ਗੁਰਦੇਵ ਸਿੰਘ ਸਿੱਧੂ
ਸਾਮਰਾਜੀ ਸ਼ਾਸਕਾਂ ਦੀ ਗ਼ੁਲਾਮੀ ਸਮੇਂ ਦੇਸ਼ਭਗਤ ਆਗੂਆਂ ਨੇ ਲੋਕਾਂ ਵਿਚ ਸਵੈਮਾਣ ਦੀ ਭਾਵਨਾ ਭਰੀ ਅਤੇ ਦੇਸ਼ ਨੂੰ ਵਿਦੇਸ਼ੀ ਹਾਕਮਾਂ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਦੀ ਚਿਣਗ ਜਗਾਈ। ਇਸ ਸਦਕਾ ਸਮੇਂ ਸਮੇਂ ਉੱਠੀਆਂ ਲਹਿਰਾਂ ਦੌਰਾਨ ਹਿੰਦੋਸਤਾਨ ਦੇ ਲੋਕਾਂ ਨੇ ਬਰਤਾਨਵੀ ਸ਼ਾਸਕਾਂ ਤੋਂ ਆਜ਼ਾਦੀ ਲਈ ਅਣਗਿਣਤ ਕੁਰਬਾਨੀਆਂ ਕੀਤੀਆਂ। ਦੇਸ਼ ਦੀ ਆਜ਼ਾਦੀ ਸਬੰਧੀ ਪ੍ਰਕਾਸ਼ਿਤ ਕੀਤੀ ਜਾ ਰਹੀ ਲੇਖ ਲੜੀ ਦਾ ਇਹ ਲੇਖ ਕਿਸਾਨੀ ਮੁੱਦਿਆਂ ਨੂੰ ਲੈ ਕੇ ਚੱਲੀ ਪਗੜੀ ਸੰਭਾਲ ਜੱਟਾ ਲਹਿਰ, ਉਸ ਦੇ ਸਿਆਸੀ ਪ੍ਰਭਾਵ ਅਤੇ ਉਸ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਸਿਆਸੀ ਆਗੂਆਂ ਦੀਆਂ ਸਰਗਰਮੀਆਂ ਬਾਰੇ ਦੱਸਦਾ ਹੈ।
19ਵੀਂ ਸਦੀ ਦਾ ਅੰਤ ਦੇਸ਼ ਵਿਚ ਆਰਥਿਕ ਸੰਕਟ ਦਾ ਸਮਾਂ ਸੀ। ਪਿਛਲੇ ਕੁਝ ਸਾਲਾਂ ਤੋਂ ਦੋ ਵਬਾਵਾਂ ਨੇ ਦੇਸ਼ ਨੂੰ ਮਧੋਲ਼ ਸੁੱਟਿਆ ਸੀ। ਪਹਿਲੀ ਵਬਾ ਪਲੇਗ ਸੀ ਜਿਸ ਨੇ ਲੱਖਾਂ ਲੋਕਾਂ ਨੂੰ ਸ਼ਿਕਾਰ ਬਣਾਇਆ; ਅਤੇ ਦੂਜੀ ਵਬਾ ਸੀ ਹਰ ਦੂਜੇ ਤੀਜੇ ਵਰ੍ਹੇ ਪੈਣ ਵਾਲਾ ਕਾਲ। ਆਪਣੀ ਰੋਟੀ ਰੋਜ਼ੀ ਚੱਲਦੀ ਰੱਖਣ ਵਾਸਤੇ ਕਰਜ਼ਾ ਲੈਣ ਲਈ ਮਜਬੂਰ ਕਿਸਾਨ ਸਖ਼ਤ ਮੰਦਹਾਲੀ ਹੰਢਾ ਰਿਹਾ ਸੀ। ਸਰਕਾਰ ਲੋਕਾਂ ਦੇ ਦੁੱਖਾਂ ਦਰਦਾਂ ਦੇ ਨਿਪਟਾਰੇ ਲਈ ਕੋਈ ਠੋਸ ਕਾਰਜ ਆਪਣੇ ਹੱਥ ਨਹੀਂ ਸੀ ਲੈ ਰਹੀ ਜਿਸ ਕਾਰਨ ਜਨਤਾ ਦੇ ਮਨ ਵਿਚ ਸਰਕਾਰੀ ਤੰਤਰ ਖ਼ਿਲਾਫ਼ ਰੋਸ ਜਨਮ ਲੈਣ ਲੱਗਾ। ਯੂਰਪੀਅਨ ਸ਼ਕਤੀਆਂ ਦੇ ਅਜਿੱਤ ਹੋਣ ਦਾ ਭਰਮ 1905 ਈਸਵੀ ਵਿਚ ਰੂਸ ਅਤੇ ਜਾਪਾਨ ਦਰਮਿਆਨ ਹੋਈ ਜੰਗ ਵਿਚ ਜਾਪਾਨ ਦੁਆਰਾ ਰੂਸ ਨੂੰ ਹਰਾ ਦੇਣ ਨਾਲ ਟੁੱਟਣ ਲੱਗਾ ਸੀ। ਇੰਗਲੈਂਡ ਅਤੇ ਹੋਰ ਪੱਛਮੀ ਦੇਸ਼ਾਂ ਵਿਚ ਵਿਦਿਆ ਪ੍ਰਾਪਤ ਕਰਦਿਆਂ ਸੁਤੰਤਰਤਾ ਅਤੇ ਸਮਾਨਤਾ ਦਾ ਵਰਤਾਰਾ ਅੱਖੀਂ ਵੇਖ ਆਏ ਹਿੰਦੋਸਤਾਨੀ ਦੇਸ਼ ਪਰਤ ਆਏ ਸਨ। ਉੱਥੇ ਉਹ ਯੂਰਪੀਅਨ ਲੋਕਾਂ ਨਾਲ ਖੁੱਲ੍ਹੇ ਮਿਲਦੇ ਵਰਤਦੇ ਰਹੇ ਸਨ, ਪਰ ਹਿੰਦੋਸਤਾਨ ਵਿਚ ਉਸ ਤੋਂ ਵੱਖਰੀ ਗੱਲ ਸੀ। ਇੱਥੇ ਹਰ ਯੂਰਪੀਅਨ ਵਿਅਕਤੀ ਆਪਣੇ ਆਪ ਨੂੰ ਸਥਾਨਕ ਲੋਕਾਂ ਨਾਲੋਂ ਉੱਚਾ ਸਮਝ ਕੇ ਵਿਚਰਦਾ ਸੀ। ਆਰੀਆ ਸਮਾਜ ਜਿਹੀਆਂ ਜਥੇਬੰਦੀਆਂ ਨੇ ਆਪਣੇ ਪੈਰੋਕਾਰਾਂ ਦੇ ਮਨਾਂ ਵਿਚ ਸੁਨਹਿਰੇ ਭੂਤਕਾਲ ਦੀ ਯਾਦ ਤਾਜ਼ਾ ਕਰਵਾ ਕੇ ਸਵੈਮਾਣ ਦੀ ਭਾਵਨਾ ਪੈਦਾ ਕਰਨ ਵਾਲੀਆਂ ਸਰਕਾਰ ਵਿਰੋਧੀ ਭਾਵਨਾਵਾਂ ਨੂੰ ਹੋਰ ਹਵਾ ਦਿੱਤੀ। ਹਿੰਦੋਸਤਾਨੀ ਭਾਸ਼ਾਵਾਂ ਦੇ ਛਾਪੇਖ਼ਾਨੇ ਨੇ ਜਨਤਕ ਰੋਸ ਨੂੰ ਫੈਲਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਅਸੰਤੋਖ ਭਰੇ ਮਾਹੌਲ ਨੇ ਇਕੋ ਇਕ ਦੇਸ਼ ਵਿਆਪੀ ਰਾਜਸੀ ਪਾਰਟੀ ਹਿੰਦੋਸਤਾਨੀ ਕੌਮੀ ਕਾਂਗਰਸ ਵਿਚ ਇਕ ਨਵੇਂ ਗਰਮ ਖ਼ਿਆਲੀ ਧੜੇ ਨੂੁੰ ਜਨਮ ਦਿੱਤਾ। ਅਰਬਿੰਦੋ ਘੋਸ਼, ਬਾਲ ਗੰਗਾਧਰ ਤਿਲਕ ਆਦਿ ਇਸ ਧੜੇ ਦੇ ਮੋਢੀ ਬਣ ਕੇ ਅੱਗੇ ਆਏ। 1905 ਵਿਚ ਬਰਤਾਨਵੀ ਹਿੰਦੋਸਤਾਨ ਸਰਕਾਰ ਦੇ ਬੰਗਾਲ ਪ੍ਰਾਂਤ ਦੀ ਵੰਡ ਕਰਨ ਦੇ ਫ਼ੈਸਲੇ ਨੇ ਬਲਦੀ ਅੱਗ ਉੱਤੇ ਤੇਲ ਪਾਉਣ ਦਾ ਕੰਮ ਕੀਤਾ। ਸਰਕਾਰ ਵੱਲੋਂ ਸ੍ਰੀ ਤਿਲਕ ਵਿਰੁੱਧ ਦਾਇਰ ਕੀਤੇ ਮੁਕੱਦਮੇ ਅਤੇ ਇਸ ਵਿਚ ਉਨ੍ਹਾਂ ਨੂੰ ਸੁਣਾਈ ਸਜ਼ਾ ਉਨ੍ਹਾਂ ਦੀ ਲੋਕਪ੍ਰਿਯਤਾ ਵਿਚ ਵਾਧੇ ਦਾ ਕਾਰਨ ਬਣੀ। ਨਤੀਜੇ ਵਜੋਂ 1906 ਵਿਚ ਕਾਂਗਰਸ ਪਾਰਟੀ ਦੇ ਕਲਕੱਤੇ ਵਿਖੇ ਹੋਏ ਸਾਲਾਨਾ ਇਜਲਾਸ ਵਿਚ ਬਹੁਗਿਣਤੀ ਡੈਲੀਗੇਟਾਂ ਨੇ ਸ੍ਰੀ ਬਾਲ ਗੰਗਾਧਰ ਤਿਲਕ ਦੀ ਗਰਮ ਖ਼ਿਆਲੀ ਸੋਚ ਨਾਲ ਸਹਿਮਤੀ ਪ੍ਰਗਟਾਈ।
ਪੰਜਾਬ ਵੀ ਤਿਲਕ ਦੀ ਸੋਚ ਤੋਂ ਅਛੂਤਾ ਨਾ ਰਿਹਾ, ਪਰ ਪੰਜਾਬ ਵਿਚ ਇਹ ਲਹਿਰ ਕਿਸਾਨੀ ਨਾਲ ਸਬੰਧਿਤ ਮੁੱਦਿਆਂ ਨੂੰ ਲੈ ਕੇ ਸ਼ੁਰੂ ਹੋਈ। ਕਲਕੱਤਾ ਕਾਂਗਰਸ ਸੈਸ਼ਨ ਵਿਚ ਪੰਜਾਬ ਤੋਂ ਭਾਗ ਲੈਣ ਵਾਲੇ ਵਿਅਕਤੀਆਂ ਵਿਚ ਦੋ ਸਕੇ ਭਰਾ ਸ. ਕਿਸ਼ਨ ਸਿੰਘ ਅਤੇ ਸ. ਅਜੀਤ ਸਿੰਘ ਵੀ ਸ਼ਾਮਲ ਸਨ। ਅਜੀਤ ਸਿੰਘ ਭਾਵੇਂ ਉਮਰ ਵਿਚ ਛੋਟਾ ਸੀ, ਪਰ ਰਾਜਸੀ ਖੇਤਰ ਵਿਚ ਵਧੇਰੇ ਸਰਗਰਮ ਸੀ ਕਿਉਂ ਜੋ ਪਿਤਾ ਸ. ਅਰਜਨ ਸਿੰਘ ਦਾ ਪਲੇਠਾ ਪੁੱਤਰ ਹੋਣ ਕਾਰਨ ਕਿਸ਼ਨ ਸਿੰਘ ਨੂੰ ਘਰੇਲੂ ਜ਼ਿੰਮੇਵਾਰੀਆਂ ਨਿਭਾਉਣ ਵਿਚ ਆਪਣੇ ਪਿਤਾ ਦਾ ਹੱਥ ਵੀ ਵਟਾਉਣਾ ਪੈਂਦਾ ਸੀ। ਦੋਵੇਂ ਭਰਾ ਤਿਲਕ ਦੀ ਨਿਡਰਤਾ ਅਤੇ ਕੁਰਬਾਨੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਪੰਜਾਬ ਪਰਤੇ। ਵਾਪਸ ਮੁੜਨ ਤੋਂ ਪਹਿਲਾਂ ਉਨ੍ਹਾਂ ਕਲਕੱਤੇ ਵਿਚ ਬੰਗਾਲ ਦੇ ਪ੍ਰਸਿੱਧ ਇਨਕਲਾਬੀਆਂ ਮੋਤੀਲਾਲ ਘੋਸ਼, ਅਰਬਿੰਦੋ ਘੋਸ਼ ਆਦਿ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਾਪਸ ਆ ਕੇ ਉਨ੍ਹਾਂ ਨੇ ਆਪਣੇ ਰਾਜਸੀ ਵਿਚਾਰਾਂ ਦਾ ਪ੍ਰਚਾਰ ਕਰਨ ਲਈ ‘ਭਾਰਤ ਮਾਤਾ’ ਨਾਂ ਦਾ ਅਖ਼ਬਾਰ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਥੋੜ੍ਹੇ ਸਮੇਂ ਵਿਚ ਹੀ ਸੂਫ਼ੀ ਅੰਬਾ ਪ੍ਰਸਾਦ, ਲਾਲ ਚੰਦ ‘ਫਲਕ’, ਲਾਲਾ ਪਿੰਡੀ ਦਾਸ ਆਦਿ ਅਨੇਕਾਂ ਦੇਸ਼ਭਗਤ ਨੌਜਵਾਨ ਉਨ੍ਹਾਂ ਨਾਲ ਰਲ ਗਏ। ਉਨ੍ਹਾਂ ਨੇ ਆਪਣੀਆਂ ਸਰਗਰਮੀਆਂ ਨੂੰ ਨਿਯਮਿਤ ਰੂਪ ਦੇਣ ਲਈ ‘ਅੰਜੁਮਨ ਮਹਬਿੂਬਾਨਿ ਵਤਨ’ ਨਾਂ ਦੀ ਜਥੇਬੰਦੀ ਕਾਇਮ ਕਰ ਲਈ। ਪੰਜਾਬ ਸਰਕਾਰ ਵੱਲੋਂ ਕਾਲੋਨੀ ਐਕਟ ਬਣਾਉਣ ਦੀ ਤਜਵੀਜ਼ ਨੇ ਸ. ਅਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜਨਤਕ ਲਾਮਬੰਦੀ ਕਰਨ ਦਾ ਅਵਸਰ ਪ੍ਰਦਾਨ ਕਰ ਦਿੱਤਾ। ਇਸ ਐਕਟ ਰਾਹੀਂ ਸਰਕਾਰ ਬਾਰ ਦੇ ਇਲਾਕੇ ਵਿਚ ਵਸੇ ਕਿਸਾਨਾਂ ਨੂੰ ਪ੍ਰਾਪਤ ਮਾਲਕੀ ਦੇ ਹੱਕਾਂ ਨੂੰ ਖੋਰਾ ਲਾਉਣ ਦਾ ਅਧਿਕਾਰ ਪ੍ਰਾਪਤ ਕਰਨਾ ਚਾਹੁੰਦੀ ਸੀ। ਇਉਂ ਹੀ ਮਾਝੇ ਦੇ ਇਲਾਕੇ ਵਿਚ ਨਹਿਰੀ ਆਬਿਆਨੇ ਦੀ ਦਰ ਵਧਾਉਣਾ ਵੀ ਸਰਕਾਰ ਦੇ ਵਿਚਾਰ ਅਧੀਨ ਸੀ। ਸ. ਅਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਨੂੰ ਜਨਤਕ ਮੁੱਦਾ ਬਣਾ ਕੇ ਇਸ ਵਿਰੁੱਧ ਅੰਦੋਲਨ ਸ਼ੁਰੂ ਕਰ ਦਿੱਤਾ। ਭਗਤ ਸਿੰਘ ਨੇ ਆਪਣੇ ਇਕ ਲੇਖ ‘ਆਜ਼ਾਦੀ ਦੀ ਲੜਾਈ ਵਿਚ ਪੰਜਾਬ ਦਾ ਪਹਿਲਾ ਉਭਾਰ’ ਵਿਚ ਇਸ ਅੰਦੋਲਨ ਦਾ ਜ਼ਿਕਰ ਇਉਂ ਕੀਤਾ ਹੈ, ‘‘ਲਾਇਲਪੁਰ ਆਦਿ ਵਿਚ ਸਰਕਾਰ ਨੇ ਨਵੀਂ ਨਹਿਰ ਖੁਦਵਾ ਕੇ ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਆਦਿ ਦੇ ਨਿਵਾਸੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਅਤੇ ਲਾਲਚ ਦੇ ਕੇ ਇਸ ਖੇਤਰ ਵਿਚ ਬੁਲਾ ਲਿਆ ਸੀ। ਇਹ ਲੋਕ ਆਪਣੀ ਪੁਰਾਣੀ ਜ਼ਮੀਨ ਤੇ ਜਾਇਦਾਦ ਛੱਡ ਕੇ ਆਏ ਅਤੇ ਕਈ ਸਾਲ ਤੱਕ ਆਪਣਾ ਖੂਨ ਪਸੀਨਾ ਇਕ ਕਰ ਕੇ ਇਨ੍ਹਾਂ ਲੋਕਾਂ ਨੇ ਜੰਗਲਾਂ ਨੂੰ ਗੁਲਜ਼ਾਰ ਬਣਾ ਦਿੱਤਾ। ਲੇਕਿਨ ਅਜੇ ਉਨ੍ਹਾਂ ਸਾਹ ਵੀ ਨਹੀਂ ਸੀ ਲਿਆ ਕਿ ਨਵਾਂ ਕਲੋਨੀ ਐਕਟ ਉਨ੍ਹਾਂ ਦੇ ਸਿਰ ’ਤੇ ਆ ਖੜ੍ਹਾ ਹੋਇਆ। ਇਹ ਐਕਟ ਕੀ ਸੀ, ਕਾਸ਼ਤਕਾਰਾਂ ਦੀ ਹੋਂਦ ਹੀ ਮਿਟਾ ਦੇਣ ਦਾ ਤਰੀਕਾ ਸੀ। ਇਸ ਐਕਟ ਅਨੁਸਾਰ ਹਰ ਵਿਅਕਤੀ ਦੀ ਨਿੱਜੀ ਜਾਇਦਾਦ ਦਾ ਮਾਲਕ ਸਿਰਫ਼ ਵੱਡਾ ਪੁੱਤਰ ਹੀ ਹੋ ਸਕਦਾ ਸੀ। ਛੋਟੇ ਪੁੱਤਰਾਂ ਲਈ ਕੋਈ ਹਿੱਸਾ ਨਹੀਂ ਰੱਖਿਆ ਗਿਆ ਸੀ। ਵੱਡੇ ਪੁੱਤਰ ਦੇ ਮਰਨ ’ਤੇ ਵੀ ਉਹ ਜ਼ਮੀਨ ਜਾਂ ਹੋਰ ਜਾਇਦਾਦ ਛੋਟੇ ਲੜਕੇ ਨੂੰ ਨਹੀਂ ਮਿਲ ਸਕਦੀ ਸੀ ਸਗੋਂ ਉਸ ’ਤੇ ਸਰਕਾਰ ਦਾ ਅਧਿਕਾਰ ਹੋ ਜਾਂਦਾ ਸੀ। ਕੋਈ ਆਦਮੀ ਆਪਣੀ ਜ਼ਮੀਨ ’ਤੇ ਖੜ੍ਹੇ ਦਰਖਤਾਂ ਨੂੰ ਨਹੀਂ ਕੱਟ ਸਕਦਾ ਸੀ। ਉਨ੍ਹਾਂ ਤੋਂ ਉਹ ਇਕ ਦਾਤਣ ਵੀ ਨਹੀਂ ਕੱਟ ਸਕਦਾ ਸੀ। ਜੋ ਜ਼ਮੀਨਾਂ ਉਨ੍ਹਾਂ ਨੂੰ ਮਿਲੀਆਂ ਸਨ, ਉਨ੍ਹਾਂ ਉੱਤੇ ਉਹ ਸਿਰਫ਼ ਖੇਤੀ ਹੀ ਕਰ ਸਕਦੇ ਸਨ। ਕਿਸੇ ਪ੍ਰਕਾਰ ਦਾ ਮਕਾਨ ਜਾਂ ਝੌਂਪੜੀ, ਇੱਥੋਂ ਤੱਕ ਕਿ ਪਸ਼ੂਆਂ ਨੂੰ ਪੱਠੇ ਪਾਉਣ ਲਈ ਖੁਰਲੀ ਤੱਕ ਵੀ ਨਹੀਂ ਬਣਾ ਸਕਦੇ ਸਨ। ਕਾਨੂੰਨ ਦਾ ਥੋੜ੍ਹਾ ਜਿਹਾ ਵੀ ਉਲੰਘਣ ਕਰਨ ’ਤੇ ਚੌਵੀ ਘੰਟੇ ਦਾ ਨੋਟਿਸ ਦੇ ਕੇ ਅਖੌਤੀ ਅਪਰਾਧੀ ਦੀ ਜ਼ਮੀਨ ਜ਼ਬਤ ਕੀਤੀ ਜਾ ਸਕਦੀ ਸੀ। ਕਿਹਾ ਜਾਂਦਾ ਹੈ ਕਿ ਐਸਾ ਕਾਨੂੰਨ ਬਣਾ ਕੇ ਸਰਕਾਰ ਚਾਹੁੰਦੀ ਸੀ ਕਿ ਥੋੜ੍ਹੇ ਜਿਹੇ ਵਿਦੇਸ਼ੀਆਂ ਨੂੰ ਕੁੱਲ ਜ਼ਮੀਨ ਦਾ ਮਾਲਕ ਬਣਾ ਦਿੱਤਾ ਜਾਵੇ ਅਤੇ ਜ਼ਮੀਨ ਦੇ ਹਿੰਦੋਸਤਾਨੀ ਕਾਸ਼ਤਕਾਰ ਉਨ੍ਹਾਂ ਦੇ ਰਹਿਮ ’ਤੇ ਰਹਿਣ। ਇਸ ਤੋਂ ਇਲਾਵਾ ਸਰਕਾਰ ਇਹ ਵੀ ਚਾਹੁੰਦੀ ਸੀ ਕਿ ਦੂਸਰੇ ਸੂਬਿਆਂ ਵਾਂਗ ਪੰਜਾਬ ਵਿਚ ਵੀ ਵੱਡੇ ਵੱਡੇ ਜ਼ਿੰਮੀਦਾਰ ਹੋਣ ਅਤੇ ਬਾਕੀ ਬਹੁਤ ਗ਼ਰੀਬ ਕਾਸ਼ਤਕਾਰ ਹੋਣ। ਇਸ ਪ੍ਰਕਾਰ ਜਨਤਾ ਦੋ ਵਰਗਾਂ ਵਿਚ ਵੰਡੀ ਜਾਵੇ। ਮਾਲਦਾਰ ਕਦੇ ਵੀ ਅਤੇ ਕਿਸੇ ਵੀ ਹਾਲਤ ਵਿਚ ਸਰਕਾਰ ਵਿਰੋਧੀਆਂ ਦਾ ਸਾਥ ਦੇਣ ਦਾ ਹੌਸਲਾ ਨਹੀਂ ਕਰ ਸਕਣਗੇ ਅਤੇ ਗ਼ਰੀਬ ਕਾਸ਼ਤਕਾਰਾਂ ਨੂੰ ਜੋ ਦਿਨ ਰਾਤ ਮਿਹਨਤ ਕਰ ਕੇ ਵੀ ਪੇਟ ਨਹੀਂ ਭਰ ਸਕਣਗੇ, ਇਸ ਦਾ ਮੌਕਾ ਨਹੀਂ ਮਿਲੇਗਾ। ਇਸ ਪ੍ਰਕਾਰ ਸਰਕਾਰ ਖੁੱਲ੍ਹੇ ਹੱਥੀਂ ਜੋ ਚਾਹੇਗੀ ਕਰੇਗੀ।’’
ਸ. ਅਜੀਤ ਸਿੰਘ ਬਾਰ ਦੇ ਇਲਾਕੇ ਭਾਵ ਲਾਇਲਪੁਰ, ਝੰਗ ਆਦਿ ਵਿਚ ਜਨਤਕ ਇਕੱਠ ਕਰ ਕੇ ਕਿਸਾਨਾਂ ਨੂੰ ਸਰਕਾਰ ਦੇ ਇਨ੍ਹਾਂ ਫ਼ੈਸਲਿਆਂ ਕਾਰਨ ਉਨ੍ਹਾਂ ਉਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਾਉਣ ਲੱਗੇ। ਅਜਿਹੀ ਇਕ ਇਕੱਤਰਤਾ 21-22 ਮਾਰਚ 1907 ਨੂੰ ਲਾਇਲਪੁਰ ਵਿਚ ਹੋਈ ਜਿੱਥੇ 22 ਮਾਰਚ ਦੇ ਦਿਨ ਇਕ ਨੌਜਵਾਨ ਲਾਲਾ ਬਾਂਕੇ ਦਿਆਲ ਨੇ ‘ਪਗੜੀ ਸੰਭਾਲ ਜੱਟਾ’ ਟੇਕ ਵਾਲਾ ਗੀਤ ਗਾਇਆ। ਕਿਸਾਨਾਂ ਦੇ ਦੁੱਖਾਂ ਦਰਦਾਂ ਨੂੰ ਪੂਰੀ ਤਰ੍ਹਾਂ ਪ੍ਰਗਟਾਉਣ ਵਾਲਾ ਇਹ ਗੀਤ ਸਰੋਤਿਆਂ ਦੇ ਮਨਾਂ ਨੂੰ ਛੂਹ ਗਿਆ। ਇਸ ਅੰਦੋਲਨ ਦੌਰਾਨ ਹਰ ਕਿਸੇ ਦੀ ਜ਼ੁਬਾਨ ਉੱਤੇ ਚੜ੍ਹਨ ਵਾਲਾ ਇਹ ਗੀਤ ਅੰਦੋਲਨ ਦੀ ਆਤਮਾ ਨਾਲ ਏਨਾ ਇਕਸੁਰ ਹੋ ਗਿਆ ਕਿ ਇਹ ਅੰਦੋਲਨ ਹੀ ‘ਪਗੜੀ ਸੰਭਾਲ ਜੱਟਾ’ ਅੰਦੋਲਨ ਦੇ ਨਾਉਂ ਨਾਲ ਜਾਣਿਆ ਜਾਣ ਲੱਗਾ। ਇਉਂ ਸ. ਅਜੀਤ ਸਿੰਘ ਇਸ ਮੁੱਦੇ ਉੱਤੇ ਕਿਸਾਨੀ ਵਰਗ ਨੂੰ ਸਰਕਾਰ ਵਿਰੁੱਧ ਇੱਕਮੁੱਠ ਕਰਨ ਵਿਚ ਸਫ਼ਲ ਹੋਏ। ਇਸ ਸਦਕਾ ਕਿਸਾਨ ਆਪਣੇ ਨਾਲ ਹੋਣ ਵਾਲੇ ਧੱਕੇ ਨੂੰ ਠੱਲ੍ਹ ਪਾਉਣ ਲਈ ਕਮਰਕੱਸੇ ਕਸਣ ਲੱਗੇ। ਇਕ ਵਾਰ ਤਾਂ ਇਉਂ ਪ੍ਰਤੀਤ ਹੋਇਆ ਜਿਵੇਂ ਇਹ ਰੋਸ ਵਿਦਰੋਹ ਦਾ ਰੂਪ ਹੀ ਲੈ ਲਵੇਗਾ। ਪੰਜਾਬ ਸਰਕਾਰ ਵੱਲੋਂ 30 ਅਪਰੈਲ 1907 ਨੂੰ ਹਿੰਦੋਸਤਾਨ ਸਰਕਾਰ ਵੱਲ ਭੇਜੀ ਰਿਪੋਰਟ ਵਿਚ ਦੱਸਿਆ ਗਿਆ: ‘‘ਸਥਿਤੀ ਦਾ ਸਭ ਤੋਂ ਖ਼ਤਰਨਾਕ ਪੱਖ ਪਿੰਡਾਂ ਵਿਚ ਕਿਸਾਨੀ ਵੱਲੋਂ ਅੰਦੋਲਨਕਾਰੀਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ, ਉਨ੍ਹਾਂ ਦੇ ਉਪਦੇਸ਼ ’ਤੇ ਭਰੋਸਾ ਕਰਨਾ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਵਿਵਹਾਰ ਕਰਨਾ ਹੈ। … ਅੰਦੋਲਨਕਾਰੀਆਂ ਦੀ ਸਰਗਰਮੀ ਰੋਜ਼ਾਨਾ ਵਧ ਰਹੀ ਹੈ, ਪਿੰਡਾਂ ਅਤੇ ਸ਼ਹਿਰਾਂ ਵਿਚ, ਦੋਵੇਂ ਥਾਈਂ ਅੰਗਰੇਜ਼ ਵਿਰੋਧੀ ਭਾਵਨਾ ਪ੍ਰਬਲ ਹੋ ਰਹੀ ਹੈ।’’ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਡੇਨੀਅਲ ਇਬਸਟਨ ਨੇ 3 ਮਈ 1907 ਨੂੰ ਹਿੰਦੋਸਤਾਨ ਸਰਕਾਰ ਵੱਲ ਲਿਖੇ ਪੱਤਰ ਨੰ: 694 ਵਿਚ ਇਸ ਅੰਦੋਲਨ ਦੇ ਇਹ ਖ਼ਤਰਨਾਕ ਪਹਿਲੂ ਦੱਸੇ:
1. ਪ੍ਰਚਾਰ ਦਾ ਯਕੀਨਨ ਅੰਗਰੇਜ਼ ਵਿਰੋਧੀ ਲੱਛਣ
2. ਕਾਲੋਨਾਈਜੇਸ਼ਨ ਬਿੱਲ ਬਾਰੇ ਪੇਂਡੂਆਂ ਦੀ ਮਾਨਸਿਕਤਾ ਨੂੰ ਭ੍ਰਿਸ਼ਟ ਕਰਨਾ
3. ਸਿੱਖਾਂ ਵੱਲ ਵਿਸ਼ੇਸ਼ ਧਿਆਨ ਦੇਣਾ ਅਤੇ ਫ਼ੌਜੀ ਪੈਨਸ਼ਨਖਾਰਾਂ, ਸਿੱਖ ਰੈਜੀਮੈਂਟਾਂ ਦੇ ਸਿਪਾਹੀਆਂ ਨੂੰ ਬਗ਼ਾਵਤੀ ਸੰਮੇਲਨਾਂ ਵਿਚ ਸੱਦਾ ਦੇਣਾ; ਫਿਰੋਜ਼ਪੁਰ ਵਿਚ ਕਈ ਸੈਂਕੜੇ ਫ਼ੌਜੀ ਅਜਿਹੇ ਇਕੱਠ ਵਿਚ ਸ਼ਾਮਲ ਹੋਏ
4. ਜ਼ਮੀਨੀ ਮਾਲੀਆ, ਆਬਿਆਨਾ ਅਤੇ ਮੁੜ-ਵਸੇਬਾ ਰਾਸ਼ੀ ਦੀ ਅਦਾਇਗੀ ਕਰਨ ਤੋਂ ਇਨਕਾਰ ਅਤੇ ਦੌਰੇ ਉੱਤੇ ਗਏ ਅਧਿਕਾਰੀਆਂ ਨੂੰ ਲੋੜੀਂਦੀਆਂ ਵਸਤਾਂ ਦੇਣ ਪ੍ਰਤੀ ਅਸਹਿਯੋਗ
5. ਪੁਲੀਸ ਕਰਮੀਆਂ ਅਤੇ ਫ਼ੌਜੀਆਂ ਨੂੰ ਸਰਕਾਰੀ ਸੇਵਾ ਛੱਡਣ ਦੀ ਪ੍ਰੇਰਨਾ।
ਸਰਕਾਰ ਸ. ਅਜੀਤ ਸਿੰਘ ਦੀਆਂ ਇਨ੍ਹਾਂ ਕਾਰਵਾਈਆਂ ਕਾਰਨ ਘਬਰਾ ਗਈ। ਇਸ ਅੰਦੋਲਨ ਦੌਰਾਨ ਅਕਸਰ ਹੀ ਲਾਲਾ ਲਾਜਪਤ ਰਾਏ ਵੀ ਸ. ਅਜੀਤ ਸਿੰਘ ਦੇ ਨਾਲ ਹੁੰਦੇ ਸਨ ਜਿਸ ਕਾਰਨ ਵਰਤਮਾਨ ਸੰਕਟ ਵਿਚੋਂ ਨਿਕਲਣ ਲਈ ਸਰਕਾਰ ਨੇ ਇਨ੍ਹਾਂ ਦੋਹਾਂ ਖ਼ਿਲਾਫ਼ ਕਾਰਵਾਈ ਕਰਨ ਦਾ ਮਨ ਬਣਾਇਆ। ਨਤੀਜੇ ਵਜੋਂ ਮਈ 1907 ਵਿਚ ਇਨ੍ਹਾਂ ਦੋਵੇਂ ਆਗੂਆਂ ਨੂੰ ਅੱਗੜ ਪਿੱਛੜ ਗ੍ਰਿਫ਼ਤਾਰ ਕਰ ਕੇ 1818 ਦੇ ਐਕਟ ।।। ਅਧੀਨ ਦੇਸ਼ ਨਿਕਾਲੇ ਦੀ ਸਜ਼ਾ ਸੁਣਾਈ ਅਤੇ ਬਰਮਾ ਦੀ ਮਾਂਡਲੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਸਰਕਾਰ ਦੀ ਇਹ ਕਾਰਵਾਈ ਲੋਕਾਂ ਨੂੰ ਡਰਾਉਣ ਦੀ ਥਾਂ ਉਨ੍ਹਾਂ ਦੀਆਂ ਸਰਕਾਰ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਦਾ ਕਾਰਨ ਬਣੀ ਅਤੇ ਅੰਦੋਲਨ ਹੋਰ ਵੀ ਤੇਜ਼ੀ ਫੜਨ ਲੱਗਾ। ਸਥਿਤੀ ਵਿਗੜਦੀ ਵੇਖ ਕੇ ਵਾਇਸਰਾਇ ਨੇ ਆਪਣਾ ਵੀਟੋ ਦਾ ਅਧਿਕਾਰ ਵਰਤਦਿਆਂ ਨਵਾਂ ਬਿਲ ਹੀ ਵਾਪਸ ਨਾ ਲਿਆ ਸਗੋਂ ਨਵੰਬਰ 1907 ਵਿਚ ਦੋਵਾਂ ਆਗੂਆਂ ਨੂੰ ਬੰਧਨ ਮੁਕਤ ਵੀ ਕਰ ਦਿੱਤਾ।
ਜਲਾਵਤਨੀ ਦੀ ਸਜ਼ਾ ਰੱਦ ਹੋਣ ਪਿੱਛੋਂ ਪੰਜਾਬ ਆ ਕੇ ਸ. ਅਜੀਤ ਸਿੰਘ ਚੈਨ ਨਾਲ ਨਹੀਂ ਬੈਠਾ ਸਗੋਂ ਉਸ ਨੇ ਸਾਮਰਾਜੀ ਸਰਕਾਰ ਵਿਰੁੱਧ ਜਨਤਕ ਲਾਮਬੰਦੀ ਦਾ ਕੰਮ ਹੋਰ ਵੀ ਵਧੇਰੇ ਜੋਸ਼ ਨਾਲ ਕਰਨਾ ਸ਼ੁਰੂ ਕੀਤਾ। ਉਸ ਦਾ ਨਿਸ਼ਾਨਾ ਹਿੰਦੋਸਤਾਨੀ ਫ਼ੌਜ ਦੇ ਸੈਨਿਕਾਂ ਦੀ ਮਦਦ ਨਾਲ 1857 ਦੇ ਗ਼ਦਰ ਦੀ ਤਰਜ਼ ਉੱਤੇ ਹਥਿਆਰਬੰਦ ਬਗ਼ਾਵਤ ਰਾਹੀਂ ਅੰਗਰੇਜ਼ਾਂ ਨੂੰ ਹਿੰਦੋਸਤਾਨ ਵਿਚੋਂ ਕੱਢਣਾ ਸੀ। ਸਰਕਾਰ ਨੂੰ ਉਸ ਦੀਆਂ ਇਨ੍ਹਾਂ ਸਰਗਰਮੀਆਂ ਦੀ ਸੂਹ ਲੱਗ ਗਈ ਅਤੇ ਉਹ ਅਜੀਤ ਸਿੰਘ ਨੂੰ ਹੱਥ ਪਾਉਣ ਦੀ ਯੋਜਨਾ ਘੜਨ ਲੱਗੀ। ਸਰਦਾਰ ਅਜੀਤ ਸਿੰਘ ਨੂੰ ਆਪਣੇ ਗੁਪਤ ਵਸੀਲਿਆਂ ਰਾਹੀਂ ਸਰਕਾਰ ਦੀ ਬਦਨੀਤੀ ਦੀ ਜਾਣਕਾਰੀ ਮਿਲ ਗਈ। ਫਲਸਰੂਪ ਉਹ ਅਗਸਤ 1909 ਵਿਚ ਆਪਣੇ ਸਾਥੀ ਸੂਫ਼ੀ ਅੰਬਾ ਪ੍ਰਸਾਦ ਦੇ ਨਾਲ ਦੇਸ਼ ’ਚੋਂ ਬਾਹਰ ਨਿਕਲ ਗਿਆ। ਕਿਸਾਨੀ ਅੰਦੋਲਨ ਦੌਰਾਨ ਸ. ਅਜੀਤ ਸਿੰਘ ਦੇ ਮੋਢੇ ਨਾਲ ਮੋਢਾ ਡਾਹ ਕੇ ਕੰਮ ਕਰਨ ਵਾਲੇ ਰਾਮ ਸਰਨ ਦਾਸ ਕਪੂਰਥਲਾ, ਲਾਲਾ ਪਿੰਡੀ ਦਾਸ ਗੁੱਜਰਾਂਵਾਲਾ, ਪੰਡਤ ਰਾਮ ਭਜ ਦੱਤ, ਲਾਲਾ ਦੁਨੀਂ ਚੰਦ, ਬਖਸ਼ੀ ਟੇਕ ਚੰਦ, ਲਾਲਾ ਅਮੋਲਕ ਰਾਮ ਵਕੀਲ ਰਾਵਲਪਿੰਡੀ, ਪ੍ਰਭ ਦਿਆਲ ਉਰਫ ਬਾਂਕੇ ਦਿਆਲ, ਮਹਿਤਾ ਅਨੰਦ ਕਿਸ਼ੋਰ ਲਾਹੌਰ, ਲਾਲ ਚੰਦ ‘ਫਲਕ’, ਰਾਮ ਚੰਦ ਪਿਸ਼ਾਵਰੀਆ ਆਦਿ ਗਦਰ ਲਹਿਰ, ਹੋਮ ਰੂਲ ਲੀਗ, ਰੌਲਟ ਐਕਟ ਵਿਰੋਧੀ ਅੰਦੋਲਨ ਦੌਰਾਨ ਸਰਗਰਮ ਰਹੇ। ਇਉਂ ‘ਪਗੜੀ ਸੰਭਾਲ ਜੱਟਾ’ ਅੰਦੋਲਨ ਦੌਰਾਨ ਪੰਜਾਬ ਵਿਚ ਸੁਤੰਤਰਤਾ ਅੰਦੋਲਨ ਦਾ ਜੋ ਬੀਜ ਬੀਜਿਆ ਗਿਆ, ਉਹ ਦੇਸ਼ ਨੂੰ ਆਜ਼ਾਦੀ ਮਿਲਣ ਦੇ ਸਮੇਂ ਤੱਕ ਪ੍ਰਫੁੱਲਤ ਹੁੰਦਾ ਰਿਹਾ।
ਸੰਪਰਕ: 94170-49417
ਸਰਦਾਰ ਅਜੀਤ ਸਿੰਘ ਦੇ ਸਾਥੀ ਅਤੇ ਉਨ੍ਹਾਂ ਦੀ ਸਿਆਸੀ ਭੂਮਿਕਾ
ਕੋਈ ਵੀ ਅੰਦੋਲਨ ਭਾਵੇਂ ਉਹ ਆਰਥਿਕ ਮੰਗਾਂ ਲਈ ਲੜਿਆ ਜਾਵੇ ਜਾਂ ਸਿਆਸੀ, ਸਭਿਆਚਾਰਕ ਜਾਂ ਭਾਸ਼ਾਈ/ਖੇਤਰੀ ਮੰਗਾਂ ਲਈ, ਉਸ ਦੀ ਆਪਣੀ ਸਿਆਸੀ ਭੂਮਿਕਾ ਹੁੰਦੀ ਹੈ। ਇਸੇ ਤਰ੍ਹਾਂ ਪਗੜੀ ਸੰਭਾਲ ਜੱਟਾ ਅੰਦੋਲਨ ਕਿਸਾਨਾਂ ਦੀਆਂ ਮੰਗਾਂ ਨਾਲ ਸਬੰਧਿਤ ਹੋਣ ਦੇ ਨਾਲ ਨਾਲ ਬਸਤੀਵਾਦੀ ਵਿਰੋਧੀ ਅੰਦੋਲਨ ਵੀ ਸੀ ਅਤੇ ਉਸ ਵਿਚ ਹਿੱਸਾ ਲੈਣ ਵਾਲਿਆਂ ਨੇ ਬਾਅਦ ਵਿਚ ਹੋਏ ਆਜ਼ਾਦੀ ਦੇ ਘੋਲਾਂ ’ਚ ਵੀ ਸਰਗਰਮ ਭੂਮਿਕਾ ਨਿਭਾਈ। ਜਿੱਥੇ ਸ. ਅਜੀਤ ਸਿੰਘ ਨੇ ਖ਼ੁਦ ਸਾਰੀ ਉਮਰ ਵਿਦੇਸ਼ਾਂ ’ਚ ਰਹਿ ਦੇ ਦੇਸ਼ ਦੀ ਆਜ਼ਾਦੀ ਲਈ ਘਾਲਣਾ ਘਾਲੀ, ਉੱਥੇ ਉਨ੍ਹਾਂ ਦੇ ਹੋਰ ਸਿਆਸੀ ਸਾਥੀਆਂ ਨੇ ਵੀ ਵੱਖ ਵੱਖ ਅੰਦੋਲਨਾਂ ਵਿਚ ਹਿੱਸਾ ਲਿਆ। ਉਨ੍ਹਾਂ ਵਿਚੋਂ ਕੁਝ ਕੁ ਦਾ ਜ਼ਿਕਰ ਇਸ ਤਰ੍ਹਾਂ ਹੈ:
ਸੂਫੀ ਅੰਬਾ ਪ੍ਰਸਾਦ
ਸੰਯੁਕਤ ਪ੍ਰਾਂਤਾਂ ਦੇ ਸ਼ਹਿਰ ਮੁਰਾਦਾਬਾਦ ਵਿਚ 1858 ਵਿਚ ਜਨਮਿਆ ਅੰਬਾ ਪ੍ਰਸਾਦ ਉਰਦੂ ਫ਼ਾਰਸੀ ਦਾ ਮੰਨਿਆ ਪ੍ਰਮੰਨਿਆ ਵਿਦਵਾਨ ਸੀ। ਅੰਗਰੇਜ਼ ਵਿਰੋਧੀ ਭਾਵਨਾਵਾਂ ਨਾਲ ਭਰੇ ਅੰਬਾ ਪ੍ਰਸਾਦ ਨੇ 1890 ਵਿਚ ਉਰਦੂ ਸਪਤਾਹਿਕ ‘ਜਾਮ-ਏ-ਉਲ-ਉਲੂਮ’ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਤਾਂ ਬਾਗ਼ੀਆਨਾ ਲਿਖਤਾਂ ਕਾਰਨ ਕਈ ਵਾਰ ਜੇਲ ਜਾਣਾ ਪਿਆ। ਫਿਰ ਉਹ ਲਾਹੌਰ ਆ ਕੇ ਸ. ਅਜੀਤ ਸਿੰਘ ਦਾ ਸਾਥੀ ਬਣਿਆ। 1907 ਦੇ ਕਿਸਾਨ ਅੰਦੋਲਨ ਪਿੱਛੋਂ ਜਦ ਪੰਜਾਬ ਸਰਕਾਰ ਸ. ਅਜੀਤ ਸਿੰਘ ਦੇ ਪਿੱਛੇ ਪੈ ਗਈ ਤਾਂ ਉਹ ਦੋਵੇਂ ਇਰਾਨ ਚਲੇ ਗਏ। ਉੱਥੇ ਵੀ ਉਸ ਨੇ ਅੰਗਰੇਜ਼ ਵਿਰੋਧੀ ਸੰਘਰਸ਼ ਜਾਰੀ ਰੱਖਿਆ। ਉਹ ਸੱਜੀ ਬਾਂਹ ਤੋਂ ਨਕਾਰਾ ਸੀ ਅਤੇ ਲਿਖਣ ਤੇ ਗੋਲੀ ਚਲਾਉਣ ਦਾ ਕੰਮ ਖੱਬੇ ਹੱਥ ਨਾਲ ਹੀ ਕਰਦਾ ਸੀ। ਉਹ ਇਰਾਨ ਦੇ ਸ਼ੀਰਾਜ ਸ਼ਹਿਰ ਵਿਚ ਅੰਗਰੇਜ਼ੀ ਸੈਨਾ ਨਾਲ ਲੜਦਿਆਂ 21 ਜਨਵਰੀ 1917 ਨੂੰ ਸ਼ਹੀਦ ਹੋਇਆ।
ਬਾਂਕੇ ਦਿਆਲ
ਬਾਂਕੇ ਦਿਆਲ ਦਾ ਜਨਮ 1872 ਵਿਚ ਹੋਇਆ। ਪਿਤਾ ਮਈਆਂ ਦਾਸ ਪੁਲੀਸ ਮੁਲਾਜ਼ਮ ਸੀ। ਇਸ ਲਈ ਜਦ ਬਾਂਕੇ ਦਿਆਲ ਨੇ ਮਿਡਲ ਪੱਧਰ ਦੀ ਸਿੱਖਿਆ ਪ੍ਰਾਪਤੀ ਪਿੱਛੋਂ ਪੜ੍ਹਾਈ ਵਿਚ ਦਿਲਚਸਪੀ ਲੈਣੀ ਛੱਡ ਦਿੱਤੀ ਤਾਂ ਉਸ ਨੇ ਬਾਂਕੇ ਦਿਆਲ ਨੂੰ ਵੀ ਪੁਲੀਸ ਵਿਚ ਭਰਤੀ ਕਰਵਾ ਦਿੱਤਾ। ਬੈਂਤਬਾਜ਼ੀ ਦੀ ਚੇਟਕ ਵਾਲੇ ਬਾਂਕੇ ਦਿਆਲ ਨੂੰ ਇਹ ਨੌਕਰੀ ਰਾਸ ਨਾ ਆਈ ਅਤੇ ਉਸ ਨੇ 1904 ਵਿਚ ਗੁੱਜਰਾਂਵਾਲੇ ਆ ਕੇ ਆਪਣਾ ਛਾਪਾਖਾਨਾ ਲਾਇਆ ਅਤੇ ‘ਝੰਗ ਸਿਆਲ’ ਨਾਂ ਦਾ ਪੱਤਰ ਛਾਪਣਾ ਸ਼ੁਰੂ ਕਰ ਦਿੱਤਾ। 1907 ਦੇ ਕਿਸਾਨ ਅੰਦੋਲਨ ਸਮੇਂ ਉਸ ਦੇ ਗੀਤ ‘ਪਗੜੀ ਸੰਭਾਲ ਜੱਟਾ’ ਨੇ ਅੰਦੋਲਨ ਨੂੰ ਵਿਆਪਕ ਰੂਪ ਦੇਣ ਵਿਚ ਵੱਡਾ ਯੋਗਦਾਨ ਪਾਇਆ। 1908 ਵਿਚ ਸਰਕਾਰ ਖਿਲਾਫ਼ ਸਮੱਗਰੀ ਛਾਪਣ ਕਾਰਨ ਉਸ ਨੂੰ ਇਕ ਸਾਲ ਕੈਦ ਦੀ ਸਜ਼ਾ ਹੋਈ। ਜਨਵਰੀ 1913 ਵਿਚ ਦਸੰਬਰ ਮਹੀਨੇ ਦਿੱਲੀ ਵਿਚ ਵਾਇਸਰਾਏ ’ਤੇ ਹੋਏ ਹਮਲੇ ਬਾਰੇ ਟਿੱਪਣੀ ਕਰਨ ਉੱਤੇ ਸਰਕਾਰ ਨੇ ਉਸ ਦੇ ਛਾਪੇਖਾਨੇ ਵਾਲੀ ਜ਼ਮਾਨਤ ਜ਼ਬਤ ਕਰ ਲਈ। ਕਾਂਗਰਸ ਪਾਰਟੀ ਦੇ ਮੈਂਬਰ ਵਜੋਂ ਉਸ ਨੇ ਸਵਦੇਸ਼ੀ ਅਤੇ ਨਾ-ਮਿਲਵਰਤਣ ਲਹਿਰ ਵਿਚ ਹਿੱਸਾ ਲਿਆ। ਉਸ ਨੇ ਜੈਤੋ ਦੇ ਮੋਰਚੇ ਵਾਸਤੇ ਲਾਇਲਪੁਰ ਤੋਂ ਜਾਣ ਵਾਲੇ ਪੰਜਵੇਂ ਸ਼ਹੀਦੀ ਜਥੇ ਨੂੰ ਭੇਜਣ ਵਿਚ ਵੀ ਮਦਦ ਦਿੱਤੀ। ਉਹ 19 ਜੁਲਾਈ 1929 ਨੂੰ ਰੱਬ ਨੂੰ ਪਿਆਰਾ ਹੋਇਆ।
ਲਾਲਾ ਪਿੰਡੀ ਦਾਸ
ਵਣੀਆਵਾਲ ਜ਼ਿਲ੍ਹਾ ਗੁੱਜਰਾਂਵਾਲਾ ਦੇ ਵਸਨੀਕ ਲਾਲਾ ਈਸ਼ਰ ਦਾਸ ਦੇ 1886 ਵਿਚ ਜਨਮੇ ਪੁੱਤਰ ਪਿੰਡੀ ਦਾਸ ਨੂੰ ਸਕੂਲ ਵਿਚ ਪੜ੍ਹਦਿਆਂ ਹੀ ਦੇਸ਼ਭਗਤੀ ਦੀ ਚੇਟਕ ਲੱਗ ਗਈ। ਉਸ ਨੇ ਸ. ਅਜੀਤ ਸਿੰਘ ਦੀ ‘ਅੰਜਮਨ-ਇ-ਮੁਹਬਿਾਨ-ਏ-ਵਤਨ’ ਸੰਸਥਾ ਦਾ ਮੈਂਬਰ ਬਣ ਕੇ 1907 ਦੇ ਕਿਸਾਨ ਅੰਦੋਲਨ ਵਿਚ ਸਰਗਰਮ ਭਾਗ ਲਿਆ। ਉਹ 1919 ਵਿਚ ਰੌਲਟ ਐਕਟ ਵਿਰੋਧੀ ਅੰਦੋਲਨ ਦੌਰਾਨ ਸਰਕਾਰੀ ਸਖ਼ਤੀ ਦਾ ਸ਼ਿਕਾਰ ਹੋਇਆ। ਉਸ ਨੇ ਗਾਂਧੀ ਜੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਕੇ ਨਾ-ਮਿਲਵਰਤਣ ਲਹਿਰ, ਸਿਵਲ ਨਾਫਰਮਾਨੀ ਲਹਿਰ, ਭਾਰਤ ਛੱਡੋ ਅੰਦੋਲਨ ਆਦਿ ਵਿਚ ਭਾਗ ਲਿਆ ਅਤੇ ਵੱਖ ਵੱਖ ਸਮੇਂ ਲਗਭਗ 16 ਸਾਲ ਦੀ ਕੈਦ ਕੱਟੀ। ਉਸ ਦਾ ਦੇਹਾਂਤ 17 ਜੁਲਾਈ 1969 ਨੂੰ ਹੋਇਆ।
ਲ਼ਾਲ ਚੰਦ ‘ਫਲਕ’
ਲਾਲ ਚੰਦ ਦਾ ਜਨਮ ਜਨਵਰੀ 1887 ਵਿਚ ਹਾਫਿਜ਼ਾਬਾਦ (ਜ਼ਿਲ੍ਹਾ ਗੁੱਜਰਾਂਵਾਲਾ) ਵਿਚ ਹੋਇਆ। ਪਿਤਾ ਦੀ ਲਾਹੌਰ ਵਿਚ ਦੁਕਾਨ ਹੋਣ ਕਾਰਨ ਬਚਪਨ ਲਾਹੌਰ ਵਿਚ ਬੀਤਿਆ ਅਤੇ ਮੁੱਢਲੀ ਸਿੱਖਿਆ ਵੀ ਇੱਥੋਂ ਹੀ ਲਈ। ਮੈਟ੍ਰਿਕ ਕਰ ਕੇ ਸਰਕਾਰੀ ਨੌਕਰੀ ਕੀਤੀ, ਪਰ ਅੰਗਰੇਜ਼ ਅਫ਼ਸਰਾਂ ਦੀ ਹੈਂਕੜ ਵੇਖਦਿਆਂ ਨੌਕਰੀ ਛੱਡ ਦਿੱਤੀ ਅਤੇ ਸ. ਅਜੀਤ ਸਿੰਘ ਹੋਰਾਂ ਦੇ ਸੰਪਰਕ ਵਿਚ ਆ ਗਿਆ। ‘ਪਗੜੀ ਸੰਭਾਲ ਜੱਟਾ’ ਅੰਦੋਲਨ ਵਿਚ ਭਾਗ ਲਿਆ, ਭਾਰਤ ਮਾਤਾ ਬੁਕ ਏਜੰਸੀ ਰਾਹੀਂ ਬਾਗ਼ੀ ਸੁਰ ਵਾਲੀਆਂ ਪੁਸਤਕਾਂ ਛਾਪਣ ਦੇ ਦੋਸ਼ ਵਿਚ ਸਜ਼ਾ ਹੋਈ। ਗ਼ਦਰ ਪਾਰਟੀ ਦਾ ਸਹਿਯੋਗੀ ਬਣ ਕੇ ਦੇਸ਼ ਪਿਆਰ ਦੇ ਗੀਤ ਗਾਉਣ ਦੇ ਦੋਸ਼ ਵਿਚ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਹੋਈ। ‘ਜਾਮੇ ਫਲਕ’, ‘ਆਈਨਾ ਫਲਕ’ ਆਦਿ ਉਸ ਦੀਆਂ ਰਚੀਆਂ ਕਾਵਿ-ਪੁਸਤਕਾਂ ਹਨ। ਪੱਤਰਕਾਰੀ ਵੀ ਕੀਤੀ। ਵੰਡ ਪਿੱਛੋਂ ਦਿੱਲੀ ਰਿਹਾਇਸ਼ ਕੀਤੀ। 1967 ਵਿਚ ਦੇਹਾਂਤ ਹੋਇਆ।
ਰਾਮ ਚੰਦ ਪਿਸ਼ਾਵਰੀਆ
ਪਿਸ਼ਾਵਰ ਜ਼ਿਲ੍ਹੇ ਦੇ ਪਿੰਡ ਕਾਲੂ ਖਾਨ ਦਾ ਜੰਮਪਲ ਹੋਣ ਕਾਰਨ ਰਾਮ ਚੰਦ ਦੇ ਨਾਂ ਨਾਲ ਪਿਸ਼ਾਵਰੀ ਜਾਂ ਪਿਸ਼ਾਵਰੀਆ ਜੁੜ ਗਿਆ। ਪੱਤਰਕਾਰੀ ਦਾ ਸ਼ੌਕ ਹੋਣ ਕਾਰਨ ਸਿੱਖਿਆ ਪ੍ਰਾਪਤੀ ਪਿੱਛੋਂ ਉਹ ਇਸ ਖੇਤਰ ਵਿਚ ਪੈ ਗਿਆ ਅਤੇ ਗੁੱਜਰਾਂਵਾਲੇ ਤੋਂ ‘ਇੰਡੀਆ’ ਅਤੇ ਦਿੱਲੀ ਤੋਂ ‘ਆਕਾਸ਼’ ਦੀ ਸੰਪਾਦਨਾ ਨਾਲ ਜੁੜਿਆ ਰਿਹਾ। ਦਿੱਲੀ ਬੰਬ ਮਾਮਲੇ ਵਿਚ ਨਾਂ ਆਉਣ ਕਾਰਨ ਉਹ ਦੇਸ਼ ਤੋਂ ਬਾਹਰ ਅਮਰੀਕਾ ਚਲਾ ਗਿਆ ਅਤੇ ਗ਼ਦਰ ਪਾਰਟੀ ਵਿਚ ਸ਼ਾਮਲ ਹੋ ਗਿਆ। ਜਦ ਪਹਿਲੀ ਆਲਮੀ ਜੰਗ ਸ਼ੁਰੂ ਹੋਣ ਨੂੰ ਬਗ਼ਾਵਤ ਕਰਨ ਲਈ ਢੁੱਕਵਾਂ ਅਵਸਰ ਮੰਨਦਿਆਂ ਗ਼ਦਰੀ ਦੇਸ਼ ਪਰਤ ਆਏ ਤਾਂ ਗ਼ਦਰ ਪਾਰਟੀ ਅਤੇ ਗ਼ਦਰ ਅਖ਼ਬਾਰ ਦਾ ਸਮੁੱਚਾ ਪ੍ਰਬੰਧ ਉਸ ਦੇ ਹੱਥ ਆ ਗਿਆ। ਪਾਰਟੀ ਨਾਲ ਗਦਾਰੀ ਕਰਨ ਦਾ ਦੋਸ਼ ਲੱਗਣ ਕਾਰਨ ਉਹ ਬਦਨਾਮ ਹੋ ਗਿਆ ਅਤੇ ਇਕ ਹੋਰ ਗ਼ਦਰੀ ਭਾਈ ਰਾਮ ਸਿੰਘ ਧੁਲੇਤਾ ਵੱਲੋਂ 23 ਅਪਰੈਲ 1918 ਨੂੰ ਕਚਹਿਰੀ ਵਿਚ ਗੋਲੀ ਮਾਰੇ ਜਾਣ ਕਾਰਨ ਉਸ ਦੀ ਮੌਤ ਹੋ ਗਈ।
ਪੰਡਤ ਰਾਮ ਭਜ ਦੱਤ
26 ਫਰਵਰੀ 1866 ਨੂੰ ਜਨਮਿਆ ਪੰਡਤ ਰਾਮ ਭਜ ਦੱਤ ਲਾਹੌਰ ਹਾਈ ਕੋਰਟ ਵਿਚ ਵਕੀਲ ਸੀ। ਉਸ ਦੀ ਸ਼ਾਦੀ ਰਾਬਿੰਦਰਨਾਥ ਟੈਗੋਰ ਦੀ ਭਤੀਜੀ ਸਰਲਾ ਦੇਵੀ ਨਾਲ ਹੋਈ। ਉਹ ਕਾਂਗਰਸ ਪਾਰਟੀ ਦੀ ਸਥਾਪਨਾ ਤੋਂ ਇਸ ਨਾਲ ਜੁੜਿਆ ਹੋਇਆ ਸੀ ਅਤੇ ਉਸ ਨੇ ਪਾਰਟੀ ਦੇ ਹਰ ਸਾਲਾਨਾ ਸੈਸ਼ਨ ਵਿਚ ਭਾਗ ਲਿਆ। ਉਹ ਪੰਜਾਬ ਵਿਚ ਗਾਂਧੀ ਜੀ ਦੇ ਨੇੜਲੇ ਸਹਿਯੋਗੀਆਂ ਵਿਚੋਂ ਸੀ। ਬੰਬਈ ਵਿਚ ਬਾਬਾ ਗੁਰਦਿੱਤ ਸਿੰਘ ਦੀ ਮਹਾਤਮਾ ਗਾਂਧੀ ਨਾਲ ਮੁਲਾਕਾਤ ਉਸ ਨੇ ਹੀ ਕਰਵਾਈ। ਰੌਲਟ ਐਕਟ ਵਿਰੋਧੀ ਅੰਦੋਲਨ ਵਿਚ ਭਾਗ ਲੈਣ ਕਾਰਨ ਉਸ ਨੇ ਕੈਦ ਭੁਗਤੀ। ਛੇ ਅਗਸਤ 1923 ਨੂੰ ਉਸ ਦਾ ਦੇਹਾਂਤ ਹੋਇਆ।
ਰਾਮ ਸਰਨ ਦਾਸ ਤਲਵਾੜ
ਕਪੂਰਥਲੇ ਵਿਚ ਪਿਤਾ ਸੰਤ ਰਾਮ ਦੇ ਘਰ 1888 ਨੂੰ ਜਨਮਿਆ। 1907 ਦੇ ਕਿਸਾਨ ਅੰਦੋਲਨ ਵਿਚ ਭਾਗ ਲੈਣ ਪਿੱਛੋਂ ਉਹ ਅੰਗਰੇਜ਼ ਸਰਕਾਰ ਵਿਰੁੱਧ ਸਰਗਰਮ ਹੋ ਗਿਆ। 23 ਦਸੰਬਰ 1912 ਨੂੰ ਦਿੱਲੀ ਵਿਚ ਵਾਇਸਰਾਏ ਉੱਤੇ ਹੋਏ ਬੰਬ ਹਮਲੇ ਵਿਚ ਉਸ ਦਾ ਨਾਂ ਸ਼ਾਮਲ ਸੀ। ਕਰਤਾਰ ਸਿੰਘ ਸਰਾਭਾ, ਪਿੰਗਲੇ ਅਤੇ ਪਰਮਾਨੰਦ ਪੰਜਾਬ ਆਉਣ ਤੋਂ ਝੱਟ ਪਿੱਛੋਂ ਉਸ ਨੂੰ ਜਾ ਕੇ ਮਿਲੇ। ਉਸ ਦੀ ਸਲਾਹ ਨਾਲ ਹੀ ਰਾਸ ਬਿਹਾਰੀ ਬੋਸ ਨੂੰ ਪੰਜਾਬ ਲਿਆਂਦਾ ਗਿਆ। ਲਾਹੌਰ ਵਿਚ ਰਾਸ ਬਿਹਾਰੀ ਬੋਸ ਦੇ ਰਹਿਣ ਲਈ ਮਕਾਨ ਉਸ ਦੇ ਰਾਹੀਂ ਲਿਆ ਗਿਆ। ਗ਼ਦਰ ਸਾਜ਼ਿਸ਼ ਮੁਕੱਦਮੇ ਵਿਚ ਉਸ ਨੂੰ ਹੋਈ ਫਾਂਸੀ ਦੀ ਸਜ਼ਾ ਪਿੱਛੋਂ ਉਮਰ ਕੈਦ ਵਿਚ ਬਦਲੀ ਗਈ। ਰਿਹਾਈ ਪਿੱਛੋਂ ਉਹ ਭਗਤ ਸਿੰਘ ਹੋਰਾਂ ਨਾਲ ਕੰਮ ਕਰਨ ਲੱਗਾ ਅਤੇ ਮੁਕੱਦਮੇ ਵਿਚ ਉਸ ਨੂੰ ਦੋ ਸਾਲ ਕੈਦ ਦੀ ਸਖ਼ਤ ਸਜ਼ਾ ਹੋਈ। ਉਸ ਦੀ ਅੰਗਰੇਜ਼ੀ ਵਿਚ ਲਿਖੀ ਪੁਸਤਕ ‘ਡਰੀਮ ਲੈਂਡ’ ਦੀ ਭੂਮਿਕਾ ਸ. ਭਗਤ ਸਿੰਘ ਨੇ ਲਿਖੀ। ਉਹ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਮੌਕੇ ਆਪਣੇ ਤੌਰ ਉੱਤੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਂਦਾ ਰਿਹਾ। ਉਸ ਦਾ ਦੇਹਾਂਤ 8 ਫਰਵਰੀ 1963 ਨੂੰ ਹੋਇਆ।