ਐੱਸ ਪੀ ਸਿੰਘ*
ਜਦ ਕਦੀ ਵੀ ਸਕੂਲ ਵਿੱਚ ਕੋਈ ਨਵਾਂ ਅਧਿਆਪਕ ਆਉਂਦਾ ਤਾਂ ਹਰੇਕ ਨੂੰ ਪੁਰਾਣਾ ਸਵਾਲ ਪੁੱਛਦਾ- ‘‘ਮੰਮੀ ਡੈਡੀ ਕੀ ਕਰਦੇ ਹਨ?’’ ਕੋਈ ਵਿਰਲਾ ਟਾਵਾਂ ਕੋਈ ਨਵਾਂ ਕਿੱਤਾ ਦੱਸਦਾ ਤਾਂ ਸਭ ਓਧਰ ਧਿਆਨ ਧਰਦੇ: ‘‘ਜੀ ਮੇਰੇ ਡੈਡੀ ਕਾਮਰੇਡ ਨੇ।’’ ਅਧਿਆਪਕ ਪੁੱਛਦਾ- ‘‘ਕਾਕਾ, ਕਰਦੇ ਕੀ ਨੇ?’’ ਮੈਨੂੰ ਨਹੀਂ ਪਤਾ 80ਵਿਆਂ ਦੇ ਮੂਹਰਲੇ ਸਾਲਾਂ ’ਚ ਉਸ ਨੌਜਵਾਨ ਅਧਿਆਪਕ ਨੂੰ ਬੱਚੇ ਦਾ ਜਵਾਬ ਕਿੰਨਾ ਕੁ ਸਮਝ ਆਇਆ ਹੋਵੇਗਾ ਪਰ ਇਕ ਗੱਲ ਪੱਕੀ ਸੀ – ਉਹਦੇ ਡੈਡੀ ਕੋਈ ਦਿਲਚਸਪ ਕੰਮ ਕਰਦੇ ਸਨ।
ਵਰ੍ਹਿਆਂ ਬਾਅਦ 90ਵਿਆਂ ਦੇ ਸ਼ੁਰੂਆਤੀ ਸਾਲਾਂ ਵਿੱਚ ਦੇਸ਼ ਦੀ ਸਿਰਮੌਰ ਖ਼ਬਰ ਏਜੰਸੀ ਦੇ ਵਿਦੇਸ਼ ਡੈਸਕ ’ਤੇ ਕੰਮ ਕਰਦਿਆਂ ਮੈਂ ਸਾਰਾ ਦਿਨ ਟੁਕੜੇ-ਟੁਕੜੇ ਹੋ ਰਹੇ ਯੂਗੋਸਲਾਵੀਆ ਤੋਂ ਆ ਰਹੀਆਂ ਦਰਜਨਾਂ ਖ਼ਬਰਾਂ-ਮਜ਼ਮੂਨ ਪੜ੍ਹਦਾ। ਵਿਦੇਸ਼ੀ ਖ਼ਬਰ ਏਜੰਸੀਆਂ ਭਾਰਤੀ ਅਖ਼ਬਾਰਾਂ ਨੂੰ ਵੱਡੀਆਂ ਖ਼ਬਰ ਏਜੰਸੀਆਂ, ਪੀਟੀਆਈ ਅਤੇ ਯੂਐਨਆਈ ਦੀ ਮਾਰਫ਼ਤ ਹੀ ਖ਼ਬਰਾਂ ਭੇਜ ਸਕਦੀਆਂ ਸਨ। ਵੱਡੀਆਂ ਅੰਗਰੇਜ਼ੀ ਅਖ਼ਬਾਰਾਂ ਵਿੱਚ ਘਮਸਾਨ ਦੇ ਯੁੱਧ ਬਾਰੇ ਖ਼ਬਰ ਕਦੀ ਛਪ ਜਾਂਦੀ, ਖੇਤਰੀ ਅਖ਼ਬਾਰਾਂ ਘੱਟ ਗੌਲਦੀਆਂ। ਅਸੀਂ ਦਿਨ ਰਾਤ ਕਤਲੋਗ਼ਾਰਤ ਵਾਲੀਆਂ ਖ਼ਬਰਾਂ ਦੇ ਨਾਲ-ਨਾਲ ਦੋ ਦਿਲਚਸਪ ਸ਼ਖ਼ਸੀਅਤਾਂ ਬਾਰੇ ਪੜ੍ਹਦੇ- ਸਾਇਰਸ ਵਾਂਸ (Cyrus Vance) ਅਤੇ ਡੇਵਿਡ ਓਵਨ (David Owen)।
ਇਕ ਅਮਰੀਕਾ ਦਾ ਵਿਦੇਸ਼ ਮੰਤਰੀ ਰਿਹਾ ਸੀ, ਦੂਜਾ ਬਰਤਾਨੀਆ ਦਾ, ਪਰ ਉਹਨਾਂ ਦੇ ਨਾਉਂ ਅੱਗੇ ਲਿਖਿਆ ਹੁੰਦਾ – ਇੰਟਰਨੈਸ਼ਨਲ ਨੈਗੋਸ਼ੀਏਟਰ – ਗੱਲਬਾਤ ਰਾਹੀਂ ਮਾਮਲਾ ਤੈਅ ਕਰਵਾਉਣ ਦੇ ਅੰਤਰਰਾਸ਼ਟਰੀ ਮਾਹਿਰ। ਬੋਸਨੀਆ ਦੀ ਜੰਗ ਸਿਖਰ ’ਤੇ ਸੀ। ਲਗਪਗ ਹਰ ਖ਼ਬਰ ਵਿੱਚ ਵਾਂਸ/ਓਵਨ ਦਾ ਜ਼ਿਕਰ ਹੁੰਦਾ। ਜਦੋਂ ਸਰਬੀਆ ਦੇ ਲੀਡਰ ਸਲੋਬੋਦਾਨ ਮਿਲੌਸੋਵਿਚ ਨੇ ਵਾਂਸ-ਓਵਨ ਦੀ ਬੋਸਨੀਆ ਦੇ ਦਸ ਟੁਕੜੇ ਤਜਵੀਜ਼ ਕਰਦਾ ਪਲਾਨ ਮੰਨ ਲਿਆ ਤਾਂ ਇੱਕ ਵਾਰੀ ਪੂਰੇ ਵਿਸ਼ਵ ਵਿੱਚ ਹੈਰਾਨੀ ਦਾ ਆਲਮ ਪਸਰ ਗਿਆ ਸੀ।
ਉਨ੍ਹੀਂ ਦਿਨੀਂ ਬਲਕਾਨ ਖਿੱਤੇ ਵਿਚਲੀ ਰਾਜਨੀਤੀ, ਮੁਲਕਾਂ ਦੀ ਟੁੱਟ-ਭੱਜ, ਅਮਰੀਕਾ ਤੇ ਯੂਰਪ ਵਿਚਲੀ ਆਪਸੀ ਕਸ਼ਮਕਸ਼ ਦੀਆਂ ਬਰੀਕੀਆਂ ਅਤੇ ਨਸਲੀ (ethnic) ਕਤਲੋਗਾਰਤ ਦੇ ਕਾਰਨਾਂ ਬਾਰੇ ਪੜ੍ਹਦਿਆਂ-ਸਮਝਦਿਆਂ ਮੈਂ ਅਕਸਰ ਸੋਚਦਾ ਕਿ ਵਾਂਸ ਅਤੇ ਓਵਨ ਦੇ ਬੱਚਿਆਂ ਨੂੰ ਜਦੋਂ ਸਕੂਲ ਵਿੱਚ ਅਧਿਆਪਕ ਪੁੱਛਦਾ ਹੋਵੇਗਾ ਕਿ ਡੈਡੀ ਕੀ ਕਰਦੇ ਨੇ ਤਾਂ ਉਹ ਕੀ ਜਵਾਬ ਦਿੰਦੇ ਹੋਣਗੇ? ਮੁਲਕਾਂ ਦੇ ਟੁਕੜੇ ਕਰਵਾਉਂਦੇ ਨੇ? ਥੁੱਕੀਂ ਵੜੇ ਪਕਾਉਂਦੇ ਨੇ? ਅਧਿਆਪਕ ਨੂੰ ਸਮਝ ਆਉਂਦਾ ਹੋਵੇਗਾ?
ਜਦੋਂ 1996 ਵਿੱਚ ਡੇਵਿਡ ਓਵਨ ਨੇ ਇਸ ਜੰਗ ਮਾਰੇ ਖਿੱਤੇ ਵਿੱਚ ਆਪਣੇ ਰੋਲ ਬਾਰੇ ਕਿਤਾਬ ‘ਬਲਕਾਨ ਓਡੈਸੀ’ (Balkan Odyssey) ਲਿਖੀ ਤਾਂ ਬਹੁਤ ਸਾਰੇ ਮਾਹਿਰਾਂ ਨੇ ਉਹਦੇ ਨਾਲ ਆਢਾ ਲਾ ਲਿਆ, ਕਿਹਾ ਕਿ ਇਹ ਅੰਤਰਰਾਸ਼ਟਰੀ ਨੈਗੋਸ਼ੀਏਟਰ ਜੰਗ ਰੁਕਵਾਉਣ ਨੂੰ ਜਿੰਨੇ ਕਾਹਲੇ ਸਨ, ਓਨੇ ਮਸਲੇ ਦੇ ਸਦੀਵੀ ਹੱਲ ਲਈ ਨਹੀਂ।
ਵਾਂਸ-ਓਵਨ ਪਲਾਨ ਪਿੱਛੇ ਸੋਚ ਇਹੋ ਸੀ ਕਿਸੇ ਦਿਨ ਵਪਾਰ ਹੀ serbs ਸਰਬੀਆ ਦੇ ਲੋਕਾਂ, croats ਕ੍ਰੋਏਸ਼ੀਆ ਦੇ ਲੋਕਾਂ ਅਤੇ ਮੁਸਲਮਾਨਾਂ ਨੂੰ ਇਕੱਠਿਆਂ ਕਰ ਦੇਵੇਗਾ। ਉਦਾਹਰਣ ਉਹਨਾਂ ਕੋਲ ਸੀ: ਫਰਾਂਸ ਤੇ ਜਰਮਨੀ ਵਿੱਚ ਜਿਨ੍ਹਾਂ ਨੇ ਇੱਕ-ਦੂਜੇ ਨੂੰ 1940 ਵਿੱਚ ਮਾਰ ਮੁਕਾਉਣਾ ਚਾਹਿਆ, ਉਨ੍ਹਾਂ ਦੇ ਬੱਚਿਆਂ ਆਪੋ ਵਿੱਚ ਵਿਆਹ ਕਰਵਾਏ ਸਨ। ਪਰ ਵਾਂਸ-ਓਵਨ ਫੇਲ੍ਹ ਹੋ ਗਏ। ਅੰਤ ਜਦੋਂ ਕਲਿੰਟਨ ਸਰਕਾਰ ਨੇ ਨਿੱਠ ਕੇ ਮਸਲੇ ਨਾਲ ਦੋ ਹੱਥ ਕੀਤੇ, 1995 ਦੇ ਅੰਤਲੇ ਦਿਨੀਂ ਡੇਅਟਨ ਸਮਝੌਤਾ ਹੋਇਆ, ਬੋਸਨੀਆ-ਹਰਜ਼ੋਗੋਵੀਨਾ ਨਵਾਂ ਮੁਲਕ ਬਣਿਆ ਤਾਂ ਜੰਗ ਰੁਕੀ।
‘‘ਜੇ ਤਿੰਨੇ ਬਿੱਲ ਵਾਪਸ ਨਹੀਂ ਲੈਂਦੀ ਸਰਕਾਰ ਤਾਂ ਮੋਰਚਾ ਅੱਗੇ ਚੱਲੇਗਾ।’’ ‘‘ਸੋਧਾਂ ਜਿੰਨੀਆਂ ਮਰਜ਼ੀ ਕਰਵਾ ਲਵੋ ਪਰ ਬਿੱਲ ਵਾਪਸ ਨਹੀਂ ਹੋ ਸਕਦੇ।’’ ਜਦੋਂ ਦੋ ਧਿਰਾਂ ਵਿਚ ਇਖਤਿਲਾਫ਼ਾਤ ਇਸ ਹੱਦ ਤਕ ਤਾਰੀ ਹੋ ਜਾਣ ਕਿ ਵਿਚ-ਵਿਚਾਲੇ ਵਾਲਾ ਕੋਈ ਰਸਤਾ ਹੀ ਨਾ ਦਿੱਸੇ ਤਾਂ ਆਮ ਲੋਕ ਸੋਚੀਂ ਪੈ ਜਾਂਦੇ ਹਨ ਕਿ ਹੁਣ ਕਿੱਲੇ ਠੋਕ ਕੇ ਗੱਡੇ ਜਾ ਚੁੱਕੇ ਹਨ, ਮਸਲਾ ਹੱਲ ਕਿਵੇਂ ਹੋਵੇਗਾ? ਪੱਤਰਕਾਰ ਐਂਕਰ ਪੁੱਛ-ਪੁੱਛ ਕਮਲੇ ਹੋ ਗਏ ਹਨ ਪਰ ਸਵਾਲ ਵੀ ਉਹੀ ਹੈ ਤੇ ਜਵਾਬ ਵੀ ਬਦਲ ਨਹੀਂ ਰਿਹਾ। ਟਰਾਲੀਆਂ ਹੋਰ ਆ ਰਹੀਆਂ ਹਨ, ਪਿੰਨੀਆਂ ਹੋਰ ਬਣ ਰਹੀਆਂ ਹਨ। ਕਰੋਨਾ ਦੇ ਟੀਕੇ ਵਾਲੀਆਂ ਸੁਰਖ਼ੀਆਂ, ਜਿਨ੍ਹਾਂ ਕਦੀ ਦੁਨੀਆਂ ਹਿਲਾ ਦੇਣੀ ਸੀ, ਉਹ ਵੀ ਸਿੰਘੂ ਬਾਰਡਰ ’ਤੇ ਲੱਗੇ ਜਾਮ ਵਿੱਚ ਫਸ ਅਖ਼ਬਾਰਾਂ ਦੇ ਤੀਜੇ-ਚੌਥੇ ਸਫ਼ੇ ’ਤੇ ਜਾ ਡਿੱਗੀਆਂ ਹਨ। ਪਰ ਗੱਲਬਾਤ ਦੇ ਗੇੜ ਜਾਰੀ ਹਨ। ਆਮ ਨਾਗਰਿਕ ਸਮਝਣਾ ਚਾਹੁੰਦਾ ਹੈ ਕਮਰੇ ਅੰਦਰ, ਜਿੱਥੇ ਦੋਵੇਂ ਕਿੱਲੇ ਵਾਹਵਾ ਜ਼ੋਰ ਨਾਲ ਗੱਡੇ ਹੋਏ ਹਨ, ਸਰਕਾਰ ਤੇ ਕਿਸਾਨੀ ਧਿਰ ਕਿਵੇਂ ਗੱਲਬਾਤ ਕਰਦੀਆਂ ਹੋਣਗੀਆਂ?
ਵਿਚੋਲਿਆਂ, ਗੱਲਬਾਤ ਕਰਨ ਕਰਵਾਉਣ ਵਾਲੇ ਦੂਤਾਂ ਤੇ ਆਪਸੀ ਮੁਕਾਲਮੇ ਕਰਵਾਉਣ ਵਾਲੇ ਮਾਹਿਰਾਂ ਦਾ ਬੜਾ ਮਹੱਤਵਪੂਰਨ ਰੋਲ ਹੁੰਦਾ ਹੈ। ਮੈਂ ਤਾਂ ਕਦੀ ਐਸੀ ਗ਼ੁਫ਼ਤੋਸ਼ਨੀਦ ਦਾ ਹਿੱਸਾ ਨਹੀਂ ਰਿਹਾ ਪਰ ਜਦੋਂ ਪਤਾ ਲੱਗਿਆ ਕਿ ਮੇਰੇ ਮਿੱਤਰਾਂ ਨੂੰ ਅਕਸਰ ਮਹਿੰਗੇ ਹੋਟਲਾਂ ਵਿੱਚ ਕਮਰਾ ਸਸਤਾ ਤੇ ਮੈਨੂੰ ਸਸਤੇ ਹੋਟਲ ਵਿੱਚ ਵੀ ਮਹਿੰਗਾ ਮਿਲਦਾ ਹੈ ਤਾਂ ਮੈਂ ਕ੍ਰਿਸ ਵੌਸ ਦੀ ਕਿਤਾਬ ਖਰੀਦੀ- “Never Split the Difference.” ਉਹਦੇ ਵਿਚ ਹੋਟਲਾਂ ਵਾਲਿਆਂ ਨਾਲ ਭਾਅ-ਬਾਜੀ ਦੇ ਨੁਸਖ਼ੇ ਦੱਸੇ ਹੋਏ ਹਨ।
ਵੌਸ ਇਸ ਕਲਾ ਦਾ ਮਾਹਿਰ ਹੈ। ਉਹ ਵਰ੍ਹਿਆਂ ਤਕ ਅਮਰੀਕਾ ਦੀ ਐਫ.ਬੀ.ਆਈ. ਦਾ Lead International Kidnapping Negotiator- ਅਗਵਾ ਦੀਆਂ ਵੱਡੀਆਂ ਘਟਨਾਵਾਂ ਵਿੱਚ ਅਗਵਾਕਾਰਾਂ ਨਾਲ ਗੱਲਬਾਤ ਕਰਨ ਵਾਲਾ ਮੁੱਖ ਅੰਤਰਰਾਸ਼ਟਰੀ ਮਾਹਿਰ- ਰਿਹਾ ਹੈ। ‘‘ਤਿੰਨ ਘੰਟੇ ਦੇ ਅੰਦਰ-ਅੰਦਰ ਫਲਾਣੇ ਮੁਲਕ ਦੇ ਫਲਾਣੇ ਬੈਂਕ ਦੇ ਫਲਾਣੇ ਖ਼ਾਤਾ ਨੰਬਰ ਵਿੱਚ ਇੰਨੇ ਕਰੋੜ ਡਾਲਰ ਪਾਓ’’ ਵਰਗੇ ਫ਼ਿਲਮੀ ਜਾਪਦੇ ਘਟਨਾਕ੍ਰਮਾਂ ਨਾਲ ਨਜਿੱਠਦੇ ਇਸ ਮਾਹਿਰ ਨੇ ਹੋਟਲ ਵਿਚ ਰਿਆਇਤ ਲੈਣ ਦੇ ਜਿਹੜੇ ਨੁਸਖੇ ਦੱਸੇ ਹਨ, ਉਹੀ ਇੰਨੇ ਬਰੀਕ ਤੇ ਪੇਚੀਦਾ ਹਨ ਕਿ ਮੈਂ ਪੈਸੇ ਬਚਾਉਣ ਦਾ ਇਰਾਦਾ ਹੀ ਛੱਡ ਦਿੱਤਾ ਹੈ। ਅਗਵਾ ਹੋਇਆ ਬੰਦਾ ਤਾਂ ਮੈਥੋਂ ਕਦੀ ਨਾ ਛੁਡਵਾਇਆ ਜਾਂਦਾ।
ਧੰਨ ਹਨ ਸਾਡੇ ‘ਆਸਾਂ ਦੇ ਬੇੜਿਆਂ ਦੇ ਮਲਾਹ’, ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਲੀਡਰ, ਜਿਹੜੇ ਗੱਲੀਬਾਤੀਂ ਵੜੇ ਪਕਾਉਣ ਵਾਲੇ ਮਾਹਿਰਾਂ ਦੇ ਭਰਮਜਾਲ ਵਿੱਚ ਨਹੀਂ ਫਸਦੇ, ਆਪਣੀਆਂ ਮੰਗਾਂ ਬਾਰੇ ਸਪੱਸ਼ਟ ਹਨ, ਗੱਲਬਾਤ ਵੀ ਬਕਾਇਦਾ ਕਰ ਰਹੇ ਹਨ, ਵਿਰੋਧੀ ਨਾਲ ਲੰਗਰ ਦੀ ਸਾਂਝ ਵੀ ਪਾਈ ਬੈਠੇ ਹਨ, ਹਰ ਤੋਹਮਤੀ ਹਮਲੇ ਵਿਚੋਂ ਸੁਰਖ਼ਰੂ ਨਿਕਲ ਰਹੇ ਹਨ ਅਤੇ ਚੌਤਰਫ਼ੀ ਵਿਸ਼ਵਾਸ ਜਿੱਤੀ ਬੈਠੇ ਹਨ। ਸਾਦੇ ਹਨ, ਸਾਦ-ਮੁਰਾਦੇ ਹਨ, ਪਰ ਪਸਮਾਉਣੇ ਏਡੇ ਵੀ ਸੌਖੇ ਨਹੀਂ।
ਫਿਰ ਵੀ ਲੋਕ-ਘੋਲੀ ਅਤੇ ਉਨ੍ਹਾਂ ਦੇ ਤਮਾਮ ਹਮਦਰਦ ਇਸ ਫਸਵੀਂ ਘੜੀ ਗੱਲਬਾਤ ਦੀ ਮਹੱਤਤਾ, ਇਹਦੀ ਕਲਾ ਅਤੇ ਬੇੜੀ ਕਿਸੇ ਤਣ-ਪੱਤਣ ਲਾਉਣ ਲਈ ਲੋੜੀਂਦੀ ਨਿਪੁੰਨਤਾ ਦੀ ਲੋੜ ਤੋਂ ਅਣਭਿੱਜ ਨਹੀਂ ਰਹਿ ਸਕਦੇ। ਸਿਰਫ਼ ਸਰਕਾਰ ਅਤੇ ਲੋਕਾਂ ਨੂੰ ਆਪਣੀ ਗੱਲ ਗੋਸ਼-ਗੁਜ਼ਰ ਕਰਨੀ ਹੀ ਕਾਫ਼ੀ ਨਹੀਂ, ਇਸ ਮੁਸ਼ਕਿਲ ਸੂਰਤੇਹਾਲ ਦੇ ਪੇਸ਼ੇਨਜ਼ਰ ਰਾਬਤੇ ਬਣਾਈ ਰੱਖਣਾ, ਦਲਾਇਲ ਘੜਨਾ, ਜੋਸ਼ੇ-ਖ਼ਿਤਾਬਤ ਦਾ ਮੁਜ਼ਾਹਰਾ ਕਰਨਾ ਪਰ ਸੁਲ੍ਹਾ-ਕੁਲ ਅੰਦਾਜ਼ ਰੱਖਣਾ- ਇਹ ਪੇਚੀਦਾ ਨਫ਼ਸਿਆਤੀ ਖੇਡ ਹੈ।
ਅਮਰੀਕੀ ਵਿਦੇਸ਼ ਵਿਭਾਗ ਦੀ ਵੈਂਡੀ ਸ਼ੇਰਮਨ (Wendy Sherman) ਇਹ ਖੇਡ ਖ਼ੂਬ ਜਾਣਦੀ ਹੈ। ਈਰਾਨ ਅਤੇ ਅਮਰੀਕਾ ਵਿਚਲੀ ਐਟਮੀ ਸੰਧੀ ਲਈ ਧਰਾਤਲ ਪੱਧਰ ਕਰਨ ਵਾਲੀ ਇਸ ਗੱਲਬਾਤ ਦੀ ਮਾਹਿਰ ਨੇ ਆਪਣੀ ਕਿਤਾਬ “Not for the Faint of Heart” ਵਿੱਚ ਉਨ੍ਹਾਂ ਵਿੱਥਾਂ, ਖਾਈਆਂ ਅਤੇ ਕਿੱਲਾ-ਗੱਡ ਪੁਜ਼ੀਸ਼ਨਾਂ ਕਾਰਨ ਆਈਆਂ ਖੜੋਤਾਂ ਦਾ ਭਰਪੂਰ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਦੂਜੇ ਦੀ ਸਥਿਤੀ ਨੂੰ ਸਮਝਣਾ, ਅਤੇ ਜਿੱਥੇ ਸਮਝੌਤੇ ਦੀ ਕੋਈ ਸੰਭਾਵਨਾ ਨਾ ਜਾਪੇ ਉੱਥੇ ਵੀ ਗੁੰਜਾਇਸ਼ ਪੈਦਾ ਕਰਨਾ, ਕਿੰਨੀ ਜ਼ਹੀਨ ਕਲਾ ਹੈ।
ਕੌਣ ਸੋਚ ਸਕਦਾ ਸੀ ਕਿ ਕਦੀ ਅਮਰੀਕਾ ਤੇ ਤਾਲਿਬਾਨ ਇਕ ਕਮਰੇ ਵਿਚ ਬੈਠ ਕਿਸੇ ਸਮਝੌਤੇ ’ਤੇ ਦਸਤਖਤ ਕਰਨਗੇ? ਅੰਤਰਰਾਸ਼ਟਰੀ ਮਸਲਿਆਂ ਦੇ ਬੜੇ ਮਾਹਿਰ ਅੱਜ ਮੰਨਦੇ ਹਨ ਕਿ ਵੱਡੇ ਰੂਪ ਵਿੱਚ ਇਹ ਜ਼ਲਮੇਅ ਖਲੀਲਜ਼ਾਦ (Zalmay Khalilzad) ਦੀ ਗੱਲਬਾਤ ਨੂੰ ਸਾਰਥਕ ਮੋੜ ਤੱਕ ਲੈ ਜਾਣ ਦੀ ਕਲਾ ਕਰਕੇ ਸੰਭਵ ਹੋਇਆ। ਬੜਿਆਂ ਕਿਹਾ ਕਿ ਇਹ ਅਸੰਭਵ ਪੁਜ਼ੀਸ਼ਨਾਂ ਦੀ ਲੜਾਈ ਹੈ, ਗੱਲਬਾਤ ਸਿਰੇ ਨਹੀਂ ਚੜ੍ਹਨੀ। ਔਕੜਾਂ ਵੀ ਬਹੁਤ ਆਈਆਂ ਪਰ ਉਹਦੀ ਪਸ਼ਤੋ ਉੱਤੇ ਪਕੜ, ਅਫ਼ਗਾਨੀ ਸੱਭਿਆਚਾਰ ਬਾਰੇ ਜਾਣਕਾਰੀ, ਅਮਰੀਕੀ ਅਕਾਦਮਿਕ ਅਦਾਰਿਆਂ ਦਾ ਤਜਰਬਾ ਅਤੇ ਸਰਕਾਰਾਂ ਤੇ ਅੰਤਰਰਾਸ਼ਟਰੀ ਕੂਟਨੀਤੀ ਬਾਰੇ ਗਿਆਨ ਦੇ ਕਾਰਨ ਹੀ, ਕੁਝ ਟਰੰਪੀ ਉਲਟਬਾਜ਼ੀਆਂ ਦੇ ਬਾਵਜੂਦ, ਖਲੀਲਜ਼ਾਦ ਇਹ ਕਰਿਸ਼ਮਾ ਕਰਨ ਵਿੱਚ ਸਫ਼ਲ ਹੋਇਆ।
ਸਾਡੀ ਸਰਕਾਰ ਨੇ ਆਪਣੇ ਖਲੀਲਜ਼ਾਦ ਬੜੇ ਕਮਜ਼ੋਰ ਚੁਣੇ ਹਨ, ਉਨ੍ਹਾਂ ਕੋਲ ਬਹੁਤੀ ਖ਼ੁਦਮੁਖਤਾਰੀ ਵੀ ਨਹੀਂ ਤੇ ਫਿਰ ਭਾਨੀ ਮਾਰਨ ਵਾਲੇ ਵੀ ਬਹੁਤ ਹਨ। ਸਰਕਾਰਾਂ ਦੇ ਇਕਬਾਲ ਅਤੇ ਨੇਤਾਵਾਂ ਦੀ ਆਪਣੀ ਲੀਡਰੀ ਦੇ ਸਵਾਲ ਵੀ ਹੁੰਦੇ ਹਨ। ‘‘ਵਿਕ ਗਏ’’ ਅਤੇ ‘‘ਸਮਝੌਤਾਵਾਦੀ’’ ਵਾਲੀਆਂ ਤੋਹਮਤਾਂ ਵੀ ਹਜ਼ਾਰਾਂ ਜ਼ੁਬਾਨਾਂ ’ਤੇ ਤਿਆਰ ਹੁੰਦੀਆਂ ਹਨ। ਅਜਿਹੇ ਵਿੱਚ ਹਰ ਦਿਲਅਜ਼ਾਰੀ ਨੂੰ ਦਰਕਿਨਾਰ ਕਰ ਖੇਵਣਹਾਰ ਸਿਰਫ਼ ਬੇੜੀ ਤਣ-ਪੱਤਣ ਲਾਉਣ ਬਾਰੇ ਹਿਕਮਤ ਤੇ ਦਨਾਈ ਤੋਂ ਕੰਮ ਲਵੇ, ਇਹ ਔਖਾ ਕਾਰਜ ਹੈ।
ਡੇਵਿਡ ਓਵਨ ਭਾਵੇਂ ਪਹਿਲਿਆਂ ਦੇ ਯੂਗੋਸਲਾਵੀਆ ਦਾ ਵੱਡਾ ਖਲਨਾਇਕ ਨਾ ਵੀ ਹੋਵੇ, ਉਹਦੀ ਢਿੱਲੀ-ਮੱਠੀ ਚਾਲ ਕਾਰਨ ਬੋਸਨੀਆ ਨੇ ਬਹੁਤ ਦਰਦ ਝੱਲਿਆ। ਸਥਾਨਕ ਲੋਕ ਅੱਜ ਵੀ ਆਪਣੇ ਬੱਚਿਆਂ ਨੂੰ ਇਹ ਦਰਦਨਾਕ ਪਾਠ ਪੜ੍ਹਾਉਂਦੇ ਹਨ ਕਿ ‘‘ਅਸਫ਼ਲ ਵਾਂਸ-ਓਵਨ ਪਲਾਨ ਅਤੇ ਕਾਮਯਾਬ ਡੇਅਟਨ ਸਮਝੌਤੇ ਵਿੱਚ ਕੀ ਫ਼ਰਕ ਸੀ?’’ ਜਵਾਬ – ‘‘ਕੁਝ ਵੀ ਨਹੀਂ, ਸਿਰਫ਼ ਦੋ ਸਾਲ ਵਿੱਚ ਖੋਦੀਆਂ ਸਮੂਹਕ ਕਬਰਾਂ।’’
ਖੇੜਿਆਂ ਵੰਨੀ ਕੋਈ ਰਸਤਾ ਨਿਕਲੇ, ਅਸੀਂ ਕਬਰੀਂ ਕਾਹਨੂੰ ਜਾਣਾ? ਗੱਲਬਾਤ ਵਿੱਚ ਗੱਲ ਹੋਣੀ ਚਾਹੀਦੀ ਹੈ, ਤਾਂ ਹੀ ਬਾਤ ਬਣਦੀ ਹੈ। ਅੜੀ ਨਾਲ ਦੇਰ ਤੱਕ ਖ਼ਬਰਾਂ ਬਣਦੀਆਂ ਹਨ, ਵਕਤ ਰਹਿੰਦਿਆਂ ਹੱਲ ਕੱਢਣ ਨਾਲ ਹੀ ਇੱਜ਼ਤਾਂ ਅਤੇ ਇਤਿਹਾਸ ਬਣਦਾ ਹੈ।
(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਇਸ ਆਸ ਨਾਲ ਲਿਖ ਰਿਹਾ ਹੈ ਕਿ ਸਾਡੀਆਂ ਬੇੜੀਆਂ ਦੇ ਮਲਾਹਾਂ ਦੇ ਬੱਚੇ ਜਦੋਂ ਸਕੂਲ ਜਾਣ ਅਤੇ ਕੋਈ ਆ ਪੁੱਛੇ ਕਿ ਡੈਡੀ ਕੀ ਕਰਦੇ ਹਨ ਤਾਂ ਦੱਸ ਸਕਣ ਕਿ ਧਰਵਾਸ ਨਾਲ ਹੁਸ਼ਿਆਰੀ ਵੀ ਦਿਖਾਉਂਦੇ ਨੇ, ਔਖੇ ਰਸਤਿਓਂ ਬੇੜਾ ਕੱਢ ਲਿਆਉਂਦੇ ਹਨ।)