ਸੀਤਾ ਰਾਮ ਬਾਂਸਲ
ਦੁਆਬੇ ਦੇ ਪਿੰਡ ਕਾਲ਼ਾਸੰਘਿਆਂ ਦੇ ਗ਼ਦਰੀ ਹਰਨਾਮ ਸਿੰਘ ਦਾ ਜਨਮ 1887 ਜਾਂ 1888 ਵਿਚ ਪਿਤਾ ਸੁੰਦਰ ਸਿੰਘ ਅਤੇ ਮਾਤਾ ਗੁਲਾਬ ਦੇਵੀ ਦੇ ਘਰ ਹੋਇਆ। ਇਨ੍ਹਾਂ ਨੇ ਕੋਈ ਇੱਕੀ ਵਰ੍ਹਿਆਂ ਤਕ ਪਿਤਾ ਨਾਲ ਖੇਤੀਬਾੜੀ ਵਿਚ ਹੱਥ ਵਟਾਇਆ। ਕਪੂਰਥਲਾ ਰਿਆਸਤ ਵਿਚ ਵਿਦਿਆ ਦੇ ਚੰਗੇ ਪ੍ਰਬੰਧ ਨਾ ਹੋਣ ਕਰਕੇ ਇਨ੍ਹਾਂ ਦੀ ਵਿਦਿਆ ਪ੍ਰਾਪਤੀ ਦਾ ਕੋਈ ਵਸੀਲਾ ਨਹੀਂ ਬਣਿਆ। ਉਹ 8 ਫਰਵਰੀ 1909 ਨੂੰ 26 ਪੰਜਾਬ ਇਨਫੈਂਟਰੀ ਵਿਚ ਸਿਪਾਹੀ ਭਰਤੀ ਹੋ ਕੇ ਕੋਹਾਟ ਛਾਉਣੀ ਚਲੇ ਗਏ। ਗਿਆਰਾਂ ਰੁਪਏ ਮਹੀਨਾ ਤਨਖ਼ਾਹ ਸੀ। ਉੱਥੇ ਗ੍ਰੰਥੀ ਕਰਮ ਸਿੰਘ ਤੋਂ ਅੰਮ੍ਰਿਤ ਛਕਿਆ ਤੇ ਨਾਂ ਬਦਲ ਕੇ ਹਰਨਾਮ ਸਿੰਘ ਰੱਖਿਆ। ਫ਼ੌਜੀ ਸਿਖਲਾਈ ਦੌਰਾਨ ਗੁਰਮੁਖੀ ਤੇ ਅੰਗਰੇਜ਼ੀ ਪੜ੍ਹਨੀ ਸਿੱਖੀ ਤੇ ਸਿਗਨਲਰ ਦੀ ਜ਼ਿੰਮੇਵਾਰੀ ਮਿਲੀ।
1912 ਵਿਚ ਹਾਂਗਕਾਂਗ ਵਿਚ ਗੜਬੜ ਰੋਕਣ ਲਈ 26 ਪੰਜਾਬ ਇਨਫੈਂਟਰੀ ਘੱਲੀ ਗਈ। ਫ਼ੌਜੀਆਂ ਨੇ ਪਹਾੜੀ ਉੱਤੇ ਮਿੱਟੀ ਪੁੱਟਣ ਦੇ ਹੁਕਮ ਵਿਰੁੱਧ ਮੋਰਚਾ ਲਾ ਦਿੱਤਾ ਤਾਂ ਹਰਨਾਮ ਸਿੰਘ ਤੇ ਤਿੰਨ ਹੋਰ ਫ਼ੌਜੀਆਂ ਨੂੰ ਕੁਆਟਰ ਗਾਰਡ ਵਿਚ ਰੱਖਿਆ। ਆਖ਼ਰ ਅਫ਼ਸਰਾਂ ਨੇ ਆਪਣਾ ਹੁਕਮ ਵਾਪਸ ਲੈ ਲਿਆ। ਚੀਨੀ ਤੇ ਜਪਾਨੀਆਂ ਦੇ ਮਿਹਣਿਆਂ ਨੇ ਇਨ੍ਹਾਂ ਫ਼ੌਜੀਆਂ ਨੂੰ ਗ਼ੁਲਾਮ ਹੋਣ ਦਾ ਅਹਿਸਾਸ ਕਰਾਇਆ। ਚੀਨੀ ਇਨ੍ਹਾਂ ਨੂੰ ‘ਮੈਲੋ ਕਲਾਈ’ (ਭੂਤਨੇ) ਦੱਸਦਿਆਂ ਕਹਿੰਦੇ ਸਨ ਕਿ ‘ਤੁਸੀਂ ਆਪਣਾ ਮੁਲਕ ਤਾਂ ਗੁਆ ਕੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ ਹੈ ਤੇ ਹੁਣ ਸਾਡਾ ਖੋਹ ਕੇ ਉਨ੍ਹਾਂ ਨੂੰ ਦਿਉਗੇ?’
ਗ਼ਦਰੀ ਆਗੂ ਭਾਈ ਭਗਵਾਨ ਸਿੰਘ ਹਾਂਗਕਾਂਗ ਗੁਰਦੁਆਰੇ ਵਿਚ ਗ੍ਰੰਥੀ ਸਨ। ਅਮਰੀਕਾ ਤੋਂ ਆਉਂਦੀ ਗ਼ਦਰ ਅਖ਼ਬਾਰ ਉਹ ਫ਼ੌਜੀਆਂ ਨੂੰ ਪੜ੍ਹਨ ਲਈ ਦਿੰਦੇ। 26 ਪੰਜਾਬ ਇਨਫੈਂਟਰੀ ਵਿਚ ਫ਼ੌਜੀਆਂ ਦੇ ਪਤੇ ’ਤੇ ਗ਼ਦਰ ਅਖ਼ਬਾਰ ਆਉਣ ਲੱਗਾ। ਇਸ ਅਖ਼ਬਾਰ ਰਾਹੀਂ ਉਨ੍ਹਾਂ ਨੂੰ ਅੰਗਰੇਜ਼ਾਂ ਦੇ ਜ਼ੁਲਮਾਂ ਤੇ ਗ਼ੁਲਾਮੀ ਦੇ ਦੁੱਖਾਂ ਦਾ ਅਹਿਸਾਸ ਹੋ ਚੁੱਕਾ ਸੀ। ਪੈਸੇ ਇਕੱਠੇ ਕਰ ਕੇ ਫ਼ੌਜੀਆਂ ਨੇ ਗ਼ਦਰ ਅਖ਼ਬਾਰ ਲਈ ਮਦਦ ਭੇਜੀ। ਹਾਂਗਕਾਂਗ ਸਰਕਾਰ ਨੇ ਹਿੰਦੋਸਤਾਨੀਆਂ ਦੇ ਆਪਣੇ ਪਹਿਲੇ ਜਹਾਜ਼ ਗੁਰੂ ਨਾਨਕ (ਕੌਮਾ ਗਾਟਾਮਾਰੂ) ਦੇ ਕੈਨੇਡਾ ਵੱਲ ਜਾਣ ਵਿਚ ਅੜਿੱਕੇ ਡਾਹੇ ਤਾਂ ਸਿੱਖ ਫ਼ੌਜੀਆਂ ਨੇ ਇਹਦਾ ਵਿਰੋਧ ਕੀਤਾ। ਪਹਿਲੀ ਆਲਮੀ ਜੰਗ ਵਿਚ ਅੰਗਰੇਜ਼ਾਂ ਦੇ ਫਸ ਜਾਣ ਦਾ ਫ਼ਾਇਦਾ ਲੈਣ ਲਈ ਗ਼ਦਰ ਪਾਰਟੀ ਨੇ ਵਿਦੇਸ਼ਾਂ ਵਿਚ ਵਸਦੇ ਹਿੰਦੋਸਤਾਨੀਆਂ ਨੂੰ ਵਾਪਸ ਜਾ ਕੇ ਦੇਸ਼ ਆਜ਼ਾਦ ਕਰਾਉਣ ਦਾ ਹੋਕਾ ਦਿੱਤਾ। ਗ਼ਦਰੀਆਂ ਨੂੰ ਲੈ ਕੇ ਕੋਰੀਆਮਾਰੂ ਤੇ ਮਸ਼ੀਮਾਮਾਰੂ ਸਮੁੰਦਰੀ ਜਹਾਜ਼ ਹਾਂਗਕਾਂਗ ਪਹੁੰਚੇ। ਗ਼ਦਰੀਆਂ ਨੇ ਲਗਾਤਾਰ ਅੱਠ ਦਿਨ ਗੁਰਦੁਆਰੇ ਵਿਚ ਭਾਸ਼ਣ ਦਿੱਤੇ ਜਿਨ੍ਹਾਂ ਕਰਕੇ ਫ਼ੌਜੀਆਂ ਵਿਚ ਬਾਦਸ਼ਾਹ ਨਾਲ ਵਫ਼ਾਦਾਰੀ ਦੇ ਉਲਟ ਬਗ਼ਾਵਤ ਦਾ ਬੀਜ ਬੀਜਿਆ ਗਿਆ। ਅਫ਼ਸਰਾਂ ਨੇ ਫ਼ੌਜੀਆਂ ਦੇ ਗੁਰਦੁਆਰੇ ਜਾਣ ’ਤੇ ਪਾਬੰਦੀ ਲਾ ਦਿੱਤੀ, ਪਰ ਉਹ ਚੋਰੀ-ਛਿਪੇ ਗੁਰਦੁਆਰੇ ਜਾਂਦੇ ਰਹੇ। ਹਰਨਾਮ ਸਿੰਘ, ਫੁੰਮਣ ਸਿੰਘ, ਕਿਰਪਾ ਸਿੰਘ, ਈਸ਼ਰ ਸਿੰਘ, ਲਾਭ ਸਿੰਘ ਤੇ ਤੇਜਾ ਸਿੰਘ ਨੂੰ ਕਰਾਚੀ ਭੇਜ ਦਿੱਤਾ ਤੇ ਫਿਰ ਡਿੱਪੂ ਫ਼ਿਰੋਜ਼ਪੁਰ ਬਦਲ ਦਿੱਤਾ ਗਿਆ।
ਫ਼ਿਰੋਜ਼ਪੁਰ ਛਾਉਣੀ ਵਿਚ ਲਾਂਸ ਨਾਇਕ ਕਿਰਪਾ ਸਿੰਘ ਨੇ ਕਰਤਾਰ ਸਿੰਘ ਸਰਾਭਾ ਨੂੰ ਹਰਨਾਮ ਸਿੰਘ ਤੇ ਬਾਕੀ ਫ਼ੌਜੀਆਂ ਨਾਲ ਮਿਲਾਇਆ ਜਿਹਨੇ ਉਨ੍ਹਾਂ ਨੂੰ ਗ਼ਦਰ ਪਾਰਟੀ ਦੇ ਇਨਕਲਾਬੀ ਪ੍ਰੋਗਰਾਮ ਬਾਰੇ ਦੱਸਿਆ ਕਿ ਪਰਦੇਸਾਂ ਵਿੱਚੋਂ ਹਿੰਦੋਸਤਾਨ ਆਏ ਗ਼ਦਰ ਪਾਰਟੀ ਦੇ ਹਜ਼ਾਰਾਂ ਦੇਸ਼ ਭਗਤ ਵੱਖ-ਵੱਖ ਛਾਉਣੀਆਂ ਵਿਚ ਫ਼ੌਜਾਂ ਨੂੰ ਇਨਕਲਾਬ ਲਈ ਤਿਆਰ ਕਰ ਰਹੇ ਹਨ। ਉਹਨੇ ਇਨ੍ਹਾਂ ਨੂੰ ਬਾਕੀ ਫ਼ੌਜੀਆਂ ਵਿਚ ਖ਼ੁਫ਼ੀਆ ਤਰੀਕੇ ਨਾਲ ਦੇਸ਼ ਪਿਆਰ ਤੇ ਇਨਕਲਾਬ ਦਾ ਪ੍ਰਚਾਰ ਕਰਨ ਲਈ ਪ੍ਰੇਰਿਆ। ਕਾਲਾਸੰਘਿਆਂ ਦੇ ਜਮਾਂਦਾਰ ਬੂਟਾ ਸਿੰਘ ਨੇ ਹਰਨਾਮ ਸਿੰਘ ਨੂੰ ਕਰਤਾਰ ਸਿੰਘ ਸਰਾਭਾ ਤੇ ਵਿਸ਼ਣੂੰ ਗਣੇਸ਼ ਪਿੰਗਲੇ ਨੂੰ ਗ੍ਰਿਫ਼ਤਾਰ ਕਰਵਾ ਕੇ ਇਨਾਮ ਦੀ ਨਕਦ ਰਕਮ ਤੇ ਸੱਤ ਮੁਰੱਬੇ ਜ਼ਮੀਨ ਹਾਸਲ ਕਰਨ ਲਈ ਕਿਹਾ। ਕੈਪਟਨ ਕਾਰਗਿਲ ਨੇ ਤਫ਼ਤੀਸ਼ ਵਿਚ ਦੋਸ਼ੀ ਪਾਏ ਜਾਣ ’ਤੇ ਗੋਲੀ ਮਾਰਨ ਦੀ ਧਮਕੀ ਦਿੱਤੀ, ਪਰ ਉਹਨੇ ਅਣਭੋਲ਼ ਬਣਦਿਆਂ ਦੋਵਾਂ ਦੀ ਕੋਈ ਵਾਹ ਨਾ ਚੱਲਣ ਦਿੱਤੀ।
ਜਨਵਰੀ 1915 ਵਿਚ ਕਰਤਾਰ ਸਿੰਘ ਸਰਾਭਾ, ਬੰਤਾ ਸਿੰਘ ਸੰਘਵਾਲ ਤੇ ਹੋਰ ਗ਼ਦਰੀ ਫ਼ਿਰੋਜ਼ਪੁਰ ਛਾਉਣੀ ਵਿਚ ਫ਼ੌਜੀਆਂ ਨੂੰ ਮਿਲਦੇ ਰਹੇ। 15 ਫ਼ਰਵਰੀ ਨੂੰ ਕਰਤਾਰ ਸਿੰਘ ਸਰਾਭਾ ਤੇ ਸੱਜਣ ਸਿੰਘ ਉੱਥੇ ਬਗ਼ਾਵਤ ਕਰਾਉਣ ਦਾ ਸਾਰਾ ਪ੍ਰਬੰਧ ਕਰ ਆਏ। ਕੈਪਟਨ ਕਾਰਗਿਲ ਨੇ ਵਿਦੇਸ਼ਾਂ ਤੋਂ ਮੁੜੇ ਗ਼ਦਰੀਆਂ ਦਾ ਛਾਉਣੀ ਵਿਚ ਦਾਖ਼ਲਾ ਬੰਦ ਕਰ ਦਿੱਤਾ। 18 ਫਰਵਰੀ ਨੂੰ ਮੋਚੀ ਗੇਟ ਲਾਹੌਰ ਵਾਲੇ ਗ਼ਦਰ ਦੇ ਮੁੱਖ ਅੱਡੇ ’ਤੇ ਸਰਾਭੇ ਨੂੰ ਕਿਰਪਾਲ ਸਿੰਘ ਦੀ ਗ਼ਦਾਰੀ ਦਾ ਪਤਾ ਲੱਗਾ ਤਾਂ ਉਹ ਕਾਹਲੀ ਵਿਚ ਭਾਈ ਰਣਧੀਰ ਸਿੰਘ ਤੇ ਉਨ੍ਹਾਂ ਦੇ ਜਥੇ ਨੂੰ ਲੈ ਕੇ 19 ਫਰਵਰੀ ਨੂੰ ਫ਼ਿਰੋਜ਼ਪੁਰ ਗਿਆ। ਛਾਉਣੀ ਵਿਚ ਕੋਈ ਹਿਲਜੁਲ ਨਾ ਦੇਖ ਕੇ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। 19 ਫਰਵਰੀ ਨੂੰ ਅੱਠ ਬਾਗ਼ੀ ਫ਼ੌਜੀ ਨੌਕਰੀ ਤੋਂ ਬਰਖ਼ਾਸਤ ਕਰ ਕੇ ਰੇਲ ਗੱਡੀ ’ਤੇ ਚੜ੍ਹਾ ਕੇ ਘਰਾਂ ਨੂੰ ਭੇਜ ਦਿੱਤੇ, ਪਰ ਉਹ ਉਸੇ ਦਿਨ ਵਾਪਸ ਫ਼ਿਰੋਜ਼ਪੁਰ ਪਹੁੰਚ ਗਏ ਸਨ। ਅਰਜਨ ਸਿੰਘ ਖੁਖਰਾਨੇ ਨੇ ਕਾਲਾਸੰਘਿਆਂ ਆ ਕੇ ਇਤਲਾਹ ਦਿੱਤੀ ਕਿ ਗ਼ਦਰ ਦੀ ਤਰੀਕ 21 ਤੋਂ 19 ਫਰਵਰੀ ਕਰ ਦਿੱਤੀ ਹੈ ਤਾਂ ਹਰਨਾਮ ਸਿੰਘ ਉਹਦੇ ਨਾਲ ਫ਼ਿਰੋਜ਼ਪੁਰ ਛਾਉਣੀ ਜਾ ਪਹੁੰਚਾ। ਛਾਉਣੀ ਵਿਚ ਦੇਸੀ ਫ਼ੌਜੀਆਂ ਤੋਂ ਚਾਰ ਦਿਨਾਂ ਲਈ ਹਥਿਆਰ ਰਖਵਾ ਕੇ ਗੋਰੇ ਫ਼ੌਜੀਆਂ ਦਾ ਹਰ ਪਾਸੇ ਪਹਿਰਾ ਲਾ ਦਿੱਤਾ ਗਿਆ ਸੀ।
ਵੀਹ ਫਰਵਰੀ 1915 ਨੂੰ ਲਾਹੌਰ ਦੇ ਅਨਾਰਕਲੀ ਬਜ਼ਾਰ ਵਿਚ ਤਿੰਨ ਗ਼ਦਰੀਆਂ ਦਾ ਪੁਲੀਸ ਨਾਲ ਭੇੜ ਹੋ ਗਿਆ। ਅਰਜਨ ਸਿੰਘ ਖੁਖਰਾਨਾ ਗ੍ਰਿਫ਼ਤਾਰ ਹੋ ਗਿਆ। ਤਲਾਸ਼ੀ ਕਰਨ ’ਤੇ ਉਹਦੇ ਕੋਲੋਂ ਪਰਚੀ ਮਿਲੀ- ‘ਹਰਨਾਮ ਸਿੰਘ ਭਰਾ ਲਛਮਣ ਸਿੰਘ ਕਾਲਾਸੰਘਿਆਂ’ ਤੇ 23 ਫਰਵਰੀ ਨੂੰ ਪੁਲੀਸ ਹਰਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ। ਵਾਅਦਾ ਮੁਆਫ਼ ਗਵਾਹ ਅਨੋਖ ਸਿੰਘ ਦੇ ਨਾ ਪਛਾਣਨ ਕਰਕੇ ਉਹਨੂੰ ਦੂਜੇ ਲਾਹੌਰ ਸਾਜ਼ਿਸ਼ ਕੇਸ ਵਿਚ ਰੱਖ ਕੇ ਮੁਕੱਦਮਾ ਚਲਾਇਆ ਗਿਆ। ਇਹ ਇਤਫ਼ਾਕ ਹੀ ਸੀ ਕਿ ਹਰਨਾਮ ਸਿੰਘ ਦਾ ਫ਼ੌਜੀ ਪਲਟਣ ਨੰਬਰ 26, ਦੋਸ਼ੀ ਨੰਬਰ 26 ਤੇ ਉਮਰ 26 ਸਾਲ ਸੀ। ਤੀਹ ਮਾਰਚ 1916 ਨੂੰ ਵਿਸ਼ੇਸ਼ ਟ੍ਰਬਿਊਨਲ ਦੇ ਤਿੰਨ ਜੱਜਾਂ ਏ.ਏ. ਇਰਵਨ, ਟੀ.ਪੀ. ਐਲਿਸ ਤੇ ਸ਼ਿਓ ਨਾਰਾਇਣ ਨੇ ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ: ਹਰਨਾਮ ਸਿੰਘ ਨੂੰ ਉਮਰ ਕੈਦ, ਜਲਾਵਤਨੀ ਤੇ ਜ਼ਮੀਨ ਜਾਇਦਾਦ ਕੁਰਕੀ ਦੀ ਸਜ਼ਾ ਸੁਣਾਈ। ਕਪੂਰਥਲਾ ਰਿਆਸਤ ਦੇ ਰਾਜੇ ਨੇ ਅੰਗਰੇਜ਼ ਹਾਕਮਾਂ ਨੂੰ ਖ਼ੁਸ਼ ਕਰਨ ਲਈ 28 ਪੋਹ ਬਿਕਰਮੀ ਸੰਮਤ 1973 (1916 ਈਸਵੀ) ਨੂੰ ਜ਼ਮੀਨ ਜਾਇਦਾਦ ਜ਼ਬਤ ਕਰਨ ਦੀ ਬਜਾਏ ਕੌਡੀਆਂ ਦੇ ਭਾਅ ਨਿਲਾਮ ਕਰਵਾ ਦਿੱਤੀ ਤੇ ਨਿਲਾਮੀ ਦੀ ਕੁੱਲ ਰਕਮ 3024 ਰੁਪਏ 8 ਆਨੇ 9 ਪਾਈ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਾਈ।
ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਾਲੇ ਗ਼ਦਰੀਆਂ ਨੇ ਕਾਲੇਪਾਣੀ ਸੈਲਿਊਲਰ ਜੇਲ੍ਹ ਦੇ ਅਧਿਕਾਰੀਆਂ ਨੂੰ ਜੇਲ੍ਹ ਸਖ਼ਤੀਆਂ ਦੇ ਵਿਰੋਧ ਵਿਚ ਅਜਿਹਾ ਸਬਕ ਸਿਖਾਇਆ ਕਿ ਉਨ੍ਹਾਂ ਨੇ ਗ਼ਦਰ ਪਾਰਟੀ ਦੇ ਹੋਰ ਕੈਦੀ ਲੈਣ ਤੋਂ ਨਾਂਹ ਕਰ ਦਿੱਤੀ। ਇਸ ਕਰਕੇ ਦੂਜੇ ਸਾਜ਼ਿਸ਼ ਕੇਸ ਵਾਲਿਆਂ ਨੂੰ ਹਜ਼ਾਰੀ ਬਾਗ ਜੇਲ੍ਹ (ਪਹਿਲਾਂ ਬਿਹਾਰ, ਹੁਣ ਝਾਰਖੰਡ) ਭੇਜ ਦਿੱਤਾ। ਵਧਾਵਾ ਰਾਮ ਦਰੋਗ਼ੇ ਨੇ ਖ਼ੁਰਾਕ ਭੈੜੀ ਕਰ ਦਿੱਤੀ, ਪਰਨੇ, ਗੁਟਕੇ ਖੋਹ ਲਏ, ਗੰਦੀ ਦਾਲ਼ ਸਬਜ਼ੀ, ਗੰਦਾ ਆਟਾ, ਪੀਹਣ ਨੂੰ ਚੱਕੀ ਦੀ ਮੁਸ਼ੱਕਤ ਦਿੱਤੀ। ਡੰਡੇ ਬੇੜੀਆਂ, ਟਾਟ ਵਰਦੀਆਂ, ਖੜ੍ਹੀਆਂ ਹੱਥਕੜੀਆਂ ਬੇੜੀਆਂ ਤੇ ਲੋਹੇ ਦੇ ਪਿੰਜਰੇ ਦੀਆਂ ਸਜ਼ਾਵਾਂ ਮਿਲਣ ਲੱਗੀਆਂ।
ਜੇਲ੍ਹ ’ਚੋਂ ਫਰਾਰੀ
ਸਖ਼ਤੀਆਂ ਤੋਂ ਤੰਗ ਆ ਕੇ ਹਰਨਾਮ ਸਿੰਘ ਸਮੇਤ 18 ਗ਼ਦਰੀ ਦੇਸ਼ ਭਗਤ ਜੇਲ੍ਹੋਂ ਫ਼ਰਾਰ ਹੋ ਗਏ। ਤਿੰਨ ਜਣਿਆਂ ਤੋਂ ਇਲਾਵਾ ਬਾਕੀ 15 ਫੜੇ ਗਏ ਅਤੇ ਦੋ ਸਾਲ ਸਜ਼ਾ ਹੋਰ ਵਧਾ ਦਿੱਤੀ ਗਈ। ਗ਼ਦਰੀਆਂ ਨੇ ਕਲਕੱਤਿਉਂ ਬਦਲ ਕੇ ਆਏ ਗੋਰੇ ਦਰੋਗ਼ੇ ਮੀਕ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ, ਜਦੋਂ 27 ਕੋਠੜੀਆਂ ਦੀਆਂ ਵੱਢੀਆਂ ਸੀਖਾਂ ਹਟਾ ਕੇ ਉਹ ਦਰੋਗ਼ੇ ਸਾਹਮਣੇ ਆ ਹਾਜ਼ਰ ਹੋਏ। ਇਸ ਮਗਰੋਂ ਗ਼ਦਰੀ ਕੈਦੀਆਂ ਨਾਲ ਜੇਲ੍ਹ ਅਧਿਕਾਰੀਆਂ ਦਾ ਵਤੀਰਾ ਨਰਮ ਹੋ ਗਿਆ। ਇਸ ਜੇਲ੍ਹ ਤੋਂ ਬਾਅਦ ਰਾਜਮੁੰਦਰੀ (ਮਦਰਾਸ), ਬੈਲੂਰ ਹਾਤਾ, ਲਾਹੌਰ, ਰਾਵਲਪਿੰਡੀ, ਫ਼ਿਰੋਜ਼ਪੁਰ ਤੇ ਜਲੰਧਰ ਜੇਲ੍ਹਾਂ ਵਿਚ 20 ਸਾਲ 9 ਮਹੀਨੇ 17 ਦਿਨ ਰੱਖ ਕੇ 10 ਦਸੰਬਰ ਨੂੰ ਰਿਹਾਅ ਕਰ ਦਿੱਤਾ। ਸਜ਼ਾ ਤਾਂ 1929 ਵਿਚ ਹੀ ਪੂਰੀ ਹੋ ਗਈ ਸੀ, ਪਰ ਬਾਬਾ ਹਰਨਾਮ ਸਿੰਘ ਬਾਸ਼ਰਤ ਰਿਹਾਈ ਤੋਂ ਇਨਕਾਰੀ ਸਨ ਤੇ ਆਖ਼ਰ ਵਾਇਸਰਾਏ ਨੂੰ ਇਨ੍ਹਾਂ ਵਾਸਤੇ ਖ਼ਾਸ ਹੁਕਮ ਦੇ ਕੇ ਰਿਹਾਅ ਕਰਨਾ ਪਿਆ। 1940 ਵਿਚ ਸਰਕਾਰ ਵਿਰੁੱਧ ਇਸ਼ਤਿਹਾਰ ਲੱਗੇ ਤਾਂ ਚਾਰ ਦਿਨਾਂ ਲਈ ਜੇਲ੍ਹ ਭੇਜ ਦਿੱਤੇ ਗਏ।
ਰਿਹਾਅ ਹੋਣ ਤੋਂ ਬਾਅਦ ਪਿੰਡ ਵਾਸੀਆਂ, ਗੁਰਦੁਆਰਾ ਸੀਸਗੰਜ ਦਿੱਲੀ, ਅਕਾਲੀ ਦਲ ਤੇ ਗ਼ਦਰ ਪਾਰਟੀ ਕਪੂਰਥਲਾ, ਬਾਬਾ ਹਰਨਾਮ ਸਿੰਘ ਟੁੰਡੀਲਾਟ, ਗ਼ਦਰ ਪਾਰਟੀ ਅੰਮ੍ਰਿਤਸਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਤੇ ਮਾਲਵਾ ਦੀਵਾਨ ਨੇ ਵੱਖ-ਵੱਖ ਸਮੇਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਨੂੰ ਦਸ ਰੁਪਏ ਮਹੀਨਾ ਸਹਾਇਤਾ ਮਿਲਦੀ ਰਹੀ। ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਮਿਲ ਕੇ ਬਾਬਾ ਜੀ ਨੇ ਜ਼ਮੀਨ ਵਾਪਸੀ ਦੀ ਮੰਗ ਕੀਤੀ, ਪਰ ਅਸਫ਼ਲਤਾ ਮਿਲੀ। ਗਿਆਨੀ ਜ਼ੈਲ ਸਿੰਘ ਨੇ ਤਾਮਰ ਪੱਤਰ ਦਿੱਤਾ। ਬਾਬਾ ਹਰਨਾਮ ਸਿੰਘ 18 ਮਈ 1978 ਨੂੰ ਸਦੀਵੀ ਵਿਛੋੜਾ ਦੇ ਗਏ।
ਇਸ ਲੇਖਕ ਨੇ ਦੋ ਸਾਲ ਦੀ ਮੁਸ਼ੱਕਤ ਨਾਲ ਫਰਵਰੀ 2004 ਵਿਚ ਕਪੂਰਥਲੇ ਸਦਰ ਕਾਨੂੰਗੋ ਰਿਕਾਰਡ ਦਫ਼ਤਰ ਵਿਚੋਂ ਜੋਗਾ ਸਿੰਘ ਤੇ ਪਟਵਾਰੀ ਮੱਖਣ ਲਾਲ ਦੀ ਮਦਦ ਨਾਲ ਜ਼ਮੀਨ ਜਾਇਦਾਦ ਦੇ ਕਾਗ਼ਜ਼ ਕਢਵਾ ਕੇ ‘ਗ਼ਦਰੀ ਬਾਬਿਆਂ ਦੇ ਮੁਣਸ਼ੀ’ ਆਖੇ ਜਾਂਦੇ ਮਲਵਿੰਦਰਜੀਤ ਸਿੰਘ ਵੜੈਚ ਨੂੰ ਭੇਜੇ। ਵੜੈਚ ਹੋਰਾਂ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਾਈ ਜਨਹਿਤ ਪਟੀਸ਼ਨ ਸਦਕਾ ਬਾਬਾ ਹਰਨਾਮ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਤੋਂ 35 ਲੱਖ ਰੁਪਏ ਮੁਆਵਜ਼ਾ ਮਿਲਿਆ।
ਸੰਪਰਕ: 75892-56092