ਪ੍ਰੋ. ਕੁਲਵੰਤ ਸਿੰਘ ਔਜਲਾ
ਪੜ੍ਹਨ ਦਾ ਨਸ਼ਾ ਦੁਨੀਆਂ ਦੇ ਤਮਾਮ ਨਸ਼ਿਆਂ ਤੋਂ ਉੱਤਮ ਤੇ ਊਰਜਾਵਾਨ ਹੈ। ਇਹ ਨਸ਼ਾ ਸਿਹਤਮੰਦ ਤੇ ਸੁਰਵੰਤ ਇਨਸਾਨਾਂ ਦੀ ਸੰਗਤ ਤੇ ਸੋਹਬਤ ਵਿਚ ਲੱਗਦਾ ਹੈ। ਇਹ ਤਾਉਮਰ ਦਾ ਨਸ਼ਾ ਹੈ। ਮੈਂ ਆਪਣੇ ਗੁਰੂ ਹਰਭਜਨ ਸਿੰਘ ਹੁੰਦਲ ਨੂੰ ਮਿਲਣ ਗਿਆ। ਵਡੇਰੀ ਉਮਰ ਕਾਰਨ ਕਮਜ਼ੋਰ ਸਨ ਪਰ ਅਜੇ ਵੀ ਉਹ ਅੰਗਰੇਜ਼ੀ ਦੀ ਵਿਸ਼ਵ ਪ੍ਰਸਿੱਧ ਕਿਤਾਬ ਪੜ੍ਹਨ ਵਿਚ ਲੀਨ ਸਨ। ਉਨ੍ਹਾਂ ਆਖਿਆ ਕਿ ਮੈਨੂੰ ਚੰਗੀਆਂ ਕਿਤਾਬਾਂ ਦੀ ਦੱਸ ਗੁਰਦਿਆਲ ਬੱਲ ਪਾਉਂਦਾ ਹੈ। ਫਿਰ ਉਹ ਕਿਤਾਬ ਮੈਂ ਹਰ ਹੀਲੇ ਮੰਗਵਾਉਂਦਾ ਅਤੇ ਪੜ੍ਹਦਾ ਹਾਂ। ਪੜ੍ਹਨ ਦੀ ਜਾਗ ਮੈਨੂੰ ਮਿਡਲ ਸਕੂਲ ਵਿਚ ਹਰਭਜਨ ਸਿੰਘ ਹੁੰਦਲ ਦੀ ਪ੍ਰੇਰਨਾ ਨਾਲ ਲੱਗੀ। ਚੰਗੇ ਅਧਿਆਪਕ ਪੜ੍ਹਨ ਲਈ ਮੁਤਾਸਿਰ ਕਰਦੇ ਹਨ। ਪੜ੍ਹਨ ਦੀ ਲਗਨ ਲੱਗ ਜਾਵੇ ਤਾਂ ਟੁੱਟਦੀ ਨਹੀਂ। ਪੜ੍ਹਨ ਵਿਚ ਲਿਵ ਲੱਗ ਜਾਵੇ ਤਾਂ ਰੋਟੀ ਭੁੱਲ ਜਾਂਦੀ ਹੈ। ਪੜ੍ਹਨ ਨਾਲ ਅੰਦਰੂਨੀ ਤੰਦਰੁਸਤੀਆਂ ਦੀ ਲਹਿਰ ਊਰਜਿਤ ਹੁੰਦੀ ਹੈ। ਪੜ੍ਹਨ ਨਾਲ ਮਨ-ਮਸਤਕ ਵਿਚ ਨਵੀਂ ਦੁਨੀਆਂ ਜਾਗਦੀ ਹੈ। ਜਦੋਂ ਯੂਨੀਵਰਸਿਟੀ ਪੜ੍ਹਨ ਗਿਆ ਤਾਂ ਉੱਥੇ ਲਾਲੀ ਬਾਬੇ ਜਿਹੇ ਅਨੇਕਾਂ ‘ਭੂਤ’ (ਦਲੀਪ ਕੌਰ ਟਿਵਾਣਾ ਵੱਲੋਂ ਆਪਣੇ ਕੁਝ ਵਿਦਿਆਰਥੀਆਂ ਨੂੰ ਪਿਆਰ ਨਾਲ ਦਿੱਤਾ ਗਿਆ ‘ਨਾਂ’) ਸਨ। ਇਨ੍ਹਾਂ ਬਾਬਿਆਂ ਦੀਆਂ ਬਾਤਾਂ ਸੁਣ-ਸੁਣ ਕੇ ਅਸਚਰਜ ਹੋਈ ਜਾਣਾ। ਆਮ ਜਿਹੇ ਬੰਦਿਆਂ ਵਰਗੇ ਇਹ ਲੋਕ ਮੌਲਿਕ ਤੇ ਵਿਸ਼ੇਸ਼ ਲੱਗਣ ਲੱਗੇ। ਅਜਿਹੇ ਜ਼ਰਖ਼ੇਜ਼ ਮਾਹੌਲ ਵਿਚ ਪੜ੍ਹਨ ਵਾਲਿਆਂ ਨੂੰ ਸ਼ਕਤੀ, ਸਿਦਕ ਤੇ ਸੰਵੇਦਨਾ ਮਿਲਦੀ ਹੈ। ਵੱਖ-ਵੱਖ ਵਿਚਾਰਧਾਰਾਵਾਂ ਨਾਲ ਸਬੰਧਿਤ ਇਹ ਬਾਬੇ ਪੜ੍ਹਨ ਦੀਆਂ ਭੱਠੀਆਂ ਮਘਾਈ ਰੱਖਦੇ। ਹਰ ਕਿਸੇ ਦੇ ਹੱਥ ਵਿਚ ਕਿਤਾਬਾਂ ਹੁੰਦੀਆਂ। ਹਰ ਕਿਸੇ ਦਾ ਅੰਦਾਜ਼ ਟੁੰਬਦਾ। ਲਾਇਬਰੇਰੀ ਉਦੋਂ ਪੜ੍ਹਨ ਵਾਲਿਆਂ ਦਾ ਮੱਕਾ ਤੇ ਮਦੀਨਾ ਹੁੰਦੀ ਸੀ। ਯੂਨੀਵਰਸਿਟੀ ਦੀ ਹਵਾ ਵਿਚ ਇਹ ਦੰਦਕਥਾ ਪ੍ਰਚਲਤ ਸੀ ਕਿ ਕਿਤਾਬਾਂ ਪੜ੍ਹੋ ਭਾਵੇਂ ਚੋਰੀ ਕਰ ਕੇ ਪੜ੍ਹੋ। ਲਾਲੀ ਬਾਬੇ ਦੀਆਂ ਮਹੀਨ ਤੇ ਮੁੱਲਵਾਨ ਗੱਲਾਂ ਠਹਿਰੀ ਰਾਤ ਤੀਕ ਚੱਲਦੀਆਂ। ਗੱਲਾਂ ਇਲਮ ਤੇ ਅਨੁਭਵ ਦੇ ਮਿਸ਼ਰਣ ਵਿਚੋਂ ਜੰਮਦੀਆਂ ਹਨ। ਗੱਲਾਂ ਲਈ ਪੜ੍ਹੇ ਤੇ ਗੁੜੇ ਹੋਣਾ ਲਾਜ਼ਮੀ ਹੈ। ਗੱਲਾਂ ਵਿਚ ਜਾਦੂ, ਜੋਸ਼ ਤੇ ਜਜ਼ਬਾ ਹੁੰਦਾ ਹੈ। ਪੜ੍ਹਨ ਨਾਲ ਗੱਲਾਂ ਨੂੰ ਆਤਿਸ਼ ਤੇ ਆਂਤਰਿਕਤਾ ਮਿਲਦੀ ਹੈ। ਪੜ੍ਹਨ ਨਾਲ ਬੰਦਾ ਗਹਿਰਾ ਤੇ ਗੂੜ੍ਹਾ ਹੁੰਦਾ ਹੈ।
ਪੜ੍ਹਨ ਬਿਨਾਂ ਲੋਕ ਫੋਕੇ ਰਹਿ ਜਾਂਦੇ ਹਨ। ਮੇਰਾ 35 ਸਾਲ ਪੁਰਾਣਾ ਨੌਕਰ ਸਵੇਰੇ ਜਦੋਂ ਆਉਂਦਾ ਹੈ ਤਾਂ ਮੇਰੀਆਂ ਅਖ਼ਬਾਰਾਂ ਨੂੰ ਫੜ-ਫੜ ਕੇ ਮੂਰਤਾਂ ਦੇਖਦਾ ਹੈ ਤੇ ਪੁੱਛਦਾ ਹੈ ਕਿ ਇਹ ਕੀ ਹੈ? ਇਹ ਕੀ ਲਿਖਿਆ ਹੈ? ਕਦੇ-ਕਦੇ ਕਹਿੰਦਾ ਹੈ ਕਿ ਪੜ੍ਹ ਜਾਂਦੇ ਤਾਂ ਚੰਗਾ ਸੀ ਪਰ ਮਾਂ-ਬਾਪ ਦੀ ਜਲਦੀ ਮੌਤ ਨਾਲ ਬਾਰਾਂ ਸਾਲ ਦੀ ਉਮਰ ਵਿਚ ਭਰਾਵਾਂ ਨੇ ਜੱਟਾਂ ਨਾਲ ਹਲ ਵਾਹੁਣ ਲਾ ਦਿੱਤਾ। ਨਾ ਪੜ੍ਹ ਸਕਣ ਦਾ ਹੇਰਵਾ ਤੜਫ਼ਾਉਂਦਾ ਹੈ। ਪੜ੍ਹਨ ਦਾ ਸਬੱਬ ਵਕਤ ਦੀ ਰਹਿਮਤ ਹੈ। ਅਸਾਵੇਂ ਹਾਲਾਤ ਵਿਚ ਵੀ ਪੜ੍ਹਨ ਵਾਲੇ ਪੜ੍ਹ ਗਏ। ਅੱਜਕੱਲ੍ਹ ਪੜ੍ਹਨਾ ਅਕਾਦਮਿਕ ਜਿਹਾ ਹੋ ਗਿਆ ਹੈ। ਰਸਮੀ ਤੇ ਰੂਹਹੀਣ ਰਿਵਾਜਪ੍ਰਸਤੀ ਜਿਹਾ। ਪਹਿਲਾਂ ਲੋਕਾਂ ਨੂੰ ਪੜ੍ਹਨ ਦੀ ਭੁੱਖ ਲੱਗਦੀ ਸੀ। ਅੰਦਰੋਂ ਖੋਹ ਪੈਂਦੀ ਸੀ। ਖੋਹ ਪੈਣਾ ਰਚਨਾਤਮਿਕਤਾ ਹੈ। ਖੋਹ ਨਾ ਪੈਣਾ ਧੜਕਣਾਂ ਦੇ ਖੰਡਰਾਤ ਹੋ ਜਾਣ ਦਾ ਪ੍ਰਤੀਕ ਹੈ। ਪੁਸਤਕਾਂ ਸਦੀਵੀ, ਸੁਰੀਲੀਆਂ, ਸੁਪਨਸਾਜ਼ ਤੇ ਸੱਚੀਆਂ ਧੜਕਣਾਂ ਦੀ ਜਾਗਦੀ ਬੋਲਦੀ ਜ਼ੁਬਾਨ ਹਨ। ਪੁਸਤਕਾਂ ਪੜ੍ਹਨ ਨਾਲ ਮਨੁੱਖ ਦੇ ਅੰਦਰੋਂ ਬਾਬੀਹਾ ਬੋਲਦਾ ਹੈ।
ਨਿੱਕੇ ਹੁੰਦੇ ਜਦੋਂ ਬਾਪ ਨਾਲ ਤੜਕੇ ਤੜਕੇ ਕੰਮ ਕਰਨ ਲਈ ਜਾਂਦੇ ਤਾਂ ਕੰਮ ਦੀ ਤਪਸ਼ ਤੇ ਤਾਜ਼ਗੀ ਨਾਲ ਡਾਹਢੀ ਭੁੱਖ ਲੱਗਦੀ। ਵਾਰ ਵਾਰ ਪਿੰਡ ਵੱਲ ਨੂੰ ਦੇਖਦੇ, ਸ਼ਾਇਦ ਮਾਂ ਰੋਟੀਆਂ ਲੈ ਕੇ ਆਉਂਦੀ ਹੋਵੇ। ਅਜਿਹੀ ਭੁੱਖ ਹੁਣ ਕਦੇ ਨਹੀਂ ਲੱਗਦੀ। ਖਾਣ ਪ੍ਰਤੀ ਅਜਿਹੀ ਅੰਦਰੂਨੀ ਕਸ਼ਿਸ਼ ਤੇ ਕਾਵਿਕਤਾ ਮੁੜ ਕਦੇ ਨਹੀਂ ਪੰਘਰੀ। ਏਨੀ ਮਿੱਠੀ ਤੇ ਮਮਤਾਮਈ ਉਡੀਕ ਮੁੜ ਅੱਖਾਂ ਵਿਚ ਕਦੇ ਨਹੀਂ ਉਤਰੀ। ਮਾਂ-ਬਾਪ ਨਾਲ ਕੰਮ ਕਰਦਿਆਂ ਊਰਜਿਤ ਹੋਈ ਇਸ ਰਚਨਾਤਮਿਕ ਭੁੱਖ, ਅੰਦਰੂਨੀ ਸਵਾਦ ਤੇ ਇਲਾਹੀ ਉਡੀਕ ਨੇ ਪੜ੍ਹਨ ਦੇ ਰਾਜ਼ ਤੇ ਰੂਹਦਾਰੀਆਂ ਦਾ ਰਾਹ ਸਮਝਾਇਆ। ਪੜ੍ਹਨਾ ਰੂਹ ਦੀ ਖੁਰਾਕ ਤੇ ਖ਼ਾਬਗੋਈ ਹੈ। ਨਾ ਹੁਣ ਪੜ੍ਹਾਉਣ ਵਾਲੇ ਪਹਿਲਾਂ ਵਰਗੇ ਰਹੇ। ਨਾ ਪੜ੍ਹਨ ਵਾਲੇ ਪਹਿਲਾਂ ਵਰਗੇ। ਭੂਤਾਂ ਤੇ ਬਾਬਿਆਂ ਨੂੰ ਯਾਦ ਕਰਦਿਆਂ ਕਦੇ ਲਿਖਿਆ ਸੀ:
ਗਲ਼ਾਂ ਵਿਚ ਫਲਸਫ਼ੇ ਫ਼ਕੀਰੀਆਂ ਦੇ ਫੰਦੇ
ਕਿੱਥੇ ਗਏ ਭਾਵੁਕ ਤੇ ਭੁਲੱਕੜ ਜਿਹੇ ਬੰਦੇ
ਰਾਤ ਨੂੰ ਅਸੀਂ ਪੜ੍ਹਨਾ ਤੇ ਮਾਂ ਨੇ ਕੁਝ ਨਾ ਕੁਝ ਕਰੀ ਜਾਣਾ ਤਾਂ ਕਿ ਬੱਚੇ ਸੌਂ ਨਾ ਜਾਣ। ਆਪ ਜਾਗ ਕੇ ਦੂਸਰਿਆਂ ਨੂੰ ਜਗਾਉਣ ਦੀ ਥਾਂ ਲੋਕ ਹੁਣ ਡਿਜੀਟਲ ਡਰਾਮੇਬਾਜ਼ੀਆਂ ਦਾ ਸ਼ਿਕਾਰ ਹੋ ਗਏ ਹਨ। ਤੜਕੇ ਉੱਠ ਕੇ ਮਾਂ ਨੇ ਚੁੱਲ੍ਹਾ ਬਾਲਣਾ ਤੇ ਨਾਲ ਹੀ ਸਾਨੂੰ ਪੜ੍ਹਨ ਲਈ ਜਗਾ ਦੇਣਾ। ਅਜਿਹੀ ਤਪੱਸਿਆ ਤੇ ਤਸੱਵੁਰ ਹੁਣ ਨਹੀਂ ਮਿਲਦਾ। ਜਦੋਂ ਮੇਰੀ ਕਿਤਾਬ ‘ਮਾਂ ਵਰਗੀ ਕਵਿਤਾ’ ਆਈ ਤਾਂ ਕਈ ਸ਼ਹਿਰੀ ਜਿਹੇ ਲੋਕਾਂ ਨੇ ਮੈਨੂੰ ਕਿਹਾ ਕਿ ਤੂੰ ਮਾਂ-ਬਾਪ ਬਾਰੇ ਬਹੁਤ ਜਜ਼ਬਾਤੀ ਜਾਪਦਾ ਹੈਂ। ਮੈਂ ਕਿਹਾ, ‘‘ਮੇਰੇ ਜਜ਼ਬੇ ਮੈਨੂੰ ਮਾਨਵੀ ਮੁਸ਼ੱਕਤ ਤੇ ਮੋਹ ਦੀ ਕਾੜ੍ਹਨੀ ਵਿਚੋਂ ਮਿਲੇ ਹਨ। ਤੁਹਾਡੀ ਮਸ਼ੀਨੀ ਵਿਆਕਰਨ ਤੁਹਾਨੂੰ ਮੁਬਾਰਕ।’’ ਮਾਂ ਚਰਖਾ ਕੱਤਦੀ ਤੇ ਮੈਂ ਪੜ੍ਹਨ ਦਾ ਸੂਤ ਕੱਤਦਾ। ਅਜਿਹਾ ਸਾਹਵਰਧਕ ਤੇ ਸੁਰੀਲਾ ਕੱਤਣ ਮੁੜ ਨਹੀਂ ਜੁੜਿਆ। ਇਸ ਬਾਰੇ ਲਿਖਿਆ ਗਹੁ ਨਾਲ ਪੜ੍ਹਨਾ:
ਪੀੜ੍ਹੀ ਉੱਤੇ ਬੈਠੀ ਹੋਈ ਬਿਲਕੁਲ ਮਾਂ ਵਾਂਗੂ
ਸੂਤ ਸਮਝ ਅੱਖਰਾਂ ਨੂੰ ਰਹਿੰਦਾ ਹਾਂ ਅਟੇਰਦਾ
ਜੀਭ ਦੇ ਸੁਆਦਾਂ ਵਾਲੇ ਲੋਕ ਨਹੀਂ ਜਾਣਦੇ
ਕੈਸਾ ਸੀ ਸੁਆਦ ਟੁੱਕੇ ਭੀਲਣੀ ਦੇ ਬੇਰ ਦਾ
ਪੜ੍ਹਨ ਵਾਲੇ ਲੋਕਾਂ ਦੀ ਵੱਖਰੀ ਰੂਹ ਤੇ ਵੱਖਰਾ ਰੱਬ ਹੁੰਦਾ ਹੈ। ਮੇਰੇ ਗੁਰੂ ਨਰਿੰਦਰ ਸਿੰਘ ਕਪੂਰ ਸੇਵਾਮੁਕਤ ਹੋ ਕੇ ਵੀ ਲਿਖਣੋਂ ਨਹੀਂ ਹਟੇ। ਅਜਿਹੇ ਗੁਰੂ ਲੋਕ ਅਨੁਭਵ ਤੇ ਅਦਬ ਦੇ ਰਚਨਾਤਮਿਕ ਗ੍ਰੰਥ ਹਨ। ਇਨ੍ਹਾਂ ਲੋਕਾਂ ਨੂੰ ਸਿਮਰਣ ਵਾਂਗ ਪੜ੍ਹਿਆ ਜਾਂਦਾ ਹੈ। ਡਾ. ਰਤਨ ਸਿੰਘ ਜੱਗੀ ਦਾ ਤਪੱਸਵੀ ਕੰਮ ਧੜਕਦਾ ਹੈ। ਡਾ. ਰਵੀ ਦੇ ਬੋਲ ਅੱਜ ਵੀ ਹਵਾ ਵਿਚ ਗੂੰਜਦੇ ਹਨ। ਸਿਮਰਤੀਆਂ, ਸੰਗਰਾਮਾਂ ਤੇ ਸਦਾਚਾਰਾਂ ਵਰਗੇ ਇਹ ਲੋਕ ਪੜ੍ਹਨ ਵਾਲੇ ਉਤਸ਼ਾਹਵਰਧਕ ਮਿਸਾਲਾਂ ਸਿਰਜ ਗਏ। ਜਸਵਿੰਦਰ, ਮੱਖਣ ਤੇ ਮੈਂ ਆਨਰਜ਼ ਸਕੂਲ ਵਿਚ ਪੜ੍ਹਦੇ ਸਾਂ। ਰੋਟੀ ਖਾ ਕੇ ਦੁਪਹਿਰ ਨੂੰ ਜਦੋਂ ਬਹੁਤੇ ਲੋਕ ਸੌਣ ਨੂੰ ਫਿਰਦੇ ਹੁੰਦੇ, ਅਸੀਂ ਤਿੰਨੇ ਲਾਇਬਰੇਰੀ ਦੀ ਉਪਰਲੀ ਮੰਜ਼ਿਲ ’ਤੇ ਪੜ੍ਹਨ ਚਲੇ ਜਾਂਦੇ। ਫਿਰ ਸਤੀਸ਼, ਪਵਨ ਤੇ ਹੋਰ ਲੋਕ ਆ ਗਏ। ਪੜ੍ਹਨ ਦਾ ਮਾਨਵੀ ਮੁਕਾਬਲਾ ਹੁੰਦਾ ਸੀ ਸਾਡੇ ਵਿਚਕਾਰ। ਕੁਝ ਬਣਨ ਦੀ ਰੀਝ ਸੀ। ਕੁਝ ਹੋਣ ਦਾ ਸੁਪਨਾ ਸੀ। ਸੁਪਨੇ ਉਗਾਉਣ ਲਈ ਜ਼ਮੀਨ ਮਿਲ ਜਾਵੇ ਤਾਂ ਪੜ੍ਹਨ ਦੀ ਰਵਾਇਤ ਤੇ ਰੂਹ ਸਹੂਲਤਾਂ ਤੇ ਸਜਾਵਟਾਂ ਵਿਚੋਂ ਨਹੀਂ ਸਗੋਂ ਧੜਕਣਾਂ ਦੇ ਰਾਗਾਤਮਿਕ ਜਨੂੰਨ ਵਿਚੋਂ ਜੰਮਦੀ ਹੈ। ਰਵਾਇਤਾਂ ਤੇ ਰੂਹਾਂ ਉੱਜੜ ਜਾਣ ਤਾਂ ਅਦਾਰੇ ਖੰਡਰਾਤ ਹੋ ਜਾਂਦੇ ਹਨ। ਪੜ੍ਹਨ ਵਾਲਿਆਂ ਦੀ ਪੌਦ ਪੀੜ੍ਹੀ-ਦਰ-ਪੀੜ੍ਹੀ ਚਲਦੀ ਹੈ। ਜਿਵੇਂ ਦਾਬਾਂ ਲਾਈਦੀਆਂ ਹਨ। ਜਿਵੇਂ ਕਣਕ ਨੂੰ ਸਿੰਜੀਦਾ ਹੈ। ਫ਼ਰੀਦਕੋਟ ਕਾਲਜ ਮਿਲਿਆ ਨੌਕਰੀ ਲਈ। ਉੱਥੇ ਵੀ ਪੜ੍ਹਨ ਪੜ੍ਹਾਉਣ ਦੀ ਮਿਸਾਲੀ ਸੰਵੇਦਨਾ ਤੇ ਸ਼ਿੱਦਤ ਦੇਖਣ ਨੂੰ ਮਿਲੀ। ਚਾਹ ਪੀਣ ਵੇਲੇ ਵੀ ਬਹੁਤੀਆਂ ਗੱਲਾਂ ਪੜ੍ਹਨ ਬਾਰੇ ਹੁੰਦੀਆਂ। ਨਵੀਆਂ ਕਿਤਾਬਾਂ ਤੇ ਰਸਾਲਿਆਂ ਦੀ ਚਰਚਾ ਹੁੰਦੀ। ਇਸ ਚਰਚਾ ਵਿਚੋਂ ਹੀ ਮੈਨੂੰ ‘ਥੈਂਕ ਯੂ ਮਿਸਟਰ ਗਲਾਡ’ ਵਰਗੀ ਸੂਰਬੀਰ ਰਚਨਾ ਪੜ੍ਹਨ ਦੀ ਕਨਸੋਅ ਮਿਲੀ। ਸੁਪਨਸਾਜ਼ ਤੇ ਸੰਵਾਦਮੁਖੀ ਆਲਾ-ਦੁਆਲਾ ਪੜ੍ਹਨ ਲਈ ਆਕਰਸ਼ਿਤ ਕਰਦਾ ਹੈ। ਪੜ੍ਹਨ ਦੀ ਜਾਗ ਅੰਦਰੋਂ ਲੱਗਦੀ ਹੈ। ਪੜ੍ਹਨ ਦੀ ਜਾਗ ਲਗਾਉਣੀ ਬਹੁਤ ਔਖੀ ਹੈ। ਇਹ ਸਿੱਖੀ ਤੇ ਸਿਖਾਈ ਨਹੀਂ ਜਾ ਸਕਦੀ। ਅਜੋਕੇ ਫਾਰਮੂਲਿਆਂ ਤੇ ਫਹਿਰਿਸਤਾਂ ਦੇ ਯੁੱਗ ਵਿਚ ਅੰਦਰੂਨੀ ਜਾਗ ਦੀ ਸਿਨਫ਼ ਤੇ ਸਚਿਆਰਤਾ ਲਗਪਗ ਮੁੱਕਣ ਕਿਨਾਰੇ ਹੈ। ਪੜ੍ਹਨ ਦੇ ਗੁਰਮੰਤਰ ਤੇ ਗੁਰਿਆਈਆਂ ਬਾਜ਼ਾਰੂ ਹੋ ਗਈਆਂ ਹਨ। ਘਰਾਂ ਵਿਚ ਕਾਰਾਂ ਹਨ, ਟਰੈਕਟਰ ਹਨ, ਪੈਸਾ ਹੈ ਪਰ ਪੜ੍ਹਨ ਦੀ ਲਗਨ, ਲਿਆਕਤ ਤੇ ਲੋਅ ਕਿਸੇ ਨੁੱਕਰ ਵਿਚ ਵੀ ਨਹੀਂ ਮਿਲਦੀ। ਮਸੀਂ ਅਖ਼ਬਾਰ ਪੜ੍ਹਨ ਜੋਗੀ ਪੜ੍ਹਾਈ ਹੈ ਜਾਂ ਫਿਰ ਆਈਲੈਟਸ ਦੀ ਨਾਮੁਰਾਦ ਬਿਮਾਰੀ ਦਾ ਰੌਲਾ ਹੈ। ਪੜ੍ਹਨ ਲਈ ਸਵਾਰਥ ਨਹੀਂ, ਸੁਪਨੇ ਤੇ ਸਾਧਨਾਂ ਦੀ ਲੋੜ ਹੈ। ਸਾਡੇ ਘਰ ਆਈਲੈਟਸ ਕਰਨ ਲਈ ਆਈ ਰਿਸ਼ਤੇਦਾਰ ਲੜਕੀ ਕੁਝ ਮਹੀਨੇ ਠਹਿਰੀ। ਕੌਨਵੈਂਟ ਸਕੂਲ ਤੋਂ ਬਾਰਾਂ ਜਮਾਤਾਂ ਪੜ੍ਹੀ ਹੋਈ। ਕੈਨੇਡਾ ਜਾਣ ਦੀ ਲਾਲਸਾ ਜਾਗ ਪਈ। ਖ਼ੂਬ ਘੋਟੇ ਲਾਵੇ। ਪੜ੍ਹਨਾ ਹੱਡਾਂ ਵਿਚ ਨਹੀਂ ਸੀ। ਸੋਚੇ ਕਿਹੜੀ ਘੜੀ ਕੈਨੇਡਾ ਪਹੁੰਚ ਜਾਵਾਂ। ਅੱਜਕੱਲ੍ਹ ਮਾਪਿਆਂ ਨੂੰ ਵੀ ਕੈਨੇਡਾ ਦੇ ਸਵਰਗਮਈ ਸੁਪਨੇ ਆਉਂਦੇ ਹਨ। ਕੈਨੇਡਾ ਦੇ ਸੁਪਨਿਆਂ ਨੇ ਪੜ੍ਹਨ ਦੇ ਸੁਪਨੇ ਖੋਹ ਲਏ। ਗੁਰੂਆਂ ਦੀ ਧਰਤੀ ਵੀਰਾਨ ਹੋਣ ਨੂੰ ਫਿਰਦੀ ਹੈ। ਦੁਕਾਨਦਾਰੀਆਂ ਨੇ ਪੁੰਗਾਰ ਨੂੰ ਪੱਤਝੜ ਵਿਚ ਤਬਦੀਲ ਕਰ ਦਿੱਤਾ ਹੈ। ਹੁਣ ਹਰ ਖੇਤ, ਹਰ ਘਰ, ਹਰ ਸਕੂਲ ਤੇ ਹਰ ਅਦਾਰੇ ਵਿਚੋਂ ਕੈਨੇਡਾ ਦੀ ਫ਼ਸਲ ਉੱਗ ਰਹੀ ਹੈ। ਕੈਨੇਡਾ ਜੋਗਾ ਪੜ੍ਹਨ ਦੀ ਤੇਜ਼ ਦੌੜ ਨੇ ਪੜ੍ਹਨ ਦੀ ਉਡਾਣ ਤੇ ਊਰਜਾ ਦੇ ਖੰਭ ਕੁਤਰ ਦਿੱਤੇ ਹਨ। ਪੜ੍ਹਨਾ ਵਿਅਰਥ ਲੱਗਣ ਲੱਗ ਪਿਆ ਹੈ। ਪੜ੍ਹਨਾ ਭੋਰੇ ਵਿਚੋਂ ਕੀਤੀ ਲੰਬੀ ਤਪੱਸਿਆ ਵਾਂਗ ਹੈ। ਪੜ੍ਹਨ ਦੇ ਬੂਟੇ ਨੂੰ ਡਾਲਰ ਨਹੀਂ ਲੱਗਦੇ। ਸਾਡੇ ਮਾਂ-ਬਾਪ ਅਨਪੜ੍ਹ ਸਨ ਪਰ ਜ਼ਿੰਦਗੀ ਦੀ ਪੜ੍ਹਾਈ ਵਿਚ ਪਰਪੱਕ ਤੇ ਪੂਰੇ। ਅੱਜ ਦੇ ਪੜ੍ਹਾਕੂ ਹਰ ਪੱਖੋਂ ਕੋਰੇ ਤੇ ਕਾਗਜ਼ੀ ਨੇ। ਡਾਲਰਾਂ ਦੇ ਦੇਸ਼ ਜਾ ਕੇ ਅੰਗਰੇਜ਼ੀ ਬੋਲਣੀ ਸਿੱਖ ਲੈਣੀ ਹੀ ਕਾਫ਼ੀ ਨਹੀਂ। ਪੜ੍ਹਨ ਨਾਲ ਜ਼ਿੰਦਗੀ ਨੂੰ ਪੜ੍ਹਨਾ ਆਉਂਦਾ ਹੈ। ਪੜ੍ਹਨ ਨਾਲ ਸਰੀਰ ਤੰਦਰੁਸਤ ਤੇ ਤਾਜ਼ਗੀ ਭਰਪੂਰ ਰਹਿੰਦਾ ਹੈ। ਪੜ੍ਹਨਾ ਜੀਅ ਲਾਉਂਦਾ ਹੈ। ਪੜ੍ਹਨ ਨਾਲ ਖ਼ੁਦ ਨੂੰ ਪੜ੍ਹਨ ਦੀ ਸੋਝੀ ਆਉਂਦੀ ਹੈ। ਕਰੋਨਾ ਦੇ ਖ਼ੌਫ਼ਨਾਕ ਸਮੇਂ ਵਿਚ ਪੜ੍ਹਨ ਦੀ ਆਦਤ ਬੜੀ ਕੰਮ ਆਈ। ਲਗਾਤਾਰ ਪੜ੍ਹੀ ਜਾਣ ਦੀ ਰੀਤ ਨੇ ਆਸ ਬੁਝਣ ਨਾ ਦਿੱਤੀ। ਖ਼ੌਫ਼ ਤੋਂ ਬਚਣ ਦਾ ਸਭ ਤੋਂ ਕਾਰਗਰ ਤੇ ਕਰਮਸ਼ੀਲ ਸਹਾਰਾ ਪੁਸਤਕਾਂ ਬਣੀਆਂ।
ਖ਼ੌਫ਼ ਆਉਂਦਾ ਰਿਹਾ ਬਣ ਬਣ ਕੇ ਧਾੜਵੀ ਛੱਲਾਂ
ਅਸੀਂ ਪਰ ਕਰਦੇ ਰਹੇ ਪੁਸਤਕਾਂ ਦੇ ਨਾਲ ਗੱਲਾਂ
ਪੁਸਤਕਾਂ ਨਾਲ ਗੱਲਾਂ ਕਰਨਾ ਲੇਕਿਨ ਸੌਖਾ ਤੇ ਸਰਲ ਕਾਰਜ ਨਹੀਂ। ਅੰਦਰੂਨੀ ਸਹਿਜ ਤੇ ਸੰਵੇਦਨਾ ਦੇ ਨਿਰੰਤਰ ਅਭਿਆਸ ਨਾਲ ਪੁਸਤਕਾਂ ਨਾਲ ਦੋਸਤੀ ਹੁੰਦੀ ਹੈ ਜਿਸ ਸਦਕਾ ਦੁਨਿਆਵੀ ਦੋਸਤੀਆਂ ਦੀ ਲੋੜ ਤੇ ਸਮਝ ਜਾਗਰਿਤ ਹੁੰਦੀ ਹੈ। ਉਦਰੇਵੇਂ ਉਦਾਸੀਆਂ ਭੱਜਦੇ ਹਨ। ਤਨ ਮਨ ਨਿਰੋਗ ਰਹਿੰਦਾ ਹੈ। ਤਰੰਨੁਮ ਪੰਘਰਦਾ ਹੈ।
ਪੁਸਤਕਾਂ ਦਾ ਨੇੜ ਉਦਰੇਵੇਂ ਉਦਾਸੀਆਂ ਭਜਾਵੇ
ਪੁਸਤਕਾਂ ਦੇ ਨਿਹੁੰ ਵਿਚ ਬੰਦਾ ਮਾਨਵੀ ਹੋਣਾ ਚਾਹਵੇ
ਪੜ੍ਹਨ ਨਾਲ ਮਾਨਸਿਕ, ਬੌਧਿਕ ਤੇ ਸਰੀਰਕ ਤਾਕਤ ਮਿਲਦੀ ਹੈ। ਬੁਰਾਈਆਂ ਤੇ ਬਿਮਾਰੀਆਂ ਨੇੜੇ ਨਹੀਂ ਆਉਂਦੀਆਂ। ਪੜ੍ਹਨ ਦੀ ਘਟ ਰਹੀ ਰੁਚੀ ਅਜੋਕੀਆਂ ਬੇਦਿਲੀਆਂ, ਬੇਈਮਾਨੀਆਂ ਤੇ ਬਦੀਆਂ ਦੀ ਜੜ੍ਹ ਹੈ। ਡਿਗਰੀਆਂ ਦੀ ਪੜ੍ਹਾਈ ਦੇ ਨਾਲ ਨਾਲ ਪੜ੍ਹਨ ਦੀ ਅੰਦਰੂਨੀ ਰੁਚੀ ਵੀ ਵਿਕਸਿਤ ਹੋ ਜਾਵੇ ਤਾਂ ਤੁਸੀਂ ਚੰਗੇ ਮਨੁੱਖਵਾਦੀ ਅਧਿਆਪਕ, ਡਾਕਟਰ, ਪ੍ਰਸ਼ਾਸਕ ਤੇ ਕਰਮਚਾਰੀ ਬਣ ਸਕਦੇ ਹੋ। ਘਰਾਂ ਵਿਚ ਪੁਸਤਕਾਂ ਦਾ ਭੰਡਾਰ ਰੱਖੋ। ਸੋਫਿਆਂ ਬਰਤਨਾਂ ਦੀ ਥਾਂ ਪੁਸਤਕਾਂ ਨੂੰ ਜ਼ਿਆਦਾ ਅਹਿਮੀਅਤ ਦਿਓ। ਮੇਰੇ ਜ਼ਿਲ੍ਹੇ ਦੇ ਸੀਨੀਅਰ ਪੁਲੀਸ ਕਪਤਾਨ ਨੇ ਇੰਟਰਵਿਊ ਦਿੰਦਿਆਂ ਕਿਹਾ ਕਿ ਮੈਂ ਬਹੁਤ ਮੁਸ਼ਕਲਾਂ ਵਿਚ ਪੜ੍ਹਾਈ ਕੀਤੀ। ਮੇਰੇ ਕੋਲ ਰਜਾਈ ਨਹੀਂ ਸੀ। ਮੇਰੇ ਪਿਤਾ ਆਏ। ਉਹ ਮੈਨੂੰ ਫਰਸ਼ ’ਤੇ ਬਿਨਾ ਰਜ਼ਾਈ ਲੇਟੇ ਦੇਖ ਕੇ ਬਹੁਤ ਦੁਖੀ ਹੋਏ। ਮੈਂ ਕਿਹਾ, ਪਿਤਾ ਜੀ ਕਿਤਾਬਾਂ ਦਾ ਨਿੱਘ ਰਜਾਈ ਨਾਲੋਂ ਜ਼ਿਆਦਾ ਹੈ। ਪੜ੍ਹਨ ਨੂੰ ਇਸ਼ਟ ਤੇ ਇਮਾਨ ਸਮਝਣ ਵਾਲੇ ਅਜਿਹੇ ਲੋਕ ਹੀ ਮਹਾਨ ਰੁਤਬਿਆਂ ਤੇ ਰੂਹਾਂ ਦੇ ਮਾਲਕ ਬਣਦੇ ਹਨ। ਕਿਤਾਬਾਂ ਦਾ ਨਿੱਘ ਲਾਜਵਾਬ ਤੇ ਲਾਸਾਨੀ ਹੈ।
ਸੰਪਰਕ: 84377-88856