ਜੋਗਾ ਸਿੰਘ (ਡਾ.)
ਫ਼ਿਕਰਮੰਦੀ
ਤੁਹਾਨੂੰ ਪਤਾ ਈ ਏ ਪਈ ਭਾਰਤ ਦੀਆਂ ਸਾਰੀਆਂ ਸਰਕਾਰਾਂ ਵਾਂਙ ਈ ਪੰਜਾਬ ਸਰਕਾਰ ਨੂੰ ਅੰਗਰੇਜ਼ੀ-ਖੁਮਾਰੀ ਨਿੱਤ ਦਿਨ ਨਿੱਤ ਰਾਤ ਚੜ੍ਹੀ ਰਹਿੰਦੀ ਏ। ਇਹਨੂੰ ਪਿਛਲੇ ਦਿਨੀਂ ਮੁੜ ਅੰਗਰੇਜ਼ੀ ਜੋਸ਼ ਦਾ ਦੌਰਾ ਪਿਆ ਤੇ ਇਹਨੇ ਅੰਗਰੇਜ਼ੀ ’ਚ ਗਣਿਤ ਦਾ ਹਿਸਾਬ ਕੱਢਣ ਲਈ ਪੰਜਾਬੀ ’ਚ ਲਿਖਿਆ ਇੱਕ ਹੋਰ ਜੋਸ਼-ਪੱਤਰ ਪੂਰੀ ਬੂਹਾ-ਬੰਦੀ ਦੇ ਹੁੰਦਿਆਂ ਵੀ ਸਕੂਲ-ਸਕੂਲ ਪੁੱਜਦਾ ਕਰਨ ਦਾ ਮਹਾਨ ਮਾਅਰਕਾ ਮਾਰਿਆ। ਵਾਰੇ ਜਾਨਾਂ ਵਾਂ ਪੰਜਾਬ ਸਰਕਾਰ ਦੇ ਇਸ ਔਖੇ ਵੇਲੇ ’ਚ ਵੀ ਮਹਾਨ ਕਾਰਨਾਮੇ ਦੇ। ਮੈਨੂੰ ਭਾਵੇਂ ਆਪਣੇ ਅੰਗਰੇਜ਼ੀ ਬਾਰੇ ਘੱਲੇ ਰੁੱਕੇ ਦਾ ਇੱਕ-ਅੱਖਰੀ ਜੁਆਬ ਉਡੀਕਦਿਆਂ ਜੁੱਗ ਬੀਤ ਚੱਲਿਆ ਏ।
ਚਾਰ-ਚੁਫ਼ੇਰਿਓਂ ਮਿੱਠੜੇ ਸੁਨੇਹੜੇ ਮਿਲਣ ਕਰਕੇ ਇਹਦੇ ਜੋਸ਼ ਨੂੰ ਕੁਝ ਠੰਢ ਤੇ ਪਈ ਏ, ਪਰ ਤਰੋ-ਤਾਜ਼ੇ ਜੋਸ਼-ਪੱਤਰ ’ਚ ਵੀ ਹੋਸ਼ ਵਾਲਾ ਅੱਖਰ ਹਾਲੇ ਤੱਕ ਮੈਨੂੰ ਲੱਭਿਆ ਕੋਣੀ। ਹਾਲੇ ਵੀ ਸਰਕਾਰੀ ਸਕੂਲ ਵਾਲਾ ਕੰਮੀਆਂ-ਕਿਸਾਨਾਂ ਦਾ ਨੰਨ੍ਹਾ-ਮੁੰਨ੍ਹਾ ਸਿਪਾਹੀ ਗਣਿਤ ਦਾ ਹਿਸਾਬ ਅੰਗਰੇਜ਼ੀ ਵਿੱਚ ‘ਆਨ ਡਿਮਾਂਡ’ ਕੱਢ ਸਕਦਾ ਏ। ਪਹਿਲੀ ਜਮਾਤ ਤੋਂ ਈ।
ਉਂਞ ਹੋਈ ਇਹ ਕਮਾਲ ਦੇ ਵੀ ਕਮਲੇ ਹੋ ਜਾਣ ਵਾਲੀ ਗੱਲ ਜੇ। ਸਰਕਾਰੀ ਸਕੂਲਾਂ ਦੇ ਬਾਲਾਂ ਦੀ ਪੜ੍ਹਾਈ ਦਾ ਮੰਦਾ ਹਾਲ ਵੇਖ ਕੇ ਪੰਜਾਬ ਸਰਕਾਰ ਦਾ ਕਲੇਜਾ ਢਿੱਡ ’ਚੋਂ ਮੂੰਹ ’ਚ ਆ ਗਿਆ ਲੱਗਦਾ ਏ। ਏਸੇ ਕਰਕੇ ਕਲੇਜੇ ਦੀ ਅੰਗਰੇਜ਼ੀ-ਵੇਦਨ ਮੂੰਹ ’ਚੋਂ ਪੰਜਾਬੀ ’ਚ ਈ ਬੋਲ ਪਈ ਏ ਪਈ ਸਰਕਾਰੀ ਸਕੂਲਾਂ ਵਿੱਚ ਵੀ ਗਣਿਤ ਦਾ ਹਿਸਾਬ ਅੰਗਰੇਜ਼ੀ ਵਿੱਚ ਕੱਢਿਆ ਜਾਵੇ। ਪਹਿਲੀ ਜਮਾਤ ਤੋਂ ਈ।
ਚਲੋ ਕੋਈ ਉਲ੍ਹਾਮੇ ਵਾਲੀ ਗੱਲ ਨਹੀਂ ਪੰਜਾਬੀ ’ਚ ਬੋਲਣਾ। ਵੇਦਨ ਤੇ ਪੰਜਾਬੀ ’ਚ ਈ ਬੋਲਦੀ ਏ ਨਾ। ਸੋ ਬੋਲਣ ਵਾਲੇ ਦਾ ਕੋਈ ਕਸੂਰ ਨਹੀਂ ਕੱਢਣਾ ਤੁਸਾਂ ਕਿਸੇ।
ਕਲੇਜੇ ’ਚ ਵੇਦਨ ਉੱਠੀ ਇਸ ਕਰਕੇ ਵੇ ਪਈ ਅੰਗਰੇਜ਼ੀ ’ਚ ਹਿਸਾਬ ਕੱਢ-ਕੱਢ ਕੇ ਅਮੀਰਾਂ ਨੇ ਗਰੀਬਾਂ ਦੇ ਧੀਆਂ-ਪੁੱਤਰਾਂ ਨੂੰ ਸਭ ਕਾਸੇ ’ਚੋਂ ਬਾਹਰ ਕੱਢ ਦਿੱਤਾ ਏ। (ਉਂਞ ਭਾਵੇਂ ਜਿਹੜਾ ਸਕੂਲ ਦੇ ਅੱਗੋਂ ਵੀ ਨਹੀਂ ਲੰਘਿਆ, ਹਿਸਾਬ ਕੱਢਣ ’ਚ ਅੰਗਰੇਜ਼ੀ ’ਚ ਪੜ੍ਹਿਆਂ ਤੋਂ ਟੈਮ ਇੱਕ ਬਟਾ ਦਸ ਈ ਲੈਂਦਾ ਏ)। ਸੋ, ਸਰਕਾਰ ਨੇ ਟੈਮ ਬਚਾਉਣ ਲਈ ਸੋਚਣ ਤੋਂ ਵੀ ਪਹਿਲਾਂ ਜੋਸ਼-ਪੱਤਰ ਕੱਢ ਦਿੱਤਾ ਏ ਪਈ ਗਰੀਬਾਂ ਦੇ ਧੀਆਂ-ਪੁੱਤਰਾਂ ਨੂੰ ਵੀ ਗਣਿਤ ਅੰਗਰੇਜ਼ੀ ’ਚ ਪੜ੍ਹਾਓ ਤਾਂ ਕਿ ਉਹਨਾਂ ਨੂੰ ਵੀ ਅੰਗਰੇਜ਼ੀ ’ਚ ਗਣਿਤ ਪੜ੍ਹ ਕੇ ਫਟਾਫਟ ਗਲ-ਗੰਢ ਅਫ਼ਸਰ ਬਣਨ ਦਾ ਕੁਝ ਹਿਸਾਬ ਆ ਜਾਵੇ।
ਪੰਜਾਬ ਦੇ ਗ਼ਰੀਬਾਂ ਦੇ ਮਨ ਤੇ ਲੱਗਦਾ ਏ ਲੁੱਡੀਆਂ ਪਏ ਪਾਂਦੇ ਨੇ ਇਸ ’ਤੇ। ਆਖਰ ਉਹਨਾਂ ਦੇ ਧੀਆਂ-ਪੁੱਤਰ ਪਰਸੋਂ ਨੂੰ ਈ ਤਰੰਗਾ-ਝੰਡੀ ਵਾਲੀ ਕਾਰ ਤੇ ‘ਐਮਐਲਏ’ ਦੇ ਬੂਹੇ ਅੱਗੋਂ ਲੰਘ ਕੇ ਆਉਣ ਵਾਲੇ ਨੇ। ਕਈ ਗ਼ਰੀਬਾਂ ਨੇ ਤੇ ‘ਐਮਐਲੇਆਂ’ ਤੋਂ ਪੈਸੇ ਉਧਾਰ ਲੈ ਅੰਗਰੇਜ਼ੀ ਠੇਕੇ ਤੋਂ ਦੇਸੀ ਦੀ ਬੋਤਲ ਲੈ ਕੇ ਪਰਸੋਂ ਹੋਣ ਵਾਲੇ ਚਾਅ ਨੂੰ ਅੱਜ ਈ ਗਲੀਆਂ ’ਚ ਡੋਲ-ਡੋਲ-ਡਿੱਗ-ਡਿੱਗ ਮਨਾਉਣਾ ਵੀ ਸ਼ੁਰੂ ਕਰ ਦਿੱਤਾ ਏ। ਮਨਾਉਣ ਵੀ ਕਿਉਂ ਨਾ। ਗੱਲ ਈ ਵੱਡੀ ਏ। ਆਓ ਗਵਾਹ ਭੁਗਤਾ ਕੇ ਵੇਖਨੇ ਆਂ।
ਪਹਿਲੇ ਗਵਾਹ ਦਾ ਨਿੱਕਾ ਨਾਂ ਪੀਸਾ ਏ ਤੇ ਵੱਡਾ ਪ੍ਰੋਗਰਾਮ ਫ਼ਾਰ ਇੰਟਰਨੈਸ਼ਨਲ ਸਟੂਡੈਂਟ ਅਸੈਸਮੈਂਟ। ਇਹ ਹਰ ਤਿੰਨੀਂ ਸਾਲੀਂ ਸਾਰੀ ਦੁਨੀਆਂ ਦੇ ਪੰਦਰਾਂ ਸਾਲਾਂ ਦੀ ਉਮਰ ਦੇ ਬਾਲਾਂ ਦੀ ਪੜ੍ਹਾਈ ਦੇ ਮੰਦ-ਚੰਗ ਦਾ ਹਿਸਾਬ ਕੱਢਦਾ ਏ। ਇਹਦੇ 2018 ’ਚ ਕੱਢੇ ਹਿਸਾਬ ਮੁਤਾਬਕ ਪੌੜੀ ਦੇ ਸਭ ਤੋਂ ਉਤਲੇ ਡੰਡੇ ’ਤੇ ਚੀਨ ਏ, ਦੂਜੇ ’ਤੇ ਸਿੰਗਾਪੁਰ, ਤਰਿੱਜੇ ’ਤੇ ਮਕਾਊ, ਚੌਥੇ ’ਤੇ ਹਾਂਗਕਾਂਗ (ਚੀਨ), ਪੰਜਵੇਂ ’ਤੇ ਤਾਇਵਾਨ, ਛੇਵੇਂ ’ਤੇ ਜਪਾਨ, ਸੱਤਵੇਂ ’ਤੇ ਦੱਖਣੀ ਕੋਰੀਆ, ਅੱਠਵੇਂ ’ਤੇ ਇਸਟੋਨੀਆ, ਨੌਵੇਂ ’ਤੇ ਨੀਦਰਲੈਂਡ (ਹਾਲੈਂਡ), ਦਸਵੇਂ ’ਤੇ ਪੋਲੈਂਡ, ਯਾਰ੍ਹਵੇਂ ’ਤੇ ਸਵਿਟਜ਼ਰਲੈਂਡ, ਬਾਰ੍ਹਵੇਂ ’ਤੇ ਕੈਨੇਡਾ, ਤੇਰ੍ਹਵੇਂ ’ਤੇ ਡੈਨਮਾਰਕ, ਚੌਦ੍ਹਵੇਂ ’ਤੇ ਸਲੋਵੇਨੀਆ, ਪੰਦਰ੍ਹਵੇਂ ’ਤੇ ਬੈਲਜੀਅਮ, ਸੋਲ੍ਹਵੇਂ ’ਤੇ ਫ਼ਿਨਲੈਂਡ, ਤੇ ਰੱਬ ਤੁਹਾਡਾ ਭਲਾ ਕਰੇ, ਆਹ ਲਮਕਦਾ ਪਿਆ ਜੇ ਸਤਾਰ੍ਹਵੇਂ ਡੰਡੇ ’ਤੇ ਜਿਹਦੀ ਮਾਂ ਬੋਲੀ ਅੰਗਰੇਜ਼ੀ ਏ, ਜਿਹਦੇ ਵੀਜ਼ੇ ਲਈ ਪੰਜਾਬੀਆਂ ਦੇ ਪਿਉ ਵੀ ਵਿਕੀ ਜਾਂਦੇ ਨੇ, ਤੇ ਜਿਹਦੇ ਰਾਜ ’ਚ ਸੂਰਜ ਨਹੀਂ ਸੀ ਡੁੱਬਦਾ ਕਦੇ; ਇਹ ਜੇ ਯੂਕੇ।
ਸਭ ਤੋਂ ਡਾਢੇ ਡੰਡੇ ਵਾਲੇ ਅਮਰੀਕਾ ਦਾ ਡੰਡਾ ਵੇਖੇ ਬਿਨਾਂ ਤੇ ਕਿਸੇ ਨੂੰ ਪਾਣੀ ਵੀ ਨਹੀਂ ਪਚਣਾ। ਇਸ ਕਰਕੇ ਇਹ ਤੇ ਦੱਸਣਾ ਈ ਪੈਣਾ ਏਂ ਪਈ ਅਮਰੀਕਾ ਸੱਤਾਂ ਤੇ ਤਰੀਹਵੇਂ ਡੰਡੇ ’ਤੇ ਮਤਲਬ ਸਈਂਤੀਵੇਂ ਡੰਡੇ ’ਤੇ ਲਮਕਿਆ ਏ।
ਕੰਮ ਦੀ ਜਾਣਕਾਰੀ ਲੈਣ ਦਾ ਕੰਮ ਕਰਨ ਦੀ ਕਿਸੇ ਕੋਲ ਵਿਹਲ ਈ ਹੈ ਨਹੀਂ, ਇਸ ਕਰਕੇ ਇਹ ਤੇ ਦੱਸਣਾ ਈ ਪੈਣਾ ਏ ਮੈਨੂੰ ਪਈ ਪਹਿਲੇ ਸੋਲ੍ਹਾਂ ’ਚੋਂ ਬੱਸ ਦੋ ਸਿੰਗਾਪੁਰ ਤੇ ਕੈਨੇਡਾ ਜੇ ਜਿਹੜੇ ਗਣਿਤ ਦਾ ਹਿਸਾਬ ਅੰਗਰੇਜ਼ੀ ’ਚ ਕੱਢਦੇ ਨੇ। ਪਰ ਕੈਨੇਡਾ ’ਚ ਵੀ ਕਿਊਬਕ ’ਚ ਗਣਿਤ ਦਾ ਹਿਸਾਬ ਫ਼ਰਾਂਸੀਸੀ ਵਿੱਚ ਕੱਢਿਆ ਜਾਂਦਾ ਏ। ਸਿੰਗਾਪੁਰ ਬੱਸ ਸਤਵੰਜਾ ਲੱਖ ਅਬਾਦੀ ਵਾਲਾ ਸ਼ਹਿਰ ਏ। ਓਥੇ ਚਾਰ ਭਾਸ਼ਾਵਾਂ ਚੀਨੀ, ਮਲਾਏ, ਤਾਮਿਲ ਤੇ ਅੰਗਰੇਜ਼ੀ ਬੋਲਣ ਵਾਲੇ ਨੇ। ਇਸ ਕਰਕੇ ਇਹ ਨਮੂਨਾ ਆਪਣੇ ਗਣਿਤ ਝਿੱਗੇ ਲਈ ਢੁੱਕਵਾਂ ਨਹੀਂ ਹੋ ਸਕਦਾ। ਏਨਾ ਜ਼ਰੂਰ ਏ ਪਈ ਚਾਰੇ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨੇ ਤੇ ਹਰੇਕ ਬਾਲ ਸਕੂਲ ਵਿੱਚ ਆਪਣੀ ਮਾਤ ਭਾਸ਼ਾ ਪਹਿਲੀ ਤੋਂ ਬਾਰ੍ਹਵੀਂ ਤੱਕ ਪੜ੍ਹਦਾ ਏ। ਆਪਣੇ ਬਹੁਤੇ ਮਤਲਬ ਦੀ ਗੱਲ ਇਹ ਵੇ ਪਈ ਸਿੰਗਾਪੁਰ ਵਿੱਚ ਵੀ ਜਨਮ-ਜਾਤ ਮੰਦ-ਬੁੱਧੀ ਬਾਲਾਂ ਨੂੰ ਮਾਤ ਭਾਸ਼ਾ ਵਿੱਚ ਪੜ੍ਹਾਇਆ ਜਾਂਦਾ ਏ। ਮਤਲਬ ਓਥੇ ਅੰਗਰੇਜ਼ੀ ਹੱਥ ਖਲੇ ਕਰ ਦੇਂਦੀ ਏ।
ਐਸ ਦੂਜੇ ਗਵਾਹ ਦਾ ਕੰਮ ਸਾਰੀ ਦੁਨੀਆਂ ’ਚ ਅੰਗਰੇਜ਼ੀ ਪੜ੍ਹਾਉਣਾ ਏਂ। ਇਹਦਾ ਛੋਟਾ ਨਾਂ ਵੀ ਤੇ ਵੱਡਾ ਨਾਂ ਵੀ ਬ੍ਰਿਟਿਸ਼ ਕਾਉਂਸਲ ਏ। ਇਹ ਆਈਲਟਸ ਦੀਆਂ ਫ਼ੀਸਾਂ ਲੈਂਦੀ ਏ, ਇਮਤਿਹਾਨ ਲੈਂਦੀ ਏ, ਤੇ ਬੈਂਡ ਦੇਂਦੀ ਏ। ਇਹ ਇੰਗਲੈਂਡ ਸਰਕਾਰ ਦੀ ਸੰਸਥਾ ਏ। ਇਹਦਾ ਦਫਤਰ ਪੰਜਾਬ ਦੀ ਬੇਗਾਨੀ-ਆਪਣੀ ਦੇਸੀ-ਅੰਗਰੇਜ਼ੀ ਰਾਜਧਾਨੀ ਚੰਡੀਗੜ੍ਹ ’ਚ ਵੀ ਹੈ ਵੇ। ਪੰਜਾਬ ’ਚ ਪਿਛਲੇ ਸਾਲ ਕੋਈ ਪੰਜ ਸੌ ਕਰੋੜ ਦੇ ਬੈਂਡ ਵੇਚੇ ਨੇ ਇਹਨੇ।
ਬ੍ਰਿਟਿਸ਼ ਕਾਉਂਸਲ ਦੀ 2017 ’ਚ ਛਪੀ ਕਿਤਾਬ ’ਚੋਂ ਆਹ ਟੂਕ ਦੱਸਦੀ ਏ ਪਈ ਅੰਗਰੇਜ਼ੀ ਮਾਧਿਅਮ ’ਚ ਪੜ੍ਹਾਉਣਾ ਕਿੱਡੀ ਵੱਡੀ ਗੱਲ ਏ: ‘ਛੇ ਤੋਂ ਅੱਠ ਸਾਲ ਲੱਗਦੇ ਨੇ ਪਈ ਕੋਈ ਬੱਚਾ ਏਨੀ ਕੁ ਅੰਗਰੇਜ਼ੀ ਸਿੱਖ ਲਵੇ ਪਈ ਉਸ ਨੂੰ ਕਿਤਾਬਾਂ ਵਾਲੀ ਗੱਲ ਸਮਝ ਆਉਣ ਲੱਗ ਜਾਵੇ। ਏਨੇ ਸਾਲ ਲਾ ਕੇ ਵੀ ਉਹ ਅੰਗਰੇਜ਼ੀ ਏਨੀ ਚੰਗੀ ਨਹੀਂ ਸਿੱਖ ਸਕਦਾ ਪਈ ਉਹ ਉਤਲੀਆਂ ਜਮਾਤਾਂ ਦੀਆਂ ਕਿਤਾਬਾਂ ਵਾਲੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਸਕੇ’। ਇਹ ਗੱਲ ਉਹਨੇ ਦੱਖਣੀ ਏਸ਼ੀਆ ਦੇ ਆਪਣੇ ਸਕੇ ਬੇਸੁੱਧ-ਬੁੱਧ-ਭਾਈਆਂ, ਅੰਗਰੇਜ਼ੀ ਮਾਲਕ-ਭਾਈਆਂ ਆਖਣਾ ਵੀ ਠੀਕ ਈ ਏ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਤੇ ਭੂਟਾਨ ਆਦਿ ਬਾਰੇ ਆਖੀ ਏ। ਹੁਣ ਤੁਹਾਡੇ ਪੱਲੇ ਪੈ ਗਿਆ ਹੋਵੇਗਾ ਪਈ ਪੰਜਾਬ ਦੇ ਗ਼ਰੀਬ ਅੰਗਰੇਜ਼ੀ ’ਚ ਹਿਸਾਬ ਕੱਢਣ ਦੇ ਜੋਸ਼-ਪੱਤਰ ’ਤੇ ਲੁੱਡੀਆਂ ਕਿਉਂ ਪਾਈ ਜਾਂਦੇ ਨੇ। ਭਾਵੇਂ ਇਹ ਪੱਤਰ ਉਹਨਾਂ ਦੀ ਆਪਣੀ ਸਰਕਾਰ ਵੱਲੋਂ ਈ ਏਂ। ਮਤਲਬ ਇਹ ਹੋਇਆ ਪਈ ਛੇ ਤੋਂ ਅੱਠ ਸਾਲ ਤੱਕ ਕਿਸੇ ਨੇ ਉੱਕਾ ਈ ਕੋਣੀ ਉਡੀਕਣਾ। ਪਿੰਡ ’ਚ ਕਿਸੇ ਨੂੰ ਅੰਗਰੇਜ਼ੀ ਤੇ ਆਉਂਦੀ ਨਹੀਂ। ਟਿਊਸ਼ਨ ਕਿੱਥੇ ਕਰਨਗੇ? ਤੇ ਭਾਈ ਤੁਹਾਨੂੰ ਪੂਰਾ ਪਤਾ ਏ ਪਈ ਪੰਜਾਬ ਦੇ ਟੀਸੀ ਵਾਲੇ ਸਕੂਲ ਦੇ ਪਾੜ੍ਹਿਆਂ ਦੀ ਪੜ੍ਹਾਈ ਵੀ ਟਿਊਸ਼ਨ-ਮਾਲ ’ਚ ਈ ਹੁੰਦੀ ਏ। ਇਹ ਗੱਲ ਮੈਂ ਮੰਨਣਾਂ ਵਾਂ ਪਈ ਹਾਜ਼ਰੀਆਂ ਸਕੂਲੇ ਈ ਲੱਗਦੀਆਂ ਨੇ; ਤੇ ਫ਼ੀਸਾਂ ਵੀ ਓਥੇ ਛੋਟੀ ਪੜ੍ਹਾਈ ਦੀਆਂ ਵੀ ਵੱਡੀਆਂ-ਵੱਡੀਆਂ ਨੇ।
ਸੋ ਭਾਈ ਇਹ ਤੇ ਪੱਕੇ ਤੋਂ ਵੀ ਪੱਕਾ ਏ ਪਈ ਅੰਗਰੇਜ਼ੀ ’ਚ ਹਿਸਾਬ ਕੱਢਣ ਨਾਲ ਬਹੁਤੇ ਪਿੰਡਾਂ ਵਾਲਿਆਂ ਨੇ ਵਿੱਚ-ਵਿਚਾਲੀ ਡਿਗਰੀ ਤੋਂ ਵੀ ਪਹਿਲਾਂ ਈ, ਮਤਬਲ ਮਿਡਲ ਤੋਂ ਵੀ ਪਹਿਲਾਂ ਈ, ਸਕੂਲ ਛੱਡ ਜਾਣੇ ਨੇ; ਤੇ ਆਪਣੇ ਮਾਪਿਆਂ ਨਾਲ ਰਲ ਕੇ ਪੈਲੀਆਂ ਵਾਲਿਆਂ ਦਾ ਪੱਠ-ਦੱਥਾ-ਗੋਹਾ-ਕੂੜਾ ਕਰਨਾ ਏਂ। ਮਤਲਬ ਇਹ ਹੋਇਆ ਪਈ ਕੰਮ ਜੋਗੇ ਬਚੇ ਰਹਿਣਗੇ। ਪਹਿਲਾਂ ਡਿੱਗ-ਢਹਿ ਦਸਵੀਂ-ਦੁਸਵੀਂ ਕਰ ਜਾਂਦੇ ਨੇ। ਪਰ ਨਾ ਕੋਈ ਪੜ੍ਹਾਈ-ਸ਼ੜਾਈ ਆਉਂਦੀ ਏ ਤੇ ਨਾ ਈ ਕੰਮ ਜੋਗੇ ਰਹਿੰਦੇ ਨੇ। ਨਾ ਮੇਰੇ ਵਾਂਗ ਭਾਵੇਂ ਜੋਗਾ ਈ ਹੋਵੇ ਕਿਸੇ ਦਾ। ਬਹੁਤਿਆਂ ਤੋਂ ਤੇ ਦਸਵੀਂ ’ਚ ਅੰਗਰੇਜ਼ੀ ਵਾਲਾ ਪਰਚਾ ਈ ਪਾਰ ਨਹੀਂ ਹੁੰਦਾ ਤੇ ਵਿੱਚ-ਵਿਚਾਲਾ ਪਾਸ ਈ ਰਹਿ ਜਾਂਦੇ ਨੇ। ਮਤਲਬ ਚੌਕੀਦਾਰਾ ਕਰ ਕੇ ਪ੍ਰਧਾਨ ਮੰਤਰੀ ਵੀ ਨਹੀਂ ਅਖਵਾ ਸਕਦੇ।
ਮੈਨੂੰ ਪੂਰੀ ਆਸ ਏ ਪਈ ਸਮਾਰਟ ਸਕੂਲ ’ਚ ਸਮਝਾਈ ਜਾਂਦੀ ਸਰਕਾਰੀ ਸਮਝ ਨੇ ਤੁਹਾਡੇ ਸਿਰ ’ਚ ਪੱਕਾ ਦਾਖਲਾ ਲੈ ਲਿਆ ਹੋਵੇਗਾ। ਨਹੀਂ ਵੀ ਲਿਆ ਤਾਂ ਝੋਰੇ ਵਾਲੀ ਕੋਈ ਗੱਲ ਨਹੀਂ। ਹੁਣ ‘ਆਨ-ਡਿਮਾਂਡ’ ਹੋ ਜਾਣਾ ਏਂ। ਜੋਸ਼-ਪੱਤਰ ਬਿਜਲੀ ਬਣ ਕੇ ਸਕੂਲਾਂ ’ਚ ਅੱਪੜ ਗਏ ਨੇ। ਸੋ ਸਰਕਾਰੀ ਸਮਝ ਦੇ ਦਾਖਲੇ ਦੀ ਚਿੰਤਾ ਤੇ ਮੁੱਕੀ। ਆਪਾਂ ਆਪਣੀ ਅਸਲੀ ਜ਼ਰੂਰੀ ਗੱਲ ਅੰਗਰੇਜ਼ੀ ’ਚ ਗਣਿਤ ਦਾ ਹਿਸਾਬ ਕੱਢਣ ਵੱਲ ਮੁੜੀਏ।
ਮਾਮਲਾ ਕਿਉਂਕਿ ਅੰਗਰੇਜ਼ੀ ਦਾ ਏ, ਇਸ ਕਰਕੇ ਇਕੱਲੇ ਅੰਗਰੇਜ਼ੀ-ਮਾਲਕ ਦੀ ਗੱਲ ’ਤੇ ਨਾ ਜਾਈਏ। ਨਾਲੇ ਵਿਗਿਆਨੀ ਆਂਹਦੇ ਨੇ ਪਈ ਤਿੰਨ ਗਵਾਹੀਆਂ ਦੀ ਲੋੜ ਹੁੰਦੀ ਏ ਖੋਜ ਦੀ ਕੋਈ ਗੱਲ ਪੱਕੀ ਕਰਨ ਲਈ। ਆਹ ਰਸੈਣ ਵਿਗਿਆਨ ਵਾਲੇ ਦੱਸ ਦੇਣਗੇ ਤੁਹਾਨੂੰ। ਪੁੱਛ ਲੈਣਾ। ਪਰ ਹੁਣ ਤਰਿੱਜੇ ਗਵਾਹ ਦੇ ਬਿਆਨ ਸੁਣੋ। ਇਹ ਸੱਚੇ ਜੇ। ਕਿਸੇ ਦੀ ਸਹੁੰ ਖਾ ਕੇ ਗਵਾਹੀ ਦੇਣ ਵਾਲਾ ਨਹੀਂ ਇਹ ਗਵਾਹ।
ਘਰ ਦਾ ਜੋਗਾ ਹੁੰਦਾ ਤੇ ਜੋਗੜਾ ਈ ਏ, ਪਰ ਤਰਿੱਜੀ ਗਵਾਹੀ ਤੇ ਘਰ ਦੀ ਵੀ ਮੰਨੀਓ ਈ ਜਾਏਗੀ ਤੁਹਾਡੀ ਕੋਟ-ਕਚਹਿਰੀ ਵਿੱਚ। ਆਪਣੇ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਵਿੱਚ ਇੱਕ ਖੋਜੀ ਨੇ ਤੇਲਗੂ ਮਾਧਿਅਮ ਤੇ ਅੰਗਰੇਜ਼ੀ ਮਾਧਿਅਮ ਦਾ ਖੁਰਾ ਨੱਪ ਕੇ ਵੇਖਿਆ। ਖੋਜੀ ਚੰਗਾ ਸੀ, ਸੋ ਚੋਰ ਤੇ ਫੜਿਆ ਈ ਜਾਣਾ ਸੀ। ਚੋਰ ਓਥੇ ਵੀ ਦੇਸੀ-ਅੰਗਰੇਜ਼ ਈ ਨਿਕਲੇ ਭਾਈ। ਤੇਲਗੂ ਮਾਧਿਅਮ ਵਾਲੇ ਬਾਲਾਂ ਨੇ ਅੰਗਰੇਜ਼ੀ ਮਾਧਿਅਮ ਵਾਲਿਆਂ ਨੂੰ ਗਣਿਤ-ਘੋਲ ਵਿੱਚ ਧੋਬੀ ਪਟਕਾ ਮਾਰ ਕੇ ਚਿੱਤ ਕਰ ਦਿੱਤਾ।
ਸਿਆਣੇ ਨੂੰ ਭਾਈ ਉਂਗਲ ਕੀਤੀਓ ਈ ਵਾਧੂ ਹੁੰਦੀ ਏ। ਇਸ ਕਰਕੇ ਇਹਨਾਂ ਤਿੰਨਾਂ ਗਵਾਹੀਆਂ ਤੋਂ ਪਿੱਛੋਂ ਹੁਣ ਪੰਜਾਬ ਸਰਕਾਰ ਦੇ ਗਰੀਬ-ਮੋਹ ਦੀ ਕਹਾਣੀ ਦੇ ਹੋਰ ਕਿੱਸੇ ਛੇੜਨ ਦੀ ਲੋੜ ਲੱਗਦੀ ਨਹੀਂ ਮੈਨੂੰ। ਬੱਸ ਕਹਾਣੀ ਦਾ ਅੰਤ ਈ ਦੱਸ ਦੇਨਾਂ ਵਾਂ। ਅੰਤ ਇਹ ਵੇ ਪਈ ਗ਼ਰੀਬਾਂ ਦੀ ਪੜ੍ਹਾਈ ਦੀ ਕਹਾਣੀ ਪੂਰੀ ਤਰ੍ਹਾਂ ਮੁਕਾਉਣ ਦੀ ਤਿਆਰੀ ਏ। ਪੰਜਾਬੀ ’ਚ ਸਮਝ ਆ ਜਾਂਦਾ ਏ ਇਸ ਕਰਕੇ ਕੋਈ ਇੱਕਾ-ਦੁੱਕਾ ਗ਼ਰੀਬ ਪੰਜਾਬੀ ’ਚ ਪੜ੍ਹ ਕੇ ਹਾਲੇ ਵੀ ਛੋਟੇ-ਮੋਟੇ ਗਲ-ਗੰਢੀਏ ਅਫ਼ਸਰ ਬਣ ਜਾਂਦੇ ਨੇ। ਇਹ ਵੀ ਜਰਿਆ ਨਹੀਂ ਜਾਂਦਾ ਪਿਆ ਗਲ-ਗੰਢੀਆ ਜਮਾਤ ਤੋਂ। ਏਸੇ ਕਰਕੇ ਗ਼ਰੀਬਾਂ ਦੇ ਗਲ ’ਚ ਅੰਗਰੇਜ਼ੀ ਫਾਹੀ ਪਾ ਕੇ ਮਾਰਨ ਦੀ ਤਿਆਰੀ ਏ। ਗ਼ਰੀਬ ਵੀ ਖੁਸ਼ ਤੇ ਅਮੀਰ ਵੀ। ਅਮੀਰਾਂ ਨੇ ਤੇ ਹੋਣਾ ਈ ਸੀ ਜਿਨ੍ਹਾਂ ਨੇ ਗਣਿਤ ਦਾ ਅੰਗਰੇਜ਼ੀ-ਗਲਾਵਾਂ ਆਪ ਬਣਾਇਆ ਏ। ਰੱਸਾ ਤੇ ਚੀਨੀਓਂ ਈ ਹੋਣਾ ਸੀ। ਭਾਰਤ ਗਣਿਤ ’ਚ ਚੀਨ ਦੇ ਅੰਤਲੇ ਡੰਡੇ ਦੇ ਮੁਕਾਬਲੇ ਪਹਿਲੇ ਡੰਡੇ ’ਤੇ ਜੂ ਬੈਠਾ ਏ। ਤਾਂ ਕੀ ਹੋਇਆ ਜੇ ਹੇਠੋਂ ਏਂ ਤਾਂ। ਦਰਜਾ ਤੇ ਪਹਿਲਾ ਏ ਨਾ।
ਸੋ ਇਹ ਜੇ ਭਾਈ ਮੇਰੀ ਸਮਝੇ ਗਣਿਤ ਦਾ ਅੰਗਰੇਜ਼ੀ ਹਿਸਾਬ। ਪਈ ਅੰਗਰੇਜ਼ੀ ’ਚ ਪੜ੍ਹਾਓ; ਨਾ ਕਿਸੇ ਨੂੰ ਆਵੇ ਤੇ ਨਾ ਕੋਈ ਉਪਰ ਜਾਵੇ। ਬੱਸ ਥੱਲੇ ਈ ਪੱਠਾ-ਦੱਥਾ-ਗੋਹਾ-ਕੂੜਾ ਕਰਦੇ ਰਹਿਣ। ਤਿੰਨ ਗਵਾਹਾਂ ਦੇ ਬਿਆਨ ਤੁਸੀਂ ਸੁਣ ਲਏ ਨੇ। ਇਸ ਦੁਆਨੀ ਦਾਅਵੇ ਦਾ ਤੁਹਾਡਾ ਆਪਣਾ ਨਿਰਣਾ ਤੁਸੀਂ ਆਪਣੀ ਸਮਝ ਨਾਲ ਆਪ ਕਰ ਲੈਣਾ ਭਾਈ। ਸਰਬੱਤ ਦਾ ਭਲਾ!
ਬਿੱਜ-ਪਤਾ: jogasinghvirk@yahoo.co.in
ਗੱਲ-ਪਤਾ: 99157-09582, ਵਟਸਐਪ: 99885-31582