ਪ੍ਰੋ. ਚਰਨਜੀਤ ਕੌਰ
ਮਨੁੱਖ ਦੇ ਹੁਣ ਤਕ ਹਾਸਲ ਕੀਤੇ ਦੁਨਿਆਵੀ ਅਤੇ ਅਨੁਭਵੀ ਗਿਆਨ ਅਨੁਸਾਰ ਇਸ ਬ੍ਰਹਿਮੰਡ ਵਿਚ ਸਿਰਫ ਸੂਰਜ ਮੰਡਲ ਦੇ ਇਕੋ ਇਕ ਗ੍ਰਹਿ ਧਰਤੀ ਉਪਰ ਹੀ ਜੀਵਨ ਹੈ। ਵਿਗਿਆਨੀਆਂ ਨੇ ਸਿਧਾਂਤਕ ਪੱਧਰ ਤੇ ਇਹ ਲੱਖਣ ਤਾਂ ਲਾਇਆ ਹੈ ਕਿ ਸਮੁੱਚੇ ਬ੍ਰਹਿਮੰਡ ਵਿਚ ਸਾਡੀ ਆਕਾਸ਼ ਗੰਗਾ ਜਾਂ ਹੋਰ ਆਕਾਸ਼ ਗੰਗਾਵਾਂ ਵਿਚ ਕੁਝ ਹੋਰ ਸੂਰਜ ਅਤੇ ਗ੍ਰਹਿ ਹੋ ਸਕਦੇ ਹਨ ਕਿ ਉੱਥੇ ਵੀ ਜੀਵਨ ਮੌਜੂਦ ਹੋਵੇ ਪਰ ਇਸ ਦਾ ਕੋਈ ਠੋਸ ਪ੍ਰਮਾਣ ਨਹੀਂ ਹੈ। ਇਹ ਵਿਗਿਆਨੀਆਂ ਦੇ ਅਨੁਮਾਨਾਂ ਆਧਾਰਿਤ, ਵਿਗਿਆਨਕ ਗਲਪ ਲਿਖਣ ਅਤੇ ਫਿਲਮਾਂ ਬਣਾਉਣ ਵਾਲਿਆਂ ਦੀਆਂ ਕਲਪਨਾਵਾਂ ਹੀ ਹਨ ਕਿ ਕਿਸੇ ਹੋਰ ਗ੍ਰਹਿ ਤੇ ਵੀ ਜੀਵਨ ਮੌਜੂਦ ਹੈ। ਅਸਲ ਵਿਚ ਸਾਡੀ ਇਸ ਧਰਤੀ ਉਪਰ ਹੀ ਜੀਵਨ ਹੈ ਪਰ ਚਿੰਤਾ ਅਤੇ ਦੁੱਖ ਵਾਲੀ ਗੱਲ ਇਹ ਹੈ ਕਿ ਵਾਤਾਵਰਨ ਵਿਗਾੜਾਂ ਕਾਰਨ ਇੱਥੇ ਵੀ ਜੀਵਨ ਰਹਿਣ ਦੀਆਂ ਸੰਭਾਵਨਾਵਾਂ ਖਤਮ ਹੋ ਰਹੀਆਂ ਹਨ।
ਆਧੁਨਿਕ ਯੁੱਗ ਵਿਚ ਰੁੱਖ ਕੱਟਣ, ਕਾਰਖ਼ਾਨਿਆਂ ਤੇ ਆਵਾਜਾਈ ਦੇ ਸਾਧਨਾਂ ਵਿਚ ਵਾਧੇ ਨਾਲ ਕਾਰਬਨ ਡਾਇਆਕਸਾਈਡ ਦੀ ਮਾਤਰਾ ਵਧ ਰਹੀ ਹੈ ਅਤੇ ਜੀਵਨ ਦਾਤੀ ਆਕਸੀਜਨ ਦੀ ਮਾਤਰਾ ਘਟ ਰਹੀ ਹੈ। ਇਸ ਪ੍ਰਕਾਰ ਪੈਦਾ ਹੋਏ ਗਰੀਨ ਹਾਊਸ ਇਫੈਕਟ ਕਾਰਨ ਆਲਮੀ ਤਪਸ਼ ਵਧ ਰਹੀ ਹੈ। ਪਹਾੜਾਂ ਦੀਆਂ ਚੋਟੀਆਂ ਅਤੇ ਧਰੁਵਾਂ ਦੇ ਗਲੇਸ਼ੀਅਰ ਪਿਘਲ ਰਹੇ ਹਨ। ਸਮੁੰਦਰੀ ਤਲ ਉਪਰ ਉੱਠ ਰਿਹਾ ਹੈ ਜੋ ਸਮੁੰਦਰ ਕੰਢੇ ਨੇੜਲੇ ਨੀਵੇਂ ਸ਼ਹਿਰਾਂ ਨੂੰ ਡੁਬੋਣ ਵੱਲ ਵਧੇਗਾ। ਖੇਤੀ ਵਿਚ ਰਸਾਇਣਕ ਖਾਦਾਂ, ਕੀਟਨਾਸ਼ਕਾਂ, ਨਦੀਨ ਨਾਸ਼ਕਾਂ, ਉੱਲੀ ਨਾਸ਼ਕਾਂ ਦੀ ਵਰਤੋਂ ਅਤੇ ਉਦਯੋਗਿਕ ਕਚਰੇ ਨੇ ਧਰਤੀ, ਪਾਣੀ ਅਤੇ ਹਵਾ ਪ੍ਰਦੂਸ਼ਿਤ ਕਰ ਦਿੱਤੀ ਹੈ। ਆਕਾਸ਼ ਖਲਾਅ ਹੈ, ਖਾਲੀ ਹੈ ਪਰ ਜਿੱਥੋਂ ਤਕ ਮਨੁੱਖ ਦੀ ਮਾਰ ਗਈ ਹੈ, ਉਥੋਂ ਤਕ ਉਹ ਵੀ ਪ੍ਰਦੂਸ਼ਤ ਕਰ ਦਿੱਤਾ ਹੈ। ਉਪ ਗ੍ਰਹਿਆਂ ਦਾ ਕਚਰਾ ਅਸਮਾਨ ਵਿਚ ਘੁੰਮ ਰਿਹਾ ਹੈ। ਜੈਵਿਕ ਵੰਨ-ਸਵੰਨਤਾ, ਭਾਵ ਨਾਨਾ ਪ੍ਰਕਾਰ ਦੀ ਬਨਸਪਤੀ ਅਤੇ ਜੀਵ ਜੰਤੂ ਦੀ ਵੰਨ-ਸਵੰਨਤਾ ਖਤਮ ਹੋ ਰਹੀ ਹੈ। ਇਹ ਹਾਲਤ ਕਿਸੇ ਵੀ ਤਰ੍ਹਾਂ ਨਾਲ ਮਾਨਵ ਜਾਤ ਦੀ ਉੱਤਮਤਾ ਦੀ ਮਿਸਾਲ ਨਹੀਂ ਸਗੋਂ ਉਸ ਦੇ ਖੁਦ ਦੇ ਖਤਮ ਹੋਣ ਦੇ ਮੁਢਲੇ ਸੰਕੇਤ ਹਨ। ਮਨੁੱਖੀ ਭਵਿੱਖ ਦੀ ਚਿੰਤਾ ਰੱਖਣ ਵਾਲੇ ਵਿਗਿਆਨੀ ਅਤੇ ਸਮਾਜ ਸ਼ਾਸਤਰੀ ਲਗਾਤਾਰ ਚਿਤਾਵਨੀਆਂ ਦੇ ਰਹੇ ਹਨ ਕਿ ਜੇ ਵਾਤਾਵਰਨਕ ਵਿਗਾੜ ਨੂੰ ਠੱਲ੍ਹ ਨਾ ਪਾਈ ਤਾਂ ਹੜ੍ਹ, ਸੋਕਾ, ਤੂਫ਼ਾਨ ਨਾਲ ਪੈਦਾ ਹੋਏ ਅਕਾਲ ਅਤੇ ਹੋਰ ਮਹਾਮਾਰੀਆਂ ਧਰਤੀ ਉਪਰ ਮਨੁੱਖੀ ਜੀਵਨ ਨੂੰ ਖਤਮ ਕਰ ਦੇਣਗੀਆਂ। ਇਸ ਹਾਲਤ ਵਿਚ ਪ੍ਰਸ਼ਨ ਉੱਠਦਾ ਹੈ ਕਿ ਆਖਿ਼ਰ ਇਸ ਮਾਨਵ ਸਿਰਜਤ ਮਹਾਕਾਲਕ ਤਬਾਹੀ ਤੋਂ ਮਨੁੱਖ ਕਿਵੇਂ ਬਚ ਸਕਦਾ ਹੈ?
ਇਸ ਹਾਲਤ ਵਿਚੋਂ ਨਿਕਲਣ ਲਈ ਸਭ ਵਿਗਿਆਨੀ ਇਕ ਮੱਤ ਹਨ ਕਿ ਵਾਤਾਵਰਨ ਦਾ ਵਿਗਾੜ ਮਨੁੱਖ ਦੀ ਲਾਲਚੀ ਪ੍ਰਵਿਰਤੀ, ਖ਼ਾਸ ਕਰ ਕੇ ਮਾਇਆ ਆਧਾਰਿਤ ਕਾਰਪੋਰੇਟੀ ਜੀਵਨ ਜਾਚ ਨੇ ਪੈਦਾ ਕੀਤਾ ਹੈ। ਇਸ ਤੋਂ ਛੁਟਕਾਰਾ ਵੀ ਜੀਵਨ ਜਾਚ ਬਦਲ ਕੇ ਹੀ ਮਿਲ ਸਕੇਗਾ। ਇਸ ਪ੍ਰਸੰਗ ਵਿਚ ਜਦੋਂ ਅਸੀਂ ਆਪਣੀ ਪਰੰਪਰਾ ਵੱਲ ਪਰਤਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡਾ ਧਿਆਨ ਗੁਰੂ ਨਾਨਕ ਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਜਾਂਦਾ ਹੈ ਜਿਸ ਨੇ ਨਾ ਕੇਵਲ ਮਨੁੱਖ ਅਤੇ ਕੁਦਰਤ ਦੇ ਰਿਸ਼ਤੇ ਨੂੰ ਹੀ ਬੜੇ ਖ਼ੂਬਸੂਰਤ ਢੰਗ ਨਾਲ ਪ੍ਰਗਟਾਇਆ ਹੈ ਸਗੋਂ ਸਹਿਜ ਅਨੰਦ ਦਾ ਜੀਵਨ ਮਾਰਗ ਵੀ ਦ੍ਰਿੜਾਇਆ ਹੈ। ਗੁਰੂ ਨਾਨਕ ਜੀ ਦੇ ਜਪੁਜੀ ਸਾਹਿਬ ਵਿਚ ਗੁਰੂ ਵਾਕ ਹਨ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥
ਜਿਨਿ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥
ਗੁਰੂ ਨਾਨਕ ਜੀਨੇ ਪੌਣ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਆਖਿਆ ਹੈ। ਇਹ ਤਿੰਨੇ ਮੂਲ ਤੱਤ ਮਨੁੱਖ ਦੇ ਹੋਂਦ ਵਿਚ ਆਉਣ ਦੇ ਆਧਾਰ ਹਨ। ਪੌਣ ਬਿਨਾ ਸਾਹ ਲੈਣਾ ਹੀ ਸੰਭਵ ਨਹੀਂ ਅਤੇ ਪਾਣੀ ਬਗ਼ੈਰ ਸਾਡੀ ਹੋਂਦ ਹੀ ਸੰਭਵ ਨਹੀਂ ਪਰ ਜੀਵਨ ਧਰਤੀ ਉੱਤੇ ਧਰਤੀ ਵਿਚੋਂ ਉਪਜੀਆਂ ਨਿਆਮਤਾਂ ਖਾ ਕੇ ਹੀ ਜਿਊਂਦਾ ਰਹਿੰਦਾ ਹੈ। ਇਹ ਸਾਰੀ ਪ੍ਰਕਿਰਿਆ ਦਿਨ ਰਾਤ ਚੱਲਦੀ ਹੈ ਜੋ ਕੁਦਰਤ ਦੇ ਅਟੱਲ ਹੁਕਮ ਵਿਚ ਬੱਝੀ ਹੋਈ ਹੈ। ਗੁਰੂ ਜੀ ਨੇ ਦਿਨ ਰਾਤ ਨੂੰ ਦਾਈ ਜਾਂ ਖਿਡਾਵੀ ਦੇ ਰੂਪ ਵਿਚ ਦਰਸਾਇਆ ਹੈ ਜੋ ਜੀਵਨ ਨੂੰ ਪਾਲਦੀ ਹੈ। ਅਸਲ ਵਿਚ ਅੱਜ ਜਦੋਂ ਅਸੀਂ ਵਾਤਾਵਰਨ ਦੇ ਵਿਗਾੜ ਦੀ ਗੱਲ ਕਰਦੇ ਹਾਂ ਤਾਂ ਪਹਿਲੀ ਪੰਕਤੀ ਨੂੰ ਤਾਂ ਬਹੁਤ ਦੁਹਰਾ ਦਿੰਦੇ ਹਾਂ ਪਰ ਅਸਲ ਗੱਲ ਤਾਂ ਉਸ ਤੋਂ ਅੱਗੇ ਸ਼ੁਰੂ ਹੁੰਦੀ ਹੈ। ਜੇ ਇਨ੍ਹਾਂ ਤਿੰਨਾਂ ਮੂਲ, ਭਾਵ ਮਾਂ ਪਿਓ ਤੇ ਗੁਰੂ ਵਰਗੇ ਤੱਤਾਂ, ਧਰਤੀ ਪਾਣੀ ਤੇ ਪੌਣ ਵਿਚ ਵਿਗਾੜ ਪੈ ਰਿਹਾ ਹੈ ਤਾਂ ਉਸ ਦਾ ਹੱਲ ਕੀ ਹੋਵੇ?
ਜੇ ਇਸ ਤੋਂ ਅਗਲੀਆਂ ਪੰਕਤੀਆਂ ਪੜ੍ਹੀਏ ਤਾਂ ਦੋ ਸ਼ਬਦ ਆਉਂਦੇ ਹਨ, ਚੰਗਿਆਈਆਂ ਤੇ ਬੁਰਿਆਈਆਂ ਜਿਹੜੀਆਂ ਆਖ਼ਰੀ ਕਚਹਿਰੀ ਵਿਚ ਵਿਚਾਰੀਆਂ ਜਾਣੀਆਂ ਹਨ। ਆਖਿਰ ਇਹ ਸਾਡੇ ਸੋਚਣ ਦਾ ਮਸਲਾ ਹੈ ਕਿ ਚੰਗਾ ਕੀ ਹੈ ਤੇ ਬੁਰਾ ਕੀ ਹੈ? ਤੇ ਫੈਸਲਾ ਵੀ ਚੰਗੇ ਬੁਰੇ ਦੇ ਨਿਖੇੜੇ ਅਤੇ ਕੀਤੇ ਕਰਮਾਂ ਦੇ ਆਧਾਰ ਤੇ ਹੋਣਾ ਹੈ। ਲੋੜ ਇਸ ਗੱਲ ਦੀ ਹੈ ਕਿ ਅੱਜ ਵਿਚਾਰਿਆ ਜਾਵੇ ਕਿ ਜੇ ਅੱਜ ਅਸੀਂ ਅਧਿਆਤਮਿਕ ਪੰਕਤੀਆਂ ਦੇ ਦੁਨਿਆਵੀ ਪ੍ਰਸੰਗ ਵਿਚਾਰੀਏ ਤਾਂ ਸਪੱਸ਼ਟ ਦਿਸਦਾ ਹੈ ਕਿ ਉਹ ਕੌਣ ਹਨ ਜਿਹੜੇ ਮੁਨਾਫੇ ਦੀ ਅੰਨ੍ਹੀ ਹਿਰਸ ਵਿਚ ਸਾਡੀ ਮਿੱਟੀ ਪਲੀਤ ਕਰ/ਕਰਵਾ ਰਹੇ ਹਨ? ਪਾਣੀ ਨੂੰ ਗੰਧਲਾ ਕਰ ਰਹੇ ਹਨ ਅਤੇ ਪੌਣਾਂ ਨੂੰ ਦਮ ਘੋਟੂ ਬਣਾ ਰਹੇ ਹਨ। ਜੇ ਸੱਚੇ ਦਰਬਾਰ ਵਿਚ ਉਜਲਾ ਮੁੱਖ ਚਾਹੁੰਦੇ ਹਾਂ ਤਾਂ ਉਸ ਲਈ ਚੰਗੇ ਕਰਮ ਕਰਨ ਦੀ ਮਿਹਨਤ ਵੀ ਕਰਨੀ ਪੈਣੀ ਹੈ।
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥੧॥
ਕੈਸੀ ਆਰਤੀ ਹੋਇ॥ ਭਵ ਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ॥
ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੁੋਹੀ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ॥੨॥
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥
ਗੁਰ ਸਾਖੀ ਜੋਤਿ ਪਰਗਟੁ ਹੋਇ॥
ਜੋ ਤਿਸੁ ਭਾਵੈ ਸੁ ਆਰਤੀ ਹੋਇ॥੩॥
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੁੋ ਮੋਹਿ ਆਹੀ ਪਿਆਸਾ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ॥
ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਪ੍ਰਚੱਲਤ ਧਾਰਮਿਕ ਪੂਜਾ ਅਰਚਨਾ ਦੀਆਂ ਵਿਧੀਆਂ ਦਾ ਨਿਖੇਧ ਵੀ ਕੀਤਾ ਅਤੇ ਉਨ੍ਹਾਂ ਦੇ ਅਸਲ ਅਰਥ ਵੀ ਸਮਝਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਦਰ ਦੀ ਵਿਰਾਟ ਰਚਨਾ ਕੁਦਰਤ ਦਾ ਮਹਿਮਾ ਗਾਣ ਕੀਤਾ ਅਤੇ ਉਸ ਦੇ ਵਿਸਮਾਦੀ ਰੂਪ ਨੂੰ ਖੂਬਸੂਰਤ ਰੂਪ ਵਿਚ ਚਿਤਰਿਆ। ਉਨ੍ਹਾਂ ਆਕਾਸ਼ ਨੂੰ ਥਾਲ, ਸੂਰਜ ਚੰਦ ਨੂੰ ਦੀਵੇ, ਤਾਰਿਆਂ ਨੂੰ ਮੋਤੀ, ਪਹਾੜ ਤੋਂ ਆਉਣ ਵਾਲੀ ਹਵਾ ਨੂੰ ਸਾਰੀ ਬਨਸਪਤੀ ਨੂੰ ਧੂਫ ਵਰਗੀ ਸੁਗੰਧ ਦੇਣ ਵਾਲੀ ਆਖਿਆ। ਅਸਲ ਵਿਚ ਤਾਂ ਗੁਰੂ ਜੀ ਨੇ ਮਨੁੱਖ ਵੱਲੋਂ ਕੀਤੀ ਜਾਂਦੀ ਸਾਧਾਰਨ ਆਰਤੀ ਦੇ ਮੁਕਾਬਲੇ ਵਿਸ਼ਾਲ ਪ੍ਰਕਿਰਤਕ ਵਿਸਮਾਦੀ ਆਰਤੀ ਦੀ ਗੱਲ ਕੀਤੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਵਿਸ਼ਾਲ ਆਰਤੀ ਨੂੰ ਭੁੱਲ ਕੇ ਅੱਜ ਵੀ ਧਾਰਮਿਕ ਸਥਾਨਾਂ ਦੇ ਵਿਚ ਚੰਦ ਸੂਰਜ ਤੇ ਭਰੋਸਾ ਨਾ ਕਰ ਕੇ ਦੀਵੇ ਜਗਾਏ ਜਾਂਦੇ ਹਨ, ਮੋਮਬੱਤੀਆਂ ਲਗਾਈਆਂ ਜਾਂਦੀਆਂ ਹਨ। ਬਨਾਉਟੀ ਬਲਬ ਟਿਊਬਾਂ ਦੀ ਰੋਸ਼ਨੀ ਕੀਤੀ ਜਾਂਦੀ ਹੈ ਅਤੇ ਆਤਿਸ਼ਬਾਜ਼ੀ, ਅਨਾਰ, ਪਟਾਕਿਆਂ ਨਾਲ ਵਾਤਾਵਰਨ ਧੁੰਦਲਾ ਕੀਤਾ ਜਾਂਦਾ ਹੈ। ਇਸੇ ਪ੍ਰਕਾਰ ਕੁਦਰਤੀ ਬਨਸਪਤੀ ਦੀ ਚੰਦਨੀ ਮਹਿਕ ਦੀ ਥਾਵੇਂ ਅਗਰਬੱਤੀਆਂ ਧੁਖਾਈਆਂ ਜਾਂਦੀਆਂ ਹਨ ਅਤੇ ਵਾਤਾਵਰਨ ਦੂਸ਼ਿਤ ਕੀਤਾ ਜਾਂਦਾ ਹੈ। ਫੁੱਲਾਂ ਨੂੰ ਉਨ੍ਹਾਂ ਦੇ ਕੁਦਰਤੀ ਸਥਾਨਾਂ ਨਾਲੋਂ ਤੋੜ ਕੇ ਨਿਰਜੀਵ ਪੱਥਰਾਂ ਅੱਗੇ ਭੇਟ ਕੀਤਾ ਜਾਂਦਾ ਹੈ। ਕੁਦਰਤ ਦੇ ਝਰ ਝਰ ਕਰਦੇ ਝਰਨਿਆਂ, ਕਲ ਕਲ ਕਰਦੀਆਂ ਨਦੀਆਂ ਅਤੇ ਸ਼ੂਕਦੀਆਂ ਹਵਾਵਾਂ ਦੇ ਸੰਗੀਤ ਦੀ ਥਾਵੇਂ ਢੋਲ ਕੁੱਟੇ ਜਾਂਦੇ ਹਨ, ਨਰਸਿੰਗੇ ਵਜਾਏ ਜਾਂਦੇ ਹਨ ਅਤੇ ਰੱਬ ਨੂੰ ਬੋਲ਼ਾ ਜਾਣ ਉਸ ਸਪੀਕਰਾਂ ਦੇ ਸ਼ੋਰ ਸ਼ਰਾਬੇ ਨਾਲ ਵਾਤਾਵਰਨ ਵਿਚ ਸ਼ੋਰ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ। ਜਾਪਦਾ ਹੈ, ਗੁਰੂ ਜੀ ਦੀ ਬਾਣੀ ਸਾਨੂੰ ਸਮਝ ਨਹੀਂ ਆਉਂਦੀ ਜਾਂ ਅਸੀਂ ਸਮਝਣੀ ਨਹੀਂ ਚਾਹੁੰਦੇ।
ਵਾਤਾਵਰਨ ਵਿਚਲੇ ਵਿਗਾੜਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦੀ ਰੋਸ਼ਨੀ ਵਿਚ ਦੂਰ ਕੀਤਾ ਜਾ ਸਕਦਾ ਹੈ ਪਰ ਇਸ ਲਈ ਕੁਝ ਗਿਣਤੀ ਦੇ ਸਿੱਧੇ ਵਾਤਾਵਰਨ ਨਾਲ ਸਬੰਧਤ ਸ਼ਬਦਾਂ ਨੂੰ ਦੁਹਰਾਉਣ ਜਾਂ ਉਨ੍ਹਾਂ ਦੇ ਮਨਮਰਜ਼ੀ ਦੇ ਅਰਥ ਕੱਢਣ ਨਾਲ ਨਹੀਂ ਹੋਣਾ ਸਗੋਂ ਉਸ ਜੀਵਨ ਜਾਚ ਨੂੰ ਅਪਨਾਉਣ ਨਾਲ ਹੋਣਾ ਹੈ ਜਿਹੜਾ ਮਾਰਗ ਗੁਰੂ ਜੀ ਨੇ ਆਪਣੀ ਬਾਣੀ ਅਤੇ ਅਮਲ ਨਾਲ ਸੁਝਾਇਆ ਹੈ। ਬਹੁਤ ਵਾਰ ਵਾਤਾਵਰਨ ਪ੍ਰੇਮੀ ਇਸ ਅਤਿ ਤੇ ਪਹੁੰਚ ਜਾਂਦੇ ਹਨ ਕਿ ਸਾਨੂੰ ਸਾਰੀਆਂ ਆਧੁਨਿਕ ਸੁੱਖ ਸਹੂਲਤਾਂ ਅਤੇ ਤਕਨੀਕਾਂ ਛੱਡ ਕੇ ਮੁੜ ਮੱਧਕਾਲੀ ਜੀਵਨ ਵੱਲ ਪਰਤ ਜਾਣਾ ਚਾਹੀਦਾ ਹੈ। ਅਸਲ ਗੱਲ ਤਾਂ ਇਹ ਹੈ ਕਿ ਅੱਜ ਦੁਨੀਆ ਦੀ ਆਬਾਦੀ ਜਿੰਨੀ ਵਧ ਚੁੱਕੀ ਹੈ ਅਤੇ ਜੋ ਸੁੱਖ ਸਹੂਲਤਾਂ ਮਨੁੱਖ ਨੂੰ ਪ੍ਰਾਪਤ ਹੋ ਚੁੱਕੀਆਂ ਹਨ, ਉਨ੍ਹਾਂ ਦਾ ਤਿਆਗ ਨਾ ਸੰਭਵ ਹੈ ਅਤੇ ਨਾ ਹੀ ਤਿਆਗਣ ਵਿਚ ਕੋਈ ਸਮਝਦਾਰੀ ਹੈ। ਅਸਲ ਵਿਚ ਲੋੜ ਤੇ ਲਾਲਚ, ਮਜਬੂਰੀ ਤੇ ਅੱਯਾਸ਼ੀ ਦਰਮਿਆਨ ਫਰਕ ਕਰਨ ਦੀ ਹੈ। ਗੁਰੂ ਜੀ ਤੋਂ ਪਹਿਲਾਂ ਪਰਮਾਤਮਾ ਨੂੰ ਪਾਉਣ ਲਈ ਘਰ ਬਾਰ ਤਿਆਗਣ ਦੀ ਗੱਲ ਕੀਤੀ ਜਾਂਦੀ ਸੀ ਪਰ ਗੁਰੂ ਜੀ ਨੇ ਗ੍ਰਹਿਸਥ ਮਾਰਗ ਸੁਝਾਇਆ, ਉਸ ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ:
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥
ਇਸ ਪੰਕਤੀ ਵਿਚ ਗੁਰੂ ਜੀ ਕਮਾਲ ਦਾ ਦ੍ਰਿਸ਼ ਬਿੰਬ ਸਿਰਜ ਕੇ ਦਰਸਾਉਂਦੇ ਨੇ ਕਿ ਜਿਵੇਂ ਮੁਰਗਾਬੀ ਪਾਣੀ ਵਿਚ ਡੁਬਕੀ ਵੀ ਲਗਾਉਂਦੀ ਹੈ ਪਰ ਉਸ ਦੇ ਖੰਭ ਨਹੀਂ ਭਿੱਜਦੇ, ਜਿਵੇਂ ਕਮਲ ਚਿੱਕੜ ਵਿਚ ਪੈਦਾ ਹੁੰਦਾ ਹੈ ਪਰ ਉਸ ਦੀਆਂ ਪੰਖੜੀਆਂ ਨਹੀਂ ਲਿੱਬੜਦੀਆਂ। ਮਨੁੱਖ ਆਪਣੀ ਚੇਤਨਾ ਨਾਲ ਭਵ ਸਾਗਰ ਪਾਰ ਕਰ ਸਕਦਾ ਹੈ। ਇੰਜ ਹੀ ਮਨੁੱਖ ਖਪਤਕਾਰੀ ਯੁੱਗ ਵਿਚ ਰਹਿੰਦਿਆਂ ਹੀ ਖਪਤਕਾਰੀ ਰੁਚੀਆਂ ਤੇ ਕਾਬੂ ਪਾ ਕੇ ਨਾ ਕੇਵਲ ਆਪਣਾ ਆਪ ਹੀ ਬਚਾ ਸਕਦਾ ਹੈ ਸਗੋਂ ਖਪਤਕਾਰੀ ਸਮਾਜ ਅਤੇ ਸੋਚ ਵੀ ਖਤਮ ਕਰ ਸਕਦਾ ਹੈ। ਇਸ ਲਈ ਆਪਣੀਆਂ ਲੋੜਾਂ ਤਕ ਸੀਮਤ ਰਹਿਣ ਅਤੇ ਵਾਧੂ ਬਾਜ਼ਾਰ ਦੀਆਂ ਭੜਕਾਈਆਂ ਤ੍ਰਿਸ਼ਨਾਵਾਂ ਤੇ ਕਾਬੂ ਪਾਉਣ ਦੀ ਜ਼ਰੂਰਤ ਹੈ। ਇਹ ਕਾਬੂ ਤਾਂ ਹੀ ਪਾਇਆ ਜਾ ਸਕਦਾ ਹੈ, ਜੇ ਅਸੀਂ ਨਾਮ ਚੇਤਨਾ ਦੇ ਵੱਡੇ ਸੰਸਾਰ ਨਾਲ ਜੁੜੀਏ ਅਤੇ ਪ੍ਰਕਿਰਤ ਸਹਿਜ ਅਨੰਦ ਵਿਚ ਰਹਿਣਾ ਸਿੱਖੀਏ। ਇਸ ਲਈ ਨਾ ਵਿਗਿਆਨ ਨੂੰ ਤਿਆਗਣ ਦੀ ਲੋੜ ਹੈ ਅਤੇ ਨਾ ਹੀ ਸੰਸਾਰ ਤਿਆਗਣ ਦੀ ਲੋੜ ਹੈ ਸਗੋਂ ਸੰਤੁਲਿਤ ਸਹਿਜ ਜੀਵਨ ਮਾਰਗ ਅਪਨਾਉਣ ਦੀ ਜ਼ਰੂਰਤ ਹੈ। ਅੱਜ ਧਰਤੀ ਤਬਾਹੀ ਵੱਲ ਵਧ ਰਹੀ ਹੈ। ਸਾਨੂੰ ਬੇਫ਼ਿਕਰੀ ਵਾਲਾ ਰਵੱਈਆ ਛੱਡ ਕੇ ਗੁਰੂ ਨਾਨਕ ਦੇਵ ਜੀ ਦੀ ਹਦਾਇਤ ਮੰਨ ਕੇ ਵਾਤਾਵਰਨ ਦੀ ਸੰਭਾਲ ਲਈ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ।
ਪੁਰਾਤਨ ਜਨਮ ਸਾਖੀ ਸੰਪਾਦਤ ਭਾਈ ਵੀਰ ਸਿੰਘ ਵਿਚ ਸਾਖੀ ਆਉਂਦੀ ਹੈ ਕਿ ਉਦਾਸੀਆਂ ਦੌਰਾਨ ਜੰਗਲ ਵਿਚ ਗੁਜ਼ਰਦਿਆਂ ਮਰਦਾਨੇ ਨੂੰ ਭੁੱਖ ਲਗਦੀ ਹੈ ਤਾਂ ਉਹ ਬਾਬੇ ਨੂੰ ਜੋਦੜੀ ਕਰਦਾ ਹੈ ਤਾਂ ਬਾਬੇ ਆਖਿਆ- ‘ਮਰਦਾਨਿਆਂ! ਇਸ ਰੁਖੁ ਦੇ ਫਲ ਖਾਹਿ, ਪਰ ਰਜਿ ਕੈ ਖਾਹਿ, ਜਿਤਨੇ ਖਾਇ ਸਕਦਾ ਹੈਂ, ਪਰ ਹੋਰੁ ਪਲੈ ਬੰਨਿ ਨਾਹੀਂ।’ ਮਰਦਾਨੇ ਨੇ ਰੱਜ ਕੇ ਫਲ ਖਾਧੇ ਅਤੇ ਬਾਬੇ ਦੇ ਹੁਕਮ ਦੇ ਉਲਟ ਸੁਆਦੀ ਹੋਣ ਕਰ ਕੇ ਕੁਝ ਫਲ ਪੱਲੇ ਵੀ ਬੰਨ੍ਹ ਲਏ। ਕਾਫੀ ਦੇਰ ਬਾਅਦ ਜਦ ਮੁੜ ਜੀਅ ਲਲਚਾਇਆ ਤਾਂ ਫਲ ਖਾਣ ਲਈ ਮੂੰਹ ਵਿਚ ਪਾਏ ਤਾਂ ਮਰਦਾਨਾ ਡਿੱਗ ਪਿਆ। ਗੁਰੂ ਬਾਬੇ ਨੇ ਪੁੱਛਿਆ ਕਿ ਕੀ ਹੋਇਆ ਤਾਂ ਮਰਦਾਨਾ ਆਖਦਾ ਹੈ ਕਿ ਤੁਸੀਂ ਕਿਹਾ ਸੀ ਕਿ ਫਲ ਖਾ ਲੈ ਪਰ ਪੱਲੇ ਨਹੀਂ ਬੰਨ੍ਹਣੇ। ਮੈਂ ਪੱਲੇ ਬੰਨ੍ਹ ਲਏ ਸੀ, ਹੁਣ ਖਾਧੇ ਤਾਂ ਇਹ ਹਾਲ ਹੋ ਗਿਆ। ਬਾਬੇ ਨੇ ਆਖਿਆ ਕਿ ਇਹ ਜ਼ਹਿਰੀਲੇ ਫਲ ਸਨ, ਬਚਨਾਂ ਨਾਲ ਅੰਮ੍ਰਿਤ ਹੋਏ ਸੀ।
ਖੈਰ, ਇਹ ਸਾਖੀ ਪ੍ਰਤੀਕਾਤਮਿਕ ਤੌਰ ਤੇ ਦੱਸਦੀ ਹੈ ਕਿ ਮਨੁੱਖੀ ਲੋੜ ਸਮੇਂ ਤਾਂ ਜ਼ਹਿਰ ਵੀ ਅੰਮ੍ਰਿਤ ਬਣ ਸਕਦੀ ਹੈ ਪਰ ਜੇ ਮਨੁੱਖ ਲਾਲਚ ਕਰੇ ਤਾਂ ਅੰਮ੍ਰਿਤ ਵੀ ਜ਼ਹਿਰ ਬਣ ਜਾਂਦਾ ਹੈ। ਅਸਲ ਵਿਚ ਤਾਂ ਇਸ ਸਾਖੀ ਅੰਦਰ ਅੱਜ ਦੀ ਸਾਰੀ ਵਾਤਾਵਰਨ ਸਬੰਧੀ ਸਮੱਸਿਆ ਦਾ ਹੱਲ ਪਿਆ ਹੈ ਕਿ ਜੇ ਅਸੀਂ ਸੁਆਦ ਲਈ, ਭਵਿੱਖ ਦੇ ਡਰ ਅਧੀਨ ਲੋੜ ਤੋਂ ਵੱਧ ਪੱਲੇ ਨਾ ਬੰਨ੍ਹੀਏ, ਵਾਧੂ ਤਿਜੌਰੀਆਂ ਨਾ ਭਰੀਏ ਤਾਂ ਵਾਤਾਵਰਨ ਦੀ ਸਮੱਸਿਆ ਪੈਦਾ ਹੀ ਨਹੀਂ ਹੋ ਸਕਦੀ। ਗੁਰੂ ਵਾਕ ਅਗੋ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਇ॥ ਵਾਤਾਵਰਨ ਤੋਂ ਇਲਾਵਾ ਭਲਾ ਹੋਰ ਕਿਸ ਸਮੱਸਿਆ ਤੇ ਸਭ ਤੋਂ ਵੱਧ ਢੁਕਦਾ ਹੈ? ਜੇ ਅਸੀਂ ਹੁਣ ਵੀ ਸੁਚੇਤ ਹੋ ਜਾਈਏ ਤਾਂ ਸਜ਼ਾ ਤੋਂ ਬਚ ਸਕਦੇ ਹਾਂ।
*ਗੁਰੂ ਨਾਨਕ ਚੇਅਰ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਬਠਿੰਡਾ।
ਸੰਪਰਕ: 98883-82910