ਪ੍ਰਿੰ. ਸਰਵਣ ਸਿੰਘ
ਡਾ. ਜਸਪਾਲ ਸਿੰਘ ਸਰੀਰਕ ਸਿੱਖਿਆ ਤੇ ਖੇਡਾਂ ਦਾ ਖੋਜੀ ਲੇਖਕ ਹੈ, ਜੋ ਖ਼ੁਦ ਖਿਡਾਰੀ, ਟੀਮਾਂ ਦਾ ਕੈਪਟਨ, ਕੋਚ, ਚੋਣਕਾਰ, ਖੇਡ ਪ੍ਰਮੋਟਰ ਤੇ ਖੇਡ ਪੱਤਰਕਾਰ ਰਿਹਾ। ਇਸ ਵੇਲੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਅ ਰਿਹਾ ਹੈ। ਪਰ ਉਸ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਖੇਡ ਖੋਜਕਾਰੀ। ਉਹ ਖੇਡਾਂ ’ਤੇ ਅਣਗਿਣਤ ਲੇਖ ਲਿਖ ਚੁੱਕਾ ਹੈ ਤੇ ਖੇਡਾਂ ਬਾਰੇ ਦੇਸ਼ ਵਿਦੇਸ਼ ਵਿਚ ਸੈਮੀਨਾਰਾਂ ਵਿਚ ਵੀ ਸ਼ਿਰਕਤ ਕਰਦਾ, ਪੇਪਰ ਪੜ੍ਹਦਾ ਹੈ। ਉਸ ਨੇ ਖੇਡਾਂ ’ਤੇ ਖੋਜ ਆਧਾਰਤ ਕਿਤਾਬ ‘ਖੇਡ-ਚਿੰਤਨ’ ਲਿਖੀ, ਜਿਸ ਵਿਚ ਉਸ ਨੇ ਖੇਡਾਂ ਵਿਚ ਭਾਰਤ ਦੀ ਮਾੜੀ ਕਾਰਗੁਜ਼ਾਰੀ ਵਿਚ ਸੁਧਾਰ ਅਤੇ ਖੇਡਾਂ ਨਾਲ ਸਬੰਧਤ ਹੋਰ ਅਹਿਮ ਬੁਨਿਆਦੀ ਮੁੱਦੇ ਵਿਚਾਰੇ ਹਨ। ਉਹ ਇਕ ਹੋਰ ਖੇਡ ਕਿਤਾਬ ‘ਖੇਡਾਂ ਦੇ ਅੰਗ ਸੰਗ’ ਵੀ ਲਿਖ ਚੁੱਕਾ ਹੈ।
ਡਾ. ਜਸਪਾਲ ਸਿੰਘ ਸਰੀਰਕ ਸਿੱਖਿਆ ਤੇ ਖੇਡਾਂ ਦਾ ਖੋਜੀ ਲੇਖਕ ਹੈ। ਉਹ ਖ਼ੁਦ ਖਿਡਾਰੀ, ਸਰੀਰਕ ਸਿੱਖਿਆ ਦਾ ਪ੍ਰੋਫ਼ੈਸਰ, ਟੀਮਾਂ ਦਾ ਕੈਪਟਨ, ਕੋਚ, ਚੋਣਕਾਰ, ਮੈਨੇਜਰ, ਰਿਸਰਚ ਸਕਾਲਰ, ਖੇਡ ਪ੍ਰਮੋਟਰ ਤੇ ਖੇਡ ਪੱਤਰਕਾਰ ਰਿਹਾ। ਉਹ ਜਿੰਨਾ ਧਰਤੀ ਤੋਂ ਉਪਰ ਹੈ, ਉਂਨਾ ਹੀ ਥੱਲੇ ਹੈ। ਉਸ ਦੇ ਅਨੇਕਾਂ ਆਰਟੀਕਲ ਛਪ ਚੁੱਕੇ ਹਨ ਅਤੇ ਉਹ ਦੇਸ਼ ਵਿਦੇਸ਼ ਦੇ ਖੇਡ ਸੈਮੀਨਾਰਾਂ ਵਿਚ ਵਿਚਰਦਾ ਪ੍ਰੀ-ਓਲੰਪਿਕ ਕਾਂਗਰਸ ਲਿਵਰਪੂਲ-2012 ਤਕ ਪੇਪਰ ਪੇਸ਼ ਕਰ ਆਇਆ ਹੈ। ਉਸ ਦੇ 30 ਖੋਜ ਪੱਤਰ ਪ੍ਰਕਾਸ਼ਿਤ ਹੋਏ ਹਨ। ਉਹ ਫੀਫਾ ਵਰਲਡ ਕੱਪ-2014 ‘ਚ ਬ੍ਰਾਜ਼ੀਲ ਗਿਆ, 18ਵੀਆਂ ਏਸ਼ਿਆਈ ਖੇਡਾਂ ਜਕਾਰਤਾ-2018 ‘ਚ ਗਿਆ ਅਤੇ ਭਾਰਤੀ ਯੂਨੀਵਰਸਿਟੀਜ਼ ਦੀ ਜੂਡੋ ਟੀਮ ਦਾ ਮੈਨੇਜਰ ਬਣ ਕੇ ਵਿਸ਼ਵ ਯੂਨੀਵਰਸਿਟੀਜ਼ ਗੇਮਜ਼-2019 ‘ਚ ਨਪੋਲੀ, ਇਟਲੀ ਗਿਆ। ਖੇਡਾਂ ਤੇ ਸਰੀਰਕ ਸਿੱਖਿਆ ਦੇ ਖੇਤਰ ਵਿਚ ਉਹਦਾ ਵਿਸ਼ੇਸ਼ ਮੁਕਾਮ ਹੈ। ਉਸ ਨੇ ਅੰਗਰੇਜ਼ੀ ਵਿਚ ਖੋਜ ਪਰਚੇ ਤੇ ਕਿਤਾਬਾਂ ਲਿਖਣ ਨਾਲ ਪੰਜਾਬੀ ਵਿਚ ਵੀ ਦੋ ਖੇਡ ਪੁਸਤਕਾਂ ‘ਖੇਡ-ਚਿੰਤਨ’ ਤੇ ‘ਖੇਡਾਂ ਦੇ ਅੰਗ ਸੰਗ’ ਲਿਖੀਆਂ ਹਨ। ਅੱਜ-ਕੱਲ੍ਹ ਉਹ ਫੁਟਬਾਲ ਦਾ ਮੱਕਾ ਮੰਨੇ ਜਾਂਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦਾ ਪ੍ਰਿੰਸੀਪਲ ਹੈ। ਸਬੱਬੀਂ ਉਹਦਾ ਕਰੂਰਾ ਮੇਰੇ ਨਾਲ ਰਲਦਾ ਮਿਲਦਾ ਹੈ। ਮੰਨਦਾ ਹੈ ਕਿ ਉਹ ਮੇਰੀਆਂ ਖੇਡ ਲਿਖਤਾਂ ਤੋਂ ਪ੍ਰਭਾਵਿਤ ਹੋਇਆ ਤੇ ਆਪਣੇ ਭਾਅ ਜੀ ਪਰਮਜੀਤ ਸਿੰਘ ਵਿਰਕ ਦੀ ਪ੍ਰੇਰਨਾ ਨਾਲ ਖੇਡਾਂ ਬਾਰੇ ਲਿਖਣ ਲੱਗਾ।
ਉਸ ਦਾ ਜਨਮ 11 ਜਨਵਰੀ 1965 ਨੂੰ ਗੜ੍ਹਸ਼ੰਕਰ ਤੇ ਬੰਗੇ ਵਿਚਕਾਰ ਪੈਂਦੇ ਪਿੰਡ ਡੁਘਾਮ ਵਿਚ ਸ੍ਰੀ ਕੇਵਲ ਸਿੰਘ ਦੇ ਘਰ ਮਾਤਾ ਮੁਹਿੰਦਰ ਕੌਰ ਦੀ ਕੁੱਖੋਂ ਹੋਇਆ। ਉਸ ਨੂੰ ਖੇਡਾਂ ਦੀ ਗੁੜ੍ਹਤੀ ਘਰ ‘ਚੋਂ ਮਿਲੀ ਤੇ ਪਿੰਡ ਦੇ ਸਕੂਲ ਗਰਾਊਂਡ ਤੋਂ ਫੁਟਬਾਲ ਖੇਡਣ ਦੀ ਜਾਗ ਲੱਗੀ। ਮੈਟ੍ਰਿਕ ਉਸ ਨੇ ਵਿਸ਼ਵ ਪੱਧਰ ਦੇ ਫੁਟਬਾਲ ਖਿਡਾਰੀ ਜਰਨੈਲ ਸਿੰਘ ਦੇ ਪਿੰਡ ਪਨਾਮ ਤੋਂ ਕੀਤੀ ਅਤੇ ਬੀਏ ਆਰੀਆ ਕਾਲਜ ਨਵਾਂਸ਼ਹਿਰ ਤੋਂ। ਤਦ ਤਕ ਉਹ ਇਲਾਕੇ ਦਾ ਤਕੜਾ ਫੁਟਬਾਲ ਖਿਡਾਰੀ ਬਣ ਚੁੱਕਾ ਸੀ। ਬੀਪੀਐਡ, ਐਮਪੀਐਡ, ਐਮਫਿਲ ਤੇ ਪੀਐਚਡੀ ਦੀਆਂ ਡਿਗਰੀਆਂ ਉਸ ਨੇ ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਾਸਲ ਕੀਤੀਆਂ ਅਤੇ ਹੈਂਡਬਾਲ ਦਾ ਕੋਚਿੰਗ ਡਿਪਲੋਮਾ ਐਨਆਈਐਸ ਪਟਿਆਲਾ ਤੋਂ ਹਾਸਲ ਕੀਤਾ। ਫਿਰ ਯੂਜੀਸੀ ਦਾ ਨੈੱਟ ਵੀ ਪਾਸ ਕੀਤਾ। 1993 ‘ਚ ਸਿੱਖ ਨੈਸ਼ਨਲ ਕਾਲਜ ਬੰਗੇ ਤੋਂ ਬਤੌਰ ਲੈਕਚਰਰ ਨੌਕਰੀ ਸ਼ੁਰੂ ਕਰ ਕੇ 1998 ‘ਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਪੁੱਜ ਗਿਆ। ਉਥੇ ਖੇਡਾਂ ਤੇ ਸਰੀਰਕ ਸਿੱਖਿਆ ਵਿਭਾਗ ਦਾ ਮੁਖੀ ਬਣ ਕੇ ਕਾਲਜ ਨੂੰ ਯੂਨੀਵਰਸਿਟੀ ਦਾ ਸਰਵੋਤਮ ਖੇਡ ਕਾਲਜ ਬਣਾਇਆ। ਯੂਨੀਵਰਸਿਟੀ ਕਾਲਜਾਂ ਦੀਆਂ ਤੇਜਾ ਸਿੰਘ ਸਮੁੰਦਰੀ ਓਵਰਆਲ ਜਨਰਲ ਚੈਂਪੀਅਨਸ਼ਿਪਸ ਟਰਾਫੀਆਂ ਲਾਇਲਪੁਰ ਕਾਲਜ ਨੇ 17 ਵਾਰ ਜਿੱਤੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਆਲ ਇੰਡੀਆ ਯੂਨੀਵਰਸਟੀਜ਼ ਜੇਤੂ ਮੌਲਾਨਾ ਅਬਦੁੱਲ ਕਲਾਮ ਆਜ਼ਾਦ ਟਰਾਫੀਆਂ ਜਿਤਾਉਣ ਵਿਚ ਭਰਵਾ ਯੋਗਦਾਨ ਪਾਉਂਦਾ ਹੋਇਆ ਉਹ ਆਪਣੇ ਪਿੰਡ ਨੇੜੇ ਮਾਹਿਲਪੁਰ ਪਹੁੰਚ ਗਿਆ। ਅਜੇ ਉਹ 56 ਸਾਲਾਂ ਦਾ ਹੈ ਤੇ ਕੀ ਪਤਾ ਅਗਲੇ ਸਾਲਾਂ ਵਿਚ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲੇ ਨੂੰ ਜਾ ਰੰਗ ਭਾਗ ਲਾਵੇ?
ਉਸ ਦੀ ਗਹਿਰ ਗੰਭੀਰ ਪੁਸਤਕ ‘ਖੇਡ-ਚਿੰਤਨ’ ਦੇ ਸਰਵਰਕ ਉਤੇ ਇਨਕਲਾਬੀ ਕਵੀ ਦਰਸ਼ਨ ਸਿੰਘ ਖਟਕੜ ਦੇ ਕੁਝ ਸ਼ਬਦ ਛਪੇ ਹਨ: ਡਾ. ਜਸਪਾਲ ਸਿੰਘ ਹੋਰਾਂ ਦੀ ਹਥਲੀ ਲਿਖਤ ਲੰਬੀ ਅਤੇ ਡੂੰਘੀ ਸੋਚ-ਵਿਚਾਰ ਦਾ ਸਿੱਟਾ ਹੈ। ਉਨ੍ਹਾਂ ਨੇ ਖੇਡਾਂ ਦੀ ਜੜ੍ਹ ਤਕ ਜਾਣ ਦੀ ਪਹੁੰਚ ਕਰਦੇ ਹੋਏ ਖੇਡਾਂ ਦੀਆਂ ਸਦੀਵੀ ਖ਼ੂਬੀਆਂ ਅਤੇ ਖਾਮੀਆਂ ਨੂੰ ਸਮਝਣ ਤੇ ਇਨ੍ਹਾਂ ਨੂੰ ਲੱਗੇ ਰੋਗਾਂ ਦੇ ਇਲਾਜ ਲਈ ਠੋਸ ਸੁਝਾਅ ਪੇਸ਼ ਕੀਤੇ ਹਨ। ਇਸ ਲਿਖਤ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਨ੍ਹਾਂ ਨੇ ਸਮਾਜਕ ਤੇ ਇਤਿਹਾਸਕ ਗਤੀ ਦੇ ਪਿਛੋਕੜ ਵਿਚ ਖੇਡਾਂ ਨੂੰ ਚਿੱਤਰਪੱਟ ਉਪਰ ਉਭਾਰਿਆ ਹੈ ਅਤੇ ਇਨ੍ਹਾਂ ਦੇ ਸਮਾਜ ਨਾਲ ਸਰਵਪੱਖੀ ਸਬੰਧਾਂ ਦੀ ਘੋਖ ਕੀਤੀ ਹੈ। ਸਮੁੱਚੀ ਕਿਤਾਬ ਖੇਡ-ਜਗਤ ਦਾ ਸਾਰਥਕ ਅਤੇ ਸਾਵਾਂ ਮੁਲਾਂਕਣ ਕਰਦੀ ਹੈ ਅਤੇ ਇਸ ਵਿਚ ਸਾਡੇ ਖੇਡ ਮਿਆਰ ਨੂੰ ਅੰਤਰਰਾਸ਼ਟਰੀ ਪੱਧਰ ਤਕ ਲਿਜਾਣ ਦੀ ਪ੍ਰੇਰਕ ਸਮਰੱਥਾ ਹੈ।
ਪੁਸਤਕ ਦੇ ਆਰੰਭ ਵਿਚ ਲਾਇਲਪੁਰ ਕਾਲਜ ਦੇ ਪੰਜਾਬੀ ਵਿਭਾਗ ਦਾ ਮੁਖੀ ਡਾ. ਗੋਪਾਲ ਸਿੰਘ ਬੁੱਟਰ ਲਿਖਦਾ ਹੈ: ਜੀਵਨ ਵਿਚ ਤਨ ਤੇ ਮਨ ਦੀ ਤੰਦਰੁਸਤੀ ਲਈ ਖੇਡਾਂ ਦੇ ਮਹੱਤਵ ਬਾਰੇ ਸੋਚਦਿਆਂ ਸਹਿਵਨ ਹੀ ਇਹ ਖਿਆਲ ਉਦਭਵ ਹੁੰਦਾ ਹੈ ਕਿ ਜੇ ਚੱਜ ਨਾਲ ਜਿਊਣਾ ਹੈ ਤਾਂ ਉਠ, ਚੱਲ ਖੇਡਣ ਚੱਲੀਏ। ਖੇਡਾਂ ਜੀਵਨ ਜਾਚ ਅਤੇ ਇਨਸਾਨੀ ਗੁਣਾਂ ਦੇ ਨਾਲ-ਨਾਲ, ਜਿੱਤ-ਜਿੱਤ ਕੇ ਹਾਰਨਾ ਅਤੇ ਹਾਰ-ਹਾਰ ਕੇ ਜਿੱਤਣਾ ਸਿਖਾਉਂਦੀਆਂ ਹਨ। ਖੇਡਾਂ ਵਿਚ ਇਹ ਹਾਰਾਂ-ਜਿੱਤਾਂ ਦਾ ਨਿਰੰਤਰ ਸਫ਼ਰ ਹੀ ਇਨਸਾਨ ਨੂੰ ਜੱਦੋ-ਜਹਿਦ ਕਰਨਾ ਸਿਖਾਉਂਦਾ ਹੈ। ਇਸੇ ਵਿਚੋਂ ਕਲਾ ਉਪਜਦੀ ਹੈ। ਉਹ ਕਲਾ ਹੀ ਜ਼ਿੰਦਗੀ ਦਾ ਸੱਚ ਹੋ ਨਬਿੜਦੀ ਹੈ। ਜਦੋਂ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸੂਬਿਆਂ ਅਤੇ ਦੇਸ਼ਾਂ ਦੀ ਪ੍ਰਤੀਨਿਧਤਾ ਕਰਦੇ ਹਨ ਤਾਂ ਉਨ੍ਹਾਂ ਦੀਆਂ ਜਿੱਤਾਂ-ਹਾਰਾਂ ਕੌਮਾਂ ਦੀ ਸ਼ਾਨ ਤੇ ਸ਼ਨਾਖਤ ਬਣਦੀਆਂ ਹਨ, ਕਿਉਂਕਿ ਖਿਡਾਰੀਆਂ ਦਾ ਪ੍ਰਦਰਸ਼ਨ ਹੀ ਕੌਮਾਂ ਦੀ ਸਰੀਰਕ ਸ਼ਕਤੀ ਅਤੇ ਮਾਨਸਿਕ ਦ੍ਰਿੜਤਾ ਦੀ ਪੇਸ਼ਕਾਰੀ ਹੁੰਦਾ ਹੈ। ਇਸ ਕਰਕੇ ਹੀ ਲੰਮੇ ਅਰਸੇ ਤੋਂ ਖੇਡਾਂ ਅੰਤਰਰਾਸ਼ਟਰੀ ਮੰਚ ‘ਤੇ ਕੌਮਾਂ ਦੀ ਪਛਾਣ ਅਤੇ ਵਜੂਦ ਨਾਲ ਜੁੜ ਗਈਆਂ ਹਨ। ਇਸ ਲਈ ਸਖ਼ਤ ਮਿਹਨਤ ਅਤੇ ਨੇਕ ਨੀਤੀ ਵਾਲੀ ਪਹੁੰਚ ਦੇ ਨਾਲ-ਨਾਲ ਵਿਗਿਆਨਕ ਖੇਡ-ਚਿੰਤਨ ਤੋਂ ਪ੍ਰਾਪਤ ਸੇਧ ਤੇ ਸੋਝੀ ਤੋਂ ਭਰਪੂਰ ਲਾਭ ਉਠਾਉਣ ਦੀ ਜ਼ਰੂਰਤ ਹੈ।
2011 ਵਿਚ ਛਪੀ 188 ਪੰਨਿਆਂ ਦੀ ਇਸ ਪੁਸਤਕ ਦੇ ਤਤਕਰੇ ‘ਤੇ ਨਿਗ੍ਹਾ ਮਾਰੀਏ ਤਾਂ ਖੇਡਾਂ ਬਾਰੇ 21 ਅਧਿਆਏ ਹਨ: ਸਰੂਪ ਤੇ ਸੁਭਾਅ, ਉਤਪਤੀ ਤੇ ਵਿਕਾਸ, ਸਰੀਰਕ ਸਿੱਖਿਆ ਤੇ ਖੇਡਾਂ ਦਾ ਪਰਸਪਰ ਸਬੰਧ, ਖੇਡ ਵੰਨਗੀਆਂ ਤੇ ਖੇਡ ਮੁਕਾਬਲੇ, ਪ੍ਰਮਾਣਕ ਖੇਡ ਅਦਾਰੇ, ਰਾਸ਼ਟਰੀ ਤੇ ਸੂਬਾਈ ਖੇਡ ਨੀਤੀ, ਖੇਡ ਯੋਜਨਾਵਾਂ, ਖੇਡ ਖ਼ਿਤਾਬ, ਖੇਡ ਜਥੇਬੰਦੀਆਂ, ਵਿਦਿਅਕ ਸੰਸਥਾਵਾਂ ਅਤੇ ਖੇਡ ਕੇਂਦਰ, ਖੇਡ ਪ੍ਰਤਿਭਾ ਦੇ ਕੇਂਦਰ ਅਤੇ ਚੋਣ, ਖੇਡ ਅਧਿਆਪਨ ਅਤੇ ਖੇਡ ਪ੍ਰਸ਼ਾਸਨ, ਖੇਡ-ਵਿਗਿਆਨ ਦੀ ਭੂਮਿਕਾ, ਨਵੀਨਤਮ ਖੇਡ ਤਕਨਾਲੋਜੀ, ਆਧੁਨਿਕ ਖੋਜ ਅਤੇ ਖੇਡਾਂ, ਖੇਡਾਂ ਦੇ ਵਭਿੰਨ ਸਰੋਕਾਰ, ਖੇਡ ਸਾਹਿਤ ਅਤੇ ਮੀਡੀਆ, ਖੇਡਾਂ ਦੀ ਆਪਸ ਵਿਚ ਦੌੜ, ਖੇਡ ਸਨੇਹੀ, ਫੁੱਟਕਲ ਖੇਡ ਮਸਲੇ ਅਤੇ ਸਾਰ ਤੇ ਹੱਲ।
ਡਾ. ਜਸਪਾਲ ਸਿੰਘ ਨੇ ਭੂਮਿਕਾ ਵਿਚ ਲਿਖਿਆ ਹੈ ਕਿ ਭਾਰਤ ਖੇਡਾਂ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਦਿਨ-ਬ-ਦਿਨ ਗਵਾਈ ਜਾ ਰਿਹਾ ਹੈ ਭਾਵ ਸਾਡੇ ਖਿਡਾਰੀਆਂ ਦਾ ਪ੍ਰਦਰਸ਼ਨ ਇਨ੍ਹਾਂ ਮੁਕਾਬਲਿਆਂ ਵਿਚ ਨਿਰੰਤਰ ਮਾੜਾ ਹੋ ਰਿਹਾ ਹੈ। ਓਲੰਪਿਕ ਖੇਡਾਂ ਵਿਚ ਹਾਕੀ ਤੋਂ ਇਲਾਵਾ ਸਾਡੀਆਂ ਪ੍ਰਾਪਤੀਆਂ ਨਾਂਮਾਤਰ ਹੀ ਰਹੀਆਂ ਹਨ ਪਰ ਪ੍ਰਦਰਸ਼ਨ ਜ਼ਰੂਰ ਤਸੱਲੀਬਖ਼ਸ਼ ਹੁੰਦਾ ਸੀ। ਏਸ਼ੀਆ ਵਿਚ ਅਸੀਂ ਮੋਹਰੀ ਦੇਸ਼ਾਂ ਦੀ ਕਤਾਰ ਵਿਚ ਆਉਂਦੇ ਸਾਂ ਪਰ ਅੱਜ-ਕੱਲ੍ਹ ਏਸ਼ੀਆ ਪੱਧਰ ‘ਤੇ ਵੀ ਸੋਨ ਤਗਮੇ ਸਾਡੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ। ਹੁਣ ਸਾਨੂੰ ਸਿਰਫ ਕਾਮਨਵੈਲਥ ਖੇਡਾਂ ਅਤੇ ਸੈਫ ਖੇਡਾਂ ਦੇ ਤਗਮਿਆਂ ਨਾਲ ਸਬਰ ਕਰਨਾ ਪੈ ਰਿਹਾ ਹੈ। ਜਿਸ ਤਰ੍ਹਾਂ ਪਿਛਲਾ ਗੇਅਰ ਲੱਗਾ ਹੋਇਆ ਹੈ, ਇਹ ਸਰਦਾਰੀ ਵੀ ਥੋੜ੍ਹੇ ਦਿਨਾਂ ਦੀ ਮਹਿਮਾਨ ਲੱਗਦੀ ਹੈ। ਕੀ ਕਾਰਨ ਹੈ ਕਿ ਚਾਲੀ ਸਾਲਾਂ ਦੇ ਲੰਬੇ ਅਰਸੇ ਬਾਅਦ ਵੀ ਅਸੀਂ ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ ਤੇ ਮਹਿੰਦਰ ਸਿੰਘ ਗਿੱਲ ਵਰਗੇ ਅਥਲੀਟ ਪੈਦਾ ਨਹੀਂ ਕਰ ਸਕੇ? ਬਲਬੀਰ ਸਿੰਘ, ਊਧਮ ਸਿੰਘ, ਅਜੀਤਪਾਲ ਸਿੰਘ, ਸੁਰਜੀਤ ਸਿੰਘ ਅਤੇ ਪਰਗਟ ਸਿੰਘ ਦੇ ਹਾਣੀ ਸਾਨੂੰ ਕਿਉਂ ਨਹੀਂ ਮਿਲ ਰਹੇ? ਅੱਜ ਜਰਨੈਲ ਸਿੰਘ ਤੇ ਇੰਦਰ ਸਿੰਘ ਦੇ ਵਾਰਸ ਲੱਭਣੇ ਔਖੇ ਹੋ ਗਏ ਹਨ। ਜੇ ਪਹਿਲਵਾਨ ਕਿੱਕਰ ਸਿੰਘ ਤੇ ਗਾਮੇ ਦੀਆਂ ਬਾਤਾਂ ਸੁਣ ਕੇ ਮੇਹਰਦੀਨ ਤੇ ਕਰਤਾਰ ਸਿੰਘ ਉਨ੍ਹਾਂ ਦੀਆਂ ਪੈੜਾਂ ਦੱਬ ਸਕਦੇ ਹਨ ਤਾਂ ਅੱਗੋਂ ਉਨ੍ਹਾਂ ਦੇ ਵਾਰਸ ਕਿਉਂ ਨਹੀਂ ਲੱਭੇ ਜਾ ਸਕਦੇ? ਜੇ ਕੋਈ ਵਿਰਲਾ-ਵਾਂਝਾ ਆਉਂਦਾ ਵੀ ਹੈ ਤਾਂ ਉਹ ਦਿਨਾਂ ਵਿਚ ਹੀ ਅਲੋਪ ਕਿਉਂ ਹੋ ਜਾਂਦਾ ਹੈ? ਇਨ੍ਹਾਂ ਸਾਰੀਆਂ ਗੱਲਾਂ ਅਤੇ ਸਵਾਲਾਂ ਨੂੰ ਘੋਖਣ, ਵਿਚਾਰਨ ਅਤੇ ਉਨ੍ਹਾਂ ਵਿਚੋਂ ਨਿਕਲੇ ਨੁਕਤਿਆਂ ਉਪਰ ਸੱਚਾਈ ਅਤੇ ਈਮਾਨਦਾਰੀ ਨਾਲ ਅਮਲ ਕਰਨ ਦੀ ਜ਼ਰੂਰਤ ਹੈ।
ਭਾਵੇਂ ਬੀਜਿੰਗ ਓਲੰਪਿਕਸ-2008, ਕਾਮਨਵੈਲਥ ਖੇਡਾਂ ਦਿੱਲੀ-2010 ਅਤੇ ਏਸ਼ੀਅਨ ਖੇਡਾਂ ਗੁਆਂਗਜ਼ੂ ਚੀਨ-2010 ‘ਚ ਭਾਰਤ ਦੀ ਕਾਰਗੁਜ਼ਾਰੀ ਪਿਛਲੇ ਸਾਲਾਂ ਦੇ ਮੁਕਾਬਲੇ ਕੁਝ ਬਿਹਤਰ ਹੋਈ ਹੈ ਪਰ ਦੇਸ਼ ਦੀ ਚੋਖੀ ਵਸੋਂ ਅਤੇ ਖੇਤਰ ਦੇ ਲਿਹਾਜ ਨਾਲ ਅਸੀਂ ਬਾਕੀ ਦੇਸ਼ਾਂ ਤੋਂ ਕਿਤੇ ਪਿੱਛੇ ਹਾਂ। ਜਦੋਂ ਸਵਾ ਸੌ ਕਰੋੜ ਦੀ ਆਬਾਦੀ ਵਾਲਾ ਦੇਸ਼ ਓਲੰਪਿਕ, ਏਸ਼ੀਆ, ਸੰਸਾਰ ਕੱਪ ਅਤੇ ਵਿਸ਼ਵ ਚੈਂਪੀਅਨਸ਼ਿਪਾਂ ਵਿਚੋਂ ਖਾਲੀ ਹੱਥ ਪਰਤੇ ਅਤੇ ਨਾਲ ਨਮੋਸ਼ੀ ਭਰਿਆ ਪ੍ਰਦਰਸ਼ਨ ਵੀ ਕਰੇ ਤਾਂ ਹਰ ਦੇਸ਼ ਵਾਸੀ ਦੇ ਮਨ ਵਿਚ ਕੁਝ ਸਵਾਲ ਉਠਦੇ ਹਨ। ਕੀ ਸਾਡਾ ਖੇਡ ਢਾਂਚਾ ਚੰਗਾ ਨਹੀਂ? ਕੀ ਅਸੀਂ ਖਿਡਾਰੀਆਂ ਨੂੰ ਪੂਰੀਆਂ ਸਹੂਲਤਾਂ ਨਹੀਂ ਦਿੰਦੇ? ਕੀ ਸਾਡੇ ਖਿਡਾਰੀਆਂ ਦੀ ਪੂਰੀ ਮਿਹਨਤ ਨਹੀਂ ਕਰਵਾਈ ਜਾਂਦੀ ਜਾਂ ਉਹ ਹੀ ਲਗਨ ਨਾਲ ਮਿਹਨਤ ਨਹੀਂ ਕਰਦੇ? ਕੀ ਖੇਡਾਂ ਦੇ ਖੇਤਰ ਵਿਚ ਸੁਹਿਰਦਤਾ ਨਾਲ ਕੰਮ ਨਹੀਂ ਹੋ ਰਿਹਾ, ਆਦਿ? ਕੁਝ ਖੇਡ ਮਾਹਿਰਾਂ ਦਾ ਧਿਆਨ ਹੋਰ ਵੀ ਗਹਿਰਾਈ ਵਿਚ ਜਾਂਦਾ ਹੈ, ਕੀ ਸਾਡੀ ਕੌਮ ਵਿਚ ਓਲੰਪਿਕ ਜੇਤੂ ਬਣਨ ਜੋਗੀ ਸਰੀਰਕ ਤੇ ਮਾਨਸਿਕ ਸ਼ਕਤੀ ਮੌਜੂਦ ਨਹੀਂ? ਕੀ ਸਾਡੀਆਂ ਮਾਸਪੇਸ਼ੀਆਂ ਜਮਾਂਦਰੂ ਕਮਜ਼ੋਰ ਨੇ ਜੋ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ? ਕੀ ਸਾਡਾ ਭੌਤਿਕ ਜਲਵਾਯੂ ਅਤੇ ਸਮਾਜਕ ਵਾਤਾਵਰਨ ਓਲੰਪਿਕ ਜੇਤੂ ਪੈਦਾ ਕਰਨ ਦੇ ਅਨੁਕੂਲ ਨਹੀਂ? ਆਦਿ ਆਦਿ! ਮੈਂ ਇਨ੍ਹਾਂ ਸਵਾਲਾਂ ਦੇ ਜਵਾਬ ਵਿਚ ਯਕੀਨ ਨਾਲ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਚਮੜੀ ਵੀ ਉਨ੍ਹਾਂ ਵਰਗੀ ਹੈ, ਚਮੜੀ ਥੱਲੇ ਮਾਸਪੇਸ਼ੀਆਂ ਵੀ ਉਨ੍ਹਾਂ ਵਰਗੀਆਂ ਹੀ ਹਨ ਤੇ ਉਨ੍ਹਾਂ ਵਿਚ ਖੂਨ ਵੀ ਉਨ੍ਹਾਂ ਵਰਗਾ ਲਾਲ ਰੰਗ ਦਾ ਹੀ ਹੈ। ਕੁਦਰਤ ਨੇ ਹਰ ਬਖ਼ਸ਼ਿਸ਼ ਸਭ ਨੂੰ ਬਰਾਬਰ ਵੰਡੀ ਹੈ ਪਰ ਫਰਕ ਸਿਰਫ਼ ਇਖ਼ਲਾਕ ਅਤੇ ਨੀਅਤ ਵਿਚ ਹੈ। ਮੈਨੂੰ ਇਹ ਲਿਖਣ ਵਿਚ ਜ਼ਰਾ ਜਿੰਨਾ ਵੀ ਸੰਕੋਚ ਨਹੀਂ ਕਿ ਅਸੀਂ ਭ੍ਰਿਸ਼ਟਾਚਾਰ, ਜਾਤੀਵਾਦ ਅਤੇ ਖੇਤਰੀਵਾਦ ਵਿਚ ਜਕੜੇ ਗਏ ਹਾਂ ਅਤੇ ਕੰਮ ਕਰਨ ਲਈ ਸਾਡੇ ਵਿਚ ਦੂਰਦ੍ਰਿਸ਼ਟੀ ਤੇ ਪਰਦਰਸ਼ਤਾ ਦੀ ਘਾਟ ਹੈ। ਵਿਅਕਤੀ ਪੱਧਰ ਤੋਂ ਉੱਠ ਕੇ ਇਹ ਕਮਜ਼ੋਰੀਆਂ ਸਮੂਹਕ ਹੋ ਗਈਆਂ ਨੇ, ਜੋ ਸਾਨੂੰ ਅੰਦਰੋ-ਅੰਦਰੀ ਖਾ ਰਹੀਆਂ ਹਨ।
ਮੈਂ ਆਪਣੀ ਸੁਰਤ ਸੰਭਾਲਣ ਦੇ ਸਮੇਂ ਤੋਂ ਦਰਸ਼ਕ, ਖਿਡਾਰੀ, ਵਿਦਿਆਰਥੀ ਅਤੇ ਅਧਿਆਪਕ ਦੇ ਤੌਰ ‘ਤੇ ਖੇਡਾਂ ਨਾਲ ਨੇੜੇ ਤੋਂ ਜੁੜਿਆ ਆ ਰਿਹਾ ਹਾਂ। ਮੈਂ ਆਪਣੀ ਜ਼ਿੰਦਗੀ ਦੇ ਤਜਰਬਿਆਂ ਅਤੇ ਗਿਆਨ ਅਨੁਸਾਰ ਇਸ ਕਿਤਾਬ ਵਿਚ ਭਾਰਤੀ ਖੇਡਾਂ, ਖੇਡ ਅਧਿਕਾਰੀਆਂ ਅਤੇ ਖਿਡਾਰੀਆਂ ਦੇ ਲੇਖੇ-ਜੋਖੇ ਦੇ ਨਾਲ-ਨਾਲ ਉਪ੍ਰੋਕਤ ਸਵਾਲਾਂ ਦੇ ਜਵਾਬ ਕਲਮਬੰਦ ਕਰਨ ਲਈ ਖੇਡਾਂ ਦੀਆਂ ਜੜ੍ਹਾਂ ਤਕ ਜਾਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਆਸ ਹੈ ਕਿ ਪੁਸਤਕ ਵਿਚ ਅੰਕਿਤ ਸੁਝਾਵਾਂ ‘ਤੇ ਅਮਲ ਨਾਲ ਅਸੀਂ ਵੀ ਅੰਤਰਰਾਸ਼ਟਰੀ ਖੇਡ ਨਕਸ਼ੇ ‘ਤੇ ਆਪਣੀ ਵੱਖਰੀ ਪਛਾਣ ਬਣਾ ਸਕਣ ਵਿਚ ਕਾਮਯਾਬ ਹੋ ਸਕਦੇ ਹਾਂ ਪਰ ਉਸ ਲਈ ਪ੍ਰਤੀਬੱਧਤਾ, ਈਮਾਨਦਾਰੀ ਅਤੇ ਅਨੁਸ਼ਾਸਨ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਪੇਸ਼ ਹਨ ਪੰਜਾਬੀ ਖੇਡ ਸਾਹਿਤ ਦੀ ਗੰਭੀਰ ਪੁਸਤਕ ਦੇ ਕੁਝ ਅੰਸ਼:
ਖੇਡਾਂ ਸਭ ਪ੍ਰਾਣੀਆਂ ਦੀ ਜਮਾਂਦਰੂ ਅਤੇ ਸੁਭਾਵਿਕ ਪ੍ਰਵਿਰਤੀ ਹਨ। ਇਸ ਧਰਤੀ ਦਾ ਹਰ ਪ੍ਰਾਣੀ ਕਿਸੇ ਨਾ ਕਿਸੇ ਰੂਪ ਵਿਚ ਆਪ-ਮੁਹਾਰੇ ਆਪਣਾ ਮਨ ਪ੍ਰਚਾਉਣ ਲਈ ਖੇਡਾਂ ਖੇਡਦਾ ਹੈ। ਜਿਸ ਕਿਰਿਆ ਨੂੰ ਕਰਨ ਨਾਲ ਪ੍ਰਾਣੀ ਦਾ ਮਨੋਰੰਜਨ ਹੋਵੇ, ਉਸ ਕਿਰਿਆ ਨੂੰ ਅਸੀਂ ਖੇਡ ਆਖ ਸਕਦੇ ਹਾਂ। ਖੇਡਾਂ ਨਾਲ ਪ੍ਰਾਣੀ ਨੂੰ ਖ਼ੁਸ਼ੀ, ਉਤਸ਼ਾਹ ਅਤੇ ਜੋਸ਼ ਪ੍ਰਾਪਤ ਹੁੰਦਾ ਹੈ। ਸਭ ਪ੍ਰਾਣੀ ਆਪੋ ਆਪਣੀ ਚੇਤਨਾ ਅਤੇ ਸਮਰੱਥਾ ਅਨੁਸਾਰ ਮਨੋਰੰਜਨ ਲਈ ਖੇਡ-ਮੁਖੀ ਕਿਰਿਆਵਾਂ ਕਰਦੇ ਹਨ। ਉਨ੍ਹਾਂ ਵਿਚ ਪ੍ਰਮੁੱਖ ਹਨ, ਇਕ ਦੂਜੇ ਪਿੱਛੇ ਦੌੜਨਾ, ਕੁੱਦਣਾ, ਧੱਕਣਾ, ਖਿੱਚਣਾ ਜਾਂ ਫਰਜ਼ੀ ਲੜਾਈ ਵਿਚ ਇਕ ਦੂਜੇ ਨੂੰ ਢਾਹੁਣਾ ਆਦਿ। ਪਰ ਖੇਡਾਂ ਦੇ ਸਰੂਪ ਅਤੇ ਸੁਭਾਅ ਨੂੰ ਨਿਸ਼ਚਿਤ ਕਰਨ ਲਈ ਅਸੀਂ ਆਪਣਾ ਧਿਆਨ ਮਨੁੱਖੀ ਖੇਡਾਂ ਵੱਲ ਹੀ ਕੇਂਦਰਿਤ ਕਰਾਂਗੇ। ਕੇਵਲ ਮਨੁੱਖ ਕੋਲ ਹੀ ਖੇਡ ਵਿਧੀਆਂ ਦੀ ਤਲਾਸ਼ ਕਰ ਸਕਣ, ਇਨ੍ਹਾਂ ਨੂੰ ਸੋਧਣ, ਨੇਮਬੱਧ ਕਰ ਸਕਣ ਅਤੇ ਹੋਰ ਵਿਕਸਿਤ ਕਰਨ ਦੀ ਸੋਝੀ, ਸਮਰੱਥਾ ਅਤੇ ਰਚਨਾਤਮਕ ਕੌਸ਼ਲਤਾ ਹੈ। ਮਨੁੱਖੀ ਖੇਡਾਂ ਦੀ ਉਤਪਤੀ ਦੇ ਬੀਜ ਆਦਿ ਮਾਨਵ ਦੇ ਕੁਦਰਤ ਨਾਲ ਆਪਣੀ ਹੋਂਦ ਬਚਾਉਣ ਲਈ ਕੀਤੇ ਸੰਘਰਸ਼ਾਂ ਦੇ ਯਤਨਾਂ ਵਿਚ ਪਏ ਹਨ ਅਤੇ ਇਨ੍ਹਾਂ ਯਤਨਾਂ ਵਿਚੋਂ ਉਤਪੰਨ ਹੋਏ ‘ਖ਼ਤਰਿਆਂ ਦੇ ਰੁਮਾਂਚ’ ਤੇ ‘ਜਿੱਤ ਦੇ ਸਰੂਰ’ ਨੇ ਵੀ ਖੇਡਾਂ ਦੇ ਆਕਰਸ਼ਣ ਤੇ ਸਥਾਪਤੀ ਵਿਚ ਯੋਗਦਾਨ ਪਾਇਆ ਹੈ।
ਮਨੁੱਖ ਬਾਕੀ ਪ੍ਰਾਣੀਆਂ ਦੇ ਮੁਕਾਬਲੇ ਵਧੇਰੇ ਬੌਧਿਕ ਅਤੇ ਮਾਨਸਿਕ ਸ਼ਕਤੀ ਦਾ ਮਾਲਕ ਹੈ। ਇਸ ਸ਼ਕਤੀ ਨੇ ਮਨੁੱਖ ਨੂੰ ਵਧੇਰੇ ਕਲਪਨਾਸ਼ੀਲ, ਚਿੰਤਕ ਅਤੇ ਪ੍ਰਯੋਗਸ਼ੀਲ ਬਣਾਉਣ ਦੇ ਨਾਲ-ਨਾਲ ਆਪਣੇ ਸਰੀਰ ਦੇ ਸਭ ਅੰਗਾਂ ਉਪਰ ਅਤੇ ਉਨ੍ਹਾਂ ਅੰਗਾਂ ਦੀਆਂ ਸਭ ਕਿਰਿਆਵਾਂ ਉਪਰ ਜ਼ਿਆਦਾ ਕਾਬੂ ਰੱਖ ਸਕਣ ਦੀ ਮੁਹਾਰਤ ਪ੍ਰਦਾਨ ਕੀਤੀ ਹੈ। ਇਸ ਕਰਕੇ ਖੇਡਾਂ ਦੇ ਸਰੂਪ ਨੂੰ ਨਿਸ਼ਚਿਤ ਕਰਨ ਲਈ ਅਸੀਂ ਮਨੁੱਖ ਵੱਲੋਂ ਤਲਾਸ਼ ਕੀਤੀਆਂ ਅਤੇ ਵਿਕਸਤ ਕੀਤੀਆਂ ਖੇਡਾਂ ਉਪਰ ਆਪਣਾ ਧਿਆਨ ਕੇਂਦਰਿਤ ਕਰਨ ਨੂੰ ਤਰਜੀਹ ਦੇ ਰਹੇ ਹਾਂ।
ਖੇਡਾਂ ਦਾ ਅਰਥ ਅਤੇ ਪਰਿਭਾਸ਼ਾ:
ਮਨੁੱਖ ਦੁਆਰਾ ਸਿਰਜਣਾਤਮਕ ਅਤੇ ਆਪ-ਮੁਹਾਰੇ ਕੀਤੀਆਂ ਉਹ ਸਰੀਰਕ ਅਤੇ ਮਾਨਸਿਕ ਕਿਰਿਆਵਾਂ, ਜਿਨ੍ਹਾਂ ਨਾਲ ਮਨੁੱਖ ਦਾ ਮਨ ਆਨੰਦ, ਵਿਸਮਾਦ ਅਤੇ ਖ਼ੁਸ਼ੀ ਭਰਿਆ ਉਤਸ਼ਾਹ ਮਹਿਸੂਸ ਕਰੇ, ਉਨ੍ਹਾਂ ਕਿਰਿਆਵਾਂ ਵਿਚ ਸ਼ਾਮਲ ਲੋਕਾਂ ਦਾ ਵੀ ਅਤੇ ਉਨ੍ਹਾਂ ਕਿਰਿਆਵਾਂ ਦੇ ਦਰਸ਼ਕਾਂ ਦਾ ਵੀ ਮਨੋਰੰਜਨ ਹੋਵੇ, ਉਨ੍ਹਾਂ ਨੂੰ ਖੇਡ ਕਿਹਾ ਜਾਂਦਾ ਹੈ। ਖੇਡਾਂ ਦਾ ਅਰਥ ਨਿਸ਼ਚਿਤ ਕਰਨ ਲਈ ਜਾਂ ਇਸ ਪ੍ਰਕਿਰਿਆ ਨੂੰ ਪਰਿਭਾਸ਼ਤ ਕਰਨ ਲਈ ਸਾਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਪੁਰਾਤਨ, ਮੱਧਕਾਲ ਅਤੇ ਆਧੁਨਿਕ ਯੁਗ ਵਿਚ ਖੇਡਾਂ ਦੇ ਅਰਥ ਅਤੇ ਇਨ੍ਹਾਂ ਬਾਰੇ ਪਹੁੰਚ ਦੇ ਵਿਚਾਰ ਬਦਲਦੇ ਰਹੇ ਹਨ। ਜਿਵੇਂ ਕਿਸੇ ਸਮੇਂ ਅਸੀਂ ਕੇਵਲ ਮਨਪ੍ਰਚਾਵੇ ਲਈ ਅਤੇ ਵਿਹਲਾ ਸਮਾਂ ਬਿਤਾਉਣ ਲਈ ਹੀ ਖੇਡਦੇ ਹਾਂ, ਜਿਸ ਵਿਚ ਜਿੱਤ ਜਾਂ ਹਾਰ ਦਾ ਵਿਸ਼ੇਸ਼ ਮਹੱਤਵ ਨਹੀਂ ਹੁੰਦਾ। ਕਈ ਵਾਰ ਅਸੀਂ ਆਪਣੀ ਸਰੀਰਕ ਤੰਦਰੁਸਤੀ ਅਤੇ ਸ਼ਕਤੀ ਬਰਕਰਾਰ ਰੱਖਣ ਲਈ ਖੇਡਦੇ ਹਾਂ। ਕਿਸੇ ਸਮੇਂ ਅਸੀਂ ਨਿਰੋਲ ਮੁਕਾਬਲੇ ਵਾਲੀ ਭਾਵਨਾ ਤਹਿਤ ਖੇਡਦੇ ਹਾਂ, ਜਿਥੇ ਜਿੱਤਣਾ ਹੀ ਮੁੱਖ ਨਿਸ਼ਾਨਾ ਹੁੰਦਾ ਹੈ। ਇਹ ਵੱਖ-ਵੱਖ ਨਜ਼ਰੀਏ ਨਾਲ ਖੇਡੀਆਂ ਖੇਡਾਂ ਭਾਵੇਂ ਇਕੋ ਸਮੇਂ ਹੀ ਖੇਡੀਆਂ ਜਾ ਰਹੀਆਂ ਹੋਣ ਪਰ ਇਨ੍ਹਾਂ ਦੇ ਉਦੇਸ਼ ਵਿਚ ਭਿੰਨਤਾ ਹੁੰਦੀ ਹੈ।
ਖੇਡਣਾ ਮਨੁੱਖ ਦੀ ਹੋਂਦ ਅਤੇ ਉਸ ਦੇ ਜੀਵੰਤ ਹੋਣ ਦੀ ਪ੍ਰਕਿਰਿਆ ਹੈ। ਇਸ ਆਮੁਹਾਰੇ ਕੀਤੀ ਕਿਰਿਆ ਕਰਨ ਨਾਲ ਮਨੁੱਖ ਦਾ ਮਨ ਖਿੜਦਾ ਅਤੇ ਖ਼ੁਸ਼ੀ ਮਹਿਸੂਸ ਕਰਦਾ ਹੈ। ਖੇਡ ਵਿਚ ਇਹ ਖੁੱਲ੍ਹ ਹੁੰਦੀ ਹੈ ਕਿ, ਭਾਵੇਂ ਮਨੁੱਖ ਆਪਣੇ ਸਾਥੀਆਂ ਨਾਲ ਨਿਯਮਤ ਖੇਡ ਖੇਡੇ ਜਾਂ ਆਪਣੀ ਮਰਜ਼ੀ ਅਨੁਸਾਰ ਕੋਈ ਮਨਭਾਉਂਦੀ ਕਿਰਿਆ ਕਰੇ, ਖੇਡ ਦਾ ਮੁੱਖ ਮੰਤਵ ਮਨੋਰੰਜਨ ਹੁੰਦਾ ਹੈ।
ਸਰੀਰਕ ਕਸਰਤਾਂ ਵਿਚ ਉਹ ਕਿਰਿਆਵਾਂ ਆਉਂਦੀਆਂ ਹਨ ਜਿਨ੍ਹਾਂ ਨਾਲ ਮਨੁੱਖ ਦੀ ਸਿਹਤ ਤੰਦਰੁਸਤ ਰਹੇ ਅਤੇ ਉਨ੍ਹਾਂ ਨੂੰ ਕਰਨ ਨਾਲ ਸਰੀਰਕ ਯੋਗਤਾ ਅਤੇ ਸਮਰੱਥਾ ਵਿਚ ਵਾਧਾ ਹੋਵੇ। ਸਰੀਰਕ ਕਸਰਤਾਂ ਵਿਚ ਪ੍ਰਮੁੱਖ ਕਿਰਿਆਵਾਂ ਦੌੜਨਾ, ਕੁੱਦਣਾ, ਭਾਰ ਚੁੱਕਣਾ, ਖੇਡਾਂ ਖੇਡਣਾ ਅਤੇ ਯੋਗ ਕਿਰਿਆਵਾਂ ਜਾਂ ਮੁਦਰਾਵਾਂ ਸ਼ਾਮਿਲ ਹਨ। ਸਰੀਰਕ ਕਸਰਤਾਂ ਦਾ ਮੁੱਖ ਮੰਤਵ ਮਨਪ੍ਰਚਾਵਾ, ਤੰਦਰੁਸਤੀ ਅਤੇ ਸਰੀਰਕ ਕੁਸ਼ਲਤਾ ਨੂੰ ਬਰਕਰਾਰ ਰੱਖਣਾ ਹੈ।
ਮੁਕਾਬਲਾਮੁਖੀ ਖੇਡਾਂ:
ਜਦੋਂ ਇਕੱਲਿਆਂ ਜਾਂ ਸਮੂਹ ਵਿਚ ਟੀਮਾਂ ਬਣਾ ਕੇ ਕਿਸੇ ਖੇਡ ਨੂੰ ਨਿਯਮਤ ਰੂਪ ਵਿਚ ਮੁਕਾਬਲੇ ਦੀ ਭਾਵਨਾ ਨਾਲ ਜਿੱਤ ਅਤੇ ਹਾਰ ਨੂੰ ਨਿਰਣਾਇਕ ਕਸਵੱਟੀ ਬਣਾ ਕੇ ਖੇਡਿਆ ਜਾਵੇ ਅਤੇ ਨਾਲ-ਨਾਲ ਉਹ ਮੁਕਾਬਲਾ ਦਰਸ਼ਕਾਂ ਦਾ ਮਨੋਰੰਜਨ ਅਤੇ ਖਿਡਾਰੀਆਂ ਦੀ ਇੱਛਾ ਪੂਰਤੀ ਵੀ ਕਰੇ ਤਾਂ ਉਸ ਨੂੰ ਅਸੀਂ ਆਧੁਨਿਕ ਯੁਗ ਦੀਆਂ ਮੁਕਾਬਲਾਮੁਖੀ ਜਾਂ ਪ੍ਰਤੀਯੋਗਤਾ ਮੂਲਕ ਖੇਡਾਂ ਆਖ ਸਕਦੇ ਹਾਂ।
ਜੇ. ਐਸ. ਰੌਸ ਅਨੁਸਾਰ, “ਖੇਡ ਆਪ ਮੁਹਾਰੇ ਕੀਤੀ ਪ੍ਰਸੰਨਤਾ ਦੇਣ ਵਾਲੀ ਚੁਸਤੀਦਾਇਕ ਅਤੇ ਰਚਨਾਤਮਕ ਕਿਰਿਆ ਹੈ, ਜਿਸ ਵਿਚ ਵਿਅਕਤੀ ਪੂਰੀ ਤਰ੍ਹਾਂ ਆਪਣੇ ਭਾਵਾਂ ਨੂੰ ਪੂਰੇ ਹੁੰਦੇ ਦੇਖਦਾ ਹੈ।” ਪੰਜਾਬੀ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਖੇਡਾਂ ਬਾਰੇ ਲਿਖਦਾ ਹੈ, “ਸ੍ਰਿਸ਼ਟੀ ਇਕ ਵੱਡਾ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਕੁੱਲ ਜਗਤ ਦਾ ਜੀਆ-ਜੰਤ ਉਹਦਾ ਤਮਾਸ਼ਬੀਨ ਹੈ। ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਉਹਦੇ ਖਿਡਾਰੀ ਹਨ। ਦਿਨ ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਇਕ ਖੇਡ ਹੀ ਤਾਂ ਹੈ। ਕੋਈ ਜਿੱਤ ਰਿਹੈ, ਕੋਈ ਹਾਰ ਰਿਹੈ। ਜਿਹੜੇ ਜਿੱਤ ਜਾਂਦੇ ਹਨ ਉਹ ਬੱਲੇ-ਬੱਲੇ ਕਰਾ ਜਾਂਦੇ ਹਨ ਤੇ ਜਿਹੜੇ ਹਾਰ ਜਾਂਦੇ ਹਨ ਉਹ ਭੁੱਲ ਭੁਲਾ ਜਾਂਦੇ ਹਨ। ਕੁਦਰਤ ਦੇ ਕਾਦਰ ਨੇ ਅਲੌਕਿਕ ਖੇਡ ਮੇਲਾ ਰਚਾ ਰੱਖਿਐ ਤੇ ਬਾਜ਼ੀ ਪਾ ਰੱਖੀ ਹੈ। ਬਾਜੀਗਰ ਡੰਕ ਬਜਾਈ।। ਸਭ ਖਲਕ ਤਮਾਸੇ ਆਈ।।”
ਉਘੇ ਖੇਡ ਚਿੰਤਕ ਬੈਰੋ ਅਨੁਸਾਰ ਖੇਡਾਂ ਇਕ ਉਤਪਾਦ ਵੀ ਹਨ ਅਤੇ ਇਕ ਵਰਤੋਂ ਵੀ ਹਨ। ਇਕ ਉਪਜ ਦੇ ਤੌਰ ‘ਤੇ ਖੇਡਾਂ ਹਰ ਕੀਮਤ ‘ਤੇ ਜਿੱਤਣ ਦੇ ਟੀਚੇ ਉਪਰ ਜ਼ੋਰ ਦਿੰਦੀਆਂ ਹਨ। ਜਦੋਂ ਇਹ ਪ੍ਰਕਿਰਿਆਮਈ ਹੁੰਦੀਆਂ ਹਨ ਤਾਂ ਇਹ ਪ੍ਰਦਰਸ਼ਨ ਅਤੇ ਪ੍ਰਾਪਤੀ ਦੀ ਕਲਾ ਕੌਸ਼ਲਤਾ ‘ਤੇ ਜ਼ੋਰ ਦਿੰਦੀਆਂ ਹਨ। ਕੋਕਲੇ ਅਨੁਸਾਰ ਖੇਡ ਇਕ ਸੰਸਥਾਗਤ ਰੂਪ ਧਾਰ ਚੁੱਕੀ ਮੁਕਾਬਲੇ ਵਾਲੀ ਪ੍ਰਕਿਰਿਆ ਹੈ ਜਿਸ ਵਿਚ ਸਰੀਰਕ ਜ਼ੋਰ ਅਤੇ ਕਰਤਬਾਂ ਦੇ ਨਾਲ-ਨਾਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਦੀ ਅੰਦਰੂਨੀ ਸੰਤੁਸ਼ਟੀ ਅਤੇ ਬਾਹਰੀ ਸਨਮਾਨ ਦੀ ਪ੍ਰੇਰਨਾ ਜੁੜੀ ਹੁੰਦੀ ਹੈ।
ਖੇਡ ਕਲਾ ਵੀ ਹੈ ਤੇ ਵਿਗਿਆਨ ਵੀ। ਜਿਸ ਕਾਰਜ ਨੂੰ ਤੁਸੀਂ ਦੇਖ, ਸੁਣ ਜਾਂ ਪੜ੍ਹ ਕੇ ਉਸ ਕਾਰਜ ਦੀ ਸੁੰਦਰਤਾ ਦੇ ਵਹਿਣ ਵਿਚ ਵਹਿ ਤੁਰੋ ਅਤੇ ਉਸ ਦਾ ਆਨੰਦ ਅੰਦਰੂਨੀ ਗਹਿਰਾਈਆਂ ਤੋਂ ਮਾਣੋ ਤਾਂ ਉਹ ਕਲਾ ਹੈ। ਜਦੋਂ ਅਸੀਂ ਖੇਡਾਂ ਨੂੰ ਦੇਖ ਕੇ ਆਨੰਦ ਮਾਣਨ ਤਕ ਸੀਮਤ ਹੁੰਦੇ ਹਾਂ ਤਾਂ ਉਸ ਸਮੇਂ ਖੇਡਾਂ ਇਕ ਕਲਾ ਹਨ। ਖੇਡਾਂ ਵਿਚ ਖੇਡ ਵਿਗਿਆਨ ਅਧੀਨ ਵੱਖ-ਵੱਖ ਵਿਸ਼ੇ ਜਿਵੇਂ ਸਰੀਰਕ ਰਚਨਾ ਵਿਗਿਆਨ, ਸਰੀਰਕ ਕਿਰਿਆ ਵਿਗਿਆਨ, ਗਤੀ ਵਿਗਿਆਨ ਦੇ ਨਿਯਮ, ਜੀਵ ਰਸਾਇਣ ਵਿਗਿਆਨ ਅਤੇ ਖੇਡ ਮਨੋਵਿਗਿਆਨ ਆਦਿ ਦਾ ਡੂੰਘਾ ਅਧਿਐਨ ਕਰਨਾ ਪੈਂਦਾ ਹੈ ਕਿਉਂਕਿ ਇਹ ਸਾਰੇ ਵਿਸ਼ੇ ਖਿਡਾਰੀ ਦੀ ਕਾਰਗੁਜ਼ਾਰੀ ਵਿਚ ਚੋਖਾ ਯੋਗਦਾਨ ਪਾਉਂਦੇ ਹਨ। ਜਦੋਂ ਕੋਚ ਜਾਂ ਖਿਡਾਰੀ ਆਪਣੇ ਜਾਂ ਵਿਰੋਧੀ ਟੀਮ ਦੇ ਅਭਿਆਸ ਜਾਂ ਮੈਚ ਦਾ ਵਿਸ਼ਲੇਸ਼ਣ ਕਰ ਰਹੇ ਹੁੰਦੇ ਹਨ ਅਤੇ ਨਾਲ-ਨਾਲ ਖੇਡ ਦੀਆਂ ਵਿਧੀਆਂ ਅਤੇ ਵਿਧਾਨਾਂ ਦੀ ਪੜਚੋਲ ਕਰ ਰਹੇ ਹੁੰਦੇ ਹਨ ਤਾਂ ਉਨ੍ਹਾਂ ਲਈ ਖੇਡ, ਵਿਗਿਆਨ ਵਾਂਗ ਹੀ ਹੁੰਦੀ ਹੈ। ਸਮੁੱਚੇ ਤੌਰ ‘ਤੇ ਖੇਡਾਂ ਨੂੰ ਅਸੀਂ ਕਲਾ ਤੇ ਵਿਗਿਆਨ ਦਾ ਮਿਸ਼ਰਨ ਮੰਨ ਸਕਦੇ ਹਾਂ।
ਖੇਡਾਂ ਵਿਚ ਉਹ ਸਾਰੇ ਗੁਣ, ਨਿਯਮ ਅਤੇ ਸਿਧਾਂਤ ਮੌਜੂਦ ਹਨ ਜੋ ਵਿਅਕਤੀ ਨੂੰ ਕਾਮਯਾਬੀ ਨਾਲ ਜੀਵਨ ਜਿਉਣ ਲਈ ਅਪਣਾਉਣੇ ਚਾਹੀਦੇ ਹਨ। ਯੂਨਾਨ ਦੇ ਦਾਰਸ਼ਨਿਕ ਅਰਸਤੂ ਦਾ ਕਥਨ ਹੈ: ‘ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਦਿਮਾਗ ਦਾ ਵਾਸਾ ਹੋ ਸਕਦਾ ਹੈ’। ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ‘ਨਚਣੁ ਕੁਦਣੁ ਮਨ ਕਾ ਚਾਉ’। ਸਵਾਮੀ ਵਿਵੇਕਾਨੰਦ ਅਨੁਸਾਰ ‘ਤੁਸੀਂ ਭਗਵਤ ਗੀਤਾ ਨਾਲੋਂ ਫੁਟਬਾਲ ਦੇ ਜ਼ਰੀਏ ਸਵਰਗ ਦੇ ਜ਼ਿਆਦਾ ਨੇੜੇ ਹੋ ਸਕਦੇ ਹੋ’। ਕੁਝ ਦੇਸ਼ਾਂ ਵਿਚ ਖੇਡਾਂ ਨੂੰ ਧਰਮ ਦੇ ਬਰਾਬਰ ਦਾ ਰੁਤਬਾ ਹਾਸਲ ਹੈ। ਉਹ ਖੇਡਾਂ ਨੂੰ ਪਵਿੱਤਰ ਕਾਰਜ ਮੰਨਦੇ ਹਨ ਜਿਵੇਂ ਬ੍ਰਾਜ਼ੀਲੀਆਂ ਲਈ ਫੁਟਬਾਲ ਦੀ ਖੇਡ ਵੀ ਧਰਮ ਸਮਾਨ ਹੈ। ਖੇਡਾਂ ਇਕ ਕੁਦਰਤੀ ਵਰਤਾਰਾ ਹਨ ਜਿਵੇਂ ਮਨੁੱਖ ਲਈ ਸਾਹ ਲੈਣਾ ਅਤੇ ਦਰੱਖਤਾਂ ਲਈ ਪੱਤੇ ਫੁੱਟਣੇ!
ਖੇਡਾਂ ਅਤੇ ਖਿਡਾਰੀਆਂ ਦੇ ਚੰਗੇਰੇ ਭਵਿੱਖ ਲਈ ਮਿਆਰੀ ਖੇਡ ਸਾਹਿਤ ਅਤੇ ਮੀਡੀਏ ਦੀ ਸਾਕਾਰਾਤਮਕ ਭੂਮਿਕਾ ਦਾ ਬਹੁਤ ਯੋਗਦਾਨ ਹੈ। ਖੇਡ ਲਿਖਤਾਂ ਨੂੰ ਸਾਹਿਤ ਦਾ ਹਿੱਸਾ ਮੰਨਣਾ ਜਾਂ ਨਾ ਮੰਨਣਾ ਇਕ ਅਲੱਗ ਵਿਸ਼ਾ ਹੈ ਪਰ ਇਹ ਸਚਾਈ ਹੈ ਕਿ ਖੇਡਾਂ ਮੁੱਢ-ਕਦੀਮ ਤੋਂ ਸਾਡੇ ਸਭਿਆਚਾਰ ਦਾ ਅਟੁੱਟ ਅੰਗ ਰਹੀਆਂ ਹਨ। ਇਸ ਕਰਕੇ ਖੇਡ ਲਿਖਤਾਂ ਸਾਹਿਤਕ ਹਲਕਿਆਂ ‘ਚ ਪਰਵਾਨ ਕੀਤੀਆਂ ਜਾਣ ਲੱਗੀਆਂ ਹਨ। ਪੰਜਾਬੀ ਭਾਸ਼ਾ ਵਿਚ ਖੇਡਾਂ ਖਿਡਾਰੀਆਂ ਪ੍ਰਤੀ ਜੋ ਲਿਖਿਆ ਜਾ ਰਿਹਾ ਹੈ ਉਸ ਨੂੰ ਖੇਡ ਸਾਹਿਤ ਕਿਹਾ ਜਾ ਸਕਦੈ। ਉਸ ਦੇ ਮੁੱਖ ਖੇਤਰ ਸਰੀਰਕ ਸਿੱਖਿਆ ਵਿਸ਼ੇ ਦੀਆਂ ਲੋੜਾਂ ਨੂੰ ਪੂਰਾ ਕਰਨਾ, ਖਿਡਾਰੀਆਂ ਦੀਆਂ ਜੀਵਨੀਆਂ ਤੇ ਸਵੈਜੀਵਨੀਆਂ ਲਿਖਣੀਆਂ, ਖਿਡਾਰੀਆਂ ਦੇ ਰੇਖਾ ਚਿੱਤਰ, ਖੇਡ ਸਫ਼ਰਨਾਮੇ, ਅੱਖੀਂ ਡਿੱਠੇ ਖੇਡ ਮੇਲੇ ਤੇ ਖੇਡ ਪੱਤਰਕਾਰੀ ਆਦਿ ਹੋ ਸਕਦੇ ਹਨ। ਖੇਡ-ਕਾਵਿ, ਖੇਡ-ਗਲਪ ਤੇ ਖੇਡ-ਨਾਟ ਰਚੇ ਜਾ ਸਕਦੇ ਹਨ।
ਪੁਸਤਕ ‘ਖੇਡ-ਚਿੰਤਨ’ ਦੇ ਮੁੱਖਬੰਦ ਵਿਚ ਸਿੱਖਿਆ ਸ਼ਾਸਤਰੀ ਡਾ. ਟੀ.ਆਰ. ਸ਼ਰਮਾ ਨੇ ਲਿਖਿਆ ਹੈ: ਇਸ ਪੁਸਤਕ ਵਿਚ ਲੇਖਕ ਨੇ ਖੇਡਾਂ ਦੀ ਹੋਂਦ ਅਤੇ ਪ੍ਰਫੁੱਲਤਾ ਬਾਰੇ ਸਿਧਾਂਤਕ ਸੋਝੀ ਪ੍ਰਦਾਨ ਕਰਨ ਦੇ ਨਾਲ ਖੇਡ ਜਗਤ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚਣੌਤੀਆਂ ਨੂੰ ਆਪਣੀ ਖੋਜ ਦੇ ਘੇਰੇ ਦੀ ਵਸਤੂ ਬਣਾਇਆ ਹੈ। ਖੇਡਾਂ ਦੇ ਵਿਕਾਸ ਅਤੇ ਖੇਡ ਪ੍ਰਦਰਸ਼ਨ ਦੇ ਨਿਖਾਰ ਲਈ ਮਹੱਤਵਪੂਰਨ ਸੇਧਾਂ ਦੇ ਨਾਲ ਖੇਡ ਸਭਿਆਚਾਰ ਦੇ ਪ੍ਰਮੁੱਖ ਸਰੋਕਾਰਾਂ ਦੀ ਸਮੀਖਿਆ ਵੀ ਕੀਤੀ ਹੈ। ਖੇਡ-ਚਿੰਤਨ ਪੁਸਤਕ ਦੀ ਰਚਨਾ ਪਿੱਛੇ ਡਾ. ਜਸਪਾਲ ਸਿੰਘ ਦੀ ਵਰ੍ਹਿਆਂ ਦੀ ਤਪੱਸਿਆ ਕਾਰਜਸ਼ੀਲ ਰਹੀ ਹੈ। ਲੇਖਕ ਖ਼ੁਦ ਕੌਮੀ ਪੱਧਰ ਦਾ ਖਿਡਾਰੀ ਰਿਹਾ ਹੈ। ਮੈਂ ਡਾ. ਜਸਪਾਲ ਸਿੰਘ ਦੇ ਡੂੰਘੇ ਅਧਿਐਨ ਕਰਨ, ਵੱਡੇ ਕਾਰਜਾਂ ਨੂੰ ਆਪਣੇ ਹੱਥਾਂ ਵਿਚ ਲੈਣ ਦੇ ਪਰਬਲ ਹੌਸਲੇ ਅਤੇ ਉਨ੍ਹਾਂ ਨੂੰ ਸਫਲਤਾ ਸਹਿਤ ਨੇਪਰੇ ਚਾੜ੍ਹਨ ਅਤੇ ਸਿੱਖਣ ਸਿਖਾਉਣ ਦੀ ਕਲਾ ਕੌਸ਼ਲਤਾ ਤੋਂ ਭਲੀਭਾਂਤ ਜਾਣੂੰ ਹਾਂ। ਉਸ ਦੀ ਸ਼ਖਸੀਅਤ ਦੇ ਇਨ੍ਹਾਂ ਉਭਰਵੇਂ ਲੱਛਣਾਂ ਦਾ ਅੰਦਾਜ਼ਾ ਇਸ ਪੁਸਤਕ ਦੇ ਪਾਠਕਾਂ ਨੂੰ ਸਹਿਜੇ ਹੀ ਹੋ ਜਾਵੇਗਾ। ਇਹ ਸਭਨਾਂ ਲਈ ਪੜ੍ਹਨਯੋਗ ਪੁਸਤਕ ਹੈ।
ਸੰਪਰਕ: +1-905-799-1661