ਦੇਸ ਰਾਜ ਕਾਲੀ
ਬਾਬਾ ਸੋਹਣ ਸਿੰਘ ਭਕਨਾ ਨੇ ਗ਼ਦਰ ਪਾਰਟੀ ਦੀ ਸਥਾਪਨਾ ਬਾਬਤ ਲਿਖਿਆ ਹੈ ਕਿ “ਓਰੀਗਨ ਤੇ ਵਾਸ਼ਿੰਗਟਨ ਰਿਆਸਤਾਂ ਦੇ ਕਾਰਖਾਨਿਆਂ ਦੇ ਹਿੰਦੀ ਮਜ਼ਦੂਰਾਂ ਨੇ ਮਾਰਚ 1913 ਵਿਚ ਅਸਟੋਰੀਆ ਦੇ ਸਥਾਨ ਉੱਤੇ ਇਕ ਕਾਨਫਰੰਸ ਸੱਦੀ। ਇਸ ਵਿਚ ਮੋਨਾਰਕ ਮਿੱਲ, ਸੇਂਟ ਜਾਹਨ, ਪੋਰਟਲੈਂਡ ਦੀ ਬਰਾਈਡਲ ਵੇਲ ਮਿੱਲ ਤੇ ਅਸਟੋਰੀਆ ਮਿੱਲ ਆਦਿ ਕਾਰਖਾਨਿਆਂ ਦੇ 120 ਨੁਮਾਇੰਦੇ ਸ਼ਾਮਲ ਹੋਏ। ਇਸ ਮੌਕੇ ਲਾਲਾ ਹਰਦਿਆਲ ਨੂੰ ਵੀ ਸਾਨਫਰਾਂਸਿਸਕੋ ਤੋਂ ਬੁਲਾਇਆ ਗਿਆ। ਇਨ੍ਹਾਂ ਇਕੱਤਰ ਮਜ਼ਦੂਰ ਨੁਮਾਇੰਦਿਆਂ ਨੇ ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਉਰਫ਼ ਗ਼ਦਰ ਪਾਰਟੀ ਦੀ ਬੁਨਿਆਦ ਰੱਖੀ।’’ ਇਸ ਕਾਨਫਰੰਸ ਵਿਚ ਹੇਠ ਲਿਖੇ ਮਤੇ ਪਾਸ ਕੀਤੇ ਗਏ।
1. ਇੱਕ ਇਨਕਲਾਬੀ ਜਥੇਬੰਦੀ ਕਾਇਮ ਕੀਤੀ ਜਾਵੇ, ਜਿਸ ਦਾ ਮੰਤਵ ਹਥਿਆਰਬੰਦ ਇਨਕਲਾਬ ਰਾਹੀਂ ਹਿੰਦੁਸਤਾਨ ਨੂੰ ਅੰਗਰੇਜ਼ੀ ਗੁਲਾਮੀ ਤੋਂ ਨਿਜਾਤ ਦੁਆਉਣ ਤੇ ਆਜ਼ਾਦੀ ਤੇ ਬਰਾਬਰੀ ਦੀਆਂ ਬੁਨਿਆਦਾਂ ਉੱਤੇ ਕੌਮੀ ਜਮਹੂਰੀਅਤ ਕਾਇਮ ਕਰਨਾ ਹੋਵੇਗਾ।
2. ਇਸ ਜਥੇਬੰਦੀ ਦਾ ਨਾਂਅ ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਹੋਵੇਗਾ।
3. ਪਾਰਟੀ ਦਾ ਇਕ ਸਪਤਾਹਿਕ ਅਖ਼ਬਾਰ ਪੰਜਾਬੀ, ਉਰਦੂ ਤੇ ਹਿੰਦੀ ਵਿਚ ਪ੍ਰਕਾਸ਼ਿਤ ਹੋਵੇਗਾ। ਸੰਨ 1857 ਦੇ ਗ਼ਦਰ ਦੀ ਯਾਦ ਵਿਚ ਇਸ ਦਾ ਨਾਂਅ ‘ਗਦ਼ਰ’ ਹੋਵੇਗਾ।
4. ਪਾਰਟੀ ਦਾ ਨਾਅਰਾ ਵੰਦੇ ਮਾਤਰਮ ਹੋਵੇਗਾ, ਕਿਉਂਕਿ ਇਹੀ ਇਨਕਲਾਬੀ ਨਾਅਰਾ ਅੰਗਰੇਜ਼ ਸਰਕਾਰ ਨੂੰ ਚੁਭਦਾ ਹੈ।
5. ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ ਦਾ ਮੁੱਖ ਦਫ਼ਤਰ ਸਾਨਫਰਾਂਸਿਸਕੋ (ਕੈਲੇਫੋਨੀਅਨ) ਵਿਚ ਹੋਵੇਗਾ, ਕਿਉਂਕਿ ਇਹ ਸ਼ਹਿਰ ਦੁਨੀਆ ਭਰ ਦੇ ਇਨਕਲਾਬੀਆਂ ਦਾ ਕੇਂਦਰ ਅਤੇ ਸਮੁੰਦਰੀ ਬੰਦਰਗਾਹ ਹੈ।
6. ਪਾਰਟੀ ਦੇ ਦਫ਼ਤਰ, ਪ੍ਰੈੱਸ ਜਾਂ ਅਖ਼ਬਾਰ ਵਿਚ ਕੰਮ ਕਰਨ ਵਾਲਿਆਂ ਨੂੰ ਜਾਂ ਪਾਰਟੀ ਦਾ ਕੋਈ ਵੀ ਹੋਰ ਕੰਮ ਕਰਨ ਵਾਲਿਆਂ ਨੂੰ ਕੋਈ ਤਨਖਾਹ ਨਹੀਂ ਮਿਲੇਗੀ, ਪਰ ਰੋਟੀ, ਕੱਪੜਾ ਤੇ ਲੋੜ ਮੂਜਬ ਹੋਰ ਜ਼ਰੂਰਤਾਂ ਪਾਰਟੀ ਫ਼ੰਡ ਵਿਚੋਂ ਬਰਾਬਰੀ ਦੇ ਅਸੂਲ ਉੱਤੇ ਪੂਰੀਆਂ ਕੀਤੀਆਂ ਜਾਣਗੀਆਂ।
7. ਹਰ ਕਾਰਖਾਨੇ ਜਾਂ ਗੈਂਗਾਂ ਵਿਚ ਪਾਰਟੀ ਮੈਂਬਰਾਂ ਦੀ ਚੁਣੀ ਹੋਈ ਕਮੇਟੀ ਹੋਵੇਗੀ, ਜਿਸ ਦਾ ਕੇਂਦਰੀ ਇੰਤਜ਼ਾਮੀਆ ਕਮੇਟੀ ਨਾਲ ਇਲਹਾਕ ਹੋਵੇਗਾ।
8. ਕਾਰਖਾਨੇ ਜਾਂ ਗੈਂਗਾਂ ਵਿਚੋਂ ਜੋ ਵੀ ਹਿੰਦੁਸਤਾਨੀ ਮੈਂਬਰ ਬਣਨਾ ਚਾਹੇਗਾ, ਉਸ ਨੂੰ ਇਕ ਡਾਲਰ ਮਾਸਿਕ ਚੰਦਾ ਦੇਣਾ ਪਵੇਗਾ।
9. ਮੁੱਢਲੀਆਂ ਇਕਾਈਆਂ ਦੇ ਚੁਣੇ ਹੋਏ ਪ੍ਰਤੀਨਿਧਾਂ ਦੀ ਇੱਕ ਕੇਂਦਰੀ ਇੰਤਜ਼ਾਮੀਆ ਕਮੇਟੀ ਹੋਵੇਗੀ, ਜਿਹੜੀ ਅਖ਼ਬਾਰ, ਪ੍ਰੈੱਸ, ਦਫ਼ਤਰ ਤੇ ਬਾਕੀ ਸਾਰੇ ਖੁੱਲ੍ਹੇ ਕੰਮਾਂ ਦੀ ਦੇਖ-ਰੇਖ ਕਰੇਗੀ।
10. ਇੰਤਜ਼ਾਮੀਆ ਕਮੇਟੀ ਆਪਣੇ ਵਿਚੋਂ ਤਿੰਨ ਮੈਂਬਰਾਂ ਦਾ ਕਮਿਸ਼ਨ ਚੁਣੇਗੀ, ਜੋ ਪਾਰਟੀ ਦੇ ਸਾਰੇ ਖੁਫੀਆ ਕੰਮਾਂ ਲਈ ਜ਼ਿੰਮੇਵਾਰ ਹੋਵੇਗਾ।
11. ਪਾਰਟੀ ਵਿਚ ਮਜ਼੍ਹਬੀ ਬਹਿਸ-ਮੁਬਾਹਸੇ ਨੂੰ ਕੋਈ ਥਾਂ ਨਹੀਂ ਹੋਵੇਗੀ। ਮਜ਼੍ਹਬ ਹਰ ਕਿਸੇ ਦਾ ਆਪਣਾ ਨਿੱਜੀ ਨੇਮ ਹੋਵੇਗਾ।
12. ਪਾਰਟੀ ਦੇ ਹਰ ਸਿਪਾਹੀ ਦਾ ਇਹ ਫਰਜ਼ ਹੋਵੇਗਾ ਕਿ ਉਹ ਦੁਨੀਆਂ ਵਿਚ, ਜਿੱਥੇ ਵੀ ਕਿਤੇ ਹੋਵੇ ਗੁਲਾਮੀ ਦੇ ਖ਼ਿਲਾਫ਼ ਤੇ ਆਜ਼ਾਦੀ ਦੇ ਹੱਕ ਵਿਚ ਲੜੇ ਅਤੇ ਆਜ਼ਾਦੀ ਦੀਆਂ ਜੰਗਾਂ ਦਾ ਭਾਈਵਾਲ ਬਣੇ।
13. ਅਖ਼ਬਾਰ ਮੁਫਤ ਵੰਡਿਆ ਜਾਏਗਾ ਤੇ ਇਸ ਦਾ ਕੋਈ ਚੰਦਾ ਨਹੀਂ ਹੋਵੇਗਾ।
14. ਪਾਰਟੀ ਦੀ ਚੋਣ ਹਰ ਸਾਲ ਹੋਇਆ ਕਰੇਗੀ।
ਉਪਰੋਕਤ ਮਤੇ ਇਸ ਗੱਲ ਦੀ ਗਵਾਹੀ ਭਰਦੇ ਕਿ ਦੇਸ਼ ਭਗਤ ਗ਼ਦਰੀ ਸੂਰਬੀਰਾਂ ਦੀ ਤਿੱਖੀ ਸੂਝ ਹੀ ਸੀ, ਜਿਸ ਨੇ ਦੇਸ਼ ਭਗਤ ਤਾਕਤਾਂ ਨੂੰ ਇਕ ਫਰੰਟ ਉੱਤੇ ਇਕੱਠਾ ਕਰ ਲਿਆ। ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕੀਤੀਆਂ ਗਈਆਂ। ਗ਼ਦਰ ਪਾਰਟੀ ਦੇ ਆਗੂਆਂ ਤੇ ਕਾਰਕੁਨਾਂ ਦੀ ਇਸ ਸਾਰੀ ਸਮਝ ਪਿੱਛੇ ਇੱਕ ਲੰਮਾ ਇਤਿਹਾਸਕ ਪ੍ਰਕਾਰਜ ਕਾਰਜਸ਼ੀਲ ਹੈ। ਗ਼ਦਰ ਪਾਰਟੀ ਦੀ ਸਥਾਪਨਾ ਇਸ ਇਤਿਹਾਸਕ ਕਾਲ ਦੀ ਸਿਖਰ ਸੀ, ਇਸ ਸੋਚ ਦੀ ਬੁਲੰਦੀ ਸੀ।
1907 ਵਿਚ 1857 ਦੇ ਗ਼ਦਰ ਦੀ ਪੰਜਾਹਵੀਂ ਵਰ੍ਹੇਗੰਢ ਸੀ। ਇਸ ਮੌਕੇ ਹੀ ਭਾਰਤੀ ਇਨਕਲਾਬੀਆਂ ਦੇ ਜੋਸ਼ ਦਾ ਝਉਲਾ ਪੈਣ ਲੱਗਿਆ ਸੀ। ਮਨਾਂ ਅੰਦਰ ਮਘ ਰਹੀ ਚੰਗਿਆੜੀ ਪ੍ਰਬਲ ਹੋਣ ਲੱਗ ਪਈ ਸੀ। 1906 ਵਿਚ ਸੈਮੂਅਲ ਲੂਕਸ ਜੋਸ਼ੀ, ਜੋ ਮਰਹੱਟਾ ਈਸਾਈ ਸੀ, ਨੇ ਮੁਹੰਮਦ ਬਰਕਤੁਲਾ ਨਾਲ ਮਿਲ ਕੇ ਅਲਖ ਆਰੀਆ ਜਥੇਬੰਦੀ ਕਾਇਮ ਕੀਤੀ। ਇਸ ਜਥੇਬੰਦੀ ਨੂੰ ਆਇਰਸ਼ਾਂ ਵਲੋਂ ਵੀ ਮਦਦ ਮਿਲੀ। 1907 ਵਿਚ ਮੈਡਮ ਕਾਮਾ ਦੇ ਨਿਊਯਾਰਕ ਪਹੁੰਚਣ ਤੇ ਇਨ੍ਹਾਂ ਸੁਸਾਇਟੀਆਂ ਨੂੰ ਹੌਸਲਾ ਮਿਲਿਆ। ਨਿਊਯਾਰਕ ਦੇ ਇਕ ਅਖ਼ਬਾਰ ਵਿਚ ਪ੍ਰਕਾਸ਼ਿਤ ਮੁਲਾਕਾਤ ਵਿਚ ਉਨ੍ਹਾਂ ਕਿਹਾ, “ਅਸੀਂ ਗੁਲਾਮ ਹਾਂ ਅਤੇ ਮੈਂ ਅਮਰੀਕਾ ਵਿਚ ਬਰਤਾਨੀਆਂ ਦੇ ਜਬਰ ਦਾ ਪਰਦਾਫਾਸ਼ ਕਰਨ ਲਈ ਆਈ ਹਾਂ, ਜਿਸ ਦਾ ਏਨੀ ਦੂਰ-ਦੁਰਾਡੇ ਪਤਾ ਨਹੀਂ ਲੱਗਦਾ। ਇਸ ਦੇ ਨਾਲ ਹੀ ਅਮਰੀਕੀ ਗਣਤੰਤਰ ਦੇ ਨਿੱਘ-ਦਿਲੇ ਲੋਕਾਂ ਨੂੰ ਆਪਣੇ ਸੰਗਰਾਮ ਨਾਲ ਜੋੜਨ ਲਈ ਉਤਸ਼ਾਹਤ ਕਰਨ ਆਈ ਹਾਂ।’’ ਇਨ੍ਹਾਂ ਸੁਸਾਇਟੀਆਂ ਦੀਆਂ ਗਤੀਵਿਧੀਆਂ ’ਤੇ 1910 ਦੇ ਕਰੀਬ ਮੁਹੰਮਦ ਬਰਕਤੁਲਾ ਦੇ ਜਪਾਨ ਚਲੇ ਜਾਣ ਨਾਲ ਅਸਰ ਪਿਆ ਤੇ ਉਨ੍ਹਾਂ ਦਾ ਕੰਮ ਲਗਪਗ ਠੱਪ ਹੀ ਹੋ ਗਿਆ।
1907 ਦੇ ਅਖੀਰ ਵਿਚ ਹੀ ਤਾਰਕ ਨਾਥ ਦਾਸ ਨੇ ਆਪਣਾ ਅਖ਼ਬਾਰ ‘ਫ੍ਰੀ ਹਿੰਦੁਸਤਾਨ’ ਕੱਢਿਆ। ਉਹ ਪਹਿਲਾਂ ਇੰਡੀਅਨ ਐਸੋਸੀਏਸ਼ਨ ਦੇ ਖਜ਼ਾਨਚੀ ਸਨ। ‘ਫ੍ਰੀ ਹਿੰਦੁਸਤਾਨ’ ਉਨ੍ਹਾਂ ਅੰਗਰੇਜ਼ੀ ਵਿਚ ਕੱਢਣਾ ਸ਼ੁਰੂ ਕੀਤਾ। ਇਸ ਵਿਚ ਉਨ੍ਹਾਂ ਖਾਸ ਤੌਰ ’ਤੇ ਫੌਜ ਨਾਲ ਜੁੜੇ ਸਿੱਖਾਂ ਨੂੰ ਜਾਗ੍ਰਿਤ ਕਰਨ ਲਈ ਮਜ਼ਮੂਨ ਲਿਖੇ। ਉਨ੍ਹਾਂ ਲਿਖਿਆ “ਸਿੱਖ ਫੌਜੀ ਭਾਰਤ ਵਿਚ ਬਰਤਾਨਵੀ ਸਾਮਰਾਜ ਦੀ ਰੀੜ੍ਹ ਦੀ ਹੱਡੀ ਸਮਝੇ ਜਾਂਦੇ ਹਨ, ਇਹ ਜਾਣ ਕੇ ਖੁਸ਼ੀ ਹੁੰਦੀ ਹੈ ਕਿ ਸਿੱਖਾਂ ਵਿਚ ਇਹ ਜਜ਼ਬਾ ਪਣਪਿਆ ਹੈ ਕਿ ਬਰਤਾਨਵੀ ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਨਾਲ ਭਾਰਤ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਹੋਇਆ ਹੈ। ਸਿੱਖ ਧਰਮ ਮਜ਼ਲੂਮ ਦੀ ਮਦਦ ਤੇ ਜ਼ਾਲਮਾਂ ਦੇ ਖਾਤਮੇ ਦੀ ਪ੍ਰੋੜ੍ਹਤਾ ਕਰਦਾ ਹੈ।’’ ਉਨ੍ਹਾਂ ਦੇ ਅਜਿਹੇ ਲੇਖਾਂ ਦਾ ਪੰਜਾਬੀ ਸਿੱਖਾਂ ਦੇ ਮਨਾਂ ਉੱਤੇ ਬੜਾ ਗਹਿਰਾ ਅਸਰ ਹੋਇਆ। ਉਨ੍ਹਾਂ ਦੇ ਮਨਾਂ ਤੇ ਬਰਤਾਨਵੀ ਹਕੂਮਤ ਵਿਰੁੱਧ ਨਫਰਤ ਭੜਕ ਉੱਠੀ।
ਜੀ.ਡੀ. ਕੁਮਾਰ ਦਾ ਮੇਲ ਜਦੋਂ ਤਾਰਕ ਨਾਥ ਦਾਸ ਹੁਰਾਂ ਨਾਲ ਹੋਇਆ ਤਾਂ ਇਨਕਲਾਬੀ ਕੰਮਾਂ ਵਿਚ ਹੋਰ ਤੇਜ਼ ਆਈ। ਉਨ੍ਹਾਂ ਮੈਕਡ ਐਵੇਨਿਊ ਵੇਸਟ, ਫੇਅਰ ਵੀਊ ਵੈਨਕੂਵਰ ਵਿਖੇ ‘ਸਵਦੇਸ਼ ਸੇਵਕ’ ਹੋਮ ਖੋਲ੍ਹਿਆ। ਇਥੋ ਹੀ ‘ਸਵਦੇਸ਼ ਸੇਵਕ’ ਪਰਚਾ ਕੱਢਿਆ ਗਿਆ। ਇਹ ਮਹੀਨੇ ਬਾਅਦ ਪ੍ਰਕਾਸ਼ਤ ਹੁੰਦਾ ਸੀ। ਇਹ ਪੰਜਾਬੀ ਭਾਸ਼ਾ ਦਾ ਪਰਚਾ ਸੀ ਤੇ ਵਿਸ਼ੇਸ਼ ਤੌਰ ’ਤੇ ਭਾਰਤੀ ਸਿੱਖ ਫੌਜੀਆਂ ਨੂੰ ਸੰਬੋਧਤ ਮਜ਼ਮੂਨ ਇਸ ਵਿਚ ਪ੍ਰਕਾਸ਼ਤ ਕੀਤੇ ਜਾਂਦੇ ਤੇ ਕਾਫੀ ਗਿਣਤੀ ਵਿਚ ਭਾਰਤ ਭੇਜਿਆ ਜਾਂਦਾ।
23 ਦਸੰਬਰ 1912 ਨੂੰ ਜਦੋਂ ਦਿੱਲੀ ਵਿਚ ਵਾਇਸਰਾਏ ਦੇ ਕਤਲ ਦੇ ਯਤਨ ਵਾਲੀ ਘਟਨਾ ਘਟੀ ਤਾਂ ਬਰਕਲੇ ਵਿਖੇ ਲਾਲਾ ਹਰਦਿਆਲ ਨੇ ਇਸ ਦਾ ਸਿਹਰਾ ਲੈਂਦਿਆਂ ਕਿਹਾ ਕਿ ਇਹ ਕੰਮ ਉਨ੍ਹਾਂ ਦੀ ਪਾਰਟੀ ਦਾ ਹੈ। ਉਨ੍ਹਾਂ ਬਾਅਦ ਵਿਚ ਪੈਰਿਸ ਤੋਂ ‘ਯੁਗਾਂਤਰ ਸਰਕਲ’ ਵਿਚ ਬੰਬ ਸੁੱਟਣ ਵਾਲਿਆ ਦੀ ਪ੍ਰਸੰਸਾ ਵੀ ਕੀਤੀ। 1913 ਤੱਕ ਉਨ੍ਹਾਂ ਬਹੁਤ ਥਾਈਂ ਇਨਕਲਾਬੀ ਪ੍ਰਚਾਰ ਕੀਤਾ। ਉਦੋਂ ਤੱਕ ਗ਼ਦਰ ਪਾਰਟੀ ਦੀ ਸਥਾਪਨਾ ਦਾ ਦਿਨ ਵੀ ਲਗਪਗ ਨੇੜੇ ਹੀ ਆ ਗਿਆ ਸੀ।
ਅਜਿਹੀਆਂ ਪ੍ਰਸਥਿਤੀਆਂ ਦੇ ਨਾਲ-ਨਾਲ ਜੋ ਅਖ਼ਬਾਰ ਜਾਂ ਪਰਚੇ ਪ੍ਰਕਾਸ਼ਿਤ ਹੋਏ, ਉਨ੍ਹਾਂ ਦੀ ਦੇਣ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਗ਼ਦਰ ਪਾਰਟੀ ਦੀ ਸਥਾਪਨਾ ਤੱਕ ਕਈ ਪਰਚੇ ਪ੍ਰਕਾਸ਼ਿਤ ਹੋਣ ਲੱਗ ਪਏ ਸਨ।
ਇਉਂ ਅਸੀਂ ਦੇਖਦੇ ਹਾਂ ਕਿ ਕਿੰਝ ਹੌਲੀ-ਹੌਲੀ ਦੇਸ਼ ਦੀ ਆਜ਼ਾਦੀ ਖਾਤਰ ਵਧ ਰਹੀ ਚਿੰਤਾ ਚਿੰਤਨ ਦਾ ਰੂਪ ਧਾਰਦੀ ਗਈ ਤੇ ਦੇਸ਼ ਭਗਤਾਂ ਦੇ ਵਲਵਲੇ ਉੱਸਲਵੱਟੇ ਲੈਂਦੇ ਰਹੇ। ਉਨ੍ਹਾਂ ਆਪਣੀ ਸੂਝ ਤੇ ਸਿਦਕਦਿਲੀ ਨਾਲ ਬੂਟੇ ਨੂੰ ਪਾਲਿਆ। ਗ਼ਦਰ ਪਾਰਟੀ ਦੀ ਸਥਾਪਨਾ ਨੇ ਇਸ ਲਹਿਰ ਨੂੰ ਨਵਾਂ ਮੋੜ ਦਿੱਤਾ। ਇਸ ਲਹਿਰ ਦੇ ਯੋਧਿਆਂ ਦੀਆਂ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਵਿਚ ਬੇਮਿਸਾਲ ਹਨ। ਇਸ ਲਹਿਰ ਦੀ ਸੋਚ ਅੱਜ ਵੀ ਸਾਡਾ ਰਾਹ ਰੁਸ਼ਨਾ ਰਹੀ ਹੈ। ਲੋੜ ਤਾਂ ਸਿਰਫ ਸਾਨੂੰ ਇਸ ਸੱਚ ਦੀ ਪਰਖ ਕਸੌਟੀ ’ਤੇ ਆਪਣੇ ਆਸ਼ਿਆ ਤੇ ਕਾਰਜ ਵਿਧੀਆਂ ਨੂੰ ਪਰਖਣ ਦੀ ਹੈ।
ਸੰਪਰਕ: 79867-02493