ਡਾ. ਅਮੀਆ ਕੁੰਵਰ
‘ਪਿਆਸ’ ਸਰਵਰਕ ਸਮੇਤ 15 ਸਫ਼ਿਆਂ ਵਿੱਚ ਸਮੋਈ ਸ਼ਾਇਰੀ ਆਦਿ-ਅਨਾਦਿ ਮਾਨਵ ਦੀ ਅੰਤਹੀਣ, ਅਥਾਹ, ਅਸੀਮ ਪਿਆਸ ਦੀ ਵਾਰਤਾ, ਬਿਰਤਾਂਤ ਹੈ। ਇਸ ਲੰਬੀ ਕਵਿਤਾ ਨੂੰ ਨਾਗਮਣੀ ਪ੍ਰਕਾਸ਼ਨ ਨੇ ਪਾਠਕਾਂ ਦੀ ਨਜ਼ਰ ਕੀਤਾ। ਅੰਮ੍ਰਿਤਾ ਪ੍ਰੀਤਮ ਨੇ ਬਹੁਤ ਸਾਰੀਆਂ ਨਵੀਂਆਂ ਅਤੇ ਵਧੀਆ ਕਲਮਾਂ ਨੂੰ ਆਪਣੇ ਰਸਾਲੇ, ਆਪਣੇ ਪ੍ਰਕਾਸ਼ਨ ਰਾਹੀਂ ਲੋਕਾਂ ਤੀਕ ਪਹੁੰਚਾਉਣ ਦਾ ਹੀਲਾ ਕੀਤਾ ਸੀ। ਇਹ ਅੰਮ੍ਰਿਤਾ ਪ੍ਰੀਤਮ ਵੱਲੋਂ ਆਪਣੇ ਪਸੰਦੀਦਾ ਲੇਖਕਾਂ ਨੂੰ ਪਛਾਣ ਦੇਣ ਦਾ ਇੱਕ ਪ੍ਰਯੋਗਸ਼ੀਲ ਉਪਰਾਲਾ ਸੀ ਕਿ ਉਨ੍ਹਾਂ ਨੇ 1970ਵਿਆਂ ਦੌਰਾਨ ਨਾਗਮਣੀ ਸੀਰੀਜ਼ ਤਹਿਤ ਇਕ ਰੁਪਏ ਵਿੱਚ ਵਡਮੁੱਲੀਆਂ ਅਤੇ ਵਧੀਆ ਕਿਰਤਾਂ ਪਾਠਕਾਂ ਸਾਹਮਣੇ ਲਿਆਉਣ ਦਾ ਬੀੜਾ ਚੁੱਕਿਆ। ਇਨ੍ਹਾਂ ਵਿੱਚ ‘ਦਿਓਲ’ ਦੀ ‘ਪਿਆਸ’ ਵੀ ਸ਼ਾਮਲ ਸੀ। ਇਸ ਸੀਰੀਜ਼ ਵਿੱਚ ਬਿਲਕੁਲ ਵੱਖਰੀ ਵੱਥ, ਭਾਸ਼ਾ, ਸ਼ੈਲੀ ਵਾਲੀਆਂ ਰਚਨਾਵਾਂ ਨੂੰ ਪਹਿਲ ਦਿੱਤੀ ਜਾਂਦੀ ਸੀ।
ਬਖ਼ਤਾਵਰ ਸਿੰਘ ਦਿਓਲ ਦੀ ‘ਪਿਆਸ’ ਅੰਤਹੀਣ, ਅਥਾਹ, ਅਸੀਮ ਪਿਆਸ ਦੀ ਗਾਥਾ ਹੈ। ਇਹ ਬਾਹਰ ਦੇ ਪਾਣੀਆਂ ਨਾਲ ਨਾ ਜੁੜ ਕੇ ਆਦਿ ਮਨੁੱਖ ਦੇ ਧੁਰ ਅੰਤਰ ਦੀ ਤ੍ਰਿਖਾ, ਤੇਹ ਦੀ ਬਾਤ ਪਾਉਂਦੀ ਹੈ… ਜਿਸ ਦੀ ਪਿਆਸ ਅਮੁੱਕ ਹੈ… ਧਰਤੀ ਦੇ ਪਾਣੀਆਂ ਵਿੱਚ ਉਹ ਵੁੱਕਤ ਨਹੀਂ ਜੋ ਉਸ ਦੀ ਪਿਆਸ ਨੂੰ ਮਿਟਾ ਸਕੇ। ਇਹ ਮੁੱਢ ਕਦੀਮੀਂ ਪਿਆਸ ਲਏ ਆਦਮ ਦੀ ਤ੍ਰੇਹ ਤੁਸ਼ਟ ਕਰਨ ਦੀ ਗਾਥਾ ਹੈ। ਇਹ ਕੰਮ ਤਾਂ ਮੁੱਢ ਕਦੀਮੀਂ ਨਾਰ/ਪ੍ਰਕਿਰਤੀ/ਧਰਤ ਹੀ ਕਰ ਸਕਦੀ ਹੈ… ਪਰ ਇਸ ਲੰਮੀ ਕਵਿਤਾ ਦਾ ਨਾਇਕ ਇਸ ਪੱਖੋਂ ਨਿਰਾਸ਼ ਹੈ। ਉਹ ਧੁੰਦਲਕਾ ਰੱਖਦਾ ਹੈ ਕਿ ਇਹ ਉਸ ਨਾਰ ਜਾਂ ਨਾਇਕਾ ਦੇ ਬੂਤੇ ਦੀ ਬਾਤ ਨਹੀਂ… ਇਹ ਪਿੱਤਰੀ ਸੱਤਾ ਦੀ ਸੋਚ ਹੈ ਜਾਂ ਪੁਰਖੀ ਨਜ਼ਰੀਆ, ਇਹ ਇੱਕ ਵੱਖਰੀ ਬਹਿਸ ਦਾ ਵਿਸ਼ਾ ਹੈ।
ਇਸ ਲੰਬੀ ਕਵਿਤਾ ਦੀ ਸ਼ੁਰੂਆਤ ਪ੍ਰਕਿਰਤੀ ਦੇ ਖ਼ੂਬਸੂਰਤ ਦ੍ਰਿਸ਼ ਬਿੰਬ ਨਾਲ ਹੁੰਦੀ ਹੈ, ਪਰ ਕਾਵਿ ਨਾਇਕ ਦੀ ਨੀਝ-ਕੁਦਰਤੀ ਬਣ ਰਹੇ ਪਰਛਾਵਿਆਂ, ਆਕਾਰਾਂ ਵਿੱਚੋਂ ਨਾਇਕਾ ਦੀ ਆਕ੍ਰਿਤੀ ਹੋਣ ਦਾ ਭੁਲੇਖਾ ਪਾਲਦੀ ਹੈ। ਇਸ ਆਕ੍ਰਿਤੀ ਨਾਲ ਉਹ ਕਈ ਇੰਦਰਿਆਵੀ, ਕਾਮੁਕ, ਰੁਮਾਂਟਿਕ ਬਿੰਬ ਜੋੜ ਲੈਂਦਾ ਹੈ। ਕਿਸੇ ਨਾਰੀ ਦੇ ਭਰ ਜੋਬਨੀ ਅੰਗਾਂ ਦਾ ਨਿਸ਼ੰਗ ਬਿਰਤਾਂਤ ਉਸਾਰਿਆ ਗਿਆ ਹੈ। ਇਸ ਦੇ ਬਾਵਜੂਦ ਕੁਝ ਬਿੰਬ ਅਸਲੋਂ ਨਿਵੇਕਲੇ, ਸੱਜਰੇ ਤੇ ਵਿੱਲਖਣ ਹਨ। ਮਸਲਨ- ਪੰਨਾ 3 ਉੱਤੇ ਦ੍ਰਿਸ਼ ਬਿੰਬ ਬਹੁਤ ਖ਼ੂਬਸੂਰਤ ਉਲੀਕਿਆ ਹੈ:
ਅੰਬਰ ਹੈ ਇੱਕ ਖੇਤ ਸਲੇਟੀ
ਅੰਬਰ ਦੇ ਵਿੱਚ ਧਾਨ ਬੀਜਿਆ
ਕਿਧਰੇ ਕਿਧਰੇ ਚਿੱਟੇ ਧੱਬੇ
ਟਾਂਵੇ ਵਿਰਲੇ ਤਾਰੇ ਉੱਗੇ
ਜੀਕਣ ਫੁੱਟ ਕਪਾਹ ਦੇ ਖਿੜ ਪਏ…
ਇੱਕ ਤੇਰੀ ਆਕ੍ਰਿਤੀ ਜੇਹੀ
ਫੁੱਟ ਕਪਾਹ ਦੇ ਚੁਗਦੀ ਫਿਰਦੀ
ਜਾਂ ਫਿਰ ਦਹੀਂ ਡੋਲ੍ਹ ਕੇ ਤੁਰ ਗਈ।
ਇਸੇ ਪੰਨੇ ਦੀਆਂ ਅੰਤਲੀਆਂ ਸਤਰਾਂ ਵਿੱਚ ਰੁਮਾਂਟਿਕ ਬਿੰਬ ਦੀ ਕੇਹੀ ਖ਼ੂਬਸੂਰਤ ਮਿਸਾਲ ਹੈ:
ਇਹ ਪ੍ਰਕਿਰਤੀ ਐਸਾ ਤੱਤਵ
ਸਰਦ ਹੋਵੇ ਤਾਂ ਅਗਨੀ ਬਾਲ਼ੇ
ਅੱਗ ਲਾਵੇ ਤਾਂ ਠੰਢ ਚਾ ਪੈਂਦੀ।
ਇਹ ਪ੍ਰਕਿਰਤੀ ਐਸੀ ਯੁਵਤੀ
ਨਹਾ ਬੈਠੇ ਤਾਂ ਮੱਚ ਮੱਚ ਉਠਦੀ
ਮੱਚ ਪੈਂਦੀ ਤਾਂ ਸ਼ਾਂਤ ਹੋ ਜਾਏ।
ਦਿਓਲ ਇਨ੍ਹਾਂ 15 ਸਫ਼ਿਆਂ ਵਿੱਚ ਪਰਾ-ਇਤਿਹਾਸ ਯੁੱਗ ਦੇ ਮਰਦ-ਔਰਤ ਵਿਚਲੇ ਸਬੰਧਾਂ, ਨੀਤੀਆਂ ਤੇ ਕਾਰ-ਵਿਹਾਰਾਂ ਨੂੰ ਉਲੀਕਦਿਆਂ, ਕਿੰਨੇ ਹੀ ਇਤਿਹਾਸਕ, ਮਿੱਥਕ ਕਾਲ ਵਿੱਚੋਂ ਲੰਘਦਾ, ਅਜੋਕੇ ਜੁੱਗ ਦੇ ਮਰਦ-ਨਾਰ ਵਿਚਲੇ ਰਿਸ਼ਤਿਆਂ ਦੇ ਸੂਖ਼ਮ ਤੇ ਸਥੂਲ ਅੰਤਰ ਦਰਸਾਉਂਦਾ, ਆਪਣੀ ਗੱਲ ਨੂੰ ਪ੍ਰਮਾਣਿਤ ਕਰਨ ਲਈ ਕਈ ਹਵਾਲੇ ਦਿੰਦਿਆਂ, ਪਿੱਤਰੀ ਸੱਤਾ ਜਾਂ ਇਉਂ ਕਹਿ ਲਵੋ ਮਰਦਾਵੀਂ ਸੋਚ ਦਾ ਹੁੰਗਾਰਾ ਭਰਦਿਆਂ ਅਜੋਕੀ ਔਰਤ ਦੀ ਨਿਖੇਧੀ ਕਰਦਾ ਹੈ ਜੋ ਕਦੇ ਮਰਦ ਨਾਲ ਸਹਿਜ ਅਵਸਥਾ ਵਿੱਚੋਂ ਲੰਘਦੀ ਹੋਈ, ਮਰਦ ਦੇ ਸਾਹਵਾਂ ਨਾਲ ਸਾਹ ਲੈਂਦੀ ਸੀ।
ਉਹ ਗੱਲ ਕਰਦਾ ਹੈ ਕਰੋੜ ਵਰ੍ਹੇ ਪਹਿਲਾਂ ਦੀ… ਜਦ ਸਦੀਵੀਂ ਮਰਦ ਤੇ ਸਦੀਵੀਂ ਨਾਰ ਨੂੰ ਕੱਜਣ ਵੀ ਨਹੀਂ ਜੁੜਿਆ ਸੀ। ਉਹ ਆਪਣੇ ਪ੍ਰਕਿਰਤਕ ਰੂਪ ਵਿੱਚ ਪੂਰੀ ਪਾਰਦਰਸ਼ਤਾ ਨਾਲ ਵਿਚਰਦੇ ਸਨ, ਆਪਣੇ ਸਮੁੱਚ ਨਾਲ ਇੱਕ ਦੂਜੇ ਨੂੰ ਸੁੱਚੀ ਭਾਵਨਾ ਨਾਲ ਸਮਰਪਿਤ ਸਨ। ਇਸ ਸਾਰੇ ਕਾਸੇ ਵਿੱਚ ਸਹਿਜ ਸੀ, ਸੁਹਜ ਸੀ- ਕੋਈ ਹਵਸ ਨਹੀਂ ਸੀ, ਹਾਬੜਾਪਣ ਨਹੀਂ ਸੀ… ਧੀਆਂ ਪੁੱਤਰ ਵੀ ਇੰਜ ਹੀ ਅਣ-ਕੱਜੇ, ਨਿਰਵਸਤਰ ਵਿਚਰਦੇ ਸਨ। ਪਰ ਆਦਿ-ਮਰਦ ਉਦੋਂ ਪੂਰਿਆਂ ਤੋਂ ਵੀ ਵੱਧ ਪੂਰਾ ਜਿਉਂਦਾ ਸੀ, ਮਹਿਸੂਸਦਾ ਸੀ ਕਿਉਂਕਿ ਇਸ ਅਣਕੱਜੀ ਦੇਹ, ਦੇਹੀ ਅੰਦਰ ਸਮਤਲਤਾ ਸੀ, ਸੁਰ ਸੀ, ਸਰਲ ਸੁਆਦ ਸੀ, ਸੁਬਲ ਤੇ ਸਨਮੁੱਖ ਸੀ… ਇਹ ਅਨੁਪ੍ਰਾਸ ਅਲੰਕਾਰ ਦੀ ਬਹੁਤ ਸੁੰਦਰ ਉਦਹਾਰਣ ਹੈ:
ਆਪਣੇ ਅੰਦਰ ਸਮਤਲਤਾ, ਸੁਰ
ਸਰਲ, ਸੁਆਦ, ਸੁਬਲ, ਸਨਮੁੱਖ ਸੀ
ਆਪਣੇ ਅੰਦਰ ਜਿਨਾ ਬਲ ਸੀ,
ਓਨਾ ਹੀ ਬਾਹਰ ਦਾ ਡਰ ਸੀ। (ਪੰਨਾ 7)
ਪਰ ਤ੍ਰਾਸਦੀ ਉਦੋਂ ਵਪਾਰਦੀ ਹੈ ਜਦ ਆਦਿ ਮਨੁੱਖ ਸਭਿਅ ਹੋਣਾ ਲੋਚਣ ਲੱਗਦਾ ਹੈ। ਜਿੱਥੇ ਪਹਿਲਾਂ ਉਸ ਨੂੰ ਕੁਦਰਤ ਦੇ ਕਹਿਰਾਂ, ਜ਼ਿਆਦਤੀ ਦਾ ਖ਼ੌਫ਼ ਨਹੀਂ ਸੀ, ਉਨ੍ਹਾਂ ਤੋਂ ਬਚਣ ਦਾ ਗਿਆਨ ਨਹੀਂ ਸੀ ਪਰ ਹੁਣ ਉਹ ਪੌਣ, ਹਨੇਰੀ, ਮੀਂਹ, ਤੂਫ਼ਾਨ ਤੋਂ ਆਪਣੀ ਜ਼ਿੰਦਗਾਨੀ ਨੂੰ ਸੁਰੱਖਿਅਤ ਕਰਨ ਦੀ ਸੋਚਣ ਲੱਗਾ। ਗਰਭਵਤੀ ਹੋਣ ਮਗਰੋਂ ਉਸ ਦੀ ਆਦਿ-ਔਰਤ ਉੱਥੇ ਰਹਿਣ ਲੱਗੀ, ਬੱਚਿਆਂ ਦੇ
ਡਾ. ਅਮੀਆ ਕੁੰਵਰ
ਦ੍ਰਿਸ਼ਟੀਕੋਣਨਾਲ ਉਹ ਰਹਿੰਦੀ ਅਤੇ ਮਰਦ ਅਗਿਆਤ ਦਿਸ਼ਾਵਾਂ ਨੂੰ ਤੁਰ ਪੈਂਦਾ। ਬੱਚੇ ਮਾਂ ਦੇ ਨਾਂ ਨਾਲ ਜਾਣੇ ਜਾਂਦੇ। ਪਰ ਫਿਰ ਜੰਗਲੀ ਜਨੌਰਾਂ ਤੋਂ ਬਚਾਉਣ ਲਈ ਪੱਥਰ ਤੇ ਲੱਕੜੀ ਦੇ ਹਥਿਆਰ ਘੜੇ ਤੇ ਹੁਣ ਹੌਲੀ-ਹੌਲੀ ਆਦਮ ਮਨੁੱਖਤਾ ਦੀ ਜੂਨੇ ਪਿਆ। ਲੱਕੜਾਂ, ਘਾਹ-ਫੂਸ ਨਾਲ ਘਰ ਬਣਾਇਆ। ਵਸੇਬਾ ਕੀਤਾ। ਮਰਦ ਔਰਤ ਕੇਲੇ ਦੇ ਚੌੜੇ ਪੱਤਿਆਂ ਨਾਲ ਆਪਣੇ ਅੰਗਾਂ ਨੂੰ ਕੱਜ ਸਭਿਅ ਹੋਣ ਲੱਗੇ। ਇੱਥੋਂ ਹੀ ਦੁਚਿੱਤੀ ਦਾ ਸਫ਼ਰ ਸ਼ੁਰੂ ਹੁੰਦਾ ਹੈ ਕਿ ਦੋਵੇਂ ਇੱਕ-ਦੂਜੇ ਪ੍ਰਤੀ ਤੌਖ਼ਲਿਆਂ ਨਾਲ ਭਰ ਜਾਂਦੇ ਹਨ। ਇਸ ਨਵੇਂ ਵੇਸ ਵਿੱਚ ਅਜਨਬੀਕਰਨ ਦਾ ਰੂਪਾਂਤਰਨ ਵਾਪਰਦਾ ਹੈ।
ਜਿਉਂ-ਜਿਉਂ ਕਵਿਤਾ ਸਿਖ਼ਰ ’ਤੇ ਆਉਂਦੀ ਹੈ- ਸਥੂਲਤਾ ਤੋਂ ਸੂਖ਼ਮਤਾ ਅੰਦਰ ਦਾਖ਼ਲ ਹੁੰਦੀ ਹੈ। ਸ਼ਾਇਰ ਆਧੁਨਿਕ ਕਾਲ ਦੀ ਦੇਹੀ ਬਾਰੇ ਯਥਾਰਥਕ ਪੇਸ਼ਕਾਰੀ ਕਰਦਾ ਹੈ:
ਅਸੀਂ ਕਬੀਲਦਾਰੀ ਬੀੜੀ
ਪਿੰਡ ਗਰਾਂ ਤੇ ਨਗਰ ਵਸਾਏ (ਪੰਨਾ-9)
ਪਰ ਇਹ ਮਗਰੋਂ ਹੋਇਆ, ਇਸ ਤੋਂ ਪਹਿਲਾਂ ਤਾਂ ਪੱਥਰ ਯੁੱਗ ਦੀ ਗਾਥਾ ਹੈ:
ਦੋ ਪੱਥਰਾਂ ਦੇ ਖਹਿਸਰ ਵਿੱਚੋਂ
ਅੱਗ ਦਾ ਇੱਕ ਅਜੂਬਾ ਲੱਭਾ
ਪਸ਼ੂ ਪੰਛੀਆਂ ਨੂੰ ਮਾਰ ਪਕੜ ਕੇ
ਅੱਗ ਦੇ ਅੰਦਰ ਭੁੰਨ ਕੇ ਖਾਧਾ
ਚਰਬੀ ਨਾਲ ਚਰਾਗ਼ ਜਲਾਏ
ਹੱਡਾਂ ਦੇ ਸ਼ਿੰਗਾਰ ਬਣਾਏ
ਚਮੜੀ ਪਹਿਨੀ, ਚਮੜੀ ਓੜ੍ਹੀ
ਚਮੜੀ ਦੇ ਵਿਛਾਵਣ ਕੀਤੇ
ਮ੍ਰਿਗਸ਼ਾਲਾ ਦੀ ਸੇਜ ਵਿਛਾਈ
ਉਸ ’ਤੇ ਨਵ-ਵਰ ਰਾਤ ਮਨਾਈ। (ਪੰਨਾ-9)
ਇੰਜ ਹੀ ਮਨੁੱਖ ਵਿਕਾਸ ਕਰਦਾ ਗਿਆ। ਹੁਣ ਇੱਕ ਦੂਜੇ ਨੂੰ ਲੀੜਿਆਂ ਵਿੱਚ ਬਣਨਾ-ਫੱਬਣਾ ਵੇਖਣਾ ਚੰਗਾ ਲੱਗਣ ਲੱਗਾ। ਪਰ ਇੱਥੋਂ ਹੀ ਸੰਤਾਪ ਵਪਾਰਦਾ ਹੈ। ਪਿੱਤਰੀ ਸੱਤਾ ਦਾ ਮੁੱਢ ਬੱਝਣ ਲੱਗਦਾ ਹੈ- ਜਦੋਂ ਕਾਵਿ ਨਾਇਕ ਮਰਦਾਵੀਂ ਹਉਮੈਂ ਨੂੰ ਇਉਂ ਸ਼ਬਦਾਂ ਦਾ ਬਾਣਾ ਪਹਿਨਾਉਂਦਾ ਹੈ:
ਨਿਤ ਦਾ ਇਕ ਸੁਭਾਉ ਬਣ ਗਿਆ
ਈਕਣ ਬੰਦਾ ਸਾਊ ਬਣ ਗਿਆ।
ਸਿਰਜਣ-ਧੁਨ ਵਿੱਚ ਆਪਣਾ ਆਪਾ
ਮੈਨੂੰ ਮੂਲੋਂ ਯਾਦ ਰਿਹਾ ਨਾ
ਮੈਂ ਹੋ ਤੁਰਿਆ ਬਹੁ ਵਿਸਥਾਰੀ-
ਤੇਰੇ ਤੋਂ ਵੰਸ਼ਜ ਪੋਸ਼ਨ ਦਾ
ਭਾਰ ਮੈਂ ਆਪਣੇ ਸਿਰ ’ਤੇ ਲੀਤਾ
ਤੈਨੂੰ ਘਰ ਦੀ ਰਾਣੀ ਕੀਤਾ
ਸੋਲਾਂ ਦੇ ਸੋਲਾਂ ਸ਼ਿੰਗਾਰਾਂ
ਨਾਲ ਸਜਾਈ ਦੇਹੀ ਤੇਰੀ।
ਬਹੁ-ਮੁੱਲੀ ਬਹੁ-ਭਾਂਤੀ ਤ੍ਰੀਮਤ (ਪੰਨਾ-10)
ਪਰ ਕਾਵਿ-ਨਾਇਕ ਨੂੰ ਲੱਗਦਾ ਹੈ ਕਿ ਉਸ ਨੇ ਔਰਤ ਨੂੰ ਲੋੜੋਂ ਵੱਧ ਦੇ ਦਿੱਤਾ ਜਿਸ ਕਾਰਨ ਉਹ ਆਪੇ ’ਤੇ ਮੋਹਿਤ ਹੋਈ ਆਪਹੁਦਰੀ ਹੋਈ ਮਰਦਾਂ ਨੂੰ ਭਰਮਾਉਣ ਤੇ ਉਕਸਾਉਣ ਲੱਗ ਪਈ ਹੈ। ਨਾਇਕ ਦੇ ਮਨ ਵਿੱਚ ਸ਼ਿਕਵਾ ਪੈਦਾ ਹੁੰਦਾ ਹੈ ਕਿ ਜਿਸ ਔਰਤ ਹੋਂਦ ਨੇ ਉਸ ਦੀ ਰੂਹ ਨੂੰ ਉਕਸਾਇਆ ਸੀ, ਇਲਮ ਦੇ ਰਾਹੇ ਤੋਰਿਆ ਸੀ ਉਸੇ ਨੇ ਔਰਤ ਨੂੰ ਬੁਝਾਰਤ ਬਣਾ ਦਿੱਤਾ। ਗਿਆਨ ਨੇ ਦੁੱਖ ਨੂੰ ਜਨਮ ਦਿੱਤਾ। ਇਸ ਸਾਰੇ ਕੁਝ ਵਿੱਚ ਉਹ ਸੱਭਿਅਤਾ, ਇਲਮ ਤੇ ਔਰਤ ਜਾਤ ਤਿੰਨਾਂ ਨੂੰ ਇੱਕੋ ਜਿਹਾ ਦੋਸ਼ੀ ਗਰਦਾਨਦਾ ਹੈ। ਮਰਦ ਆਰਥਿਕ ਤੇ ਸਮਾਜਿਕ ਪੱਖੋਂ ਮਜ਼ਬੂਤ ਹੁੰਦਾ ਗਿਆ, ਬੌਧਿਕਤਾ ਨਾਲ ਭਰਦਾ ਗਿਆ। ਇਸ ਦੇ ਨਾਲ ਹੀ ਉਹ ਮਰਦਾਵੀਂ ਹਉਮੈਂ ਵਿੱਚ ਗ੍ਰਸਿਆ ਗਿਆ:
ਤੇਰਾ ਇਹ ਆਕ੍ਰਿਤਕ ਪ੍ਰਤਬਿਿੰਬ
ਮੈਂ ਆਪਣੇ ਅੱਖਰਾਂ ਵਿੱਚ ਘੜਿਆ
ਤੈਨੂੰ ਆਪਣੀ ਘਾੜਤ ਸੌਂਪੀ
ਚੱਜ, ਆਚਾਰ, ਗਿਆਨ ਅਰਪਿਆ
ਅਰਧੰਗੀਓਂ ਸਰਬੰਗੀ ਕੀਤਾ…
ਇੱਥੋਂ ਹੀ ਉਹ ਅਤ੍ਰਿਪਤੀ ਦਾ ਅਨੁਭਵ ਕਰਨ ਲੱਗਾ, ਅਸੰਤੁਸ਼ਟੀ ਵਿੱਚ ਘਿਰਨ ਲੱਗਾ:
ਕਰਦਿਆਂ ਆਖ਼ਰ ਥੱਕ ਜਾਈਦਾ
ਘੜਦਿਆਂ ਆਖ਼ਰ ਅੱਕ ਜਾਈਦਾ…
ਮੈਂ ਵੀ ਇੱਕ ਥਕਾਨ ਜਿਹੀ ਵਿੱਚ
ਇੱਕ ਦਿਨ ਚੂਰ ਸਵੈ ਨੂੰ ਪਾਇਆ।
ਥੱਕੀਆਂ-ਥੱਕੀਆਂ ਪਲਕਾਂ ਦੇ ਨਾਲ
ਆਪਣਾ ਚਾਰ ਚੁਫ਼ੇਰਾ ਟੋਹਿਆ
ਪਰ ਕਿੱਥੇ ਮੇਰੀ ਅਰਧੰਗਣੀ?
ਕਿਤੇ ਤੇਰਾ ਆਕਾਰ ਨਾ ਦਿਸਿਆ
ਮੇਰੇ ਮਨ ਦੀ ਸੁੰਨ-ਰੋਹੀ ਦਾ
ਕਿਤੇ ਵੀ ਅਗਲਾ ਪਾਰ ਨਾ ਦਿਸਿਆ।
ਕਾਵਿ ਨਾਇਕ ਨੂੰ ਜਾਪਦਾ ਹੈ ਕਿ ਜਿਵੇਂ ਉਸ ਦਾ ਉੱਦਮ, ਉਸ ਦੀ ਘਾਲਣਾ ਹੀ ਉਸ ਦੀ ਦੋਖੀ ਬਣ ਗਈ ਹੋਵੇ। ਜਿਵੇਂ ਕਿ ਇਨ੍ਹਾਂ ਸਤਰਾਂ ਤੋਂ ਜ਼ਾਹਿਰ ਹੁੰਦਾ ਹੈ:
ਮੈਂ ਜੋ ਇਲਮ ਹੁਨਰ ਸਭ ਘੜਿਆ
ਉਹ ਸਾਡੇ ਵਿਚਕਾਰ ਖੜ੍ਹਾ ਹੈ
ਮੇਰੀ ਘਾੜ, ਮੇਰੀ ਪ੍ਰਤਿਯੋਗੀ?
ਮੇਰੀ ਸਾਧ, ਮੇਰੀ ਹੀ ਬਾਧਾ?
ਮੇਰੇ ਨੈਣ ਸੌਂਦਰਯਵਾਦੀ
ਆਪਣੇ ਰੋਹ ਦੀ ਰਾਖ ਵਿੱਚ ਮੁੰਦੇ।
ਇਸ ਰਾਖ ਦੀ ਗਾਹੜੀ ਚਾਦਰ
ਚੀਰ ਚੀਰ ਕੇ ਲੱਭਾਂ ਤੈਨੂੰ
ਨੈਣ ਹਰਾਸੇ, ਹੋਂਠ ਪਿਆਸੇ
ਇਕ ਘੁੱਟ ਤੇਰਾ ਕਿੱਥੋਂ ਪਾਵਾਂ?
ਇੱਥੋਂ ਹੀ ਮਰਦ ਦੀ ਅਮੁੱਕ ਪਿਆਸ ਦੀ ਕਹਾਣੀ ਪਲਦੀ ਹੈ:
ਮੇਰੀ ਤ੍ਰਿਸ਼ਨਾ, ਮੇਰੇ ਪਿਆਲੇ
ਨਿੱਤ ਨਿੱਤ ਤ੍ਰੇਹ, ਤ੍ਰੇਹ ਨੂੰ ਪੀਂਦੀ
ਤ੍ਰੇਹ ਪੀ ਕੇ ਤਾਂ ਤ੍ਰੇਹ ਨਹੀਂ ਮਰਦੀ
ਅੱਗ ਖਾ ਕੇ ਅੱਗ ਨਹੀਂ ਬੁਝਦੀ
ਪਿਆਸੇ ਹੋਂਠ ਦੰਦਾਂ ਵਿੱਚ ਟੁੱਕਾਂ
ਪਿਆਸੀ ਅੱਖੀਂ ਦਿਸਹੱਦੇ ਤੱਕ
ਟੋਲਾਂ ਤੇਰੀ ਤਰੁਣ ਤਰਲਤਾ
ਮੈਂ ਅਚੇਤ, ਚੇਤ ਦਾ ਸੰਗਮ
ਚੇਤਾਂ ਤਾਂ ਮੈਂ ਅਗਨੀ ਹੋ ਜਾਂ। (ਪੰਨਾ-14)
ਇਸ ਕਵਿਤਾ ਦੀ ਪੜ੍ਹਤ ਕਰਦਿਆਂ ਰਹਿ-ਰਹਿ ਕੇ ਖ਼ਿਆਲ ਆਉਂਦਾ ਰਿਹਾ ਕਿ ਇਹ ਪੂਰੇ ਤੌਰ ’ਤੇ ਇਕ ਮਰਦ-ਮਾਹਣੂ ਦੀ ਸੋਚ ’ਤੇ ਉਸਰਿਆ ਖ਼ਿਆਲ ਹੈ। ਨਾਰੀਵਾਦੀ ਚਿੰਤਕਾਂ ਦੀ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ ਉਨ੍ਹਾਂ ਦਾ ਖ਼ਿਆਲ ਹੈ ਕਿ ਮਰਦ ਲਈ ਨਾਰੀ ਦੀਆਂ ਅੰਦਰੂਨੀ ਭਾਵਨਾਵਾਂ ਬਾਰੇ ਜਾਣਨਾ ਬੇਹੱਦ ਮੁਸ਼ਕਿਲ ਹੈ। ਦੋਵੇਂ ਹੀ ਇੱਕ-ਦੂਜੇ ਦੇ ਪੂਰਕ ਵੀ ਹਨ ਤੇ ਦੋਵਾਂ ਨੂੰ ਹੀ ਜਾਪਦਾ ਹੈ ਕਿ ਕਿਤੇ ਦੂਜਿਓਂ ਪਾਸਿਓਂ ਕੁਝ ਘਾਟ ਰਹਿ ਗਈ ਹੈ, ਕੁਝ ਊਣਾ ਹੈ, ਅੱਧਾ ਪੌਣਾ ਹੈ ਕਿਉਂਕਿ ਦੋਵਾਂ ਦੀਆਂ ਇੱਕ ਦੂਜੇ ਵੱਲੋਂ ਉਮੀਦਾਂ, ਆਸਾਂ, ਲੋਚਾਂ ਪੂਰੇ ਤੋਂ ਵੀ ਵੱਧ ਪੂਰਾ ਹੋਣਾ ਲੋਚਦੀਆਂ ਹਨ।