ਅਭਿਜੀਤ ਭੱਟਾਚਾਰੀਆ
ਸ਼ੁਰੂ ਤੋਂ ਹੀ ਦੁਨੀਆ ਦੇ ਨਕਸ਼ੇ ਘੜਨ, ਵਿਗਾੜਨ ਤੇ ਵਾਹੁਣ, ਢਾਹੁਣ ਦੇ ਕਾਰਜ ਲਈ ਜ਼ਿੰਮੇਵਾਰ ਮੂਲ ਕਾਰਕਾਂ ਵਿਚ ਜੰਗ (ਖ਼ਾਨਾਜੰਗੀ ਸਮੇਤ), ਹਮਲੇ ਤੇ ਟਕਰਾਅ ਮੁੱਖ ਰਹੇ ਹਨ। ਇਸ ਦੀ ਇਕ ਮਿਸਾਲ ਹੀ ਕਾਫ਼ੀ ਹੈ। ਪਿਛਲੇ ਇਕ ਹਜ਼ਾਰ ਸਾਲਾਂ ਦੌਰਾਨ ਹਿੰਦੋਸਤਾਨ ’ਤੇ 40 ਵੱਡੇ ਹਮਲੇ ਹੋਏ ਸਨ ਜਿਨ੍ਹਾਂ ਤੋਂ ਬਾਅਦ ਇਸ ਦਾ ਸਿਆਸੀ ਨਕਸ਼ਾ ਤਬਦੀਲ ਹੋ ਜਾਂਦਾ ਰਿਹਾ ਹੈ। ਹਾਲਾਂਕਿ ਅੰਗਰੇਜ਼ ਹਮਲਾਵਰ ਬਣ ਕੇ ਹਿੰਦੋਸਤਾਨ ਨਹੀਂ ਆਏ ਸਨ ਪਰ ਆਪਣੇ ‘ਕਾਰੋਬਾਰ ਦੀ ਸਹੂਲਤ’ ਦੀ ਭਾਲ ਵਿਚ ਉਨ੍ਹਾਂ ਉਹ ਹਰ ਹਰਬਾ ਵਰਤਿਆ ਜੋ ਕੋਈ ਹਮਲਾਵਰ, ਲੁਟੇਰਾ, ਡਕੈਤ, ਸਾਜ਼ਿਸ਼ਘਾੜਾ, ਕਾਤਲ, ਨਸਲਪ੍ਰਸਤ ਹਾਕਮ ਅਤੇ ਦੇਸੀ ਸਨਅਤਾਂ ਤੇ ਕਿੱਤਿਆਂ ਦੀ ਪੱਟੀਮੇਸ ਕਰਨ ਵਾਲਾ ਕਰਦਾ ਹੈ।
ਕੋਈ ਹੈਰਾਨੀ ਦੀ ਗੱਲ ਨਹੀਂ ਕਿ ਆਲਮੀ ਇਤਿਹਾਸ ਦੀਆਂ ਸ਼ਕਤੀਆਂ ਦੇ ਖਾਸੇ ਮੁਤਾਬਿਕ ਹਿੰਦੋਸਤਾਨ ਦੇ ਇਕ ਵੱਡੇ ਤਬਕੇ ਨੇ ਅੰਗਰੇਜ਼ਾਂ ਦਾ ਭਰਪੂਰ ਸਾਥ ਦਿੱਤਾ ਜਿਨ੍ਹਾਂ ਦੀ ਇਹ ਧਾਰਨਾ ਬਣੀ ਹੋਈ ਸੀ ਕਿ ਉਨ੍ਹਾਂ ਦੇ ਆਪਣੇ ਹਮਵਤਨ ਲੁਟੇਰਿਆਂ ਨਾਲੋਂ ਬਰਤਾਨਵੀ ਗੋਰੇ ਬਿਹਤਰ ਸ਼ਾਸਕ ਸਾਬਿਤ ਹੋ ਸਕਦੇ ਹਨ ਹਾਲਾਂਕਿ ਉਦੋਂ ਤੱਕ ਅੰਗਰੇਜ਼ਾਂ ਦੀ ਮੱਕਾਰੀ ਦੇ ਕਈ ਰੰਗ ਸਾਹਮਣੇ ਆ ਚੁੱਕੇ ਸਨ।
ਇਸ ਪ੍ਰਸੰਗ ਵਿਚ ਰੂਸ-ਯੂਕਰੇਨ ਟਕਰਾਅ ਦੁਨੀਆ ਦੇ ਭੂ-ਸਿਆਸੀ ਨਕਸ਼ੇ ਦੀ ਬਦਲ ਰਹੀ ਜਾਂ ਬਦਲੀ ਹੋਈ ਹਕੀਕਤ ਨੂੰ ਦਰਸਾਉਂਦਾ ਹੈ। ਇਸ ਟਕਰਾਅ ਨੂੰ ਜੰਗ ਕਿਹਾ ਜਾਵੇ ਜਾਂ ਨਹੀਂ? ਇਸ ਪੱਖ ਤੋਂ ਮੈਂ ਇਸ ਨੂੰ ਭਰਾ ਮਾਰੂ ਜੰਗ ਦੇ ਵਿਸਤਾਰ ਵਜੋਂ ਦੇਖਦਾ ਹਾਂ ਜੋ ਯੂਕਰੇਨ ਲਈ ਟਾਲਣਯੋਗ ਟਕਰਾਅ ਅਤੇ ਰੂਸ ਲਈ ਟਾਲਣਯੋਗ ਖ਼ਾਨਾਜੰਗੀ ਸੀ। ਦੂਜੇ ਬੰਨੇ ਅਮਰੀਕਾ ਦੀ ਅਗਵਾਈ ਵਾਲਾ ਪੱਛਮ ਇਸ ਦਾ ਅਸਲ ਨਿਸ਼ਾਨਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਇਹ ਅਤੀਤ ਦੇ ਖ਼ੂਨੀ ਸੰਬੰਧਾਂ ਅਤੇ ਅੰਧ-ਮਹਾਂਸਾਗਰ ਪਾਰਲੇ ਇਕ ਬਾਹਰੀ ਦੇਸ਼ ਨੂੰ ਅਜ਼ੋਵ ਸਾਗਰ ਵਿਚ ਦਾਖ਼ਲ ਹੋਣ ਦੀ ਖੁੱਲ੍ਹ ਦੇਣ ਜਾਂ ਡੱਕਣ ਨੂੰ ਲੈ ਕੇ ਵਰਤਮਾਨ ਦੇ ਮਤਭੇਦਾਂ ਕਰਕੇ ਜ਼ਮੀਨ ’ਤੇ ਕਬਜ਼ਾ ਜਮਾਉਣ ਲਈ ਛਿੜਿਆ ਟਕਰਾਅ ਵੀ ਹੈ।
ਜੇ ਤਲਖ਼ ਹਕੀਕਤ ਦਾ ਸਾਹਮਣਾ ਕੀਤਾ ਜਾਵੇ ਤਾਂ ਆਧੁਨਿਕ ਦੁਨੀਆ ਦੇ ਨਕਸ਼ੇ ਵਿਚ ਪਹਿਲੀ ਵੱਡੀ ਤਬਦੀਲੀ 19ਵੀਂ ਸਦੀ ਦੇ ਦੂਜੇ ਮੱਧ ਵਿਚ ਅਫ਼ਰੀਕਾ ਵਿਚ ਵਾਪਰੀ ਸੀ ਜਿਸ ਨੂੰ ਪੱਛਮੀ ਇਤਿਹਾਸਕਾਰ ‘ਅਫ਼ਰੀਕਾ ਦੀ ਵੰਡ’ ਕਹਿ ਕੇ ਪ੍ਰਚਾਰਦੇ ਹਨ ਜਿਵੇਂ ਵਿਦੇਸ਼ੀ ਮੁਲਕਾਂ ਵੱਲੋਂ ਕਿਸੇ ਦੂਜੇ ਮਹਾਦੀਪ ਦੀ ਵੰਡ ਕੋਈ ਜਸ਼ਨ ਮਨਾਉਣ ਲਾਇਕ ਵੱਡਾ ਉਪਕਾਰ ਹੋਵੇ। ਇਸ ਤਰ੍ਹਾਂ ਸੱਤ ਯੂਰਪੀ ਮੁਲਕਾਂ ਨੇ ਆਪਣਾ ‘ਮਿਸ਼ਨ ਡਾਰਕ ਕੌਂਟੀਨੈਂਟ’ ਜੋ ਆਪਣੇ ਨਾਂ ਤੋਂ ਹੀ ਕੁਲਹਿਣਾ ਜਾਪਦਾ ਹੈ, ਆਰੰਭਿਆ ਸੀ। ਇੰਗਲੈਂਡ, ਫਰਾਂਸ, ਪੁਰਤਗਾਲ, ਸਪੇਨ, ਬੈਲਜੀਅਮ, ਇਟਲੀ ਅਤੇ ਜਰਮਨੀ ਨੇ ਹਾਬੜੇ ਹੋਏ ਬਾਘੜ ਬਿੱਲਿਆਂ ਵਾਂਗ ਅਫ਼ਰੀਕਾ ਦੇ ਟੁਕੜੇ ਟੁਕੜੇ ਕਰ ਸੁੱਟੇ ਸਨ ਜਿਸ ਨੂੰ ਰਾਬਿੰਦਰਨਾਥ ਟੈਗੋਰ ਨੇ ਆਪਣੀ ਕਵਿਤਾ ‘ਅਫਰੀਕਾ’ ਵਿਚ ਮਾਰਮਿਕ ਸ਼ਬਦਾਂ ਵਿਚ ਬਿਆਨ ਕੀਤਾ ਸੀ। ਅਫ਼ਰੀਕਾ ਦੇ ਅੱਜ 54 ਮੁਲਕ ਬਣ ਗਏ ਹਨ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਵਿਚ ਪਹਿਲਾਂ ‘ਬਨਸਪਤੀ ਵਿਗਿਆਨੀ, ਲੁਟੇਰੇ, ਬਾਈਬਲ ਤੇ ਨੌਕਰਸ਼ਾਹ’ ਗਏ ਅਤੇ ਉਨ੍ਹਾਂ ਦੇ ਮਗਰ ਮਗਰ ‘ਬੈਂਕਰ ਤੇ ਕਾਰੋਬਾਰੀ’ ਪਹੁੰਚ ਗਏ। ਗੋਰੇ ਯੂਰਪੀਅਨਾਂ ਦੀ ‘ਸ੍ਰੇਸ਼ਠਤਾ’ ਨੂੰ ਵਾਜਬ ਠਹਿਰਾਉਣ ਖਾਤਰ ਅਫ਼ਰੀਕਾ ਦੀ ਮੁਹਿੰਮ ਨੂੰ ਆਦਿਵਾਸੀ ਲੋਕਾਂ ਨੂੰ ਤਹਿਜ਼ੀਬ ਤੇ ਅਨੁਸ਼ਾਸਨ ਦਾ ਪਾਠ ਪੜ੍ਹਾਉਣ ਲਈ ‘ਗੋਰੇ ਬੰਦੇ ਦੇ ਫ਼ਰਜ਼’ ਵਜੋਂ ਦਰਸਾਇਆ ਗਿਆ ਸੀ।
ਇਸ ਤਰ੍ਹਾਂ 1875 ਤੱਕ ਅਫ਼ਰੀਕਾ ਦਾ ਦਸਵਾਂ ਹਿੱਸਾ ਹੀ ਯੂਰਪ ਦੀਆਂ ਬਸਤੀਆਂ ਬਣ ਸਕਿਆ ਸੀ ਅਤੇ 1895 ਤੱਕ ਉਸ ਦਾ ਦਸਵਾਂ ਹਿੱਸਾ ਹੀ ਅਧੀਨਗੀ ਤੋਂ ਬਚਿਆ ਰਹਿ ਗਿਆ ਸੀ। ਇਸ ਤੋਂ ਬਾਅਦ ਦੇ ਦਹਾਕਿਆਂ ਵਿਚ ਗੋਰੇ ਯੂਰਪੀਅਨਾਂ ਦੀਆਂ ਜੇਤੂ ਮੁਹਿੰਮਾਂ ਵਿਚ ਹੋਰ ਵੀ ਸ਼ਿੱਦਤ ਆ ਗਈ ਸੀ ਜਿਨ੍ਹਾਂ ਕਰਕੇ ਦੁਨੀਆ ਭਰ ਵਿਚ ਨਵੇਂ ਨਕਸ਼ੇ ਵਾਹੇ ਜਾ ਰਹੇ ਸਨ। 1871 ਤੋਂ ਲੈ ਕੇ 1900 ਤੱਕ ਬਰਤਾਨਵੀ ਸਾਮਰਾਜ ਅਧੀਨ 42 ਲੱਖ 50 ਹਜ਼ਾਰ ਵਰਗ ਮੀਲ ਅਤੇ ਤਕਰੀਬਨ 7 ਕਰੋੜ ਲੋਕਾਂ ਦਾ ਵਾਧਾ ਹੋ ਗਿਆ ਸੀ। ਇਸੇ ਤਰ੍ਹਾਂ ਜਰਮਨੀ, ਬੈਲਜੀਅਮ ਅਤੇ ਇਟਲੀ ਨੇ ਵੀ ਆਪੋ ਆਪਣੇ ਨਵੇਂ ਬਸਤੀਵਾਦੀ ਸਾਮਰਾਜ ਸਥਾਪਤ ਕਰ ਲਏ ਸਨ਼ ਅਤੇ 19ਵੀਂ ਸਦੀ ਦੇ ਅਖੀਰ ਤੋਂ ਵੀਹਵੀਂ ਸਦੀ ਦੇ ਅਰੰਭ ਤੱਕ ‘ਇਤਿਹਾਸਕ ਸਾਮਰਾਜਵਾਦੀਆਂ’ ਦਾ ਉਭਾਰ ਹੋ ਚੁੱਕਿਆ ਸੀ। ਦੁਨੀਆ ਦਾ ਜ਼ਿਆਦਾਤਰ ਹਿੱਸਾ ਮੁੱਠੀ ਭਰ ‘ਮਹਾਨ’ ਯੂਰਪੀ ਤਾਕਤਾਂ ਦੀ ਮੁੱਠੀ ਵਿਚ ਆ ਚੁੱਕਿਆ ਸੀ। ਇਸ ਨੂੰ ‘ਚੁਫਾਲ ਪਈ ਦੁਨੀਆ ਉਪਰ ਨੌਂ ਜਣਿਆਂ ਦੇ ਦੈਵੀ ਰਾਜ’ ਦੀ ਧਾਰਨਾ ਆਖਿਆ ਜਾਂਦਾ ਹੈ ਭਾਵ ਇੰਗਲੈਂਡ, ਫਰਾਂਸ, ਜਰਮਨੀ, ਇਟਲੀ, ਸਪੇਨ, ਪੁਰਤਗਾਲ, ਨੈਦਰਲੈਂਡਜ਼, ਬੈਲਜੀਅਮ ਅਤੇ ਡੈਨਮਾਰਕ ਦਾ ਕੰਟਰੋਲ ਸੀ। ਇਸ ਮਾਮਲੇ ਵਿਚ ਨਾ ਕਦੇ ਰੂਸ (ਸਭ ਤੋਂ ਵੱਡੀ ਜ਼ਮੀਨੀ ਤਾਕਤ) ਅਤੇ ਨਾ ਹੀ ਹਿੰਦੋਸਤਾਨ (ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼) ਮੰਜ਼ਰ ’ਤੇ ਆਇਆ ਸੀ। ਵੀਹਵੀਂ ਸਦੀ ਦੇ ਮੱਧ ਅਤੇ ਉਸ ਤੋਂ ਬਾਅਦ ਦੇ ਦੌਰ ਵਿਚ ਆਉਂਦੇ ਹਾਂ। ਭਾਰਤ ਤੇ ਰੂਸ ਨੂੰ ਰਾਤੋ ਰਾਤ ਕਈ ਟੁਕੜਿਆਂ ਵਿਚ ਵੰਡ ਦਿੱਤਾ ਗਿਆ। 1947 ਵਿਚ ਹਿੰਦੋਸਤਾਨ ਦਾ ਭੂਗੋਲਿਕ ਖੇਤਰਫ਼ਲ 42,24,000 ਵਰਗ ਕਿਲੋਮੀਟਰ ਸੀ ਜੋ 32,80,000 ਵਰਗ ਕਿਲੋਮੀਟਰ ਰਹਿ ਗਿਆ। ਕੁੱਲ 42 ਕਰੋੜ ਦੀ ਆਬਾਦੀ ’ਚੋਂ ਅੱਠ ਕਰੋੜ ਪਾਕਿਸਤਾਨ ਵਿਚ ਆ ਗਈ ਸੀ। ਹਮੇਸ਼ਾ ਆਪੋ ਵਿਚ ਖਹਬਿੜਦੇ ਤੇ ਝਗੜਦੇ ਰਹਿੰਦੇ ਤੰਗਨਜ਼ਰ ਭਾਰਤੀ ਆਗੂ ਅੰਗਰੇਜ਼ਾਂ ਦੇ ਜਾਲ ਵਿਚ ਫਸ ਗਏ ਤੇ ਅੰਗਰੇਜ਼ ਬਰਤਾਨਵੀ ਭਾਰਤੀ ਸਟੇਟ/ਰਿਆਸਤ ਅੰਦਰਲੀਆਂ 565 ਸ਼ਾਹੀ ਰਿਆਸਤਾਂ ਨਾਲ ਭਰਾ ਮਾਰੂ, ਵੱਢੇ ਟੁੱਕੇ ਇਸ ਭੂਗੋਲ ਨੂੰ ਆਜ਼ਾਦੀ ਦੇਣ ਲਈ ‘ਖ਼ੁਸ਼’ ਸਨ। ਭਾਰਤ ਦੀ ਆਜ਼ਾਦੀ ਤੋਂ ਚੁਤਾਲੀ ਸਾਲਾਂ ਬਾਅਦ ਤਾਕਤਵਰ ਸੋਵੀਅਤ ਸੰਘ ਦੀ ਵਾਰੀ ਆ ਗਈ ਜੋ 1991 ਵਿਚ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਿਆ ਤੇ ਉਸ ਦਾ ਖੇਤਰਫ਼ਲ 224,02,000 ਵਰਗ ਕਿਲੋਮੀਟਰ ਤੋਂ ਘਟ ਕੇ 170,98,200 ਵਰਗ ਕਿਲੋਮੀਟਰ ਰਹਿ ਗਿਆ। ਇਸ ਦੀ ਆਬਾਦੀ ਵੀ ਅੱਧੀ ਰਹਿ ਗਈ। ਸੋਵੀਅਤ ਸੰਘ ਦੀ 29 ਕਰੋੜ ਦੀ ਆਬਾਦੀ (ਜੋ ਉਸ ਦੇ ਕੱਟੜ ਵਿਰੋਧੀ ਅਮਰੀਕਾ ਦੀ 24 ਕਰੋੜ ਆਬਾਦੀ ਤੋਂ ਜ਼ਿਆਦਾ ਸੀ) ਰਾਤੋ ਰਾਤ ਘਟ ਕੇ (ਰੂਸ ਦੀ) 14.5 ਕਰੋੜ ਰਹਿ ਗਈ। ਮੁੜ ਮਾਸਕੋ ਦੇ ਮਾਰਕਸਵਾਦੀਆਂ ਦੀ ਕਮਿਊਨਿਸਟ ਲੀਡਰਸ਼ਿਪ ਗਲਾਸਨੋਸਤ ਤੇ ਪੈਰੇਸਤ੍ਰੋਇਕਾ (ਸਿਆਸੀ ਤੇ ਆਰਥਿਕ ਸੁਧਾਰਾਂ ਦੀ ਮੁਹਿੰਮ) ਅਤੇ ਡਾਲਰ ਦੀ ਖਰੀਦ ਸ਼ਕਤੀ ਦੇ ਭੁਚਲਾਵੇ ਵਿਚ ਆ ਕੇ ਆਪਣੀ ਕੌਮ ਦਾ ਸੱਤਿਆਨਾਸ ਕਰਵਾ ਬੈਠੀ। ‘ਪ੍ਰੋਲੇਤਾਰੀ ਦੀ ਤਾਨਾਸ਼ਾਹੀ’ ਅਤੇ ਕੌਮਿੰਟਰਨ (ਕਮਿਊਨਿਸਟ ਇੰਟਰਨੈਸ਼ਨਲ) ਦਾ ਆਗੂ ‘ਹਵਾ ਵਿਚ ਉਡ ਗਏ’ ਤੇ ਇਕਤਰਫ਼ਾ ‘ਕੌਮਾਂਤਰੀ ਨਿਜ਼ਾਮ’ ਲਈ ਮੈਦਾਨ ਖੁੱਲ੍ਹਾ ਰਹਿ ਗਿਆ।
ਇਹ ਗੱਲ ਸਮਝ ਵਿਚ ਆਉਂਦੀ ਹੈ ਕਿ ਕਿਵੇਂ ਅਮਰੀਕਾ ਇਸ ਖ਼ਾਲੀ ਪਏ ਮੰਜ਼ਰ ’ਤੇ ਨਮੂਦਾਰ ਹੁੰਦਾ, ਆਪਣੇ ਖੰਭ ਫੈਲਾਉਂਦਾ, ਹਮਲੇ ਕਰਦਾ, ਪਕੜ ਮਜ਼ਬੂਤ ਕਰਦਾ ਅਤੇ ਆਪਣੇ ਰਵਾਇਤੀ ਦੁਸ਼ਮਣ ਦੇ ਨਿਜ਼ਾਮ ਨੂੰ ਭ੍ਰਿਸ਼ਟ ਬਣਾਉਂਦਾ ਹੈ। ਇਹ ਸਭ ਕੁਝ ਸੁਭਾਵਿਕ ਰੂਪ ਵਿਚ ਵਾਪਰਿਆ। ਇੰਝ ਕਰਦਿਆਂ ਉਹ ਪੱਛਮ ਦੀਆਂ ਸਾਮਰਾਜਵਾਦੀ ਤਾਕਤਾਂ ਦੇ ਨਕਸ਼ੇ-ਕਦਮ ’ਤੇ ਹੀ ਤੁਰਿਆ ਸੀ। ਤੁਰਦਾ ਵੀ ਕਿਉਂ ਨਾ? ਕੌਣ ਅਜਿਹਾ ਮੌਕਾ ਗੁਆਉਣਾ ਚਾਹੇਗਾ? ਇਖ਼ਲਾਕ ਹੋਵੇ ਜਾਂ ਨਾ ਰਹੇ, ਇਹ ਤਾਕਤ ਦੀ ਖੇਡ ਦੀ ਹਕੀਕਤ ਹੈ। ਇਹ ਇਕ ਅਸਾਧਾਰਨ ਤੇ ਵਿਲੱਖਣ ਮੌਕਾ ਸੀ ਅਤੇ ਸਾਬਕਾ ਸੋਵੀਅਤ ਸੰਘ ਦੇ ਦਰਾਂ (ਕੰਢਿਆਂ) ਤੱਕ ਪਹੁੰਚਣ ਲਈ ਅਮਰੀਕਾ ਨੇ ਇਸ ਦੀ (ਦੁਰ) ਵਰਤੋਂ ਕੀਤੀ ਸੀ।
ਆਮ ਲੋਕਾਂ ਨੂੰ ਵੀ ਇਹ ਨਜ਼ਰ ਆ ਰਿਹਾ ਹੈ ਕਿ ਹਰੇਕ ਦੇਸ਼, ਖ਼ਾਸਕਰ ਨਿਸਬਤਨ ਵੱਡੀਆਂ ਤਾਕਤਾਂ ਦਾ ‘ਪੇਟ’ ਹੁੰਦਾ ਹੈ ਜਿਸ ਨੂੰ ਰਵਾਇਤੀ ਤੌਰ ’ਤੇ ‘ਪ੍ਰਭਾਵ ਖੇਤਰ’ ਕਿਹਾ ਜਾਂਦਾ ਹੈ ਹਾਲਾਂਕਿ ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸਲਾ ਵੋਨ ਡੇਰ ਲੀਅਨ ਨੇ ਹਾਲ ਹੀ ਵਿਚ ਨਵੀਂ ਦਿੱਲੀ ਵਿਚ ਕੀਤੀ ਤਕਰੀਰ ਵਿਚ ਇਸ ਦਾ ਖੰਡਨ ਕੀਤਾ ਸੀ। ਬਰਤਾਨੀਆ ਦੇ ਹਾਲੇ ਵੀ ਕਿੰਨੇ ‘ਪੇਟ’ ਜਾਂ ‘ਪ੍ਰਭਾਵ ਖੇਤਰ’ ਹਨ? ਜੇ ਸਪੇਨ ਜਬਿਰਾਲਟਰ (ਸਪੇਨੀ ਜਲ ਖੇਤਰ), ਅਰਜਨਟੀਨਾ ਫਾਕਲੈਂਡਜ਼ (ਜੋ ਬਰਤਾਨੀਆ ਤੋਂ 10000 ਕਿਲੋਮੀਟਰ ਵੱਡਾ ਹੈ) ਉਪਰ ਦਾਅਵਾ ਕਰ ਦੇਣ ਅਤੇ ਲੰਡਨ ਦੀ ਵਿਰੋਧੀ ਕੋਈ ਵੱਡੀ ਸ਼ਕਤੀ ਅਸੈਸ਼ਨ ਟਾਪੂਆਂ ਦੀ ਪਿੱਠ ’ਤੇ ਆ ਜਾਵੇ ਤਾਂ ਫਿਰ ਕੀ ਹੋਵੇਗਾ? ਜੇ ਕੋਈ ਵਿਰੋਧੀ ਦੇਸ਼ ਮੰਗੋਲੀਆ ਨੂੰ ਭਰਮਾਉਣ ਦੀ ਕੋਸ਼ਿਸ਼ ਕਰੇ ਜਾਂ ਮਨਚੂਰੀਆ ਨੂੰ ਵੱਖਰੇ ਹੋਣ ਦੀ ਹੱਲਾਸ਼ੇਰੀ ਦੇਵੇ ਤਾਂ ਚੀਨ ਕਿਹੋ ਜਿਹੀ ਪ੍ਰਤੀਕਿਰਿਆ ਦੇਵੇਗਾ?
ਆਖ਼ਰ ਪੱਛਮੀ ਦੇਸ਼ ਅਤੇ ਚੀਨ ਨੀਮ-ਹਿਮਾਲਿਆਈ ਖੇਤਰ ਤੇ ਇਸ ਦੇ ਆਸ-ਪਾਸ ਦੇ ਦੇਸ਼ਾਂ ਨਾਲ ਸਬੰਧਿਤ ਦਿੱਲੀ ਦੀ ‘ਸੁਰੱਖਿਆ ਖ਼ਤਰੇ ਦੀ ਧਾਰਨਾ’ ਨੂੰ ਕਿਉਂ ਨਹੀਂ ਸਮਝਦੇ? ਪੱਛਮ ਵਿਚ ਅਜੇ ਵੀ ਕਈ ਦੇਸ਼ ਹਨ ਜਿਨ੍ਹਾਂ ਦੇ ‘ਪ੍ਰਭਾਵ ਖੇਤਰ’ ਤੇ ‘ਹਿੱਤ’ ਉਨ੍ਹਾਂ ਦੀਆਂ ਭੂਗੋਲਕ ਸਰਹੱਦਾਂ ਤੇ ਪ੍ਰਭੂਤਾਪੂਰਨ ਖੇਤਰਾਂ ਤੋਂ ਕਿਤੇ ਦੂਰ ਤੱਕ ਫੈਲੇ ਹੋਏ ਹਨ।
ਇਸ ਪੱਖੋਂ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਜ਼ੋਵ ਸਾਗਰ ਦਾ ਭੂਗੋਲ ਮਾਸਕੋ ਦਾ ‘ਪ੍ਰਭਾਵ ਖੇਤਰ’ ਹੈ। ਉਂਝ, ਰੂਸ ਨੇ ਵਰਤਮਾਨ ਵਿਚ ਜੋ ਕਾਰਵਾਈ ਕੀਤੀ ਹੈ, ਉਹ ਪੂਰੀ ਤਰ੍ਹਾਂ ਗ਼ਲਤ ਹੈ ਤੇ ਇਸ ਨੂੰ ਗੋਲੀਬੰਦੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਪੱਛਮ ਵੱਲੋਂ ਪੈਦਾ ਕੀਤੀ ਗਈ ਭੜਕਾਹਟ ਵੀ ਸਪੱਸ਼ਟ ਨਜ਼ਰ ਆਉਂਦੀ ਹੈ ਜਿਸ ਕਰਕੇ ਇਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਜੰਗ ਹੋਵੇ ਜਾਂ ਅਮਨ, ਤਾੜੀ ਦੋਵੇਂ ਹੱਥਾਂ ਨਾਲ ਹੀ ਵੱਜਦੀ ਹੈ।