ਪ੍ਰਿੰ. ਸਰਵਣ ਸਿੰਘ
ਢੁੱਡੀਕੇ ਦੇ ਸਰਕਾਰੀ ਕਾਲਜ ਵਿਚ 29 ਅਕਤੂਬਰ ਤੋਂ 1 ਨਵੰਬਰ ਤਕ ਪੂਰਨਮਾਸ਼ੀ ਪੰਜਾਬੀ ਜੋੜ ਮੇਲਾ ਹੋ ਰਿਹੈ। ਕੈਨੇਡਾ ਬੈਠਿਆਂ ਮੈਨੂੰ (ਕੰਵਲ), (ਪੂਰਨਮਾਸ਼ੀ) ਤੇ ਢੁੱਡੀਕੇ ਦੀਆਂ ਯਾਦਾਂ ਨੇ ਘੇਰਿਆ ਹੋਇਐ। ਮੈਂ 1967 ਤੋਂ 96 ਤਕ ਢੁੱਡੀਕੇ ਕਾਲਜ ਵਿਚ ਪੜ੍ਹਾਉਂਦਾ ਰਿਹਾਂ। ਬਹੁਤੇ ਲੋਕ ਮੈਨੂੰ ਢੁੱਡੀਕੇ ਦਾ ਹੀ ਸਮਝਦੇ ਹਨ ਜਦ ਕਿ ਮੇਰਾ ਅਸਲੀ ਪਿੰਡ ਚਕਰ ਹੈ। ਜਿਵੇਂ ਸੰਸਾਰਪੁਰ ਹਾਕੀ ਦਾ ਮੱਕਾ ਕਿਹਾ ਜਾਂਦੈ ਉਵੇਂ ਢੁੱਡੀਕੇ ਲੇਖਕਾਂ ਦਾ ਮੱਕਾ ਕਿਹਾ ਜਾ ਸਕਦੈ। ਇਸ ਪਿੰਡ ਨਾਲ ਸੰਬੰਧਿਤ ਢਾਈ ਕੁ ਦਰਜਨ ਲੇਖਕ ਹਨ ਜਿਨ੍ਹਾਂ ਦੀਆਂ ਦੋ ਸੌ ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ।
1865 ਵਿੱਚ ਢੁੱਡੀਕੇ ਦੇ ਕੱਚੇ ਕੋਠੇ ’ਚ ਲਾਲਾ ਲਾਜਪਤ ਰਾਏ ਦਾ ਜਨਮ ਹੋਇਆ। 1919 ’ਚ ਜਸਵੰਤ ਸਿੰਘ ਦਾ ਜਨਮ ਹੋਇਆ ਜੀਹਨੇ ਆਪਣੇ ਨਾਂ ਨਾਲ ‘ਕੰਵਲ’ ਦਾ ਤਖੱਲਸ ਜੋੜਿਆ। ਉਹ 1940 ਤੋਂ 2020 ਤਕ ਲਗਭਗ ਅੱਸੀ ਸਾਲ ਪੰਜਾਬੀ ’ਚ ਲਿਖਦਾ ਰਿਹਾ। ਉਸ ਦੀਆਂ ਕਿਤਾਬਾਂ ਦੀ ਗਿਣਤੀ ਸੌ ਦੇ ਕਰੀਬ ਹੈ। ਉਹ ਮੇਜ਼ ਕੁਰਸੀ ਅਜੇ ਸੰਭਾਲੀ ਹੋਈ ਹੈ ਜਿਸ ਉਤੇ ਬਹਿ ਕੇ ਉਹਨੇ 60-70 ਵਰ੍ਹੇ ਲਿਖਿਆ। ਕੰਵਲ ਦੀ ਵਧੇਰੇ ਪ੍ਰਸਿੱਧੀ ‘ਪੂਰਨਮਾਸ਼ੀ’ ਨਾਵਲ ਨਾਲ ਹੋਈ ਸੀ ਜੋ ਪਹਿਲੀ ਵਾਰ 1949 ਵਿਚ ਲਾਹੌਰ ਬੁੱਕ ਸ਼ਾਪ ਨੇ ਛਾਪਿਆ। ਉਦੋਂ ਇਸ ਨੂੰ ਪਿੰਡਾਂ ਦੀਆਂ ਸੱਥਾਂ, ਖੁੰਢਾਂ, ਖੂਹਾਂ, ਵਿਹੜਿਆਂ, ਸਕੂਲਾਂ, ਕਾਲਜਾਂ ਅਤੇ ਹੱਟੀਆਂ ਭੱਠੀਆਂ ’ਤੇ ਵਾਰਸ ਦੀ ਹੀਰ ਵਾਂਗ ਪੜ੍ਹਿਆ ਸੁਣਿਆ ਗਿਆ। ਇਸ ਦਾ ਮੁੱਖ ਬੰਦ ਉਸ ਸਮੇਂ ਦੇ ਧਨੰਤਰ ਆਲੋਚਕ ਸੰਤ ਸਿੰਘ ਸੇਖੋਂ ਨੇ ਲਿਖਿਆ ਸੀ। ਕੰਵਲ ਨੇ ਪਹਿਲੇ ਪੰਨੇ ’ਤੇ ਸਮਰਪਣ ਵਜੋਂ ਇਹ ਲਫ਼ਜ਼ ਲਿਖੇ ਸਨ:
ਧੰਨਵਾਦ, ਹਾਲੀਆਂ ਪਾਲੀਆਂ ਦਾ, ਜਿਨ੍ਹਾਂ ਦੇ ਲੋਕ ਗੀਤਾਂ ਦੀਆਂ ਲਿਰਕਾਂ ਨੇ ਖੁੱਲ੍ਹੇ ਖੇਤਾਂ ਵਿਚੋਂ ਮੈਨੂੰ ਆਪਣੇ ਰਸ ਵੱਲ ਖਿੱਚਿਆ। ਉਨ੍ਹਾਂ ਪੇਂਡੂ ਕੁੜੀਆਂ ਦਾ, ਜਿਨ੍ਹਾਂ ਚਿੱਠੀਆਂ ਰਾਹੀਂ ਲੋਕ ਗੀਤ ਮੈਨੂੰ ਘੱਲੇ। ਆਪਣੇ ਛੋਟੇ ਵੀਰ ਹਰਬੰਸ ਦਾ, ਜਿਸ ਘਰ ਦੇ ਕੰਮਾਂ ਵਿਚ ਨਹੀਂ ਰੁੱਝਣ ਦਿੱਤਾ। ਸਾਹਿਤਕਾਰ ਸਾਥੀਆਂ ਦਾ, ਜਿਨ੍ਹਾਂ ਚੰਗੀਆਂ ਸਲਾਹਾਂ ਦਿੱਤੀਆਂ। ਖ਼ਾਸ ਕਰ ਕੇ ਪ੍ਰੋ. ਸੰਤ ਸਿੰਘ ਸੇਖੋਂ ਜੀ ਦਾ ਜਿਨ੍ਹਾਂ ਕੀਮਤੀ ਸਮਾਂ ਕੱਢ ਕੇ ਮੁੱਖ-ਬੰਧ ਲਿਖਣ ਦੀ ਖੇਚਲ ਕੀਤੀ।
ਨਾਵਲ ‘ਪੂਰਨਮਾਸ਼ੀ’ ਵਿਚਲਾ ‘ਨਵਾਂ ਪਿੰਡ’ ਕੰਵਲ ਦਾ ਬਚਪਨ ਤੇ ਜੁਆਨੀ ਵਿਚ ਵੇਖਿਆ ਆਪਣਾ ਪਿੰਡ ਢੁੱਡੀਕੇ ਹੀ ਹੈ। ਨਾਵਲ ਦੇ ਆਰੰਭ ਵਿਚ ਜਿਹੜਾ ਖੂਹ ਚਲਦਾ ਵਿਖਾਇਆ ਗਿਆ ਉਹ ਉਹਦੇ ਘਰ ਨੇੜਲਾ ਖੂਹ ਸੀ ਜੋ ਹੁਣ ਪੂਰਿਆ ਜਾ ਚੁੱਕੈ। ਵਰ੍ਹਿਆਂ ਦੀ ਗਰਦ ਨਾਲ ਬੇਆਬਾਦ ਹੋਇਆ ਉਹ ਖੂਹ ਨਾਵਲ ‘ਪੂਰਨਮਾਸ਼ੀ’ ਕਰਕੇ ਅਜੇ ਵੀ ਆਬਾਦ ਹੈ।
ਬਾਈ ਕੰਵਲ ਨਾਲ ਮੇਰੀ ਪਹਿਲੀ ਮਿਲਣੀ ਨਾਵਲ ‘ਪੂਰਨਮਾਸ਼ੀ’ ਪੜ੍ਹਨ ਨਾਲ ਹੀ ਹੋਈ ਸੀ। ਉਸ ਨੂੰ ਮਿਲਣ ਤੋਂ ਪਹਿਲਾਂ ਮੈਂ ਉਹਦੇ ਪਾਤਰਾਂ ਨੂੰ ਮਿਲਿਆ ਸਾਂ। ਰੂਪ ਨੂੰ ਮਿਲਿਆ, ਚੰਨੋ, ਸ਼ਾਮੋ, ਬਚਨੋ, ਪ੍ਰਸਿੰਨੀ, ਸੰਤੀ, ਜਗੀਰ, ਜਿਓਣੇ ਤੇ ਦਿਆਲੇ ਅਮਲੀ ਨੂੰ ਮਿਲਿਆ। ਉਹਦੇ ਨਾਵਲ ਵਿਚਲੇ ‘ਨਵੇਂ ਪਿੰਡ’ ਦੀ ਉਸ ਜਗ੍ਹਾ ਨੂੰ ਨਿਹਾਰਿਆ ਜਿਥੇ ਖੂਹ ਵਗਦਾ ਸੀ। ਬਚਨੋ ਉਥੇ ਗੋਹੇ ਵਾਲਾ ਬੱਠਲ ਧੋਣ ਆਈ ਸੀ ਜੋ ਮੂੰਹ ’ਨੇਰ੍ਹੇ ਰੂਪ ਨੂੰ ਮਿਲਣ ਦਾ ਬਹਾਨਾ ਸੀ। ਖੁਸ਼ਵੰਤ ਸਿੰਘ ਨੇ ਉਸ ਵਗਦੇ ਖੂਹ ਦੇ ਸਮੁੱਚੇ ਦ੍ਰਿਸ਼ ਨੂੰ ਅੰਗਰੇਜ਼ੀ ਦੇ ਮੈਗਜ਼ੀਨ ‘ਇਲੱਸਟ੍ਰੇਟਿਟ ਵੀਕਲੀ’ ਵਿਚ ਵਡਿਆਇਆ ਸੀ। ਜਿਥੇ ਖੂਹ ਹੁੰਦਾ ਸੀ, ਖੇਤ ਹੁੰਦੇ ਸਨ, ਸਿਰ ਚੁੱਕਦੀ ਸੇਂਜੀ ਲੱਗ ਰਹੇ ਖੂਹ ਦੇ ਪਾਣੀ ਵਿਚ ਡੁੱਬ ਰਹੀ ਸੀ ਅਤੇ ਬਚਨੋ ਰੂਪ ਨੂੰ ਚੋਰੀ ਚੋਰੀ ਮਿਲੀ ਸੀ ਉਥੇ ਹੁਣ ਕੰਵਲ ਦਾ ਘਰ ਹੈ। ਪਰ ਕੰਵਲ ਸਮੇਤ 0ਪੂਰਨਮਾਸ਼ੀ0 ਦੇ ਸਾਰੇ ਪਾਤਰ ਗੁਜ਼ਰ ਚੁੱਕੇ ਹਨ।
ਮੈਂ ਪੂਰਨਮਾਸ਼ੀ ਕਾਹਦੀ ਪੜ੍ਹੀ, ਬੱਸ ਕੰਵਲ ਦਾ ਹੋ ਕੇ ਰਹਿ ਗਿਆ। ਪਹਿਲੀ ਮੁਲਾਕਾਤ ਵੇਲੇ ਉਹ ਚਾਲੀ ਕੁ ਸਾਲਾਂ ਦਾ ਸੀ, ਆਖ਼ਰੀ ਮੁਲਾਕਾਤ ਸਮੇਂ ਸੌ ਸਾਲਾਂ ਤੋਂ ਉਤੇ ਹੋ ਗਿਆ ਸੀ। ਉਹਦੇ ਅਕਾਲ ਚਲਾਣੇ ਤੋਂ ਤਿੰਨ ਪਹਿਲਾਂ ਵੀ ਮੈਂ ਉਸ ਨੂੰ ਮਿਲਣ ਪਹੁੰਚਾ। ਕੰਵਲ ਨੂੰ ਪਹਿਲੀ ਵਾਰ 1958-59 ਵਿਚ ਵੇਖਿਆ ਸੀ। ਉਦੋਂ ਮੈਂ ਐੱਮਆਰ ਕਾਲਜ ਫਾਜ਼ਿਲਕਾ ਵਿਚ ਪੜ੍ਹਦਾ ਸਾਂ। ਸਾਡੀ ਸਾਹਿਤ ਸਭਾ ਨੇ ਕਾਲਜ ਵਿਚ ਕਵੀ ਦਰਬਾਰ ਕਰਵਾਇਆ ਜਿਸ ਦੀ ਪ੍ਰਧਾਨਗੀ ਜਸਵੰਤ ਸਿੰਘ ਕੰਵਲ ਨੇ ਕੀਤੀ। ਉਥੇ ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਸੰਤੋਖ ਸਿੰਘ ਧੀਰ, ਕ੍ਰਿਸ਼ਨ ਅਸ਼ਾਂਤ, ਸੁਰਜੀਤ ਮਰਜਾਰਾ, ਗੁਰਦਾਸ ਰਾਮ ਆਲਮ, ਸ਼ਿਵ ਕੁਮਾਰ ਬਟਾਲਵੀ ਤੇ ਹੋਰ ਕਈ ਕਵੀ ਆਏ ਸਨ। ਡਾ. ਜਗਤਾਰ ਉਦੋਂ ਜਗਤਾਰ ਪਪੀਹਾ ਹੁੰਦਾ ਸੀ। ਬਟਾਲਵੀ ਅਜੇ ਕਵੀ ਦਰਬਾਰਾਂ ’ਚ ਜਾਣ ਹੀ ਲੱਗਾ ਸੀ। ਜਿਥੇ ਜਾਂਦਾ ਸੀ ਮੇਲਾ ਲੁੱਟ ਲੈਂਦਾ ਸੀ। ਉਸ ਨੇ ‘ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾਂ’ ਨਾਂ ਦੀ ਨਜ਼ਮ ਸੁਣਾਈ ਸੀ। ਉਹ ਕੰਨ ’ਤੇ ਹੱਥ ਰੱਖ ਕੇ ਅੱਖਾਂ ਮੀਚ ਕੇ ਗਾਉਂਦਾ ਸੀ।
ਕੰਵਲ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਸੀ, ‘ਅਜੇ ਤਕ ਮੈਂ ਦੋ ਚਾਰ ਕਿਤਾਬੜੀਆਂ ਈ ਲਿਖੀਆਂ, ਕੋਈ ਮਾਅਰਕਾ ਨਹੀਂ ਮਾਰਿਆ। ਮੈਨੂੰ ਤਾਂ ਤੁਸੀਂ ਐਵੇਂ ਈ ਵਡਿਆਈ ਜਾਨੇ ਓਂ।’
ਕੰਵਲ ਦੇ ਖੇਤ ਵਿਚਲੀ ਉਹ ਕੋਠੜੀ, ਜੋ ਹੁਣ ਨਹੀਂ ਰਹੀ, ਉਥੇ 1960ਵਿਆਂ ’ਚ ਬਲਰਾਜ ਸਾਹਨੀ ਪੜ੍ਹਦਾ ਲਿਖਦਾ ਤੇ ਗੰਨੇ ਚੂਪਦਾ ਹੁੰਦਾ ਸੀ। ਕਦੇ ਕਦੇ ਉਹ ਧੂਣੀਆਂ ਸੇਕਣ ਤੁਰ ਪੈਂਦਾ। ਸੀਮੈਂਟ ਦਾ ਉਹ ਲਾਲ ਬੈਂਚ, ਜਿਸ ਉਤੇ ਬੈਠਿਆਂ ਕੰਵਲ ਨੇ ਮੈਨੂੰ ਦਿੱਲੀ ਤੋਂ ਢੁੱਡੀਕੇ ਕਾਲਜ ਵਿਚ ਆਉਣ ਲਈ ਕਿਹਾ ਸੀ, ਮੈਨੂੰ ਅੱਜ ਵੀ ਯਾਦ ਐ। ਬਲਰਾਜ ਸਾਹਨੀ ਉਹਦੇ ਉਤੇ ਬੈਠ ਕੇ ਚੰਦ ਵੇਖਦਾ ਤੇ ਟਾਹਲੀ ’ਚੋਂ ਛਣਦੀ ਚਾਨਣੀ ਉਤੇ ਲਟਬੌਰਾ ਹੋ ਜਾਂਦਾ। ਉਸੇ ਬੈਂਚ ਉਤੇ ਬੈਠਿਆਂ ਕੰਵਲ ਨੇ ਮੈਥੋਂ ਇਕਰਾਰ ਲਿਆ ਸੀ ਕਿ ਮੈਂ ਦਿੱਲੀ ਦਾ ਖ਼ਾਲਸਾ ਕਾਲਜ ਛੱਡ ਕੇ ਢੁੱਡੀਕੇ ਪੜ੍ਹਾਉਣ ਲੱਗ ਪਵਾਂਗਾ। ਮੈਂ ਸਮਝਦਾਂ ਕੰਵਲ ਦੇ ‘ਪੂਰਨਮਾਸ਼ੀ’ ਨਾਵਲ ਨੇ ਹੀ ਮੇਰੇ ਕਰਮਾਂ ਵਿਚ ਢੁੱਡੀਕੇ ਦੀ ਪ੍ਰੋਫ਼ੈਸਰੀ ਲਿਖੀ ਸੀ।
ਪੂਰਨਮਾਸ਼ੀ ਦਾ ਨਾਇਕ ਰੂਪ, ਢੁੱਡੀਕੇ ਦੀ ਕੌਲੂ ਪੱਤੀ ਵਾਲਾ ਗੁਲਜ਼ਾਰਾ ਸੀ ਜੋ ਇਲਾਕੇ ਦਾ ਦਰਸ਼ਨੀ ਜੁਆਨ ਸੀ। ਉਹਦਾ ਰੰਗ ਗੋਰਾ ਸੀ ਤੇ ਅੱਖਾਂ ਬਿੱਲੀਆਂ। ਉਹ ਮੇਲਿਆਂ ’ਤੇ ਬੋਰੀ ਚੁੱਕਣ ਦਾ ਮੁਕਾਬਲਾ ਕਰਿਆ ਕਰਦਾ ਸੀ। ਉਸ ਨੂੰ ਨਾਇਕ ਚਿਤਵ ਕੇ ਕੰਵਲ ਨੇ ਕਹਾਣੀ ਘੜੀ ਪਰ ਇਹ ਗੁਲਜ਼ਾਰੇ ਦੀ ਸੱਚੀ ਕਹਾਣੀ ਨਹੀਂ ਸੀ। ਰੂਪ ਦਾ ਇਕੋ ਪੁੱਤਰ ‘ਪੂਰਨ’ ਹੈ ਜਦ ਕਿ ਗੁਲਜ਼ਾਰੇ ਦੇ ਚਾਰ ਪੁੱਤਰ ਹਨ। ਉਸ ਦੇ ਦੋ ਪੁੱਤਰ ਬਲਦੇਵ ਤੇ ਮਨਜੀਤ ਕਾਲਜ ਵਿਚ ਮੇਰੇ ਕੋਲੋਂ ਪੜ੍ਹਦੇ ਰਹੇ ਤੇ ਹੁਣ ਕੈਨੇਡਾ ਵਿਚ ਵਸਦੇ ਹਨ। ਉਹ ਮੇਰੇ ਭਰਾ ਭਜਨ ਸਿੰਘ ਦੇ ਜਮਾਤੀ ਸਨ ਜੋ ਵਿਆਹ ਸ਼ਾਦੀਆਂ ’ਤੇ ਇਕ ਦੂਜੇ ਦੇ ਆਉਂਦੇ ਜਾਂਦੇ ਹਨ। ਲੇਖਕ ਕਿਸੇ ਅਸਲੀ ਪਾਤਰ ਨੂੰ ਆਪਣੇ ਸਾਹਮਣੇ ਰੱਖ ਕੇ ਆਪਣਾ ਕਾਲਪਨਿਕ ਨਾਇਕ ਜਾਂ ਹੋਰ ਪਾਤਰ ਕਿਵੇਂ ਸਿਰਜਦੇ ਹਨ ਕੌਲੂ ਪੱਤੀ ਵਾਲਾ ਗੁਲਜ਼ਾਰਾ ਗਿੱਲ ਉਸ ਦੀ ਮਿਸਾਲ ਸੀ।
‘ਪੂਰਨਮਾਸ਼ੀ’ ਵਿਚ ਪੰਜਾਬ ਦੇ ਪੇਂਡੂ ਜੀਵਨ ਦੀਆਂ ਅਨੇਕਾਂ ਝਾਕੀਆਂ ਹਨ। ਕਿਤੇ ਤ੍ਰਿੰਜਣ, ਤੀਆਂ, ਮੇਲੇ, ਖੇਡ ਮੁਕਾਬਲੇ, ਖਾਣ ਪੀਣ ਦੀਆਂ ਮਹਿਫ਼ਲਾਂ, ਸਾਕੇਦਾਰੀ, ਪ੍ਰਾਹੁਣਚਾਰੀ, ਸੱਥ ਚਰਚਾ, ਲੋਹੜੀ, ਡਾਕਾ, ਕਿਤੇ ਠਾਣੇ ਦੀ ਹਵਾਲਾਤ, ਅਮਲੀ ਦੇ ਟਾਂਗੇ ਦੀ ਸਵਾਰੀ, ਜੰਨਾਂ ਦਾ ਚੜ੍ਹਨਾ, ਜਾਗੋ ਕੱਢਣੀ, ਵਿਆਹਾਂ ਦੇ ਗੀਤ, ਜੰਨ ਬੰਨ੍ਹਣੀ ਤੇ ਛਡਾਉਣੀ, ਗਾਉਣ ਦੇ ਖਾੜੇ, ਗਵੰਤਰੀਆਂ ਦੀਆਂ ਢੱਡ ਸਾਨਗੀਆਂ, ਮੇਲਿਆਂ ਦੀਆਂ ਰੌਣਕਾਂ ਤੇ ਲੜਾਈਆਂ, ਡੱਬਾਂ 0ਚ ਪਿਸਤੌਲ, ਖੂੰਡੇ, ਦੁਨਾਲੀਆਂ, ਜ਼ਮੀਨ ਦੱਬਣ ਦੇ ਲਾਲਚ, ਪੰਚਾਂ ਦੇ ਪੱਖਪਾਤੀ ਫੈਸਲੇ, ਸ਼ਰੀਕੇ, ਭਾਨੀਆਂ, ਗਿਆਨੀ ਦਾ ਉਪਦੇਸ਼ ਤੇ ਕਿਤੇ ਇਨਕਲਾਬ ਦੀਆਂ ਗੱਲਾਂ।
‘ਪੂਰਨਮਾਸ਼ੀ’ ਿਜਨ੍ਹਾਂ ਦਿਨਾਂ ’ਚ ਲਿਖਿਆ ਗਿਆ ਕੰਵਲ ਨੇ ਉਸ ਤੋਂ ਸਾਲ ਕੁ ਪਹਿਲਾਂ 1947 ਵਾਲਾ ਘੱਲੂਘਾਰਾ ਅੱਖੀਂ ਵੇਖਿਆ ਸੀ। ਸਾਧਾਂ ਸੰਤਾਂ ਤੋਂ ਵੇਦਾਂਤ ਪੜਿ੍ਹਆ ਸੀ ਅਤੇ ਕਮਿਊਨਿਸਟਾਂ ਤੋਂ ਮਾਰਕਸਵਾਦ ਦੀ ਸਕੂਲਿੰਗ ਲਈ ਸੀ। ਚੂਹੜਚੱਕ ਦਾ ਬਾਬਾ ਰੂੜ ਸਿੰਘ ਉਸ ਦਾ ਸਿਆਸੀ ਗੁਰੂ ਸੀ। ਵੇਦਾਂਤ ਦਾ ਉਪਦੇਸ਼ ਦੇਣ ਲਈ ਉਸ ਨੇ ਨਾਵਲ ‘ਪਾਲੀ’ ਵਿਚ ਆਦਰਸ਼ਕ ਪਾਤਰ ‘ਗੁਰਦੇਵ’ ਲਿਆਂਦਾ ਸੀ। ਪਾਠਕਾਂ ਨੇ ਗੁਰਦੇਵ ਦੇ ਬਚਨ ਆਪਣੀਆਂ ਨੋਟ ਬੁੱਕਾਂ ਵਿਚ ਨੋਟ ਕੀਤੇ ਸਨ। ਨਾਵਲ ‘ਪੂਰਨਮਾਸ਼ੀ’ ਵਿਚ ਪ੍ਰਚਾਰਕ ਪਾਤਰ ਗਿਆਨੀ ਪਾਇਆ ਗਿਆ ਜੋ ਕੰਵਲ ਆਪ ਸੀ। ਇਸ ਵਿਚ ਏਨਾ ਰਸ ਹੈ ਕਿ ਪਾਠਕ ਚਾਹੁੰਦੈ, ਨਾਵਲ ਕਦੇ ਮੁੱਕੇ ਨਾ। ਨਾਵਲ ਮੁੱਕਣ ’ਤੇ ਪਾਠਕ ਝੂਰਦਾ ਹੈ ਕਿ ਏਨੀ ਛੇਤੀ ਮੁੱਕ ਕਿਉਂ ਗਿਆ? ‘ਪੂਰਨਮਾਸ਼ੀ’ ਨਾਲ ਪੰਜਾਬ ਦਾ ਪੇਂਡੂ ਜੀਵਨ ਪਹਿਲੀ ਵਾਰ ਭਰਵੇਂ ਰੂਪ ਵਿਚ ਪੇਸ਼ ਹੋਇਆ ਜੋ ਹੋਰਨਾਂ ਪੰਜਾਬੀ ਲੇਖਕਾਂ ਦਾ ਗਾਡੀ ਰਾਹ ਬਣ ਗਿਆ।
ਕੰਵਲ ਡੂੰਘੀਆਂ ਜੜ੍ਹਾਂ ਵਾਲਾ ਬਿਰਖ ਸੀ ਜੋ 100 ਸਾਲ 7 ਮਹੀਨੇ 4 ਦਿਨ, ਸੱਜੀਆਂ ਖੱਬੀਆਂ ’ਵਾਵਾਂ ਨਾਲ ਝੂੰਮਦਾ, ਫਲ-ਫੁੱਲ ਤੇ ਛਾਵਾਂ ਦਿੰਦਾ ਰਿਹਾ। ਉਸ ਨੇ ਸੈਂਕੜੇ ਕਲਮਾਂ ਨੂੰ ਲਿਖਣ ਦੀ ਚੇਟਕ ਲਾਈ। ਤੀਹ ਲੇਖਕ ਤਾਂ ਢੁੱਡੀਕੇ ਦੇ ਹੀ ਹਨ। 27 ਜੂਨ 1919 ਨੂੰ ਉਸ ਨੇ ਢੁੱਡੀਕੇ ਦੀ ਹਵਾ ’ਚ ਪਹਿਲਾ ਸਾਹ ਲਿਆ ਸੀ ਤੇ ਢੁੱਡੀਕੇ ਵਿਚ ਹੀ 1 ਫਰਵਰੀ 2020 ਨੂੰ ਸਵੇਰੇ 7:40 ਵਜੇ ਆਖ਼ਰੀ ਸਾਹ ਲਿਆ। ਉਸੇ ਦਿਨ 3:30 ਵਜੇ ਉਸ ਦੀ ਮ੍ਰਿਤਕ ਦੇਹ ਦਾ ‘ਜਸਵੰਤ ਸਿੰਘ ਕੰਵਲ ਅਮਰ ਰਹੇ’ ਦੇ ਬੋਲਾਂ ਨਾਲ ਕਪੂਰਾ ਪੱਤੀ ਦੇ ਸਿਵਿਆਂ ਵਿਚ ਸਸਕਾਰ ਕਰ ਦਿੱਤਾ ਗਿਆ। 10 ਫਰਵਰੀ ਨੂੰ ਅੰਤਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਰੋਹ ਹੋਇਆ ਜਿਸ ਵਿਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜ ਢੁੱਡੀਕੇ ਵਿਖੇ ਬਣਾਏ ਨਵੇਂ ਆਡੀਟੋਰੀਅਮ ਦਾ ਨਾਂ ਜਸਵੰਤ ਸਿੰਘ ਕੰਵਲ ਭਵਨ ਰੱਖਿਆ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਸਵੰਤ ਸਿੰਘ ਕੰਵਲ ਬਾਰੇ ਸਿਮਰਤੀ ਗ੍ਰੰਥ ਪ੍ਰਕਾਸ਼ਿਤ ਕਰਨ ਦੀ ਘੋਸ਼ਣਾ ਕੀਤੀ ਗਈ ਜੀਹਦੇ ਪ੍ਰਕਾਸ਼ਨ ਸੰਬੰਧੀ ਯੂਨੀਵਰਸਿਟੀ ਹੀ ਦੱਸ ਸਕਦੀ ਹੈ। ਇਕ ਦਿਨ ਕੈਨੇਡੀਅਨ ਗੁਆਂਢੀ ਵਰਿਆਮ ਸਿੰਘ ਸੰਧੂ ਨਾਲ ਗੱਲ ਚੱਲੀ ਕਿ ਉਨ੍ਹਾਂ ਲੇਖਕਾਂ ਦੇ ਹੀ ਦਿਨ ਦਿਹਾਰ ਮਨਾਏ ਜਾਂਦੇ ਨੇ ਿਜਨ੍ਹਾਂ ਦੇ ਵਾਰਸ ਜੀਂਦੇ ਜਾਗਦੇ ਹੋਣ। ਸ਼ੁਕਰ ਹੈ ਕੰਵਲ ਦਾ ਸਾਹਿਤਕ ਵਾਰਸ ਡਾ. ਸੁਮੇਲ ਸਿੰਘ ਸਿੱਧੂ ਤੇ ਉਹਦੇ ਅਨੇਕਾਂ ਸਾਥੀ ਜਿਊਂਦੇ ਜਾਗਦੇ ਹਨ ਜੋ ਢੁੱਡੀਕੇ ਵਿਚ ਤੀਜਾ ਪੂਰਨਮਾਸ਼ੀ ਪੰਜਾਬੀ ਜੋੜ ਮੇਲਾ ਮਨਾ ਰਹੇ ਹਨ।