ਡਾ. ਧਨਵੰਤ ਕੌਰ*
ਗੁਰਦੇਵ ਸਿੰਘ ਰੁਪਾਣਾ ਪੰਜਾਬੀ ਗਲਪ ਦੇ ਆਮ ਖ਼ਾਸ ਪਾਠਕਾਂ ਦੇ ਜ਼ਿਹਨ ਵਿਚ ਪਿਛਲੇ ਪੰਜ ਦਹਾਕਿਆ ਤੋਂ ਬਿਨਾਂ ਕਿਸੇ ਸਿਫ਼ਾਰਿਸ਼ ਦੇ, ਨਿਰਉਚੇਚ ਰੂਪ ਵਿਚ ਟਿਕਿਆ ਨਾਮ ਹੈ। ਸਾਹਿਤ ਅਕਾਦਮੀ, ਦਿੱਲੀ ਵੱਲੋਂ ਮਿਲੇ ਸਨਮਾਨ ਦੀ ਕੰਨਸੋਅ ਨੇ ਇਸ ਟਿਕਾਓ ਨੂੰ ‘ਦੇਰ ਆਇਦ ਦਰੁਸਤ ਆਇਦ’ ਵਰਗੀ ਤਸੱਲੀ ਤੇ ਤਲਾਫੀ ਵਾਲਾ ਅਹਿਸਾਸ ਬਖ਼ਸ਼ਿਆ ਹੈ।
ਅੱਧਕਹੇ, ਅਣਕਹੇ ਇਸ਼ਾਰਿਆਂ ਨਾਲ, ਹਲਕੇ ਹਲਕੇ ਵਿਅੰਗ ਤਨਜ਼, ਹੋਰ ਤਾਂ ਹੋਰ ਗੱਲਾਂ ਦਾ ਕੜਾਹ ਕਰਨ ਵਰਗੀ ਜੁਗਤ ਨਾਲ ਮਨੁੱਖੀ ਫਿਤਰਤ ਦੀਆਂ ਬੇਸ਼ੁਮਾਰ ਬੁਝਾਰਤਾਂ ’ਤੇ ਉਂਗਲ ਧਰਨ ਵਾਲੇ ਗੁਰਦੇਵ ਸਿੰਘ ਰੁਪਾਣਾ ਨੇ ਥੋੜ੍ਹਾ ਲਿਖਿਆ ਹੈ, ਪਰ ਜੋ ਵੀ ਲਿਖਿਆ ਹੈ ਉਹ ਜ਼ਿੰਦਗੀ ਪ੍ਰਤਿ ਸੂਝ ਨੂੰ ਵਧਾਉਣ, ਲਿਸ਼ਕਾਉਣ ਵਾਲਾ ਹੈ। 1970 ਵਿਚ ‘ਇਕ ਟੋਟਾ ਔਰਤ’ ਨਾਮੀ ਕਹਾਣੀ ਸੰਗ੍ਰਹਿ ਨਾਲ ਪੰਜਾਬੀ ਦੇ ਸਾਹਿਤਕ ਜਗਤ ਵਿਚ ਪ੍ਰਵੇਸ਼ ਪਾਉਣ ਵਾਲੇ ਰੁਪਾਣੇ ਦੇ ਹੁਣ ਤਕ ਛਪੇ ਛੇ ਸੰਗ੍ਰਹਿਆਂ (ਅੱਖ ਦਾ ਜਾਦੂ, ਡਿਫੈਂਸ ਲਾਈਨ, ਸ਼ੀਸ਼ਾ ਤੇ ਹੋਰ ਕਹਾਣੀਆਂ, ਰਾਂਝਾ ਵਾਰਿਸ ਹੋਇਆ, ਆਮ ਖ਼ਾਸ) ਵਿਚ ਸ਼ਾਮਿਲ ਕਹਾਣੀਆਂ ਦੀ ਗਿਣਤੀ ਮਸਾਂ ਪੰਜਾਹਾਂ ਨੂੰ ਢੁਕਦੀ ਹੈ। ‘ਜਲਦੇਵ’, ‘ਆਸੋ ਦਾ ਟੱਬਰ’, ‘ਗੋਰੀ’, ‘ਸ਼੍ਰੀਪਰਵਾ’ ਵਰਗੇ ਨਾਵਲਾਂ ਤੋਂ ਇਲਾਵਾਂ ‘ਟੁੱਟਦੇ ਬੰਧਨ’ (ਨਬਿੰਧ), ‘ਵੀਰਾਨੇ ਤੇ ਬਹਾਰਾਂ’ (ਦੋਸਤੋਵਸਕੀ ਦੀਆਂ ਕਹਾਣੀਆਂ) ਉਸ ਦੀ ਬੁਚਕੀ ਦਾ ਹੀ ਨਹੀਂ, ਪੰਜਾਬੀ ਜਗਤ ਦਾ ਸਰਮਾਇਆ ਹਨ। ‘ਗੋਰੀ’ ਨਾਵਲ ਵਿਚਲੀ ਅੱਥਰੀ ਰੌਂਅ ਅਤੇ ਅਥਾਹ ਰਵਾਨੀ ਵਾਲੀ ਬਿਰਤਾਂਤਕਾਰੀ ਦੀ ਕੋਈ ਹੋਰ ਮਿਸਾਲ ਪੰਜਾਬੀ ਗਲਪ ਨੇ ਅਜੇ ਸਿਰਜਣੀ ਹੈ।
ਪੰਜਾਬੀ ਜੀਵਨ ਦੀ ਜਿਸ ਵਿਰਾਟਤਾ, ਵਿਸ਼ਾਲਤਾ, ਬਹੁਰੰਗਤਾ ਤੇ ਨਿਰੰਤਰਤਾ ਨੂੰ ਰੁਪਾਣੇ ਨੇ ਆਪਣੀ ਕਥਾਕਾਰੀ ਵਿਚ ਸਮੋਇਆ ਹੈ, ਉਹ ਚੋਣ ਦੇ ਲਿਹਾਜ਼ ਨਾਲ ਵੀ, ਪੇਸ਼ਕਾਰੀ ਦੇ ਲਿਹਾਜ਼ ਨਾਲ ਵੀ ਵੱਖਰੀ ਹੈ। ਉਸ ਨੇ ਜ਼ਿੰਦਗੀ ਦੇ ਹਰ ਪੜਾਅ, ਹਰ ਉਮਰ ਦੀ ਧੁੱਪ ਛਾਂ ਦੇ ਕਥਾ ਬਿੰਬ ਸਿਰਜੇ ਹਨ। ਇਹ ਬਿੰਬ ਰੰਗ ਬਿਰੰਗੇ ਹਨ ਕਿਤੇ ਉਦਾਸ ਅਤੇ ਕਿਤੇ ਉਲਾਸ ਭਰੇ, ਕਿਤੇ ਤੜਪ ਤੇ ਕਿਤੇ ਸੋਜ਼ ਭਰੇ, ਕਿਤੇ ਵਿਸ਼ਾਦ ਤੇ ਕਿਤੇ ਜੀਵੰਤਤਾ ਭਰੇ। ਉਸ ਦੀ ਕਹਾਣੀ ਵਿਚ ਜੇ ਬਚਪਨ ਆਉਂਦਾ ਹੈ ਤਾਂ ਬਚਪਨ ਦੀ ਅਣਭੋਲਤਾ, ਅਬੋਧਤਾ ਹੀ ਨਹੀਂ, ਮਨੁੱਖੀ ਫਿਤਰਤ ਦੀ ਘਾੜਤ ਵਿਚ ਬਾਲਪਨ ਦੇ ਚਿਰੰਜੀਵੀ ਪ੍ਰਭਾਵ ਵੀ ਉਘੜਦੇ ਵਿਖਾਈ ਦਿੰਦੇ ਹਨ। ਜੇ ਉਹ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਦੇ ਕਿਸ਼ੋਰ ਪਾਤਰਾਂ ਦੀ ਕਹਾਣੀ ਕਹਿੰਦਾ ਹੈ ਤਾਂ ਜਵਾਨੀ ਦਾ ਅੱਥਰਾ ਜੋਸ਼, ਕੁਝ ਹੋਣ ਅਤੇ ਆਪਣੇ ਆਪ ਨੂੰ ਕੁਝ ਸਮਝਣ ਦੀਆਂ ਸ਼ੋਖੀਆਂ ਤੇ ਦਾਅਵੇ ਕਹਾਣੀ ਵਿਚ ਸਾਹ ਲੈਂਦੇ ਪ੍ਰਤੀਤ ਹੁੰਦੇ ਹਨ। ਜੇ ਉਹ ਅੱਧਖੜ ਉਮਰ ਨੂੰ ਪ੍ਰਤੱਖਦਾ ਹੈ ਤਾਂ ਜ਼ਿੰਦਗੀ ਦੇ ਚਿਤਰਪੱਟ ’ਤੇ ਬਣੇ ਰਹਿਣ ਦੇ ਬਹਾਨੇ ਸਿਰ ਚੁੱਕਦੇ ਵਿਖਾਈ ਦਿੰਦੇ ਹਨ ਅਤੇ ਜੇ ਉਹ ਬੁਢਾਪੇ ਦੀ ਕਹਾਣੀ ਲਿਖਦਾ ਹੈ ਤਾਂ ਯਾਦਾਂ, ਸਿਮਰਤੀਆਂ, ਸ਼ੰਕਾਵਾਂ, ਝੋਰਿਆਂ, ਆਦਰਸ਼ਾਂ, ਭੱਦਰਕਾਰੀਆਂ ਵਿਚ ਘਿਰੇ ਆਪਣੇ ਪਾਤਰਾਂ ਰਾਹੀਂ ਨਵੇਂ ਇੰਕਸ਼ਾਫ ਦਰਜ ਕਰਵਾਉਂਦਾ ਹੈ। ਮਨੁੱਖੀ ਫਿਤਰਤ ਦੇ ਅੰਦਰਵਾਰ ਵਿਚਰਦੇ ਆਂਤਰਿਕ ਸੰਵੇਦਾਂ ਦੀ ਇਹ ਨਿਆਰੀ ਰੇਂਜ ਤੇ ਰਵਾਨੀ ਹਰ ਵਰਗ ਦੇ ਪਾਠਕ ਨੂੰ ਆਪਣੇ ਪ੍ਰਭਾਵ ਹੇਠ ਲਿਆਉਂਦੀ ਹੈ।
ਗੁਰਦੇਵ ਰੁਪਾਣਾ ਰਵਾਇਤੀ ਵਿਸ਼ਿਆਂ ਦਾ ਗਲਪਕਾਰ ਨਹੀਂ। ਉਸ ਦੀ ਕਹਾਣੀ ਆਰਥਿਕ ਅਭਾਵਾਂ ਜਾਂ ਸਮਾਜਿਕ ਦਬਾਵਾਂ ਦੀ ਕਹਾਣੀ ਨਹੀਂ। ਉਹ ਨਾ ਅਮੂਰਤ, ਅਣਕਿਆਸੀਆਂ, ਅਚੰਭਿਤ ਕਰਨ ਵਾਲੀਆਂ ਕਲਪਨਾਵਾਂ ਦੀ ਕਹਾਣੀ ਕਹਿੰਦਾ ਹੈ ਨਾ ਮਨੁੱਖੀ ਵਚਿੱਤਰਤਾਵਾਂ ਦੇ ਰੋਲ ਮਾਡਲ ਘੜਦਾ ਹੈ। ਇਹ ਨਹੀਂ ਕਿ ਉਸ ਦੀ ਕਹਾਣੀ ਵਿਚ ਰਾਜਨੀਤਕ ਇਤਿਹਾਸਕ ਯਥਾਰਥ ਨਹੀਂ ਜਾਂ ਆਰਥਿਕ ਸਮਾਜਿਕ ਮਸਲੇ ਨਹੀਂ ਜਾਂ ਜਾਤੀ ਜਮਾਤੀ ਲਿੰਗਕ ਦਰਜੇਬੰਦੀਆਂ ਦੀ ਗੱਲ ਨਹੀਂ। 1947 ਦੀ ਵੰਡ ਦੇ ਵਹਿਸ਼ਤੀ ਦੌਰ ਤੋਂ ਲੈ ਕੇ ਆਜ਼ਾਦ ਹਿੰਦੋਸਤਾਨ ਵਿਚ ਲੋਕਤੰਤਰ ਦੀਆਂ ਕੂਟਨੀਤਕ ਚਾਲਾਂ ਨੂੰ ਘੜਦਾ ਜਜ਼ਬ ਕਰਦਾ ਪੰਜਾਬੀ ਉਸ ਦੀ ਕਹਾਣੀ ਦੇ ਕਲਾਵੇ ਵਿਚ ਹੈ। ਤਕੜਿਆਂ ਮਾੜਿਆਂ ਦੇ ਜੁੱਟ ਵਿਚ ਹਾਜ਼ਰ ਸ਼ੋਸ਼ਣ, ਮਰਦ ਔਰਤ ਸੰਬੰਧਾਂ ਵਿਚ ਹਾਜ਼ਰ ਪਿਤਰਕੀ, ਘਰਾਂ ਦੇ ਅੰਦਰਵਾਰ ਜਾਂ ਰਿਸ਼ਤਿਆਂ ਦੇ ਵਿਚ ਵਿਚਾਲੇ ਚਲਦੀ ਖਿੱਚਾਧੂਹੀ ਜਾਂ ਠੱਗੀ ਤੋਂ ਵੀ ਉਸ ਦੀ ਕਹਾਣੀ ਪਾਸਾ ਨਹੀਂ ਵੱਟਦੀ। ਪਰ ਇਹ ਉਸ ਦੀ ਕਹਾਣੀ ਦੇ ਕੇਂਦਰੀ ਵਿਸ਼ੇ ਨਹੀਂ। ਉਸ ਨੇ ਕਹਾਣੀ ਦੀ ਵਿਧਾ ਨੂੰ, ਕਹਾਣੀ ਦੀ ਰੂਹ ਨੂੰ, ਕਹਾਣੀ ਦੇ ਘੇਰੇ ਨੂੰ ਆਪਣੇ ਢੰਗ ਨਾਲ ਪਛਾਣਿਆ, ਪ੍ਰਵਾਨਿਆ ਅਤੇ ਪਰਿਭਾਸ਼ਿਤ ਕੀਤਾ ਹੈ।
ਮੇਰੀ ਜਾਚੇ ਉਸ ਲਈ ਕਹਾਣੀ ਦੀ ਵਿਧਾ ਵਿਚ ਰਚਣ ਦਾ ਮਨੋਰਥ ਹੈ ਆਪਣੇ ਪਾਤਰਾਂ ਰਾਹੀਂ ਮਨੁੱਖੀ ਜ਼ਿੰਦਗੀ ਦੇ, ਮਨੁੱਖੀ ਫਿਤਰਤ ਦੇ, ਮਨੁੱਖ ਦੇ ਲਾਜ਼ਮ ਆਪੇ ਦਾ ਕੋਈ ਪੱਖ ਰੁਸ਼ਨਾਉਣਾ, ਮਨੁੱਖ ਦੇ ਹੋਂਦਵਾਨ ਹੋਣ ਜਾਂ ਥਿੜਕਣ ਦੇ ਹਾਲਾਤ ਸੰਬੰਧੀ ਕੋਈ ਪ੍ਰਮਾਣ ਪੇਸ਼ ਕਰਨਾ, ਮਨੁੱਖ ਦੇ ਥੀਣ ਦੀ ਕੋਈ ਗਵਾਹੀ ਪੇਸ਼ ਕਰਨੀ। ਉਸ ਦੀਆਂ ਕਹਾਣੀਆਂ ਵਿਚ ਜੀਊਣ ਦੀ ਖ਼ੁਆਹਿਸ਼ ਬਲਕਿ ਜਿਊਂਦੇ ਸਮਝੇ ਜਾਣ ਦੀ ਖ਼ੁਆਹਿਸ਼ ਇਕ ਪ੍ਰਕਾਸ਼ ਪੁੰਜ ਵਜੋਂ ਉਭਰਦੀ ਹੈ। ਸਾਰੀਆਂ ਮੁਸ਼ਕਿਲਾਂ, ਤਕਲੀਫ਼ਾਂ, ਯਾਤਨਾਵਾਂ ਨੂੰ ਪਿੱਛੇ ਪਾ ਕੇ, ਉਨ੍ਹਾਂ ਨੂੰ ਜਰਜਰ ਤੇ ਭੁਰਭੁਰੀਆਂ ਵਿਖਾ ਕੇ ਆਪਣੇ ਕਥਾਨਾਇਕ ਦੀ ਜ਼ਿੰਦਗੀ ਦੀ ਅਭਿਲਾਸ਼ਾ ਵਿਚੋਂ ਪ੍ਰੇਰਨਾ ਦਾ ਇਕ ਛਿਣ ਸਿਰਜ ਦੇਣਾ ਉਸ ਲਈ ਕਹਾਣੀ ਦੀ ਕਸੌਟੀ ਹੈ। ਉਸ ਦੇ ਕਥਾਨਾਇਕ ਦੀ ਅਭਿਲਾਸ਼ਾ ਬਿਰਤਾਂਤਕ ਸ੍ਰੋਤੇ ਦੀ ਬੌਧਿਕਤਾ ਨੂੰ ਨਹੀਂ, ਉਸ ਦੀ ਭਾਵਨਾ, ਜਜ਼ਬੇ, ਕਲਪਨਾ, ਸੂਝ ਨੂੰ ਸੀਖਦੀ ਹੈ ਸਗੋਂ ਬਹੁਤੀ ਵਾਰ ਉਸ ਦੀ ਸੰਵੇਦਨਸ਼ੀਲਤਾ ’ਤੇ ਡੂੰਘਾ ਵਾਰ ਕਰਦੀ ਹੈ, ਉਸ ਨੂੰ ਨਵੀਆਂ ਚੁਣੌਤੀਆਂ ਦੇ ਸਨਮੁਖ ਕਰਦੀ ਹੈ। ਕਹਾਣੀ ਦੀ ਵਿਧਾ ਨੂੰ ਇਸ ਤਵੱਕੋ ਨਾਲ ਪ੍ਰਤੱਖਣ ਅਤੇ ਨਿਭਾਉਣ ਦੀ ਰੀਤ ਨੇ ਉਸ ਨੂੰ ਆਪਣੇ ਦੌਰ ਦੀ ਸਮਕਾਲੀਨਤਾ ਵਿਚ ਵੀ ਵੱਖਰੇ ਤੇ ਵਿਲੱਖਣ ਹੋਣ ਦਾ ਸ਼ਊਰ ਬਖ਼ਸ਼ਿਆ ਹੈ।
ਪੰਜਾਬੀ ਕਹਾਣੀ ਵਿਚ ਉਸ ਨੂੰ ਅਮਰ ਬਣਾਉਣ ਲਈ ਦੇਸ਼ ਵੰਡ ਨਾਲ ਸੰਬੰਧਿਤ ਉਸ ਦੀਆਂ ਦੋ ਕਹਾਣੀਆਂ ‘ਹਵਾ’ ਅਤੇ ‘ਸ਼ੀਸ਼ਾ’ ਹੀ ਕਾਫ਼ੀ ਹਨ। ਰੁਪਾਣਾ ਦੇ ਆਪਣੇ ਕਹਿਣ ਅਨੁਸਾਰ ਉਸ ਨੇ ਕਹਾਣੀਆਂ ਇਕੋ ਵਾਕਿਆ ਨੂੰ ਲੈ ਕੇ ਰਚੀਆਂ ਅਤੇ ਵਾਕਿਆ ਸੀ:
ਦੇਸ਼ ਦੀ ਵੰਡ ਸਮੇਂ, 1947 ਵਿਚ, ਪਿੰਡ ਵਿਚੋਂ ਲੰਘਦੀ ਸੜਕ ਉੱਤੋਂ ਇਕ ਪੰਦਰਾਂ ਵੀਹ ਮੀਲ ਲੰਮਾ ਕਾਫ਼ਲਾ ਲੰਘਿਆ। ਲੁਟੇਰੇ ਅਤੇ ਧਾੜਵੀ ਕਾਫ਼ਲੇ ਦੇ ਪਿੱਛੋਂ ਥੋੜ੍ਹੇ ਕੁ ਬੰਦਿਆਂ ਨੂੰ ਵੱਖ ਕਰ ਲੈਂਦੇ। ਲੁੱਟ ਮਾਰ ਕਰਦੇ। ਮਰਦਾਂ ਤੇ ਬੁੱਢੀਆਂ ਔਰਤਾਂ ਨੂੰ ਮਾਰ ਦਿੰਦੇ। ਜਵਾਨ ਤੀਵੀਆਂ ਨੂੰ ਉਧਾਲ ਕੇ ਲੈ ਜਾਂਦੇ। ਹੋਰ ਧਾੜਵੀ ਆ ਜਾਂਦੇ। ਇਹ ਸਿਲਸਿਲਾ ਚਲਦਾ ਰਿਹਾ। ਪਿੱਛੋਂ ਕਾਫ਼ਲਾ ਵੱਢਿਆ ਜਾ ਰਿਹਾ ਸੀ ਅੱਗੋਂ ਤੁਰ ਰਿਹਾ ਸੀ। ਸੜਕ ਲਾਸ਼ਾਂ ਨਾਲ ਭਰ ਗਈ।
‘ਹਵਾ’ ਕਹਾਣੀ ਇਸ ਵਾਕਿਆ ਤੋਂ ਫੌਰੀ ਬਾਅਦ ਦੀ ਸਥਿਤੀ ਨੂੰ ਚਿਤਰਦੀ ਹੈ ਅਤੇ ਇਸ ਸਥਿਤੀ ਦੇ ਤਟਫਟ ਗਵਾਹ ਵਜੋਂ ਲਾਸ਼ਾਂ ਨਾਲ ਭਰੀ ਇਸੇ ਸੜਕ ਤੋਂ ਆਪਣੀ ਊਠ ਗੱਡੀ ਨਾਲ ਬਜ਼ਾਰੋਂ ਪਿੰਡ ਪਰਤ ਰਹੇ ਮਦਨ ਨੂੰ ਕਹਾਣੀ ਦਾ ਕਰਿੰਦਾ ਬਣਾਉਂਦਾ ਹੈ। ਪਾਣੀ ਲਈ ਸਹਿਕਦੇ ਤੜਫ਼ਦੇ ਕੱਟੇ ਵੱਢੇ ਬੰਦੇ, ਲਹੂ ਅਤੇ ਲਾਸ਼ਾਂ ਨਾਲ ਅੱਟੀ ਪਈ ਕੱਸੀ, ਮੋਈਆਂ ਮਾਵਾਂ ਦੀਆਂ ਛਾਤੀਆਂ ਉੱਤੇ ਸਿਰ ਰੱਖਕੇ ਡੁਸਕਦੇ ਬੱਚਿਆਂ ਨੂੰ ਵੇਖ ਕੇ ਉਸਦਾ ਮਨ ਦਹਿਲ ਜਾਂਦਾ ਹੈ। ਉਹ ਇਕੱਲਾ ਕਿਸ ਕਿਸ ਨੂੰ ਸੰਭਾਲੇ? ਕਿੱਥੋਂ ਪਾਣੀ ਲਿਆ ਕੇ ਪਿਆਵੇ? ਸੋਚ ਕੇ ਉਹ ਏਨਾ ਭੰਵਤਰ ਜਾਂਦਾ ਹੈ ਕਿ ਗੋਦੀ ਚੁੱਕੀ ਕੁੜੀ ਨੂੰ ਵੀ ਬਾਕੀ ਬੱਚਿਆਂ ਕੋਲ ਬਿਠਾ ਉਹ ਗੱਡੀ ਦੇ ਉੱਤੇ ਚੜ੍ਹ ਬੈਠਦਾ ਹੈ ਅਤੇ ਲਾਸ਼ਾਂ ਦੇ ਉਪਰੋਂ ਧੜੱਕ ਧੜੱਕ ਕਰਕੇ ਲੰਘਦੀ ਗੱਡੀ ਹੀ ਉਸ ਨੂੰ ਅਹਿਸਾਸ ਕਰਵਾਉਂਦੀ ਹੈ ਕਿ ਉਹ ਲਾਸ਼ਾਂ ਨੂੰ ਮਿੱਧ ਰਿਹਾ ਹੈ ਜਾਂ ਲਹੂ ਲਬਿੜੀ ਸੜਕ ਤੋਂ ਲੰਘ ਰਿਹਾ ਹੈ। ਪੰਜ ਮੀਲ ਦਾ ਇਹ ਪੰਧ ਮੁਕਾਉਂਦਿਆਂ ਉਹ ਏਨਾ ਸਿੱਥਲ ਤੇ ਸੰਵੇਦਨਹੀਣ ਹੋ ਜਾਂਦਾ ਹੈ ਕਿ ਘਰ ਪਹੁੰਚ ਕੇ ਮਿਲੀ ਉਸ ਦੇ ਇਕੋ ਇਕ ਪੁੱਤਰ ਬਿਲੂ ਦੀ ਕੋਠੇ ਤੋਂ ਡਿੱਗ ਕੇ ਹੋਈ ਮੌਤ ਦੀ ਖ਼ਬਰ ਵੀ ਉਸ ਨੂੰ ਦ੍ਰਵਿਤ ਨਹੀਂ ਕਰਦੀ।
‘ਸ਼ੀਸ਼ਾ’ ਕਹਾਣੀ ਇਸ ਵਾਕਿਆ ਤੋਂ 35 ਸਾਲ ਬਾਅਦ ਦੀ ਕਹਾਣੀ ਹੈ, ਪਰ ਇਸ ਕਹਾਣੀ ਦੇ ਪਿਛੋਕੜ ਵਿਚ ਵੀ ਇਹੀ ਘਟਨਾ ਹੈ। ਪਿੰਡ ਵਿਚ ਬੂੜੈ ਵੈਲੀ ਦਾ ਸਿਵਾ ਬਲ ਰਿਹਾ ਹੈ। ਲੋਕ ਬਿਨਾਂ ਕਿਸੇ ਤਾਪ ਤਕਲੀਫ਼ ਦੇ ਸੌਖੇ ਸਾਹ ਨਿਕਲ ਜਾਣ ਕਰਕੇ ਮਰਨ ਵਾਲੇ ਵੱਲੋਂ ਕੀਤੇ ਬਾਹਲੇ ਪੁੰਨਾਂ ਦੇ ਕਿਆਫ਼ੇ ਲਾ ਰਹੇ ਹਨ। ਬੂੜੇ ਦੇ ਪੁੱਤਰ ਮਿਹਰੂ ਨੂੰ ਲੱਗਦਾ ਹੈ ਕਿ ਉਸ ਦੇ ਪਿਓ ਦੀ ਸੌਖੀ ਮੌਤ ਲੋਕਾਂ ਨੂੰ ਚੁਭ ਰਹੀ ਹੈ। ਉਹ ਲੋਕਾਂ ਨੂੰ ਦੱਸ ਰਿਹਾ ਹੈ ਕਿ ਉਸ ਦੇ ਪਿਓ ਨੇ ਵੱਡਾ ਉਪਕਾਰ ਕੀਤਾ ਸੀ। ਜਦੋਂ ਰੌਲਿਆਂ ਵੇਲੇ ਪਿੰਡ ਵਾਲੇ ਲਾਸ਼ਾਂ ਸਮੇਟ ਰਹੇ ਸਨ ਤਾਂ ਪਿੰਡ ਦੀ ਜੂਹ ਵਿਚੋਂ ਕੁਝ ਦੁੱਧ ਪੀਂਦੇ ਬੱਚੇ ਜਿਊਂਦੇ ਲੱਭੇ ਸਨ। ਪਿੰਡ ਵਾਲੇ ਉਨ੍ਹਾਂ ਨੂੰ ਧਰਮਸ਼ਾਲਾ ਵਿਚ ਲੈ ਆਏ ਸਨ, ਕੁਝ ਬੱਚੇ ਆਲੇ-ਦੁਆਲੇ ਦੇ ਪਿੰਡ ਦੇ ਲੋਕ ਲੈ ਗਏ ਸਨ, ਪਰ ਤੀਹ ਕੁ ਬੱਚੇ ਐਸੇ ਸਨ ਜਿਨ੍ਹਾਂ ਦੀ ਉਮਰ ਮਹੀਨਿਆਂ ਵਿਚ ਹੀ ਸੀ ਤੇ ਉਨ੍ਹਾਂ ਨੂੰ ਸੰਭਾਲਦੇ ਪਿੰਡ ਵਾਲੇ ਕੁਝ ਦਿਨਾਂ ਵਿਚ ਹੀ ਦੁਖੀ ਹੋ ਗਏ ਸਨ, ਉਨ੍ਹਾਂ ਦਾ ਕੀ ਕੀਤਾ ਜਾਵੇ ਦਾ ਹੱਲ ਬੂੜੇ ਨੇ ਇਹ ਕਹਿ ਕੇ ਕੱਢਿਆ ਸੀ “ਪਰ੍ਹਾਂ ਮੁਕਤੀ ਕਰੋ ਵਿਚਾਰਿਆਂ ਦੀ’’ ਅਤੇ ਮੁਕਤੀ ਕਰਨ ਦੇ ਖਿਆਲ ਨਾਲ ਜਦੋਂ ਸਾਰੇ ਦਹਿਲ ਗਏ ਸਨ ਉਦੋਂ ਵੀ ਬੂੜੇ ਨੇ ਕਿਹਾ ਸੀ ‘‘ਲਿਆਓ ਮੈਂ ਕਰਦਾਂ ਇਹ ਪੁੰਨ।’’ ਉਹ ਬੱਚਿਆਂ ਨੂੰ ਸੂਏ ’ਤੇ ਲੈ ਗਿਆ ਸੀ ਤੇ ਇਕ ਇਕ ਟੱਕ ਲਾ ਕੇ ਸੂਏ ਵਿਚ ਸੁੱਟ ਦਿੱਤੇ ਸਨ। ਇਕ ਅਜਿਹੀ ਦਹਿਲਾ ਦੇਣ ਵਾਲੀ ਘਟਨਾ ਜਿਸ ਵਿਚ ਬਰਬਰਤਾ, ਬੇਲਾਗਤਾ ਦੇ ਸਾਰੇ ਮਾਨਦੰਡ ਟੁੱਟਦੇ ਹਨ, ਜਿਹੜੀ 35 ਸਾਲ ਬਾਅਦ ਵੀ ਸਾਨੂੰ ਪੁੰਨ ਜਾਪਦੀ ਹੈ, ਦੀ ਪੇਸ਼ਕਾਰੀ ਸਾਨੂੰ ਸਾਡੇ ਅੰਦਰ ਵੱਲ ਮੋੜਦੀ ਹੈ, ਸੀਸ਼ਾ ਵਿਖਾਉਂਦੀ ਹੈ, ਸਾਨੂੰ ਸਾਡੇ ਹਾਲ ’ਤੇ ਛੱਡਦੀ ਹੈ।
ਗੁਰਦੇਵ ਰੁਪਾਣਾ ਮਨੁੱਖੀ ਮਨ ਦੀਆਂ ਬੁਝਾਰਤਾਂ ਪਾਉਣ ਵਾਲਾ ਕਹਾਣੀਕਾਰ ਹੈ। ਉਹ ਮਨੁੱਖੀ ਸੁਭਾਅ ਦੇ ਸ਼ਹੁਸਾਗਰ ਵਿਚ ਡੂੰਘਾ ਉਤਰਦਾ ਹੈ ਅਤੇ ਹਲਕੇ ਹਲਕੇ ਇਸ਼ਾਰਿਆਂ ਨਾਲ ਪਹੇਲੀਆਂ ਪਾਉਂਦਾ ਹੈ। ਉਸ ਦੀ ਮਨਭਾਉਂਦੀ ਰੱਖ ਹੈ- ਨਾਰੀਮਨ। ਰੁਪਾਣੇ ਦੀਆਂ ਕਹਾਣੀਆਂ ਵਿਚ ਨਾਰੀ ਬਿੰਬ ਨਾਰੀ ਮਨ ਦੀਆਂ ਅੰਤਰਮੁਖਤਾਵਾਂ ਦੇ ਬਹੁਪਰਤੀ ਆਯਾਮਾਂ ਦੇ ਪਰਿਆਇ ਬਣ ਗਏ ਹਨ। ਨਾਰੀ ਪ੍ਰਤਿ ਸਾਡੀਆਂ ਸਮਾਜਿਕ ਸਮਝਾਂ/ਮੁੱਲਾਂ ਅਤੇ ਨਾਰੀਮਨ ਦੀਆਂ ਸ਼ੋਖੀਆਂ/ਚਾਹਤਾਂ ਦੀ ਵਿਚ ਵਿਚਾਲੜੀ ਵਿੱਥ ’ਤੇ ਜਿਵੇਂ ਉਸ ਨੇ ਆਪਣੇ ਕਥਾ ਬਿੰਬ ਟਿਕਾਏ ਹਨ, ਉਹ ਉਸ ਦੀ ਕਥਾ ਸੰਵੇਦਨਾ ਦੀ ਨਿਆਰੀ ਪਛਾਣ ਬਣੇ ਹਨ। ਉਸ ਦੀਆਂ ਅੱਧੀਆਂ ਤੋਂ ਵੱਧ ਕਹਾਣੀਆਂ ਵਿਚ ਨਾਇਕਤਵ ਦਾ ਹੱਕ ਨਾਰੀ ਨੂੰ ਮਿਲਦਾ ਹੈ। ਪੰਜਾਬੀ ਗਲਪ ਵਿਚ ਬਹੁਤੀ ਵਾਰ ਨਾਰੀ ਦੀ ਪੇਸ਼ਕਾਰੀ ਕਿਸੇ ਹੋਰ ਦੀਆਂ ਰਾਵਾਂ, ਸੈਨਤਾਂ, ਬੋਲਾਂ ਸਮਝਾਂ, ਭਾਵਾਂ, ਫਤਵਿਆਂ ਰਾਹੀਂ ਹੁੰਦੀ ਹੈ। ਪਰ ਰੁਪਾਣਾ ਨਾਰੀਮਨ ਦੀਆਂ ਸ਼ੋਖੀਆਂ, ਪਰੇਸ਼ਾਨੀਆਂ, ਚਾਹਤਾਂ, ਚੁਸਤੀਆਂ, ਸਮਝਾਂ ਜਾਂ ਕਲਪਨਾਵਾਂ ਨੂੰ ਕਿਸੇ ਹੋਰ ਦੇ ਬੋਲਾਂ ਵਿਚ ਨਹੀਂ ਉਸ ਦੇ ਆਪਣੇ ਬੋਲਾਂ ਵਿਚ ਨਿਹਿਤ ਕਰਦਾ ਹੈ। ਉਸ ਦੀ ਕਥਾ ਨਾਇਕਾ ਆਪਣੇ ਆਪੇ ਨੂੰ ਇਕੋ ਵੇਲੇ ਬੜੀ ਸਾਵਧਾਨੀ, ਬੜੀ ਸੁਹਿਰਦਤਾ ਨਾਲ ਹੀ ਨਹੀਂ, ਬੜੀ ਬੇਕਿਰਕ ਹੋ ਕੇ ਵੀ ਖੰਗਾਲਦੀ ਹੈ।
ਔਰਤ ਮਰਦ ਸੰਬੰਧਾਂ ਨੂੰ ਚਿਤਰਦਿਆਂ ਰੁਪਾਣਾ ਰਿਸ਼ਤਿਆਂ ਦੇ ਅੰਦਰੂਨੀ ਸੰਸਾਰ ਵਿਚ ਏਨਾ ਗਹਿਰਾ ਉਤਰਦਾ ਕਿ ਸਵੈ-ਮਾਣ ਅਤੇ ਸਵੈ-ਅਭਿਮਾਨ ਵਿਚਲੀ ਤਕਲੀਫ਼ ਨੂੰ ਵੀ ਬਿੰਬਾਂ ਵਿਚ ਬੰਨ੍ਹ ਜਾਂਦਾ ਹੈ। ਰਿਸ਼ਤੇ ਦੀ ਤੰਦ, ਰਿਸ਼ਤੇ ਦੀ ਰੱਸਾਕਸ਼ੀ ਅਤੇ ਰਿਸ਼ਤੇ ਦੀ ਚੁਣੌਤੀ ਨੂੰ ਸਿਰਜਦਿਆਂ ਉਹ ਨਾ ਸਿਰਫ਼ ਭਾਵਾਂ ਜਜ਼ਬਿਆਂ ਅਹਿਸਾਸਾਂ ਦੇ ਸ਼ਿੱਦਤੀ ਪ੍ਰਭਾਵ ਨੂੰ ਬਣਾਉਂਦਾ ਸਗੋਂ ਪਾਠਕ ਦੀ ਕਲਪਨਾ ਨੂੰ, ਪਾਠਕ ਦੀ ਸੂਝ ਨੂੰ ਪਹੇਲੀਆਂ ਪਾ ਪਾ ਨਵੇਂ ਦਿਸਹੱਦੇ ਵਿਖਾਉਂਦਾ ਹੈ। ਉਹ ਕਹਾਣੀ ਸਿੱਖਿਆ ਦੇਣ ਲਈ ਨਹੀਂ ਲਿਖਦਾ। ਬਲਕਿ ਰੁਪਾਣੇ ਦੀ ਕਹਾਣੀ ਨੂੰ ਸਿੱਖਿਆ ਜਾਂ ਸੂਤਰ ਦੀ ਭਾਲ ਲਈ ਘਟਾਉਣਾ ਉਸ ਦੇ ਕਹਾਣੀ ਕਹਿਣ ਦੇ ਅੰਦਾਜ਼ ਨਾਲ ਵੱਡਾ ਅਨਿਆਂ ਹੋਵੇਗਾ। ਉਸ ਦੀ ਕਹਾਣੀ ਸਿੱਖਿਆ ਨਹੀਂ, ਥੀਮ ਉਸਾਰਦੀ ਹੈ। ਉਹ ਮਨੁੱਖੀ ਹੋਂਦ ਦੇ, ਮਨੁੱਖੀ ਫਿਤਰਤ ਦੇ, ਮਨੁੱਖੀ ਸੁਭਾਅ ਦੇ, ਮਨੁੱਖੀ ਚਾਹਤਾਂ ਦੇ, ਮਨੁੱਖੀ ਅਹਿਸਾਸਾਂ ਦੇ ਕਿਸੇ ਆਂਸ਼ਿਕ ਪਸਾਰ ਨੂੰ ਰੌਸ਼ਨੀ ਵਿਚ ਲਿਆਉਣ ਲਈ, ਉਸ ਤੋਂ ਪਰਦੇ ਲਾਹੁਣ ਲਈ ਜਾਂ ਉਸ ਨੂੰ ਜਿਊਂਦਿਆਂ ਕਰਨ ਲਈ ਕਹਾਣੀ ਰਚਦਾ ਹੈ। ਇਸ ਮੰਤਵ ਲਈ ਉਸ ਦਾ ਫੋਕਸ ਏਨਾ ਨੇੜਲਾ ਤੇ ਏਨਾ ਕਲਾਤਮਕ ਹੁੰਦਾ ਹੈ ਕਿ ਉਹ ਜ਼ਿੰਦਗੀ ਪ੍ਰਤਿ ਕਈ ਕਈ ਅਤੇ ਬਹੁਤੀ ਵਾਰ ਜਟਿਲ ਅੰਤਰਦ੍ਰਿਸ਼ਟੀਆਂ ਪ੍ਰਦਾਨ ਕਰਦਾ ਹੈ।
ਗੁਰਦੇਵ ਰੁਪਾਣਾ ਦੇ ਪਾਤਰ ਪੰਜਾਬੀਆਂ ਦੇ ਲੋਕਮਨ ਨੂੰ ਜਾਣਨ ਦਾ ਬੇਸ਼ਕੀਮਤੀ ਮੌਕਾ ਦਿੰਦੇ ਹਨ। ਕਿੱਸਾਗੋਈ ਦਾ ਜਾਦੂ ਤਾਂ ਉਸ ਦੀ ਲਗਭਗ ਹਰ ਕਹਾਣੀ ਵਿਚ ਵੇਖਿਆ ਜਾ ਸਕਦਾ ਹੈ। ਹਰ ਪੱਧਰ ਦਾ ਪਾਠਕ ਉਸ ਦੀ ਕਹਾਣੀ ਨੂੰ ਆਪਣੀ ਸੁਹਜ ਸਮਰੱਥਾ ਅਨੁਸਾਰ ਵਿਸਤਾਰ ਸਕਦਾ ਹੈ, ਮਾਣ ਸਕਦਾ ਹੈ। ਪਹੇਲੀਆਂ ਪਾਉਣ ਵਾਲੇ ਅਨੂਠੇ ਅੰਦਾਜ਼ ਨਾਲ ਉਸ ਨੇ ਪਾਠਕਾਂ ਨੂੰ ਕੀਲਿਆ ਹੀ ਨਹੀਂ, ਉਨਾਂ ਦੀ ਸੂਝ ਸਮਝ ਨੂੰ ਤਿੱਖਿਆਂ ਵੀ ਕੀਤਾ ਹੈ। ਸਾਹਿਤ ਅਕਾਦਮੀ ਦੇ ਪੁਰਸਕਾਰ ਨੇ ਪੰਜਾਬੀ ਬਿਰਤਾਂਤ ਦੀਆਂ, ਪੰਜਾਬੀ ਪਾਠਕਾਂ ਦੀਆਂ ਰੁਪਾਣੇ ਪ੍ਰਤਿ ਦੇਣਦਾਰੀਆਂ ਦਾ ਇਕ ਸਿਲਾ ਹੀ ਦਰਜ ਕੀਤਾ ਹੈ।
* ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।