ਰਮੇਸ਼ ਬੱਗਾ ਚੋਹਲਾ
ਗੁਰੂ ਅਮਰਦਾਸ ਜੀ ਦਾ ਜਨਮ ਪੰਜ ਮਈ 1479 ਈ. ਨੂੰ ਪਿੰਡ ਬਾਸਰਕੇ (ਅੰਮ੍ਰਿਤਸਰ) ਵਿੱਚ ਤੇਜ ਭਾਨ ਅਤੇ ਮਾਤਾ ਸੁਲੱਖਣੀ ਦੇ ਘਰ ਹੋਇਆ। ਉਨ੍ਹਾਂ ਦਾ ਵਿਆਹ ਸਿਆਲਕੋਟ ਜ਼ਿਲ੍ਹੇ ਵਿਚਲੇ ਪਿੰਡ ਸਨਖੜਾ ਦੇ ਵਸਨੀਕ ਦੇਵੀ ਚੰਦ ਦੀ ਪੁੱਤਰੀ ਬੀਬੀ ਮਨਸ਼ਾ ਦੇਵੀ ਨਾਲ ਹੋਈ। ਗੁਰੂ ਅੰਗਦ ਦੇਵ ਜੀ ਦੇ ਮਿਲਾਪ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਹਰ ਛਿਮਾਹੀ ਗੰਗਾ ਇਸ਼ਨਾਨ ਕਰਨ ਲਈ ਪੈਦਲ ਜਾਇਆ ਕਰਦੇ ਸਨ। ਗਰਮੀ ਦੇ ਮੌਸਮ ਵਿੱਚ ਚੇਤ ਨੂੰ ਚੱਲ ਪੈਂਦੇ ਅਤੇ ਵਿਸਾਖੀ ਵਾਲੇ ਦਿਨ ਵਾਪਸੀ ਪਾਉਂਦੇ। ਸਿਆਲ ਦੀ ਰੁੱਤ ਵਿੱਚ ਅੱਸੂ ਦੇ ਮਹੀਨੇ ਰਵਾਨਾ ਹੁੰਦੇ ਅਤੇ ਕੱਤਕ ਦੀ ਪੂਰਨਮਾਸ਼ੀ ਮੋੜਾ ਪਾ ਦਿੰਦੇ। ਤੀਰਥ ਇਸ਼ਨਾਨ ਅਤੇ ਪੁੰਨ ਦਾਨ ਦੇ ਬਾਵਜੂਦ ਵੀ ਮਨ ਦੀ ਅਵਸਥਾ ਟਿਕਾਅ ਵਾਲੀ ਨਹੀਂ ਸੀ ਬਣ ਰਹੀ।
ਸੰਮਤ 1597 ਵਿਚ ਯਾਤਰਾ ਤੋਂ ਵਾਪਸ ਆਉਂਦੇ ਸਮੇਂ ਗੁਰੂ ਅਮਰਦਾਸ ਜੀ ਇੱਕ ਬ੍ਰਹਮਚਾਰੀ ਸਾਧੂ ਨਾਲ ਮਿਲੇ। ਦੋਵਾਂ ਵਿਚ ਪਿਆਰ ਪੈ ਗਿਆ। ਜਦੋਂ ਦੋਵੇਂ ਪਿੰਡ ਬਾਸਰਕੇ ਪਹੁੰਚੇ ਤਾਂ ਉਹ ਸਾਧੂ ਉਨ੍ਹਾਂ ਕੋਲ ਹੀ ਠਹਿਰ ਗਿਆ। ਪਹਿਲਾਂ ਤਾਂ ਉਹ ਸਾਧੂ ਆਪ ਪ੍ਰਸ਼ਾਦਾ ਤਿਆਰ ਕਰਦਾ ਅਤੇ ਛੱਕਦਾ ਸੀ ਪਰ ਬਾਅਦ ਵਿਚ ਉਹ ਗੁਰੂ ਅਮਰਦਾਸ ਜੀ ਦੇ ਘਰ ਦਾ ਪ੍ਰਸ਼ਾਦਾ ਵੀ ਖਾਣ ਲੱਗ ਪਿਆ। ਇੱਕ ਦਿਨ ਉਸ ਨੇ ਉਨ੍ਹਾਂ ਨੂੰ ਪੁੱਛ ਲਿਆ ਕਿ ਤੁਹਾਡਾ ਗੁਰੂ ਕੌਣ ਹੈ? ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੈਂ ਤਾਂ ਅਜੇ ਤੱਕ ਕੋਈ ਗੁਰੂ ਧਾਰਿਆ ਹੀ ਨਹੀਂ। ਜਵਾਬ ਸੁਣਦਿਆਂ ਸਾਰ ਸਾਧੂ ਗੁੱਸੇ ਵਿਚ ਆ ਗਿਆ ਅਤੇ ਕਹਿਣ ਲੱਗਾ, “ਅਰੇ ਇਹ ਕੀ ਹੋ ਗਿਆ। ਨਿਗੁਰੇ ਦਾ ਤਾਂ ਦਰਸ਼ਨ ਹੀ ਬੁਰਾ ਹੁੰਦਾ ਹੈ, ਮੈਂ ਤਾਂ ਮਹੀਨੇ ਤੋਂ ਵਧ ਨਿਗੁਰੇ ਦਾ ਸੰਗ ਕੀਤਾ ਹੈ। ਨਿਗੁਰੇ ਦਾ ਧਾਨ ਵਰਤਿਆ ਅਤੇ ਰਿੱਧਾ-ਪੱਕਾ ਖਾਂਦਾ ਪੀਂਦਾ ਰਿਹਾ ਹਾਂ। ਮੰਦੇ ਭਾਗ ! ਮੇਰਾ ਤਾਂ ਜਨਮ ਹੀ ਗਿਆ।’
ਬੋਲ-ਕਬੋਲ ਬੋਲਦਾ ਬ੍ਰਹਮਚਾਰੀ ਸਾਧੂ ਤਾਂ ਚਾਲੇ ਪਾ ਗਿਆ ਪਰ ਗੁਰੂ ਅਮਰਦਾਸ ਜੀ ਨੂੰ ਉਦਾਸੀ ਦਾ ਆਲਮ ਬਖ਼ਸ਼ ਗਿਆ। ਹੁਣ ਹਰ ਪਲ ਇਸ ਆਲਮ ਵਿਚ ਹੀ ਬਤੀਤ ਹੋਣ ਲੱਗਾ। ਦਿਲ ਵਿੱਚ ਸਾਈਂ ਦੇ ਮਿਲਾਪ ਦੀ ਤੜਪ ਜ਼ੋਰ ਪਾਉਣ ਲੱਗੀ । ਇਸ ਤੜਪ ਨੂੰ ਘਟਾਉਣ ਅਤੇ ਮੰਜ਼ਿਲ ਨੂੰ ਨੇੜੇ ਲਿਆਉਣ ਵਿੱਚ ਉਨ੍ਹਾਂ ਦੀ ਭਤੀਜ ਨੂੰਹ ਬੀਬੀ ਅਮਰੋ ਨੇ ਅਹਿਮ ਰੋਲ ਅਦਾ ਕੀਤਾ। ਅੰਮ੍ਰਿਤ ਵੇਲੇ ਜਦੋਂ ਬੀਬੀ ਅਮਰੋ ਜੀ ਆਪਣੇ ਮੁਖਾਰਬਿੰਦ ’ਚੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਦੇ ਤਾਂ ਗੁਰੂ ਅਮਰਦਾਸ ਜੀ ਕੰਧ ਨਾਲ ਲੱਗ ਕੇ ਦਿਨ ਚੜ੍ਹਦੇ ਤੱਕ ਸੁਣਦੇ ਰਹਿੰਦੇ। ਇੱਕ ਦਿਨ ਬੀਬੀ ਜੀ ਕਿਸੇ ਜ਼ਰੂਰੀ ਕੰਮ ਆਪਣੇ ਪੇਕੇ (ਖਡੂਰ ਸਾਹਿਬ) ਚਲੇ ਗਏ। ਉਸ ਦਿਨ ਗੁਰੂ ਅਮਰਦਾਸ ਜੀ ਨੂੰ ਇੰਜ ਲੱਗਿਆ ਜਿਵੇਂ ਉਨ੍ਹਾਂ ਦੀ ਰੂਹ ਪਿਆਸੀ ਹੀ ਰਹਿ ਗਈ ਹੋਵੇ। ਜਦੋਂ ਉਨ੍ਹਾਂ ਦੀ ਪਿਆਸ ਵਧੀ ਤਾਂ ਉਨ੍ਹਾਂ ਨੇ ਇਸ ਦਾ ਜ਼ਿਕਰ ਆਪਣੀ ਭਾਬੀ ਭਾਗੋ ਜੀ ਨਾਲ ਕੀਤਾ। ਭਾਬੀ ਭਾਗੋ ਨੇ ਕਿਹਾ ਕਿ ਜੇ ਤੁਹਾਨੂੰ ਬਾਣੀ ਸੁਣਨ ਦੀ ਚਾਹ ਹੈ ਤਾਂ ਉਨ੍ਹਾਂ ਦੇ ਪਿਤਾ ਗੁਰੂ ਅੰਗਦ ਦੇਵ ਜੀ ਕੋਲ ਹੀ ਕਿਉਂ ਨਹੀਂ ਚਲੇ ਜਾਂਦੇ। ਪੇਕਿਆਂ ਤੋਂ ਵਾਪਸ ਆ ਕੇ ਜਦੋਂ ਬੀਬੀ ਅਮਰੋ ਨੇ ਆਪਣੇ ਅੰਮ੍ਰਿਤ ਵੇਲੇ ਦੇ ਨਿੱਤਨੇਮ ਵਿੱਚ ਗੁਰੂ ਨਾਨਕ ਦੇਵ ਜੀ ਦਾ ਸ਼ਬਦ ‘ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ’ ਪੜ੍ਹਿਆ ਤਾਂ ਉਸ ਸ਼ਬਦ ਵਿਚਲੀ ਦਸ਼ਾ ਗੁਰੂ ਅਮਰਦਾਸ ਜੀ ਦੀ ਵੀ ਸੀ। ਉਨ੍ਹਾਂ ਨੇ ਇਹ ਸ਼ਬਦ ਬੜੇ ਧਿਆਨ ਨਾਲ ਸੁਣਿਆ। ਸੁਣ ਕੇ ਇੰਜ ਲੱਗਾ ਜਿਵੇਂ ਚਾਤ੍ਰਿਕ ਨਾਮੀ ਸੁਆਂਤ ਬੂੰਦ ਮਿਲ ਗਈ ਹੋਵੇ। ਮਨ ਇਸ ਕਦਰ ਪਿਘਲ ਗਿਆ ਕਿ ਬੀਬੀ ਅਮਰੋ ਨੂੰ ਨਾਲ ਲੈ ਕੇ ਖਡੂਰ ਸਾਹਿਬ ਪਹੁੰਚ ਗਏ। ਕੁੜਮਾਚਾਰੀ ਦੇ ਸਤਿਕਾਰ ਵਜੋਂ ਗੁਰੂ ਅੰਗਦ ਦੇਵ ਜੀ ਨੇ ਆਪਣੇ ਗਲੇ ਲਗਾਉਣਾ ਚਾਹਿਆ ਪਰ ਗਲੇ ਮਿਲਣ ਦੀ ਬਜਾਏ ਗੁਰੂ ਅਮਰਦਾਸ ਜੀ ਨੇ ਆਪਣਾ ਸਿਰ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਉੱਪਰ ਰੱਖ ਦਿੱਤਾ ਅਤੇ ਕਿਹਾ, ‘‘ਮੈਨੂੰ ਆਪਣਾ ਦਾਸ ਹੀ ਸਮਝੋ’’। ਉਨ੍ਹਾਂ ਕਿਹਾ ਕਿ ਗੰਗਾ ਇਸ਼ਨਾਨ ਦਾ ਫਲ ਅੱਜ ਉਨ੍ਹਾਂ ਨੂੰ ਪ੍ਰਾਪਤ ਹੋ ਗਿਆ ਹੈ। ਮਿਲਾਪ ਦੇ ਇਸ ਪੜਾਅ ’ਤੇ ਗੁਰੂ ਅਮਰਦਾਸ ਦੀ ਉਮਰ 60 ਨੂੰ ਪਾਰ ਕਰ ਚੁੱਕੀ ਸੀ।
ਗੁਰੂ ਅਮਰਦਾਸ ਜੀ ਨੇ ਲਗਪਗ 12 ਸਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਸੇਵਾ ਕਰਦਿਆਂ, ਪਾਣੀ ਢੋਂਦਿਆਂ ਹੱਥ ਫੁੱਟ ਗਏ ਪਰ ਗੁਰੂ ਅਮਰਦਾਸ ਜੀ ਧੀਰਜ ਦੀ ਮੂਰਤੀ ਬਣ ਗਏ। ਉਨ੍ਹਾਂ ਨਿੱਤ ਦੀ ਸੇਵਾ ਨਹੀਂ ਬਦਲੀ। ਅੰਮ੍ਰਿਤ ਵੇਲੇ ਉੱਠਣਾ, ਦਰਿਆ ਬਿਆਸ ਤੋਂ ਪਾਣੀ ਦੀ ਗਾਗਰ ਭਰ ਲਿਆਉਣੀ, ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਵਾਉਣਾ, ਲੰਗਰ ਲਈ ਬਾਲਣ ਲਿਆਉਣਾ ਅਤੇ ਜੂਠੇ ਭਾਂਡੇ ਮਾਂਜਣਾ ਆਦਿ ਨਿਰੰਤਰ ਚੱਲਦਾ ਰਿਹਾ। ਇੱਕ ਦਿਨ ਗਾਗਰ ਵਿੱਚ ਜਲ ਭਰਦੇ ਸਮੇਂ ਗੁਰੂ ਅਮਰਦਾਸ ਜੀ ਦੇ ਮਨ ਵਿੱਚ ਇੱਕ ਵਿਚਾਰ ਆਇਆ, ‘‘ਮੈਂ ਬਿਨਾਂ ਇਸ਼ਨਾਨ ਹੀ ਗਾਗਰ ਭਰ ਕੇ ਲਿਜਾਂਦਾ ਰਿਹਾ ਹਾਂ। ਇਸ ਤਰ੍ਹਾਂ ਕਰਕੇ ਗੁਰੂ ਅੰਗਦ ਦੇਵ ਜੀ ਦੀ ਬੇਅਦਬੀ ਹੁੰਦੀ ਰਹੀ ਹੈ।’’ ਪਸ਼ਚਾਤਾਪ ਦੇ ਸੇਕ ਨੂੰ ਘੱਟ ਕਰਨ ਲਈ ਉਨ੍ਹਾਂ ਨੇ ਇਸ਼ਨਾਨ ਕਰ ਕੇ ਗਾਗਰ ਕੈ ਲੇ ਜਾਣੀ ਆਰੰਭ ਕਰ ਦਿੱਤੀ ਪਰ ਇਸ ਤਰ੍ਹਾਂ ਕਰਨ ਨਾਲ ਵੀ ਉਨ੍ਹਾਂ ਦੀ ਤਸੱਲੀ ਨਾ ਹੋ ਸਕੀ। ਬਿਰਧ ਸਰੀਰ ਹੋਣ ਦੇ ਬਾਵਜੂਦ ਦੋਚਿੱਤੀ ’ਚੋਂ ਨਿਕਲਣ ਦਾ ਇਹ ਫ਼ੈਸਲਾ ਕੀਤਾ ਗਿਆ ਕਿ ਗਾਗਰ ਸਿਰ ’ਤੇ ਧਰ ਕੇ ਹੀ ਦਰਿਆ ਵਿੱਚ ਪ੍ਰਵੇਸ਼ ਕੀਤਾ ਜਾਵੇ ਅਤੇ ਜਲ ਭਰਿਆ ਜਾਵੇ। ਇਸ ਤਰ੍ਹਾਂ ਨਾਲੇ ਇਸ਼ਨਾਨ ਹੋ ਜਾਵੇਗੀ ਅਤੇ ਨਾਲੇ ਗਾਗਰ ਭਰ ਲਈ ਜਾਵੇ।
ਪਾਣੀ ਦੀ ਸੇਵਾ ਕਰਦਿਆਂ ਇੱਕ ਦਿਨ ਕਾਫੀ ਤੇਜ਼ ਮੀਂਹ ਪੈਣ ਲੱਗਾ। ਮੀਂਹ ਰੁਕਣ ’ਤੇ ਜਦੋਂ ਗੁਰੂ ਅਮਰਦਾਸ ਨੇ ਖਡੂਰ ਸਾਹਿਬ ਵੱਲ ਚਾਲੇ ਪਾਏ ਤਾਂ ਰਸਤੇ ਵਿੱਚ ਜੁਲਾਹੇ ਦੀ ਕਿੱਲੀ ਨਾਲ ਠੇਡਾ ਖਾ ਕੇ ਡਿੱਗ ਪਏ ਪਰ ਗਾਗਰ ਨੂੰ ਸੰਭਾਲ ਲਿਆ। ਰਾਤ ਸਮੇਂ ਖੜਾਕ ਸੁਣ ਕੇ ਜੁਲਾਹੇ ਨੇ ਕਿਹਾ, ‘‘ਕੌਣ ਹੈ ਬਈ?’’ ਜੁਲਾਹੀ, ਜੋ ਆਵਾਜ਼ ਸੁਣ ਰਹੀ ਸੀ, ਜੁਲਾਹੇ ਨੂੰ ਸੰਬੋਧਨ ਹੁੰਦਿਆਂ ਕਹਿਣ ਲੱਗੀ, ‘‘ਚੁੱਪ ਕਰ ਕੇ ਸੁੱਤਾ ਰਹਿ, ਕਿਉਂ ਆਪਣੀ ਨੀਂਦ ਖਰਾਬ ਕਰ ਰਿਹਾ ਹੈਂ। ਇਹ ਉਹੀ ਅਮਰੂ ਨਿਥਾਵਾਂ ਹੈ, ਜੋ ਕੁੜਮਾਂ ਦੇ ਟੁੱਕੜੇ ਖਾਣ ਲਈ ਰਾਤ-ਦਿਨ ਇੱਕ ਕਰੀ ਫਿਰਦਾ ਹੈ।’’ ਜੁਲਾਹੀ ਦੇ ਬੋਲਾਂ ਦਾ ਜਵਾਬ ਗੁਰੂ ਅਮਰਦਾਸ ਜੀ ਨੇ ਬੜੇ ਨਿਮਰ ਸ਼ਬਦਾਂ ਨਾਲ ਦਿੰਦਿਆਂ ਕਿਹਾ, ‘‘ਕਮਲੀਏ ! ਮੈਂ ਨਿਥਾਵਾਂ ਨਹੀਂ ਰਿਹਾ। ਮੇਰੀ ਥਾਂ ਤਾਂ ਉਸ ਦੇ ਚਰਨਾਂ ਵਿੱਚ ਹੈ, ਜੋ ਦੀਨ ਦੁਨੀ ਦਾ ਮਾਲਕ ਹੈ।’’
ਗੁਰੂ ਅੰਗਦ ਦੇਵ ਜੀ ਨੂੰ ਜਦੋਂ ਇਸ ਘਟਨਾਕ੍ਰਮ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਮਿਹਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਵਜਦ ਵਿੱਚ ਆ ਕੇ ਕਹਿਣ ਲੱਗੇ, ‘‘ਪੁਰਖਾ ਤੂੰ ਸਾਡਾ ਹੀ ਰੂਪ ਹੈਂ। ਜਿਵੇਂ ਸੋਨੇ ਦੇ ਦੋ ਗਹਿਣਿਆਂ ਨੂੰ ਭੱਠੀ ਵਿੱਚ ਪਾ ਕੇ ਇੱਕ ਕਰ ਲਈਦਾ ਹੈ ਤਿਵੇਂ ਤੂੰ ਵੀ ਆਪਣੇ ਆਪ ਨੂੰ ਢਾਲ ਲਿਆ ਹੈ।’’
ਸੰਨ 1552 ਦੇ ਮਾਰਚ ਮਹੀਨੇ ਗੁਰੂ ਅੰਗਦ ਦੇਵ ਜੀ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਬਚਨ ਕੀਤਾ, ‘‘ਤਜਹਿ ਸਰੀਰ ਅਬਹਿ ਚਿਤ ਆਈ॥’’ ਬਚਨ ਸੁਣ ਕੇ ਗੁਰੂ ਅਮਰਦਾਸ ਜੀ ਕੁੱਝ ਉਦਾਸ ਜਿਹੇ ਹੋ ਗਏ। ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਗੁਰੂਗੱਦੀ ਸੌਂਪ ਦਿੱਤੀ। ਪਹਿਲਾਂ ਤਾਂ ਗੁਰੂ ਜੀ ਨੇ ਆਪ ਨਮਸਕਾਰ ਕੀਤੀ ਅਤੇ ਫਿਰ ਹਾਜ਼ਰ ਸੰਗਤ ਨੂੰ ਵੀ ਗੁਰੂ ਅਮਰਦਾਸ ਜੀ ਨੂੰ ਪ੍ਰਣਾਮ ਕਰਨ ਲਈ ਕਿਹਾ। ਗੁਰੂ ਨਾਨਕ ਦੀ ਸੋਚ ਦਾ ਵਾਰਸ ਬਣਨ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ 22 ਸਾਲ ਮਨੁੱਖੀ ਭਾਈਚਾਰੇ ਦੀ ਬਰਾਬਰੀ ਅਤੇ ਬਿਹਤਰੀ ਲਈ ਗੁਜ਼ਾਰੇ।
ਉਨ੍ਹਾਂ ਨੇ ਸਤੀ ਪ੍ਰਥਾ ਅਤੇ ਪਰਦੇ ਦੀ ਰਸਮ ਸਮਾਪਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ। ਜਾਤ-ਪਾਤ ਦਾ ਬੰਧਨ ਤੋੜਿਆ ਅਤੇ ਵਿਧਵਾ-ਵਿਆਹ ਦੀ ਆਰੰਭਤਾ ਕੀਤੀ। ਊਚ-ਨੀਚ ਤੇ ਛੂਤ-ਛਾਤ ਦੇ ਭਰਮ ਨੂੰ ਮਿਟਾਉਣ ਲਈ ਗੁਰੂ ਕੇ ਲੰਗਰ ’ਚੋਂ ਰਾਣਾ ਤੇ ਰੰਕ ਨੂੰ ਇੱਕ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛੱਕਣ ਦਾ ਹੁਕਮ ਦਿੱਤਾ। ਉਨ੍ਹਾਂ ਬਾਉਲੀ ਸਾਹਿਬ ਨੂੰ ਸਿੱਖੀ ਦਾ ਤੀਰਥ ਬਣਾਇਆ ਅਤੇ ਵਿਸਾਖੀ ਦਾ ਮੇਲਾ ਆਰੰਭ ਕੀਤਾ। ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ 22 ਮੰਜੀਆਂ ਦੀ ਸਥਾਪਨਾ ਕੀਤੀ। ਭਾਦੋਂ ਸੁਦੀ 15 ਸੰਮਤ 1631 ਅਰਥਾਤ ਪਹਿਲੀ ਸਤੰਬਰ 1574 ਈ. ਨੂੰ ਉਹ (ਗੁਰੂ) ਰਾਮਦਾਸ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਚੌਥਾ ਵਾਰਸ ਥਾਪ ਕੇ ਜੋਤੀ-ਜੋਤ ਸਮਾ ਗਏ।
ਸੰਪਰਕ: 94631-32719