ਡਾ. ਚਰਨਜੀਤ ਸਿੰਘ ਗੁਮਟਾਲਾ
ਤੀਜੇ ਗੁਰੂ ਅਮਰਦਾਸ ਜੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਸਰਕੇ ਪਿੰਡ ਵਿੱਚ ਵਿਸਾਖ ਸੁਦੀ 11, 1536 ਬਿਕਰਮੀ (5 ਮਈ 1479 ਈ.) ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਤੇਜ ਭਾਨ ਅਤੇ ਮਾਤਾ ਦਾ ਨਾਂ ਸੁਲੱਖਣੀ ਸੀ। ਕਈ ਇਤਿਹਾਸਕਾਰ ਉਨ੍ਹਾਂ ਦੀ ਮਾਤਾ ਦਾ ਨਾਂ ਲਛਮੀ, ਭੂਪ ਕੌਰ ਅਤੇ ਰੂਪ ਕੌਰ ਦੱਸਦੇ ਹਨ। ਉਨ੍ਹਾਂ ਦਾ ਵਿਆਹ 11 ਮਾਘ 1559 ਬਿਕਰਮੀ ਨੂੰ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਸੰਖਤਰਾ ਦੇ ਦੇਵੀ ਚੰਦ ਦੀ ਧੀ ਮਨਸਾ ਦੇਵੀ ਨਾਲ ਹੋਇਆ ਅਤੇ ਮਗਰੋਂ ਚਾਰ ਬੱਚਿਆਂ ਮੋਹਰੀ, ਮੋਹਨ, ਦਾਨੀ ਅਤੇ ਭਾਨੀ ਨੇ ਜਨਮ ਲਿਆ।
ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ। ਬੀਬੀ ਅਮਰੋ ਨੇ ਹੀ ਉਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਲਿਆਂਦਾ। ਸੰਪਰਕ ਵਿੱਚ ਆਉਣ ਪਿੱਛੋਂ ਉਹ ਉੱਥੇ ਹੀ ਖਡੂਰ ਸਾਹਿਬ ਰਹਿਣ ਲੱਗ ਪਏ। ਇਹ ਵਾਕਿਆ 1597 ਬਿਕਰਮੀ/1540 ਈ. ਦਾ ਹੈ।
ਰੋਜ਼ਾਨਾ ਗੁਰੂ ਜੀ ਦੇ ਇਸ਼ਨਾਨ ਲਈ ਤੜਕੇ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਣਾ, ਸਾਰਾ ਦਿਨ ਭਾਂਡੇ ਮਾਂਜਣੇ, ਪਾਣੀ ਢੋਣਾ ਅਤੇ ਸੰਗਤ ਦੀ ਸੇਵਾ ਕਰਨੀ ਉਨ੍ਹਾਂ ਦਾ ਨਿਤਨੇਮ ਬਣ ਗਿਆ।
ਗੁਰੂ ਉਪਰ ਪੂਰਨ ਸ਼ਰਧਾ ਸਬੰਧੀ ਉਨ੍ਹਾਂ ਦੀਆਂ ਕਈ ਸਾਖੀਆਂ ਮਿਲਦੀਆਂ ਹਨ, ਜਿਨ੍ਹਾਂ ’ਚੋਂ ਝੱਖੜ ਵਾਲੀ ਰਾਤ ਨੂੰ ਤੇਜ਼ ਹਵਾਵਾਂ, ਮੀਂਹ ਅਤੇ ਕੜਕਦੀ ਬਿਜਲੀ ਦੀ ਪ੍ਰਵਾਹ ਨਾ ਕਰਦੇ ਹੋਏ ਗੁਰੂ ਜੀ ਲਈ ਦਰਿਆ ਬਿਆਸ ਤੋਂ ਪਾਣੀ ਲਿਆਉਣਾ ਸਭ ਤੋਂ ਅਹਿਮ ਸਾਖੀ ਮੰਨੀ ਜਾਂਦੀ ਹੈ। ਸਾਖੀ ਤਹਿਤ ਖਡੂਰ ਦੇ ਜੁਲਾਹਿਆਂ ਦੀ ਖੱਡੀ ਵਿੱਚ ਉਹ ਠੇਡਾ ਖਾ ਕੇ ਡਿੱਗ ਪਏ ਪਰ ਆਪਣੇ ਸਿਰ ’ਤੇ ਚੁੱਕੀ ਗਾਗਰ ਦਾ ਪਾਣੀ ਡੁੱਲਣ ਨਾ ਦਿੱਤਾ। ਆਵਾਜ਼ ਸੁਣ ਲੇ ਜੁਲਾਹੇ ਨੇ ਆਪਣੀ ਪਤਨੀ ਨੂੰ ਉਸ ਆਵਾਜ਼ ਬਾਰੇ ਪੁੱਛਿਆ ਅਤੇ ਅੱਗਿਓਂ ਜੁਲਾਹੀ ਨੇ ਕਿਹਾ, ‘‘ਅਮਰੂ ਨਿਥਾਵਾ ਹੋਵੇਗਾ, ਜੋ ਰਾਤ ਵੀ ਚੈਨ ਨਹੀਂ ਲੈਂਦਾ।’’ ਇਹ ਗੱਲ ਸੰਨ 1552 ਦੀ ਹੈ। ਉਦੋਂ ਗੁਰੂ ਸਾਹਿਬ ਦੀ ਉਮਰ 73 ਸਾਲ ਦੀ ਸੀ। ਜਦੋਂ ਗੁਰੂ ਅੰਗਦ ਦੇਵ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਅਮਰਦਾਸ ਜੀ ਨੂੰ ‘ਨਿਥਾਵਿਆਂ ਦਾ ਥਾਂ’, ‘ਨਿਮਾਣਿਆਂ ਦਾ ਮਾਣ’, ‘ਨਿਤਾਣਿਆਂ ਦਾ ਤਾਣ’, ‘ਨਿਆਸਰਿਆਂ ਦਾ ਆਸਰਾ’, ‘ਨਿਓਟਿਆਂ ਦੀ ਓਟ’, ‘ਨਿਧਰਿਆਂ ਦੀ ਧਿਰ’ ਅਤੇ ‘ਨਿਗਤਿਆਂ ਦੀ ਗਤ’ ਕਿਹਾ।
ਇਸ ਘਟਨਾ ਨੇ ਗੁਰੂ ਅੰਗਦ ਦੇਵ ਜੀ ਦੇ ਜਾਨਸ਼ੀਨ ਦੀ ਚੋਣ ਕਰਨ ਦੇ ਮਸਲੇ ਨੂੰ ਹੱਲ ਕਰ ਦਿੱਤਾ। ਗੁਰੂ ਅੰਗਦ ਦੇਵ ਜੀ ਨੇ ਪ੍ਰਚਲਿਤ ਮਰਿਆਦਾ ਅਨੁਸਾਰ ਨਾਰੀਅਲ ਅਤੇ ਪੰਜ ਪੈਸੇ ਅਮਰਦਾਸ ਜੀ ਅੱਗੇ ਰੱਖ ਕੇ ਮੱਥਾ ਟੇਕਿਆ। ਗੁਰੂ ਗੱਦੀ ’ਤੇ ਬਿਰਾਜਮਾਨ ਕਰਨ ਲਈ ਗੁਰਗੱਦੀ ਦਾ ਟਿੱਕਾ ਸਤਿਕਾਰਯੋਗ ਭਾਈ ਬੁੱਢਾ ਜੀ ਨੇ ਲਗਾਇਆ। ਛੇਤੀ ਹੀ ਪਿੱਛੋਂ 1609 ਬਿਕਰਮੀ ਸਾਲ ਦੇ ਚੇਤ ਦੇ ਪਹਿਲੇ ਚਾਨਣੇ ਪੱਖ ਦੇ ਚੌਥੇ ਦਿਨ (29 ਮਾਰਚ 1552 ਈ.) ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ।
ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨੂੰ ਆਪਣਾ ਮੁੱਖ ਕੇਂਦਰ ਬਣਾਇਆ ਤੇ ਇੱਥੇ ਹੀ ਰਹਿ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਕੀਤਾ। ਉਨ੍ਹਾਂ ਧਰਮ ਪ੍ਰਚਾਰ ਲਈ ਇੱਕ ਦ੍ਰਿੜ ਮੰਜੀ ਪ੍ਰਣਾਲੀ ਸ਼ੁਰੂ ਕੀਤੀ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਚਾਰ ਕਰਨ ਲਈ 22 ਮੰਜੀਆਂ ਸਥਾਪਤ ਕੀਤੀਆਂ ਭਾਵ ਕਿ ਪ੍ਰਚਾਰ ਕੇਂਦਰ ਕਾਇਮ ਕੀਤੇ। ਹਰ ਮੰਜੀ ਇੱਕ ਗੁਰਮੁਖ ਸਿੱਖ ਦੇ ਅਧੀਨ ਸੀ ਜੋ ਪ੍ਰਚਾਰ ਕਰਨ ਤੋਂ ਇਲਾਵਾ ਆਪਣੇ ਅਧਿਕਾਰ ਖੇਤਰ ਵਿੱਚ ਸੰਗਤ ਦੀ ਸੇਵਾ ਸੰਭਾਲ ਕਰਦਾ ਸੀ ਅਤੇ ਸਿੱਖਾਂ ਦੀਆਂ ਭੇਟਾਵਾਂ ਗੋਇੰਦਵਾਲ ਭੇਜਦਾ ਸੀ।
ਗੁਰੂ ਜੀ ਨੇ ਵਿਸਾਖ ਅਤੇ ਮਾਘ ਦੇ ਪਹਿਲੇ ਦਿਨ ਅਤੇ ਦੀਵਾਲੀ ਗੋਇੰਦਵਾਲ ਸਾਹਿਬ ਵਿਖੇ ਸਿੱਖਾਂ ਦੇ ਇਕੱਠੇ ਹੋਣ ਲਈ ਤੈਅ ਕਰ ਦਿੱਤੇ। ਪਾਣੀ ਦੀ ਤੰਗੀ ਦੂਰ ਕਰਨ ਲਈ ਬਉਲੀ ਬਣਾਈ। ਲੰਗਰ ਦੀ ਪ੍ਰਥਾ ਪਹਿਲਾਂ ਤਰ੍ਹਾਂ ਹੀ ਕਾਇਮ ਰੱਖੀ। ਇਸ ਨੂੰ ਹੋਰ ਵੱਡੇ ਪੈਮਾਨੇ ’ਤੇ ਸ਼ੁਰੂ ਕੀਤਾ ਗਿਆ। ਉਨ੍ਹਾਂ ਲੰਗਰ ’ਚੋਂ ਜਾਤ-ਪਾਤ ਅਤੇ ਆਹੁਦੇ ਦੀ ਭਾਵਨਾ ਘਟਾਉਣਾ ਦੀ ਕੋਸ਼ਿਸ਼ ਕੀਤੀ। ਇੱਕ ਵਾਰੀ ਅਕਬਰ ਬਾਦਸ਼ਾਹ ਗੋਇੰਦਵਾਲ ਆਇਆ ਤਾਂ ਉਸ ਨੇ ਵੀ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛੱਕਿਆ।
ਗੁਰੂ ਜੀ ਨੇ ਉਸ ਸਮੇਂ ਫੈਲੀਆਂ ਕੁਰੀਤੀਆਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਉਸ ਸਮੇਂ ਸਤੀ ਦੀ ਰਸਮ ਸੀ ਜਿਸ ਵਿੱਚ ਪਤੀ ਦੇ ਮਰਨ ’ਤੇ ਵਿਧਵਾ ਨੂੰ ਪਤੀ ਦੀ ਚਿਖਾ ’ਤੇ ਸੜਨਾ ਪੈਂਦਾ ਸੀ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਬਾਦਸ਼ਾਹ ਅਕਬਰ ਕੋਲ ਭੇਜਿਆ ਕਿ ਉਹ ਇਸ ਰਸਮ ਨੂੰ ਰੋਕਣ ਲਈ ਸ਼ਾਹੀ ਤਾਕਤ ਵਰਤਣ। ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਪਰਦੇ ਦੀ ਰਸਮ ਤੋਂ ਵੀ ਵਰਜਿਆ।
ਗੁਰੂ ਅਮਰਦਾਸ ਜੀ ਨੇ ਹਿੰਦੂਆਂ ਕੋਲੋਂ ਤੀਰਥ ਯਾਤਰਾ ’ਤੇ ਲਿਆ ਜਾਂਦਾ ਕਰ ਵੀ ਬੰਦ ਕਰਵਾਇਆ। ਗੁਰੂ ਜੀ ਕੁਰੀਤੀਆਂ ਨੂੰ ਦੂਰ ਕਰਾਉਣ ਲਈ ਵੱਖ ਵੱਖ ਤੀਰਥ ਅਸਥਾਨਾਂ ’ਤੇ ਗਏ। ਕਰ ਤੋਂ ਛੋਟ ਮਿਲਣ ਕਰਕੇ ਅਨੇਕਾਂ ਹਿੰਦੂ ਵੀ ਉਨ੍ਹਾਂ ਦੇ ਨਾਲ ਤੀਰਥ ਯਾਤਰਾ ਨੂੰ ਗਏ। ਉਨ੍ਹਾਂ ਨਾਲ (ਗੁਰੂ) ਰਾਮਦਾਸ ਜੀ ਤੇ ਹੋਰ ਮੁਖੀ ਸਿੱਖ ਵੀ ਗਏ। ਉਹ ਪਹਿਲਾਂ ਕੁਰੂਕਸ਼ੇਤਰ, ਫਿਰ ਯਮੁਨਾ ਅਤੇ ਫਿਰ ਹਰਿਦੁਆਰ ਗਏ। ਗੁਰੂ ਨਾਨਕ ਜੀ ਵਾਂਗ ਗੁਰੂ ਅਮਰਦਾਸ ਜੀ ਦਾ ਮਕਸਦ ਵੀ ਕੁਰਾਹੇ ਪਈ ਜਨਤਾ ਨੂੰ ਸਿੱਧੇ ਰਾਹ ਪਾਉਣਾ ਸੀ।
ਗੁਰੂ ਜੀ ਨੇ ਜਾਤ-ਪਾਤ ਦਾ ਭਰਮ ਮਿਟਾ ਕੇ ਭਰੇ ਦਰਬਾਰ ਵਿੱਚ ਕਈ ਅੰਤਰ-ਜਾਤੀ ਵਿਆਹ ਕੀਤੇ। ਭਾਈ ਸ਼ੀਂਹੇ ਦੀ ਲੜਕੀ ਇੱਕ ਗਰੀਬ ਸਿੱਖ ‘ਪ੍ਰੇਮੇ’ ਨਾਲ ਵਿਆਹੀ। ਇੱਕ ਰਾਜਪੂਤ ਲੜਕੇ ਦਾ ਵਿਆਹ ‘ਸੱਚਨ ਸੱਚ’ ਨਾਮੀ ਲਕੜਹਾਰੇ ਨਾਲ ਕੀਤਾ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਆਪਣੀ ਲੜਕੀ ਬੀਬੀ ਭਾਨੀ ਦਾ ਵਿਆਹ ਵੀ ਇੱਕ ਘੁੰਗਣੀਆਂ ਵੇਚਣ ਵਾਲੇ ਕਿਰਤੀ ਭਾਈ ਜੇਠਾ ਨਾਲ ਕੀਤਾ ਜੋ ਬਾਅਦ ’ਚ ਗੁਰੂ ਰਾਮਦਾਸ ਬਣੇ।
ਮਾਝੇ ਵਿੱਚ ਗੁਰੂ ਅਮਰਦਾਸ ਜੀ ਨੇ ਸਿੱਖਾਂ ਦੇ ਕੇਂਦਰ ਲਈ ਅੰਮ੍ਰਿਤਸਰ ਵਾਲੀ ਜਗ੍ਹਾ ਚੁਣੀ। ਚਹੁੰ ਪਿੰਡਾਂ ਗੁਮਟਾਲਾ, ਤੁੰਗ, ਸੁਲਤਾਨਵਿੰਡ ਤੇ ਗਿਲਵਾਲੀ ਦੇ ਸਰਪੰਚ ਸਦਵਾ ਲਏ ਅਤੇ ਉਨ੍ਹਾਂ ਸਾਹਮਣੇ ਮੋੜੀ ਗਡਵਾ ਕੇ ਪਿੰਡ ਦਾ ਨਾਮ ਗੁਰੂ-ਚੱਕ ਰੱਖ ਦਿੱਤਾ। ਇਹ ਸਮਾਂ ਹਾੜ ਸੰਮਤ 1627 (ਜੂਨ ਸੰਨ 1570) ਦਾ ਹੈ। ਇਸ ਨੂੰ ਵਸਾਉਣ ਦਾ ਕੰਮ ਗੁਰੂ ਅਮਰਦਾਸ ਜੀ ਨੇ (ਗੁਰੂ) ਰਾਮਦਾਸ ਜੀ ਦੀ ਨਿਗਰਾਨੀ ਹੇਠ ਕਰਵਾਇਆ।
ਗੁਰੂ ਅਮਰਦਾਸ ਜੀ ਨੇ ਪਹਿਲੇ ਗੁਰੂਆਂ ਦੀ ਤਰ੍ਹਾਂ ਪੰਜਾਬੀ ਵਿੱਚ ਬਾਣੀ ਰਚੀ। ਗਿਣਤੀ ਪੱਖੋਂ ਗੁਰਬਾਣੀ ਰਚਨਾ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਦੇਵ ਜੀ ਦਾ ਤੇ ਦੂਜਾ ਸਥਾਨ ਗੁਰੂ ਅਰਜਨ ਦੇਵ ਜੀ ਦਾ ਹੈ। ਗੁਰੂ ਅਮਰਦਾਸ ਜੀ ਦਾ ਸਥਾਨ ਤੀਸਰਾ ਹੈ। ਗੁਰੂ ਜੀ ਨੇ ਸਤਾਰਾਂ ਰਾਗਾਂ ਵਿੱਚ ਬਾਣੀ ਰਚੀ ਜਿਨ੍ਹਾਂ ਦੇ ਨਾਂ ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਵਡਹੰਸ, ਸੋਰਠਿ, ਧਨਾਸਰੀ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਭੈਰਉ, ਬਸੰਤ, ਸਾਰੰਗ, ਮਲਾਰ ਅਤੇ ਪ੍ਰਭਾਤੀ ਹਨ। ਗੁਰੂ ਸਾਹਿਬ ਦੀ ਸਭ ਤੋਂ ਪ੍ਰਸਿੱਧ ਬਾਣੀ ਅਨੰਦ ਸਾਹਿਬ ਹੈ। ਕਾਵਿ ਰੂਪਾਂ ’ਚੋਂ ਗੁਰੂ ਸਾਹਿਬ ਨੇ ਪਦੇ, ਛੰਤ, ਅਸ਼ਪਦੀਆਂ, ਸਲੋਕ ਅਤੇ ਵਾਰਾਂ ਦੇ ਰੂਪ ਵਰਤੇ ਹਨ।
ਗੁਰੂ ਜੀ ਨੇ ਆਪਣਾ ਸਰੀਰਕ ਅੰਤ ਨੇੜੇ ਆਇਆ ਜਾਣ ਕੇ ਆਪਣੇ ਸਾਰੇ ਪਰਿਵਾਰ ਨੂੰ ਸੱਦਿਆ ਤੇ ਆਦੇਸ਼ ਦਿੱਤਾ ਕਿ ਕੋਈ ਵੀ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਨਾ ਹੀ ਅਫ਼ਸੋਸ ਕਰੇ ਅਤੇ ਨਾ ਹੀ ਰੋਏ ਸਗੋਂ ਗੁਰੂ ਦੀ ਬਾਣੀ ਦਾ ਪਾਠ ਕਰ ਕੇ ਵਾਹਿਗੁਰੂ ਦਾ ਨਾਮ ਜਪੇ। ਗੁਰੂ ਜੀ ਦੀ ਇਹ ਅੰਤਮ ਸਿੱਖਿਆ ਉਨ੍ਹਾਂ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ 6 ਪੌੜੀਆਂ ਦੀ ਬਾਣੀ ਦੇ ਰੂਪ ਵਿੱਚ ਲਿਖੀ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿੱਚ ‘ਸੱਦ’ ਸਿਰਲੇਖ ਹੇਠ ਦਰਜ ਕੀਤਾ ਹੈ।
ਗੁਰੂ ਜੀ ਨੇ ਪੂਰਬਲੇ ਗੁਰੂ ਸਾਹਿਬਾਨ ਤੇ ਕੁਝ ਭਗਤਾਂ ਦੀਆਂ ਰਚਨਾਵਾਂ ਇਕੱਤਰ ਕੀਤੀਆਂ ਤੇ ਇਨ੍ਹਾਂ ਨੂੰ ਪੋਥੀਆਂ ਦੇ ਰੂਪ ਵਿੱਚ ਇਕੱਠਾ ਕੀਤਾ। ਇਨ੍ਹਾਂ ਪੋਥੀਆਂ ’ਚੋਂ ਦੋ ਅੱਜ ਵੀ ਉਨ੍ਹਾਂ ਦੇ ਵਾਰਸਾਂ ਕੋਲ ਹਨ। ਇਹ ਕਾਰਜ (ਗੁਰੂ) ਗ੍ਰੰਥ ਸਾਹਿਬ ਦੇ ਵਿਧੀਪੂਰਵਕ ਸੰਕਲਨ ਵੱਲ ਚੱੁਕਿਆ ਅਹਿਮ ਕਦਮ ਸੀ। ਗੁਰੂ ਸਾਹਿਬ 95 ਸਾਲ ਦੀ ਉਮਰ ਪੂਰੀ ਕਰਨ ਪਿੱਛੋਂ ਆਪਣੇ ਜਵਾਈ ਜੇਠਾ ਜੀ ਨੂੰ ਗੁਰਗੱਦੀ ਸੌਂਪ ਕੇ ਭਾਦੋਂ ਸੁਦੀ 15, 1631 ਬਿਕਰਮੀ (1 ਸਤੰਬਰ 1574 ਈ.) ਨੂੰ ਜੋਤੀ ਜੋਤ ਸਮਾ ਗਏ।
ਸੰਪਰਕ: 94175-33060