ਡਾ. ਹਰਮਿੰਦਰ ਸੈਨੀ, ਮਨੀਸ਼ਾ ਸੇਠੀ*
ਘਰ ਵਿੱਚ ਕੱਪੜਿਆਂਂ ਨੂੰ ਨਵਾਂ ਰੂਪ ਦੇਣ ਲਈ ਵੱਖ-ਵੱਖ ਕਿਸਮ ਦੇ ਰੰਗ ਮਿਲਦੇ ਹਨ। ਕੱਪੜਿਆਂ ਅਤੇ ਸਜਾਵਟੀ ਚੀਜ਼ਾਂ ਦਾ ਰੰਗ ਕਈ ਵਾਰ ਭੱਦਾ ਹੋ ਜਾਂਦਾ ਹੈ, ਜੋ ਕਿ ਚੰਗਾ ਨਹੀਂ ਲੱਗਦਾ ਇਸ ਕਰ ਕੇ ਕੱਪੜਿਆਂ ਨੂੰ ਵਧੀਆ ਨਵਾਂ ਰੂਪ ਦੇਣ ਲਈ ਘਰ ਵਿੱਚ ਹੀ ਉਸ ਦੀ ਰੰਗਾਈ ਕੀਤੀ ਜਾ ਸਕਦੀ ਹੈ। ਇਸ ਬਾਰੇ ਇੱਕ ਸੁੱਘੜ ਗ੍ਰਹਿਣੀ ਨੂੰ ਕੁੱਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:
* ਰੰਗ ਦੀ ਚੋਣ ਕੱਪੜੇ ਅਨੁਸਾਰ (ਭਾਵ ਸੂਤੀ, ਰੇਸ਼ਮੀ ਊਨੀ ਆਦਿ) ਕਰਨੀ ਚਾਹੀਦੀ ਹੈ।
* ਰੇਉਨ ਅਤੇ ਸੈਲੂਲੋਜ਼ ਐਸੀਟੇਟ ਤੋਂ ਬਣੇ ਕੱਪੜਿਆਂ ਉੱਪਰ ਰੰਗ ਬਹੁਤ ਘੱਟ ਚੜ੍ਹਦੇ ਹਨ ਜਿਸ ਕਰ ਕੇ ਇਨ੍ਹਾਂ ਲਈ ਵਿਸ਼ੇਸ਼ ਰੰਗ ਦੀ ਜ਼ਰੂਰਤ ਹੁੰਦੀ ਹੈ।
* ਜਾਂਤਵ (ਊਨੀ ਅਤੇ ਰੇਸ਼ਮੀ) ਦੀ ਰੰਗਾਂ ਪ੍ਰਤੀ ਗਹਿਰੀ ਖਿੱਚ ਹੋਣ ਕਰ ਕੇ ਇਨ੍ਹਾਂ ਨੂੰ ਉਬਾਲਿਆ ਨਹੀਂ ਜਾਂਦਾ ਕਿਉਂਕਿ ਉਬਾਲਣ ਨਾਲ ਇਹ ਕੱਪੜੇ ਆਪਣਾ ਕੁਦਤਰੀ ਤੇਲ ਛੱਡ ਦਿੰਦੇ ਹਨ ਜਿਸ ਨਾਲ ਉਹ ਸੁੰਘੜ ਜਾਂਦੇ ਹਨ।
* ਬਨਸਪਤੀ ਕੱਪੜੇ (ਸੂਤੀ) ਰੰਗਾਂ ਨਾਲ ਚੰਗੀ ਤਰ੍ਹਾਂ ਪ੍ਰਕਿਰਿਆ ਨਹੀਂ ਕਰਦੇ ਪਰ ਜਦੋਂ ਪੱਕੇ ਅਤੇ ਗੂੜੇ ਰੰਗ ਦੀ ਲੋੜ ਹੁੰਦੀ ਹੈ ਤਾਂ ਰੰਗ ਨੂੰ ਉਬਾਲ ਲਿਆ ਜਾਂਦਾ ਹੈ। ਰੰਗਾਈ ਦੇ ਲਈ ਇੱਕ ਵੱਡੀ ਚਿਲਮਚੀ, ਇਨੈਮਲ ਦੇ ਕਟੋਰੇ, ਲੱਕੜੀ ਦੇ ਚਮਚੇ, ਰਬੜ ਦੇ ਦਸਤਾਨੇ, ਮਲਮਲ ਦਾ ਟੁਕੜਾ, ਰੰਗ ਆਦਿ ਵਰਤੇ ਜਾਂਦੇ ਹਨ।
ਰੰਗ ਦੇ ਘੋਲ ਦੀ ਤਿਆਰੀ: ਕਦੇ ਵੀ ਰੰਗ ਨੂੰ ਧਾਤੂ ਦੇ ਬਰਤਨ ਵਿੱਚ ਨਹੀਂ ਘੋਲਣਾ ਚਾਹੀਦਾ ਕਿਉਂਕਿ ਰੰਗਾਂ ਦੇ ਰਸਾਇਣ ਧਾਤੂ ਨਾਲ ਮਿਲ ਕੇ ਕੋਈ ਹਾਨੀਕਾਰਕ ਕਿਰਿਆ ਕਰ ਸਕਦੇ ਹਨ। ਘਰ ਵਿੱਚ ਇਨੈਮਲ ਦੇ ਬਰਤਨਾਂ ਵਿੱਚ ਘੋਲ ਬਣਾਉਣਾ ਚਾਹੀਦਾ ਹੈ ਅਤੇ ਬਰਤਨ ਇੰਨਾ ਖੁੱਲ੍ਹਾ ਹੋਵੇ ਕਿ ਉਸ ਵਿੱਚ ਕੱਪੜਾ ਆਸਾਨੀ ਨਾਲ ਆ ਸਕੇ। ਰੰਗ ਦੇ ਘੋਲ ਨੂੰ ਤਿਆਰ ਕਰਨ ਲਈ ਉਸ ਨੂੰ ਮਲਮਲ ਦੇ ਕੱਪੜੇ ਵਿੱਚ ਢਿੱਲਾ ਜਿਹਾ ਬੰਨ੍ਹ ਕੇ ਲੋੜ ਅਨੁਸਾਰ ਠੰਢੇ ਜਾਂ ਗਰਮ ਪਾਣੀ ਵਿੱਚ ਉਦੋਂ ਤੱਕ ਹਿਲਾਓ ਜਦੋਂ ਤੱਕ ਰੰਗ ਘੁਲ ਨਹੀਂ ਜਾਂਦਾ। ਪਾਣੀ ਅਤੇ ਰੰਗ ਦੀ ਮਾਤਰਾ ਨਿਰਦੇਸ਼ ਅਨੁਸਾਰ ਹੋਣੀ ਚਾਹੀਦੀ ਹੈ ਜਿਹੜੇ ਰੰਗ ਨਾ ਮਿਲਦੇ ਹੋਣ ਉਹ 2-3 ਰੰਗ ਘੋਲ ਕੇ ਤਿਆਰ ਕੀਤੇ ਜਾ ਸਕਦੇ ਹਨ। ਕੱਪੜਾ ਰੰਗਣ ਤੋਂ ਪਹਿਲਾਂ ਥੋੜ੍ਹਾ ਜਿਹਾ ਟੁਕੜਾ ਰੰਗ ਕੇ ਦੇਖ ਲੈਣਾ ਚਾਹੀਦਾ ਹੈ ਕਿ ਉਸ ਦਾ ਰੰਗ ਠੀਕ ਹੈ ਕਿ ਨਹੀਂ
ਰੰਗਣ ਦੀ ਵਿਧੀ: ਰੰਗ ਦੇ ਘੋਲ ਵਿੱਚ ਡੁਬੋਣ ਤੋਂ ਪਹਿਲਾਂ ਕੱਪੜੇ ਨੂੰ ਗਿੱਲਾ ਕਰ ਲਉ। ਲੱਕੜੀ ਦੇ ਚਮਚੇ ਨਾਲ ਕੱਪੜੇ ਨੂੰ ਰੰਗ ਵਾਲੇ ਘੋਲ ਵਿੱਚ ਪਾ ਕੇ ਹਿਲਾਉਂਦੇ ਜਾਉ ਤਾਂ ਕਿ ਰੰਗ ਇਕੋ ਜਿਹਾ ਚੜੇ। ਘੋਲ ਨੂੰ ਹਲਕੀ ਅੱਗ ’ਤੇ ਗਰਮ ਰੱਖੋ ਅਤੇ ਨਿਰਦੇਸ਼ਤ ਸਮੇਂ ਤੱਕ ਹਿਲਾਉਂਦੇ ਰਹੋ। ਸੂਤੀ ਕੱਪੜਿਆਂਂ ਲਈ ਇੱਕ ਗੈਲਨ ਪਾਣੀ ਵਿੱਚ 1 ਚਮਚ ਨਮਕ ਅਤੇ ਰੇਸ਼ਮੀ, ਊਨੀ ਕੱਪੜਿਆਂ ਲਈ ਇਕ ਗੈਲਨ ਪਾਣੀ ਵਿੱਚ 1 ਚਮਚ ਐਸੀਟਿਕ ਐਸਿਡ ਜਾਂ 2 ਚਮਚ ਸਿਰਕਾ ਪਾਓ ਤਾਂ ਕਿ ਰੰਗ ਵਧੀਆ ਚੜ੍ਹੇ। ਕੱਪੜੇ ਨੂੰ ਰੰਗਣ ਤੋਂ ਬਾਅਦ ਸਾਫ਼ ਪਾਣੀ ਵਿੱਚੋਂ ਖੰਘਾਲ ਕੇ ਛਾਂ ਵਿੱਚ ਸੁਕਾਓ ਅਤੇ ਲੋੜ ਅਨੁਸਾਰ ਫਿਨਿਸ਼ ਕਰੋ।
ਠੰਢੇ ਪਾਣੀ ਨਾਲ ਰੰਗਾਈ: ਰੰਗ ਨੂੰ ਕੋਸੇ ਪਾਣੀ ਵਿੱਚ ਪਾਉ। ਉਸ ਉੱਪਰ ਲਿਖੇ ਨਿਰਦੇਸ਼ ਅਨੁਸਾਰ ਉਸ ਵਿੱਚ ਲੂਣ ਮਿਲਾਓ ਅਤੇ ਕੱਪੜੇ ਨੂੰ ਰੰਗ ਦੇ ਘੋਲ ਵਿੱਚ 15 ਮਿੰਟ ਤੱਕ ਪਿਆ ਰਹਿਣ ਦਿਉ ਜਾਂ ਗਰਮ ਪਾਣੀ ਵਿੱਚ ਸੋਡਾ ਘੋਲ ਕੇ ਦਿੱਤੀ ਗਈ ਮਾਤਰਾ ਅਨੁਸਾਰ ਰੰਗ ਮਿਲਾਓ। ਦਸ ਮਿੰਟ ਤੱਕ ਕੱਪੜੇ ਨੂੰ ਉਸ ਵਿੱਚ ਪਾ ਕੇ ਹਿਲਾਓ ਫਿਰ 30 ਮਿੰਟ ਤੱਕ ਡੁੱਬਿਆ ਰਹਿਣ ਦਿਉ। ਕਦੇ-ਕਦੇ ਉਸ ਨੂੰ ਹਿਲਾਉਂਦੇ ਰਹੋ ਅਤੇ ਫਿਰ ਸਾਫ਼ ਪਾਣੀ ’ਚੋਂ ਖੰਘਾਲ ਕੇ ਸੁੱਕਾ ਲਉ।
ਪ੍ਰਤੀ ਰੋਧਕ ਰੰਗਾਈ ਜਾਂ ਬੰਨ੍ਹ ਕੇ ਰੰਗਣਾ
ਬੰਨ੍ਹ ਕੇ ਰੰਗਣਾ: ਭਾਰਤ ਵਿੱਚ ਇਹ ਕਲਾ 1600 ਸਾਲ ਪੁਰਾਣੀ ਹੈ। ਵਿਸ਼ੇਸ਼ ਤੌਰ ’ਤੇ ਰਾਜਸਥਾਨ ਅਤੇ ਗੁਜਰਾਤ ਵਿੱਚ ਕੀਤੀ ਜਾਂਦੀ ਹੈ, ਜਿਸ ਨੂੰ ਕਿ ਬਾਂਧਨੀ ਕਿਹਾ ਜਾਂਦਾ ਹੈ। ਬਾਂਧਨੀ ਵਿੱਚ ਕੱਪੜੇ ਨੂੰ ਤਹਿ ਲਗਾ ਕੇ ਬੰਨ੍ਹ ਲਿਆ ਜਾਂਦਾ ਹੈ। ਜਿਸ ਜਗ੍ਹਾ ਧਾਗਾ ਬੰਨ੍ਹਿਆ ਜਾਂਦਾ ਹੈ, ਉਥੇ ਰੰਗ ਨਹੀਂ ਚੜ੍ਹਦਾ। ਇਸੇ ਤਰ੍ਹਾਂ ਪਟੋਲਾ ਵਿੱਚ ਵੀ ਬੰਨ੍ਹ ਕੇ ਰੰਗਾਈ ਕੀਤੀ ਜਾਂਦੀ ਹੈ ਜਿਸ ਨੂੰ ਇਕਤ ਕਿਹਾ ਜਾਂਦਾ ਹੈ। ਇਸ ਵਿੱਚ ਡਿਜ਼ਾਈਨ ਅਨੁਸਾਰ ਤਾਣੇ ਅਤੇ ਬਾਣੇ ਨੂੰ ਅਲੱਗ ਅਲੱਗ ਬੰਨ੍ਹ ਕੇ ਰੰਗ ਲਿਆ ਜਾਂਦਾ ਹੈ। ਇਸ ਲਈ ਵੀ ਸਾਧਾਰਨ ਰੰਗਾਈ ਵਾਲਾ ਸਾਮਾਨ ਹੀ ਵਰਤਿਆ ਜਾਂਦਾ ਹੈ। ਬੰਨ੍ਹਣ ਲਈ ਸਫੇਦ ਸੂਤੀ ਧਾਗਾ ਵਰਤਿਆ ਜਾਂਦਾ ਹੈ। ਟਾਈ ਐਂਡ ਡਾਈ ਲਈ ਜਾਰਜੈਟ, ਲੱਠਾ, ਕੈਮਬਰਿਕ, ਪਾਪਲੀਨ, ਮਲਮਲ ਆਦਿ ਕੱਪੜਿਆਂਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੱਪੜੇ ਨੂੰ ਰੰਗਣ ਤੋਂ ਪਹਿਲਾਂ 7-8 ਘੰਟੇ ਪਾਣੀ ਵਿੱਚ ਭਿਉਂ ਦਿਉ ਫਿਰ ਸਾਬਣ ਨਾਲ ਧੋ ਲਵੋ।
ਜਾਰਜੈਟ ਜਾਂ ਮਲਮਲ ਵਰਗੇ ਬਾਰੀਕ ਕੱਪੜਿਆਂ ਨੂੰ ਤਹਿ ਲਗਾ ਕੇ ਬੰਨ੍ਹ ਕੇ ਰੰਗਣਾ ਚਾਹੀਦਾ ਹੈ ਜਦਕਿ ਮੋਟੇ ਕੱਪੜੇ (ਲੱਠਾ ਅਤੇ ਪਾਪਲੀਨ) ਆਦਿ ਦੀ ਇਕਹਿਰੀ ਤਹਿ ’ਤੇ ਡਿਜ਼ਾਈਨ ਬਣਾ ਕੇ ਬੰਨ੍ਹਣਾ ਚਾਹੀਦਾ ਹੈ।
ਰੰਗ ਦੇ ਘੋਲ ਦੀ ਤਿਆਰੀ: ਠੰਢੇ ਪਾਣੀ ਨੂੰ ਉਬਾਲਣ ਲਈ ਰੱਖੋ। ਤਿੰਨ ਚਮਚੇ ਠੰਢੇ ਪਾਣੀ ਦੇ ਲੈ ਕੇ ਰੰਗ ਨਾਲ ਪੇਸਟ ਬਣਾਓ ਅਤੇ ਇਸ ਨੂੰ ਉਬਲਦੇ ਪਾਣੀ ਵਿੱਚ ਮਿਲਾਉ। ਇਸ ਨੂੰ ਪੰਜ-ਦਸ ਮਿੰਟ ਤੱਕ ਉਬਾਲੋ ਅਤੇ ਇਸ ਵਿੱਚ ਲੂਣ ਮਿਲਾਉ ਅਤੇ ਲਗਾਤਾਰ ਹਿਲਾਉਂਦੇ ਰਹੋ। ਕੱਪੜੇ ਨੂੰ ਠੰਢੇ ਪਾਣੀ ਵਿੱਚ ਭਿਉਂ ਕੇ ਬਾਹਰ ਕੱਢ ਲਉ। ਉਸ ਨੂੰ ਨਿਚੋੜ ਕੇ ਖੋਲ੍ਹ ਲਉ ਅਤੇ ਰੰਗ ਵਿੱਚ ਡੁਬੋ ਦਿਉ। ਲੱਕੜੀ ਦੇ ਚਮਚੇ ਨਾਲ ਚੰਗੀ ਤਰ੍ਹਾਂ ਹਿਲਾਉਂਦੇ ਰਹੋ ਤਾਂ ਕਿ ਰੰਗ ਇਕਸਾਰ ਚੜ੍ਹ ਸਕੇ। ਜੇ ਕੱਪੜੇ ਨੂੰ ਹਿਲਾਵੋਗੇ ਨਹੀਂ ਤਾਂ ਰੰਗ ਦੇ ਧੱਬੇ ਪੈ ਜਾਣਗੇ। ਕੱਪੜੇ ਨੂੰ ਲਗਪਗ 15 ਮਿੰਟ ਪਾਣੀ ਦੇ ਘੋਲ ਵਿੱਚ ਰੱਖੋ ਅਤੇ ਹਿਲਾਉਂਦੇ ਰਹੋ। ਫਿਰ ਉਸ ਨੂੰ ਕੱਢ ਕੇ ਪੱਕਾ ਕਰਨ ਲਈ ਇਕ ਚਿਲਮਚੀ ਵਿੱਚ ਠੰਢਾ ਪਾਣੀ ਲਉ। ਉਸ ਵਿੱਚ 3-4 ਵੱਡੇ ਚਮਚੇ ਲੂਣ ਦੇ ਪਾ ਕੇ ਘੋਲ ਲਉ। ਰੰਗੇ ਹੋਏ ਕੱਪੜੇ ਨੂੰ 3-4 ਘੰਟੇ ਇਸ ਵਿਚ ਪਿਆ ਰਹਿਣ ਦਿਉ, ਫਿਰ ਉਸ ਨੂੰ ਸਾਫ ਪਾਣੀ ਵਿੱਚੋਂ ਕੱਢ ਕੇ ਨਿਚੋੜ ਕੇ ਸੁਕਾ ਲਉ।
ਕੱਪੜੇ ਨੂੰ ਇੱਕ ਤੋਂ ਵੱਧ ਰੰਗਾਂ ਵਿੱਚ ਰੰਗਣ ਲਈ ਪਹਿਲਾ ਹਲਕੇ ਅਤੇ ਫਿਰ ਉਸ ’ਤੇ ਗੂੜੇ ਰੰਗ ਵਰਤਣੇ ਚਾਹੀਦੇ ਹਨ। ਕੱਪੜੇ ਨੂੰ ਬੰਨ੍ਹ ਕੇ ਰੰਗ ਲਉ ਅਤੇ ਖੋਲ੍ਹ ਕੇ ਸੁਕਾਓ। ਫਿਰ ਉਸ ਨੂੰ ਦੁਬਾਰਾ ਬੰਨ੍ਹ ਕੇ ਰੰਗੋ ਅਤੇ ਖੋਲ੍ਹ ਕੇ ਸੁਕਾਓ। ਇਸ ਤਰ੍ਹਾਂ ਦੁਹਰਾਉਂਦੇ ਜਾਓ ਜਦੋਂ ਤੱਕ ਲੋੜੀਂਦਾ ਰੰਗ ਨਹੀਂ ਮਿਲ ਜਾਂਦਾ। ਆਮ ਤੌਰ ’ਤੇ ਤਿੰਨ ਤੋਂ ਜ਼ਿਆਦਾ ਰੰਗ ਨਹੀਂ ਵਰਤਣੇ ਚਾਹੀਦੇ। ਕੱਪੜੇ ਨੂੰ ਬੰਨ੍ਹਣ ਲਈ ਸੂਤੀ ਧਾਗਾ ਵਰਤਣਾ ਚਾਹੀਦਾ ਹੈ। ਖੋਲ੍ਹਣ ਲਈ ਕੱਪੜੇ ਨੂੰ ਆਢੇ ਪਾਸਿਓਂ ਖਿੱਚੋ ਤਾਂ ਕਿ ਬੰਨ੍ਹੇ ਹੋਏ ਧਾਗੇ ਆਸਾਨੀ ਨਾਲ ਖੁੱਲ੍ਹ ਜਾਣ। ਬਾਂਧਨੀ ਵਿੱਚ ਹਰ ਇੱਕ ਬਿੰਦੂ ਨੂੰ ਲਗਾਤਾਰ ਇੱਕੋ ਧਾਗੇ ਨਾਲ ਹੀ ਬੰਨ੍ਹਿਆ ਜਾਂਦਾ ਹੈ ਪਰ ਜੇ ਅਲੱਗ-ਅਲੱਗ ਬੰਨ੍ਹਿਆ ਜਾਵੇ ਤਾਂ ਖੋਲ੍ਹਣਾ ਵੀ ਅਲੱਗ ਅਲੱਗ ਹੀ ਪੈਂਦਾ ਹੈ। ਜੇ ਧਾਗਾ ਕੱਟਣ ਵਾਲਾ ਹੋਵੇ ਤਾਂ ਧਿਆਨ ਨਾਲ ਕੱਟਣਾ ਚਾਹੀਦਾ ਹੈ ਤਾਂ ਜੋ ਕੱਪੜਾ ਨਾ ਕੱਟਿਆ ਜਾਵੇ।
ਬਾਂਧਨੀ ਰੰਗਾਈ ਲਈ ਨੁਕਤੇ
* ਰੰਗਾਂ ਦੀ ਚੋਣ ਕੱਪੜੇ ਅਨੁਸਾਰ ਕਰੋ ਜਿਵੇਂ ਕਿ ਸੂਤੀ, ਊਨੀ ਕੱਪੜੇ ਲਈ ਵੱਖੋ-ਵੱਖਰੇ।
* ਸੂਤੀ ਕੱਪੜਿਆਂਂ ’ਤੇ ਪੱਕੇ ਰੰਗ ਚੜ੍ਹਾਉਣ ਲਈ ਉਨ੍ਹਾਂ ਨੂੰ ਉਬਾਲ ਲਉ।
* ਰੰਗ ਨੂੰ ਕਦੇ ਵੀ ਧਾਤੂ ਦੇ ਬਰਤਨ ਵਿੱਚ ਨਾ ਘੋਲੋ।
* ਕੱਪੜੇ ਨੂੰ ਰੰਗਣ ਤੋਂ ਪਹਿਲਾ ਗਿੱਲਾ ਕਰ ਲਉ।
* ਕੱਪੜਿਆਂ ਉੱਪਰ ਰੰਗਾਈ ਦੌਰਾਨ ਦਾਗ ਧੱਬੇ ਬਚਾਉਣ ਲਈ ਖੁੱਲ੍ਹੇ ਬਰਤਨ ਵਿੱਚ ਰੰਗਾਈ ਦਾ ਘੋਲ ਬਣਾਓ ਅਤੇ ਕੱਪੜੇ ਨੂੰ ਰੰਗਾਈ ਦੌਰਾਨ ਹਿਲਾਉਂਦੇ ਰਹੋ।
* ਬੰਨ੍ਹ ਕੇ ਰੰਗਾਈ ਕਰਨ ਲਈ ਪਹਿਲਾਂ ਕੱਪੜੇ ਨੂੰ ਧੋ ਕੇ ਮਾਵਾ ਕੱਢ ਲਵੋ।
*ਵਸਤਰ ਵਿਗਿਆਨ ਵਿਭਾਗ, ਕਮਿਨਊਨਿਟੀ ਸਾਇੰਸ ਕਾਲਜ, ਪੀਏਯੂ।