ਰਵਿੰਦਰ ਰੁਪਾਲ ਕੌਲਗੜ੍ਹ
ਪਿੰਡ ਦੇ ਲੋਕਾਂ ਦੀ ਚੁੱਕ ਵਿੱਚ ਆ ਕੇ, ਅੱਕੇ ਹੋਏ ਮਿੰਦਰ ਸਿਹੁੰ ਨੇ ਇੱਕ ਦਿਨ ਸ਼ਹਿਰ ਰਹਿੰਦੇ ਆਪਣੇ ਦੋਵੇਂ ਛੋਟੇ ਭਰਾਵਾਂ ਨੂੰ ਸੁਨੇਹਾ ਭਿਜਵਾਇਆ ਕਿ ਉਹ ਆਉਣ ਵਾਲੀ ਕਿਸੇ ਵੀ ਛੁੱਟੀ ਵਾਲੇ ਦਿਨ ਉਸ ਨੂੰ ਪਿੰਡ ਮਿਲਣ ਜ਼ਰੂਰ ਆਉਣ। ਇਹ ਸੁਨੇਹਾ ਸੁਣ ਕੇ ਉਸ ਦੇ ਦੋਵੇਂ ਭਰਾਵਾਂ ਨੇ ਆਪਸ ’ਚ ਰਾਇ ਕਰਕੇ ਉਸੇ ਸੁਨੇਹੀਏ ਦੇ ਹੱਥ ਮੋੜਵਾਂ ਸੁਨੇਹਾ ਘੱਲ ਦਿੱਤਾ ਸੀ ਕਿ ਅਸੀਂ ਦੋਵੇਂ ਜਣੇ ਇਸੇ ਐਤਵਾਰ ਘਰ ਆ ਰਹੇ ਹਾਂ।
ਮਿੰਦਰ ਸਿਹੁੰ ’ਕੱਲਾ ਹੀ ਪਿੰਡ ਰਹਿੰਦਾ ਸੀ। ਉਸ ਦੇ ਦੋਵੇਂ ਭਰਾ ਸ਼ਹਿਰ ਵਿੱਚ ਸਰਕਾਰੀ ਨੌਕਰੀਆਂ ਕਰਦੇ ਸਨ। ਦੋਵੇਂ ਹੀ ਵਿਆਹੇ-ਵਰੇ ਸਨ ਪਰ ਮਿੰਦਰ ਦਾ ਹਾਲੇ ਤਾਈਂ ਵਿਆਹ ਨਹੀਂ ਸੀ ਹੋਇਆ। ਜਦੋਂ ਉਸ ਦਾ ਅਠਾਈ ਤੀਹ ਕੁ ਵਰ੍ਹਿਆਂ ਦੀ ਉਮਰ ਵਿੱਚ ਵਿਆਹ ਹੋਣ ਦਾ ਵਕਤ ਸੀ, ਐਨ ਓਸ ਵਕਤ ਉਨ੍ਹਾਂ ਦਾ ਪਿਉ ਰੱਬ ਨੂੰ ਪਿਆਰਾ ਹੋ ਗਿਆ ਸੀ। ਘਰ ਵਿੱਚ ਮਿੰਦਰ ਦੇ ਵੱਡਾ ਹੋਣ ਕਰਕੇ ਬਾਕੀ ਪਰਿਵਾਰ ਨੂੰ ਪਾਲਣ ਦੀ ਜ਼ਿੰਮੇਵਾਰੀ ਉਸ ਦੇ ਸਿਰ ਪੈ ਗਈ ਸੀ। ਉਸ ਦੇ ਪਿਤਾ ਦਾ ਸ਼ਹਿਰ ’ਚ ਇਮਾਰਤਾਂ ਬਣਾਉਣ ਦਾ ਚੰਗਾ ਵਧੀਆ ਕਾਰੋਬਾਰ ਚੱਲਦਾ ਸੀ, ਉਹ ਠੇਕੇ ਲੈਂਦਾ ਅਤੇ ਆਪਣੇ ਨਾਲ ਪੰਜ ਸੱਤ ਮਜ਼ਦੂਰ ਲਾ ਕੇ ਮਕਾਨਾਂ ਦੀ ਉਸਾਰੀ ਦਾ ਕੰਮ ਕਰਵਾਉਂਦਾ।
ਇੱਕ ਦਿਨ ਚੱਲਦੇ ਕੰਮ ਦੌਰਾਨ ਦੂਜੀ ਮੰਜ਼ਿਲ ਉੱਤੇ ਮਿਸਤਰੀਆਂ ਨੂੰ ਕੋਈ ਕੰਮ ਵਗੈਰਾ ਸਮਝਾਉਣ ਗਏ ਦਾ ਪੈੜ ਉੱਤੋਂ ਪੈਰ ਤਿਲ੍ਹਕਣ ਕਰਕੇ ਸਿੱਧਾ ਹੇਠਾਂ ਜ਼ਮੀਨ ਉੱਤੇ ਆ ਡਿੱਗਿਆ ਅਤੇ ਹਫ਼ਤਾ ਭਰ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਲੜਦਾ ਆਖ਼ਰ ਉਹ ਮੌਤ ਹੱਥੋਂ ਹਾਰ ਗਿਆ।
ਉਸ ਦੇ ਭੋਗ ਪੈਣ ਤੋਂ ਦੋ ਕੁ ਦਿਨ ਬਾਅਦ ਹੀ ਮਿੰਦਰ ਦੇ ਛੋਟੇ ਭਰਾ ਗਿੰਦਰ ਨੇ ਆਪਣੇ ਵੀਰ ਮਿੰਦਰ ਨੂੰ ਕਿਹਾ ਸੀ, ‘‘ਵੀਰ, ਮੈਂ ਤਾਂ ਹੁਣੇ ਹੁਣੇ ਡਾਕਟਰੀ ਦੀ ਪੜ੍ਹਾਈ ਸ਼ੁਰੂ ਕੀਤੀ ਐ, ਹੁਣ ਮੈਂ ਡਾਕਟਰ ਬਣਨ ਵਾਲਾ ਬਾਪੂ ਜੀ ਦਾ ਸੁਪਨਾ ਕਿਵੇਂ ਪੂਰਾ ਕਰਾਂਗਾ? ਉਹ ਤਾਂ ਸਾਨੂੰ ਅੱਧ ਵਿਚਕਾਰ ਛੱਡ ਕੇ ਚਲੇ ਗਏ ਹਨ।’’ ਉਸ ਦੇ ਇਹ ਦਰਦੀਲੇ ਬੋਲ ਸੁਣ ਕੇ ਮਿੰਦਰ ਨੇ ਉਸ ਨੂੰ ਘੁੱਟ ਕੇ ਆਪਣੇ ਨਾਲ ਲਾਉਂਦਿਆਂ ਕਿਹਾ, ‘‘ਗਿੰਦਰ ਤੂੰ ਫ਼ਿਕਰ ਨਾ ਕਰ। ਤੁਸੀਂ ਦੋਵੇਂ ਭਰਾ ਆਪੋ ਆਪਣੀ ਪੜ੍ਹਾਈ ਮਨ ਚਿੱਤ ਲਾ ਕੇ ਕਰੋ। ਥੋਡੀਆਂ ਫ਼ੀਸਾਂ ਉਵੇਂ ਹੀ ਭਰਵਾਈਆਂ ਜਾਣਗੀਆਂ ਜਿਵੇਂ ਬਾਪੂ ਜੀ ਭਰਵਾ ਰਹੇ ਸਨ। ਭਾਵੇਂ ਮੈਂ ਬਾਪੂ ਜੀ ਤਾਂ ਨਹੀਂ ਬਣ ਸਕਦਾ ਪਰ ਥੋਨੂੰ ਦੋਵੇਂ ਭਰਾਵਾਂ ਨੂੰ ਅੱਜ ਤੋਂ ਬਾਅਦ ਮੇਰੇ ਵੱਲੋਂ ਕਦੇ ਵੀ ਕੋਈ ਘਾਟ ਨਹੀਂ ਆਵੇਗੀ।’’
ਹੋਰ ਦੋ ਕੁ ਦਿਨਾਂ ਮਗਰੋਂ ਮਿੰਦਰ ਨੇ ਸ਼ਹਿਰ ਵਿੱਚ ਚੱਲਦੇ ਆਪਣੇ ਬਾਪੂ ਜੀ ਦੇ ਕੰਮ ਨੂੰ ਫੇਰ ਤੋਂ ਉਵੇਂ ਹੀ ਰੋੜ੍ਹ ਲਿਆ ਸੀ। ਭਾਵੇਂ ਉਸ ਨੂੰ ਇਸ ਕੰਮ ਦਾ ਬਹੁਤਾ ਤਜ਼ਰਬਾ ਤਾਂ ਨਹੀਂ ਸੀ, ਪਰ ਜਦੋਂ ਦਾ ਉਹ ਅੱਠਵੀਂ ਜਮਾਤ ਵਿੱਚੋਂ ਫੇਲ੍ਹ ਹੋਣ ਕਰਕੇ ਸਕੂਲੋਂ ਹਟ ਗਿਆ ਸੀ, ਉਦੋਂ ਤੋਂ ਉਸ ਦੇ ਬਾਪੂ ਜੀ ਉਸ ਨੂੰ ਕਦੇ ਕਦੇ ਆਪਣੇ ਨਾਲ ਕੰਮ ’ਤੇ ਲਿਜਾਇਆ ਕਰਦੇ ਸਨ ਜਿਸ ਕਰਕੇ ਉਹ ਇਸ ਕੰਮ ਦੀ ਥੋੜ੍ਹੀ ਬਹੁਤੀ ਜਾਣਕਾਰੀ ਜ਼ਰੂਰ ਰੱਖਦਾ ਸੀ। ਫੇਰ ਭਾਵੇਂ ਮੀਂਹ ਜਾਵੇ, ਭਾਵੇਂ ਹਨੇਰੀ ਚੱਲੇ, ਝੱਖੜ ਝੁੱਲੇ ਜਾਂ ਤਿੱਖੜ ਦੁਪਹਿਰਾ ਹੋਵੇ, ਉਸ ਨੇ ਆਪਣਾ ਆਪ ਭੁਲਾ ਕੇ ਆਪਣੇ ਭਾਈਆਂ ਖ਼ਾਤਰ ਦਿਨ ਰਾਤ ਇੱਕ ਕਰ ਕੇ ਮਿਹਨਤ ਕੀਤੀ। ਉਨ੍ਹਾਂ ਨੂੰ ਚੰਗਾ ਪੜ੍ਹਾ ਲਿਖਾ ਕੇ ਨੌਕਰੀਆਂ ਮਿਲਣ ਤੱਕ ਬਾਪੂ ਜੀ ਦੀ ਕਦੇ ਯਾਦ ਨਹੀਂ ਸੀ ਆਉਣ ਦਿੱਤੀ।
ਅਗਲੇ ਪੰਜ ਛੇ ਕੁ ਸਾਲਾਂ ਬਾਅਦ ਗਿੰਦਰ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ ਤਾਂ ਘਰ ਦੇ ਮੈਂਬਰਾਂ ਨੇ ਤਾਂ ਖ਼ੁਸ਼ ਹੋਣਾ ਹੀ ਹੋਣਾ ਸੀ, ਬਾਕੀ ਅੱਧੇ ਪਿੰਡ ਨੂੰ ਤਾਂ ਇਸ ਗੱਲ ਦਾ ਚਾਅ ਚੜ੍ਹ ਗਿਆ ਸੀ ਕਿ ਉਨ੍ਹਾਂ ਦਾ ਐਡੀ ਦੂਰ ਸ਼ਹਿਰ ਜਾ ਕੇ ਦਵਾਈ-ਬੂਟੀ ਲਿਆਉਣ ਵਾਲਾ ਝੰਜਟ ਖ਼ਤਮ ਹੋ ਗਿਆ। ਗਿੰਦਰ ਨੇ ਡਾਕਟਰ ਬਣ ਕੇ ਆਪਣੇ ਬਾਪੂ ਜੀ ਦਾ ਸੁਪਨਾ ਪੂਰਾ ਕਰ ਦਿੱਤਾ। ਉਹ ਹੁਣ ਡਿਊਟੀਓਂ ਘਰ ਆਉਂਦਾ ਤਾਂ ਘਰੇ ਪਿੰਡ ਦੇ ਲੋਕਾਂ ਦਾ ਤਾਂਤਾ ਲੱਗ ਜਾਂਦਾ। ਪਿੰਡ ਦੇ ਬਜ਼ੁਰਗ, ਔਰਤਾਂ ਅਤੇ ਬੱਚੇ ਦਵਾਈ ਲੈਣ ਅਕਸਰ ਆਉਂਦੇ ਰਹਿੰਦੇ ਸਨ। ਛੁੱਟੀ ਵਾਲੇ ਦਿਨ ਵੀ ਉਸ ਦੀ ਤਾਂ ਛੁੱਟੀ ਨਾ ਹੁੰਦੀ। ਡੇਢ ਦੋ ਕੁ ਸਾਲਾਂ ਬਾਅਦ ਉਸ ਦੇ ਨਾਲ ਕੰਮ ਕਰਦੀ ਇੱਕ ਡਾਕਟਰ ਨੇ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਥੋੜ੍ਹੀ ਦੇਰ ਬਾਅਦ ਤਾਂ ਉਹ ਪਿੰਡ ਆਉਂਦੇ ਜਾਂਦੇ ਰਹੇ, ਪਰ ਅੱਠ ਦਸ ਕੁ ਮਹੀਨਿਆਂ ਮਗਰੋਂ ਉਹ ਸ਼ਹਿਰ ’ਚ ਹੀ ਰਹਿਣ ਲੱਗ ਪਏ ਸਨ। ਫਿਰ ਪਿੰਡ ਦਾ ਗੇੜਾ ਘੱਟ ਵੱਧ ਹੀ ਲੱਗਦਾ। ਇੰਨੇ ਕੁ ਸਾਲਾਂ ’ਚ ਉਸ ਦੇ ਛੋਟੇ ਭਰਾ ਦੀਪ ਨੂੰ ਵੀ ਸਰਕਾਰੀ ਨੌਕਰੀ ਮਿਲ ਗਈ ਸੀ। ਉਸ ਨੂੰ ਸਰਕਾਰੀ ਨੌਕਰੀ ਮਿਲਣ ਕਰਕੇ ਕਿਸੇ ਸ਼ਹਿਰੀ ਰਿਸ਼ਤੇਦਾਰ ਨੇ ਉਸ ਦਾ ਵਿਆਹ ਇੱਕ ਵੱਡੇ ਸ਼ਹਿਰ ’ਚ ਪੜ੍ਹੀ ਲਿਖੀ ਸ਼ਹਿਰਨ ਕੁੜੀ ਨਾਲ ਕਰਵਾ ਦਿੱਤਾ। ਕੁਝ ਕੁ ਮਹੀਨਿਆਂ ਮਗਰੋਂ ਦੀਪ ਦੀ ਸ਼ਹਿਰਨ ਪਤਨੀ ਦਾ ਪੇਂਡੂ ਮਾਹੌਲ ਵਿੱਚ ਦਮ ਘੁੱਟਣ ਲੱਗਿਆ। ਉਹ ਪਿੰਡ ਵਿੱਚ ਰਹਿ ਕੇ ਖ਼ੁਸ਼ ਨਹੀਂ ਸੀ। ਭਾਵੇਂ ਮਾਂ ਦੇ ਤੁਰ ਜਾਣ ਪਿੱਛੋਂ ਮਿੰਦਰ ਦੋਵੇਂ ਜੀਆਂ ਨੂੰ ਪਿੰਡ ’ਚ ਆਪਣੇ ਕੋਲ ਹੀ ਰੱਖਣਾ ਚਾਹੁੰਦਾ ਸੀ, ਪਰ ਸ਼ਹਿਰਨ ਕੁੜੀ ਦੀਆਂ ਭਾਵਨਾਵਾਂ ਅੱਗੇ ਮਿੰਦਰ ਦੀ ਚੁੱਪ ਨੂੰ ਹੀ ਉਨ੍ਹਾਂ ਨੇ ਹਾਮੀ ਸਮਝ ਕੇ ਕੁਝ ਕੁ ਸਮੇਂ ਬਾਅਦ ਗਿੰਦਰ ਦੇ ਨੇੜੇ ਹੀ ਇੱਕ ਬਣਿਆ ਬਣਾਇਆ ਮਕਾਨ ਖਰੀਦ ਲਿਆ।
ਮਿੰਦਰ ਦੀ ਉਮਰ ਹੁਣ ਬਿਆਲੀ ਤਰਤਾਲੀ ਸਾਲਾਂ ਤੋਂ ਉਪਰ ਲੰਘ ਗਈ ਸੀ। ਓਧਰ ਸ਼ਹਿਰ ਵਿੱਚ ਸਿੱਧੀਆਂ ਉਸਾਰੀਆਂ ਵਾਲਾ ਕੰਮ ਵੀ ਘੱਟ ਹੋ ਗਿਆ ਸੀ। ਨਕਸ਼ਿਆਂ ਅਤੇ ਡਰਾਇੰਗਾਂ ਦੇ ਕੰਮਾਂ ਦੀ ਉਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ। ਉਸ ਦੇ ਕੰਮ ਨੂੰ ਕੰਪਿਊਟਰਾਂ ਵਾਲੇ ਅਤੇ ਅਤਿ ਆਧੁਨਿਕ ਸਾਜ਼ੋ-ਸਾਮਾਨ ਵਾਲੇ ਠੇਕੇਦਾਰਾਂ ਨੇ ਸੰਭਾਲ ਲਿਆ ਸੀ ਜਿਸ ਕਰਕੇ ਉਸ ਨੂੰ ਕੰਮ ਘੱਟ ਮਿਲਣ ਲੱਗਿਆ। ਕਦੇ ਮਿਲਦਾ, ਕਦੇ ਨਾ ਵੀ ਮਿਲਦਾ। ਮਜ਼ਦੂਰਾਂ ਨੂੰ ਤਾਂ ਨਿੱਤ ਦਿਹਾੜੀ ਦੀ ਲੋੜ ਹੁੰਦੀ ਹੈ। ਉਹ ਇੱਕ ਇੱਕ ਕਰਕੇ ਮਿੰਦਰ ਦੇ ਕੰਮ ਤੋਂ ਪਿੱਛੇ ਹਟਣੇ ਸ਼ੁਰੂ ਹੋ ਗਏ ਸਨ। ਫੇਰ ਉਸ ਦਾ ਸਾਰਾ ਕੰਮ ਧੰਦਾ ਚੌਪਟ ਹੋ ਗਿਆ ਸੀ। ਉਪਰੋਂ ਪੰਜਾਬ ਵਿੱਚ ਕਾਲੇ ਦੌਰ ਦੇ ਦਿਨਾਂ ਦੀ ਚੱਲੀ ਕਾਲੀ ਹਨੇਰੀ ਨੇ ਆਖ਼ਰ ਉਸ ਦਾ ਸ਼ਹਿਰ ਜਾਣਾ-ਆਉਣਾ ਵੀ ਛੁਡਾ ਦਿੱਤਾ ਸੀ। ਵਾਪਸ ਪਿੰਡ ਆ ਕੇ ਉਸ ਨੇ ਖੇਤੀਬਾੜੀ ਦੀ ਦੇਖ-ਭਾਲ ਕਰਨੀ ਸ਼ੁਰੂ ਕਰ ਦਿੱਤੀ। ਉਹ ਜ਼ਮੀਨ ਨੂੰ ਤਾਂ ਪਹਿਲਾਂ ਹੀ ਅੱਧ-ਵਟਾਈ ਉੱਤੇ ਦਿੰਦੇ ਸਨ। ਹੁਣ ਉਹ ਉਸ ਵਿੱਚੋਂ ਆਪਣੇ ਖਾਣ ਜੋਗੇ ਦਾਣੇ ਰੱਖ ਕੇ ਬਾਕੀ ਸ਼ਹਿਰ ਆਪਣੇ ਭਾਈਆਂ ਕੋਲ ਘੱਲ ਦਿੰਦਾ। ਘਰ ਵਿੱਚ ਉਸ ਕੋਲ ਹੁਣ ਕੰਮ-ਕਾਰ ਹੀ ਕੀ ਸੀ! ਆਪਣੀਆਂ ਆਪੇ ਹੀ ਪਕਾਉਣੀਆਂ, ਆਪੇ ਹੀ ਖਾ ਲੈਣੀਆਂ ਜਾਂ ਪਿੰਡ ਵਿੱਚ ਥੋੜ੍ਹਾ ਬਹੁਤਾ ਕਿਸੇ ਦਾ ਕੋਈ ਰਾਜ਼ਾ (ਮਿਸਤਰੀਆਂ ਵਾਲਾ) ਕੰਮ ਹੁੰਦਾ, ਉਹ ਕਰ ਕੇ ਅਗਲੇ ਦੇ ਘਰ ਹੀ ਖਾ ਲੈਂਦਾ। ਉਹ ਆਪਣੇ ਖੁੱਲ੍ਹੇ-ਡੁੱਲੇ ਮਕਾਨ ਵਿੱਚ ਮਿੰਦਰ ਤੋਂ ਮਿੰਦਰ ਸਿਹੁੰ ਬਣਿਆ, ਹੁਣ ’ਕੱਲਾ ਹੀ ਘਰ ਵਿੱਚ ਮਸਤ ਰਹਿੰਦਾ ਸੀ।
ਜਦੋਂ ਉਹ ਘਰ ਵਿੱਚ ਕਦੇ ਅੱਕ ਥੱਕ ਜਾਂਦਾ ਤਾਂ ਸੱਥ ਵਿੱਚ ਚੱਲਦੀ ਤਾਸ਼ ਦੀ ਬਾਜ਼ੀ ਦੇਖਣ ਲਈ ਚਲਾ ਜਾਂਦਾ, ਪਰ ਸੱਥ ਵਿੱਚ ਜਾ ਕੇ ਉਸ ਨੂੰ ਕਈ ਵਾਰ ਆਪਣੇ ਸਾਹਮਣੇ ਹੀ ਚੁਗਲ਼ੀਆਂ ਵਰਗੀ ਘੁਸਰ-ਮੁਸਰ ਵੀ ਸੁਣਨੀ ਪੈਂਦੀ। ਲੋਕ ਜਾਣਬੁੱਝ ਕੇ ਗੱਲਾਂ ਕਰਦੇ ਕਿ ਇਸ ਦੇ ਭਾਈਆਂ ਨੇ ਇਸ ਦਾ ਕੀ ਗੁਣ ਜਾਣਿਆ ਜਿਨ੍ਹਾਂ ਕਰਕੇ ਏਨੇ ਸਾਲ ਤਿਲ-ਤਿਲ ਕਰਕੇ ਮਰਿਐ, ਐਨੇ ਸਾਲ ਮਿੱਟੀਆਂ ਫੱਕ ਫੱਕ ਕੇ ਜੋੜਿਆ ਸਾਰਾ ਪੈਸਾ ਉਨ੍ਹਾਂ ਦੀਆਂ ਪੜ੍ਹਾਈਆਂ ਉੱਤੇ ਖਰਚ ਕਰ ਕੇ ਹੁਣ ਆਪ ਕੱਛਾਂ ਵਜਾਉਦਾ ਫਿਰਦੈ, ਅਗਲੇ ਬੇਰਾਂ ਵੱਟੇ ਨੀ ਪਛਾਣਦੇ, ਜੇ ਕੁਝ ਜੋੜ ਕੇ ਰੱਖਿਆ ਹੁੰਦਾ ਤਾਂ ਅੱਜ ਨੂੰ ਕੋਈ ਕੰਮ ਧੰਦਾ ਕਰ ਕੇ ਨਾ ਬੈਠਾ ਹੁੰਦਾ। ਢਾਣੀ ਵਿੱਚੋਂ ਹੀ ਕੋਈ ਜਣਾ ਉਸ ਨੂੰ ਕਹਿ ਵੀ ਦਿੰਦਾ, ‘‘ਮਿੰਦਰ ਸਿੰਹਾਂ ’ਕੱਲੇ ਨੂੰ ਕੌਣ ਪੁੱਛਦੈ ਬਈ? ਕੋਈ ਕਰੇਬਾ ਕਰੂਬਾ ਹੀ ਲਿਆ। ਬਿਮਾਰ ਪਏ ਬੰਦੇ ਕੋਲ ਕੋਈ ਤਾਂ ਪਾਣੀ ਧਾਣੀ ਦੇਣ ਵਾਲਾ ਚਾਹੀਦੈ। ਜੇ ਹੋਰ ਉਮਰ ਨਿਕਲ ਗਈ ਫੇਰ ਕਿਸੇ ਨੇ ਨਹੀਂ ਪੁੱਛਣਾ। ਹੁਣ ਤਾਂ ਹਾਲੇ ਮੌਕੈ।’’ ਮਿੰਦਰ ਇਨ੍ਹਾਂ ਗੱਲਾਂ ਦਾ ਜੁਆਬ ਤਾਂ ਦੇਣਾ ਜਾਣਦਾ ਸੀ ਪਰ ਉਹ ਜ਼ਿਆਦਾ ਚੁੱਪ ਹੀ ਰਹਿੰਦਾ।
ਸੱਥ ਵਿੱਚ ਬੈਠਿਆਂ ਇੱਕ ਦਿਨ ਸਰਪੰਚ ਦੇ ਛੋਟੇ ਭਰਾ ਮੇਲੂ ਫੁਕਰੇ ਨੇ ਮਿੰਦਰ ਨੂੰ ਕਿਹਾ, ‘‘ਵੱਡੇ ਵੀਰ, ਮੈਨੂੰ ਤੇਰੇ ਉੱਤੇ ਬਹੁਤਾ ਹੀ ਤਰਸ ਆਉਂਦੈ। ਜੇ ਤੂੰ ਕਹੇਂ ਤਾਂ ਮੈਂ ਤੈਨੂੰ ਆਪਣੀ ਵਿਧਵਾ ਹੋਈ ਸਾਲੀ ਦਾ ਕਰੇਵਾ ਨਾ ਲਿਆ ਦਿਆਂ? ਦੋਵੇਂ ਜੀਅ ਆਪਣੀਆਂ ਗਰਮਾ ਗਰਮ ਪਕਾ ਕੇ ਖਾਂਦੇ ਰਹਿਉ ਤੇ ਆਪਾਂ ਦੋਵੇਂ ਭਰਾ ਸਾਢੂ ਬਣ ਜਾਵਾਂਗੇ ਪਰ…।’’ ‘ਪਰ’ ਕਹਿ ਕੇ ਮੇਲੂ ਚੁੱਪ ਜਿਹਾ ਕਰ ਗਿਆ ਸੀ।
‘‘ਪਰ… ਕੀ? ਗੁਰਮੇਲ ਸਿੰਹਾ ਅੱਗੇ ਬੋਲ।’’ ਸੱਥ ਵਿੱਚ ਬੈਠੇ ਲੰਬੂ ਚਾਚੇ ਨੇ ਗੱਲ ਅੱਗੇ ਜਾਰੀ ਰੱਖਣ ਲਈ ਮੇਲੂ ਫੁਕਰੇ ਤੋਂ ‘‘ਪਰ’’ ਬਾਰੇ ਪੁੱਛਿਆ।
‘‘ਪਰ ਤਾਂ ਇਹ ਐ ਚਾਚਾ, ਜੇ ਮਿੰਦਰ ਵੀਰ ਜ਼ਮੀਨ ਅਤੇ ਘਰ ਆਪਣੇ ਨਾਂਅ ਲਗਵਾ ਲਵੇ ਜਿਸ ਦਾ ਇਹ ਅਸਲ ਹੱਕਦਾਰ ਵੀ ਐ। ਏਸ ਬੰਦੇ ਨੇ ਏਨੀਆਂ ਮਿਹਨਤਾਂ ਕਰ ਕੇ ਆਵਦੇ ਭਰਾਵਾਂ ਨੂੰ ਪੜ੍ਹਾਇਆ ਲਿਖਾਇਆ, ਨੌਕਰੀਆਂ ਦਿਵਾਈਆਂ। ਉਨ੍ਹਾਂ ਨੇ ਹੁਣ ਆਪਣੇ ਘਰ ਵੀ ਖਰੀਦ ਲਏ ਨੇ। ਨਾਲੇ ਉਨ੍ਹਾਂ ਵਾਪਸ ਮੁੜ ਕੇ ਵੀ ਪਿੰਡ ਆਉਣਾ ਨਹੀਂ। ਇਹਨੇ ਵੀ ਸ਼ਹਿਰ ਜਾਣਾ ਨਹੀਂ। ਕਿੰਨਾ ਕਿੰਨਾ ਜ਼ੋਰ ਲਾ ਕੇ ਸਭ ਦੇ ਸਾਹਮਣੇ ਉਹ ਵਿਚਾਰੇ ਮੁੜ ਕੇ ਜਾਂਦੇ ਰਹੇ ਨੇ, ਪਰ ਇਸ ਨੇ ਵੀ ਪਿੰਡ ਵਿੱਚ ਰਹਿਣ ਵਾਲੀ ਆਵਦੀ ਸਹੁੰ ਨਹੀਂ ਤੋੜੀ। ਮੈਂ ਤਾਂ, ਤਾਂ ਕਰਕੇ ਕਹਿਨਾਂ ਚਾਚਾ, ਕੱਲ੍ਹ ਨੂੰ ਇਹਦੇ ਭਰਾ ਇਹਦਾ ਵਿਆਹ ਹੋਣ ਤੋਂ ਬਾਅਦ ਜ਼ਮੀਨ ਵੰਡਾਉਣ ਆ ਜਾਣ, ਭਾਵੇਂ ਕਿ ਇਸ ਦੇ ਭਾਈਆਂ ਨੇ ਜ਼ਬਾਨੀ ਕਲਾਮੀ ਤਾਂ ਇਸ ਨੂੰ ਕਹਿ ਰੱਖਿਐ ਬਈ ਜ਼ਮੀਨ ਤੇ ਘਰ ਦੋਵੇਂ ਤੇਰੇ ਨੇ ਹੁਣ, ਪਰ ਕਾਗਜ਼ੀ ਕਾਰਵਾਈ ਵੀ ਤਾਂ ਕੁਸ਼ ਮਾਅਨੇ ਰੱਖਦੀ ਐ। ਕਿਸੇ ਮਦਾਦ ਦੀ ਲੋੜ ਪਈ ਤਾਂ ਫਿਰ ਸਰਪੰਚ ਵੀਰ ਕਦ ਕੰਮ ਆਊ? ਵਿਆਹ ਮਗਰੋਂ ਇਨ੍ਹਾਂ ਦੇ ਵੰਡ ਵੰਡਾਰੇ ਤੋਂ ਬਾਅਦ ਉਹ ਵਿਚਾਰੀ ਏਥੇ ਆ ਕੇ ਫੇਰ ਦੁਖੀ ਹੋਊ। ਅਜਿਹੇ ਦੁੱਖਾਂ ਵਿੱਚੋਂ ਤਾਂ ਮੈਂ ਓਸ ਨੂੰ ਕੱਢਣਾ ਚਾਹੁੰਨਾ। ਜੇ ਉਨ੍ਹਾਂ ਆ ਕੇ ਆਵਦਾ ਹਿੱਸਾ ਲੈ ਲਿਆ, ਫੇਰ ਉਸ ਵਿਚਾਰੀ ਨੂੰ ਇਹ ਖਵਾਊ ਕਿੱਥੋਂ? ਨਾਲੇ ਚਾਚਾ, ਜੇ ਕਾਗਜ਼ੀ ਕਾਰਵਾਈ ਹੋਈ ਹੋਊ, ਫੇਰ ਕੋਈ ਡਰ ਨਹੀਂ ਹੁੰਦਾ।’’ ਉਸ ਨੇ ਇਹ ਗੱਲ ਕਹਿ ਕੇ ਲੰਬੂ ਚਾਚੇ ਤੋਂ ਵੀ ਆਪਣੀ ਗੱਲ ਦੀ ਪ੍ਰੋੜਤਾ ਕਰਵਾ ਲਈ ਸੀ।
ਜ਼ਮੀਨ ਅਤੇ ਘਰ ਆਪਣੇ ਨਾਂ ਲਗਵਾਉਣ ਵਾਲੀ ਗੱਲ ਸੁਣ ਕੇ ਇਕੇਰਾਂ ਤਾਂ ਮਿੰਦਰ ਸਿਹੁੰ ਸੁੰਨ ਜਿਹਾ ਹੋ ਗਿਆ। ਉਸ ਨੇ ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਹੋਣਾ ਕਿ ਸਾਡੇ ਭਾਈਆਂ ਵਿੱਚ ਕਦੇ ਇਉਂ ਵੀ ਹੋਊ ਜਿਹੜਾ ਜੱਗ ਜਹਾਨ ਉੱਤੇ ਹੁੰਦਾ ਆਉਂਦੈ। ਮੇਲੂ ਦੀ ਗੱਲ ਸੁਣ ਕੇ ਉਹ ਬਹੁਤੀ ਦੇਰ ਸੱਥ ਵਿੱਚ ਨਹੀਂ ਸੀ ਬੈਠ ਸਕਿਆ ਅਤੇ ਨੀਵੀਂ ਜਿਹੀ ਪਾ ਕੇ ਉਹ ਸੋਚਾਂ ਵਿੱਚ ਉਲਝਿਆ ਆਪਣੇ ਪੈਰ ਘੜੀਸਦਾ ਘਰ ਵੱਲ ਨੂੰ ਤੁਰ ਪਿਆ ਸੀ।
ਮੇਲੂ ਫੁਕਰੇ ਦੀ ਕਹੀ ਹੋਈ ਗੱਲ ਹੌਲੀ ਹੌਲੀ ਸਾਰੇ ਪਿੰਡ ਵਿੱਚ ਫੈਲ ਗਈ ਅਤੇ ਮਿੰਦਰ ਦੇ ਮਨ ਉੱਤੇ ਵੀ ਗਹਿਰਾ ਅਸਰ ਕਰ ਗਈ ਸੀ। ਸੱਥ ਵਿੱਚ ਬੈਠੇ ਮੇਲੂ ਦੇ ਬੋਲ ਉਸ ਦੇ ਕੰਨਾਂ ਵਿੱਚ ਵਾਰ ਵਾਰ ਆ ਕੇ ਟਕਰਾਉਣ ਲੱਗਦੇ, ‘‘ਅਖੇ ਗਰਮਾ ਗਰਮ ਪਕਾ ਕੇ ਖਾਂਦੇ ਰਹਿਉ।’’ ਫੇਰ ਕੀ ਸੀ, ਖੁੰਢਾਂ ’ਤੇ ਬੈਠਣ ਵਾਲੇ ਮੁੰਡੇ ਖੁੰਡਿਆਂ, ਸੱਥ ਦਰਵਾਜ਼ੇ ਬੈਠਣ ਵਾਲੇ ਬਜ਼ੁਰਗਾਂ ਤੋਂ ਇਲਾਵਾ ਪਿੰਡ ਦੀਆਂ ਬੁੜੀਆਂ, ਕੁੜੀਆਂ, ਨੂੰਹਾਂ, ਧੀਆਂ ਤੱਕ ਗੱਲ ਅੱਪੜ ਚੁੱਕੀ ਸੀ। ਫੇਰ ਤਾਂ ਸਾਰਾ ਪਿੰਡ ਹੀ ਜਿਵੇਂ ਉਸ ਨੂੰ ਸਮਝਾਉਣ ਲੱਗ ਪਿਆ ਹੋਵੇ। ਪਿੰਡ ਵਿੱਚੋਂ ਲੱਗਦੀਆਂ ਭਰਜਾਈਆਂ ਜਿੱਥੇ ਵੀ ਮਿੰਦਰ ਨੂੰ ਮਿਲਦੀਆਂ, ‘‘ਵੇ ਮਿੰਦਰਾ ਕਰਵਾ ਲੈ ਵੇ ਵਿਆਹ। ਹੁਣ ਤਾਂ ਅਗਲਾ ਆਪ ਕਹਿੰਦੈ। ਬਣ ਜਾ ਮੇਲੂ ਦਾ ਸਾਢੂ। ਹੁਣ ਤਾਂ ਮੌਕੈ। ਬਾਕੀ ਜ਼ਮੀਨ ਤਾਂ ਤੇਰੀ ਹੈਗੀਈਓ। ਬਸ ਤੈਂ ਆਵਦੇ ਨਾਂ ਹੀ ਕਰਵਾਉਣੀ ਐ। ਇਹਦੇ ਵਿੱਚ ਭਲਾ ਹਰਜ਼ ਵੀ ਕੀ ਐ ਤੈਨੂੰ?’’ ਕੋਈ ਕਹਿੰਦੀ, ‘‘ਤੇਰੇ ਭਾਈਆਂ ਨੇ ਤਾਂ ਸ਼ਹਿਰ ਵਿੱਚ ਘਰ ਤੱਕ ਖਰੀਦ ਰੱਖੇ ਨੇ। ਅਗਲੇ ਪੱਕੀਆਂ ਪਕਾਈਆਂ ਖਾਂਦੇ ਨੇ। ਤੂੰ ਏਥੇ ਆਵਦੇ ਹੱਥ ਸਾੜਦਾ ਫਿਰਦੈਂ। ਇਹੋ ਜਿਹੇ ਮੌਕੇ ਵਾਰ ਵਾਰ ਨਹੀਂ ਮਿਲਦੇ ਹੁੰਦੇ। ਖ਼ਬਰੇ ਤੇਰੇ ਭਾਗਾਂ ਨੂੰ ਹੀ ਵਿਧਵਾ ਹੋਈ ਐ ਵਿਚਾਰੀ।’’ ਪਿੰਡ ਦੀਆਂ ਚਾਚੀਆਂ, ਤਾਈਆਂ, ਭਰਜਾਈਆਂ ਅਕਸਰ ਹੀ ਉਸ ਨੂੰ ਸਮਝਾਉਣ ਲੱਗ ਜਾਂਦੀਆਂ।
ਗੁਆਂਢਣ ਭਰਜਾਈ ਉਸ ਨੂੰ ਇੱਕ ਦਿਨ ਸਮਝਾ ਰਹੀ ਸੀ, ‘‘ਵੇ ਆਹ ਚਾਰ ਕੁ ਚਿੱਟੀਆਂ ਲਟਾਂ ਦਾ ਕੀ ਐ ਮਿੰਦਰਾ! ਸੁਖ ਨਾਲ ਬਥੇਰੀਆਂ ਮਹਿੰਦੀਆਂ ਆਉਂਦੀਆਂ ਨੇ ਵਾਲ ਰੰਗਣ ਵਾਲੀਆਂ। ਬੰਦੇ ਦੀ ਜਵਾਨੀ ਮੁੜ ਆਉਂਦੀ ਐ।’’ ਪਰ ਪਿੰਡ ਵਿੱਚੋਂ ਇੱਕ ਦਿਆਲੋ ਨਾਂ ਦੀ ਬੋਬੋ ਸੀ। ਉਹ ਜਿੱਥੇ ਵੀ ਮਿੰਦਰ ਨੂੰ ਟੱਕਰਦੀ, ਸਿਰਫ਼ ਉਹੀ ਉਸ ਨੂੰ ਨਸੀਹਤਾਂ ਦਿੰਦੀ ਹੋਈ ਕਹਿੰਦੀ, ‘‘ਮਿੰਦਰਾ! ਦੇਖੀ ਕਿਤੇ ਮੇਲੂ ਫੁਕਰੇ ਦੇ ਮਗਰ ਲੱਗ ਕੇ ਆਵਦੇ ਪੁੱਤਾਂ ਵਰਗੇ ਭਾਈਆਂ ਨਾਲੋਂ ਟੁੱਟ ਕੇ ਨਾ ਬੈਠ ਜਾਈ। ਮੈਂ ਜਾਣਦੀ ਆਂ ਓਸ ਤੀਮੀ ਬਾਰੇ ਸਾਰਾ ਕੁਝ। ਤੂੰ ਉਹਨੂੰ ਘਰੇ ਲਿਆ ਕੇ ਆਵਦੀ ਜ਼ਮੀਨ ਤੋਂ ਵੀ ਹੱਥ ਧੋ ਬੈਠੇਂਗਾ। ਮੈਨੂੰ ਮੇਲੂ ਦੀ ਮਾਂ ਨੇ ਦੱਸਿਆ ਹੋਇਐ, ਸਭ ਕੁਝ ਓਸ ਤੀਮੀ ਬਾਰੇ। ਨਾਲੇ ਤੂੰ ਏਸ ਟੱਬਰ ’ਤੇ ਵਿਸ਼ਵਾਸ ਕਿਵੇਂ ਕਰ ਰਿਹੈਂ? ਸਾਰੇ ਪਿੰਡ ਨੂੰ ਪਾੜ ਕੇ ਤਾਂ ਇਹ ਟੱਬਰ ਸਰਪੰਚੀ ਘਰੋਂ ਨਹੀਂ ਜਾਣ ਦਿੰਦਾ। ਤੂੰ ਕੀ ਸੋਚਦੈਂ ਬਈ ਇਹ ਤੇਰਾ ਭਲਾ ਕਰ ਰਹੇ ਨੇ ਕੋਈ? ਐਵੇਂ ਭੁਲੇਖੇ ਨਾ ਪਾਲ਼। ਜੇ ਤੇਰਾ ਰਿਸ਼ਤਾ ਹੋਣਾ ਹੋਊ ਤਾਂ ਆਪੇ ਬਥੇਰਾ ਹੋ ਜਾਊ।’’ ਪਰ ਉਸ ਨੇ ਦਿਆਲੋ ਬੋਬੋ ਦੀ ਵੀ ਇੱਕ ਨਾ ਸੁਣੀ ਜਿਵੇਂ ਉਹ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਅੱਕਿਆ ਪਿਆ ਹੋਵੇ, ਆਖ਼ਰ ਉਹ ਜਾਵੇ ਤਾਂ ਕਿਧਰ ਜਾਵੇ? ਥੋੜ੍ਹੇ ਜਿਹੇ ਦਿਨਾਂ ਵਿੱਚ ਹੀ ਲੋਕਾਂ ਨੇ ਉਸ ਦਾ ਜੀਣਾ ਦੁੱਭਰ ਕਰ ਦਿੱਤਾ। ਭਾਵੇਂ ਮੇਲੂ ਫੁਕਰੇ ਦੀ ਕਹੀ ਹੋਈ ਗੱਲ ਖੂਹ ਵਿੱਚ ਸੁੱਟੀ ਹੋਈ ਇੱਟ ਵਰਗੀ ਸੀ, ਪਰ ਜਿਹੜਾ ਵੀ, ਜਿੱਥੇ ਵੀ ਉਸ ਨੂੰ ਟੱਕਰਦਾ ਉਸ ਕੋਲ ਇਸ ਗੱਲ ਤੋਂ ਇਲਾਵਾ ਹੋਰ ਕੋਈ ਗੱਲ ਹੀ ਨਾ ਹੁੰਦੀ। ਆਖ਼ਰ ਅਜਿਹੇ ਮਾਹੌਲ ਵਿੱਚ ਉਸ ਦਾ ਦਮ ਘੁੱਟਣ ਲੱਗਿਆ। ਅਖੀਰ ਉਸ ਨੇ ਗੁੱਸੇ ਵਿੱਚ ਆ ਕੇ ਇੱਕ ਦਿਨ ਅੱਕ ਚੱਬ ਹੀ ਲਿਆ। ਪਿੰਡੋਂ ਸ਼ਹਿਰ ਰੋਜ਼ ਦੁੱਧ ਪਾਉਣ ਜਾਂਦੇ ਮੀਕੇ ਗੁੱਜਰ ਦੇ ਹੱਥ ਸੁਨੇਹਾ ਭਿਜਵਾ ਦਿੱਤਾ ਕਿ ਗਿੰਦਰ ਹੋਰਾਂ ਨੂੰ ਜਾ ਕੇ ਕਹੀਂ ਬਈ ਆਵਦੀ ਕਿਸੇ ਵੀ ਛੁੱਟੀ ਵਾਲੇ ਦਿਨ ਮੈਨੂੰ ਪਿੰਡ ਮਿਲਣ ਜ਼ਰੂਰ ਆਉਣ, ਬੜਾ ਜ਼ਰੂਰੀ ਕੰਮ ਐ।
ਮੀਕੇ ਨੇ ਸ਼ਹਿਰੋਂ ਵਾਪਸ ਆ ਕੇ ਮਿੰਦਰ ਸਿਹੁੰ ਨੂੰ ਦੱਸਿਆ ਕਿ ਤੇਰੇ ਦੋਵੇਂ ਭਰਾ ਪਰਸੋਂ ਵਾਲੇ ਐਤਵਾਰ ਨੂੰ ਹੀ ਤੈਨੂੰ ਮਿਲਣ ਪਿੰਡ ਆ ਰਹੇ ਨੇ ਤਾਂ ਅਗਲੀ ਸਵੇਰ ਤੱਕ ਗੱਲ ਸਾਰੇ ਪਿੰਡ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਲੋਕ ਤਮਾਸ਼ਾ ਦੇਖਣ ਵਾਲੇ ਵੱਧ ਹੁੰਦੇ ਨੇ ਅਤੇ ਸਮਝਾਉਣ ਵਾਲੇ ਵਿਰਲੇ। ਗੱਲ ਉੱਡਦੀ ਉੱਡਦੀ ਦਿਆਲੋ ਬੋਬੋ ਕੋਲ ਵੀ ਪਹੁੰਚ ਗਈ ਸੀ। ਬੋਬੋ ਦੇ ਸਿਰ ਏਸ ਪਰਿਵਾਰ ਦੇ ਬੜੇ ਅਹਿਸਾਨ ਸਨ। ਮਿੰਦਰ ਦੇ ਬਾਪੂ ਠੇਕੇਦਾਰ ਮੋਹਨ ਸਿਹੁੰ ਨੂੰ ਵੀ ਉਸ ਨੇ ਆਪਣੇ ਹੱਥੀ ਪਾਲ਼ਿਆ ਹੋਇਆ ਸੀ। ਇਸੇ ਕਰਕੇ ਵੀ ਉਹ ਆਪਣੇ ਜਿਉਂਦੇ ਜੀਅ ਇਸ ਪਰਿਵਾਰ ਨੂੰ ਖੱਖੜੀਆਂ ਕਰੇਲੇ ਹੋਇਆ ਨਹੀਂ ਸੀ ਦੇਖਣਾ ਚਾਹੁੰਦੀ। ਗਿੰਦਰ ਹੋਰਾਂ ਦੇ ਪਿੰਡ ਆਉਣ ਦੀ ਗੱਲ ਸੁਣ ਕੇ ਉਸ ਨੂੰ ਮਿੰਦਰ ’ਤੇ ਗੁੱਸਾ ਚੜ੍ਹਨ ਲੱਗਿਆ ਜਿਸ ਨੇ ਉਸ ਦੀ ਇੱਕ ਨਹੀਂ ਸੀ ਸੁਣੀ ਅਤੇ ਫੁਕਰਿਆਂ ਮਗਰ ਲੱਗ ਕੇ ਆਪਣੇ ਵਿਆਹ ਦੇ ਘੋੜੇ ਭਜਾਉਣ ਲੱਗ ਪਿਆ। ‘‘ਮੈਂ ਚੜਾਉਂਨੀ ਆ ਪੁੱਤ ਤੈਨੂੰ ਘੋੜੀ ਠਹਿਰ ਜ਼ਰਾ…।’’ ਉਸ ਨੇ ਗੁੱਸੇ ਵਿੱਚ ਆਪਣੇ ਬੁੱਟ (ਦੰਦ) ਪੀਹੇ।
ਅੱਜ ਐਤਵਾਰ ਵਾਲੇ ਦਿਨ ਗਿੰਦਰ ਅਤੇ ਦੀਪ ਨੇ ਮਿੰਦਰ ਵੀਰ ਨੂੰ ਪਿੰਡ ਮਿਲਣ ਆਉਣਾ ਸੀ। ਦਿਆਲੋ ਬੋਬੋ ਉਨਾਂ ਨੂੰ ਸਵੇਰ ਤੋਂ ਹੀ ਫਿਰਨੀ ਉੱਤੇ ਬਣੀ ਹੋਈ ਘੜੁੱਕੇ ਵਾਲਿਆਂ ਦੀ ਕੋਠੀ ’ਚ ਬੈਠੀ ਉਡੀਕ ਰਹੀ ਸੀ। ਕੋਈ ਦੁਪਹਿਰ ਜਿਹੇ ਦੇ ਵਕਤ ਨੂੰ ਜਦੋਂ ਗਿੰਦਰ ਦੀ ਗੱਡੀ ਫਿਰਨੀ ਵਾਲੇ ਮੋੜ ਤੋਂ ਪਿੰਡ ਵੱਲ ਨੂੰ ਮੁੜੀ ਤਾਂ ਬੋਬੋ ਨੇ ਅੱਗੇ ਹੋ ਕੇ ਗਿੰਦਰ ਦੀ ਕਾਰ ਨੂੰ ਰੋਕਿਆ ਅਤੇ ਦੋ ਚਾਰ ਮਿੰਟਾਂ ਵਿੱਚ ਹੀ ਸਾਰੀ ਗੱਲ ਉਨ੍ਹਾਂ ਦੇ ਕੰਨਾਂ ਵਿਚਦੀ ਕੱਢ ਦਿੱਤੀ। ਉਹ ਦੋਵੇਂ ਭਾਈ, ਬੋਬੋ ਦੇ ਮੂੰਹੋ ਇਹ ਗੱਲ ਸੁਣ ਕੇ ਹੈਰਾਨ ਰਹਿ ਗਏ। ਜਦੋਂ ਗਿੰਦਰ ਗੱਡੀ ਸਟਾਰਟ ਕਰ ਕੇ ਤੁਰਨ ਲੱਗਿਆ ਤਾਂ ਬੋਬੋ ਦੀ ਪਿੱਛੋਂ ਆਵਾਜ਼ ਫੇਰ ਆਈ, ‘‘ਉਹ ਤਾਂ ਲੋਕਾਂ ਪਿੱਛੇ ਲੱਗ ਕੇ ਪਤਾ ਨਹੀਂ ਕਿਹੜੀਆਂ ਮਹਿੰਦੀਆਂ ਲਿਆ ਕੇ ਆਵਦੇ ਵਾਲ ਰੰਗਣ ਨੂੰ ਫਿਰਦੈ। ਊਂ ਮੈਂ ਉਹਦੇ ਵਿਆਹ ਦੀ ਦੋਖੀ ਨੀ, ਪਰ ਫੁਕਰੇ ਸ਼ਰੀਕਾਂ ਦੇ ਟੱਬਰ ਤੋਂ ਡਰ ਲੱਗਦੈ ਜਿਨ੍ਹਾਂ ਨੇ ਅੱਜ ਤੱਕ ਕਿਸੇ ਬਾਰੇ ਕਦੇ ਚੰਗਾ ਸੋਚਿਆ ਈ ਨੀ।’’ ਗਿੰਦਰ ਨੇ ਸੁਣ ਤਾਂ ਸਭ ਕੁਝ ਲਿਆ ਸੀ ਪਰ ਉਹ ਕੋਈ ਜੁਆਬ ਦਿੱਤੇ ਬਿਨਾਂ ਅੱਗੇ ਨਿਕਲ ਗਿਆ ਅਤੇ ਮੀਕੇ ਗੁੱਜਰ ਦਾ ਦਿੱਤਾ ਹੋਇਆ ਜ਼ਰੂਰੀ ਕੰਮ ਵਾਲਾ ਸੁਨੇਹਾ ਉਸ ਦੇ ਕੰਨਾਂ ਵਿੱਚ ਗੂੰਜਣ ਲੱਗਿਆ। ਘਰ ਵੱਲ ਜਾਣ ਵਾਲੀ ਗਲੀ ਮੁੜਦੇ ਦੇ ਅਚਾਨਕ ਮੂੰਹੋਂ ਨਿਕਲਿਆ, ‘‘ਮੈਨੂੰ ਲੱਗਦੈ ਦੀਪਿਆ ਸੁੱਖ ਨੀ ਸਾਧ ਦੇ ਡੇਰੇ। ਵੀਰ ਕੋਈ ਅੱਜ ਨਵਾਂ ਸਿਆਪਾ ਨਾ ਛੇੜ ਦੇਵੇ।’’ ਉਸ ਵਕਤ ਸ਼ਾਇਦ ਦੀਪੇ ਨੂੰ ਵੀ ਕੁਝ ਨਹੀਂ ਸੀ ਸੁੱਝ ਰਿਹਾ।
ਗਿੰਦਰ ਘਰੇ ਪਹੁੰਚਿਆ ਤਾਂ ਅੱਗੋਂ ਪਹਿਲਾਂ ਹੀ ਉਸ ਨੂੰ ਕਈ ਜਣੇ ਮਿਲਣ ਵਾਲੇ ਆਏ ਬੈਠੇ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਵਿੱਚੋਂ ਕਿਸੇ ਨੇ ਦਵਾਈ-ਬੂਟੀ ਵੀ ਲੈਣੀ ਸੀ, ਕਿਸੇ ਨੇ ਆਪਣੇ ਪੁਰਾਣੇ ਮਿੱਤਰ ਬੇਲੀ ਨੂੰ ਮਿਲਣਾ ਸੀ, ਗੱਡੀ ਖੜ੍ਹੀ ਕਰ ਕੇ ਗਿੰਦਰ ਅਤੇ ਦੀਪ, ਮਿੰਦਰ ਵੀਰ ਦੇ ਪੈਰੀਂ ਹੱਥ ਲਾ ਕੇ ਅਤੇ ਉਸ ਦਾ ਹਾਲ ਚਾਲ ਪੁੱਛ ਕੇ ਉਸ ਨੂੰ ਕਹਿ ਆਏ ਕਿ ਉਹ ਪਹਿਲਾਂ ਆਏ ਹੋੋਏ ਪਿੰਡ ਆਲੇ ਬੰਦਿਆ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਏਥੋਂ ਤੋਰ ਦੇਣ, ਆਪਾਂ ਠਹਿਰ ਕੇ ਗੱਲ ਕਰ ਲੈਂਦੇ ਹਾਂ।
ਉਸ ਵਕਤ ਮਿੰਦਰ ਪਰ੍ਹੇ ਟੋਕੇ ਵਾਲੀ ਮਸ਼ੀਨ ਕੋਲ ਧੁੱਪੇ ਮੰਜੀ ਡਾਹੀ ਪਿਆ ਸੀ। ਉਸ ਨੇ ‘‘ਠੀਕ ਐ’’ ਕਹਿ ਕੇ ਪਾਸਾ ਪਰਤਿਆ ਅਤੇ ਆਪ ਸੋਚਾਂ ਦੀ ਲੜੀ ਵਿਚ ਉਲਝ ਗਿਆ ਕਿ ਆਪਣੇ ਨਿੱਕੇ ਭਰਾਵਾਂ ਨਾਲ ਆਪਣੀ ਗੱਲ ਕਿੱਥੋਂ ਅਤੇ ਕਿਵੇਂ ਸ਼ੁਰੂ ਕੀਤੀ ਜਾਵੇ? ਉਪਰੋਂ ਆਪਣੇ ਹੀ ਵਿਆਹ ਦੀ ਗੱਲ ਕਰਨੀ ਕਿਹੜਾ ਸੌਖੀ ਹੁੰਦੀ ਐ ਕਿਸੇ ਨਾਲ? ਫੇਰ ਆਪਣੇ ਤੋਂ ਛੋਟਿਆਂ ਨਾਲ… ਤੋਬਾ ਤੋਬਾ।
ਇਉਂ ਹੀ ਸੋਚਾਂ ਵਿੱਚ ਉਲਝੇ ਹੋਏ ਨੂੰ ਘੰਟਾ, ਡੇਢ ਘੰਟਾ, ਆਖ਼ਰ ਦੋ ਘੰਟੇ ਵੀ ਬੀਤ ਗਏ। ‘ਬੈਠਕ ਅੰਦਰ ਬੈਠੇ ਗਿੰਦਰ ਹੋਰਾਂ ਦੀਆਂ ਅਜਿਹੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਮੁੱਕਣ ਵਿੱਚ ਹੀ ਨਹੀਂ ਆਉਂਦੀਆਂ?’ ਉਸ ਨੇ ਮਨਬਚਨੀ ਕੀਤੀ। ਸਿਆਲ਼ਾਂ ਦੇ ਛੋਟੇ ਦਿਨਾਂ ਨੂੰ ਬੀਤਣ ਨੂੰ ਕੀ ਲੱਗਦੈ। ਦੁਪਹਿਰ ਪਲਾਂ ਵਿੱਚ ਢਲ ਗਈ। ਆਥਣ ਨੇ ਦਸਤਕ ਦੇ ਦਿੱਤੀ। ‘ਦੇਖਾਂ ਤਾਂ ਸਹੀ, ਇਹ ਅੰਦਰ ਬੈਠੇ ਆਖ਼ਰ ਕਰਦੇ ਕੀ ਨੇ?’ ਇਉਂ ਸੋਚ ਕੇ ਉਹ ਮੰਜੀ ਉੱਤੇ ਪਿਆ ਪਿਆ ਯਕਦਮ ਝਟਕੇ ਜਿਹੇ ਨਾਲ ਉੱਠਿਆ। ਆਪਣੇ ਪੈਰੀਂ ਜੁੱਤੀ ਪਾਉਂਦਿਆਂ ਦੋਵੇਂ ਹੱਥਾਂ ਨਾਲ ਆਪਣੀ ਪੱਗ ਠੀਕ ਕਰਨ ਲੱਗੇ ਦੇ ਉਸ ਦੇ ਦੋਵੇਂ ਹੱਥ ਪੱਗ ਉੱਤੇ ਇਉਂ ਰੁਕ ਗਏ ਜਿਵੇਂ ਉਸ ਦੇ ਹੱਥਾਂ ਵਿੱਚੋਂ ਜਾਨ ਨਿਕਲ ਗਈ ਹੋਵੇ। ਉਸ ਨੂੰ ਯਕਦਮ ਖਿਆਲ ਆਇਆ ਕਿ ‘ਬਾਪੂ ਦੇ ਭੋਗ ਵਾਲੇ ਦਿਨ ਭਾਈਚਾਰੇ ਵਿੱਚ ਬੈਠ ਕੇ ਬੰਨ੍ਹੀ ਹੋਈ ਬਾਪੂ ਆਲੀ ਪੱਗ ਤੂੰ ਖ਼ੁਦ ਹੀ ਉਤਾਰਨ ਲੱਗ ਪਿਆ ਮਿੰਦਰ ਸਿੰਹਾਂ? ਹੁਣੇ ਹੀ ਬਾਪੂ ਆਲੀ ਜ਼ਿੰਮੇਵਾਰੀ ਤੋਂ ਭੱਜਣ ਲੱਗ ਪਿਐਂ? ਊਂ ਤੂੰ ਭਰਾਵਾਂ ਦਾ ਬਾਪੂ ਬਣਿਆ ਫਿਰਦੈਂ, ਭਲਾ ਬਾਪੂ ਵੀ ਕਦੇ ਆਵਦੇ ਕੋਲ ਜ਼ਮੀਨਾਂ ਰੱਖਦੈ ਹੁੰਦੈ? ਬਾਪੂ ਤਾਂ ਆਪਣੇ ਨਾਲਾਇਕ ਪੁੱਤ ਨੂੰ ਵੀ ਲਾਇਕਾਂ ਬਰਾਬਰ ਹਿੱਸਾ ਵੰਡ ਕੇ ਦੇ ਦਿੰਦੈ, ਫੇਰ ਇਹ ਤਾਂ ਤੇਰੇ ਲਾਇਕ ਪੁੱਤ ਨੇ ਜਿਨ੍ਹਾਂ ਨੇ ਤੇਰਾ ਹੀ ਨਹੀਂ ਸਗੋਂ ਤੇਰੇ ਪਿਤਾ ਜੀ ਦਾ ਵੀ ਨਾਂ ਰੌਸ਼ਨ ਕੀਤੈ।’ ਉਸ ਦੀ ਜ਼ਮੀਰ ਦੀ ਇਸ ਆਵਾਜ਼ ਨੇ ਉਸ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਉਸ ਨੂੰ ਦਿਆਲੋ ਬੋਬੋ ਦੇ ਕਹੇ ਹੋਏ ਬੋਲ ਵੀ ਯਾਦ ਆਏ, ‘‘ਦੇਖੀਂ ਕਿਤੇ ਮੇਲੂ ਫੁਕਰੇ ਦੇ ਮਗਰ ਲੱਗ ਕੇ ਆਪਣੇ ਪੁੱਤਾਂ ਵਰਗੇ ਭਾਈਆਂ ਨਾਲੋਂ ਟੁੱਟ ਕੇ ਨਾ ਬੈਠ ਜਾਵੀਂ।’’ ‘ਨਹੀਂ… ਨਹੀਂ… ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਜੇ ਮੇਰਾ ਵਿਆਹ ਨਾ ਹੋਇਆ, ਫੇਰ ਕਿਹੜੀ ਪਰਲੋ ਆ ਜਾਊ? ਜਿੱਥੇ ਏਨੀ ਬੀਤਗੀ ਆਪੇ ਬਾਕੀ ਦੀ ਵੀ ਲੰਘ ਜਾਊ।’ ਇਉਂ ਸੋਚ ਕੇ ਜਿਵੇਂ ਉਹ ਕਿਸੇ ਗੂੜ੍ਹੀ ਨੀਂਦ ਵਿੱਚੋਂ ਜਾਗਿਆ ਹੋਵੇ ਅਤੇ ਕਈ ਦਿਨਾਂ ਬਾਅਦ ਆਪਣੇ ਵਜੂਦ ਵਿੱਚ ਵਾਪਸ ਮੁੜਿਆ ਹੋਵੇ। ਸੁਰਤ ਠਿਕਾਣੇ ਆਉਣ ’ਤੇ ਉਹ ਸਹਿਜ ਨਾਲ ਸੋਚਣ ਲੱਗਿਆ, ‘ਹੈਂ! ਲੋਕਾਂ ਪਿੱਛੇ ਲੱਗ ਕੇ ਮੈਂ ਇਹ ਕੀ ਨਵਾਂ ਹੀ ਚੰਦ ਚੜ੍ਹਾਉਣ ਲੱਗਿਆ ਸੀ? ਉਹ ਜ਼ਮੀਨ ਅਤੇ ਇਹ ਮਕਾਨ ਆਵਦੇ ਨਾਂ ਕਰਵਾਉਣ ਨੂੰ ਫਿਰਦਾਂ, ਭਲਾ ਹੁਣ ਕਾਹਦੇ ਵਾਸਤੇ? ਮੈਂ ਆਪਣੇ ਨਿੱਕੇ ਭਰਾਵਾਂ ਨੂੰ ਪੜ੍ਹਾ ਲਿਖਾ ਕੇ ਨੌਕਰੀਆਂ ਦਿਵਾਈਆਂ, ਏਨੀ ਉੱਚੀ ਪੈੜ (ਪਦਵੀ) ਉੱਤੇ ਚੜ੍ਹਾ ਕੇ ਉਨ੍ਹਾਂ ਨੂੰ ਪੈਰਾਂ ਉੱਤੇ ਖੜ੍ਹਾ ਕੀਤੈ। ਹੁਣ ਲੋਕਾਂ ਦੇ ਕਹਿਣ ’ਤੇ ਉਨ੍ਹਾਂ ਕੋਲੋਂ ਸਾਰੀ ਜ਼ਮੀਨ ਹਥਿਆ ਕੇ, ਉਨ੍ਹਾਂ ਨੂੰ ਭੁੰਜੇ ਸੁੱਟਾਂ? ਇਹ ਮੈਂ ਆਪਣੇ ਭਾਈਆਂ ਖਾਤਰ ਚੰਗਾ ਨਹੀਂ ਸੋਚ ਰਿਹਾ? ਧੀਆਂ ਵਰਗੀਆਂ ਮੇਰੀਆਂ ਨਿੱਕੀਆਂ ਭਰਜਾਈਆਂ ਮੇਰੇ ਬਾਰੇ ਕੀ ਸੋਚਣਗੀਆਂ ਕਿ ਵੀਰ ਜੀ ਇਸ ਉਮਰ ਵਿੱਚ ਆ ਕੇ ਕਿਹੜੇ ਰਾਹ ਤੁਰ ਪਏ ਨੇ? ਇਹ ਹੁਣ ਜਿਸ ਪੈੜ ਉੱਤੇ ਖੜ੍ਹੇ ਹਨ, ਏਥੇ ਹੀ ਸੋਭਦੇ ਹਨ, ਏਨੇ ਵਰ੍ਹਿਆਂ ਤੋਂ ਇਨ੍ਹਾਂ ਨੂੰ ਆਪਣੇ ਮੋਢਿਆਂ ’ਤੇ ਚੁੱਕ ਕੇ ਖੜ੍ਹਾ ਹਾਂ ਸਗੋਂ ਇਨ੍ਹਾਂ ਨੂੰ ਹੋਰ ਉੱਚੇ ਚੜ੍ਹਾਉਣ ਲਈ ਮੈਨੂੰ ਤਾਂ ਪੈੜ ਨਾਲ ਬੰਨ੍ਹੇ ਹੋਏ ਰੱਸੇ ਵਾਂਗੂ ਹੋਰ ਵੱਧ ਮਜ਼ਬੂਤ ਬਣਨਾ ਚਾਹੀਦੈ ਜਿਹੜਾ ਫੱਟਿਆਂ ਸਮੇਤ ਕਈ ਹੋਰ ਜਣਿਆਂ ਦਾ ਵਜ਼ਨ ਚੁੱਕੀ ਰੱਖਦੈ। ਮੈਂ ਕਮਜ਼ੋਰ ਕਿਉਂ ਬਣਨ ਲੱਗਿਆ ਭਲਾ?’ ਆਪਣੇ ਆਪ ਵਿੱਚ ਉਹ ਸੁਆਲੋ-ਸੁਆਲ ਹੋਇਆ ਪਿਆ ਸੀ। ਇਉਂ ਸੋਚ ਕੇ ਉਹ ਸਹਿਜ ਨਾਲ ਉੱਠ ਕੇ ਬੈਠਕ ਵੱਲ ਤੁਰ ਪਿਆ।
ਬੈਠਕ ਅੰਦਰ ਬੈਠੇ ਤਮਾਸ਼ਬੀਨਾਂ ਨੇ ਉੱਚੀ ਉੱਚੀ ਬੋਲ ਕੇ ਹੁੱਲੜ ਮਚਾਇਆ ਪਿਆ ਸੀ। ‘ਠਹਾਕੇ ਮਾਰਦੇ ਹੋਏ ਦੁਪਹਿਰ ਦੇ ਅੰਦਰ ਬੈਠੇ ਇਹ ਹੁੱਲੜਬਾਜ਼ ਗਿੰਦਰ ਹੋਰਾਂ ਨੂੰ ਮਿਲਣ ਘੱਟ, ਸਾਡੇ ਤਿੰਨਾਂ ਭਾਈਆਂ ਦੇ ਜ਼ਮੀਨ ਦੇ ਵੰਡ ਵੰਡਾਰੇ ਵਾਲੇ ਤਮਾਸ਼ੇ ਨੂੰ ਦੇਖਣ ਲਈ ਵੱਧ ਆਏ ਬੈਠੇ ਨੇ,’ ਇਉਂ ਮਨਬਚਨੀ ਕਰਦਾ ਮਿੰਦਰ ਜਿਉਂ ਹੀ ਬੈਠਕ ਅੰਦਰ ਵੜਿਆ ਤਾਂ ਅੰਦਰ ਸੰਨਾਟਾ ਛਾ ਗਿਆ ਕਿਉਂਕਿ ਗਿੰਦਰ ਅਤੇ ਦੀਪ ਨੂੰ ਮਿਲਣ ਵਾਲੇ ਸਾਰੇ, ਮੇਲੂ ਫੁਕਰੇ ਦੇ ਹੀ ਯਾਰ ਬੇਲੀ ਸਨ। ਗਿੰਦਰ ਹੋਰੀਂ ਸਮਝ ਗਏ ਸਨ ਕਿ ‘ਹੁਣੇ ਕੋਈ ਕਜੀਆ ਖੜ੍ਹਾ ਹੋਣ ਵਾਲਾ ਹੈ, ਪਿੰਡ ਦੇ ਲੋਕਾਂ ਸਾਹਮਣੇ ਅੱਜ ਪਹਿਲੀ ਵਾਰ ਬੇਇੱਜ਼ਤੀ ਕਰੂ ਵੀਰਾ, ਅੱਗੋਂ ਕੁਝ ਕਹਿ ਵੀ ਨਹੀਂ ਸਕਦੇ।’ ਇਸੇ ਕਾਰਨ ਉਹ ਆਪਣੇ ਵੀਰ ਨਾਲ ਅੱਖਾਂ ਵੀ ਨਹੀਂ ਸੀ ਮਿਲਾ ਰਹੇ। ਆਪਣੇ ਆਪ ਉਨ੍ਹਾਂ ਦੀ ਨੀਵੀਂ ਪੈਂਦੀ ਜਾ ਰਹੀ ਸੀ, ਪਰ ਤਮਾਸ਼ਬੀਨ ਉਨ੍ਹਾਂ ਦਾ ਤਮਾਸ਼ਾ ਦੇਖਣ ਲਈ ਆਪੋ ਆਪਣੀਆਂ ਗਰਦਨਾਂ ਅਕੜਾਈ ਬੈਠੇ ਸਨ ਕਿ ਹੁਣੇ ਹੀ ਜ਼ਮੀਨ ਦੇ ਵੰਡ ਵੰਡਾਰੇ ਵਾਲਾ ਕੁੱਕੜ ਤਮਾਸ਼ਾ ਸ਼ੁਰੂ ਹੋਣ ਵਾਲਾ ਹੈ।
ਮਿੰਦਰ ਸ਼ਾਂਤ ਚਿੱਤ ਖੜ੍ਹਾ, ਬੜੇ ਪਿਆਰ ਨਾਲ ਹੌਲੀ ਜਿਹੀ ਬੋਲਿਆ, ‘‘ਗਿੰਦਰਾ, ਉਪਰੋਂ ਹਨੇਰਾ ਹੋਣ ਵਾਲਾ ਐ ਭਾਈ। ਹਾਲਾਤ ਵੀ ਬੜੇ ਨਾਜ਼ੁਕ ਨੇ। ਏਸ ਵਕਤ ਚੱਪੇ ਚੱਪੇ ’ਤੇ ਪੁਲਸ ਖੜ੍ਹੀ ਹੁੰਦੀ ਐ। ਦਹਿਸ਼ਤ ਦਾ ਮਾਹੌਲ ਐ। ਟੈਮ ਸਿਰ ਘਰੇ ਪਹੁੰਚੋ ਭਾਈ। ਘਰੇ ਬੱਚੇ ਵੀ ਉਡੀਕਦੇ ਹੋਣੇ ਨੇ ਵਿਚਾਰੇ, ਉਨ੍ਹਾਂ ਦਾ ਵੀ ਫਿਕਰ ਕਰੋ ਕੁਸ਼! ਥੋਡੀਆਂ ਗੱਲਾਂ ਤਾਂ ਰਾਤ ਤੱਕ ਮੁੱਕਣੀਆਂ ਈ ਨਹੀਂ,’’ ਉਸ ਨੇ ਆਪਣੇ ਭਰਾਵਾਂ ਨੂੰ ਅਪਣੱਤ ਭਰੇ ਲਹਿਜੇ ਵਿੱਚ ਸਮਝਾਉਂਦਿਆਂ ਕਿਹਾ।
ਮਿੰਦਰ ਦੇ ਮੂੰਹੋਂ ਇਹ ਪਿਆਰੇ ਬੋਲ ਸੁਣ ਕੇ ਗਿੰਦਰ ਅਤੇ ਦੀਪ ਦੀਆਂ ਗਰਦਨਾਂ ਮਾਣ ਨਾਲ ਗਿੱਠ ਉੱਚੀਆਂ ਹੋ ਗਈਆਂ। ਖ਼ੁਸ਼ੀ ਵਿੱਚ ਹੈਰਾਨ ਹੁੰਦੇ ਹੋਏ ਆਪਣੇ ਵੀਰੇ ਵੱਲ ਅਵਾਕ ਝਾਕਦੇ ਹੋਇਆਂ ਉਨ੍ਹਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਅਤੇ ਘਰ ਵਿੱਚ ਅੱਗ ਲਾਉਣ ਵਾਲੇ (ਡੱਬੂ) ਤਮਾਸ਼ਬੀਨਾਂ ਦੇ ਸਿਰ ਥੱਲੇ ਨੂੰ ਝੁਕ ਗਏ ਸਨ।
ਸੰਪਰਕ: 93162-88955