ਡਾ. ਮੁਹੰਮਦ ਇਦਰੀਸ*
ਟ੍ਰਿਬਿਊਨ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ। ਇਸ ਦਾ ਮੂਲ ਲਾਤੀਨੀ ਭਾਸ਼ਾ ਦੇ ਸ਼ਬਦ ਟ੍ਰਿਬਿਊਨਸ ਤੋਂ ਹੈ। ਆਕਸਫੋਰਡ ਡਿਕਸ਼ਨਰੀ ਅਨੁਸਾਰ ਟ੍ਰਿਬਿਊਨਸ ਤੋਂ ਭਾਵ ਕਿਸੇ ਕਬੀਲੇ ਦਾ ਮੁਖੀ ਹੈ। ਪੁਰਾਤਨ ਕਾਲ ਵਿਚ ਰੋਮ ਦੇ ਸਾਧਾਰਨ ਲੋਕ ਆਪਣੇ ਹਿੱਤਾਂ ਅਤੇ ਅਧਿਕਾਰਾਂ ਦੀ ਰੱਖਿਆ ਲਈ ਜਿਸ ਅਧਿਕਾਰੀ ਨੂੰ ਚੁਣਦੇ ਸਨ ਉਸ ਨੂੰ ਟ੍ਰਿਬਿਊਨ ਕਿਹਾ ਜਾਂਦਾ ਸੀ। ਸੋ ਟ੍ਰਿਬਿਊਨ ਸ਼ਬਦ ਤੋਂ ਭਾਵ ਪ੍ਰਸਿੱਧ, ਮਾਰਗਦਰਸ਼ਕ, ਮੁਖੀ, ਨੇਤਾ, ਜਾਂ ਲੋਕ ਮਨਾਂ ਦੇ ਜੇਤੂ ਤੋਂ ਹੈ। ‘ਦਿ ਟ੍ਰਿਬਿਊਨ’ ਦਾ ਮੰਤਵ ਵੀ ਲੋਕਾਂ ਦੇ ਹਿੱਤਾਂ ਦਾ ਪਹਿਰੇਦਾਰ ਜਾਂ ਰੱਖਿਅਕ ਹੋਣਾ ਹੈ।
‘ਦਿ ਟ੍ਰਿਬਿਊਨ’ ਅਖ਼ਬਾਰ ਪਹਿਲੀ ਵਾਰ 2 ਫਰਵਰੀ 1881 ਨੂੰ ਅੰਗਰੇਜ਼ੀ ਭਾਸ਼ਾ ਵਿਚ ਲਾਹੌਰ ਤੋਂ ਪ੍ਰਕਾਸ਼ਿਤ ਹੋਇਆ ਸੀ।
ਸਰਦਾਰ ਦਿਆਲ ਸਿੰਘ ਮਜੀਠੀਆ ਨੇ ਇੰਗਲੈਂਡ, ਫਰਾਂਸ ਅਤੇ ਹੋਰ ਮੁਲਕਾਂ ਦੀਆਂ ਯਾਤਰਾਵਾਂ ਉਪਰੰਤ ਪੰਜਾਬ ਤੋਂ ਅੰਗਰੇਜ਼ੀ ਭਾਸ਼ਾ ਵਿਚ ਅਖ਼ਬਾਰ ਸ਼ੁਰੂ ਕਰਨ ਦੀ ਲੋੜ ਮਹਿਸੂਸ ਕੀਤੀ। ਇਸ ਮੰਤਵ ਲਈ ਉਹ ਸੁਰੇਂਦਰ ਨਾਥ ਬੈਨਰਜੀ ਦੀਆਂ ਸੇਵਾਵਾਂ ਪ੍ਰਾਪਤ ਕਰਨੀਆਂ ਚਾਹੁੰਦੇ ਸਨ। ਇਕ ਹੋਰ ਵਿਚਾਰ ਅਨੁਸਾਰ ਹਫ਼ਤਾਵਾਰੀ ਅੰਗਰੇਜ਼ੀ ਅਖ਼ਬਾਰ ਸ਼ੁਰੂ ਕਰਨ ਦਾ ਮੰਤਵ ਪੱਛਮੀ ਸਿੱਖਿਆ ਦੀ ਬਜਾਏ ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਅਤੇ ਬੁੱਧੀਜੀਵੀਆਂ ਨੂੰ ਪੂਰਬੀ ਸਿੱਖਿਆ ਮੁਹੱਈਆ ਕਰਵਾਉਣ ਦੇ ਮਾਧਿਆਮ ਵਜੋਂ ਅਖ਼ਬਾਰ ਨੂੰ ਅਪਨਾਉਣਾ ਸੀ।
1898 ਵਿਚ ਸੁਰੇਂਦਰ ਨਾਥ ਬੈਨਰਜੀ ਨੇ ‘ਦਿ ਟ੍ਰਿਬਿਊਨ’ ਦੇ ਇਕ ਸੰਪਾਦਕੀ ਲੇਖ ਵਿਚ ਲਿਖਿਆ ਕਿ “ਦਿਆਲ ਸਿੰਘ ਮਜੀਠੀਆ ਨੇ 1880 ਈਸਵੀ ਵਿਚ ਕਲਕੱਤਾ ਦੀ ਯਾਤਰਾ ਕੀਤੀ। ਉੱਥੇ ਉਹ ਇੰਡੀਅਨ ਐਸੋਸੀਏਸ਼ਨ ਦੇ ਸਰਗਰਮ ਮੈਂਬਰ ਬਣੇ। ਉਨ੍ਹਾਂ ਨੂੰ ਇੰਡੀਅਨ ਐਸੋਸੀਏਸ਼ਨ, ਲਾਹੌਰ ਦੇ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ। ਲਾਹੌਰ ਵਾਪਸ ਆ ਕੇ ਉਨ੍ਹਾਂ ਨੇ 2 ਫਰਵਰੀ 1881 ਤੋਂ ‘ਟ੍ਰਿਬਿਊਨ’ ਅਖ਼ਬਾਰ ਸ਼ੁਰੂ ਕੀਤਾ ਸੀ।’’
ਸੁਭਾਵਿਕ ਤੌਰ ’ਤੇ ਦੂਰਅੰਦੇਸ਼, ਸੂਝਵਾਨ, ਬੁੱਧੀਜੀਵੀ, ਪੜ੍ਹੇ-ਲਿਖੇ, ਅਗਾਂਹਵਧੂ ਖ਼ਿਆਲਾਂ ਵਾਲੇ ਦਿਆਲ ਸਿੰਘ ਮਜੀਠੀਆ ਵੱਲੋਂ ‘ਦਿ ਟ੍ਰਿਬਿਊਨ’ ਦੀ ਸ਼ੁਰੂਆਤ ਨਾਲ ਪੰਜਾਬ ਵਿਚ ਅੰਗਰੇਜ਼ੀ ਮਾਧਿਅਮ ਰਾਹੀਂ ਆਪਣੇ ਵਿਚਾਰਾਂ ਦੇ ਆਦਾਨ-ਪ੍ਰਦਾਨ ਕਰਨ ਵਾਲੀ ਧਰਮ-ਨਿਰਪੱਖ ਜਮਾਤ ਦੀ ਸਥਾਪਨਾ ਅਤੇ ਪੰਜਾਬ ਦੇ ਸਰਬਪੱਖੀ ਵਿਕਾਸ ਵਿਚ ਅਤਿ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ। 1881 ਵਿਚ ਸਰ ਸੱਯਦ ਅਹਿਮਦ ਖ਼ਾਨ ਨਾਲ ਪੰਜਾਬ ਦੀ ਯਾਤਰਾ ’ਤੇ ਆਏ ਮੌਲਵੀ ਸੱਯਦ ਇਕਬਾਲ ਅਲੀ ਨੇ ਦਿਆਲ ਸਿੰਘ ਮਜੀਠੀਆ ਬਾਰੇ ਲਿਖਿਆ ਹੈ: “ਮੈਂ ਇਹ ਸੱਚ ਕਹਿ ਰਿਹਾ ਹਾਂ ਕਿ ਨਾ ਕੇਵਲ ਲਾਹੌਰ ਸਗੋਂ ਪੂਰੇ ਪੰਜਾਬ ਵਿਚ ਜੇਕਰ ਕੋਈ ਸੱਚਾ ਆਦਮੀ ਹੈ ਤਾਂ ਉਹ ਦਿਆਲ ਸਿੰਘ ਮਜੀਠੀਆ ਹੈ ਤੇ ਭਾਰਤ ਨੂੰ ਉਸ ’ਤੇ ਮਾਣ ਹੋਣਾ ਚਾਹੀਦਾ ਹੈ।’’ ਦਿਆਲ ਸਿੰਘ ਮਜੀਠੀਆ ਸੇਵਾਮੁਕਤ ਬਰਤਾਨਵੀ ਅਧਿਕਾਰੀ ਏ.ਓ. ਹਿਊਮ ਜੋ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੁੱਢਲੇ ਸੰਸਥਾਪਕਾਂ ਵਿਚੋਂ ਸੀ, ਆਦਿ ਨਾਲ ਵੀ ਜੁੜੇ ਰਹੇ।
ਇਤਿਹਾਸਕਾਰ ਬਿਪਨ ਚੰਦਰ ਪਾਲ ਨੇ ‘ਦਿ ਟ੍ਰਿਬਿਊਨ’ ਵਿਚ ਉਪ-ਸੰਪਾਦਕ ਵਜੋਂ ਪੰਜ ਮਹੀਨੇ ਸੇਵਾ ਨਿਭਾਈ ਸੀ। ਉਸ ਨੇ ਆਪਣੀ ਸਵੈ-ਜੀਵਨੀ ‘ਮਾਈ ਲਾਈਫ਼ ਐਂਡ ਟਾਈਮਜ਼’ ਵਿਚ ਲਿਖਿਆ ਹੈ ਕਿ ਬਾਬੂ ਸੀਤਲ ਕਾਂਤ ਚੈਟਰਜੀ ਪਹਿਲੇ ਨਿਯਮਤ ਸੰਪਾਦਕ ਸਨ। ਉਸ ਤੋਂ ਪਹਿਲਾਂ ਸੀਤਲ ਚੰਦਰ ਮੁਕਰਜੀ ਨੂੰ 1879 ਵਿਚ ਸੰਪਾਦਕ ਨਿਯੁਕਤ ਕੀਤਾ ਗਿਆ ਸੀ। ਉਹ ਅਲਾਹਾਬਾਦ ਤੋਂ ਸ਼ੁਰੂਆਤੀ ਕਾਰਜਾਂ ਦੀ ਸੇਵਾ ਨਿਭਾਅ ਰਹੇ ਸਨ। ਚਾਰ ਸਾਲ ਦੇ ਵਿਚਾਰ-ਵਟਾਂਦਰੇ ਉਪਰੰਤ ‘ਦਿ ਟ੍ਰਿਬਿਊਨ’ ਨਾਮ ਦੀ ਚੋਣ ਕੀਤੀ ਗਈ ਤਾਂ ਜੋ ਬਸਤੀਵਾਦ ਸਮੇਂ ਬਰਤਾਨਵੀ ਅਫ਼ਸਰਾਂ ਦੇ ਜ਼ੁਲਮਾਂ, ਦਮਨਕਾਰੀ ਨੀਤੀ ਅਤੇ ਅੱਤਿਆਚਾਰਾਂ ਵਿਰੁੱਧ ਆਵਾਜ਼ ਉਠਾਉਣ ਲਈ ਅਖ਼ਬਾਰ ਦੀ ਹਰਮਨ ਪਿਆਰਤਾ ਬਣ ਸਕੇ ਅਤੇ ਲੋਕਾਂ ਦੇ ਹਿੱਤਾਂ ’ਤੇ ਪਹਿਰਾ ਦਿੱਤਾ ਜਾ ਸਕੇ।
‘ਦਿ ਟ੍ਰਿਬਿਊਨ’ ਸ਼ੁਰੂ ਕਰਨ ਦਾ ਮੁੱਢਲਾ ਮੰਤਵ ਕਮਜ਼ੋਰ ਜਨਤਾ ਦੇ ਹੱਕਾਂ ਅਤੇ ਅਧਿਕਾਰਾਂ ਲਈ ਆਵਾਜ਼ ਉਠਾਉਣਾ ਸੀ। ਦੂਜਾ ਮੰਤਵ ਹਿੰਦੋਸਤਾਨ ਦੇ ਰਹਿਣ ਵਾਲਿਆਂ ਦੀ ਸਿੱਖਿਆ, ਸਿਹਤ ਅਤੇ ਖੇਤੀਬਾੜੀ ਸਬੰਧੀ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧਤਾ ਨਾਲ ਯੋਗਦਾਨ ਪਾਉਣਾ ਸੀ। ਮੁੱਢਲੇ ਸਮੇਂ ਤੋਂ ਹੀ ਸੰਪਾਦਕਾਂ ਦੀਆਂ ਲਿਖਤਾਂ ਦੇ ਵਿਸ਼ੇ ਉਦਾਰਵਾਦੀ, ਧਰਮ-ਨਿਰਪੱਖ, ਜਾਤ-ਪਾਤ ਦੇ ਵਿਰੁੱਧ ‘ਦਿ ਟ੍ਰਿਬਿਊਨ’ ਸ਼ਬਦ ਦੇ ਮਤਲਬ ਅਨੁਸਾਰ ਲੋਕ-ਮਨਾਂ ਦੇ ਪਹਿਰੇਦਾਰ ਅਤੇ ਜਨਤਾ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਰਹੇ ਹਨ। ਅਖ਼ਬਾਰ ਦੀ ਸ਼ੁਰੂਆਤ ਦਾ ਤੀਜਾ ਮੰਤਵ ਸਮਾਜਿਕ ਸਮੱਸਿਆਵਾਂ ਭਾਵੇਂ ਉਹ ਲੋਕਾਂ ਦੀਆਂ ਨਿੱਜੀ, ਸੰਸਥਾਗਤ, ਸੂਬਾਈ, ਕੌਮੀ ਜਾਂ ਕੌਮਾਂਤਰੀ ਸਨ, ਦੀ ਮਹੱਤਤਾ ਮੁਤਾਬਿਕ ਅਖ਼ਬਾਰ ਵਿਚ ਪੱਤਰਕਾਰੀ ਰਾਹੀਂ ਆਵਾਜ਼ ਉਠਾਉਣਾ ਸੀ। ‘ਦਿ ਟ੍ਰਿਬਿਊਨ’ ਦੇ ਪਹਿਲੇ ਸੰਸਕਰਣ ਸਮੇਂ ਭਾਰਤ ਦਾ ਵਾਇਸਰਾਏ ਲਾਰਡ ਰਿਪਨ (1880-84) ਸੀ। ਉਹ ਉਦਾਰਵਾਦੀ ਵਿਚਾਰਾਂ ਵਾਲਾ ਸੀ।
ਅਖ਼ਬਾਰ ਦੇ ਪਹਿਲੇ ਸੰਸਕਰਣ ਤੋਂ ਇਕ ਮਹੀਨੇ ਤੱਕ ਕੇਵਲ ਬੁੱਧਵਾਰ ਨੂੰ ਹੀ ਇਕ ਦਿਨ ਅਖ਼ਬਾਰ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿਚੋਂ ਟ੍ਰਿਬਿਊਨ ਪ੍ਰੈਸ ਵਿੱਚ ਛਪਦਾ ਸੀ। ਇਕ ਮਹੀਨੇ ਬਾਅਦ ਬੁੱਧਵਾਰ ਤੋਂ ਸ਼ਨਿੱਚਰਵਾਰ ਨੂੰ ਇਕ ਦਿਨ ਹੀ ਜਾਰੀ ਰੱਖਿਆ ਗਿਆ। ਸਾਢੇ ਪੰਜ ਸਾਲ ਬਾਅਦ 1886 ਵਿਚ ਹਫ਼ਤੇ ਵਿਚ ਦੋ ਵਾਰ ਭਾਵ ਬੁੱਧਵਾਰ ਤੇ ਸ਼ਨਿੱਚਰਵਾਰ ਦੇ ਦਿਨ ਪ੍ਰਕਾਸ਼ਿਤ ਕੀਤਾ ਜਾਣ ਲੱਗਾ। 1898 ਵਿਚ ਹਫ਼ਤੇ ਵਿਚ ਤਿੰਨ ਵਾਰ ਭਾਵ ਮੰਗਲਵਾਰ, ਵੀਰਵਾਰ ਅਤੇ ਸ਼ਨਿੱਚਰਵਾਰ ਨੂੰ ਪ੍ਰਕਾਸ਼ਿਤ ਕੀਤਾ ਜਾਣ ਲੱਗਾ। ਇਤਿਹਾਸਕਾਰ ਵੀ.ਐਨ. ਦੱਤਾ ਦੀ ਕਿਤਾਬ ‘ਦਿ ਟ੍ਰਿਬਿਊਨ: ਏ ਵਿਟਨੈੱਸ ਟੂ ਹਿਸਟਰੀ’ ਮੁਤਾਬਿਕ ਦਸੰਬਰ 1900 ਦੇ ਅੰਤਿਮ ਪੂਰੇ ਪੰਜ ਦਿਨ ਛਪਿਆ ਸੀ। 1906 ਤੋਂ ਲਗਾਤਾਰ ਰੋਜ਼ਾਨਾ ਛਪ ਰਿਹਾ ਹੈ। 1881 ਵਿਚ ਹਫ਼ਤਾਵਾਰੀ ਅਖ਼ਬਾਰ ਦੀ ਕੀਮਤ 11 ਰੁਪਏ 10 ਪੈਸੇ ਸਾਲਾਨਾ ਸੀ। 1905 ਦੌਰਾਨ ਹਫ਼ਤੇ ਵਿਚ ਤਿੰਨ ਦਿਨਾਂ ਦੀ ਪ੍ਰਕਾਸ਼ਨਾ ਸਮੇਤ ਸਾਲਾਨਾ ਕੀਮਤ 15 ਰੁਪਏ ਸੀ। ਪਹਿਲਾਂ-ਪਹਿਲ ਅਖ਼ਬਾਰ ਦੇ ਸੰਪਾਦਕ ਦਾ ਨਾਮ ਵੀ ਨਹੀਂ ਛਾਪਿਆ ਜਾਂਦਾ ਸੀ। ਧਾਰਮਿਕ ਬੰਧਨਾਂ ਤੋਂ ਉਪਰ ਉੱਠ ਕੇ ‘ਦਿ ਟ੍ਰਿਬਿਊਨ’ ਵੱਲੋਂ ਸ਼ੁਰੂ ਤੋਂ ਹੀ ਸਿੱਖਿਆ ਤੇ ਸਿਹਤ ਸੰਸਥਾਵਾਂ, ਹਸਪਤਾਲਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਸਰਕਾਰੀ ਤੇ ਲੋਕ ਭਲਾਈ ਅਦਾਰਿਆਂ ਦੀ ਸਥਾਪਨਾ ਲਈ ਲੜੀਵਾਰ ਲੇਖ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਪੰਜਾਬ ਵਿਚ ਮੁਸਲਮਾਨਾਂ ਦੀ ਸਿੱਖਿਆ ਲਈ ਅਜੂੰਮਨਾਂ ਦੀ ਵਕਾਲਤ, ਕੁੜੀਮਾਰ ਪ੍ਰਥਾ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣਾ, ਵੈਦਿਕ ਸਿੱਖਿਆ ਪ੍ਰਣਾਲੀ ਆਦਿ ਸਬੰਧੀ ਮਹੱਤਵਪੂਰਨ ਲੇਖ ਲੜੀਆਂ ਜ਼ਿਕਰਯੋਗ ਹਨ। ਬਰਤਾਨਵੀ ਰਾਜ ਦੌਰਾਨ ਭਾਰਤ ਦੇ ਆਰਥਿਕ ਸ਼ੋਸ਼ਣ ਖ਼ਿਲਾਫ਼ ਸਮੇਂ ਸਿਰ ‘ਦਿ ਟ੍ਰਿਬਿਊਨ’ ਨੇ ਤੱਥਾਂ ਆਧਾਰਿਤ ਲੇਖ ਛਾਪੇ।
15 ਅਗਸਤ 1947 ਨੂੰ ਭਾਰਤ-ਪਾਕਿਸਤਾਨ ਦੀ ਵੰਡ ਨਾਲ ‘ਦਿ ਟ੍ਰਿਬਿਊਨ’ ਲਾਹੌਰ ਤੋਂ ਅੰਮ੍ਰਿਤਸਰ ਆ ਗਿਆ। ਦੋ ਮੁਲਾਜ਼ਮਾਂ ਜਗਨ ਨਾਥ ਅਤੇ ਵਿਦਿਆ ਸਾਗਰ ਦੀ ਮੌਤ ਅਤੇ ਇਕ ਅੰਦਾਜ਼ੇ ਮੁਤਾਬਿਕ ਅਖ਼ਬਾਰ ਦਾ ਕੁਲ ਆਰਥਿਕ ਨੁਕਸਾਨ ਲਗਭਗ 30 ਲੱਖ ਰੁਪਏ ਦਾ ਹੋਇਆ ਸੀ। ਵੀ.ਐੱਨ. ਦੱਤਾ ਮੁਤਾਬਿਕ ਅਗਲੇ 40 ਦਿਨ ਅਖ਼ਬਾਰ ਪ੍ਰਕਾਸ਼ਿਤ ਨਹੀਂ ਹੋ ਸਕਿਆ ਸੀ। 25 ਸਤੰਬਰ 1947 ਨੂੰ ਸ਼ਿਮਲਾ ਤੋਂ ਮੁੜ ਪ੍ਰਕਾਸ਼ਿਤ ਹੋਣ ਲੱਗਾ। ਅੰਮ੍ਰਿਤਸਰ ਸ਼ਹਿਰ ਦੇ ਸਰਹੱਦ ’ਤੇ ਹੋਣ ਕਰਕੇ ਸ਼ਰਨਾਰਥੀਆਂ ਦੇ ਆਉਣ-ਜਾਣ ਕਾਰਨ ਸੁਰੱਖਿਅਤ ਨਹੀਂ ਸੀ। ਲੁਧਿਆਣਾ ਵਿਚ ਸਹੂਲਤਾਂ ਨਹੀਂ ਸਨ ਅਤੇ ਅੰਬਾਲਾ ਵਿਖੇ ਪਾਣੀ ਦੀ ਸਮੱਸਿਆ ਸੀ। ਸ਼ਿਮਲਾ ਵਿਖੇ ਅਖ਼ਬਾਰ ਦੀ ਛਪਾਈ, ਪੰਜਾਬ ਅਤੇ ਦਿੱਲੀ ਰਾਜਾਂ ਨੂੰ ਪਹਾੜੀ ਇਲਾਕਾ ਹੋਣ ਕਰਕੇ ਭੇਜਣ ਦੀ ਗੰਭੀਰ ਸਮੱਸਿਆ ਸੀ। ਇਸ ਲਈ ਲਗਭਗ ਨੌਂ ਮਹੀਨੇ ਬਾਅਦ 3 ਮਈ 1948 ਤੋਂ ਅਖ਼ਬਾਰ ਅੰਬਾਲਾ ਛਾਉਣੀ ਵਿਖੇ ਛਪਣ ਲੱਗਾ। ਅੰਬਾਲਾ ਵਿਖੇ ਜਿਸ ਕੋਠੀ ਵਿਚ ਦਫ਼ਤਰ ਬਣਿਆ ਉਸ ਕੋਠੀ ਦਾ ਨਾਮ ‘ਮੁਸਤਫ਼ਾ ਮੰਜ਼ਿਲ’ ਸੀ, ਜਸ ਦਾ ਮਾਲਕ ਇਕ ਮੁਸਲਮਾਨ ਸੀ ਜੋ ਵੰਡ ਸਮੇਂ ਲਖਨਊ ਚਲਾ ਗਿਆ ਸੀ। ਇਸ ਕੰਮ ਵਿਚ ਅੰਬਾਲਾ ਦੇ ਤਤਕਾਲੀ ਕਮਿਸ਼ਨਰ ਡਾ. ਮਹਿੰਦਰ ਸਿੰਘ ਰੰਧਾਵਾ ਦਾ ਪ੍ਰਮੁੱਖ ਯੋਗਦਾਨ ਸੀ। ‘ਦਿ ਟ੍ਰਿਬਿਊਨ’ 21 ਸਾਲ ਅੰਬਾਲਾ ਵਿਖੇ ਛਪਦਾ ਰਿਹਾ।
ਪ੍ਰਕਾਸ਼ ਆਨੰਦ ਦੀ ਕਿਤਾਬ ‘ਹਿਸਟਰੀ ਆਫ ਦਿ ਟ੍ਰਿਬਿਊਨ’ ਅਨੁਸਾਰ 1962 ਵਿਚ ਚੰਡੀਗੜ੍ਹ ਵਿਖੇ ‘ਦਿ ਟ੍ਰਿਬਿਊਨ’ ਸਥਾਪਿਤ ਕਰਨ ਲਈ ਸੈਕਟਰ 29 ਅਤੇ 30 ਵਿਚ ਸਾਢੇ ਸੱਤ ਏਕੜ ਤੇ ਢਾਈ ਏਕੜ ਜ਼ਮੀਨ ਖਰੀਦੀ ਗਈ। ਸਾਢੇ ਸੱਤ ਏਕੜ ਟ੍ਰਿਬਿਊਨ ਮੁਲਾਜ਼ਮਾਂ ਦੇ ਰਿਹਾਇਸ਼ੀ ਮਕਾਨਾਂ ਲਈ ਅਤੇ ਢਾਈ ਏਕੜ ਦਫ਼ਤਰ ਲਈ ਸੀ। ਚੀਨ ਦੇ ਹਮਲੇ ਅਤੇ ਹੋਰ ਕਾਰਨਾਂ ਕਰਕੇ ਚੰਡੀਗੜ੍ਹ ਵਿਖੇ 1966 ਤੱਕ ਦਫ਼ਤਰ ਬਦਲ ਨਾ ਸਕਿਆ। ਡਾ. ਰੰਧਾਵਾ ਦੇ ਚੰਡੀਗੜ੍ਹ ਦੇ ਚੀਫ਼ ਕਮਿਸ਼ਨਰ ਹੁੰਦਿਆਂ ਇਸ ਕਾਰਜ ਨੂੰ ਪੂਰਾ ਕੀਤਾ ਗਿਆ। 25 ਜੂਨ 1969 ਨੂੰ ਅਖ਼ਬਾਰ ਦਾ ਦਫ਼ਤਰ ਅੰਬਾਲਾ ਤੋਂ ਚੰਡੀਗੜ੍ਹ ਮੌਜੂਦਾ ਸਥਾਨ ’ਤੇ ਤਬਦੀਲ ਹੋਇਆ।
ਪ੍ਰਕਾਸ਼ ਆਨੰਦ ਅਨੁਸਾਰ ਪੰਜਾਬ ਦੀ ਵੰਡ 1947 ਤੋਂ ਤੁਰੰਤ ਬਾਅਦ 11 ਸਤੰਬਰ 1947 ਨੂੰ ਅੰਬਾਲਾ ਵਿਖੇ ਹੋਈ ਟ੍ਰਿਬਿਊਨ ਟਰੱਸਟ ਦੀ ਮੀਟਿੰਗ ਦੌਰਾਨ ਪੰਜਾਬੀ ਤੇ ਹਿੰਦੀ ਭਾਸ਼ਾਵਾਂ ਵਿਚ ਵੀ ਟ੍ਰਿਬਿਊਨ ਅਖ਼ਬਾਰ ਸ਼ੁਰੂ ਕਰਨ ਬਾਰੇ ਪਹਿਲੀ ਵਾਰ ਚਰਚਾ ਕੀਤੀ ਗਈ ਸੀ। 17 ਅਕਤੂਬਰ ਅਤੇ 9 ਦਸੰਬਰ 1954 ਨੂੰ ਹੋਈਆਂ ਟਰੱਸਟ ਦੀਆਂ ਮੀਟਿੰਗਾਂ ਵਿਚ ਵੀ ਕੋਈ ਫ਼ੈਸਲਾ ਨਾ ਹੋ ਸਕਿਆ। ਆਜ਼ਾਦੀ ਉਪਰੰਤ ਦੇਵਨਾਗਰੀ ਅਤੇ ਗੁਰਮੁਖੀ ਅਖ਼ਬਾਰਾਂ ਦੀ ਦਿਨੋ-ਦਿਨ ਵਧਦੀ ਮੰਗ ਅਨੁਸਾਰ 14 ਅਗਸਤ 1978 ਨੂੰ ਹਿੰਦੀ ਵਿਚ ‘ਦੈਨਿਕ ਟ੍ਰਿਬਿਊਨ’ ਅਤੇ ਪੰਜਾਬੀ ਵਿਚ ‘ਪੰਜਾਬੀ ਟ੍ਰਿਬਿਊਨ’ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੋਣ ਲੱਗੇ ਸਨ। 15 ਅਗਸਤ 1978 ਨੂੰ ਦੋਵਾਂ ਦਾ ਪਹਿਲਾ ਸੰਸਕਰਣ ਪ੍ਰਕਾਸ਼ਿਤ ਹੋਇਆ ਸੀ।
ਦਿਆਲ ਸਿੰਘ ਮਜੀਠੀਆ ਨੇ ਸ਼ੁਰੂ ਵਿਚ ਸੁਰੇਂਦਰ ਨਾਥ ਬੈਨਰਜੀ, ਬਾਬੂ ਜੋਗਿੰਦਰ ਚੰਦਰ ਬੋਸ, ਲਾਲਾ ਹਰਕਿਸ਼ਨ ਲਾਲ ਅਤੇ ਚਾਰਲਸ ਗੋਲਕ ਨਾਥ ਆਦਿ ਤੋਂ ਅਖ਼ਬਾਰ ਦੀ ਸ਼ੁਰੂਆਤ ਅਤੇ ਕਾਮਯਾਬੀ ਲਈ ਸਹਾਇਤਾ ਪ੍ਰਾਪਤ ਕੀਤੀ ਸੀ। ਸ੍ਰੀ ਮਜੀਠੀਆ ਦੀ ਇੱਛਾ ਮੁਤਾਬਿਕ ਅਖ਼ਬਾਰ ਨੂੰ ਚਲਾਉਣ ਲਈ ਟਰੱਸਟ ਦੀ ਸਥਾਪਨਾ ਕੀਤੀ ਗਈ ਜੋ ਸਮੇਂ ਅਨੁਸਾਰ ਵਿਕਸਤ ਹੁੰਦਾ ਗਿਆ। ਅਖ਼ਬਾਰ ਦੇ ਪੱਧਰ, ਹਰਮਨਪਿਆਰਤਾ ਅਤੇ ਹੋਰ ਤਰੱਕੀ ਲਈ ਯੋਗ, ਦੂਰ-ਅੰਦੇਸ਼ ਅਤੇ ਪ੍ਰਭਾਵਸ਼ਾਲੀ ਸੰਪਾਦਕ ਚੁਣੇ ਜਾਂਦੇ ਹਨ ਤਾਂ ਜੋ ਪੰਜਾਬੀਆਂ ਤੇ ਭਾਰਤੀਆਂ ਨੂੰ ਸਹੀ ਤੇ ਸਮੇਂ ਸਿਰ ਸੇਧ ਦਿੱਤੀ ਜਾਂਦੀ ਰਹੇ। ਇਹ ਹੀ ‘ਦਿ ਟ੍ਰਿਬਿਊਨ’ ਸ਼ੁਰੂ ਕਰਨ ਦਾ ਮੰਤਵ ਸੀ। ਬਰਜਿੰਦਰ ਸਿੰਘ ‘ਪੰਜਾਬੀ ਟ੍ਰਿਬਿਊਨ’ ਦੇ ਪਹਿਲੇ ਸੰਪਾਦਕ ਅਤੇ ਪਦਮਾਕਾਂਤ ਤ੍ਰਿਪਾਠੀ ‘ਦੈਨਿਕ ਟ੍ਰਿਬਿਊਨ’ ਦੇ ਪਹਿਲੇ ਸੰਪਾਦਕ ਸਨ।
ਭਾਰਤੀ ਸੁਤੰਤਰਤਾ ਸੰਗਰਾਮ ਦੌਰਾਨ ਹਰ ਉਹ ਮਹੱਤਵਪੂਰਨ ਘਟਨਾ ਜੋ ਰਾਸ਼ਟਰ-ਵਿਰੋਧੀ ਸੀ, ਨੂੰ ਅਖ਼ਬਾਰ ਨੇ ਨੀਤੀਗਤ ਢੰਗ ਨਾਲ ਮਹੱਤਤਾ ਦਿੱਤੀ। ਕੁਝ ਮਹੱਤਵਪੂਰਨ ਘਟਨਾਵਾਂ ਜਿਵੇਂ 1900 ਦਾ ਲੈਂਡ ਐਲੀਨੀਏਸ਼ਨ ਐਕਟ, 1901 ਦੀ ਮਰਦਮਸ਼ੁਮਾਰੀ, ਯੂਨੀਵਰਸਿਟੀ ਸੁਧਾਰ ਕਮਿਸ਼ਨ ਦੀ ਸਥਾਪਨਾ, ਹਿੰਦੂ, ਮੁਸਲਿਮ ਅਤੇ ਇਸਾਈ ਕਾਲਜਾਂ ਤੇ ਸੰਸਥਾਵਾ ਦੀ ਸਥਾਪਨਾ, ਬੰਗਾਲ ਦੀ ਵੰਡ 1905, ਭਾਰਤੀ ਰਾਸ਼ਟਰੀ ਕਾਂਗਰਸ ਦੀ ਉਦਾਰਵਾਦੀਆਂ ਤੇ ਗਰਮ-ਦਲੀਆਂ ਵਿਚ ਵੰਡ, ਪੱਗੜੀ ਸੰਭਾਲ ਜੱਟਾ ਅੰਦੋਲਨ 1907, ਗਦਰ ਲਹਿਰ 1914, ਜਲ੍ਹਿਆਂਵਾਲਾ ਬਾਗ਼ ਦਾ ਸਾਕਾ 1919, ਨਾ-ਮਿਲਵਰਤਨ ਅੰਦੋਲਨ 1920, ਅਸਹਿਯੋਗ ਅੰਦੋਲਨ, ਚਾਬੀਆਂ ਦਾ ਮੋਰਚਾ, ਗੁਰਦੁਆਰਾ ਸੁਧਾਰ ਲਹਿਰ, ਕਿਰਤੀ ਕਿਸਾਨ ਪਾਰਟੀ, ਦੋਵੇਂ ਆਲਮੀ ਜੰਗਾਂ ਆਦਿ ਅਤੇ ਰਾਜਨੀਤਕ ਤੇ ਕੌਮੀ ਮਹੱਤਤਾ ਵਾਲੀਆਂ ਹੋਰ ਘਟਨਾਵਾਂ ਵਿਸ਼ੇਸ਼ ਤੌਰ ’ਤੇ ਵਰਣਿਤ ਹਨ।
1881 ਤੋਂ 2021 ਤੱਕ ‘ਦਿ ਟ੍ਰਿਬਿਊਨ’ ਨੇ ਅਨੇਕਾਂ ਉਤਰਾਅ-ਚੜਾਅ ਦੇਖੇ ਹਨ। ਸਰਦਾਰ ਦਿਆਲ ਸਿੰਘ ਮਜੀਠੀਆ ਦੇ ਖੁਸ਼ਹਾਲ, ਧਰਮ-ਨਿਰਪੱਖ, ਲੜਾਈ ਝਗੜਿਆਂ ਤੋਂ ਰਹਿਤ ਸਥਾਪਨਾ ਦੇ ਸੁਪਨੇ ਦੀ ਪੂਰਤੀ ਲਈ ਅਖ਼ਬਾਰ ਨਿਰੰਤਰ ਕਾਰਜ ਕਰ ਰਿਹਾ ਹੈ।
* ਮੁਖੀ, ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98141-71786