ਬਲਵਿੰਦਰ ਬਾਲਮ ਗੁਰਦਾਸਪੁਰ
ਕਿੰਨੇ ਸੱਜਣ ਦੂਰ ਗਏ ਨੇ ਕਿੰਨੇ ਕੁ ਨਜ਼ਦੀਕ ਰਹੇ।
ਸੋਚ ਰਿਹਾ ਹਾਂ ਕਿੰਨੇ ਤੁਰ ਗਏ ਕਿੰਨੇ ਬਾਕੀ ਠੀਕ ਰਹੇ।
ਅਗਰ ਜ਼ਰੂਰਤ ਪੈ ਗਈ ਏ ਆਪਾਂ ਸਭ ਦਾ ਸਾਥ ਨਿਭਾਇਆ,
ਜੀਵਨ ਦੇ ਵਿੱਚ ਬੇਸ਼ੱਕ ਆਪਾਂ ਹਾਸ਼ੀਏ ਵਾਲੀ ਲੀਕ ਰਹੇ।
ਜਿਹੜੇ ਲੋਕੀਂ ਰਾਹ ਦਸੇਰਾ ਉਨ੍ਹਾਂ ਸ਼ੋਭਾ ਪਾਉਣੀ ਏ,
ਜੁਗਨੂੰ, ਦੀਪਕ, ਸੂਰਜ, ਤਾਰੇ ਨ੍ਹੇਰੇ ਦੇ ਪ੍ਰਤੀਕ ਰਹੇ।
ਤੇਜ਼ ਹਵਾਵਾਂ ਨੇ ਰੁੱਖਾਂ ਨੂੰ ਏਦਾਂ ਦੀ ਆਵਾਜ਼ ਹੈ ਬਖ਼ਸ਼ੀ,
ਬੰਦ ਗੁਫ਼ਾਵਾਂ ਦੇ ਵਿੱਚ ਰਹਿ ਕੇ ਜਿੱਦਾਂ ਲੋਕੀਂ ਚੀਕ ਰਹੇ।
ਨਾ ਉਡੀਕਾਂ ਨਾ ਉਮੀਦਾਂ ਨਾ ਮੰਗੀ ਮਦਦ ਕਿਸੇ ਤੋਂ,
ਮੇਰੇ ਦੁੱਖ ਵਿੱਚ ਮੇਰੇ ਹਾਸੇ ਅਪਣੇ ਆਪ ਸ਼ਰੀਕ ਰਹੇ।
ਫੁੱਲਾਂ ਉੱਤੇ ਸ਼ਬਨਮ ਏਦਾਂ ਪੱਥਰ ਹੋ ਕੇ ਰਹਿ ਗਈ ਏ,
ਅੱਜ ਵੀ ਤੜਕ ਸਵੇਰੇ ਤੈਨੂੰ ਗੁਲਸ਼ਨ ਵਿੱਚ ਉਡੀਕ ਰਹੇ।
ਮੇਰੀ ਇਹ ਕਮਜ਼ੋਰੀ ਨਈਂ ਏ ਸਿਰਫ਼ ਤਿਰਾ ਰਾਜ਼ ਛੁਪਾਇਆ,
ਮੇਰੇ ਹੰਝੂ ਤਾਂ ਹੀ ਦਿਲ ਵਿੱਚ ਰੁਕ ਕੇ ਪਲਕਾਂ ਤੀਕ ਰਹੇ।
ਹਾਕਮ ਦੇ ਦਰਬਾਰ ’ਚ ਸਾਰੇ ਨੇਤਾ ਅੰਨ੍ਹੇ ਬੋਲ਼ੇ ਨੇ,
ਬਸਤੀ ਦੇ ਵਿੱਚ ਕੀ ਕੁਝ ਹੋਇਆ ਕਿਉਂ ਲੋਕੀਂ ਫਿਰ ਚੀਕ ਰਹੇ।
ਬਾਲਮ ਉਹੋ ਹਰ ਸੱਚੇ ਵਿੱਚ ਢਲ ਨਾ ਹੋਏ ਆਖ਼ਿਰ ਤਕ,
ਜਿਹੜੇ ਲੋਕ ਵਿਚਾਰਾਂ ਅੰਦਰ ਰੇਤੇ ਵਾਂਗ ਬਾਰੀਕ ਰਹੇ।
ਸੰਪਰਕ: 98156-25409
* * *
ਪਰਛਾਵੇਂ
ਬਲਤੇਜ ਸੰਧੂ ਬੁਰਜ ਲੱਧਾ
ਤੂੰ ਸਾਡਾ ਏਂ ਸੱਜਣ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ
ਮਨ ਨਹੀਂ ਮੰਨਦਾ ਫੇਰ ਵੀ ਤੇਰੇ ਸੰਗ ਰਹਿਣਾ ਪੈ ਰਿਹਾ
ਪਲ ਪਲ ਮਰਦੇ ਟੁੱਟਦੇ ਢਹਿੰਦੇ ਹਾਂ ਤੇਰੇ ਦਿੱਤੇ ਜ਼ਖ਼ਮਾਂ ਤੋਂ
ਫੱਟ ਲੱਗੇ ਨੇ ਡੂੰਘੇ ਬੜਾ ਰੂਹ ਨੂੰ ਦਰਦ ਸਹਿਣਾ ਪੈ ਰਿਹਾ
ਤੂੰ ਸਾਡਾ ਹੋ ਕੇ ਵੀ ਯਾਰਾ ਕਦੇ ਸਾਡਾ ਨਹੀਂ ਬਣਿਆ
ਸਿੱਲੀ ਅੱਖ ਤੇ ਰੋਂਦੇ ਦਿਲ ਨੂੰ ਆਖ਼ਰ ਕਹਿਣਾ ਪੈ ਰਿਹਾ
ਅਸੀਂ ਰੂਹ ਤੋਂ ਚਾਹੁੰਦੇ ਸੀ ਤੂੰ ਪਿਆਰ ਹੀ ਜਿਸਮਾਂ ਨੂੰ ਕਰਦਾ ਸੀ
ਏਸੇ ਕਰਕੇ ਹੀ ਸੱਜਣਾ ਚੰਦਰੇ ਵਕ਼ਤ ਦੇ ਹੱਥੋਂ ਢਹਿਣਾ ਪੈ ਰਿਹਾ
ਬੇਗਾਨਿਆਂ ਤੋਂ ਵੱਧ ਖ਼ਤਰਾ ਅੱਜਕੱਲ੍ਹ ਆਪਣਿਆਂ ਤੋਂ ਲੱਗਦਾ ਏ
ਏਸੇ ਕਰਕੇ ਜਿੰਦੜੀ ਨੂੰ ਦੁੱਖਾਂ ਦੇ ਪਰਛਾਵੇਂ ਸੰਗ ਬਹਿਣਾ ਪੈ ਰਿਹਾ
ਹੱਥੀਂ ਦੇ ਕੇ ਪਾਣੀ ਜਦ ਮਾਲੀ ਹੀ ਕੁਚਲ ਜਾਵੇ ਫੁੱਲਾਂ ਨੂੰ
ਤਾਂ ਹੀ ਬਗੀਚੀ ਨੂੰ ਕੰਡਿਆਲੀ ਤਾਰ ਦਾ ਸਹਾਰਾ ਲੈਣਾ ਪੈ ਰਿਹਾ
ਕੀ ਦੋਸ਼ ਕਿਸੇ ਨੂੰ ਏਥੇ ਆਪਣੇ ਛੁਰੀਆਂ ਪਿੱਠ ਪਿੱਛੇ ਚਲਾਉਂਦੇ ਨੇ
ਤਾਹੀਓਂ ਪੈਰ ਪੈਰ ’ਤੇ ਲੱਧੇ ਵਾਲੇ ਸੰਧੂਆ ਧੋਖਾ ਸਹਿਣਾ ਪੈ ਰਿਹਾ।
ਸੰਪਰਕ: 94658-18158
* * *
ਬਾਪ ਜਿਹਾ ਕਿਰਦਾਰ
ਸੁੱਚਾ ਸਿੰਘ ਪਸਨਾਵਾਲ
ਫੁੱਲ ਹੋਰ ਵੀ ਬੇਸ਼ੱਕ ਨੇ ਬੜੇ ਸੋਹਣੇ,
ਗੁਲਾਬ ਵਰਗਾ ਨਾ ਖੁਸ਼ਬੂਦਾਰ ਹੋਵੇ।
ਨਗ ਲੱਖਾਂ ਜੜਾ ਲਉ ਗਹਿਣਿਆਂ ਵਿੱਚ,
ਹੀਰੇ ਜਿਹਾ ਨਾ ਕੋਈ ਚਮਕਦਾਰ ਹੋਵੇ।
ਰਿਸ਼ਤੇ ਜੱਗ ’ਤੇ ਭਾਵੇਂ ਹਜ਼ਾਰ ਹੋਵਣ,
ਪਿਓ ਵਰਗਾ ਨਾ ਮਦਦਗਾਰ ਹੋਵੇ।
ਤਾਏ ਚਾਚੇ ਬੇਸ਼ੱਕ ਹੋਣ ਜਿੰਨੇ ਮਰਜ਼ੀ,
ਬਾਪ ਜਿਹਾ ਨਾ ਕਿਤੇ ਕਿਰਦਾਰ ਹੋਵੇ।
ਲੱਖਾਂ ਕਰੋੜਾਂ ਵਿੱਚ ਭਾਵੇਂ ਖੇਡੇ ਬੰਦਾ,
ਮਾਂ ਪਿਓ ਦਾ ਸਦਾ ਕਰਜ਼ਦਾਰ ਹੋਵੇ।
ਮਨ ਨੀਵਾਂ ਤੇ ਸੋਚ ਨੂੰ ਉੱਚੀ ਰੱਖੀਏ,
ਸੋਚ ਉੱਚੀ ਨਾਲ ਚੰਗਾ ਵਿਹਾਰ ਹੋਵੇ।
ਮੁਰੀਦ ਦਿਲ ਦੇ ਭਾਵੇਂ ਹੋਣ ਲੱਖਾਂ,
ਦਿਲ ਉੱਥੇ ਲਾਈਏ ਜਿਹੜਾ ਕਦਰਦਾਨ ਹੋਵੇ।
ਕੋਇਲ ਉਦੋਂ ਹੀ ਬਾਗੀਂ ਕੂਕਦੀ ਏ,
ਜਦੋਂ ਅੰਬਾਂ ਤੇ ਆਈ ਬਹਾਰ ਹੋਵੇ।
ਧੀ ਪੁੱਤ ਨਾ ਕਦੇ ਵਿਆਹੀਏ ਉੱਥੇ,
ਨਸ਼ਿਆਂ ਦਾ ਜਿੱਥੇ ਕਾਰੋਬਾਰ ਹੋਵੇ।
‘ਪਸਨਾਵਾਲੀਆ’ ਫ਼ੌਜਾਂ ਉਹ ਕਦੇ ਜਿੱਤੀਆਂ ਨਾ,
ਫ਼ੌਜਾਂ ਜਿਹੜੀਆਂ ਦੇ ਵਿੱਚ ਗਦਾਰ ਹੋਵੇ।
ਸੰਪਰਕ: 99150-33740
* * *
ਗ਼ਜ਼ਲ
ਰੋਜ਼ੀ ਸਿੰਘ
ਉਹ ਜੋ ਸ਼ਾਮ ਸੀ ਤੇਰੇ ਸ਼ਹਿਰ ਦੀ, ਮੇਰੇ ਸੁਪਨਿਆਂ ਵਿੱਚ ਆ ਗਈ।
ਇੱਕ ਨਸ਼ਾ ਰਗਾਂ ’ਚ ਉੱਤਰ ਗਿਆ, ਨਜ਼ਰ ’ਚ ਮਸਤੀ ਸਮਾ ਗਈ।
ਜਿਹੜੀ ਬਾਤ ਉਸਨੇ ਸੁਣੀ ਨਹੀਂ, ਮੇਰੀ ਉਮਰ ਭਰ ਦੀ ਸੀ ਜੁਸਤਜੂ,
ਉਹ ਘੜੀ ਦੋ ਪਲ ਦੀ ਸੀ ਆਰਜ਼ੂ ਮੈਨੂੰ ਖ਼ਾਬ ਕੀ-ਕੀ ਦਿਖਾ ਗਈ।
ਮੈਥੋਂ ਖ਼ਤ ’ਚ ਨਾ ਸਿਮਟ ਸਕੇ, ਮੇਰੇ ਦਿਲ ’ਚ ਜੋ ਵੀ ਸਵਾਲ ਸਨ,
ਤੇਰੇ ਦਿਲ ’ਚ ਸੀ ਜੋ ਨਾਰਾਜ਼ਗੀ, ਉਹ ਤਾਂ ਨੀਂਦ ਮੇਰੀ ਉਡਾ ਗਈ।
ਤੇਰਾ ਪਿਆਰ ਮੇਰਾ ਇਮਾਨ ਹੈ, ਮੇਰੇ ਦਿਲ ’ਚ ਤੇਰਾ ਸਥਾਨ ਹੈ,
ਮੇਰੀ ਤਾਂ ਤਬੀਅਤ ਬਦਲ ਗਈ, ਦਿਲ ਦੀ ਜ਼ਮੀਂ ਨਸ਼ਿਆ ਗਈ।
ਤੇਰੀ ਯਾਦ ਦਾ ਇਹ ਜੋ ਸਿਲਸਿਲਾ, ਮੇਰੇ ਜੀਣ ਦੇ ਲਈ ਏ ਹੌਂਸਲਾ,
ਮੇਰੇ ਮਨ ’ਚ ਸੀ ਜੋ ਵੀ ਦਾਸਤਾਨ ਉਹ ਤੇਰੀ ਜ਼ੁਬਾਨ ’ਤੇ ਆ ਗਈ।
ਉਹਦਾ ਵਾਹ ਰਕੀਬਾਂ ਦੇ ਨਾਲ ਹੈ, ਮੈਨੂੰ ਇਹੋ ਤਾਂ ਬਸ ਮਲਾਲ ਹੈ,
ਘੁਣ ਵਾਂਙ ਉਸ ਦੀ ਇਹ ਬੇਰੁਖ਼ੀ, ਮੈਨੂੰ ਖਾਂਦੀ ਖਾਂਦੀ ਖਾ ਗਈ।
ਸੰਪਰਕ: 99889-64633
* * *
ਗ਼ਜ਼ਲ
ਗੁਰਵਿੰਦਰ ਸਿੰਘ ‘ਗੋਸਲ’
ਜਿਸ ਬੰਦੇ ਦਾ ਮੰਗ ਕੇ ਖੀਸਾ ਭਰ ਜਾਂਦਾ ਹੈ।
ਸਮਝੋ ਉਸ ਦਾ ਕੰਮ ਬਿਨਾਂ ਵੀ, ਸਰ ਜਾਂਦਾ ਹੈ।
ਦੁੱਖ ’ਚ ਅਪਣਾ ਹੋਵੇ ਜੇ ਕੋਈ ਨਾਲ ਖੜ੍ਹਾ,
ਤਾਂ ਫਿਰ ਬੰਦਾ ਲੱਖਾਂ ਦੁੱਖ ਵੀ ਜਰ ਜਾਂਦਾ ਹੈ।
ਬੰਦਾ ਇਹ ਨਾ ਸੋਚੇ ਮੈਂ ਗ਼ਲਤੀ ਕਰਦਾ ਨਈਂ,
ਜੀਵਨ ਦੇ ਵਿੱਚ ਬੰਦਾ ਗਲ਼ਤੀ ਕਰ ਜਾਂਦਾ ਹੈ।
ਜਿਉਂਦੇ ਜੀਅ ਤਾਂ ਜਿਸ ਨੂੰ ਮਾੜਾ ਆਖਣ ਲੋਕੀ,
ਐਪਰ ਚੰਗਾ ਆਖਣ ਜਦ ਉਹ ਮਰ ਜਾਂਦਾ ਹੈ।
ਉਸ ਨੂੰ ਚੇਤੇ ਰੱਖਣ ਲੋਕ ਕਦੇ ਨਾ ਭੁੱਲਣ,
ਸੱਚ ਲਈ ਜੋ ਜਾਨ ਤਲੀ ’ਤੇ ਧਰ ਜਾਂਦਾ ਹੈ।
ਜਿਹੜਾ ਮਨ ਚਿੱਤ ਲਾ ਕੇ ਪੜ੍ਹਦਾ ਨਿੱਤ ਗੁਰਬਾਣੀ,
‘ਗੋਸਲ’ ਉਸ ਦਾ ਡੁੱਬਦਾ ਬੇੜਾ ਤਰ ਜਾਂਦਾ ਹੈ।
ਸੰਪਰਕ: 97796-96042
* * *
ਕਿਸਾਨ
ਗੁਰਿੰਦਰ ਸਿੰਘ ਸੰਧੂਆਂ
ਸੱਚੇ ਦਿਲੋਂ ਖੇਤੀ ਕਰੇ, ਮਿਹਨਤ ਵੀ ਦੂਣੀ ਕਰੇ
ਅੰਨ ਪੈਦਾ ਕਰ ਭਰੇ, ਦੇਸ਼ ਦਾ ਭੰਡਾਰ ਜੀ।
ਤੰਗਲੀ ਪਜਾਲੀ ਕਹੀ ਦਾਤੀ ਅਤੇ ਖੁਰਪਾ ਨੇ।
ਖੇਤੀ ਵਿੱਚ ਵਰਤੋਂ ਦੇ, ਕੀਮਤੀ ਔਜ਼ਾਰ ਜੀ।
ਗੀਤਾਂ ਵਿੱਚ ਬੜਕਾਂ ਤੇ, ਚੜ੍ਹਤਾਂ ਵਿਖਾਈ ਜਾਂਦੇ।
ਆਮ ਜ਼ਿੰਦਗੀ ’ਚ ਕੋਈ, ਪੁੱਛਦਾ ਨਾ ਸਾਰ ਜੀ।
ਭੋਲਾ ਪੰਛੀ ਸਾਦਗੀ ’ਚ, ਜ਼ਿੰਦਗੀ ਜਿਊਣ ਵਾਲਾ।
ਰੱਖੇ ਮੋਡੇ ਉੱਤੇ ਸਾਫਾ ਬੰਨੇ ਦਸਤਾਰ ਜੀ।
ਟਰੈਕਟਰ ਟਰਾਲੀ ਰੇਹੜੀ ਅਤੇ ਬਲਦਾਂ ਨੂੰ
ਸ਼ੌਕ ਨਾਲ ਰੱਖਦਾ ਹੈ ਵੀਰਨੋ ਸ਼ਿੰਗਾਰ ਜੀ।
ਖੁੱਲ੍ਹੀਆਂ ਖੁਰਾਕਾਂ ਖਾਣ ਪੀਣ ਦੇ ਸ਼ੌਕੀਨ ਹੁੰਦੇ
ਲੋੜਵੰਦਾਂ ਲਈ ਖੋਲ੍ਹੇ ਰੱਖਦੇ ਦੁਆਰ ਜੀ।
ਕਰਦੇ ਨੇ ਦਾਨ ਜਿਹੜੇ ਆਂਵਦੀ ਨਾ ਤੋਟ ਕਦੇ
ਕਰ ਲਈਂ ਤੂੰ ਨੋਟ ਭਾਈ ਕੀਮਤੀ ਵਿਚਾਰ ਜੀ।
ਭੋਲਾ ਪੰਛੀ ਸਾਦਗੀ ’ਚ, ਜ਼ਿੰਦਗੀ ਜਿਊਣ ਵਾਲਾ।
ਰੱਖੇ ਮੋਡੇ ਉੱਤੇ ਸਾਫਾ ਬੰਨ੍ਹੇ ਦਸਤਾਰ ਜੀ।
ਦੇਸ਼ ਕੌਮ ਲਈ ਜਦੋਂ ਗੱਲ ਹੋਵੇ ਅਣਖਾਂ ਦੀ,
ਅੱਗੇ ਹੋ ਕੇ ਖੜ੍ਹ ਜਾਣ ਸਿੰਘ ਸਰਦਾਰ ਜੀ।
ਕੁਦਰਤੀ ਆਫ਼ਤਾਂ ਦੀ ਪੈਂਦੀ ਜਦੋਂ ਭੀੜ ਕਦੇ
ਲੰਗਰ ਲਗਾ ਕੇ ਕਰਦੇ ਪਰਉਪਕਾਰ ਜੀ।
ਓਸਦੀ ਰਜ਼ਾ ’ਚ ਰਹਿ ਕੇ ਝੱਲਦਾ ਮੁਸੀਬਤਾਂ ਨੂੰ
ਫਸਲਾਂ ’ਤੇ ਪੈਂਦੀ ਜਦੋਂ ਕੁਦਰਤੀ ਮਾਰ ਜੀ।
ਭੋਲਾ ਪੰਛੀ ਸਾਦਗੀ ’ਚ, ਜਿੰਦਗੀ ਜਿਊਣ ਵਾਲਾ।
ਰੱਖੇ ਮੋਡੇ ਉੱਤੇ ਸਾਫਾ ਬੰਨੇ ਦਸਤਾਰ ਜੀ।
ਫਸਲਾਂ ਨੂੰ ਲੈ ਕੇ ਜਦੋਂ ਜਾਂਦਾ ਵਿੱਚ ਮੰਡੀਆਂ ਦੇ
ਨੱਕ ਬੁੱਲ੍ਹ ਮਾਰ ਕੇ ਤੇ ਦਿੰਦੇ ਦੁਰਕਾਰ ਜੀ।
ਦਿਨੋ ਦਿਨ ਵਧੀ ਜਾਵੇ ਰੇਟ ਸਪਰੇਹਾਂ ਵਾਲੇ
ਬੰਦਿਆਂ ਤੋਂ ਵੱਧ ਹੋਵੇ ਫ਼ਸਲ ਬਿਮਾਰ ਜੀ।
ਛੋਟਿਆਂ ਕਿਸਾਨਾਂ ਉੱਤੇ ਬੁਰੀ ਮਾਰ ਕਰਜ਼ੇ ਦੀ
ਹੋਗੇ ਔਜ਼ਾਰ ਮਹਿੰਗੇ ਵੇਖੋ ਹੱਦੋ ਬਾਹਰ ਜੀ।
ਭੋਲਾ ਪੰਛੀ ਸਾਦਗੀ ’ਚ, ਜ਼ਿੰਦਗੀ ਜਿਊਣ ਵਾਲਾ।
ਰੱਖੇ ਮੋਢੇ ਉੱਤੇ ਸਾਫਾ ਬੰਨ੍ਹੇ ਦਸਤਾਰ ਜੀ।
ਕਿਰਸਾਨੀ ਨੌਜਵਾਨੀ, ਖ਼ਤਰੇ ’ਚ ਪੈਗੀ ਵੀਰੋ,
ਦਿਨੋ ਦਿਨ ਹੋਈ ਜਾਵੇ, ਖੇਤੀ ਦਾ ਨਿਘਾਰ ਜੀ।
ਹੱਲ ਕੋਈ ਲੱਭਦਾ ਨੀ ਬੇਰੁਜ਼ਗਾਰੀ ਵਾਲਾ
ਭੁੱਖਮਾਰੀ ਵਾਲਾ ਝੋਰਾ ਜਾਂਦਾ ਹੱਡ ਖਾਰ ਜੀ।
ਪੈਂਦਾ ਨਹੀਂ ਮੁੱਲ ਜਦੋਂ ਕੀਤੀਆਂ ਡਿਗਰੀਆਂ ਦਾ
ਆਪਣਾ ਹੀ ਦੇਸ਼ ਛੱਡ ਜਾਂਦੇ ਬੱਚੇ ਬਾਹਰ ਜੀ।
ਭੋਲਾ ਪੰਛੀ ਸਾਦਗੀ ’ਚ, ਜ਼ਿੰਦਗੀ ਜਿਊਣ ਵਾਲਾ।
ਰੱਖੇ ਮੋਢੇ ਉੱਤੇ ਸਾਫਾ ਬੰਨ੍ਹੇ ਦਸਤਾਰ ਜੀ।
ਕੰਮ ਦੀ ਪੜ੍ਹਾਈ ਜੇ ਨੀ ਸਾਡੇ ਵੀਰੋ ਦੇਸ਼ ਵਾਲੀ
ਕਾਲਜ ਸਕੂਲ ਕਿਉਂ ਖੋਲ੍ਹੇ ਨੇ ਬਾਜ਼ਾਰ ਜੀ।
ਪੈਸੇ ਦੇ ਵਪਾਰੀਆਂ ਨੇ ਢਾਹ ਲਾਈ ਵਿੱਦਿਆ ਨੂੰ
ਮੋਟੀਆਂ ਫੀਸਾਂ ਨੂੰ ਲੈ ਕੇ ਕਰ ’ਤੇ ਲਾਚਾਰ ਜੀ
ਵੱਖੋ ਵੱਖ ਵਿਸ਼ਿਆਂ ’ਤੇ ਲਿਖਣ ਲਈ ਸੰਧੂਆਂ ਨੇ
ਭੰਮੇ ਗੁਰੂ ਜੀ ਤੋਂ ਲਿਆ ਬਲ ਬੇਸ਼ੁਮਾਰ ਜੀ।
ਭੋਲਾ ਪੰਛੀ ਸਾਦਗੀ ’ਚ, ਜ਼ਿੰਦਗੀ ਜਿਊਣ ਵਾਲਾ।
ਰੱਖੇ ਮੋਢੇ ਉੱਤੇ ਸਾਫਾ ਬੰਨ੍ਹੇ ਦਸਤਾਰ ਜੀ।
ਸੰਪਰਕ: 94630-27466
* * *
ਗ਼ਜ਼ਲ
ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਮੁਜਰਿਮ ਬਣਕੇ ਤੇਰੀ ਸੱਜਣਾ ਕਰਦੀ ਹਾਂ ਇਕਬਾਲ।
ਮੁੰਦਰੀ ਦੇ ਨਾਲ ਤੇਰਾ ਛੱਲਾ ਮੈਂ ਨਾ ਸਕੀ ਸੰਭਾਲ।
ਇੰਤਜ਼ਾਰ ਤਾਂ ਬੜਾ ਮੈਂ ਕੀਤਾ ਆਖ਼ਰ ਬੇਵੱਸ ਹੋ ਗਈ,
ਵਕਤ ਕੁਲਹਿਣੇ ਨੇ ਵੀ ਖੇਡੀ ਓਸ ਮੋੜ ’ਤੇ ਚਾਲ।
ਭੈਅ ਦੇ ਥੱਲੇ ਦੱਬੀ ਜਿੰਦ ਦਾ ਕੀ ਮਰਨਾ ਕੀ ਜਿਉਣਾ,
ਕੂੰਜਾਂ ਕੁੜੀਆਂ ਤੇ ਗਊਆਂ ਦੀ ਕਿਹੜਾ ਬਣਦਾ ਢਾਲ?
ਨਾ ਕਾਸਦ ਨਾ ਕਾਂ ਕਬੂਤਰ ਨਾ ਪੱਤਰ ਕੋਈ ਆਇਆ,
ਦਿਨ ਦਿਨ ਕਰਕੇ ਗਏ ਮਹੀਨੇ ਬੀਤ ਗਏ ਹੁਣ ਸਾਲ।
ਮੈਂ ਤਾਂ ਤੇਰੀ ਦੋਸ਼ਣ ਮੰਨਿਆ ਤੂੰ ਕਿਉਂ ਬੁਜ਼ਦਿਲ ਬਣਿਆ,
ਕੁਝ ਨਾ ਕੁਝ ਤਾਂ ਤੇਰੇ ਨਾਲ ਵੀ ਮੈਨੂੰ ਰਿਹਾ ਮਲਾਲ।
ਮਰ ਕੇ ਤਾਂ ਮੈਂ ਤੇਰੀ ‘ਪਾਰਸ’ ਸਾਂਭ ਲੈ ਅੱਜ ਵਸੀਅਤ,
ਜਿਉਂਦੇ ਤੇਰੀ ਕਿਉਂ ਨਾ ਹੋਈ ਖ਼ੁਦ ਨੂੰ ਰਿਹੈ ਸਵਾਲ।
ਤੇਰੀਆਂ ਗ਼ਜ਼ਲਾਂ ਦਾ ਮੈਂ ਉੱਤਰ ਇੱਕ ਵਾਰੀ ਸੀ ਦੇਣਾ,
ਸ਼ਿਕਵੇ, ਸ਼ੱਕ, ਸ਼ਿਕਾਇਤਾਂ ਵਾਜਬ ਸਹਿਮਤ ਤੇਰੇ ਨਾਲ।
ਸੰਪਰਕ: 99888-11681
* * *
ਸੋਨ ਚਿੜੀ
ਜਤਿੰਦਰ ਭੁੱਚੋ
ਪਹੁ ਫੁਟਦੇ ਹੀ,
ਚਿੜੀ ਇੱਕ ਆਣ ਬਨੇਰੇ ਬਹਿ ਗਈ।
ਪੁੱਛਿਆ ਜਦ ਸ਼ਹਿਰ ਗਰਾਂ,
ਦੁੱਖ ਰੋਂਦੀ ਰੋਂਦੀ ਕਹਿ ਗਈ।
ਦਮ ਆਖ਼ਰੀ ਭਰਦੀ ਪਈ ਸੀ,
ਮੇਰੇ ਕੋਲੋਂ ਡਰਦੀ ਪਈ ਸੀ।
ਸ਼ਕਲੋਂ ਲੱਗੇ ਬਿਮਾਰ ਜਿਹੀ ਉਹ,
ਪੁੱਟੇ ਖੰਭ ਲਾਚਾਰ ਜਿਹੀ ਉਹ।
ਬੋਲੀ ਤਦ, ਜਦ ਦੁਪਹਿਰ ਖਿੜੀ ਸੀ
ਮੈਨੂੰ ਕਹਿੰਦੀ ਮੈਂ ਥੋਡੀ ਸੋਨ ਚਿੜੀ ਸੀ।
ਲੁੱਟਿਆ ਹਾਕਮਾਂ ਬੜੇ ਚਿਰਾਂ ਤੋਂ
ਉੱਡਣੋਂ ਰਹਿਗੀ ਅਪਣੇ ਪਰਾਂ ਤੋਂ।
ਵਾਲ ਵਾਲ ਮੇਰਾ ਡੁੱਬਿਆ ਕਰਜ਼ੇ,
ਕਿਸਾਨ ਵੀਰ ਕੋਈ ਨਿੱਤ ਹੀ ਮਰਜੇ।
ਬੇਰੁਜ਼ਗਾਰੀ ਹੁਣ ਪਾਈਆਂ ਕੈਂਚੀਆਂ,
ਨਸ਼ਾ ਹੈ ਪੱਲੇ ਜਾਂ ਪਾਣੀ ਦੀਆਂ ਟੈਂਕੀਆਂ।
ਰੁਜ਼ਗਾਰ ਦੇ ਵੀ ਕਿਹੜੇ ਝੰਡੇ ਗੱਡੇ,
ਗੋਲ਼ੀਆਂ ਛਿੱਤਰ ਪੁਲੀਸ ਦੇ ਡੰਡੇ।
ਹਾਲ ਸੁਣਾਵੇ ਜਿਵੇਂ ਕੋਈ ਜੰਗ ਛਿੜੀ ਸੀ,
ਮੈਨੂੰ ਕਹਿੰਦੀ ਮੈਂ ਥੋਡੀ ਸੋਨ ਚਿੜੀ ਸੀ।
ਹੁਣ ਵੀਰਾ ਮੈਂ ਉੱਡਣਾ ਚਾਹਵਾਂ
ਥਾਂ ਥਾਂ ਲੱਗੇ ਫੱਟ ਵਿਖਾਵਾਂ,
ਪੁੱਤਾਂ ਬਾਝੋਂ ਰੋਂਦੀਆਂ ਮਾਵਾਂ
ਘਰ ਘਰ ਇੱਥੇ ਸੁੰਨੀਆਂ ਬਾਹਵਾਂ,
ਅਣਜੰਮੀਆਂ ਨੂੰ ਮੈਂ ਕਿਵੇਂ ਬਚਾਵਾਂ
ਬੇਹਿੰਮਤਿਆਂ ਨੂੰ ਲਾਹਨਤ ਪਾਵਾਂ,
ਅੰਨ੍ਹੇ ਵਿਸ਼ਵਾਸ ਦੀ ਚਲਦੀ ਚੱਕੀ
ਦਰ ਦਰ ਭਟਕਦੇ ਹਲੂਣ ਜਗਾਵਾਂ,
ਇਨ੍ਹਾਂ ਜੁਲਮਾਂ ਨਾਲ ਮੈਂ ਬਹੁਤ ਭਿੜੀ ਸੀ
ਮੈਨੂੰ ਕਹਿੰਦੀ ਮੈਂ ਥੋਡੀ ਸੋਨ ਚਿੜੀ ਸੀ।।
ਸੰਪਰਕ: 95014-75400
* * *
ਨਾ ਰੋਲੋ ਅਨਾਜ
ਹਰਪ੍ਰੀਤ ਪੱਤੋ
ਕਿਉਂ ਨੀ ਚੁੱਕਦੇ, ਦੇਰ ਕਿਉਂ ਲਾਈ ਜਾਂਦੇ,
ਰੁਲੇ ਮੰਡੀਆਂ ਵਿੱਚ ਅਨਾਜ ਬਾਬਾ।
ਟਰਾਲੀ ਲਾਹੁਣ ਨੂੰ ਮਿਲੇ ਨਾ ਥਾਂ ਕੋਈ,
ਕੰਮ ਕਰੇ ਨਾ, ਕੋਈ ਲਿਹਾਜ਼ ਬਾਬਾ।
ਕਿੰਨੇ ਦਿਨ ਹੋਏ ਕਿਸਾਨ ਬੈਠਿਆਂ ਨੂੰ,
ਲੜੀ ਜਾਂਵਦੀ ਪਿੰਡੇ ਖਾਜ ਬਾਬਾ।
ਫ਼ਸਲ ਆਉਣੋਂ ਪਹਿਲਾਂ ਨੀਂ ਪ੍ਰਬੰਧ ਕੀਤੇ,
ਉਦੋਂ ਸੁਣੀ ਨੀਂ ਕੋਈ ਆਵਾਜ਼ ਬਾਬਾ।
ਰੁਕੇ ਪਏ ਦੁਕਾਨਾਂ ਦੇ ਸਭ ਲੈਣ ਦੇਣੇ,
ਪਵੇ ਰਕਮ ਨੂੰ ਵਾਧੂ ਵਿਆਜ ਬਾਬਾ।
ਵੋਟਾਂ ਤੋਂ ਪਹਿਲਾਂ ਕਰੇ ਇਕਰਾਰ ਜਿਹੜੇ,
ਉੱਘੜਦੇ ਜਾਂਦੇ ਝੂਠੇ ਪਾਜ ਬਾਬਾ।
ਪੱਤੋ, ਚੁੱਕੋ ਫ਼ਸਲਾਂ ਹੋਣ ਕਿਸਾਨ ਵਿਹਲੇ,
ਕਰਨ ਆਪਣਾ ਕੋਈ ਕੰਮ ਕਾਜ ਬਾਬਾ।
ਸੰਪਰਕ: 94658-21417
* * *
ਰਿਜ਼ਕ ਰੁਲਦਾ
ਹਰਭਿੰਦਰ ਸਿੰਘ ਸੰਧੂ
ਖ਼ੁਸ਼ੀਆਂ ਵਿੱਚ ਉਦਾਸੀ ਦੇ ਬਦਲ ਗਈਆਂ,
ਨਮੀ ਵਾਲੇ ਝੋਨੇ ਸਾਹ ਸੁਕਾਏ ਪਏ ਨੇ।
ਝੋਨਾ ਗਿੱਲਾ ਤੇਰਾ ਇਹਨੂੰ ਹੁਣ ਕੱਟ ਲੱਗੂ,
ਸੁਣ ਕਿਸਾਨਾਂ ਦੇ ਚਿਹਰੇ ਮੁਰਝਾਏ ਪਏ ਨੇ।
ਆੜ੍ਹਤੀਏ ਵੀ ਗੁੱਸੇ ’ਚ ਹੋਣ ਲਾਲ ਪੀਲੇ,
ਨਹੁੰ ਮਾਸ ਦੇ ਰਿਸ਼ਤੇ ਕੁਮਲਾਏ ਪਏ ਨੇ।
ਕਿਸਾਨ ਪੁੱਛਦਾ ਏ ਹਾਕਮੋ ਕੀ ਕਸੂਰ ਮੇਰਾ,
ਸੋਨੇ ਮਿੱਟੀ ਵਿੱਚ ਕਾਹਤੋਂ ਰੁਲਾਏ ਪਏ ਨੇ।
ਪੱਕਦੀ ਫ਼ਸਲ ਜਦੋਂ ਖੱਜਲ ਬੜਾ ਕਰਦੇ,
ਉਂਜ ਅੰਨਦਾਤਾ ਦੇ ਲੇਬਲ ਲਾਏ ਪਏ ਨੇ।
ਸੰਧੂਆ ਦੇਖ ਕਿਵੇਂ ਮੰਡੀ ’ਚ ਰਿਜ਼ਕ ਰੁਲਦਾ,
ਕੀ ਡਾਹਢੇ ਨੇ ਭਾਣੇ ਵਰਤਾਏ ਪਏ ਨੇ।
ਸੰਪਰਕ: 97810-81888