ਤ੍ਰੈਲੋਚਨ ਲੋਚੀ
ਐਸੇ ਵੀ ਕੁਝ ਲੋਕ ਨੇ ਹੁੰਦੇ,
ਜਦ ਵੀ ਚੇਤੇ ਆ ਜਾਂਦੇ ਨੇ।
ਦਿਲ ਦੇ ਵਿਹੜੇ ਫੁੱਲ ਨੇ ਖਿੜਦੇ,
ਸਾਹਾਂ ਨੂੰ ਮਹਿਕਾ ਜਾਂਦੇ ਨੇ!
ਜ਼ਿੰਦਗੀ ਵਿੱਚ ਮਿਲੇ ਬਹੁਤ ਹੀ ਪਿਆਰੇ ਤੇ ਖ਼ੂਬਸੂਰਤ ਲੋਕ ਤੁਹਾਡੇ ਚੇਤਿਆਂ ਵਿਚੋਂ ਕਦੇ ਵੀ ਮਨਫ਼ੀ ਨਹੀਂ ਹੁੰਦੇ। ਉਹ ਗਾਹੇ ਬਗਾਹੇ ਤੁਹਾਡੇ ਦਿਲ ਦੇ ਬੂਹੇ ’ਤੇ ਦਸਤਕ ਦਿੰਦੇ ਹੀ ਰਹਿੰਦੇ ਨੇ ਤੇ ਤੁਹਾਡੇ ਦਿਲ ਦੇ ਵਿਹੜੇ ਵਿਚ ਐਸੇ ਫੁੱਲ ਖਿੜਦੇ ਨੇ ਜੋ ਤੁਹਾਡੇ ਸਾਹਾਂ ਨੂੰ ਮਹਿਕਾ ਜਾਂਦੇ ਨੇ। ਤੁਸੀਂ ਝੂਮ ਉੱਠਦੇ ਹੋ ਤੇ ਗਾ ਉੱਠਦੇ ਹੋ। ਅੱਜ ਮੈਂ ਵੀ ਝੂਮ ਰਿਹਾ ਹਾਂ ,ਗਾ ਰਿਹਾ ਹਾਂ। ਮੇਰੇ ਦਿਲ ਦੇ ਬੂਹੇ ’ਤੇ ਕੁਝ ਉਨ੍ਹਾਂ ਹੀ ਪਿਆਰੀਆਂ ਰੂਹਾਂ ਨੇ ਦਸਤਕ ਦਿੱਤੀ ਹੈ।
ਕਾਫ਼ੀ ਸਮਾਂ ਪਹਿਲਾਂ ਮੈਂ ਤੇ ਮੇਰੀ ਜੀਵਨ ਸਾਥਣ ਸ਼ਰਨਜੀਤ ਮਸੂਰੀ ਗਏ ਸਾਂ। ਪਹਾੜਾਂ ਦੀ ਜ਼ਿੰਦਗੀ ਦਾ ਵੀ ਆਪਣਾ ਵੱਖਰਾ ਹੀ ਰੰਗ ਹੁੰਦਾ ਹੈ। ਉੱਥੋਂ ਦੀਆਂ ਠੰਢੀਆਂ ਠੰਢੀਆਂ ਤੇ ਚੰਚਲ ਮਸਤ ਹਵਾਵਾਂ ਹਰ ਕਿਸੇ ਦਾ ਮਨ ਮੋਹ ਲੈਂਦੀਆਂ ਨੇ। ਨਿੱਕੀ ਨਿੱਕੀ ਕਣੀ ਦਾ ਮੀਂਹ ਮਨ ਨੂੰ ਇੱਕ ਅਜੀਬ ਜਿਹਾ ਹੁਲਾਰਾ ਦੇ ਜਾਂਦਾ ਏ। ਪਰ ਮੈਨੂੰ ਮਸੂਰੀ ਦੀਆਂ ਖ਼ੂਬਸੂਰਤ ਵਾਦੀਆਂ ਦੇ ਨਾਲ ਨਾਲ ਜਿਨ੍ਹਾਂ ਲੋਕਾਂ ਨੇ ਬਹੁਤ ਹੀ ਆਕਰਸ਼ਿਤ ਕੀਤਾ, ਉਨ੍ਹਾਂ ਵਿੱਚ ਪਾਵਨ ਦੱਤ ਤੇ ਉਸ ਦਾ ਪਰਿਵਾਰ ਵੀ ਸੀ। ਕੁਝ ਲੋਕ ਅਜਿਹੇ ਹੁੰਦੇ ਨੇ ਜੋ ਪਹਿਲੀ ਮਿਲਣੀ ਵਿੱਚ ਹੀ ਤੁਹਾਨੂੰ ਆਪਣੇ ਆਪਣੇ ਲੱਗਣ ਲੱਗਦੇ ਨੇ। ਉਨ੍ਹਾਂ ਨੂੰ ਮਿਲ ਕੇ ਤੁਹਾਨੂੰ ਇਹ ਲੱਗਦਾ ਹੀ ਨਹੀਂ ਕਿ ਤੁਸੀਂ ਉਨ੍ਹਾਂ ਨੂੰ ਪਹਿਲੀ ਵਾਰ ਮਿਲ ਰਹੇ ਹੋ ਸਗੋਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਉਨ੍ਹਾਂ ਨਾਲ ਕੋਈ ਤੁਹਾਡਾ ਬਹੁਤ ਹੀ ਪਿਆਰਾ ਰਿਸ਼ਤਾ ਤੇ ਪੀਡੀ ਸਾਂਝ ਹੋਵੇ। ਪਾਵਨ ਦੱਤ ਤੇ ਉਸ ਦਾ ਪਰਿਵਾਰ ਵੀ ਉਸੇ ਸੂਚੀ ਵਿੱਚ ਸ਼ਾਮਿਲ ਹੈ। ਪਾਵਨ ਦੱਤ ਬਾਰੇ ਦੱਸ ਦਿਆਂ ਕਿ ਉਹ ਆਪਣੀ ਪਤਨੀ ਮਾਇਆ ਦੱਤ ਨਾਲ ਸਾਨੂੰ ਕਿੰਝ ਮਿਲਿਆ। ਮੈਂ ਤੇ ਸ਼ਰਨਜੀਤ ਇਕ ਕੈਫੇ ਵਿਚ ਬੈਠੇ ਠੰਢੀ ਠੰਢੀ ਸ਼ਾਮ ਦਾ ਆਨੰਦ ਕੌਫ਼ੀ ਦੇ ਗਰਮ ਗਰਮ ਪਿਆਲਿਆਂ ਨਾਲ ਮਾਣ ਰਹੇ ਸਾਂ। ਸਾਡਾ ਧਿਆਨ ਹੀ ਨਾ ਗਿਆ ਕਿ ਸਾਡੇ ਨਾਲ ਵਾਲੇ ਟੇਬਲ ’ਤੇ ਬੈਠਾ ਇੱਕ ਬਜ਼ੁਰਗ ਜੋੜਾ ਕੌਫ਼ੀ ਦੇ ਨਾਲ ਨਾਲ ਸਾਡੀਆਂ ਗੱਲਾਂ ਵੀ ਸੁਣ ਰਿਹਾ ਹੈ। ਅਸੀਂ ਪੰਜਾਬੀ ਵਿਚ ਆਪਣੀਆਂ ਖੁੱਲ੍ਹੀਆਂ ਡੁੱਲ੍ਹੀਆਂ ਗੱਲਾਂ ਕਰ ਰਹੇ ਸਾਂ। ਅਚਾਨਕ ਉਹ ਬਜ਼ੁਰਗ ਉੱਠਿਆ ਤੇ ਮੇਰੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਬੋਲਿਆ, ‘‘ਵਾਹ! ਤੁਸੀਂ ਪੰਜਾਬੀ ਹੋ! ਵਾਰੇ ਜਾਵਾਂ ਮੈਂ ਪੰਜਾਬੀਆਂ ਦੇ।’’ ਏਨਾ ਆਖ ਕੇ ਉਸ ਨੇ ਮੇਰਾ ਹੱਥ ਚੁੰਮ ਲਿਆ ਤੇ ਉਸ ਦੀ ਪਤਨੀ ਮਾਇਆ ਦੱਤ ਵੀ ਸਾਡੇ ਕੋਲ ਆ ਗਈ। ਉਸ ਨੇ ਮੇਰਾ ਸਿਰ ਪਲੋਸਣ ਤੋਂ ਬਾਅਦ ਸ਼ਰਨਜੀਤ ਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ। ਹੁਣ ਉਹ ਸਾਨੂੰ ਆਪਣੇ ਘਰ ਲਿਜਾਣ ਲਈ ਜ਼ੋਰ ਦੇਣ ਲੱਗੇ। ਅਸੀਂ ਦੁਚਿੱਤੀ ਵਿੱਚ ਸਾਂ, ਪਰ ਉਨ੍ਹਾਂ ਦੀ ਮੁਹੱਬਤ ਮੂਹਰੇ ਸਾਡੀ ਇੱਕ ਵੀ ਨਾ ਚੱਲੀ। ਨਿੱਕਾ ਜਿਹਾ, ਪਰ ਬੜਾ ਹੀ ਖ਼ੂਬਸੂਰਤ ਘਰ ਦੇਖ ਕੇ ਮੈਂ ਉਨ੍ਹਾਂ ਦੇ ਸੁਹਜ ਸਵਾਦ ਬਾਰੇ ਜਾਣ ਗਿਆ ਸਾਂ। ਕਾਰਨਰ ਵਿੱਚ ਪਏ ਇੱਕ ਮੇਜ਼ ’ਤੇ ਪੰਜਾਬੀ ਦੀਆਂ ਕੁਝ ਕਿਤਾਬਾਂ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ ਕਿ ਇੱਕ ਗ਼ੈਰ ਪੰਜਾਬੀ ਦੇ ਘਰ ਪੰਜਾਬੀ ਦੀਆਂ ਕਿਤਾਬਾਂ… ਕਮਾਲ ਹੈ। ਏਧਰ ਤਾਂ ਸਾਡੇ ਪੰਜਾਬੀਆਂ ਦੇ ਕਈ ਘਰਾਂ ਵਿੱਚ ਪੰਜਾਬੀ ਦਾ ਕੋਈ ਅਖ਼ਬਾਰ ਤੱਕ ਨਹੀਂ ਆਉਂਦਾ। ਪਾਵਨ ਦੱਤ ਦੇ ਘਰ ਪੰਜਾਬੀ ਦੀਆਂ ਖ਼ੂਬਸੂਰਤ ਕਿਤਾਬਾਂ ਦੇਖ ਕੇ ਮੈਨੂੰ ਆਪਣੇ ਲੋਕਾਂ ’ਤੇ ਤਰਸ ਜਿਹਾ ਵੀ ਆਇਆ। ਪਾਵਨ ਦੱਤ ਦਾ ਬੇਟਾ ਰੋਹਿਤ, ਉਸ ਦੀ ਪਤਨੀ ਰੌਸ਼ਨੀ ਤੇ ਉਨ੍ਹਾਂ ਦੇ ਪਿਆਰੇ ਪਿਆਰੇ ਬੱਚੇ ਰਾਹੁਲ ਤੇ ਅੰਬਿਕਾ ਵੀ ਸਾਡੇ ਨਾਲ ਜੁੜ ਕੇ ਬੈਠ ਗਏ।
ਉਹ ਠੰਢੀ ਠੰਢੀ ਸ਼ਾਮ ਖ਼ੂਬਸੂਰਤ ਗੱਲਾਂ ਨਾਲ ਹੋਰ ਵੀ ਖ਼ੂਬਸੂਰਤ ਹੋ ਗਈ। ਮੈਨੂੰ ਉਦੋਂ ਹੋਰ ਵੀ ਹੈਰਾਨੀ ਹੋਈ, ਜਦੋਂ ਪਾਵਨ ਦੱਤ ਨੇ ਦੱਸਿਆ ਕਿ ਉਹ ਵੀ ਕਦੇ ਕਦੇ ਪੰਜਾਬੀ ਵਿੱਚ ਕਵਿਤਾ ਲਿਖਦਾ ਹੈ। ਮੈਂ ਹੋਰ ਵੀ ਹੈਰਾਨ ਸਾਂ ਕਿ ਇੱਕ ਗ਼ੈਰ ਪੰਜਾਬੀ ਸ਼ਖ਼ਸ ਪੰਜਾਬੀ ਨੂੰ ਕਿੰਨਾ ਮੋਹ ਕਰਦਾ ਹੈ। ਉਸ ਨੇ ਦੱਸਿਆ ਕਿ 1955 ਤੋਂ ਲੈ ਕੇ 1975 ਤੱਕ ਉਹ ਅੰਮ੍ਰਿਤਸਰ ਰਿਹਾ ਹੈ। ਉਦੋਂ ਤੋਂ ਹੀ ਪੰਜਾਬੀ ਨਾਲ ਉਸ ਦਾ ਡਾਹਢਾ ਮੋਹ ਹੈ। ਅੰਮ੍ਰਿਤਸਰ ਰਹਿੰਦਿਆਂ ਪੰਜਾਬੀ ਦੇ ਕਈ ਅਦੀਬਾਂ ਨਾਲ ਉਸ ਦਾ ਮੇਲ ਜੋਲ ਸੀ। ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਉਸ ਨੇ ਥੋੜ੍ਹੀ ਥੋੜ੍ਹੀ ਪੰਜਾਬੀ ਸਿੱਖੀ ਤੇ ਫਿਰ ਪੰਜਾਬੀ ਵਿੱਚ ਮਾੜ੍ਹਾ ਮੋਟਾ ਲਿਖਣ ਵੀ ਲੱਗ ਪਿਆ। ਭਾਵੇਂ ਉਹ ਗ਼ੈਰ ਪੰਜਾਬੀ ਹੈ, ਫਿਰ ਵੀ ਉਹ ਆਪਣੇ ਘਰ ਵਿੱਚ ਪੰਜਾਬੀ ਬੋਲਦਾ ਹੈ, ਪੰਜਾਬੀ ਵਿੱਚ ਲਿਖਦਾ ਹੈ ਤੇ ਪੰਜਾਬੀ ਗੀਤ ਸੁਣ ਕੇ ਝੂਮ ਉੱਠਦਾ ਹੈ। ਉਸ ਨੇ ਮੈਥੋਂ ਵੀ ਗੀਤ, ਗ਼ਜ਼ਲਾਂ ਸੁਣੇ ਤੇ ਉਸ ਦਾ ਜੋਸ਼ ਦੇਖਣ ਵਾਲਾ ਸੀ। ਉਸ ਦੀ ਪਤਨੀ ਮਾਇਆ ਦੱਤ ਨੇ ਜਦੋਂ ਆਪਣੀ ਮਿੱਠੜੀ ਆਵਾਜ਼ ਵਿੱਚ ‘ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ… ਗਲੀਆਂ ਦੇ ਵਿੱਚ ਡੰਡ ਪਾਉਂਦੀਆਂ ਗਈਆਂ’ ਗੀਤ ਦੇ ਬੋਲ ਛੋਹੇ ਤਾਂ ਸਾਨੂੰ ਸੱਚੀਂਓਂ ਇੰਝ ਲੱਗਿਆ ਜਿਵੇਂ ਪ੍ਰਕਾਸ਼ ਕੌਰ ਹੀ ਸਾਡੇ ਸਾਹਮਣੇ ਗਾ ਰਹੀ ਹੋਵੇ। ਉਸ ਦੇ ਮਿੱਠੜੇ ਬੋਲ ਫਿਜ਼ਾ ਵਿੱਚ ਘੁਲ ਰਹੇ ਸਨ। ਪਾਵਨ ਦੱਤ ਆਪਣੇ ਪੋਤੇ ਪੋਤੀ ਨਾਲ ਨੱਚ ਰਿਹਾ ਸੀ, ਝੂਮ ਰਿਹਾ ਸੀ… ਕਿਆ ਕਮਾਲ ਦਾ ਬੰਦਾ ਹੈ ਉਹ।
ਪਾਵਨ ਦੱਤ ਪੁਰਾਣੇ ਕਵੀਆਂ ਨੂੰ ਯਾਦ ਕਰਕੇ ਬਹੁਤ ਹੀ ਭਾਵੁਕ ਹੋ ਗਿਆ। ਸ਼ਿਵ ਕੁਮਾਰ ਨਾਲ ਵੀ ਉਸ ਦੀ ਥੋੜ੍ਹੀ ਜਿਹੀ ਸਾਂਝ ਸੀ। ਫਿਰ ਕਿੰਨੀ ਹੀ ਦੇਰ ਉਹ ਪ੍ਰੋ. ਮੋਹਨ ਸਿੰਘ, ਨੰਦ ਲਾਲ ਨੂਰਪੁਰੀ ਤੇ ਅੰਮ੍ਰਿਤਾ ਪ੍ਰੀਤਮ ਬਾਰੇ ਗੱਲਾਂ ਕਰਦਾ ਰਿਹਾ। ਅੱਜ ਦੀ ਰਚੀ ਜਾ ਰਹੀ ਕਵਿਤਾ ਬਾਰੇ ਉਸ ਨੂੰ ਖ਼ਾਸ ਪਤਾ ਨਹੀਂ ਸੀ।
ਦੋਸਤੋ! ਸਾਨੂੰ ਪੰਜਾਬ ਵਿਚ ਵੱਸਦੇ ਪੰਜਾਬੀਆਂ ਨੂੰ ਪਾਵਨ ਦੱਤ ਜਿਹੇ ਖ਼ੂਬਸੂਰਤ ਇਨਸਾਨ ਤੋਂ ਕੁਝ ਸਬਕ ਤਾਂ ਲੈਣਾ ਬਣਦਾ ਹੈ… ਕਿ ਉਹ ਇੱਕ ਗ਼ੈਰ ਪੰਜਾਬੀ ਹੋ ਕੇ ਵੀ ਪੰਜਾਬੀ ਨੂੰ ਆਪਣੀ ਮਾਂ ਬੋਲੀ ਵਾਂਗ ਸਮਝਦਾ ਹੈ। ਅਜਿਹੇ ਲੋਕਾਂ ਨੂੰ ਸਿਜਦਾ ਕਰਨਾ ਬਣਦਾ ਹੈ। ਜਦੋਂ ਅਸੀਂ ਉਨ੍ਹਾਂ ਕੋਲੋਂ ਵਿਦਾ ਹੋਣ ਲੱਗੇ ਤਾਂ ਪਾਵਨ ਦੱਤ ਨੇ ਮੈਨੂੰ ਆਪਣੀ ਘੁੱਟਵੀਂ ਗਲਵੱਕੜੀ ਵਿੱਚ ਭਰ ਲਿਆ। ਹਨੇਰੇ ਵਿਚ ਵੀ ਮੈਂ ਦੇਖਿਆ ਕਿ ਪਾਵਨ ਦੱਤ ਦੀਆਂ ਅੱਖਾਂ ਵਿੱਚ ਪਾਣੀ ਸੀ। ਫਿਰ ਮਿਲਣ ਦਾ ਵਾਅਦਾ ਕਰਕੇ ਅਸੀਂ ਉੱਥੋਂ ਤੁਰ ਪਏ। ਜਦੋਂ ਮੈਂ ਪਿਛਾਂਹ ਮੁੜ ਕੇ ਦੇਖਿਆ ਤਾਂ ਉਹ ਸਾਰੇ ਉਦਾਸੇ ਜਿਹੇ ਚਿਹਰਿਆਂ ਨਾਲ ਹੱਥ ਹਿਲਾ ਰਹੇ ਸਨ।
ਸੰਪਰਕ: 98142-53315