ਪ੍ਰੋ. ਗੋਪਾਲ ਸਿੰਘ ਬੁੱਟਰ
ਭਾਈ ਸੰਤੋਖ ਸਿੰਘ ਧਰਦਿਓ 1913 ਵਿਚ ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ’ਚ ਹੋਂਦ ਵਿਚ ਆਈ ਭਾਰਤੀ ਦੇਸ਼ ਭਗਤਾਂ ਦੀ ਇਨਕਲਾਬੀ ਜਥੇਬੰਦੀ ‘ਇੰਡੀਅਨ ਐਸੋਸੀਏਸ਼ਨ ਆਫ ਦਿ ਪੈਸੇਫਿਕ ਕੋਸਟ’ ਦਾ ਬਾਨੀ ਮੈਂਬਰ ਸੀ, ਜੋ ਬਾਅਦ ਵਿਚ ‘ਹਿੰਦੀ ਐਸੋਸੀਏਸ਼ਨ’ ਦੇ ਨਾਂ ਨਾਲ ਅਤੇ ਉਸ ਮਗਰੋਂ ‘ਗ਼ਦਰ ਪਾਰਟੀ’ ਦੇ ਨਾਂ ਨਾਲ ਪ੍ਰਸਿੱਧ ਹੋਈ। ਇਸ ਦੇ ਪਹਿਲੇ ਜਨਰਲ ਸਕੱਤਰ ਲਾਲਾ ਹਰਦਿਆਲ ਦੇ ਅਮਰੀਕਾ ਛੱਡਣ ਮਗਰੋਂ ਸੰਤੋਖ ਸਿੰਘ ਧਰਦਿਓ ਨੇ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਤੌਰ ਜਨਰਲ ਸਕੱਤਰ ਪਾਰਟੀ ਦੀ ਵੱਡੀ ਜ਼ਿੰਮੇਵਾਰੀ ਸੰਭਾਲੀ।
ਭਾਈ ਸੰਤੋਖ ਦੇ ਪਿਤਾ ਜਵਾਲਾ ਸਿੰਘ ਰੰਧਾਵਾ ਪਿੰਡ ਧਰਦਿਓ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ ਪਰ ਉਹ ਸਿੰਗਾਪੁਰ ਵਿੱਚ ਹਾਰਬਰ ਪੁਲੀਸ ਦੇ ਮੁਲਾਜ਼ਮ ਹੋਣ ਕਾਰਨ ਉਥੇ ਪਰਿਵਾਰ ਸਮੇਤ ਰਹਿੰਦੇ ਸਨ। ਸਿੰਗਾਪੁਰ ਵਿੱਚ ਹੀ 1892 ਈ. ਨੂੰ ਭਾਈ ਸੰਤੋਖ ਸਿੰਘ ਦਾ ਜਨਮ ਮਾਤਾ ਰਾਮ ਕੌਰ ਦੀ ਕੁੱਖੋਂ ਹੋਇਆ। ਉਥੇ ਹੀ ਭਾਈ ਸਾਹਿਬ ਨੇ ਮੁੱਢਲੀ ਤਾਲੀਮ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਤੋਂ ਹਾਸਲ ਕੀਤੀ। ਭਾਈ ਸੰਤੋਖ ਸਿੰਘ ਨੇ ਬਚਪਨ ਵਿਚ ਹੀ ਅੰਗਰੇਜ਼ੀ ਜ਼ੁਬਾਨ ਬੋਲਣ-ਲਿਖਣ ਵਿਚ ਚੰਗੀ ਮੁਹਾਰਤ ਹਾਸਲ ਕਰ ਲਈ ਸੀ, ਜੋ ਦੇਸ਼-ਵਿਦੇਸ਼ ਵਿਚ ਕੌਮੀ ਕਾਰਜਾਂ ਲਈ ਉਨ੍ਹਾਂ ਦੀ ਸ਼ਕਤੀ ਬਣਦੀ ਰਹੀ।
ਜਵਾਲਾ ਸਿੰਘ 1903 ਵਿਚ ਪੈਨਸ਼ਨ ਲੈ ਕੇ ਪਰਿਵਾਰ ਸਮੇਤ ਆਪਣੇ ਪਿੰਡ ਧਰਦਿਓ ਪਰਤ ਆਏ। ਪਿੰਡ ਧਰਦਿਓ ਤੋਂ ਦੋ ਮੀਲ ਦੂਰੀ ’ਤੇ ਪੈਂਦੇ ਡੀ.ਬੀ. ਪ੍ਰਾਇਮਰੀ ਸਕੂਲ ਮਹਿਤਾ-ਨੰਗਲ ਤੋਂ ਭਾਈ ਸੰਤੋਖ ਸਿੰਘ ਨੇ ਮੁੱਢਲੀ ਪੜ੍ਹਾਈ ਮੁਕੰਮਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਖਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਤੋਂ ਹੋਸਟਲ ਵਿਚ ਰਹਿ ਕੇ ਮੈਟ੍ਰਿਕ ਪਾਸ ਕੀਤੀ। ਮਾਸਟਰ ਤਾਰਾ ਸਿੰਘ ਦੇ ਛੋਟੇ ਭਰਾ ਨਿਰੰਜਣ ਸਿੰਘ, ਜੋ ਬਾਅਦ ਵਿਚ ਪ੍ਰਿੰਸੀਪਲ ਤੇ ਕੌਮੀ ਵਰਕਰ ਵੀ ਬਣੇ, ਇੱਥੇ ਭਾਈ ਸਾਹਿਬ ਦੇ ਜਮਾਤੀ ਸਨ ਅਤੇ ਦੱਸਿਆ ਕਰਦੇ ਸਨ ਕਿ ਸੰਤੋਖ ਸਿੰਘ ਦੀ ਪ੍ਰਭਾਵਸ਼ਾਲੀ ਅੰਗਰੇਜ਼ੀ ਕਾਰਨ ਸਕੂਲ ਵਿਚ ਉਸ ਦਾ ਨਾਂ ‘ਮਿਸਟਰ ਡਿਕਸ਼ਨਰੀ ਸਿੰਘ’ ਪੈ ਗਿਆ ਸੀ।
1912 ਵਿਚ ਭਾਈ ਸੰਤੋਖ ਸਿੰਘ ਉਚੇਰੀ ਪੜ੍ਹਾਈ ਲਈ ਇੰਗਲੈਂਡ ਗਏ ਪਰ ਉਸ ਤੋਂ ਜਲਦੀ ਬਾਅਦ ਉਹ ਕੈਨੇਡਾ ਪਹੁੰਚ ਗਏ। ਇਥੇ ਉਹ ਅਕਸਰ ਹੀ ਆਪਣੇ ਅਨਪੜ੍ਹ ਦੇਸ਼ ਵਾਸੀ ਆਰਾ ਮਿੱਲਾਂ ਦੇ ਵਰਕਰਾਂ ਦੀਆਂ ਸਮੱਸਿਆਵਾਂ ਗੋਰੇ ਮਿੱਲ ਮਾਲਕਾਂ ਅਤੇ ਅਦਾਲਤਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਂਦੇ ਸਨ, ਜਿਸ ਕਾਰਨ ਭਾਰਤੀ ਕਾਮਿਆਂ ਨੇ ਸਹਿਜੇ ਹੀ ਉਨ੍ਹਾਂ ਨੂੰ ਆਪਣਾ ਆਗੂ ਮੰਨ ਲਿਆ।
ਜਦ ਕੈਨੇਡਾ ਤੋਂ ਭਾਈ ਸੰਤੋਖ ਸਿੰਘ ਅਮਰੀਕਾ ਆ ਗਏ ਤਾਂ ਜਲਦੀ ਹੀ ਉਨ੍ਹਾਂ ਨੇ ਬਾਬਾ ਜਵਾਲਾ ਸਿੰਘ ਠੱਠੀਆਂ ਅਤੇ ਬਾਬਾ ਵਿਸਾਖਾ ਸਿੰਘ ਦਦੇਹਰ ਨਾਲ ਮਿਲ ਕੇ ਗ਼ਦਰ ਪਾਰਟੀ ਤੇ ਗ਼ਦਰ ਪਰਚੇ ਦੀਆਂ ਜ਼ਿੰਮੇਵਾਰੀਆਂ ਸਾਂਭ ਲਈਆਂ। ਇਹ ਦੇਸ਼ ਭਗਤ ਜਿਥੇ ਬਰਤਾਨਵੀ ਖੁਫ਼ੀਆ ਏਜੰਸੀਆਂ ਲਈ ‘ਮਧਰੇ ਕੱਦ, ਤਿੱਖੇ ਨਕਸ਼ਾਂ ਤੇ ਤਿੱਖੀ ਬਰੀਕ ਆਵਾਜ਼ ਵਾਲਾ ਚਤੁਰ ਤੇ ਖਤਰਨਾਕ ਵਿਅਕਤੀ ਸੀ’, ਉਥੇ ਆਪਣੇ ਸਾਥੀ ਦੇਸ਼ ਭਗਤਾਂ ਦੀ ਨਜ਼ਰ ਵਿਚ ‘ਕਮਾਲ ਦੀ ਸੂਝ-ਸਿਆਣਪ ਦਾ ਮਾਲਕ, ਈਮਾਨਦਾਰ ਤੇ ਪੇਚੀਦਾ ਮਸਲਿਆਂ ਬਾਰੇ ਤੁਰੰਤ ਅਤੇ ਦਰੁਸਤ ਫੈਸਲੇ ਲੈ ਸਕਣ ਵਾਲਾ ਮਹਾਨ ਬੁੱਧੀਮਾਨ ਆਗੂ ਸੀ।’’ ਹਿੰਦੋਸਤਾਨ ਵਿਚ ਗ਼ਦਰ ਕਰਨ ਦੇ ਮਕਸਦ ਨਾਲ ਪਾਰਟੀ ਨੇ ਭਾਈ ਸਾਹਿਬ ਨੂੰ ਸਿੰਗਾਪੁਰ, ਸਿਆਮ, ਮਲਾਇਆ ਤੇ ਬਰਮਾ ਦੀਆਂ ਪਾਰਟੀ ਦੀਆਂ ਸ਼ਾਖਾਵਾਂ ਦਾ ਚਾਰਜ ਸੌਂਪ ਦਿੱਤਾ। ਸਤੰਬਰ 1914 ਦੇ ਕਰੀਬ ਉਹ ਸਿੰਘਾਈ ਪਹੁੰਚੇ। ਸਿਆਮ ਵਿਚ ਗ਼ਦਰ ਪਾਰਟੀ ਲਈ ਭਾਈ ਸਾਹਿਬ ਨੇ ਸੋਹਨ ਲਾਲ ਪਾਠਕ ਤੇ ਆਤਮਾ ਰਾਮ ਨਾਲ ਕੰਮ ਕੀਤਾ। ਇਥੇ ਸਰਕਾਰੀ ਚੌਕਸੀ ਵਿਚ ਬਹੁਤੇ ਇਨਕਲਾਬੀ ਫਸ ਗਏ ਪਰ ਭਾਈ ਸੰਤੋਖ ਸਿੰਘ ਕਿਸੇ ਤਰ੍ਹਾਂ ਅਮਰੀਕਾ ਵਾਪਸ ਪਰਤਣ ਵਿਚ ਸਫਲ ਹੋ ਗਏ।
ਅਮਰੀਕਾ ਵਿੱਚ ਭਾਈ ਸਾਹਿਬ ਨੇ ਪਾਰਟੀ ਨਵੇਂ ਸਿਰਿਓਂ ਗਠਿਤ ਕਰਨੀ ਸ਼ੁਰੂ ਕੀਤੀ ਪਰ ਇਨ੍ਹਾਂ ਨੂੰ ਗ਼ਦਰ ਲਈ ਚੱਲੇ ਮੁਕੱਦਮੇ ਵਿਚ 21 ਮਹੀਨੇ ਲਈ ਜੇਲ੍ਹ ਜਾਣਾ ਪਿਆ। ਰਿਹਾਈ ਪਿਛੋਂ ਭਾਈ ਸੰਤੋਖ ਸਿੰਘ ਨੇ ਆਪਣੇ ਸਾਥੀਆਂ ਨਾਲ ਪਾਰਟੀ ਦੇ ਹੈਡਕੁਆਰਟਰ ਯੁਗਾਂਤਰ ਆਸ਼ਰਮ ਵਿਚ ਰਹਿ ਕੇ ਪਾਰਟੀ ਨੂੰ ਮੁੜ ਜਥੇਬੰਦ ਕੀਤਾ।
ਨਵੰਬਰ 1922 ਵਿਚ ਉਹ ਮਾਸਕੋ ਪਹੁੰਚ ਗਏ ਤੇ ਕਾਮਰੇਡ ਲੈਨਿਨ ਦੀ ਕਾਰਜਸ਼ੈਲੀ ਨੂੰ ਨੇੜਿਓਂ ਤੱਕਿਆ। ਇਥੇ ਉਨ੍ਹਾਂ ਨੇ ਕਮਿਊਨਿਸਟ ਇੰਟਰਨੈਸ਼ਨਲ ਦੀ ਚੌਥੀ ਕਾਂਗਰਸ ਵਿਚ ਹਿੱਸਾ ਲਿਆ। ਰੂਸ ਤੋਂ ਉਹ ਭਾਈ ਰਤਨ ਸਿੰਘ (ਰਾਏਪੁਰ ਡੱਬਾ) ਨਾਲ ਭਾਰਤ ਵਿਚ ਪਰਚਾ ਕੱਢ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਵਾਪਸ ਪਰਤੇ। ਪਰ ਅਫਗਾਨਿਸਤਾਨ ਤੋਂ ਹਿੰਦੋਸਤਾਨ ਪ੍ਰਵੇਸ਼ ਕਰਦੇ ਸਮੇਂ ਹੀ ਬਰਤਾਨਵੀ ਪੁਲੀਸ ਦੇ ਹੱਥ ਆ ਗਏ। ਗ੍ਰਿਫਤਾਰੀ ਪਿੱਛੋਂ ਭਾਈ ਸਾਹਿਬ ਕਾਫੀ ਸਮਾਂ ਪਿੰਡ ਵਿਚ ਨਜ਼ਰਬੰਦ ਰਹੇ। ਇਸ ਮਗਰੋਂ ਉਨ੍ਹਾਂ ਨੇ ਭਾਗ ਸਿੰਘ ਕੈਨੇਡੀਅਨ ਤੇ ਬਾਬਾ ਕਰਮ ਸਿੰਘ ਚੀਮਾ ਦੀ ਮਦਦ ਨਾਲ ਫਰਵਰੀ 1926 ਵਿਚ ਅਗਾਂਹਵਧੂ ਪਰਚਾ ‘ਕਿਰਤੀ’ ਕੱਢਿਆ, ਜਿਸ ਨੇ ਅਗਾਂਹਵਧੂ ਪੰਜਾਬੀ ਪੱਤਰਕਾਰੀ ਨੂੰ ਪਹਿਲੀ ਵਾਰ ਇਕ ਵੱਡਾ ਮੰਚ ਮੁਹੱਈਆ ਕੀਤਾ। ਜ਼ਿਆਦਾ ਮਿਹਨਤ, ਮਾੜੀ ਖੁਰਾਕ ਤੇ ਪੁਲੀਸ ਦੇ ਅਣ-ਮਨੁੱਖੀ ਵਤੀਰੇ ਕਾਰਨ ਉਹ ਟੀਬੀ ਦਾ ਸ਼ਿਕਾਰ ਹੋ ਗਏ ਅਤੇ 19 ਮਈ 1927 ਨੂੰ ਉਹ ਕਿਰਤੀ ਦੇ ਦਫਤਰ ਅੰਮ੍ਰਿਤਸਰ ਵਿੱਚ ਸਦੀਵੀ ਵਿਛੋੜਾ ਦੇ ਗਏ।
ਸੰਪਰਕ: 99150-05814