ਤੀਰਥ ਸਿੰਘ ਢਿੱਲੋਂ*
ਪੁਰਾਣੇ ਸਮੇਂ ਵਿੱਚ ਭਾਰਤੀ ਸੰਸਕ੍ਰਿਤੀ ਮੁਤਾਬਕ ਬੱਚਿਆਂ ਨੂੰ ਗੁਰੂਕੁਲਾਂ ਵਿੱਚ ਵਿੱਦਿਆ ਦਿੱਤੀ ਜਾਂਦੀ ਸੀ। ਕਿਤਾਬੀ ਵਿੱਦਿਆ ਦੇ ਨਾਲ ਨਾਲ ਉਨ੍ਹਾਂ ਨੂੰ ਨੈਤਿਕ ਗੁਣਾਂ, ਸਮਾਜਿਕ ਕਦਰਾਂ-ਕੀਮਤਾਂ ਅਤੇ ਵੱਖ-ਵੱਖ ਕਲਾਵਾਂ ਖਾਸ ਤੌਰ ’ਤੇ ਸੰਗੀਤ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ। ਫਿਰ ਇੱਕ ਅਜਿਹਾ ਸਮਾਂ ਆਇਆ ਜਦੋਂ ਗੁਰੂਕੁਲਾਂ ਵਿਚ ਸਿੱਖਿਆ ਦਾ ਪ੍ਰਚਲਨ ਕਾਫੀ ਹੱਦ ਤੱਕ ਘੱਟ ਗਿਆ ਅਤੇ ਇਸ ਦੇ ਨਾਲ ਹੀ ਬੱਚਿਆਂ ਨੂੰ ਮਿਲਦੀ ਸੰਗੀਤਕ ਸਿੱਖਿਆ ਵੀ ਠੱਪ ਹੋ ਕੇ ਰਹਿ ਗਈ।
ਪਿਛਲੇ ਕੱੁਝ ਸਮੇਂ ਤੋਂ ਸਰਕਾਰਾਂ ਦੀਆਂ ਨੀਤੀਆਂ ਮੁਤਾਬਕ ਸੰਗੀਤ ਨੂੰ ਉਤਸ਼ਾਹਿਤ ਕਰਨ ਹਿੱਤ ਇਸ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਪੱਧਰ ਤੱਕ ਇੱਕ ਲਾਜ਼ਮੀ ਵਿਸ਼ਾ ਬਣਾ ਦਿੱਤਾ ਗਿਆ ਹੈ, ਜੋ ਬਹੁਤ ਸ਼ਲਾਘਾਯੋਗ ਕਾਰਜ ਹੈ। ਇਸ ਨਾਲ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰ ਕੇ ਸਕੂਲਾਂ, ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸੰਗੀਤ ਵਿਭਾਗਾਂ ਵਿੱਚ ਉੱਚ ਅਹੁਦਿਆਂ ਤੇ ਲੱਗੇ ਹੋਏ ਹਨ। ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਬਹੁਤ ਵੱਡਾ ਯੋਗਦਾਨ ਹੈ। ਉਂਝ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਮੇਤ ਤਕਰੀਬਨ ਸਾਰੀਆਂ ਯੂਨੀਵਰਸਿਟੀਆਂ ਅਤੇ ਉਨ੍ਹਾਂ ਅਧੀਨ ਆਉਂਦੇ ਕਾਲਜਾਂ ਵਿੱਚ ਸੰਗੀਤ ਦੀ ਸਿੱਖਿਆ ਦਿੱਤੀ ਜਾਂਦੀ ਹੈ।
ਜਿੱਥੋਂ ਤੱਕ ਗੁਰਮਤਿ ਸੰਗੀਤ ਦਾ ਸਬੰਧ ਹੈ, ਇਸ ਦੀ ਵਿਲੱਖਣ ਪਛਾਣ ਨੂੰ ਬਣਾਈ ਰੱਖਣ ਲਈ ਅਜੋਕੇ ਸਮੇਂ ਵਿੱਚ ਵੱਖ-ਵੱਖ ਸੰਸਥਾਵਾਂ ਆਪੋ-ਆਪਣੇ ਤੌਰ ’ਤੇ ਕੰਮ ਕਰ ਰਹੀਆਂ ਹਨ। ਇਸ ਖੇਤਰ ਵਿੱਚ ਸਭ ਤੋਂ ਸ਼ਲਾਘਾਯੋਗ ਅਤੇ ਵੱਡਾ ਯੋਗਦਾਨ 1920 ਵਿਚ ਹੋਂਦ ’ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ। ਕਮੇਟੀ ਅਧੀਨ ਅਨੇਕਾਂ ਕਾਲਜ ਅਤੇ ਸਕੂਲ ਹਨ। ਇਨ੍ਹਾਂ ਸਕੂਲਾਂ-ਕਾਲਜਾਂ ਵਿੱਚ ਗੁਰਮਤਿ ਸੰਗੀਤ ਦੀ ਬਕਾਇਦਾ ਪੜ੍ਹਾਈ ਕਰਵਾਈ ਜਾਂਦੀ ਹੈ। ਇਸ ਦੇ ਨਾਲ ਸੰਤਾਂ-ਮਹੰਤਾਂ ਦੇ ਡੇਰੇ, ਸਿੱਖ ਮਿਸ਼ਨਰੀ ਕਾਲਜ ਅਤੇ ਸਿੱਖ ਸੈਂਟਰਲ ਯਤੀਮ ਖਾਨਾ ਅੰਮ੍ਰਿਤਸਰ ਵਿੱਚ ਵੀ ਇਹ ਸਿੱਖਿਆ ਦਿੱਤੀ ਜਾ ਰਹੀ ਹੈ। ਪੁਰਾਤਨ ਸਮੇਂ ਤੋਂ ਚੱਲੀਆਂ ਆ ਰਹੀਆਂ ਵੱਖ-ਵੱਖ ਟਕਸਾਲਾਂ ਵੱਲੋਂ ਵੀ ਇਸ ਖੇਤਰ ਵਿੱਚ ਵੱਡਾ ਹਿੱਸਾ ਪਾਇਆ ਜਾ ਰਿਹਾ ਹੈ।
• ਸ੍ਰੀ ਆਨੰਦਪੁਰ ਸਾਹਿਬ ਗੁਰਮਤਿ ਸੰਗੀਤ ਅਕਾਦਮੀ: ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਆਨੰਦਪੁਰ ਸਾਹਿਬ ਸੰਗੀਤ ਅਕੈਡਮੀ ਕਾਫ਼ੀ ਅਰਸੇ ਤੋਂ ਚੱਲ ਰਹੀ ਹੈ। ਇਸ ਦੀ ਬੁਨਿਆਦ ਸ਼੍ਰੋਮਣੀ ਕਮੇਟੀ ਦੀ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਰੱਖੀ ਸੀ। ਇਸ ਅਕੈਡਮੀ ਨੇ ਸੰਗੀਤ ਅਚਾਰੀਆ ਪ੍ਰੋਫੈਸਰ ਕਰਤਾਰ ਸਿੰਘ ਦੀ ਅਗਵਾਈ ਹੇਠ ਬੜੇ ਨਾਮਵਰ ਕੀਰਤਨਕਾਰ ਅਤੇ ਵਾਦਕ ਤਿਆਰ ਕਰ ਕੇ ਦਿੱਤੇ ਹਨ, ਜਿਨ੍ਹਾਂ ’ਚੋਂ ਕਈ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿੱਚ ਸੁਯੋਗ ਢੰਗ ਨਾਲ ਕੀਰਤਨ ਦੀ ਸੇਵਾ ਨਿਭਾ ਰਹੇ ਹਨ।
• ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਗੁਰਮਤਿ ਦੇ ਪ੍ਰਚਾਰ ਤੇ ਪਸਾਰ ਲਈ ਜਿੱਥੇ ਅਕਾਦਮਿਕ ਪੱਧਰ ’ਤੇ ਪੁਸਤਕਾਂ ਪ੍ਰਕਾਸ਼ਿਤ ਕਰ ਕੇ ਅਤੇ ਸੈਮੀਨਾਰਾਂ ਰਾਹੀਂ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ, ਉੱਥੇ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਦੇਣ ਦਾ ਵੀ ਉਪਰਾਲਾ ਕੀਤਾ ਗਿਆ ਹੈ। ਲੁਧਿਆਣਾ ਵਿੱਚ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ ਵਿੱਚ ਕਾਫੀ ਸਮਾਂ ਪੰਜਾਬ ਐਂਡ ਸਿੰਧ ਬੈਂਕ ਦੇ ਉੱਚ ਅਧਿਕਾਰੀ ਪ੍ਰੋਫੈਸਰ ਪਰਮਜੋਤ ਸਿੰਘ ਮੁੱਲਾਂਪੁਰ, ਜੋ ਕਿ ਭਾਈ ਸਮੁੰਦ ਸਿੰਘ ਦੇ ਚਹੇਤੇ ਸ਼ਾਗਿਰਦ ਸਨ, ਨੇ ਕਾਫੀ ਸਮਾਂ ਇਹ ਸੇਵਾ ਨਿਭਾਈ। ਬੈਂਕ ਤੋਂ ਸੇਵਾਮੁਕਤੀ ਤੋਂ ਬਾਅਦ ਛੇਤੀ ਹੀ ਉਹ ਅਕਾਲ ਚਲਾਣਾ ਕਰ ਗਏ।
• ਦਮਦਮੀ ਟਕਸਾਲ ਚੌਕ ਮਹਿਤਾ: ਇਸ ਟਕਸਾਲ ਦੀ ਸਿੱਖ ਪੰਥ ਵਿੱਚ ਮਹੱਤਵਪੂਰਨ ਭੂਮਿਕਾ ਹੈ। ਇਸ ਦੀ ਸਥਾਪਨਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਉਨ੍ਹਾਂ ਤੋਂ ਬਾਅਦ ਸ਼ਹੀਦ ਦੀਪ ਸਿੰਘ ਜੀ, ਸੰਤ ਗੁਰਬਚਨ ਸਿੰਘ ਜੀ ਭਿੰਡਰਾਂ, ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭੂਰਾ ਕੋਹਨਾ ਵਰਗੇ ਵਿਦਵਾਨਾਂ ਨੇ ਗੁਰਮਤਿ ਸੰਗੀਤ ਦੀ ਸਿੱਖਿਆ ਦਾ ਮਹਾਨ ਕਾਰਜ ਸੰਭਾਲਿਆ। ਅੱਜ-ਕੱਲ੍ਹ ਇਸ ਦੇ ਹੈੱਡਕੁਆਰਟਰ ਚੌਕ ਮਹਿਤਾ ਵਿੱਚ ਟਕਸਾਲ ਦੇ ਮੌਜੂਦਾ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਬੱਚਿਆਂ ਨੂੰ ਹਰ ਪ੍ਰਕਾਰ ਦੇ ਸਾਜ਼ਾਂ ਨਾਲ ਕੀਰਤਨ ਗਾਇਨ ਕਰਨ ਦੀ ਸਿਖਲਾਈ ਦੇਣ ਲਈ ਗੁਰਮਤਿ ਸੰਗੀਤ ਵਿਦਿਆਲਾ ਚੱਲ ਰਿਹਾ ਹੈ।
• ਗੁਰਮਤਿ ਕਾਲਜ ਪਟਿਆਲਾ: ਇਸ ਕਾਲਜ ਵਿੱਚ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਸਿਖਲਾਈ ਦੇ ਨਾਲ ਵਜ਼ੀਫੇ ਵੀ ਦਿੱਤੇ ਜਾਂਦੇ ਹਨ। ਡਾਕਟਰ ਜਸਬੀਰ ਕੌਰ ਅੱਜ-ਕੱਲ੍ਹ ਇਸ ਕਾਲਜ ਦੇ ਮੁਖੀ ਹਨ, ਜਿਹੜੇ ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਪੂਰੀ ਤਰ੍ਹਾਂ ਪਰਨਾਏ ਹੋਏ ਹਨ।
ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ
ਇਹ ਪੰਜਾਬ ਦਾ ਪੁਰਾਤਨ ਤੇ ਪ੍ਰਸਿੱਧ ਸੰਗੀਤਕ ਕਾਲਜ ਹੈ, ਜਿਸ ਵਿੱਚ ਸਿਰਫ ਲੜਕੀਆਂ ਨੂੰ ਕੀਤਰਨ ਸਿਖਾਉਣ ਦਾ ਉੱਚ ਪੱਧਰੀ ਪ੍ਰਬੰਧ ਹੈ। ਇਸ ਮਕਸਦ ਲਈ ਗੁਣੀਜਨ ਅਧਿਆਪਕ ਰੱਖੇ ਹੋਏ ਹਨ, ਜਿਹੜੇ ਗਾਇਨ ਤੇ ਵਾਦਨ ਦੀ ਸਿੱਖਿਆ ਦਿੰਦੇ ਹਨ।
ਤਲਵੰਡੀ ਸਾਬੋ ਗੁਰਮਿਤ ਸੰਗੀਤ ਕਾਲਜ
ਜ਼ਿਲ੍ਹਾ ਬਠਿੰਡਾ ਵਿਚ ਸਥਿਤ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਚ ਵੀ ਗੁਰਮਤਿ ਸੰਗੀਤ ਕਾਲਜ ਦੀ ਬਰਾਂਚ ਹੈ। ਇੱਥੇ ਵੀ ਮਾਹਿਰ ਸੰਗੀਤ ਅਚਾਰੀਆਂ ਦੀ ਅਗਵਾਈ ਹੇਠ ਬੱਚਿਆਂ ਨੂੰ ਗੁਰਮਤਿ ਕੀਤਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਲੜਕੀਆਂ ਅਤੇ ਲੜਕਿਆਂ ਲਈ ਇੱਥੇ ਵੱਖ-ਵੱਖ ਸਿਖਲਾਈ ਦਾ ਪ੍ਰਬੰਧ ਹੈ।
*ਮੈਂਬਰ, ਕੀਰਤਨ ਸਬ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ
ਸੰਪਰਕ: 98154-61710