ਕਰਨੈਲ ਸਿੰਘ ਸੋਮਲ
ਵਿਦਵਾਨ, ਸਟੇਜ ਅਤੇ ਕਲਮ ਦੇ ਧਨੀ, ਸਮਾਜ-ਸੁਧਾਰਕ, ਪਛੜੇ ਵਰਗ ਦੇ ਲੋਕਾਂ ਦੇ ਹਮਦਰਦ, ਬੇਨਜ਼ੀਰ ਪੱਤਰਕਾਰ, ਸਫਲ ਕਿੱਸਾਕਾਰ, ਆਧੁਨਿਕ ਵਾਰਤਕ ਦੇ ਮੋਢੀ ਅਤੇ ਪੰਥ-ਰਤਨ ਗਿਆਨੀ ਦਿੱਤ ਸਿੰਘ ਦਾ ਜਨਮ 1850 ਵਿੱਚ ਹੋਇਆ। ਲਿਖਿਆ ਮਿਲਦਾ ਹੈ ਕਿ ਪਿਤਾ ਬਾਬਾ ਦੀਵਾਨਾ ਨੇ ਨੌਂ ਸਾਲਾਂ ਦੇ ਆਪਣੇ ਪੁੱਤਰ ਨੂੰ ਮੀਂਹ ਪੈਂਦੇ ਵਿੱਚ ਇਹ ਕਹਿੰਦਿਆਂ ਘਰੋਂ ਕੱਢ ਦਿੱਤਾ ਸੀ, ‘‘ਜਾਓ, ਮੇਰੇ ਪਿੱਛੇ ਕਿਉਂ ਫਿਰਦਾ ਹੈਂ, ਤੂੰ ਭੀ ਬ੍ਰਹਮ ਤੇ ਮੈਂ ਭੀ ਬ੍ਰਹਮ ਹਾਂ, ਬ੍ਰਹਮੰਡ ਤੇਰਾ ਹੀ ਹੈ, ਜਾ ਕੇ ਸੰਭਾਲ।’’ ਇਹ ਪੁੱਤਰ ਪਿੱਛੋਂ ਜਾ ਕੇ ਗਿਆਨੀ ਦਿੱਤ ਸਿੰਘ ਵਜੋਂ ਆਪਣੇ ਨਾਂ ਦਾ ਡੰਕਾ ਵਜਾ ਗਿਆ। ਖ਼ਾਲੀ ਹੱਥ ਘਰੋਂ ਤੁਰੇ ਇਸ ਬਾਲਕ ਨੇ ਆਪਣਾ ਰਾਹ ਤਲਾਸ਼ਦਿਆਂ, ਸਵੈ-ਅਧਿਐਨ ਨਾਲ ਇਤਿਹਾਸ, ਮਿਥਹਾਸ, ਪੁਰਾਤਨ ਗ੍ਰੰਥਾਂ ਦਾ ਡੂੰਘਾ ਗਿਆਨ ਹਾਸਲ ਕੀਤਾ ਤੇ ਕਈ ਭਾਸ਼ਾਵਾਂ ਵਿੱਚ ਪ੍ਰਵੀਣਤਾ ਹਾਸਲ ਕੀਤੀ। ‘ਸੰਤ ਦਿੱਤਾ ਰਾਮ’, ‘ਕਵਿ ਦਿੱਤ ਹਰੀ’, ‘ਦਿੱਤ ਹਰੀ’, ‘ਹਰਿ ਦਿੱਤ’, ‘ਦਿੱਤ ਮ੍ਰਿਗਿੰਦ’, ‘ਭਾਈ ਦਿੱਤ ਸਿੰਘ ਗਿਆਨੀ’ ਤੇ ‘ਗਿਆਨੀ ਦਿੱਤ ਸਿੰਘ’ ਨਾਂ ਉਸ ਦੀ ਕਰਤਾਰੀ ਜੀਵਨ-ਯਾਤਰਾ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦੇ ਹਨ।
ਭਾਈ ਵੀਰ ਸਿੰਘ ਨੇ ਆਪਣੇ ਤੋਂ 20 ਸਾਲ ਵੱਡੇ ਅਤੇ ਸਿੱਖੀ, ਸਾਹਿਤ ਤੇ ਪੱਤਰਕਾਰੀ ਆਦਿ ਪੱਖਾਂ ਤੋਂ ਸਹੀ ਅਰਥਾਂ ਵਿੱਚ ਪੂਰਵ-ਵਰਤੀ ਗਿਆਨੀ ਦਿੱਤ ਸਿੰਘ ਦੇ ਅਕਾਲ-ਚਲਾਣੇ ’ਤੇ ਕਈ ਕਵਿਤਾਵਾਂ ਤੇ ਮਜ਼ਮੂਨ ਲਿਖੇ। ਇੱਕ ਥਾਂ ਲਿਖਿਆ, ‘‘ਐਡੀਟਰੀ ਜੋ ਭਾਈ ਦਿੱਤ ਸਿੰਘ ਜੀ ਕਰ ਗਏ, ਸੋ ਉਨ੍ਹਾਂ ਨਾਲ ਹੀ ਸਮਾਪਤ ਹੋ ਗਈ।’’
ਗਿਆਨੀ ਜੀ ਦਾ ਨਾਂ ਸਿੱਖ ਜਗਤ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਨਿਸ਼ਚੇ ਹੀ ਉਨ੍ਹਾਂ ਨੇ ਸਿੱਖੀ ਦੀ ਸਹੀ ਸਮਝ ਜਨ-ਸਾਧਾਰਨ ਤੱਕ ਪਹੁੰਚਾਉਣ ਲਈ ਦਿਲ ਨਾਲ ਕੰਮ ਕੀਤਾ। ਥਾਂ-ਥਾਂ ਲੈਕਚਰ ਦਿੱਤੇ, ਗੁਰਬਾਣੀ ਦੀ ਸਟੀਕ ਵਿਆਖਿਆ ਲਿਖੀ। ਸਿੱਖ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਅਤੇ ਸਿੱਖ-ਸ਼ਹੀਦਾਂ ਦੇ ਸਾਕੇ ਨਜ਼ਮ ਵਿੱਚ ਲਿਖੇ।
ਉਹ ਪਹਿਲਾਂ ਤਿਊੜ ਜ਼ਿਲ੍ਹਾ ਰੂਪਨਗਰ ਵਿੱਚ ਗੁਲਾਬਦਾਸੀਆਂ ਦੇ ਡੇਰੇ ਰਹੇ ਤੇ ਉਸ ਮੱਤ ਦਾ ਪ੍ਰਚਾਰ ਕਰਦੇ ਰਹੇ। ਫਿਰ ਲਾਹੌਰ ਨੇੜੇ ਚੱਠਿਆਂ ਵਾਲੇ ਦੇ ਗੁਲਾਬਦਾਸੀਆਂ ਦੇ ਮਸ਼ਹੂਰ ਡੇਰੇ ਗਏ। ਇਸ ਡੇਰੇ ਦਾ ਸੰਸਥਾਪਕ ਗੁਲਾਬ ਦਾਸ ਵੀ ਚੰਗਾ ਲੇਖਕ ਤੇ ਕਵੀ ਸੀ। ਪੰਜਾਬੀ ਦੀ ਪਹਿਲੀ ਕਵਿੱਤਰੀ ਪੀਰੋ ਉਸ ਦੀ ਪ੍ਰੇਮਿਕਾ ਸੀ। ਚੱਠਿਆਂ ਵਾਲੇ ਤੋਂ ਫਿਰ ਗਿਆਨੀ ਜੀ ਦਾ ਲਾਹੌਰ ਆਉਣਾ-ਜਾਣਾ ਹੋਇਆ। ਭਾਈ ਜਵਾਹਰ ਸਿੰਘ ਦੀ ਸੰਗਤ ਵਿੱਚ ਉਹ ਆਰੀਆ-ਸਮਾਜੀਆਂ ਨੇੜੇ ਕੁਝ ਚਿਰ ਰਹੇ। ਫਿਰ ਪ੍ਰੋ. ਗੁਰਮੁਖ ਸਿੰਘ ਨਾਲ ਮਿਲ ਕੇ ਸਿੰਘ ਸਭਾ ਲਾਹੌਰ ਸਥਾਪਿਤ ਕੀਤੀ, ਜੋ ਸਿੰਘ ਸਭਾ ਲਹਿਰ ਬਣ ਗਈ। ਸਪਤਾਹਿਕ ਖ਼ਾਲਸਾ ਅਖ਼ਬਾਰ ਕੱਢਿਆ। ਉਹ ਇਸ ਅਖ਼ਬਾਰ ਦੇ ਆਪਣੇ ਅੰਤਲੇ ਸਾਹਾਂ ਤੀਕ ਸੰਪਾਦਕ ਰਹੇ।
ਗਿਆਨੀ ਦਿੱਤੀ ਸਿੰਘ ਨੇ ਉਨ੍ਹੀਵੀਂ ਸਦੀ ਦੇ ਦੂਜੇ ਅੱਧ ਵਿੱਚ ਜਾਤ-ਪਾਤ ਸਮੇਤ ਹੋਰ ਕਿੰਨੀਆਂ ਹੀ ਸਮਾਜਿਕ ਕੁਰੀਤੀਆਂ ਖ਼ਿਲਾਫ਼ ਪ੍ਰਚੰਡ ਲੜਾਈ ਆਰੰਭੀ ਤੇ ਆਪਣੀ ਕਲਮ ਨੂੰ ਤੇਗ਼ ਵਾਂਗ ਵਾਹਿਆ। ਉਹ ਜਾਣਦੇ ਸਨ ਕਿ ਜਾਗ੍ਰਿਤੀ ਅਤੇ ਸਮਾਜਿਕ ਤਬਦੀਲੀ ਲਈ ਵਿੱਦਿਆ ਦਾ ਪ੍ਰਸਾਰ ਬਹੁਤ ਜ਼ਰੂਰੀ ਹੈ। ਉਹ ਆਪ ਓਰੀਐਂਟਲ ਕਾਲਜ ਲਾਹੌਰ ਵਿੱਚ ਪ੍ਰੋਫ਼ੈਸਰ ਰਹੇ ਸਨ। ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਸੰਥਾਪਨਾ ਵਿੱਚ ਪੂਰੀ ਸਰਗਰਮੀ ਨਾਲ ਸ਼ਾਮਲ ਸਨ। ਉਨ੍ਹਾਂ ਦੇ ਵਿਦਿਆਰਥੀ ਰਹੇ ਭਾਈ ਤਖ਼ਤ ਸਿੰਘ ਨੇ ਉਨ੍ਹਾਂ ਦੀ ਯਾਦ ਵਿੱਚ ਫ਼ਿਰੋਜ਼ਪੁਰ ਵਿੱਚ ਇੱਕ ਕੰਨਿਆ ਵਿਦਿਆਲਾ ਤੇ ਇੱਕ ਲਾਇਬ੍ਰੇਰੀ ਖੋਲ੍ਹੀ। ਇਸੇ ਤਰ੍ਹਾਂ, ਉਨ੍ਹਾਂ ਦੀ ਸੋਚ ’ਤੇ ਪਹਿਰਾ ਦਿੰਦਿਆਂ ਲੇਖਕ ਗੁਰਬਖ਼ਸ਼ ਸਿੰਘ ਕੇਸਰੀ ਨੇ ਰੋਪੜ (ਹੁਣ ਰੂਪਨਗਰ) ਵਿੱਚ ਗਿਆਨੀ ਦਿੱਤ ਸਿੰਘ ਕੰਨਿਆ ਵਿਦਿਆਲਾ ਖੋਲ੍ਹਿਆ ਤੇ ਗਿਆਨੀ ਦਿੱਤ ਸਿੰਘ ਮੈਗਜ਼ੀਨ ਜਾਰੀ ਕੀਤਾ।
ਗਿਆਨੀ ਦਿੱਤ ਸਿੰਘ ਦਾ ਸਾਹਿਤਕਾਰ ਰੂਪ ਹੁਣ ਤਾਈਂ ਅਣਗੌਲਿਆ ਰਿਹਾ ਹੈ। ਉਨ੍ਹਾਂ ਦੀ ਪਲੇਠੀ ਰਚਨਾ ‘ਸ਼ੀਰੀ-ਫ਼ਰਹਾਦ’ ਦਾ ਕਿੱਸਾ ਸੀ। ਕਿੱਸਾਕਾਰ ਕਿਸ਼ਨ ਸਿੰਘ ਆਰਿਫ਼ ਨਾਲ ਉਨ੍ਹਾਂ ਦੀ ਬੜੀ ਨੇੜਤਾ ਸੀ। ਰਵਾਇਤੀ ਕਾਵਿ-ਰਚਨਾ ਤੋਂ ਸ਼ੁਰੂ ਕਰਕੇ ਗਿਆਨੀ ਦਿੱਤ ਸਿੰਘ ਨੇ ਆਧੁਨਿਕ ਰੰਗ ਦੀ ਕਵਿਤਾ ਲਿਖਣ ਤੱਕ ਸਫ਼ਰ ਕੀਤਾ। ਉਹ ਪੰਜਾਬੀ ਵਾਰਤਕ ਦੇ ਮੋਢੀਆਂ ’ਚੋਂ ਸਨ। ਉਨ੍ਹਾਂ ਦੀ ਸਵੈ-ਜੀਵਨੀ ਅਤੇ ਸਫ਼ਰਨਾਮੇ ਦੇ ਅੰਸ਼ ਛਪੇ ਮਿਲਦੇ ਹਨ। ਉਹ ਜੀਵਨੀ-ਲੇਖਕ ਵੀ ਸਨ। ਪੰਜਾਬੀ ਪੱਤਰਕਾਰੀ ਵਿੱਚ ਵੀ ਉਨ੍ਹਾਂ ਦਾ ਮੋਢੀਆਂ ਵਾਲਾ ਕੰਮ ਹੈ। ਗਿਆਨੀ ਦਿੱਤ ਸਿੰਘ ਸਿਰੜੀ, ਸਿਦਕਵਾਨ ਤੇ ਆਪਣੇ ਆਸ਼ਿਆਂ ਪ੍ਰਤਿ ਸਮਰਪਿਤ ਕਲਮਕਾਰ ਸਨ।
6 ਸਤੰਬਰ 1901 ਨੂੰ ਉਹ ਲਾਹੌਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਗਿਆਨੀ ਜੀ ਦੀ ਯਾਦਗਾਰ ਵਜੋਂ ਉਨ੍ਹਾਂ ਦੇ ਜਨਮ-ਅਸਥਾਨ ਵਾਲੇ ਪਿੰਡ ਕਲੌੜ ਵਿੱਚ ਦੋ ਗੁਰਦੁਆਰੇ ਤੇ ਇੱਕ ਗੇਟ ਬਣਿਆ ਹੈ। ਲਾਇਬ੍ਰੇਰੀ ਲਈ ਬੱਸ-ਅੱਡੇ ਨੇੜੇ ਦੋ ਕਮਰੇ ਬਣੇ ਹਨ। ਕੁਝ ਕਿਤਾਬਾਂ ਵੀ ਹਨ ਪਰ ਲਾਇਬ੍ਰੇਰੀਅਨ ਨਹੀਂ ਹੈ। ਲਾਇਬ੍ਰੇਰੀ ਦਾ ਸੰਚਾਲਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੀ ਸੰਸਥਾ ਕਰ ਸਕਦੀ ਹੈ। ਭਲਾ, ਉਸ ਵਿਦਵਾਨ ਦੇ ਨਾਂ ’ਤੇ ਗਿਆਨ ਦੇ ਦੀਪ ਕਿਉਂ ਨਾ ਜਗਦੇ ਰਹਿਣ?
ਸੰਪਰਕ: 88476-47101