕਰ ਰਹੇ ਹਨ ਤੇ ਸੇਵਾ ਵੀ ਕਰ ਰਹੇ ਹਨ। ਇਸ ਅੰਦੋਲਨ ਨੇ ਇਹ ਵੀ ਦੱਸ ਦਿੱਤਾ ਕਿ ਜਦੋਂ ਦੋ ਪੀੜ੍ਹੀਆਂ ਆਪਸ ਵਿੱਚ ਮਿਲ ਕੇ, ਇਕੱਠੀਆਂ ਹੋ ਕੇ ਅਨਿਆਂ ਖਿਲਾਫ਼ ਆਵਾਜ਼ ਚੁੱਕਦੀਆਂ ਹਨ ਤਾਂ ਜਿੱਤ ਹੋਣੀ ਲਾਜ਼ਮੀ ਹੈ। ਦੋ ਸੋਚਾਂ ਦਾ ਆਪਸ ਵਿੱਚ ਮਿਲ ਜਾਣਾ ਕਿਸੇ ਜਿੱਤ ਨਾਲੋਂ ਘੱਟ ਨਹੀਂ। ਇਹ ਏਕਤਾ ਹੀ ਸਾਡੀ ਅਸਲੀ ਕੁੰਜੀ ਹੈ, ਜਿਸ ਨੂੰ ਸੰਭਾਲਣ ਦੀ ਸਖ਼ਤ ਜ਼ਰੂਰਤ ਹੈ ਤੇ ਇਹੀ ਸਾਡੀ ਇਸ ਅੰਦੋਲਨ ਦੀ ਜਿੱਤ ਦਾ ਕਾਰਨ ਬਣੇਗਾ। ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਇਹ ਅੰਦੋਲਨ ਇਕ ਕ੍ਰਾਂਤੀ ਬਣ ਜਾਵੇਗਾ। ਸ਼ਾਇਦ ਪਹਿਲੀ ਵਾਰ ਇੱਦਾਂ ਹੋਇਆ ਕਿ ਕਿਸਾਨਾਂ ਦੇ ਇਸ ਪ੍ਰਦਰਸ਼ਨ ਵਿੱਚ ਨੌਜਵਾਨ ਪਹਿਲੇ ਦਿਨ ਤੋਂ ਉਨ੍ਹਾਂ ਨਾਲ ਡਟੇ ਰਹੇ ਤੇ ਇਸੇ ਕਰਕੇ ਇਹ ਸਭ ਸਿਰੇ ਚੜ੍ਹਿਆ। ਜਿੱਥੇ ਸਾਡੇ ਬਜ਼ੁਰਗ ਕਿਸਾਨ ਆਪਣੇ ਟਰੈਕਟਰ, ਟਰਾਲੀਆਂ ’ਤੇ ਲਗਾਤਾਰ ਦੋ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਨੌਜਵਾਨਾਂ ਨੇ ਮੈਦਾਨ ਵਿੱਚ ਵੀ ਤੇ ਸੋਸ਼ਲ ਮੀਡੀਆ ’ਤੇ ਵੀ ਇਹ ਲੜਾਈ ਸ਼ੁਰੂ ਕੀਤੀ ਤੇ ਕਿਸਾਨਾਂ ਦੇ ਇਸ ਅੰਦੋਲਨ ਦੀ ਜਾਣਕਾਰੀ ਪੂਰੀ ਦੁਨੀਆਂ ਤੱਕ ਪਹੁੰਚਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਪਹਿਲੀ ਵਾਰ ਕਿਸੇ ਅੰਦੋਲਨ ਵਿੱਚ ਸੋਸ਼ਲ ਮੀਡੀਆ ਦੀ ਜ਼ੋਰਦਾਰ ਤੇ ਠੋਸ ਵਰਤੋਂ ਹੋਈ ਹੈ ਤੇ ਦੁਰਵਰਤੋਂ ਨਹੀਂ। ਇਸ ਨੇ ਸਾਬਿਤ ਕੀਤਾ ਕਿ ਜਦੋਂ ਦੋ ਪੀੜ੍ਹੀਆਂ ਰਲ ਕੇ ਆਪਣੇ ਹੱਕ ਲੈਣ ਲਈ ਖੜ੍ਹੀਆਂ ਹੁੰਦੀਆਂ ਹਨ ਤਾਂ ਉਸਦੇ ਹਾਂਪੱਖੀ ਸਿੱਟੇ ਹੀ ਨਿਕਲਦੇ ਹਨ। ਫੇਸਬੁੱਕ, ਇੰਸਟਾਗ੍ਰਾਮ ਉੱਤੇ ਤਾਂ ਨੌਜਵਾਨ ਕਿਸਾਨਾਂ ਦੇ ਅੰਦੋਲਨ ਦੀਆਂ ਖ਼ਬਰਾਂ, ਗੱਲਾਂ ਦੱਸ ਹੀ ਰਹੇ ਹਨ ਸਗੋਂ ਹੁਣ ਟਵਿੱਟਰ ’ਤੇ ਵੀ ਧੜਾਧੜ ਖਾਤੇ ਬਣਾ ਕੇ ਆਪਣੀ ਗੱਲ ਅੰਤਰਰਾਸ਼ਟਰੀ ਪੱਧਰ ਤੇ ਬੈਠੇ ਲੋਕਾਂ, ਮੀਡੀਆ ਤੱਕ ਪਹੁੰਚਾ ਰਹੇ ਹਨ। ਟਵਿੱਟਰ ’ਤੇ ਅੰਦੋਲਨ ਸਬੰਧੀ ਕਈ ਹੈਸ਼ਟੈਗ ਟਰੈਂਡ ਕਰ ਰਹੇ ਹਨ। ਇਨ੍ਹਾਂ ਵਿਚੋਂ ਪ੍ਰਮੁੱਖ ਹਨ: #IStandwithFarmers (ਮੈਂ ਕਿਸਾਨਾਂ ਦੇ ਨਾਲ ਹਾਂ), #FarmersProtest (ਕਿਸਾਨ ਅੰਦੋਲਨ), #SpeakupforFarmers (ਕਿਸਾਨਾਂ ਲਈ ਆਵਾਜ਼ ਉਠਾਓ), #DelhiProtest (ਦਿੱਲੀ ਅੰਦੋਲਨ) ਅਤੇ #StandwithFarmersChallenge (ਕਿਸਾਨਾਂ ਨਾਲ ਡਟਣ ਦਾ ਚੈਲੇਂਜ) ਆਦਿ; ਤਾਂ ਜੋ ਟਵਿੱਟਰ ’ਤੇ ਵੱਧ ਤੋਂ ਵੱਧ ਟਵੀਟ ਕੀਤੇ ਜਾ ਸਕਣ। ਇੱਥੋਂ ਤੱਕ ਕਿ ਇੱਕ ਨੌਜਵਾਨ ਨੇ ਸਪੈਸ਼ਲ ਉਨ੍ਹਾਂ ਲੋਕਾਂ ਲਈ ਵੀਡੀਓ ਬਣਾ ਕੇ ਆਪਣੀ ਫੇਸਬੁਕ ’ਤੇ ਪੋਸਟ ਕੀਤੀ ਜਿਨ੍ਹਾਂ ਨੂੰ ਟਵਿੱਟਰ ਬਾਰੇ ਜ਼ਿਆਦਾ ਪਤਾ ਨਹੀਂ, ਜੋ ਸਿਰਫ਼ ਫੇਸਬੁਕ ਤੇ ਇੰਸਟਾਗ੍ਰਾਮ ਹੀ ਚਲਾਉਂਦੇ ਹਨ। ਇਸ ਵੀਡੀਓ ਤੋਂ ਬਾਅਦ ਕਿੰਨੇ ਹੀ ਲੋਕਾਂ ਨੇ ਆਪਣੇ ਟਵਿੱਟਰ ਖਾਤੇ ਬਣਾਏ ਤੇ ਫੇਰ ਉਨ੍ਹਾਂ ਦੇ ਸਕ੍ਰੀਨਸ਼ਾੱਟ ਵੀ ਸਾਂਝੇ ਕੀਤੇ ਤੇ ਕਿਹਾ ਕਿ ਹੁਣ ਉਹ ਟਵਿੱਟਰ ਤੇ ਕਿਸਾਨਾਂ ਦੇ ਹੱਕ ਦੀ ਗੱਲ ਕਰਨਗੇ। ਗ਼ੌਰਤਲਬ ਹੈ ਕਿ ਪਹਿਲਾਂ ਪੰਜਾਬੀਆਂ ਵਿਚ ਟਵਿੱਟਰ ਦਾ ਰੁਝਾਨ ਜ਼ਿਆਦਾ ਨਹੀਂ ਸੀ, ਜ਼ਿਆਦਾਤਰ ਮੁੱਖ ਤੌਰ ’ਤੇ ਫੇਸਬੁੱਕ ਅਤੇ ਨਵੀਂ ਪੀੜ੍ਹੀ ਇੰਸਟਾਗ੍ਰਾਮ ਨੂੰ ਹੀ ਤਰਜੀਹ ਦਿੰਦੀ ਸੀ।
ਤੁਸੀਂ ਸਿਆਸੀ ਤੌਰ ’ਤੇ ਵੱਖ ਹੋ ਸਕਦੇ ਹੋ ਪਰ ਇਨਾਸਾਨੀਅਤ ਦੇ ਤੌਰ ’ਤੇ ਤੁਸੀਂ ਕਦੇ ਵੱਖ ਨਹੀਂ ਹੋ ਸਕਦੇ। 26 ਨਵੰਬਰ ਨੂੰ ਜਦੋਂ ਕਿਸਾਨਾਂ ਨੇ ਇੱਧਰੋਂ ਦਿੱਲੀ ਵੱਲ ਕੂਚ ਕੀਤਾ ਤਾਂ ਹਰਿਆਣਾ ਬਾਰਡਰ ’ਤੇ ਹਰਿਆਣਾ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦਾ ਪੂਰਾ ਜ਼ੋਰ ਲਾ ਦਿੱਤਾ ਗਿਆ। ਐਪਰ ਜਦੋਂ ਗੱਲ ਹੱਕ-ਸੱਚ ਦੀ ਹੋਵੇ ਤਾਂ ਰੋਕਣਾ ਮੁਸ਼ਕਿਲ ਹੋ ਜਾਂਦਾ। ਹਰਿਆਣਾ ਸਰਕਾਰ ਨੇ ਬੇਸ਼ੱਕ ਸਾਥ ਨਾ ਦਿੱਤਾ ਪਰ ਹਰਿਆਣਾ ਦੇ ਲੋਕਾਂ ਨੇ ਪੰਜਾਬ ਦੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਤੇ ਇਸ ਨਾਲ ਪ੍ਰਦਰਸ਼ਨ ਨੂੰ ਹੋਰ ਤਾਕਤ ਮਿਲੀ। ਉਸ ਤੋਂ ਬਾਅਦ ਜਦੋਂ ਕਿਸਾਨ ਅੱਗੇ ਵਧੇ ਤੇ ਦਿੱਲੀ ਦੇ ਕੁੰਡਲੀ ਬਾਰਡਰ ’ਤੇ ਆ ਕੇ ਆਪਣੇ ਡੇਰੇ ਲਾਏ ਤਾਂ ਸਥਾਨਕ ਲੋਕਾਂ ਵੱਲੋਂ ਵੀ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਕੋਈ ਆਪਣੇ ਘਰਾਂ ਵਿੱਚ ਧਰਨੇ ਵਿੱਚ ਮੌਜੂਦ ਸਾਡੀਆਂ ਮਾਵਾਂ, ਦਾਦੀਆਂ, ਨਾਨੀਆਂ, ਭੈਣਾਂ ਨੂੰ ਨਹਾਉਣ-ਧੋਣ ਦਾ ਸੱਦਾ ਦੇ ਰਿਹਾ ਤੇ ਕੋਈ ਰੋਜ਼ ਧਰਨੇ ਵਾਲੀ ਥਾਂ ’ਤੇ ਹਾਲ-ਚਾਲ ਪੁੱਛ ਕੇ ਜਾ ਰਿਹਾ ਹੈ। ਕੋਈ ਠੰਡ ਹੋਣ ਕਰਕੇ ਉਨ੍ਹਾਂ ਨੂੰ ਕੰਬਲ ਵੰਡ ਰਿਹਾ ਹੈ ਤੇ ਕੋਈ ਆਪਣੇ ਘਰ ਤੋਂ ਚਾਹ ਲਿਆ ਕੇ ਆਪਣੀ ਸੇਵਾ ਨਿਭਾਅ ਰਿਹਾ ਹੈ। ਇਸ ਸਭ ਨਾਲ ਇੱਕ ਗੱਲ ਹੋਰ ਪੱਕੀ ਹੋ ਜਾਂਦੀ ਹੈ ਕਿ ਅੱਜ ਕਿਸਾਨਾਂ ਨਾਲ ਦੇਸ਼ ਦਾ ਹਰ ਉਹ ਵਿਅਕਤੀ ਹੈ, ਜਿਸ ਨੂੰ ਵੀ ਸਹੀ-ਗਲਤ ਵਿਚਲਾ ਫਰਕ ਪਤਾ ਹੈ ਤੇ ਜੋ ਕਿਸੇ ’ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਦਾ। ਇੰਸਟਾਗ੍ਰਾਮ ’ਤੇ ਬਹੁਤ ਖਾਤੇ ਹਨ ਜਿਨ੍ਹਾਂ ਤੋਂ ਸਹੀ ਜਾਣਕਾਰੀ ਮਿਲ ਰਹੀ ਹੈ, ਦਿੱਲੀ ਦੇ ਕੁੰਡਲੀ ਬਾਰਡਰ ’ਤੇ ਬੈਠੇ ਕਿਸਾਨਾਂ ਦੇ ਤੌਰ ਤਰੀਕਿਆਂ ਤੋਂ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ ਤੇ ਸੋਚ ਰਿਹਾ ਹੈ ਕਿ ਇੰਨਾ ਸਭ ਹੋਣ ਦੇ ਬਾਵਜੂਦ ਕਿਸਾਨ ਪੂਰੀ ਚੜ੍ਹਦੀਕਲਾ ਵਿੱਚ ਹਨ।
ਪੰਜਾਬ ਦੇ ਕਿਸਾਨਾਂ ਨੇ ਪਹਿਲ ਕਰਦਿਆਂ ਜਿੱਥੇ ਮੌਜੂਦਾ ਬੋਲੇ ਹੋ ਚੁੱਕੇ ਹੁਕਮਰਾਨਾਂ ਦੀ ਹਿੱਕ ’ਤੇ ਬੈਠ ਕੇ ਆਪਣੀ ਆਵਾਜ਼ ਸੁਣਾਈ ਹੈ, ਉਥੇ ਇਸੇ ਤੋਂ ਪ੍ਰੇਰਿਤ ਹੋ ਕੇ ਯੂਪੀ, ਮੱਧ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ ਤੇ ਹੋਰ ਸੂਬਿਆਂ ਦੇ ਕਿਸਾਨ ਵੀ ਦਿੱਲੀ ਵੱਲ ਕੂਚ ਕਰ ਰਹੇ ਹਨ ਤੇ ਇਹ ਉਨ੍ਹਾਂ ਦਾ ਖੁਦ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਤੋਂ ਹਿੰਮਤ ਮਿਲੀ ਹੈ ਤੇ ਉਹ ਇਸ ਲੜਾਈ ਵਿੱਚ ਪੰਜਾਬ ਦੇ ਕਿਸਾਨਾਂ ਦੇ ਨਾਲ ਹਨ। ਸੋਸ਼ਲ ਮੀਡੀਆ ’ਤੇ ਕਈ ਲੋਕ ਕਿਸਾਨਾਂ ਦੇ ਇਸ ਪ੍ਰਦਰਸ਼ਨ ਨੂੰ ਏਜੰਡਾ ਦੱਸ ਰਹੇ ਹਨ ਪਰ ਸ਼ਾਇਦ ਉਹ ਸਿਰਫ਼ ਇੱਕ ਧਿਰ ਨੂੰ ਹੀ ਮੰਨਦੇ ਹਨ, ਕਿਸਾਨਾਂ ਦੀ ਬਸ ਇੱਕੋ ਮੰਗ ਹੈ ਕਿ ਕੇਂਦਰ ਨੇ ਜੋ ਤਿੰਨ ਖੇਤੀ ਕਾਨੂੰਨ ਲਿਆਂਦੇ ਹਨ ਉਨ੍ਹਾਂ ਨੂੰ ਰੱਦ ਕੀਤਾ ਜਾਵੇ। ਦਰਅਸਲ ਗੱਲ ਬਸ ਇੰਨੀ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੀ ਏਕਤਾ, ਸੋਚ ਨੂੰ ਹਲਕੇ ਵਿੱਚ ਲੈ ਰਹੀ ਸੀ ਤੇ ਹੁਣ ਜਦੋਂ ਅਸੀਂ ਆਪਣੀ ਗੱਲ ਸੁਣਾਉਣ ’ਤੇ ਆਏ ਹਾਂ ਤਾਂ ਉਨ੍ਹਾਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ। ਭਾਜਪਾ ਕੋਲ ਕਿਸਾਨਾਂ ਦੇ ਇਸ ਸ਼ਾਂਤਮਈ ਪ੍ਰਦਰਸ਼ਨ ਨੂੰ ਨਿੰਦਣ ਦਾ ਕੋਈ ਕਾਰਨ ਨਹੀਂ ਹੈ, ਕਿਉਂਕਿ ਸਾਡੇ ਕਿਸਾਨਾਂ ਦੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਦੀਆਂ ਮਿਸਾਲਾਂ ਹਰ ਕੋਈ ਦੇ ਰਿਹਾ ਹੈ, ਜਿਸ ਵਿੱਚ ਨਾ ਤਾਂ ਕੋਈ ਹਿੰਸਾ ਹੋਈ, ਨਾ ਕੋਈ ਡਰਾਮੇਬਾਜ਼ੀ, ਧੜੇਬਾਜ਼ੀ ਹੋਈ ਸਗੋਂ ਉਲਟਾ ਸਾਰੇ ਸ਼ਾਬਾਸ਼ੀ ਦੇ ਰਹੇ ਹਨ। ਇਨ੍ਹਾਂ ਢਾਈ ਮਹੀਨਿਆਂ ਵਿੱਚ ਬਹੁਤ ਕੁੱਝ ਅਜਿਹਾ ਦੇਖਣ ਨੂੰ ਮਿਲਿਆ ਜਿਸਨੇ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਤੋਂ ਬਾਹਰ ਰਹਿੰਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਕ ਨਵੀਂ ਪਰਿਭਾਸ਼ਾ ਲਿਖੀ ਹੈ। ਕੀ ਦੇਖਿਆ ਹੈ ਕੋਈ ਅਜਿਹਾ ਪ੍ਰਦਰਸ਼ਨ ਜੋ ਕਰੀਬ ਢਾਈ ਮਹੀਨਿਆਂ ਤੋਂ ਚੱਲਦਾ ਆ ਰਿਹਾ ਹੋਵੇ ਪਰ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਣ ਦਿੱਤੀ ਗਈ ਹੋਵੇ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦੱਸਣ ਵਾਲਿਆਂ ਨੇ ਦੇਖ ਲਿਆ ਕਿ ਜਦੋਂ ਪੰਜਾਬ ਦੇ ਭਵਿੱਖ ਦੀ ਰਾਖੀ ਦੀ ਗੱਲ ਹੋਵੇ ਤਾਂ ਇੱਥੋਂ ਦਾ ਨੌਜਵਾਨ ਵਰਗ ਆਪਣੀ ਇੱਕ ਅਲੱਗ ਸੋਚ ਤੇ ਨਜ਼ਰੀਆ ਦਿਖਾਉਂਦਾ ਹੈ। ਸੋਸ਼ਲ ਮੀਡੀਆ ਉੱਤੇ ਜਿਸ ਤਰ੍ਹਾਂ ਇੱਕ ਅਲੱਗ ਸੰਘਰਸ਼ ਲੜਿਆ ਜਾ ਰਿਹਾ ਹੈ ਉਹ ਸੱਚੀਂ ਕਾਬਿਲ-ਏ-ਤਾਰੀਫ ਹੈ, ਨੌਜਵਾਨਾਂ ਨੇ ਦੱਸ ਦਿੱਤਾ ਕਿ ਪੰਜਾਬੀਆਂ ਨੂੰ ਦੇਸੀ ਕਹਿਣ ਵਾਲੇ ਇਹ ਨਾ ਭੁੱਲਣ ਕਿ ਅਸੀਂ ਅੱਜ ਦੀਆਂ ਸੋਸ਼ਲ ਮੀਡੀਆ ਤਕਨੀਕਾਂ ਤੋਂ ਵੀ ਅਣਜਾਣ ਨਹੀਂ ਆ। ਚਾਹੇ ਫਿਰ ਗੱਲ ਅਸਲ ਮੈਦਾਨ ਦੀ ਹੋਵੇ ਜਾਂ ਫਿਰ ਸੋਸ਼ਲ ਮੀਡੀਆ ਦੀ ਅੱਜ ਦੋਵਾਂ ਮੈਦਾਨਾਂ ਵਿੱਚ ਕਿਸਾਨਾਂ ਦੇ ਚਰਚੇ ਹਨ ਤੇ ਹਰ ਕੋਈ ਇਸ ਸੰਘਰਸ਼ ਵਿਚ ਉਨ੍ਹਾਂ ਦੇ ਨਾਲ ਖੜ੍ਹਾ ਦਿਖਾਈ ਦੇ ਰਿਹਾ ਹੈ।
ਸੰਪਰਕ: 73072-47842