ਐੱਸ ਪੀ ਸਿੰਘ*
ਹਰ ਸਮੇਂ, ਹਰ ਚੌਕ, ਹਰ ਗਲੀ, ਹਰ ਮੁਹੱਲੇ ਵਿੱਚ ਡਾਰਨੈਲਾ ਫਰੇਜ਼ੀਅਰ ਨਹੀਂ ਖੜ੍ਹੀ ਹੁੰਦੀ। ਨਾਲੇ ਸਾਨੂੰ ਪਤਾ ਵੀ ਨਹੀਂ ਕਿ ਉਹ ਹੈ ਕੌਣ, ਕਿਹੋ ਜਿਹੀ ਦਿਸਦੀ ਹੈ? ਸਾਨੂੰ ਪਤਾ ਹੈ ਕਿ ਜਾਰਜ ਫਲੌਇਡ ਨੂੰ ਗੋਰੇ ਅਮਰੀਕੀ ਪੁਲਸੀਏ ਨੇ ਧੌਣ ’ਤੇ ਗੋਡਾ ਧਰ ਕੇ ਮਾਰ ਦਿੱਤਾ, ਬਾਕੀ ਤਿੰਨ ਸਾਥੀ ਗੋਰੇ ਪੁਲਸੀਏ ਇਹ ਸਭ ਵੇਖਦੇ ਰਹੇ। ਪਰ ਜੇ 17 ਸਾਲਾਂ ਦੀ ਡਾਰਨੈਲਾ ਫਰੇਜ਼ੀਅਰ ਉੱਥੇ ਨਾ ਹੁੰਦੀ ਤਾਂ ਅਸਾਂ ਕਦੇ ਜਾਰਜ ਫਲੌਇਡ ਦਾ ਨਾਮ ਵੀ ਨਹੀਂ ਸੀ ਸੁਣਨਾ, ਅਮਰੀਕਾ ਨੇ ਸੜਕਾਂ ਉੱਤੇ ਲਾਵਾ ਫੁੱਟਦਾ ਨਹੀਂ ਸੀ ਦੇਖਣਾ ਅਤੇ ਡਰੇ ਸਹਿਮੇ ਟਰੰਪ ਨੇ ਵ੍ਹਾਈਟ ਹਾਊਸ ਦੇ ਤਹਿਖ਼ਾਨੇ ਵਾਲੇ ਬੰਕਰ ਵਿੱਚ ਨਹੀਂ ਸੀ ਲੁਕਣਾ। ਰਤਾ ਸੋਚੋ ਜੇ ਉਹ ਸਿਆਹਫਾਮ ਨਾ ਹੁੰਦੀ, ਜੇ ਉਹ ਜੇਬ੍ਹ ਵਿੱਚੋਂ ਫੋਨ ਕੱਢ ਵੀਡੀਓ ਨਾ ਬਣਾਉਂਦੀ, ਜੇ ਉਹ ਵੀਡੀਓ ਸੋਸ਼ਲ ਮੀਡੀਆ ਉੱਤੇ ਨਾ ਪਾਉਂਦੀ, ਜੇ…?
ਮੁਬਈਆਨਾ ਤੌਰ ਉੱਤੇ ਬਰਾਬਰ ਦੇ ਮੌਲਿਕ ਹੱਕ ਰੱਖਦੇ ਸਿਆਹਫਾਮ ਨਾਗਰਿਕਾਂ ਨਾਲ ਵਿਤਕਰਾ ਅਮਰੀਕੀ ਸਮਾਜਿਕ ਜ਼ਿੰਦਗੀ ਦਾ ਵਿਆਪਕ ਸੱਚ ਹੈ, ਪਰ ਲਾਵਾ ਭੜਕਣ ਲਈ ਇੱਕ ਵੀਡੀਓ ਦਾ ਵਾਇਰਲ ਹੋਣਾ ਕਿਉਂ ਜ਼ਰੂਰੀ ਹੈ?
ਆਧੁਨਿਕਤਾ ਨੂੰ ਪ੍ਰਣਾਏ ਅਸੀਂ ਮਹਾਂਮਾਰੀ, ਬੇਰੁਜ਼ਗਾਰੀ ਅਤੇ ਭੁੱਖਮਰੀ ਦੇ ਝੰਬੇ ਉਸ ਪਰਿਵਾਰ ਲਈ ਉਦੋਂ ਜਾ ਵਿਲਕਦੇ ਹਾਂ ਜਦੋਂ ਬਾਲ ਅੰਞਾਣਾ ਮਰੀ ਮਾਂ ਉੱਤੇ ਪਾਈ ਚਾਦਰ ਦੀ ਕੰਨੀ ਖਿੱਚਦਾ ਹੈ ਅਤੇ ਇਹਦੀ ਕੋਈ ਵੀਡੀਓ ਵਾਇਰਲ ਹੋ ਸਾਡੇ ਫੋਨ ਉੱਤੇ ਚੱਲਦੀ ਹੈ। ਆਪਣੇ ਸਮਾਜਿਕ ਫ਼ਰਜ਼ਾਂ ਦੀ ਪਛਾਣ ਕਰ ਫਿਰ ਸਾਡੇ ਅੰਗੂਠੇ ਵਿੱਚ ਇਹ ਲਾਸ਼ ਕੋਈ ਜੁੰਬਿਸ਼ ਭਰਦੀ ਹੈ, ਵੀਡੀਓ ਅਗਲੇ ਗਰੁੱਪ ਵਿੱਚ ਚੱਲਦੀ ਹੈ। ਅਸੀਂ ਕੋਵਿਡ-19 ਤੋਂ ਵੀ ਭਿਆਨਕ ਕਿਸੇ ਵਾਇਰਲ ਬੁਖ਼ਾਰ ਨਾਲ ਗ੍ਰਸਤ ਰੋਗੀ ਸਮਾਜ ਬਣ ਚੁੱਕੇ ਹਾਂ ਜਿਹੜਾ ਵਿਆਪਕ ਦਰਦ ਵੇਖ ਕੇ ਪਿੜ ਵਿੱਚ ਨਹੀਂ ਕੁੱਦਦਾ, ਪਰ ਵੀਡੀਓ ਵੇਖ ਪੱਟਾਂ ’ਤੇ ਹੱਥ ਮਾਰ ਟਵਿੱਟਰੀ ਫੇਸਬੁੱਕੀ ਘੁਲਾਟੀਆ ਬਣ ਝੱਸ ਪੂਰਾ ਕਰਦਾ ਹੈ।
ਦਲਿਤਾਂ ਦੀਆਂ ਬਸਤੀਆਂ, ਗ਼ਰੀਬਾਂ ਦੇ ਵਿਹੜਿਆਂ, ਮਜ਼ਦੂਰਾਂ ਦੀਆਂ ਢਾਣੀਆਂ ਵਿੱਚ ਜਨਮੇ ਬਾਲਾਂ ਦੀ ਜੀਵੀ ਹਕੀਕਤ ਇਨ੍ਹਾਂ ਸੰਪਾਦਕੀ ਪੰਨਿਆਂ ਤੱਕ ਪਹੁੰਚਣ ਵਾਲਿਆਂ ਦੀਆਂ ਜ਼ਿੰਦਗੀਆਂ ਤੋਂ ਕਿੰਨੀ ਦੂਰ ਹੈ, ਇਹਦਾ ਕੋਈ ਵੀਡੀਓ ਛੇਤੀ ਨਾਲ ਵਾਇਰਲ ਹੋਣ ਵਾਲਾ ਨਹੀਂ। ਇਸ ਲਈ ਹਕੂਮਤਾਂ ਨੂੰ ਹਾਲੇ ਕੋਈ ਡਰ ਨਹੀਂ ਕਿ ਭੀੜਾਂ ਸਵਾਲ ਪੁੱਛਣ ਸੜਕਾਂ ’ਤੇ ਉਮੜ ਸਕਦੀਆਂ ਹਨ।
ਸਾਡੇ ਹਾਕਮ ਅਜੇ ਟੀਵੀ ’ਤੇ ਦਨਦਨਾ ਰਹੇ ਹਨ, ਅਜੇ ਉਨ੍ਹਾਂ ਨੂੰ ਤਹਿਖਾਨੇ ਦੇ ਬੰਕਰ ਵਿੱਚ ਭੇਜਣ ਵਾਲੀਆਂ ਖ਼ਲਕਤ ਦੀਆਂ ਭੀੜਾਂ ਨੇ ਹਕੀਕੀ ਸਿਆਸਤ ਕਰਨ ਦਾ ਮਨ ਨਹੀਂ ਬਣਾਇਆ। ਲੋਕ ਸਰੋਕਾਰਾਂ ਤੋਂ ਵਿਰਵੀ ਰਾਜਨੀਤੀ ਦਾ ਅਜੇ ਕਿਸੇ ਨੇ ਕੋਈ ਵੀਡੀਓ ਜੋ ਨਹੀਂ ਬਣਾਇਆ।
ਸਾਡੀ ਧੌਣ ਉੱਤੇ ਹਰ ਸਾਹੇ ਗੋਡਾ ਹੈ।
ਹਰ ਰੋਜ਼ ਕਰੋਨਾ ਨਾਲ ਹੋਣ ਵਾਲੀਆਂ ਹਮਵਾਤਾਂ ਦਾ ਅੰਕੜਾ ਉਪਰ ਚੜ੍ਹ ਰਿਹਾ ਹੈ, ਗੰਭੀਰ ਮਰੀਜ਼ਾਂ ਨੂੰ ਸਾਹ ਨਹੀਂ ਆ ਰਿਹਾ, ਡਾਕਟਰ ਹਸਪਤਾਲ ਮਿਲਣਾ ਮੁਸ਼ਕਿਲ ਹੋਇਆ ਪਿਆ ਹੈ ਕਿਉਂ ਜੋ ਵਰ੍ਹਿਆਂ ਤੋਂ ਸਰਕਾਰਾਂ ਨੇ ਸਿਹਤ ਸਹੂਲਤਾਂ ਨੂੰ ਗੋਡਿਆਂ-ਪਰਨੇ ਕੀਤਾ ਹੋਇਆ ਹੈ। ਮਹਿੰਗੇ, ਪੰਜ-ਸਿਤਾਰਾ, ਲੱਖਾਂ ਦੇ ਬਿੱਲਾਂ ਲਈ ਜਾਣੇ ਜਾਂਦੇ ਹਸਪਤਾਲ ਹਮਾਤੜ ਸਾਥੀ ਦੀ ਧੌਣ ’ਤੇ ਗੋਡਾ ਰੱਖੀ ਬੈਠੇ ਹਨ। ਫੰਡਾਂ ਤੋਂ ਸੱਖਣੇ ਕਰਕੇ ਢਾਰਿਆਂ ਵਿੱਚ ਬਦਲ ਦਿੱਤੇ ਗਏ ਸਸਤੇ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਦੇ ਡਾਕਟਰ, ਨਰਸਾਂ, ਅਮਲਾ ਫੈਲਾ ਬਹੁਤੀ ਵਾਰੀ ਸਮਰੱਥਾ ਤੋਂ ਵੀ ਵਧੇਰੇ ਕੰਮ ਕਰਦਾ ਹੈ, ਪਰ ਵਰ੍ਹਿਆਂ ਤੋਂ ਇਸ ਢਾਂਚੇ ਨੂੰ ਸਾਹ ਨਹੀਂ ਆ ਰਿਹਾ।
ਪਰ ਕਿਉਂ ਜੋ ਅਜੇ ਤੜਫਦੇ ਮਰਦੇ ਹਸਪਤਾਲਾਂ, ਡਿਸਪੈਂਸਰੀਆਂ, ਮੁੱਢਲੇ ਸਿਹਤ ਕੇਂਦਰਾਂ ਦਾ ਕੋਈ ਵੀਡੀਓ ਵਾਇਰਲ ਨਹੀਂ ਹੋਇਆ, ਇਸ ਲਈ ਅਸੀਂ ਉਹ ਰੋਹ ਭਰੇ ਪ੍ਰਦਰਸ਼ਨ ਨਹੀਂ ਵੇਖੇ ਜਿਨ੍ਹਾਂ ਵਿੱਚ ਭੀੜਾਂ ਪੁੱਛਣ ਆ ਬਹੁੜਨ ਕਿ ਉਹ ਲੋਕ ਸਿਹਤ ਮੰਤਰੀ ਕਿਵੇਂ ਬਣ ਜਾਂਦੇ ਹਨ ਜਿਨ੍ਹਾਂ ਦਾ ਇਸ ਸ਼ੋਭੇ ਨਾਲ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਰਿਹਾ, ਜਿਨ੍ਹਾਂ ਨੇ ਇਸ ਬਾਰੇ ਪਹਿਲੋਂ ਕਦੀ ਗੌਲਿਆ ਨਹੀਂ, ਕਦੀ ਬਿਆਨ ਨਹੀਂ ਦਿੱਤਾ, ਲੇਖ ਨਹੀਂ ਲਿਖਿਆ, ਨੀਤੀ ਨਿਰਧਾਰਨ ਵਿੱਚ ਕੋਈ ਰੋਲ ਨਹੀਂ ਨਿਭਾਇਆ।
ਕੋਈ ਸਲਫ਼ਾਸ ਖਰੀਦੇ, ਜਾਂ ਦਸ ਹੱਥ ਰੱਸੇ ਨੂੰ ਵਲ਼ ਪਾਵੇ, ਫਿਰ ਖੂੰਜੇ ਵਿੱਚ ਇੱਕ ਕੈਮਰਾ ਲਾਵੇ, ਤੁਹਾਨੂੰ ਮੁਖ਼ਾਤਬ ਹੋ ਕਰਜ਼ੇ ਦੀ ਰਕਮ ਅਤੇ ਆਪਣੀ ਫਟੇਹਾਲੀ ਦੀ ਕਥਾ ਦੱਸ ਆਤਮ ਹੱਤਿਆ ਦੇ ਰੱਥ ਉੱਤੇ ਚੜ੍ਹ ਜਾਵੇ ਤਾਂ ਜਾ ਕੇ ਸਾਨੂੰ ਕੋਈ ਭੀੜ ਥਿਆਵੇ ਕਿ ਲਓ ਜੀ, ਵੀਡੀਓ ਵਾਇਰਲ ਹੋ ਗਿਆ ਹੈ, ਚੌਕ ਵਿੱਚ ਪਹੁੰਚਣ ਦਾ ਸਮਾਨ ਆਇਆ ਹੈ?
ਇੱਕ ਭਾਰੀ-ਭਰਕਮ ਸ਼ਕਤੀਸ਼ਾਲੀ ਨਿਜ਼ਾਮ ਨੇ ਕਿਰਸਾਨੀ-ਮਜ਼ਦੂਰੀ ਦੀ ਧੌਣ ਉੱਤੇ ਵਰ੍ਹਿਆਂ ਤੋਂ ਗੋਡਾ ਰੱਖਿਆ ਹੋਇਆ ਹੈ। ਅਨੇਕਾਂ ਅਰਥ-ਸ਼ਾਸਤਰੀਆਂ ਦੇ ਤਸਦੀਕਸ਼ੁਦਾ ਖੇਤ-ਖ਼ੁਦਕੁਸ਼ੀ ਦੇ ਅੰਕੜੇ ਨਿੱਤ ਚੇਤੇ ਕਰਵਾਉਂਦੇ ਹਨ ਕਿ ਅੰਨਦਾਤੇ ਨੂੰ ਸਾਹ ਨਹੀਂ ਆ ਰਿਹਾ ਪਰ ਹਕੂਮਤ ਨੂੰ ਗੋਡਾ ਚੁੱਕਣ ਦੀ ਕੋਈ ਕਾਹਲੀ ਨਹੀਂ। ਖੇਤੀ ਵਿਵਸਥਾ ਨਾਲ ਜੁੜੀਆਂ ਹਾਲੀਆ ਕਾਨੂੰਨੀ ਪੇਸ਼ਬੰਦੀਆਂ ਤਾਂ ਸਗੋਂ ਦਰਸਾ ਰਹੀਆਂ ਹਨ ਕਿ ਸਾਡੇ ਜਾਰਜ ਫਲੌਇਡ ਕਿਸਾਨ ਦੀ ਧੌਣ ਉੱਤੇ ਬਾਕੀ ਦੇ ਪੁਲਸੀਆਂ ਨੇ ਵੀ ਗੋਡਾ ਧਰ ਦਿੱਤਾ ਹੈ। ਹੁਣ ਸੱਤਾਹੀਣ ਕਰ ਦਿੱਤੇ ਗਏ ਪਿੰਡ ਦਾ ਵਾਇਰਲ ਵੀਡੀਓ ਨਾ ਹੋਵੇ ਤਾਂ ਦੱਸੋ ਭੀੜ ਕਿੱਥੋਂ ਲਿਆਈਏ? ਸਾਡੇ ਸਕੂਲੀ ਵਿਦਿਆਰਥੀ ਅਮਰੀਕਾ ਦੀ ਸਿਵਲ ਰਾਈਟਸ ਮੂਵਮੈਂਟ ਦਾ ਇਤਿਹਾਸ ਪੜ੍ਹਦੇ ਹਨ। ਕਿਵੇਂ ਉੱਥੇ ਕਾਲੇ ਗੋਰੇ ਬੱਚਿਆਂ ਦੇ ਵੱਖੋ-ਵੱਖਰੇ ਨਸਲੀ ਸਕੂਲਾਂ ਦੇ ਅਮਲ ਨੂੰ ਨੱਥ ਪਾਈ ਗਈ, ਰੱਟੇ ਲਾਉਂਦੇ ਹਨ। ਪਰ ਹਕੀਕਤ ਵਿੱਚ ਅਸੀਂ ਅਤਿ ਦੀ ਬੇਸ਼ਰਮੀ ਨਾਲ ਅਪਾਰਥੇਈਡ (apartheid) ਸਮਿਆਂ ਵਾਲੇ ਸਕੂਲ ਖੋਲ੍ਹ ਰੱਖੇ ਹਨ। ਅੰਗਰੇਜ਼ੀ ਮਾਧਿਅਮ ਵਾਲੇ ਕਾਨਵੈਂਟ ਸਕੂਲਾਂ ਦਾ ਨਾਮ ਅਸੀਂ ‘ਪਬਲਿਕ ਸਕੂਲ’ ਧਰਿਆ ਹੋਇਆ ਹੈ। ਇਨ੍ਹਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦਾ ਜੀਵਨ ਨਜ਼ਰੀਆ, ਅਭਿਆਸ, ਤਜਰਬਾ ਅਤੇ ਹਕੀਕਤ ਸਹੂਲਤਾਂ ਤੋਂ ਵਿਰਵੇ ਸਰਕਾਰੀ ਸਕੂਲਾਂ ਵਿੱਚ ਜ਼ਿੰਦਗੀ ਦੇ ਅਤਿ-ਰਚਨਾਤਮਕ ਸਾਲ ਵਿਅਰਥ ਗਵਾ ਚੁੱਕੇ ਵਿਦਿਆਰਥੀਆਂ ਨਾਲੋਂ ਏਨੇ ਭਿੰਨ ਹੋ ਜਾਂਦੇ ਹਨ ਕਿ ਇੱਕ ਪੂਰੀ ਪੀੜ੍ਹੀ ਅਪਾਰਥੇਈਡ ਮਾਈਂਡਸੈੱਟ ਨਾਲ ਪਨਪਦੀ ਵਿਗਸਦੀ ਹੈ। ਇਸੇ ਪੌਂਦ ਵਿੱਚੋਂ ਸਾਡੇ ਪ੍ਰਸ਼ਾਸਨਿਕ ਅਧਿਕਾਰੀ, ਪੁਲੀਸ ਅਫ਼ਸਰ, ਅਸ਼ਰਫੀਆ ਸਮਾਜ ਦੀ ਵਾਗਡੋਰ ਸੰਭਾਲਦਾ ਹੈ। ਧੌਣ ਉੱਤੇ ਗੋਡੇ ਦਾ ਸਦੀਵੀ ਸੰਕਲਪ ਪ੍ਰਵਾਨ ਚੜ੍ਹਦਾ ਹੈ। ਵਰਤਾਰਾ ਏਡਾ ਸਹਿਜ ਹੈ ਕਿ ਇਹਦਾ ਕੋਈ ਵੀਡੀਓ ਹੀ ਨਹੀਂ ਬਣਦਾ, ਇਸ ਲਈ ਸਾਡਾ ਅੰਦਰਲਾ ਵਲੂੰਧਰਿਆ ਨਹੀਂ ਜਾਂਦਾ। ਚੌਂਹ ਸਿਮਤ ਸਾਹ ਲਈ ਸਹਿਕਦਾ ਜਾਰਜ ਫਲੌਇਡ ਸਾਡੀ ਨਿੱਤ ਦਿਨ ਦੀ ਹਕੀਕਤ ਹੈ। ਨਿਊ ਨੌਰਮਲ ਦਾ ਰੋਣਾ ਰੋਂਦਿਆਂ ਨੂੰ ਦੱਸੋ ਕਿ ਸਾਡਾ ਤਾਂ ਇਹ ਚਿਰਾਂ ਤੋਂ ਨੌਰਮਲ ਹੈ। ਸਾਡੀ ਪੁਲੀਸ ਇਵੇਂ ਹੀ ਕਿਸਾਨਾਂ, ਮਜ਼ਦੂਰਾਂ, ਨਰਸਾਂ, ਆਂਗਣਵਾੜੀ ਅਤੇ ਆਸ਼ਾ ਵਰਕਰਾਂ, ਨੌਕਰੀ ਮੰਗਦੇ ਨੌਜਵਾਨ ਅਧਿਆਪਕ ਮੁੰਡੇ ਕੁੜੀਆਂ, ਪਿੰਜਰਾ-ਨੁਮਾ ਹੋਸਟਲ ਦਾ ਟਾਈਮ ਵਧਾਉਣ ਦੀ ਮੰਗ ਕਰਦੀਆਂ ਖੋਜਾਰਥੀ ਮੁਟਿਆਰਾਂ, ਨਾਗਰਿਕਤਾ ਖੋਂਹਦੇ ਕਾਨੂੰਨ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਦੇ ਕਾਰਕੁਨਾਂ ਉੱਤੇ ਨਿੱਤ ਡਾਂਗਾਂ ਵਰ੍ਹਾਉਂਦੀ ਹੈ, ਪਰ ਅਸਾਂ ਇਹਨੂੰ ਨੌਰਮਲ ਵਰਤਾਰਾ ਸਮਝ ਰੱਖਿਆ ਹੈ। ਪੁਲਸੀਏ ਦਾ ਬੇਮਤਲਬ ਹੱਥ ਚੁੱਕਣਾ ਇਸੇ ਸਮਾਜਿਕ ਸਮਝਸਾਜ਼ੀ ਵਿੱਚੋਂ ਜਨਮਦਾ ਹੈ। ਸਾਡੀ ਮਾਨਸਿਕਤਾ ਵਿੱਚ ਅਸੀਂ ਪੁਲੀਸ ਥਾਣਿਆਂ ਅਤੇ ਵਰਤਾਰੇ ਦੀ ਜਿਹੜੀ ਰੂਪਕਾਰੀ ਕਰ ਰੱਖੀ ਹੈ, ਇਸੇ ਵਿੱਚੋਂ ਨਿੱਤ ਕਿਸੇ ਜਾਰਜ ਫਲੌਇਡ ਦੀ ਧੌਣ ਉੱਪਰ ਕੋਈ ਗੋਡਾ ਰੱਖਦਾ ਹੈ। ਕਦੀ ਕੋਈ ਵੀਡੀਓ ਵਾਇਰਲ ਹੁੰਦਾ ਹੈ ਤਾਂ ਕਿਤੇ ਸਮਾਜ ਦੇ ਜਿਊਂਦੇ ਹੋਣ ਦਾ ਕੋਈ ਸਬੂਤ ਮਿਲਦਾ ਹੈ।
ਮਰੀ ਸਿਆਸਤ ਦਾ ਕੋਈ ਵੀਡੀਓ ਨਹੀਂ ਬਣਦਾ, ਹਮੇਸ਼ਾਂ ਕੋਈ ਡਾਰਨੈਲਾ ਫਰੇਜ਼ੀਅਰ ਫੋਨ ਹੱਥ ਵਿੱਚ ਫੜ ਤਿਆਰ-ਬਰ-ਤਿਆਰ ਨਹੀਂ ਖੜ੍ਹੀ ਹੁੰਦੀ, ਅਸੀਂ ਸਿਹਤਯਾਬ ਰਹਿੰਦੇ ਹਾਂ। ਬੱਸ ਕੁਝ ਵਾਇਰਲ ਹੋਵੇ ਤਾਂ ਬੁਖ਼ਾਰ ਚੜ੍ਹਦਾ ਹੈ, ਅੰਗੂਠਾ ਵੀਡੀਓ ਨੂੰ ਅੱਗੇ ਧੱਕਦਾ ਹੈ।
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਸੋਸ਼ਲ ਮੀਡੀਆ ਤੋਂ ਬੇਮੁੱਖ ਹੋਇਆ ਉਨ੍ਹਾਂ ਫੇਸਬੁੱਕੀ, ਟਵਿੱਟਰੀ ਘੁਲਾਟੀਆਂ ਦੇ ਅਣਥੱਕ ਯੋਗਦਾਨ ਤੋਂ ਇਨਕਾਰੀ ਜਾਪਦਾ ਹੈ ਜਿਨ੍ਹਾਂ ਦੇ ਅੰਗੂਠੇ ਲਲਕਾਰੇ ਮਾਰਦੇ, ਫਰੈਂਡ ਬਣਾਉਂਦੇ, ਬਲੌਕ-ਅਨਬਲੌਕ ਵਾਲੀ ਸਮਾਜ ਸੇਵਾ ਕਰਦੇ ਘਸ ਗਏ ਹਨ।)