ਬਰਜਿੰਦਰ ਕੌਰ ਬਿਸਰਾਓ
ਇੱਕੀਵੀਂ ਸਦੀ ਵਿਚ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ। ਬਸ ਮਨੁੱਖ ਦੀ ਜੇਬ ਭਰੀ ਹੋਣੀ ਚਾਹੀਦੀ ਹੈ, ਚਾਹੇ ਘਰ ਬੈਠੇ ਬਿਠਾਏ ਦੁਨੀਆ ਦੀ ਹਰ ਸੁੱਖ ਸਹੂਲਤ ਖਰੀਦ ਲਵੋ। ਜਿਹੋ ਜਿਹਾ ਜੀਵਨ ਅੱਜ ਦਾ ਸਾਧਾਰਨ ਮਨੁੱਖ ਬਤੀਤ ਕਰਦਾ ਹੈ ਇਹੋ ਜਿਹਾ ਜੀਵਨ ਤਾਂ ਪੁਰਾਣੇ ਰਾਜਿਆਂ ਮਹਾਰਾਜਿਆਂ ਨੇ ਵੀ ਨਹੀਂ ਬਿਤਾਇਆ ਹੋਣਾ। ਅੱਜ ਦੇ ਮਨੁੱਖ ਦੇ ਘਰ ਰੋਟੀ ਪੱਕੇ ਜਾਂ ਨਾ ਪਰ ਕੋਲ ਮਹਿੰਗਾ ਮੋਬਾਈਲ ਫੋਨ ਜ਼ਰੂਰ ਹੋਣਾ ਚਾਹੀਦਾ ਹੈ। ਮੋਬਾਈਲ ਫੋਨ ਵੀ ਅੱਜਕੱਲ੍ਹ ਹਰ ਵਿਅਕਤੀ ਦੀ ਜੀਵਨਸ਼ੈਲੀ ਦਾ ਅਹਿਮ ਹਿੱਸਾ ਬਣ ਗਿਆ ਹੈ ਕਿਉਂਕਿ ਇਸ ਦੀ ਵਰਤੋਂ ਸਿਰਫ਼ ਸਕੇ ਸਬੰਧੀਆਂ ਨਾਲ ਗੱਲਬਾਤ ਕਰਨ ਲਈ ਨਹੀਂ ਕੀਤੀ ਜਾਂਦੀ ਸਗੋਂ ਉਸ ਦੀ ਕੀਮਤ ਤੋਂ ਕਿਸੇ ਵੀ ਵਿਅਕਤੀ ਦੀ ਅਮੀਰੀ ਜਾਂ ਗ਼ਰੀਬੀ ਨੂੰ ਮਾਪਿਆ ਜਾਂਦਾ ਹੈ। ਹੱਥ ਵਿਚ ਜਿੰਨਾ ਮਹਿੰਗਾ ਫੋਨ ਓਨਾ ਅਮੀਰ ਵਿਅਕਤੀ, ਚਾਹੇ ਪੱਲੇ ਧੇਲਾ ਨਾ ਹੋਵੇ। ਕਿਧਰੇ ਕੋਈ ਹਮਾਤੜ ਵਿਚਾਰਾ ਹੱਥ ਵਿਚ ਨਿੱਕਾ ਜਿਹਾ ਫੋਨ ਫੜ ਕੇ ਚਹੁੰ ਬੰਦਿਆਂ ਵਿਚ ਖੜ੍ਹ ਜਾਵੇ ਤਾਂ ਉਸ ਵੱਲ ਲੋਕ ਇੰਝ ਘਿਰਣਾ ਦੀ ਨਿਗਾਹ ਨਾਲ ਦੇਖਦੇ ਹਨ ਜਿਵੇਂ ਕਿਤੇ ਉਸ ਤੋਂ ਕੋਈ ਅਪਰਾਧ ਹੋ ਗਿਆ ਹੋਵੇ ਜਾਂ ਫਿਰ ਛੂਤ ਦੀ ਬਿਮਾਰੀ ਨਾਲ ਗ੍ਰਸਤ ਹੋਵੇ।
ਪਹਿਲਾਂ ਪਹਿਲ ਸੈਲਫੀ ਲੈਣ ਦਾ ਰਿਵਾਜ ਚੱਲਿਆ ਸੀ ਪਰ ਅੱਜਕੱਲ੍ਹ ਲੋਕ ਆਪਣਾ ਮੋਬਾਈਲ ਫੋਨ ਦਿਖਾਉਣ ਲਈ ਸ਼ੀਸ਼ੇ ਅੱਗੇ ਖਲੋ ਕੇ ਸੈਲਫੀ ਲੈਣ ਲੱਗ ਪਏ ਹਨ। ਪਹਿਲਾਂ ਤਾਂ ਜਦੋਂ ਮਹਿੰਗਾ ਮੋਬਾਈਲ ਫੋਨ ਖਰੀਦ ਕੇ ਲਿਆਂਦਾ ਜਾਂਦਾ ਹੈ ਤਾਂ ਸੋਸ਼ਲ ਮੀਡੀਆ ’ਤੇ ਦਿਖਾ ਕੇ ਉਸ ਦੀ ਬਿਲਕੁਲ ਉਸੇ ਤਰ੍ਹਾਂ ਪ੍ਰਦਰਸ਼ਨੀ ਲਗਾਈ ਜਾਂਦੀ ਹੈ ਜਿਵੇਂ ਪੁਰਾਣੇ ਜ਼ਮਾਨੇ ਵਿਚ ਧੀ ਦੇ ਦਾਜ ਜਾਂ ਸ਼ੂਸ਼ਕ ਵਿਚ ਦੇਣ ਵਾਲੀਆਂ ਚੀਜ਼ਾਂ ਨੂੰ ਮੰਜੇ ’ਤੇ ਸਜਾ ਕੇ ਸ਼ਰੀਕੇ ਕਬੀਲੇ ਨੂੰ ਸੱਦ ਕੇ ਦਿਖਾਇਆ ਜਾਂਦਾ ਸੀ। ਬਸ ਥੋੜ੍ਹਾ ਜਿਹਾ ਅੰਦਾਜ਼ ਵੱਖਰਾ ਹੋ ਗਿਆ ਹੈ। ਉਸ ਨੂੰ ਖ਼ਾਸ ਅੰਦਾਜ਼ ਵਿਚ ਰੱਖ ਕੇ, ਉਸ ਦੇ ਡੱਬੇ ਦੀ ਫੋਟੋ, ਫਿਰ ਡੱਬੇ ਵਿਚੋਂ ਕੱਢਣ ਦੀ ਫੋਟੋ ਅਤੇ ਫਿਰ ਜੇ ਕਿਸੇ ਤੋਂ ਤੋਹਫ਼ਾ ਮਿਲਿਆ ਹੋਵੇ ਤਾਂ ਉਸ ਬਾਰੇ ਦੱਸਿਆ ਜਾਂਦਾ ਹੈ। ਫਿਰ ਸਾਰੇ ਦੋਸਤਾਂ, ਮਿੱਤਰਾਂ ਅਤੇ ਸਕੇ ਸਬੰਧੀਆਂ ਤੋਂ ਵਧਾਈਆਂ ਕਬੂਲੀਆਂ ਜਾਂਦੀਆਂ ਹਨ। ਮਹਿੰਗੇ ਨਵੇਂ ਫੋਨ ਕਰਕੇ ਕਈ ਦਿਨ ਵਿਆਹ ਵਰਗਾ ਅਤੇ ਚਾਅ ਭਰਪੂਰ ਮਾਹੌਲ ਬਣ ਜਾਂਦਾ ਹੈ। ਬਹੁਤੇ ਮੁੰਡੇ ਕੁੜੀਆਂ ਤਾਂ ਮਹਿੰਗਾ ਫੋਨ ਮਿਲਣ ’ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਹੋਟਲਾਂ ਵਗੈਰਾ ਵਿਚ ਪਾਰਟੀ ਵੀ ਕਰਦੇ ਹਨ। ਇਸ ਤਰ੍ਹਾਂ ਮਹਿੰਗੇ ਫੋਨ ਨਾਲ ਸ਼ੀਸ਼ੇ ਅੱਗੇ ਖੜ੍ਹ ਕੇ ਇਹ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਵਧੀਆ ਤੋਂ ਵਧੀਆ ਗੁੱਟ ਘੜੀ ਜਾਂ ਹੋਰ ਗਹਿਣੇ ਗੱਟੇ ਪਾਏ ਜਾਣ ਤਾਂ ਜੋ ਦੁਨੀਆ ਨੂੰ ਉਨ੍ਹਾਂ ਦੇ ਵੱਡੇ ਹੋਣ ਦਾ ਇਕੋ ਫੋਟੋ ਰਾਹੀਂ ਪਤਾ ਲੱਗ ਜਾਵੇ। ਕਈ ਲੋਕ ਤਾਂ ਮੈਂ ਇਹ ਕਹਿੰਦੇ ਵੀ ਸੁਣੇ ਹਨ, ‘‘ਅੱਜ ਮੇਰੀ ਆਹ ਫੋਟੋ ਨੇ ਕਈਆਂ ਦੇ ਸੀਨੇ ਅੱਗ ਲਾ ਦੇਣੀ ਆ।’’
ਇਕੱਲਾ ਮਹਿੰਗਾ ਮੋਬਾਈਲ ਖਰੀਦ ਕੇ ਕਿੱਥੇ ਗੱਲ ਬਣਦੀ ਹੈ ਜਿੰਨਾ ਚਿਰ ਪੰਜ ਚਾਰ ਐਪਸ ’ਤੇ ਸਟੇਟਸ ਨਾ ਪਾਏ ਜਾਣ। ਅੱਜਕੱਲ੍ਹ ਤਾਂ ਸਾਡੇ ਸਭ ਤੋਂ ਵਿਦਵਾਨ ਗੂਗਲ ਬਾਬਾ ਜੀ ਕੋਲੋਂ ਜੋ ਮਰਜ਼ੀ ਮੰਗ ਲਵੋ ਉਹ ਤੁਹਾਡੇ ਮੂਹਰੇ ਸਕਿੰਟ ਵਿਚ ਤੁਹਾਡੀ ਮਨਪਸੰਦ ਦਾ ਸਟੇਟਸ ਪਰੋਸ ਦੇਣਗੇ। ਫਿਰ ਜੀਹਦੇ ਨਾਲ ‘ਲੱਗਦੀ’ ਹੋਵੇ, ਜੀਹਨੂੰ ‘ਸੜਾਉਣਾ’ ਹੋਵੇ , ਜੀਹਦੇ ਲਈ ਭਾਵੁਕ ਹੋਏ ਸਭ ਲਈ ਸਟੇਟਸ ਪਾਏ ਜਾਂਦੇ ਹਨ। ਫਿਰ ਮਿੰਟ ਮਿੰਟ ਬਾਅਦ ਖੋਲ੍ਹ ਕੇ ਦੇਖਿਆ ਜਾਂਦਾ ਹੈ ਕਿ ਉਸ ਦਾ ਸਟੇਟਸ ਕਿੰਨੇ ਲੋਕਾਂ ਦੁਆਰਾ ਦੇਖ ਲਿਆ ਗਿਆ ਹੈ। ਸਭ ਤੋਂ ਵੱਧ ਖ਼ੁਸ਼ੀ ਤਾਂ ਉਦੋਂ ਹੁੰਦੀ ਹੈ ਜਦੋਂ ਉਹ ਬੰਦਾ ਸਟੇਟਸ ਦੇਖ ਲੈਂਦਾ ਹੈ ਜਿਸ ਨੂੰ ਸੜਾਉਣ ਲਈ ਪਾਇਆ ਹੋਵੇ। ਕਿਸੇ ਮਾਸੀ, ਤਾਈ, ਚਾਚੀ ਭਾਵ ਰਿਸ਼ਤੇਦਾਰਾਂ ਨੂੰ ਜਿਹੜੀ ਗੱਲ ਮੂੰਹ ’ਤੇ ਨਾ ਆਖੀ ਜਾ ਸਕੇ ਸਟੇਟਸ ਰਾਹੀਂ ਆਖ ਦਿੱਤੀ ਜਾਂਦੀ ਹੈ, ਬਸ ਕੰਮ ਆਪੇ ਹੋ ਜਾਂਦਾ ਹੈ। ਭੈਣਾਂ ਵੱਲੋਂ ਭਰਾਵਾਂ, ਧੀਆਂ ਵੱਲੋਂ ਪੇਕਿਆਂ, ਨੂੰਹ ਵੱਲੋਂ ਸਹੁਰਿਆਂ ਤੱਕ ਮਤਲਬ ਕਿ ਹਰ ਰਿਸ਼ਤੇ ਤੱਕ ਗੱਲ ਪਹੁੰਚਾਉਣ ਲਈ ਸਟੇਟਸ ਵਰਤੇ ਜਾਂਦੇ ਹਨ।
ਇਸ ਤੋਂ ਇਲਾਵਾ ਸਟੇਟਸ ਸਭ ਤੋਂ ਜ਼ਿਆਦਾ ਆਪਣੀ ਸ਼ਖ਼ਸੀਅਤ ਨੂੰ ਪ੍ਰਗਟਾਉਣ ਲਈ ਵੀ ਵੱਧ ਤੋਂ ਵੱਧ ਪਾਏ ਜਾਂਦੇ ਹਨ। ਜੇ ਲੋਕ ਕਿਸੇ ਨੂੰ ਮਾੜਾ ਸਮਝੀ ਜਾਂਦੇ ਹੋਣ ਤਾਂ ਉਹ ਬੰਦਾ ਦੁਨੀਆਂ ਭਰ ਦੇ ਧਾਰਮਿਕ ਸਟੇਟਸ ਪਾ ਪਾ ਕੇ ਦੁਹਾਈ ਦਿੰਦਾ ਹੈ ਕਿ ਉਸ ਤੋਂ ਵੱਧ ਗਿਆਨੀ ਧਿਆਨੀ ਬੰਦਾ ਕੋਈ ਹੋ ਹੀ ਨਹੀਂ ਸਕਦਾ। ਜੇ ਐਵੇਂ ਤੁਸੀਂ ਕਿਸੇ ਨੂੰ ਕਮਜ਼ੋਰ ਸਮਝਦੇ ਹੋਵੋਗੇ ਤਾਂ ਭੁਲੇਖੇ ਵਿਚ ਨਾ ਰਹਿਓ, ਅਗਲਾ ਬੰਦਾ ਦਲੇਰੀ ਅਤੇ ਅਣਖ ਦੇ ਸਟੇਟਸ ਪਾ ਪਾ ਕੇ ਤੁਹਾਨੂੰ ਕੰਬਣ ਲਗਾ ਦੇਵੇਗਾ। ਇਸੇ ਤਰ੍ਹਾਂ ਉਦਾਸੀ, ਖ਼ੁਸ਼ੀ, ਪਿਆਰ, ਮੁਹੱਬਤ, ਚਲਾਕੀ ਆਦਿ ਭਾਵ ਹਰ ਤਰ੍ਹਾਂ ਦੇ ਸਟੇਟਸ ਉਪਲਬਧ ਹੁੰਦੇ ਹਨ।
ਸੋ ਮੁੱਕਦੀ ਗੱਲ ਇਹ ਹੈ ਕਿ ਮਹਿੰਗੇ ਮੋਬਾਈਲ ਫੋਨਾਂ ਅਤੇ ਸਟੇਟਸਾਂ ਰਾਹੀਂ ਅਜੋਕਾ ਇਨਸਾਨ ਆਪਣੇ ਆਪ ਨੂੰ ਜਿਸ ਤਰ੍ਹਾਂ ਪੇਸ਼ ਕਰਦਾ ਹੈ ਉਹ ਅਸਲੀਅਤ ਤੋਂ ਕੋਹਾਂ ਦੂਰ ਹੁੰਦਾ ਹੈ। ਇਸੇ ਲਈ ਅੱਜਕੱਲ੍ਹ ਸਾਡੇ ਰਿਸ਼ਤਿਆਂ, ਸਭਿਆਚਾਰ ਅਤੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਨੂੰ ਇਨ੍ਹਾਂ ਗੱਲਾਂ ਨੇ ਪ੍ਰਭਾਵਿਤ ਕੀਤਾ ਹੈ ਅਤੇ ਸਮਾਜ ਵਿਚ ਧੋਖਾਧੜੀ, ਲੁੱਟਾਂ ਖੋਹਾਂ, ਕਤਲਾਂ ਅਤੇ ਬਦਲਾਖੋਰੀ ਦੀਆਂ ਘਿਨੌਣੀਆਂ ਵਾਰਦਾਤਾਂ ਵਿਚ ਵਾਧਾ ਕੀਤਾ ਹੈ। ਸਮਝਦਾਰੀ ਇਸੇ ਵਿਚ ਹੈ ਕਿ ਮੋਬਾਈਲ ਫੋਨ ਅਤੇ ਸਟੇਟਸਾਂ ਨੂੰ ਆਪਣੇ ਰਿਸ਼ਤਿਆਂ ਅਤੇ ਸਮਾਜ ਉੱਪਰ ਭਾਰੂ ਹੋਣ ਤੋਂ ਰੋਕਿਆ ਜਾਵੇ, ਨਹੀਂ ਤਾਂ ਇਹ ਜ਼ਿੰਦਗੀ ਉੱਪਰ ਪੂਰੀ ਤਰ੍ਹਾਂ ਕਬਜ਼ਾ ਕਰ ਕੇ ਬੈਠ ਗਏ ਹਨ। ਬਚਾਅ ਵਿਚ ਹੀ ਬਚਾਅ ਹੈ।
ਸੰਪਰਕ: 99889-01324