ਰਮੇਸ਼ ਬੱਗਾ ਚੋਹਲਾ
ਅੱਜ ਬਰਸੀ ’ਤੇ ਵਿਸ਼ੇਸ਼
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗਿਆਨੀ ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਈ. ਨੂੰ ਪਿੰਡ ਕਾਦੀਵਿੰਡ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿੱਚ ਖੁਸ਼ਹਾਲ ਸਿੰਘ ਪੰਨੂ ਅਤੇ ਦਿਆਲ ਕੌਰ ਦੇ ਘਰ ਹੋਇਆ। ਭਾਵੇਂ ਰਸਮੀ ਤਲੀਮ ਹਾਸਲ ਕਰਨ ਲਈ ਸੀਤਲ ਦੇ ਮਨ ਵਿੱਚ ਇੱਕ ਤੀਬਰ ਤਾਂਘ ਸੀ ਪਰ ਉਸ ਸਮੇਂ ਸੰਸਥਾਗਤ ਵਿਦਿਆ (ਖਾਸ ਕਰਕੇ ਪਿੰਡਾਂ ’ਚ) ਦੀ ਕਾਫੀ ਘਾਟ ਸੀ। ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਇਸ ਤਾਂਘ ਨੂੰ ਮੱਠੀ ਨਹੀਂ ਪੈਣ ਦਿੱਤਾ। ਕੁੱਝ ਵਿਸ਼ੇਸ਼ ਯਤਨਾਂ ਸਦਕਾ ਸੀਤਲ ਨੇ ਆਪਣੇ ਪਿੰਡ ਦੇ ਸਾਧੂ/ਗ੍ਰੰਥੀ ਹਰੀ ਦਾਸ ਪਾਸੋਂ ਗੁਰਮੁਖੀ ਵਰਨਾਂ ਦੀ ਪਛਾਣ ਕਰਨੀ ਸਿੱਖ ਲਈ। ਇਸ ਪਛਾਣ ਨੇ ਉਸ ਦੇ ਹੌਂਸਲੇ ਨੂੰ ਅਜਿਹਾ ਵਧਾਇਆ ਕਿ ਉਹ ਕੁੱਝ ਵਡੇਰੀ (14 ਸਾਲ ਦੀ) ਉਮਰ ਦਾ ਹੋ ਜਾਣ ਦੇ ਬਾਵਜੂਦ ਵੀ ਗੁਆਂਢੀ ਪਿੰਡ ‘ਵਰਨ’ ਦੀ ਪਾਠਸ਼ਾਲਾ ਵਿੱਚ ਪ੍ਰਵੇਸ਼ ਕਰ ਗਿਆ। ਪੜ੍ਹਾਈ ਵਿੱਚ ਉਸ ਦੀ ਲਗਨ ਨੂੰ ਦੇਖਦਿਆਂ ਪਾਠਸ਼ਾਲਾ ਦੇ ਸੰਚਾਲਕਾਂ ਵੱਲੋਂ ਉਸ ਨੂੰ ਕੁਝ ਜਮਾਤਾਂ ਸਾਲਾਂ ਦੀ ਜਗ੍ਹਾ ਛਿਮਾਹੀਆਂ ਵਿੱਚ ਹੀ ਪੂਰੀਆਂ ਕਰਵਾ ਦਿੱਤੀਆਂ ਗਈਆਂ। ਜਦੋਂ ਉਹ ਅੱਠਵੀਂ ਜਮਾਤ ਵਿੱਚ ਸੀ ਤਾਂ ਮਾਪਿਆਂ ਨੇ ਉਸ ਦਾ ਵਿਆਹ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਭੜਾਣਾ ਦੀ ਵਸਨੀਕ ਬੀਬੀ ਕਰਤਾਰ ਕੌਰ ਨਾਲ ਕਰ ਦਿੱਤਾ। ਇਨ੍ਹਾਂ ਦੇ ਘਰ ਦੋ ਪੁੱਤਰਾਂ ਰਘਵੀਰ ਸਿੰਘ ਅਤੇ ਸੁਰਜੀਤ ਸਿੰਘ ਤੇ ਇੱਕ ਪੁੱਤਰੀ ਨੇ ਜਨਮ ਲਿਆ। ਹੁਣ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਸੀਤਲ ਨੂੰ ਆਪਣੇ ਘਰ-ਪਰਿਵਾਰ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪੈਂਦਾ। ਇਸ ਧਿਆਨ ਦੇ ਵੱਧ ਜਾਣ ਕਾਰਨ ਉਸ ਦਾ ਪੜ੍ਹਾਈ ਵਿਚਲਾ ਧਿਆਨ ਕੁੱਝ ਪਿੱਛੇ ਪੈਣ ਲੱਗ ਪਿਆ। ਇਸ ਪਛੇਤਰ ਕਾਰਨ ਉਹ ਉਚੇਰੀ ਵਿਦਿਆ ਦੇ ਤੌਰ ’ਤੇ ਸਿਰਫ ਗਿਆਨੀ ਦਾ ਇਮਤਿਹਾਨ ਹੀ ਪਾਸ ਕਰ ਸਕਿਆ।
ਗਿਆਨੀ ਸੋਹਣ ਸਿੰਘ ਸੀਤਲ ਕੁੱਝ ਸਮਾਂ ਆਪਣੇ ਪਿਤਾ-ਪੁਰਖੀ ਕਿੱਤੇ ਖੇਤੀਬਾੜੀ ਨਾਲ ਵੀ ਜੁੜਿਆ ਰਿਹਾ। ਇਸ ਕਿੱਤੇ ਨੂੰ ਕਰਦਿਆਂ ਹੀ ਉਸ ਦੇ ਅੰਦਰ ਕੁੱਝ ਵੱਖਰਾ ਕਰਕੇ ਦਿਖਾਉਣ ਦੀ ਇੱਛਾ ਵੀ ਜਵਾਨ ਹੁੰਦੀ ਗਈ। ਜੋਬਨ ’ਤੇ ਆਈ ਉਸ ਦੀ ਇਸ ਇੱਛਾ ਨੇ ਇੱਕ ਦਿਨ ਉਸ ਨੂੰ ਢਾਡੀ ਕਲਾ ਵੱਲ ਨੂੰ ਮੋੜ ਦਿੱਤਾ। ਇਸ ਮੋੜ ਵੱਲ ਮੁੜਦਿਆਂ ਉਸ ਨੇ ਆਪਣਿਆਂ ਸਾਥੀਆਂ ਗੁਰਚਰਨ ਸਿੰਘ, ਅਮਰੀਕ ਸਿੰਘ ਅਤੇ ਹਰਨਾਮ ਸਿੰਘ ਨੂੰ ਨਾਲ ਲੈ ਲਿਆ ਅਤੇ ਲਲਿਆਣੀ ਦੇ ਭਰਾਈ ਬਾਬਾ ਚਿਰਾਗਦੀਨ ਕੋਲੋਂ ਸਾਰੰਗੀ ਅਤੇ ਢੱਡ ਵਜਾਉਣੀ ਸਿੱਖਣ ਲੱਗ ਪਏ। ਉਸਤਾਦ ਜੀ ਕੋਲੋਂ ਢਾਡੀ-ਕਲਾ ਦੀਆਂ ਬਰੀਕੀਆਂ ਤੋਂ ਚੰਗੀ ਤਰ੍ਹਾਂ ਗਿਆਤ ਹੋ ਕੇ ਗਿਆਨੀ ਸੋਹਣ ਸਿੰਘ ਸੀਤਲ ਦਾ ਢਾਡੀ ਜਥਾ ਦੂਰ-ਦੁਰਾਡੇ ਦੀਵਾਨਾਂ ਵਿੱਚ ਆਪਣੀ ਹਾਜ਼ਰੀ ਭਰਨ ਲੱਗ ਪਿਆ। ਦੇਸ਼ ਵਿਦੇਸ਼ ਵਿੱਚ ਇਸ ਢਾਡੀ ਜਥੇ ਦੀ ਇੰਨੀ ਵਡਿਆਈ ਹੋਈ ਕਿ ਸ਼ਰੀਕਾਂ ਦੀ ਨਫ਼ਰਤ ਵੀ ਪਿਆਰ ਵਿੱਚ ਬਦਲ ਗਈ। ਸੋਹਣ ਸਿੰਘ ਸੀਤਲ ਨੇ ਆਪਣੇ ਢਾਡੀ ਜਥੇ ਨਾਲ ਲਗਪਗ ਛੇ ਦਹਾਕਿਆਂ ਤੱਕ ਪੰਥ ਅਤੇ ਪੰਜਾਬ ਦੀ ਰੱਜਵੀਂ ਸੇਵਾ ਕੀਤੀ।
ਉਸ ਦੀ ਪਹਿਲੀ ਕਵਿਤਾ 1924 ਈ. ਨੂੰ ‘ਅਕਾਲੀ’ ਅਖਬਾਰ ਵਿੱਚ ਛਪੀ। ਇਸ ਕਵਿਤਾ ਦੇ ਨਾਲ ਹੀ ਸੀਤਲ ਦੇ ਸਾਹਿਤਕ ਸਫ਼ਰ ਦਾ ਆਗਾਜ਼ ਹੋ ਗਿਆ। ਇਸ ਸਫ਼ਰ ਦੇ ਸਿੱਟੇ ਵਜੋਂ ਉਸ ਨੇ ਇੱਕ ਕਾਵਿ ਸੰਗ੍ਰਹਿ ‘ਸੱਜਰੇ ਹੰਝੂ’ ਪੰਜਾਬੀ ਸਾਹਿਤ ਦੀ ਝੋਲੀ ਪਾ ਦਿੱਤਾ। ਕਵਿਤਾ ਦੇ ਨਾਲ-ਨਾਲ ਸੋਹਣ ਸਿੰਘ ਸੀਤਲ ਨੇ ਕੁੱਝ ਕਹਾਣੀਆਂ ਵੀ ਲਿਖੀਆਂ। ਇੱਕ ਨਾਵਲਕਾਰ ਦੇ ਤੌਰ ’ਤੇ ਵੀ ਗਿਆਨੀ ਸੋਹਣ ਸਿੰਘ ਸੀਤਲ ਦੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਮਹਾਨ ਦੇਣ ਰਹੀ ਹੈ। ਉਸ ਦੁਆਰਾ ਲਿਖੇ ਨਾਵਲਾਂ ਦੀ ਤਦਾਦ ਦੋ ਦਰਜਨਾਂ ਦੇ ਕਰੀਬ ਬਣਦੀ ਹੈ। ਸੈਕੰਡਰੀ ਜਮਾਤਾਂ ਨੂੰ ਇੱਕ ਪਾਠਕ੍ਰਮ ਦੇ ਤੌਰ ’ਤੇ ਪੜ੍ਹਾਇਆ ਗਿਆ ਉਸ ਦਾ ਨਾਵਲ ‘ਤੂਤਾਂ ਵਾਲਾ ਖੂਹ’ ਆਪਣੀ ਮਿਸਾਲ ਆਪ ਹੈ।
ਇੱਕ ਇਤਿਹਾਸਕਾਰ ਦੇ ਤੌਰ ’ਤੇ ਸੋਹਣ ਸਿੰਘ ਸੀਤਲ ਦਾ ਅਹਿਮ ਸਥਾਨ ਹੈ। ਉਸ ਨੇ ਪਹਿਲਾਂ ਆਪ ਨਿੱਠ ਕੇ ਸਿੱਖ ਇਤਿਹਾਸ ਦਾ ਵਿਸ਼ਲੇਸ਼ਣ ਕੀਤਾ ਤੇ ਬਾਅਦ ਵਿੱਚ ਕੁਝ ਨਵੀਆਂ ਛੋਹਾਂ ਦੇ ਕੇ ਕਿਤਾਬੀ ਰੂਪ ਵਿਚ ਮੁੜ ਪ੍ਰਕਾਸ਼ਿਤ ਕਰਵਾਇਆ। ਉਸ ਦੇ ਇਸ ਉਪਰਾਲੇ ਨੇ ਜਿੱਥੇ ਸਿੱਖ ਇਤਿਹਾਸ ਬਾਰੇ ਪਾਏ ਜਾਂਦੇ ਕੁਝ ਭਰਮ ਭੁਲੇਖਿਆਂ ਨੂੰ ਦੂਰ ਕੀਤਾ, ਉਥੇ ਸਿੱਖ ਇਤਹਾਸ ਨੂੰ ਨਵੀਂ ਦਿੱਖ ਵੀ ਪ੍ਰਦਾਨ ਕੀਤੀ। ਸੀਤਲ ਦੀਆਂ ਇਤਿਹਾਸਕ ਲਿਖਤਾਂ ਵਿੱਚ ‘ਸਿੱਖ ਰਾਜ ਕਿਵੇਂ ਗਿਆ’ ਇੱਕ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ‘ਦੁਖੀਏ ਮਾਂ ਦੇ ਪੁੱਤ’, ‘ਬੰਦਾ ਸਿੰਘ ਸ਼ਹੀਦ’, ‘ਸਿੱਖ ਮਿਸਲਾਂ ਦੇ ਸਰਦਾਰ ਘਰਾਣੇ’, ‘ਸਿੱਖ ਰਾਜ ਅਤੇ ਸ਼ੇਰੇ ਪੰਜਾਬ’ ਤੇ ‘ਸਿੱਖ ਸ਼ਹੀਦ ਅਤੇ ਯੋਧੇ’ ਉਸ ਦੀਆਂ ਵਰਨਣਯੋਗ ਇਤਹਾਸਕ ਕਿਤਾਬਾਂ ਹਨ। ਸੋਹਣ ਸਿੰਘ ਸੀਤਲ ਦਾ ਵਧੇਰੇ ਤਪੱਸਵੀ ਤੇ ਖੋਜ ਭਰਪੂਰ ਕੰਮ ‘ਸਿੱਖ ਇਤਹਾਸ ਦੇ ਸੋਮੇ’, ਪੰਜ ਜਿਲਦਾਂ ’ਚ ਤਿਆਰ ਕਰਨੇ ਹਨ। ਸੀਤਲ ਦੀ ਇਸ ਤਪੱਸਿਆ ਨੇ ਸਿੱਖ ਇਤਿਹਾਸ ਨੂੰ ਸਰਲਤਾ ਤੇ ਸ਼ੁੱਧਤਾ ਪ੍ਰਦਾਨ ਕੀਤੀ ਹੈ। ਪੰਥ ਦਾ ਅਮੋਲਕ ਢਾਡੀ ਤੇ ਸਾਹਿਤ ਦਾ ਅਮਿੱਟ ਹਸਤਾਖ਼ਰ ਗਿਆਨੀ ਸੋਹਣ ਸਿੰਘ ਸੀਤਲ 23 ਸਤੰਬਰ 1998 ਈ. ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।
ਸੰਪਰਕ: 94631-32719