ਪ੍ਰੋ. ਨਵ ਸੰਗੀਤ ਸਿੰਘ
ਗੁਰਬਾਣੀ
ਗੁਰੂ ਤੇਗ ਬਹਾਦਰ ਜੀ (1621-1675) ਦੇ ਰਚੇ ਹੋਏ 59 ਸ਼ਬਦ ਅਤੇ 57 ਸ਼ਲੋਕ ਗੁਰੂੁ ਗ੍ਰੰਥ ਸਾਹਿਬ ਵਿਚ ਸੰਕਲਿਤ ਹਨ। ਇਹ ਸ਼ਬਦ ਕੁੱਲ 15 ਰਾਗਾਂ (ਗਉੜੀ, ਆਸਾ, ਦੇਵਗੰਧਾਰੀ, ਬਿਹਾਗੜਾ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਤਿਲੰਗ, ਬਿਲਾਵਲ, ਰਾਮਕਲੀ, ਮਾਰੂ, ਬਸੰਤ, ਸਾਰੰਗ, ਜੈਜਾਵੰਤੀ) ਅਧੀਨ ਦਰਜ ਹਨ ਜਿਨ੍ਹਾਂ ’ਚੋਂ ਜੈਜਾਵੰਤੀ ਰਾਗ ਵਿਚ ਕੇਵਲ ਆਪ ਜੀ ਦੇ ਹੀ ਰਚੇ ਹੋਏ ਚਾਰ ਸ਼ਬਦ ਹਨ। ਹੋਰ ਕਿਸੇ ਗੁਰੂ ਸਾਹਿਬ ਜਾਂ ਭਗਤ-ਕਵੀ ਨੇ ਇਸ ਰਾਗ ਵਿਚ ਬਾਣੀ ਨਹੀਂ ਰਚੀ।
ਗੁਰੂ ਤੇਗ ਬਹਾਦਰ ਜੀ ਦੀ ਸਮੁੱਚੀ ਜ਼ਿੰਦਗੀ ਵੱਲ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਸਾਰਾ ਜੀਵਨ ਹੀ ਤਿਆਗ, ਧਰਮ-ਰੱਖਿਅਕ, ਪ੍ਰੇਮ-ਭਗਤੀ, ਤਪੱਸਿਆ ਅਤੇ ਸ਼ਾਂਤੀ ਵਾਲਾ ਹੈ। ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਦਿਨ ਵੀ ਅਜਿਹਾ ਨਹੀਂ ਬੀਤਿਆ, ਜਦੋਂ ਉਹ ਰੱਬੀ-ਨਾਮ ਦੇ ਸਿਮਰਨ ਤੋਂ ਬਿਨਾਂ ਰਹੇ ਹੋਣ। ਸੰਸਾਰਕ ਸੁੱਖਾਂ ਵਿਚ ਜੀਵਨ ਬਿਤਾਉਣ ਦੀ ਇੱਛਾ ਉਨ੍ਹਾਂ ਦੇ ਮਨ ਵਿਚ ਕਦੇ ਪੈਦਾ ਨਹੀਂ ਹੋਈ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਸਮੁੱਚੀ ਮਾਨਵ-ਜਾਤੀ ਨੂੰ ਨੈਤਿਕਤਾ ਦੀ ਸਿੱਖਿਆ ਦਿੱਤੀ ਹੈ।
ਮਾਨਵ-ਜੀਵਨ ਵਿਚ ਮਨੁੱਖ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਣ ਵਾਲੀ ਬੁਰਾਈ ਲਾਲਚ ਹੈ। ਇਸ ਤੋਂ ਦੂਰ ਰਹਿ ਕੇ ਹੀ ਮਨੁੱਖ ਵਾਸਤਵ ਵਿਚ ਲੋਕ-ਕਲਿਆਣ ਕਰ ਸਕਦਾ ਹੈ। ਇਸ ਯਥਾਰਥ ਦਾ ਬੋਧ ਗੁਰੂ ਸਾਹਿਬ ਨੂੰ ਆਪਣੇ ਜੀਵਨ ਦੇ ਆਰੰਭਕ-ਕਾਲ ਵਿਚ ਹੀ ਹੋ ਗਿਆ ਸੀ। ਜਵਾਨੀ ਤੋਂ ਪ੍ਰੌਢ ਅਵਸਥਾ ਤੱਕ ਪਹੁੰਚਦਿਆਂ ਉਨ੍ਹਾਂ ਨੇ ਮਨੁੱਖੀ ਜੀਵਨ ਦੇ ਵੱਖ-ਵੱਖ ਪਹਿਲੂਆਂ ਦਾ ਡੂੰਘਾ ਅਧਿਐਨ ਕੀਤਾ ਤੇ ਆਪਣੀ ਬਾਣੀ ਵਿਚ ਲਾਲਚ ਦੀ ਭਾਵਨਾ ਨੂੰ ਮਾਨਵ-ਕਲਿਆਣ ਦੇ ਰਸਤੇ ਵਿਚ ਰੁਕਾਵਟ ਦੱਸਿਆ। ਉਨ੍ਹਾਂ ਨੇ ਲਾਲਚ ਲਈ ‘ਲੋਭ’ ਸ਼ਬਦ ਦੀ ਵਰਤੋਂ ਕੀਤੀ ਹੈ। ਉਦਾਹਰਣ ਵਜੋਂ:
ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ॥
ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ॥
(ਸਲੋਕ 36)
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ॥
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ॥
(ਸਲੋਕ 13)
ਸੰਸਾਰਕ ਪਦਾਰਥਾਂ ਨੂੰ ਪ੍ਰਾਪਤ ਕਰਕੇ ਮਨੁੱਖ ਅਭਿਮਾਨੀ ਹੋ ਜਾਂਦਾ ਹੈ। ਉਸ ਵਿਚ ਹੰਕਾਰ ਤੇ ਹਉਮੈ ਦੀ ਭਾਵਨਾ ਇੰਨੀ ਪ੍ਰਬਲ ਹੋ ਜਾਂਦੀ ਹੈ ਕਿ ਉਸ ਨੂੰ ਆਪਣੇ ਪਰਾਏ ਵਿਚ ਵੀ ਫ਼ਰਕ ਨਜ਼ਰ ਨਹੀਂ ਆਉਂਦਾ। ਗੁਰੂ ਸਾਹਿਬ ਨੇ ਮਨੁੱਖ ਨੂੰ ਅਭਿਮਾਨ ਦਾ ਤਿਆਗ ਕਰਨ ਅਤੇ ਹਰਿ-ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਜੋ ਮਨੁੱਖ ਹੰਕਾਰ ਨੂੰ ਛੱਡ ਦਿੰਦਾ ਹੈ, ਉਸੇ ਨੂੰ ਹੀ ਅਸਲ ਵਿੱਚ ‘ਕਰਤਾ ਪੁਰਖ’ ਦਾ ਗਿਆਨ ਹੁੰਦਾ ਹੈ:
ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ॥
ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ॥
(ਸਲੋਕ 19)
ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥
ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ॥
(ਸਲੋਕ 46)
ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ॥
(ਗਉੜੀ ਮਹਲਾ ਨੌਵਾਂ)
ਕਾਮ ਤੇ ਕ੍ਰੋਧ ਵਿਚ ਗ੍ਰਸਿਆ ਹੋਇਆ ਵਿਅਕਤੀ ਸਹੀ-ਗ਼ਲਤ ਦੀ ਪਛਾਣ ਨਹੀਂ ਕਰ ਸਕਦਾ। ਇਹ ਦੋਵੇਂ ਬਹੁਤ ਸ਼ਕਤੀਸ਼ਾਲੀ ਵਿਕਾਰ ਹਨ। ਜਿਸ ਵਿਅਕਤੀ ’ਤੇ ਕਾਮ ਹਾਵੀ ਹੋ ਜਾਂਦਾ ਹੈ, ਉਹ ਇੰਨਾ ਅੰਨ੍ਹਾ ਹੋ ਜਾਂਦਾ ਹੈ ਕਿ ਕਿਸੇ ਦੂਜੇ ਦਾ ਉਪਦੇਸ਼ ਨਹੀਂ ਸੁਣਦਾ। ਇਨ੍ਹਾਂ ਬੁਰਾਈਆਂ ਦੀ ਝਲਕ ਵਿਚ ਮਨੁੱਖ ਨੂੰ ਵਾਸਤਵਿਕ ਪ੍ਰਭੂ ਦਾ ਰੂਪ ਨਜ਼ਰ ਨਹੀਂ ਆਉਂਦਾ। ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਇਨ੍ਹਾਂ ਤੋਂ ਬਚਣ ਦੀ ਪ੍ਰੇਰਨਾ ਕੀਤੀ ਹੈ:
ਸਾਧੋ ਮਨ ਕਾ ਮਾਨੁ ਤਿਆਗਉ॥
ਕਾਮਿ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ॥
(ਗਉੜੀ ਮਹਲਾ ਨੌਵਾਂ)
ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ॥
(ਗਉੜੀ ਮਹਲਾ ਨੌਵਾਂ)
ਕਾਮੁ ਕ੍ਰੋਧੁ ਜਿਹ ਪਰਸੈ ਨਾਹਿਨ ਤਿਹ ਘਟਿ ਬ੍ਰਹਮੁ ਨਿਵਾਸਾ॥
(ਸੋਰਠਿ ਮਹਲਾ ਨੌਵਾਂ)
ਸੰਸਾਰਕ ਜੀਵਨ ਵਿਚ ਧਨੀ ਪੁਰਸ਼ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ। ਧਨਵਾਨ ਵਿਅਕਤੀ ਚਾਹੇ ਕਿੰਨਾ ਵੀ ਚਰਿੱਤਰਹੀਣ ਹੋਵੇ ਜਾਂ ਅੱਤਿਆਚਾਰੀ ਕਿਉਂ ਨਾ ਹੋਵੇ, ਲੋਕ ਉਹਦੇ ਔਗੁਣਾਂ ਵੱਲ ਧਿਆਨ ਨਹੀਂ ਦਿੰਦੇ। ਪਰ ਸੰਸਾਰ ਵਿਚ ਬਹੁਤੀਆਂ ਲੜਾਈਆਂ ਦਾ ਕਾਰਨ ਧਨ ਦੀ ਪ੍ਰਾਪਤੀ ਹੀ ਹੈ। ਹਰ ਕੋਈ ਦੂਜੇ ਤੋਂ ਵਧੇਰੇ ਧਨ ਹਥਿਆਉਣਾ ਚਾਹੁੰਦਾ ਹੈ। ਧਨ ਅਤੇ ਇਸਤਰੀ ਦੇ ਮਹੱਤਵ ਨੂੰ ਨਕਾਰਦੇ ਗੁਰੂ ਸਾਹਿਬ ਲਿਖਦੇ ਹਨ:
ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ॥
ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ॥
(ਸਲੋਕ 5)
ਧਨੁ ਦਾਰਾ ਸੰਪਤਿ ਗ੍ਰੇਹ।।
ਕਛੁ ਸੰਗਿ ਨ ਚਾਲੈ ਸਮਝ ਲੇਹ॥
(ਬਸੰਤ ਮਹਲਾ ਨੌਵਾਂ)
ਇਸ ਸੰਸਾਰ ਵਿਚ ਸੁਖ ਦੀ ਪ੍ਰਾਪਤੀ ਲਈ ਇਨ੍ਹਾਂ ਵਿਕਾਰਾਂ ਦੇ ਨਾਲ ਨਾਲ ਵਿਅਕਤੀ ਨੂੰ ਮੋਹ-ਮਮਤਾ ਤੋਂ ਵੀ ਛੁਟਕਾਰਾ ਪਾਉਣ ਦੀ ਪ੍ਰੇਰਨਾ ਵੀ ਦਿੱਤੀ ਗਈ ਹੈ। ਗੁਰੂ ਸਾਹਿਬ ਨੇ ਸੰਸਾਰ ਦੀ ਅਸਥਿਰਤਾ ਅਤੇ ਛਿਣ-ਭੰਗਰਤਾ ਦਾ ਜ਼ਿਕਰ ਕਰਦਿਆਂ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਕਿ ਮੋਹ-ਮਾਇਆ ਨੂੰ ਤਿਆਗਣਾ ਬਹੁਤ ਜ਼ਰੂਰੀ ਹੈ:
ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ॥
(ਧਨਾਸਰੀ ਮਹਲਾ ਨੌਵਾਂ)
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ॥
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ॥
(ਸਲੋਕ 13)
ਅੱਜ ਵੀ ਸਾਰਾ ਸੰਸਾਰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਰਗੇ ਵਿਸ਼ੇ-ਵਿਕਾਰਾਂ ਵਿਚ ਫਸਿਆ ਹੋਇਆ ਹੈ। ਉਸ ਨੂੰ ਆਪੇ ਦੀ ਸੋਝੀ ਨਹੀਂ ਰਹੀ। ਉਹ
ਸੰਸਾਰਕ ਵਸਤੂਆਂ- ਧਨ, ਜਵਾਨੀ ਤੇ ਪ੍ਰਭੁਤਾ ਨਾਲ ਪਿਆਰ ਪਾਈ ਬੈਠਾ ਹੈ। ਕਈ ਪ੍ਰਕਾਰ ਦੇ ਧਾਰਮਿਕ ਅਡੰਬਰ ਤੇ ਪਾਖੰਡ ਅੱਜ ਵੀ ਉਸੇ ਤਰ੍ਹਾਂ ਚੱਲ ਰਹੇ ਹਨ। ਗੁਰੂ ਸਾਹਿਬ ਨੇ ਆਪਣੀ ਸਾਰੀ ਬਾਣੀ ਵਿਚ ਇਸੇ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਮਨੁੱਖ ਸੰਸਾਰਕ ਪਦਾਰਥਾਂ ਦਾ ਮੋਹ ਛੱਡ ਦੇਵੇ ਕਿਉਂਕਿ ਸਾਰੀਆਂ ਚੀਜ਼ਾਂ ਅਸਥਾਈ ਅਤੇ ਛਿਣ-ਭਰ ਲਈ ਹਨ। ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਸਹਾਰਾ ਲੈਣਾ ਚਾਹੀਦਾ ਹੈ ਅਤੇ ਦੌਲਤ ਜਾਂ ਸਾਕ-ਸਬੰਧੀਆਂ ਵਿਚ ਮਨ ਨਹੀਂ ਲਾਉਣਾ ਚਾਹੀਦਾ। ਕਿਉਂਕਿ ਸਾਰੀਆਂ ਵਸਤਾਂ ਅਸਥਿਰ ਹਨ। ਜੋ ਵਿਅਕਤੀ ਗ਼ਮੀ ਤੇ ਖ਼ੁਸ਼ੀ ਜਾਂ ਭਲਾਈ ਤੇ ਬੁਰਾਈ ਨੂੰ ਇੱਕੋ ਜਿਹਾ ਸਮਝਦਾ ਹੈ, ਕਿਸੇ ਵੀ ਵਕਤ ਖ਼ੁਸ਼ ਜਾਂ ਉਦਾਸ ਨਹੀਂ ਹੁੰਦਾ, ਉਹ ਹੀ ਇਸ ਜਗਤ ਨੂੰ ਸਮਝਣ ਵਾਲਾ ਹੈ। ਆਓ, ਅੱਜ ਦੇ ਇਸ ਵਿਕਾਰਗ੍ਰਸਤ ਸਮੇਂ ਵਿਚ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਪੱਲੇ ਨਾਲ ਬੰਨ੍ਹੀਏ! ਇਹੋ ਹੀ ਸ਼ਤਾਬਦੀ ਸਮਾਗਮਾਂ ਸਮੇਂ ਉਨ੍ਹਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ!
ਸੰਪਰਕ: 94176-92015