ਗੁਰਦੇਵ ਸਿੰਘ ਸਿੱਧੂ
ਇਤਿਹਾਸ ਵਿਚ ਕਈ ਰਾਜ ਪਲਟਿਆਂ ਦਾ ਜ਼ਿਕਰ ਪੜ੍ਹਨ ਨੂੰ ਮਿਲਦਾ ਹੈ। ਇਨ੍ਹਾਂ ਸਾਰਿਆਂ ਵਿਚ ਸਾਂਝੀ ਗੱਲ ਇਹ ਹੈ ਕਿ ਅਜਿਹਾ ਹਥਿਆਰਾਂ ਦੀ ਵਰਤੋਂ ਨਾਲ ਹੋਇਆ। ਰਾਜਾਸ਼ਾਹੀ ਦੌਰਾਨ ਅਜਿਹੇ ਰਾਜ ਪਲਟੇ ਸੰਭਵ ਵੀ ਸਨ ਪਰ ਵੀਹਵੀਂ ਸਦੀ ਵਿਚ ਜਦੋਂ ਬਾਦਸ਼ਾਹਤ ਨੇ ਸਾਮਰਾਜ ਦਾ ਰੂਪ ਧਾਰਨ ਕਰ ਲਿਆ ਤਾਂ ਉਸ ਨੂੰ ਢਹਿ ਢੇਰੀ ਕਰਨਾ ਆਸਾਨ ਕਾਰਜ ਨਾ ਰਿਹਾ। ਅਜਿਹੀ ਸਥਿਤੀ ਵਿਚ ਜਨਤਾ ਨੂੰ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਰਾਜ ਪਲਟੇ ਕਰਨ ਦਾ ਬਦਲ ਲੋਕਮਤ ਦੇ ਜ਼ੋਰ ਨਾਲ ਆਪਣੀਆਂ ਮੰਗਾਂ ਮੰਨਵਾਉਣ ਦਾ ਰਾਹ ਲੱਭਿਆ ਗਿਆ। ਮਹਾਤਮਾ ਗਾਂਧੀ ਨੇ ਪਹਿਲਾਂ ਦੱਖਣੀ ਅਫਰੀਕਾ ਦੀ ਗੋਰੀ ਸਰਕਾਰ ਵੱਲੋਂ ਭਾਰਤੀਆਂ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਦੂਰ ਕਰਵਾਉਣ ਅਤੇ ਫਿਰ ਬਰਤਾਨਵੀ ਹਿੰਦੋਸਤਾਨ ਦੀ ਸਰਕਾਰ ਵਿਚ ਦੇਸ਼ਵਾਸੀਆਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਇਹੋ ਰਾਹ ਅਪਣਾਇਆ। ਪਹਿਲੀ ਸੰਸਾਰ ਜੰਗ ਦੇ ਖਾਤਮੇ ਉਪਰੰਤ ਜਦੋਂ ਬਰਤਾਨਵੀ ਹਿੰਦੋਸਤਾਨ ਦੀ ਸਰਕਾਰ ਭਾਰਤੀਆਂ ਨੂੰ ਰਾਜਸੀ ਅਧਿਕਾਰ ਦੇਣ ਦੇ ਵਾਅਦੇ ਨੂੰ ਨਿਭਾਉਣ ਦੀ ਥਾਂ ਰੌਲਟ ਐਕਟ ਵਰਗਾ ਕਰੜਾ ਕਾਨੂੰਨ ਬਣਾ ਕੇ ਲੋਕ ਲਹਿਰਾਂ ਨੂੰ ਦਬਾਉਣ ਵੱਲ ਵਧੀ ਤਾਂ ਜੰਗ ਦੌਰਾਨ ਸਰਕਾਰ ਦੀ ਬਿਨਾ ਸ਼ਰਤ ਅਤੇ ਖੁੱਲ੍ਹੇ ਦਿਲ ਨਾਲ ਹਮਾਇਤ ਕਰਨ ਵਾਲੇ ਮਹਾਤਮਾ ਗਾਂਧੀ ਦਾ ਸਰਕਾਰ ਤੋਂ ਮੋਹ ਭੰਗ ਹੋ ਗਿਆ। ਉਨ੍ਹਾਂ ਨੇ ਜੰਗ ਦੌਰਾਨ ਸਰਕਾਰ ਦੀ ਸਹਾਇਤਾ ਕਰਨ ਦੇ ਇਵਜ਼ ਵਿਚ ਮਿਲੇ ਰੌਲਟ ਐਕਟ ਨੂੰ ਆਪਣੇ ਸਵੈਮਾਣ ਲਈ ਠੇਸ ਮੰਨਦਿਆਂ ਇਸ ਐਕਟ ਦਾ ਵਿਰੋਧ ਕਰਨ ਲਈ ਬੰਬਈ ਵਿਚਲੇ ਆਪਣੇ ਸਹਿਯੋਗੀਆਂ ਨਾਲ ਵਿਚਾਰ ਕੀਤੀ ਅਤੇ ਇਕ ਸੱਤਿਆਗ੍ਰਹਿ ਸਭਾ ਗਠਿਤ ਕਰਨ ਦਾ ਫ਼ੈਸਲਾ ਕੀਤਾ। ਇਸ ਸਭਾ ਦਾ ਵਾਲੰਟੀਅਰ ਬਣਨ ਵਾਲੇ ਹਰ ਵਿਅਕਤੀ ਵੱਲੋਂ ਪ੍ਰਣ ਕੀਤਾ ਜਾਂਦਾ ਸੀ:
1. ਕਿ ਉਹ ਸਰਕਾਰ ਦੇ ਬੇਨਿਆਈ ਕਾਨੂੰਨਾਂ ਨੂੰ ਮੰਨਣ ਤੋਂ ਸ਼ਾਂਤਮਈ ਢੰਗ ਨਾਲ ਇਨਕਾਰ ਕਰੇਗਾ।
2.ਕਿ ਉਹ ਕਿਸੇ ਵੀ ਸੂਰਤ ਵਿਚ ਸ਼ਾਂਤੀ ਦਾ ਪੱਲਾ ਨਹੀਂ ਛੱਡੇਗਾ।
3. ਕਿ ਉਹ ਕਿਸੇ ਜਾਨ ਮਾਲ ਨੂੰ ਹਾਨੀ ਨਹੀਂ ਪਹੁੰਚਾਏਗਾ।
ਅੰਗਰੇਜ਼ ਸਰਕਾਰ ਨੇ ਗਾਂਧੀ ਦੇ ਇਸ ਸੱਤਿਆਗ੍ਰਹਿ ਦੌਰਾਨ ਮੁਲਕ ਭਰ ਵਿਚ ਬੇਤਹਾਸ਼ਾ ਦਮਨ ਕੀਤਾ। ਉਲੇਖਨੀ ਘਟਨਾ ਅੰਮ੍ਰਿਤਸਰ ਸ਼ਹਿਰ ਵਿਚ 13 ਅਪਰੈਲ 1919 ਨੂੰ ਜਨਰਲ ਡਾਇਰ ਵੱਲੋਂ ਨਿਹੱਥੇ, ਬੇਕਸੂਰ ਅਤੇ ਸ਼ਾਂਤਮਈ ਰਹਿ ਕੇ ਜਲਸਾ ਕਰ ਰਹੇ ਲੋਕਾਂ ਉੱਪਰ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਸੈਂਕੜੇ ਜਣਿਆਂ ਨੂੰ ਮੌਤ ਦੇ ਮੂੰਹ ਵਿਚ ਸੁੱਟ ਦੇਣਾ ਸੀ। ਮਹਾਤਮਾ ਗਾਂਧੀ ਨੇ ਸੱਤਿਆਗ੍ਰਹਿ ਨੂੰ ਹੀ ਵਿਦੇਸ਼ੀ ਸਰਕਾਰ ਨਾਲ ਨਾ-ਮਿਲਵਰਤਣ ਦਾ ਬਦਲਵਾਂ ਰੂਪ ਦੇ ਕੇ ਜਨਤਾ ਨੂੰ ਨਾ-ਮਿਲਵਰਤਣ ਦਾ ਸੱਦਾ ਦਿੱਤਾ। ਇਸ ਤੋਂ ਉਪਜੀ ਲਹਿਰ ਦੀਆਂ ਗੂੰਜਾਂ ਦੇਸ਼ ਦੇ ਹਰ ਹਿੱਸੇ ਵਿਚ ਸੁਣਾਈ ਦਿੱਤੀਆਂ ਅਤੇ ਪੰਜਾਬ ਵਿਚ ਵੀ। ਇਹ ਗੂੰਜ ਪੰਜਾਬੀ ਸਾਹਿਤ ਵਿਚ ਵੀ ਸੁਣਾਈ ਦਿੱਤੀ ਜਿਸ ਦੀ ਕੁਝ ਵੰਨਗੀ ਇਉਂ ਹੈ:
(1)
ਗਾਂਧੀ ਦਾ ਫੁਰਮਾਨ
ਨਿਰੰਜਨ ਸਿੰਘ
ਆਇਆ ਗਾਂਧੀ ਦਾ ਫੁਰਮਾਨ ਕੁੜੇ
ਸਭ ਸਈਆਂ ਚਰਖੇ ਡਾਹਨ ਕੁੜੇ।
ਜਦ ਚਰਖਾ ਘੂਕਰ ਪਾਵੇਗਾ,
ਸਵੈਰਾਜ ਨੂੰ ਝੱਬ ਬੁਲਾਵੇਗਾ,
ਹੋਵੇ ਉਚੀ ਸਾਡੀ ਸ਼ਾਨ ਕੁੜੇ।
ਇਸ ਚਰਖੇ ਲੱਠ ਰੰਗੀਲੀ ਏ,
ਧੁਨ ਉਠਦੀ ਬੜੀ ਰਸੀਲੀ ਏ,
ਸਾਨੂੰ ਏਸੇ ਦਾ ਹੁਣ ਮਾਨ ਕੁੜੇ।
ਇਹ ਚਰਖਾ ਸਾਡਾ ਪਿਆਰਾ ਹੈ,
ਸੌ ਰੋਗਾਂ ਦਾ ਇਕੋ ਚਾਰਾ ਹੈ,
ਮੰਨ ਲਿਆ ਹੈ ਕੁਲ ਜਹਾਨ ਕੁੜੇ।
ਏਹੋ ਪੂੰਜੀ ਸਾਡੀ ਭਾਰਤ ਦੀ,
ਏਹੋ ਕੂੰਜੀ ਮਿਲਵੀਂ ਤਾਕਤ ਦੀ,
ਕਹਿੰਦੇ ਰਲ ਮਿਲ ਸੱਬ ਬੁਧਵਾਨ ਕੁੜੇ।
ਏਹ ਚਰਖਾ ਕਰਮਾਂ ਵਾਲਾ ਹੈ,
ਸਾਡੀ ਪਤ ਦਾ ਏਹ ਰਖਵਾਲਾ ਹੈ,
ਘੋਲੀ ਜਿੰਦ ਮੈਂ ਇਸ ਤੋਂ ਜਾਨ ਕੁੜੇ।
ਤੇਰੇ ਚਰਖੇ ਏਡੀ ਤਾਕਤ ਹੈ,
ਬਸ ਚਰਖਾ ਕਾਫ਼ੀ ਆਫਤ ਹੈ,
ਬਗੇ ਹੋ ਗਏ ਮੂੰਹ ਹੈਰਾਨ ਕੁੜੇ।
ਜਦ ਚਰਖਾ ਸੂਤ ਕਤੇਸੀ ਨੀ,
ਰੰਗ ਜਾਵੇ ਲਾਲ ਮਲੇਸੀ ਨੀ,
ਗੱਡੇ ਹਿੰਦ ਦੇ ਵਿਚ ਨਿਸ਼ਾਨ ਕੁੜੇ।
ਰਲ ਸਈਆਂ ਛੋਪੇ ਪਾਵੋ ਨੀ,
ਵਿਚ ਗੀਤ ਕੌਮ ਦੇ ਗਾਵੋ ਨੀ,
ਗੂੰਜ ਉਠੇ ਜਿਮੀਂ ਅਸਮਾਨ ਕੁੜੇ।
ਸਾਡਾ ਏਹੋ ਗੋਲੀ ਸਿੱਕਾ ਹੈ,
ਹੋਇਆ ਦੁਸ਼ਮਨ ਦਾ ਰੰਗ ਫਿੱਕਾ ਹੈ,
ਸਦ ਚਰਖੇ ਤੋਂ ਕੁਰਬਾਨ ਕੁੜੇ,
ਆਇਆ ਗਾਂਧੀ ਦਾ ਫੁਰਮਾਨ ਕੁੜੇ।
(‘ਅਕਾਲੀ ਗੂੰਜ’ ਵਿਚੋਂ)
(2)
ਸਬਕ ਆਜ਼ਾਦੀ ਵਾਲਾ
ਕਵੀ ਪੰਛੀ
ਸਾਨੂੰ ਸਬਕ ਆਜ਼ਾਦੀ ਵਾਲਾ ਗਾਂਧੀ ਗਿਆ ਦੱਸ ਕੇ,
ਨਹੀਂ ਜ਼ਾਲਮ ਕੋਲੋਂ ਡਰਨਾ ਗੋਲੀ ਖਾਵੋ ਹੱਸ ਕੇ।
ਨਾਅਰੇ ਲਾਵੋ ਆਜ਼ਾਦੀ ਵਾਲੇ,
ਬਣ ਕੇ ਗਾਂਧੀ ਦੇ ਮਤਵਾਲੇ,
ਜੇਕਰ ਜ਼ਾਲਮ ਭੇਜੇ ਜੇਲੀਂ ਜਾਵੋ ਹੱਸ ਹੱਸ ਕੇ।
ਇਕ ਦਿਨ ਹੈ ਜ਼ਰੂਰੀ ਮਰਨਾ,
ਤੋਪ ਮਸ਼ੀਨਾਂ ਤੋਂ ਕੀ ਡਰਨਾ,
ਖੁਸ਼ੀ ਨਾਲ ਸੂਲੀ ’ਤੇ ਚੜ੍ਹਨਾ ਜ਼ਾਲਮ ਤਾਈਂ ਦੱਸ ਕੇ।
ਝੰਡਾ ਉਠਾਸੀ ਆਜ਼ਾਦੀ ਵਾਲਾ,
ਹੋਸੀ ਜ਼ਾਲਮ ਦਾ ਮੂੰਹ ਕਾਲਾ,
ਜਦੋਂ ਨਿਕਲੇ ਜ਼ਾਲਮ ਦਾ ਦੀਵਾਲਾ ਆਪ ਜਾਵੇ ਨੱਸ ਕੇ।
ਅਸਾਂ ਇਨਕਲਾਬ ਬੁਲਾਉਣਾ,
ਹਿੰਦੁਸਤਾਨ ਆਜ਼ਾਦ ਕਰਾਉਣਾ,
ਭਾਵੇਂ ਜ਼ਾਲਮ ਮਾਰੇ ਗੋਲੀ ਸੀਨਾ ਕਸ ਕਸ ਕੇ।
ਹਿੰਦੁਸਤਾਨ ਰਹੇ ਆਜ਼ਾਦ,
ਜ਼ਾਲਮ ਗੌਰਮਿੰਟ ਬਰਬਾਦ,
ਬੱਚਾ ਬੱਚਾ ਏਹੋ ਆਖੇ ਭਾਈਓ ਹੱਸ ਹੱਸ ਕੇ।
ਇਕ ‘ਪੰਛੀ’ ਅਰਜ਼ ਗੁਜ਼ਾਰੇ,
ਘਰ ਘਰ ਲਾਵੋ ਆਜ਼ਾਦੀ ਨਾਅਰੇ,
ਮਰ ਗਏ ਟੋਡੀ ਬੱਚੇ ਸਾਰੇ ਸਿਆਪਾ ਕਰੋ ਦੱਸ ਕੇ,
ਸਾਨੂੰ ਸਬਕ ਆਜ਼ਾਦੀ ਵਾਲਾ ਗਾਂਧੀ ਗਿਆ ਦੱਸ ਕੇ,
ਨਹੀਂ ਜ਼ਾਲਮ ਕੋਲੋਂ ਡਰਨਾ ਗੋਲੀ ਖਾਵੋ ਹੱਸ ਕੇ।
(‘ਦੁਖੀ ਦਿਲ ਦੀ ਪੁਕਾਰ ਯਾਨੂੰਲੀ ਪੰਛੀ ਕੀ ਫਰਿਆਦ’ ਵਿਚੋਂ)
(3)
ਮਹਾਤਮਾ ਗਾਂਧੀ ਦੀ ਚਿੱਠੀ
ਦੇਵ ਰਾਜ ‘ਦੇਵ’
ਚਿੱਠੀ ਗਾਂਧੀ ਦੀ ਅੱਜ ਆਈ ਹੁਸ਼ਿਆਰ ਹਿੰਦੀਓ।
ਆਪਸ ਵਿਚ ਫੁਟ ਨਾ ਪਾਓ ਰੱਖੋ ਪਿਆਰ ਹਿੰਦੀਓ।
ਘਰ ਘਰ ਤੁਸੀਂ ਚਰਖੇ ਚਲਾਓ,
ਮਾਲ ਵਲਾਇਤੀ ਨਾ ਮੰਗਵਾਓ,
ਸੁਤਿਆਂ ਤਾਈਂ ਜਲਦ ਜਗਾਓ,
ਕਰ ਪਰਚਾਰ ਹਿੰਦੀਓ।
ਮੰਨੋ ਮੇਰੀ ਅਰਜ਼ ਨਾਦਾਨੋ,
ਹੁਣ ਤੇ ਆਪਦਾ ਆਪ ਪਛਾਨੋ,
ਕੱਢੋ ਗੁਲਾਮੀ ਐਸ ਜਹਾਨੋਂ,
ਸੋਚ ਵਿਚਾਰ ਹਿੰਦੀਓ।
ਜੇ ਨਾ ਅਜੇ ਵੀ ਹੋਸ਼ ਸੰਭਾਲੀ,
ਦੁਸ਼ਮਨ ਲੁੱਟ ਕਰਸੀ ਘਰ ਖਾਲੀ,
ਹੋਸੀ ਡਾਢੀ ਫਿਰ ਪਮਾਲੀ,
ਵਿਚ ਸੰਸਾਰ ਹਿੰਦੀਓ।
ਅੱਜ ਵੀ ਵਕਤ ਹੈ ਦੇਸ਼ ਸੰਭਾਲੋ,
ਗੀਟੀਆਂ ਗੋਸ਼ੇ ਬੈਠ ਨਾ ਗਾਲੋ,
ਕਾਂਗਰਸ ਵਾਲਿਆਂ ਸਿਰੀਂ ਉਠਾ ਲੋ,
ਨਾਲ ਸਤਿਕਾਰ ਹਿੰਦੀਓ।
ਕਸਮਾਂ ਖਾ ਕੇ ਹੋਵੋ ਤਿਆਰ,
ਰਹਵਿੇ ਨਾ ਹਿੰਦ ਵਿਚ ਕੋਈ ਬਦਕਾਰ,
ਡਾਕੂ ਚੋਰ ਨੂੰ ਦੇ ਫਿਟਕਾਰ,
ਕੱਢੋ ਬਾਹਰ ਹਿੰਦੀਓ।
ਏਹੋ ‘ਦੇਵ’ ਮੇਰੀ ਅਰਜ਼ੋਈ,
ਖੱਦਰ ਬਿਨਾ ਦਿਸੇ ਨਾ ਕੋਈ,
ਹਿੰਦ ਵਿਚ ਦਿਸੇ ਖਾਰ ਨਾ ਕੋਈ,
ਖਿਲੇ ਗੁਲਜ਼ਾਰ ਹਿੰਦੀਓ,
ਚਿੱਠੀ ਗਾਂਧੀ ਦੀ ਅੱਜ ਆਈ ਹੁਸ਼ਿਆਰ ਹਿੰਦੀਓ।
(‘ਤੱਕਲੀ ਵਾਲਾ ਗਾਂਧੀ’ ਵਿਚੋਂ)
(4)
ਤੇਰਾ ਚਰਖਾ ਰੰਗ ਰੰਗੀਲਾ ਨੀ
ਝੰਡਾ ਸਿੰਘ ‘ਆਲਮ’, ਫੀਰੋਜ਼ਪੁਰੀ
ਤੂੰ ਜਦ ਦਾ ਚਰਖਾ ਛੱਡਿਆ ਨੀ,
ਗਿਆ ਨੱਕ ਦੇਸ਼ ਦਾ ਵੱਢਿਆ ਨੀ,
ਮੂੰਹ ਨੰਗ ਭੁੱਖ ਨੇ ਅੱਡਿਆ ਨੀ,
ਗਈ ਸੁੱਕ ਦੇਸ਼ ਦੀ ਰੱਤ ਕੁੜੇ,
ਘਰ ਬੈਠ ਕੇ ਚਰਖਾ ਕੱਤ ਕੁੜੇ,
ਲੈ ਗਾਂਧੀ ਵਾਲੀ ਮਤ ਕੁੜੇ।
ਜਿਹਨਾਂ ਚਰਖੇ ਤਾਈਂ ਭੁਲਾਇਆ ਨੀ,
ਉਹਨਾਂ ਡਾਢਾ ਦੁੱਖ ਉਠਾਇਆ ਨੀ,
ਜਾ ਫਿਜੀ ਤੇ ਵੇਖ ਮਲਾਇਆ ਨੀ,
ਕੁਲੀ ਬਣ ਕੇ ਰੋਲਣ ਪੱਤ ਕੁੜੇ,
ਜੇਹੜੇ ਚਰਖਾ ਬਹੁਤ ਚਲਾਂਦੇ ਨੇ,
ਉਹ ਐਸ਼ਾਂ ਪਏ ਉਡਾਂਦੇ ਨੇ,
ਉਹ ਜੱਗ ਵਿਚ ਰਾਜ ਕਮਾਂਦੇ ਨੇ,
ਜਾ ਵੇਖ ਵਲੈਤਾਂ ਸੱਤ ਕੁੜੇ,
ਕਿਉਂ ਫੜ ਲਈ ਉਲਟੀ ਰੀਤ ਕੁੜੇ,
ਛੱਡ ਸੁਸਤੀ ਨਾਲ ਪ੍ਰੀਤ ਕੁੜੇ,
ਤੂੰ ਸੁੱਕ ਸੁੱਕ ਬਣੀ ਤਵੀਤ ਕੁੜੇ,
ਕੀ ਇਲਮ ਨੇ ਮਾਰੀ ਮਤ ਕੁੜੇ,
ਤੇਰਾ ਚਰਖਾ ਰੰਗ ਰੰਗੀਲਾ ਨੀ,
ਜੋ ਗਾਵੇ ਗੀਤ ਸੁਰੀਲਾ ਨੀ,
ਇਹ ਹੈ ਸਵਰਾਜ ਵਸੀਲਾ ਨੀ,
ਕੋਈ ਸਮਝੇ ਵਿਚਲਾ ਤੱਤ ਕੁੜੇ।
ਘਰ ਬੈਠ ਕੇ ਚਰਖਾ ਕੱਤ ਕੁੜੇ,
ਲੈ ਗਾਂਧੀ ਵਾਲੀ ਮਤ ਕੁੜੇ।
(‘ਅਕਾਲੀ ਗੂੰਜ’ ਵਿਚੋਂ)
(5)
ਸ਼ਾਂਤ ਰਹਿਣਾ ਤੇ ਹੱਥ ਨਾ ਚੁੱਕਣਾ ਏ
ਰਮਤਾ
ਹਿੰਦ ਮਾਲ ਬਿਦੇਸ਼ੀ ਜੇ ਲੁੱਟ ਲੀਤਾ,
ਅਜੇ ਤਕ ਨਾ ਕੀਤਾ ਧਿਆਨ ਲੋਕੋ।
ਧਨ ਦੇਸ਼ ਦਾ ਲੁੱਟ ਕੇ ਗੈਰ ਲੈ ਗਏ,
ਲੱਠੇ, ਮਲਮਲਾਂ ਦੇ ਭੇਜ ਥਾਨ ਲੋਕੋ।
ਭੰਗ, ਫੀਮ ਤੇ ਦਾਰੂ ਦੇ ਠੇਕਿਆਂ ਨੇ,
ਕੀਤੇ ਨਸ਼ਟ ਕਈ ਖਾਨਦਾਨ ਲੋਕੋ।
ਛੱਡੋ ਨਸ਼ੇ ਸਭੇ ਸਚੀ ਆਣ ਰੱਖੋ,
ਸਿਆਣੇ ਆਖ ਕੇ ਪਏ ਸੁਨਾਣ ਲੋਕੋ।
ਆਪੋ ਵਿਚ ਪਾਟੋਧਾੜ ਹਿੰਦੀਆਂ ਨੇ,
ਕਰ ਲਿਆ ਹੈ ਦੇਸ਼ ਵੀਰਾਨ ਲੋਕੋ।
ਝੁਗੇ ਉਹਨਾਂ ਦੇ ਚੌੜ ਚੁਪੱਟ ਹੋ ਗਏ,
ਜਿਹੜੇ ਵਿਚ ਕਚਹਿਰੀਆਂ ਜਾਣ ਲੋਕੋ।
ਪੰਚੈਤਾਂ ਛੱਡ ਕਚਹਿਰੀਆਂ ਲੜ ਫੜਿਆ,
ਹਿੰਦੀ ਹੁਣ ਡਾਢੇ ਪਛਤਾਣ ਲੋਕੋ।
ਕਾਲਜ ਅਤੇ ਸਕੂਲਾਂ ਦੀ ਵਿਦਿਆ ਨੂੰ,
ਦੇਸੀ ਪੜ੍ਹ ਗੁਲਾਮ ਬਣ ਜਾਣ ਲੋਕੋ।
ਸਾਰੇ ਦੁੱਖਾਂ ਦਾ ਇਕੋ ਇਲਾਜ ਲੱਭਾ,
ਹਿੰਦੀ ਨਾ-ਮਿਲਵਰਤਨ ਮਲਾਨ ਲੋਕੋ।
ਸ਼ਾਂਤ ਰਹਿਣਾ ਤੇ ਹੱਥ ਨਾ ਚੁੱਕਣਾ ਏ,
ਸਹਿਣੇ ਪੈਣ ਚਾਹੇ ਤੀਰ ਤੇ ਬਾਣ ਲੋਕੋ।
ਨਫ਼ਰਤ ਕਿਸੇ ਤੋਂ ਰੱਖੋ ਨਾ ਦਿਲਾਂ ਅੰਦਰ,
ਸੱਚ ਕਹਿਣੋਂ ਨਾ ਰੁਕੇ ਜ਼ਬਾਨ ਲੋਕੋ।
ਧਰ ਪੈਣਾ ਤੇ ਧਰਮ ਨਾ ਛੱਡਣਾ ਏ,
ਯਾਦ ਰੱਖੋ ਇਹ ਗੁਰ ਫੁਰਮਾਨ ਲੋਕੋ।
(‘ਅਕਾਲੀ ਗੂੰਜ’ ਵਿਚੋਂ)
(6)
ਸਾਡੀ ਮਾਦਰੇ ਹਿੰਦ ਆਜ਼ਾਦ ਹੋਵੇ
ਫਿਰੋਜ਼ ਦੀਨ ‘ਸ਼ਰਫ਼’
ਹੋ ਗਏ ਪ੍ਰੇਸ਼ਾਂ ਗੇਸੂਆਂ ਵਾਲੇ,
ਅਸੀਂ ਬਿਗੜੇ ਤੇ ਸਾਡੀ ਸਰਕਾਰ ਬਣ ਗਈ।
ਜੀਹਦੇ ਸਿਰ ’ਤੇ ਯੂਰੋਪ ਅਮੀਰ ਹੋਇਆ,
ਹਾਇ! ਧਰਤੀ ਉਹ ਆਪ ਨਾਦਾਰ ਬਣ ਗਈ।
ਕੀ ਕੀ ਦੱਸੀਏ ਸੜ ਗਿਆ ਜਿਗਰ ਸਾਡਾ,
ਸਾਡੇ ਨਾਲ ਮਸਾਲ ਇਹ ਯਾਰ ਬਣ ਗਈ।
ਬਦਲੀ ਦੇਖਕੇ ਲੈਣ ਸੀ ਅੱਗ ਆਈ,
ਘਰ ਬਾਰ ਦੀ ਮਾਲਕ ਹੁਣ ਨਾਰ ਬਣ ਗਈ।
ਲੁੱਟੇ ਗਏ ਤਹਿਜ਼ੀਬ ਦੇ ਪਰਦਿਆਂ ਵਿਚ,
ਸ਼ਾਲਾ! ਇੰਝ ਨਾ ਕੋਈ ਬਰਬਾਦ ਹੋਵੇ।
ਕਰੋ ਹਿੰਦੀਓ ਰਲ ਕੇ ਕੰਮ ਐਸਾ,
ਸਾਡੀ ਮਾਦਰੇ ਹਿੰਦ ਆਜ਼ਾਦ ਹੋਵੇ।
ਮੀਟੀ ਰਵ੍ਹੇਗੀ ਮੁੱਠ ਇਹ ਕਦੋਂ ਤੀਕਰ,
ਰੰਗੇ ਖ਼ੂਨ ਸ਼ਹੀਦਾਂ ਕਦ ਖੁੱਲ੍ਹਣਾ ਏਂ।
ਪਤਝੜ ਹਿੰਦ ਵਿਚ ਰਵੇਗੀ ਕਦੋਂ ਤੀਕਰ,
ਕਿਸ ਦਿਨ ਬਾਗ ਸਾਡਾ ਫਲਣਾ ਫੁਲਣਾ ਏਂ।
ਖਾਕਸਾਰੀਆਂ ਕਰੋਗੇ ਕਦੋਂ ਤੀਕਰ,
ਕਦ ਤਕ ਲਾਲਾਂ ਨੇ ਮਿੱਟੀ ਵਿਚ ਰੁਲਣਾ ਏਂ।
ਸ਼ਾਹੀ ਆਪਣੀ ਆਵੇਗੀ ਯਾਦ ਕਿਸ ਦਿਨ,
ਤੁਸਾਂ ਕਦੋਂ ਗੁਲਾਮੀ ਨੂੰ ਭੁੱਲਣਾ ਏਂ।
ਰੱਜ ਗਏ ਓ ਡੇਢ ਸੌ ਸਾਲ ਸੌਂ ਸੌਂ,
ਹੁਣ ਤੇ ਆਪਣੀ ਹਸਤੀ ਵੀ ਯਾਦ ਹੋਵੇ।
ਕਰੋ ਹਿੰਦੀਓ ਰਲ ਕੇ ਕੰਮ ਐਸਾ
ਸਾਡੀ ਮਾਦਰੇ ਹਿੰਦ ਆਜ਼ਾਦ ਹੋਵੇ।
ਸੰਪਰਕ: 94170-49417