ਪ੍ਰਿੰ. ਸਰਵਣ ਸਿੰਘ
ਪੰਜਾਬੀ ਸਾਹਿਤ ਜਗਤ ਵਿਚ ਗੁਰਪ੍ਰੀਤ ਸਹਿਜੀ ਦੀ ਚਰਚਾ ਬਤੌਰ ਗਲਪ ਲੇਖਕ ਹੀ ਹੁੰਦੀ ਰਹੀ ਹੈ। ਇਹ ਚਰਚਾ ਵੀ ਉਦੋਂ ਸ਼ੁਰੂ ਹੋਈ ਸੀ ਜਦੋਂ ਉਸ ਦੇ ਨਾਵਲ ਨੂੰ ਸਾਹਿਤ ਅਕੈਡਮੀ ਦਾ ਯੁਵਾ ਲੇਖਕ ਵਾਲਾ ਇਨਾਮ ਮਿਲਿਆ। ਸ਼ਾਇਦ ਬਹੁਤ ਘੱਟ ਲੋਕਾਂ ਨੂੰ ਇਲਮ ਹੋਵੇ ਕਿ ਗੁਰਪ੍ਰੀਤ ਨੇ ਖੇਡਾਂ ਬਾਰੇ ਕਈ ਕਿਤਾਬਾਂ ਦੀ ਰਚਨਾ ਕੀਤੀ ਹੈ। ਪ੍ਰਿੰਸੀਪਲ ਸਰਵਣ ਸਿੰਘ ਨੇ ਐਤਕੀਂ ਗੁਰਪ੍ਰੀਤ ਸਹਿਜੀ ਬਾਰੇ ਗੱਲਾਂਬਾਤਾਂ ਕੀਤੀਆਂ ਹਨ ਅਤੇ ਉਸ ਦੀ ਰਚਨਾ ਵਿਚੋਂ ਇਕ ਨਾਲ ਪਾਠਕਾਂ ਨਾਲ ਤੁਆਰਫ਼ ਕਰਵਾਇਆ ਹੈ। ਠੇਠ ਭਾਸ਼ਾ ਅਤੇ ਸੰਘਣੇ ਬਿਰਤਾਂਤ ਦੇ ਮਾਮਲੇ ਵਿਚ ਗੁਰਪ੍ਰੀਤ ਸਹਿਜੀ ਬਹੁਤ ਅਗਾਂਹ ਹੈ। ਜਦੋਂ ਉਸ ਦੀਆਂ ਰਚਨਾਵਾਂ ਵਿਚ ਠਰੰਮਾ ਆ ਗਿਆ ਅਤੇ ਪਹਾੜਾਂ ਵਿਚੋਂ ਫੁਟਦਾ ਝਰਨਾ ਮੈਦਾਨੀ ਇਲਾਕੇ ਵਿਚ ਆਣ ਕੇ ਕਲ ਕਲ ਕਰਦੀ ਨਦੀ ਦਾ ਰੂਪ ਧਾਰ ਗਿਆ, ਉਦੋਂ ਉਹਦੀਆਂ ਰਚਨਾਵਾਂ ਦਾ ਰੰਗ ਗੌਲਣਯੋਗ ਹੋਵੇਗਾ।
ਗੁਰਪ੍ਰੀਤ ਸਹਿਜੀ ਕਬੱਡੀ ਦਾ ਗਲਪ ਲੇਖਕ ਹੈ। ਵੇਖਣ ਨੂੰ ਉਹ ਓਨਾ ਨਹੀਂ ਲੱਗਦਾ ਜਿੰਨਾ ਹੈਗਾ। ਵੇਖਣ ਨੂੰ ਅਮਲੀ ਜਿਹਾ ਲੱਗਦੈ ਪਰ ਹੈ ਖੇਡ ਲੇਖਣੀ ਦਾ ਚੈਂਪੀਅਨ। ਵਿਆਹ ਤੋਂ ਪਹਿਲਾਂ ਪੰਜਾਹ ਕੁ ਕਿੱਲੋ ਦਾ ਸੀ, ਹੁਣ ਸੱਠ ਕਿੱਲੋ ਦਾ ਹੋਊ। ਖੇਡ ਮੇਲਿਆਂ ਵਿਚ ਕਬੱਡੀ ਖਿਡਾਰੀਆਂ ਨਾਲ ਫਿਰਦਾ ਲੱਗਦਾ ਸੀ ਕਿ ਉਨ੍ਹਾਂ ਨੇ ਲੀੜਿਆਂ ਦੀ ਰਾਖੀ ਲਈ ਲਿਆਂਦਾ ਹੋਊ! ਪਰ ਜਦੋਂ ਮਿਲਿਆ ਤਾਂ ਕਬੱਡੀ ਲੇਖਕ ਨਿਕਲਿਆ। ਮੈਂ ਉਹਦੀਆਂ ਖੇਡ ਪੁਸਤਕਾਂ ਤੇ ਨਜ਼ਰ ਮਾਰੀ ਤਾਂ ਊਟ ਪਟਾਂਗ ਨਾਂ ਪੜ੍ਹ ਕੇ ਕੁਝ ਹੈਰਾਨ ਵੀ ਹੋਇਆ! ਨਾਂ ਰੱਖੇ ਹਨ: ਮਸਤ ਕਬੱਡੀ ਫੰਨੇ ਖਾਂ ਗੁਰਜੀਤ ਤੂਤ, ਹਟ ਕਬੱਡੀ ਸ਼ਾਬਾਸ਼ੇ ਹਰਜੀਤ ਬਾਜਾਖਾਨਾ ਅੰਬੀ ਹਠੂਰ, ਸ਼ੀ … ਸ਼ੀ … ਕਬੱਡੀ ਅਸ਼ਕੇ! ਕੁਲਜੀਤ ਮਲਸੀਆਂ ਮੰਗੀ ਸ਼ਾਹਕੋਟ, ਗੁਰਜੀਤ ਤੂਤ-ਕਬੱਡੀ ਦੀ ਸੁਨਹਿਰੀ ਪੈੜ, ਕਬੱਡੀ ਸ਼ਾਰਾ-ਰਾਰਾ ਅਤੇ ਬਿੱਟੂ ਦੁਗਾਲ ਦੀ ਜੀਵਨ ਕਹਾਣੀ ‘ਗੁੱਜਰ’। ਉਸ ਦੀਆਂ ਹੋਰਨਾਂ ਕਿਤਾਬਾਂ ਦੇ ਨਾਂ ਹਨ: ਸਰਕਲ, ਸੀਕਰੇਟ, ਜਿਗੇਲੋ/ਰੱਬ ਦਾ ਸਕਾਲਰ, ਗੜਸ, ਬਲੌਰਾ, ਚੰਦ ਭਾਨ ਦਾ ਟੇਸ਼ਨ, ਪਤੰਦਰ, ਚੋਰ-ਪੱਤਾ… ਮੈਂ ਹਾਂ ਜਸੂਰੀਆ, ਹਵਾ ਸਿੰਘ ਚੇਪੀ ਵਾਲਾ, ਪੰਜੀ ਦਾ ਭੋਣ, ਰਾਣੀ ਖਾਂ ਦੇ ਜੀਜੇ ਆਦਿ। ਉਹ ਭਾਰਤੀ ਸਾਹਿਤ ਅਕੈਡਮੀ ਦੇ 2018 ਦੇ ਯੁਵਾ ਸਾਹਿਤ ਐਵਾਰਡ ਜੇਤੂ ਹੈ ਪਰ ਹੈ ਅਣਗੌਲ਼ਿਆ।
ਉਹ ਪਿੰਡ ਪੰਨੀਵਾਲਾ ਫੱਤਾ ਜ਼ਿਲ੍ਹਾ ਮੁਕਤਸਰ ਵਿਚ ਸਰਦਾਰੀ ਪਿਛੋਕੜ ਵਾਲੇ ਜਗਸੀਰ ਸਿੰਘ ਉਰਫ਼ ‘ਸੀਰੇ ਵੈਲੀ’ ਦੇ ਘਰ 4 ਅਕਤੂਬਰ 1988 ਨੂੰ ਜੰਮਿਆ ਸੀ। ਉਹਦੀ ਮਾਂ ਸਿਰਫਫ 13 ਸਾਲਾਂ ਦੀ ਸੀ ਤੇ ਬਾਪ 38 ਸਾਲਾਂ ਦਾ, ਜਦ ਉਨ੍ਹਾਂ ਦਾ ਵਿਆਹ ਹੋਇਆ। ਆਪਣੀ ਹੱਡਬੀਤੀ ਵਿਚ ਉਹ ਸਨਸਨੀਖ਼ੇਜ਼ ਪ੍ਰਗਟਾਵੇ ਕਰਦਾ ਹੈ। ਉਹ ਤਿੰਨ ਸਾਲ ਦਾ ਸੀ ਜਦੋਂ ਪਿਉ ਦਾ ਸਾਇਆ ਸਿਰ ਤੋਂ ਉਠ ਗਿਆ। ਵਿਧਵਾ ਹੋਈ ਮੁਟਿਆਰ ਮਾਂ ਦਾ ਕੋਈ ਹੋਰ ਬੱਚਾ ਨਹੀਂ ਸੀ। ਦੂਜਾ ਵਿਆਹ ਇਸ ਕਰ ਕੇ ਨਾ ਕਰਾਇਆ ਕਿ ਪੁੱਤ ਰੁਲ਼ ਨਾ ਜਾਵੇ। ਉਹ ਮਾਂ ਨਾਲ ਨਾਨਕੀਂ ਦਾਦਕੀਂ ਆਸਰਾ ਲੱਭਦਾ। ਪਰਉਪਕਾਰੀ ਭੂਆ ਦੇ ਪੈਰੋਂ ਮਸਾਂ ਪੈਰਾਂ ਸਿਰ ਹੋਇਆ। ਇਹ ਸਾਰਾ ਕੁਝ ਉਸ ਦੀ ਸਵੈਜੀਵਨੀ ‘ਚੋਰ-ਪੱਤਾ… ਮੈਂ ਹਾਂ ਜਸੂਰੀਆ’ ਵਿਚੋਂ ਪੜ੍ਹਿਆ ਜਾ ਸਕਦਾ ਹੈ ਜਿਸ ਦੇ ਮੁੱਖ ਪੰਨੇ ਤੇ ਇਹ ਸ਼ਬਦ ਦਰਜ ਹਨ- “ਮੈਂ ਕੱਪੜੇ ਤਾਂ ਆਪਣੇ ਉਤਾਰ ਰਿਹਾ ਹਾਂ ਪਰ ਨੰਗੇ ਪਤਾ ਨਹੀਂ ਕੌਣ ਕੌਣ ਹੋ ਰਹੇ ਨੇ?”
ਸਵੈਜੀਵਨੀ ਦਾ ਆਰੰਭ ਉਸ ਨੇ ਇੰਜ ਕੀਤਾ: ਸਾਡੇ ਘਰਾਂ ਦੀ ਏਰੀਏ ਵਿਚ ਠੁੱਕ ਬੱਝੀ ਹੋਈ ਸੀ, ਫੇਰ ਵੀ ਪਾਪੇ ਨੂੰ ਸਾਕ ਨਹੀਂ ਸੀ ਹੁੰਦਾ, ਕਿਉਂਕਿ ਮੇਰੇ ਬਾਪ ਦਾ ਵਾਹ ਵਾਸਤਾ ਓਸ ਟੱਬਰ ਨਾਲ ਸੀ, ਜੀਹਨੇ ਅੱਸੀ ਘੁਮਾਂ ਪੈਲੀ ਵਿਚੋਂ ਅੱਧੀ ਪੈਲੀ ਕਤਲ ਕੇਸਾਂ ਵਿਚ ਫੂਕ ਦਿੱਤੀ ਸੀ…।
ਸਹਿਜੀ ਨੇ ਨਿੱਕੀ ਉਮਰੇ ਵੀਹ ਕੁ ਕਿਤਾਬਾਂ ਲਿਖ ਮਾਰੀਆਂ ਹਨ ਅਤੇ ਆਏ ਦਿਨ ਹੋਰ ਲਿਖੀ ਜਾ ਰਿਹਾ ਹੈ। ਕਿਤਾਬ ਲਿਖਣ ਨੂੰ ਉਹ ਖੱਬੇ ਹੱਥ ਦਾ ਖੇਲ ਸਮਝਦਾ ਹੈ। ਇਕੋ ਦਿਨ ਵਿਚ ਖਿਡਾਰੀ ਦੀ ਸੰਖੇਪ ਜੀਵਨੀ ਤੇ ਇਕ ਹਫ਼ਤੇ ਵਿਚ ਨਾਵਲ ਲਿਖਣ ਦੇ ਦਾਅਵੇ ਕਰਦਾ ਹੈ। ਪਲੇਠਾ ਨਾਵਲ ਉਸ ਨੇ ਸਕੂਲੇ ਪੜ੍ਹਦਿਆਂ ਹੀ ਲਿਖ ਮਾਰਿਆ ਸੀ ਜਿਸ ਦਾ ਮੁੱਖਬੰਦ ਗਲਪ ਆਲੋਚਕ ਡਾ. ਜੋਗਿੰਦਰ ਸਿੰਘ ਰਾਹੀ ਨੇ ਲਿਖਿਆ। ਉਦੋਂ ਉਸ ਨੇ ਸਕੂਲ ਪੜ੍ਹਦੀ ਇਕ ਕੁੜੀ ਨੂੰ ਖ਼ੂਨ ਨਾਲ ਪ੍ਰੇਮ ਪੱਤਰ ਵੀ ਲਿਖਿਆ। ਇਹ ਵੱਖਰੀ ਗੱਲ ਹੈ ਕਿ ਖ਼ੂਨ ਉਹਦਾ ਆਪਣਾ ਨਹੀਂ ਸਗੋਂ ਕੁੱਤੇ ਦਾ ਸੀ; ਕੁੱਤਾ ਵਫ਼ਾਦਾਰ ਜੁ ਹੋਇਆ! ਉਹ ਉਸ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਉਹਦੇ ਮਾਮੇ ਨੇ ਆਖਿਆ, ਜਾਹ ਕਿਤੋਂ ਪੰਜਾਹ ਰੁਪਈਏ ਤਾਂ ਕਮਾ ਕੇ ਦਿਖਾ, ਫੇਰ ਮੈਂ ਰਿਸ਼ਤਾ ਵੀ ਕਰਵਾ-ਦੂੰ। ਉਹਦੀਆਂ ਅਜਿਹੀਆਂ ਗੱਲਾਂ ਦਾ ਕੋਈ ਅੰਤ ਨਹੀਂ ਜਿਸ ਕਰ ਕੇ ਜੱਜ ਕਰਨਾ ਔਖਾ ਕਿ ਗੱਲਾਂ ਵਿਚ ਸੱਚ ਕਿੰਨਾ ਤੇ ਗਲਪੀ ਮਸਾਲਾ ਕਿੰਨਾ?
ਗੱਲਾਂ ਗੱਲਾਂ ਵਿਚ ਉਹ ਦਿਲ ਦੀ ਗੱਲ ਵੀ ਦੱਸਦਾ ਹੈ ਕਿ ਪਹਿਲਾਂ ਮੇਰਾ ਜੀਅ ਕਰਦਾ ਸੀ, ਬਈ ਬਲਵੰਤ ਗਾਰਗੀ ਵਰਗਾ ਬਣਾਂ। ਕੈਨੇਡਾ ਅਮਰੀਕਾ ਦੀ ਕਿਸੇ ਗੋਰੀ ਨਾਲ ਵਿਆਹ ਕਰਾ ਕੇ ਬੁੱਲੇ ਲੁੱਟਾਂ। ਫਿਰ ਸੋਚਿਆ, ਖੁਸ਼ਵੰਤ ਸਿੰਘ ਵਰਗਾ ਪੱਤਰਕਾਰ ਬਣਾਂ, ਮਸ਼ਹੂਰ ਹੋਵਾਂ, ਮੌਜ ਮੇਲਾ ਕਰਾਂ। ਫਿਰ ਕ੍ਰਿਕਟ ਖਿਡਾਰੀ ਸਨਤ ਜੈਸੂਰਿਆ ਬਣਨ ਦੀ ਸੋਚੀ ਅਤੇ ਥਾਪਾ ਚੁੱਕ ਕੇ ਕ੍ਰਿਕਟ ਖੇਡਣ ਲੱਗਾ। ਆਖ਼ਰ ਬਣਿਆਂ ਮੈਰਿਜ ਪੈਲਸਾਂ ਦਾ ਵੇਟਰ ਵੀ, ਵੀਡੀਓ ਬਣਾਉਣ ਵਾਲਾ ਵੀ, ਡੀਜੇ ਵਾਲਾ ਵੀ ਅਤੇ ਹੋਰ ਕਈ ਪੰਗੇ ਲੈਣ ਵਾਲਾ ਵੀ। ਹੁਣ ਦੱਸਦਾ ਹੈ, ਫਿਲਮਾਂ ਦੇ ਡਾਇਲਾਗ ਲਿਖ ਰਿਹਾਂ ਜਿਨ੍ਹਾਂ ਨਾਲ ਛੇਤੀ ਹੀ ਕਾਰ ਕੋਠੀ ਵਾਲਾ ਬਣਾਂਗਾ। ਕਬੱਡੀ ਵਾਲਿਆਂ ਨਾਲ ਇਸ ਕਰ ਕੇ ਤੁਰਿਆ ਫਿਰਦਾ ਰਿਹਾਂ ਕਿ ਕਿਸੇ ਕਬੱਡੀ ਪ੍ਰੋਮੋਟਰ ਦੇ ਜੁਗਾੜ ਨਾਲ ਪੱਛਮੀ ਮੁਲਕਾਂ ਵਿਚ ਜਾਵਾਂ ਜਿਥੇ ਗਾਰਗੀ ਬਣ ਕੇ ਵਿਖਾਵਾਂ। ਹੁਣ ਪੜ੍ਹੋ ਉਹਦੇ ਨਵੇਂ ਨਾਵਲ ‘ਗੁੱਜਰ’ ਦਾ ਇਕ ਅਧਿਆਏ। ਉਹਦਾ ਪਹਿਲਾ ਵਾਕ ਹੈ, “ਉਹ ਕਿੱਸੇ ਸੁਣਾਉਣ ਦਾ ਕੋਈ ਫ਼ਾਇਦਾ ਨਹੀਂ ਜਿਨ੍ਹਾਂ ਨੂੰ ਸੁਣ ਕੇ ਕਿਸੇ ਦੇ ਅੰਦਰ ਜਿਊਣ ਦੀ ਚਾਹਤ ਨਾ ਪੈਦਾ ਹੋਵੇ।”
ਦੁੱਖ ਜਿੰਦੜੀ ਨੇ ਸਹਿਣੇ, ਸਿਰ ਤੇ ਮਾਪੇ ਨੀ ਰਹਿਣੇ!
ਦੁੱਖ ਮਾਪਿਆਂ ਨੇ ਸਹਿਣੇ, ਸੱਜਣਾ ਪੁੱਤ ਨਹੀਂ ਰਹਿਣੇ!
ਅੱਜ ਤੋਂ ਕਰੀਬ ਪੱਚੀ ਸਾਲ ਪਹਿਲਾਂ…!
ਸਰੋਵਰ ਨੂੰ ਸਿਰਫ਼ ਦੋਸਤੀ ਦੇ ਰਿਸ਼ਤੇ ਤੱਕ ਰੱਖਣਾ, ਮੇਰੇ ਲਈ ਜ਼ਮੀਰ ਨਾਲ਼ ਧੋਖਾ ਕਰਨ ਤੋਂ ਘੱਟ ਨਹੀਂ। ਜਿੰਨੀ ਜ਼ਿੰਦਗੀ ਮੈਂ ਉਹਦੇ ਨਾਲ਼ ਮਿਲ ਕੇ ਜੀਅ ਲਈ ਹੈ, ਸ਼ਾਇਦ ਓਨੀ ਤਾਂ ਮੇਰੀ ਹੁਣ ਤੱਕ ਦੀ ਉਮਰ ਵੀ ਨਹੀਂ। ਉਮਰ ਵਿਚ ਚਾਹੇ ਮੈਂ ਤੀਹ ਸਾਲਾਂ ਦੇ ਕਰੀਬ ਹਾਂ ਪਰ ਪਾ ਏਨਾ ਕੁਝ ਲਿਆ, ਜਿੰਨਾ ਕੋਈ ਦੋ ਜਨਮਾਂ ਵਿਚ ਵੀ ਹਾਸਲ ਨਹੀਂ ਕਰ ਸਕਦਾ। ਜ਼ਿੰਦਗੀ ਤਾਂ ਸਿਰਫ਼ ਉਹੀ ਹੁੰਦੀ ਐ ਜਿਸ ਨੂੰ ਮਰਜ਼ੀ ਨਾਲ਼ ਜੀਵਿਆ ਜਾਂਦਾ! ਬਾਕੀ ਤਾਂ ਜੂਨ ਭੋਗਣੀ ਹੀ ਹੁੰਦੀ ਹੈ…।
ਖ਼ੈਰ, ਮੈਂ ਸਰੋਵਰ ਨਾਲ਼ ਕਿਸੇ ਟੂਰਨਾਮੈਂਟ ਤੇ ਮੈਚ ਖੇਡਣ ਲਈ ਚਲਾ ਜਾਂਦਾ। ਸਫ਼ਰ ਅਸੀਂ ਤੁਰ ਕੇ ਈ ਤੈਅ ਕਰਦੇ। ਤੁਰਦਿਆਂ ਦੀ ਨਜ਼ਰ ਪਿੱਛੇ ਵੀ ਹੁੰਦੀ, ਕੋਈ ਸਵਾਰੀ ਪਿੱਛੋਂ ਆਉਂਦੀ ਮਿਲ ਜਾਵੇ। ਹਰ ਸਵਾਰੀ ਨੂੰ ਜੋ ਕੋਲ਼ ਦੀ ਲੰਘਦੀ, ਉਹਨੂੰ ਹੱਥ ਦੇ ਦਿੰਦੇ। ਕਦੇ ਕਿਸੇ ਸਕੂਟਰ ਨੂੰ ਹੱਥ ਦੇ ਕੇ ਰੋਕ ਲੈਂਦੇ, ਕਦੇ ਕਿਸੇ ਟਰੈਕਟਰ-ਟਰਾਲੀ ਨੂੰ ਹੱਥ ਦੇ ਕੇ ਉਹਦੇ ਤੇ ਚੜ੍ਹ ਜਾਂਦੇ। ਜਿੱਥੇ ਤੱਕ ਕਿਸੇ ਨੇ ਜਾਣਾ ਹੁੰਦਾ, ਠੀਕ ਹੁੰਦਾ; ਨਹੀਂ ਤਾਂ ਉਹ ਜਿੱਥੇ ਕਹਿ ਦਿੰਦਾ, ਉੱਥੇ ਉਤਰ ਕੇ ਅੱਗੇ ਚੱਲ ਪੈਂਦੇ।
ਸੜਕ ਕਿਨਾਰੇ ਖਿੱਲਰੀ ਬੱਜਰੀ ਸਾਡੇ ਪੈਰਾਂ ਵਿਚ, ਘਸ ਚੁੱਕੀਆਂ ਚੱਪਲਾਂ ਵਿਚੋਂ ਦੀ ਖੁੱਭਦੀ। ਜਦ ਕੋਈ ਕਾਰ ਕੋਲ਼ ਦੀ ਹਵਾ ਨਾਲ਼ ਸ਼ੂਕਰ ਪਾਉਂਦੀ ਅੱਗੇ ਲੰਘਦੀ ਤਾਂ ਸਰੋਵਰ ਕਹਿੰਦਾ, ‘ਬਿੱਟੂ ਓਏ, ਜਦੋਂ ਆਪਾਂ ਤਗੜੇ ਖਿਲਾੜੀ ਬਣ-ਗੇ ਨਾ…।’
‘ਫੇਰ?’ ਮੈਂ ਕਾਰ ਦੀ ਉਡਾਈ ਧੂੜ ਤੋਂ ਅੱਖਾਂ ਬੰਦ ਕਰਦਾ, ਉਹਦੇ ਵੱਲ ਵੇਖਣ ਦੀ ਕੋਸ਼ਿਸ਼ ਕਰਦਾ।
‘ਆਪਾਂ ਵੀ ਅਹਿ ਜੀ ਕਾਰ ਕਿਰਾਏ ਤੇ ਲੈ ਜਾਇਆ ਕਰੂੰਗੇ।’ ਉਹਦੇ ਅੰਦਰ ਪੂਰਾ ਹਿਰਖ ਹੁੰਦਾ, ਸਾਨੂੰ ਨਾਲ਼ ਚੜ੍ਹਾ ਕੇ ਕਿਉਂ ਨਹੀਂ ਲੈ ਗਿਆ? ਸਾਰੀ ਕਾਰ ਤਾਂ ਪਿੱਛੋਂ ਖ਼ਾਲੀ ਸੀ।
‘ਕੋਈ ਪਤਾ ਨ੍ਹੀ ਅਹਿ ਜੀ ਕਾਰ ਆਪਣੇ ਕੋਲ਼ ਵੀ ਹੋਊ, ਚੰਗੇ ਦਿਨ ਤਾਂ ਆ ਈ ਜਾਂਦੇ ਐ।’
‘ਨਹੀਂ, ਮੈਨੂੰ ਪਤਾ ਏਨੇ ਚੰਗੇ ਦਿਨ ਵੀ ਨੀ ਆਉਣੇ ਆਪਣੇ।’ ਉਹ ਰੁੱਖਾਂ ਦੀ ਛਾਵੇਂ ਤੁਰਨ ਦੀ ਕੋਸ਼ਿਸ਼ ਕਰਦਾ, ਚਾਹੇ ਗ਼ਲਤ ਸਾਈਡ ਹੀ ਤੁਰਦਾ।
‘ਸਰੋਵਰ, ਫੇਰ ਆਪਾਂ ਨੂੰ ਨਹੀਂ ਚਾਹੀਦੇ ਐਸੇ ਚੰਗੇ ਦਿਨ, ਜਿਨ੍ਹਾਂ ‘ਚ ਬੰਦਾ ਆਵਦੀ ਇੱਛਾ ਪੂਰੀ ਕਰਨ ਯੋਗਾ ਵੀ ਨੀ ਹੁੰਦਾ!’ ਮੈਂ ਹਿੱਕ ਨੂੰ ਖੱਬੇ ਹੱਥ ਨਾਲ਼ ਥਾਪੜ ਕੇ ਅਕਾਸ਼ ਵੱਲ ਵੇਖਣ ਲੱਗ ਪੈਂਦਾ।
‘ਨਹੀਂ ਫੇਰ ਕਿਰਾਏ ਤੇ ਤਾਂ ਕਾਰ ਲੈ ਹੀ ਜਾਇਆ ਕਰਾਂਗੇ, ਪਰ ਆਪਾਂ ਰਾਹ ਵਿਚ ਪੈਦਲ ਜਾਂਦੇ ਬੰਦਿਆਂ ਨੂੰ ਚੜ੍ਹਾ ਕੇ ਲਿਜਾਇਆ ਕਰਾਂਗੇ।’
‘ਕਾਹਤੋਂ ਬਈ, ਜਦੋਂ ਲੋਕ ਨੀ ਆਪਾਂ ਨੂੰ ਚੜ੍ਹਾ ਕੇ ਲਿਜਾਂਦੇ, ਫੇਰ ਆਪਾਂ ਨੂੰ ਕੇੜ੍ਹਾ ਸੁੱਖਿਆ?’ ਮੈਂ ਆਕੜ ਕਰ ਲੈਂਦਾ।
‘ਓਏ ਇਉਂ ਨਾ ਆਖ਼, ਮਾੜੀ ਨੀਤ ਨਾਲ਼ ਕੁਸ਼ ਨੀ ਮਿਲਦਾ ਹੁੰਦਾ।’
ਅੱਜ ਸੋਚਦਾਂ…!
ਕਿੰਨੇ ਅਮੀਰ ਹੁੰਦੇ ਨੇ ਉਹ ਬੰਦੇ ਜੋ ਸੁਪਨੇ ਵਿਚ ਕਾਰ ਖ਼ਰੀਦ ਲੈਂਦੇ ਹਨ। ਜਦ ਟੂਰਨਾਮੈਂਟ ਤੇ ਜਾਂਦੇ ਤਾਂ ਉੱਥੇ ਕਿੰਨੀਆਂ ਹੀ ਕਾਰਾਂ-ਜੀਪਾਂ ਖੜ੍ਹੀਆਂ ਹੁੰਦੀਆਂ। ਮੈਂ ਉਨ੍ਹਾਂ ਦੇ ਧੂੜ ਜੰਮੇ ਸ਼ੀਸ਼ਿਆਂ ਤੇ ਉਂਗਲ ਨਾਲ਼ ਆਪਣਾ ਨਾਉਂ ਲਿਖ਼ ਦਿੰਦਾ- ‘ਇਹ ਬਿੱਟੂ ਦੀ ਕਾਰ ਹੈ’। ਫਿਰ ਕਿੰਨੀਆਂ ਹੀ ਕਾਰਾਂ ਦੇ ਸ਼ੀਸ਼ਿਆਂ ਦੇ ਇੰਜ ਆਪਣੇ ਨਾਉਂ ਲਿਖੀ ਜਾਂਦੇ। ਸਾਡੇ ਬਾਲ-ਮਾਨ ਦੀ ਹਸਰਤ ਇੰਜ ਕਾਰਾਂ ਦੇ ਸੀਸ਼ਿਆਂ ਤੇ ਉਕਰੀ ਜਾਂਦੀ ਤਾਂ ਸੁਪਨਾ ਸਾਕਾਰ ਹੋਣ ਜਿੰਨੀ ਖੁਸ਼ੀ ਮਿਲਦੀ।
‘ਓਏ ਭਾਜੋ ਐਥੋਂ, ਸਾਲਿਓ ਝਰੀਟ ਮਾਰੋਂਗੇ!’ ਕਾਰ ਦਾ ਮਾਲਕ ਦਬਕਾ ਮਾਰਦਾ ਸਾਡੇ ਪਿੱਛੇ ਭੱਜ ਪੈਂਦਾ। ਅਸੀਂ ਪਲਾਂ ਵਿਚ ਅਹੁ ਗਏ, ਅਹੁ ਗਏ ਹੁੰਦੇ ਕਿਸੇ ਦੇ ਹੱਥ ਨਾ ਆਉਂਦੇ। ਹਵਾ ਹਵਾਈ ਹੋ ਜਾਂਦੇ।
ਜ਼ਿੰਦਗੀ ਨੇ ਸਾਨੂੰ ਤੁਰਨ ਦਾ ਮੌਕਾ ਘੱਟ ਹੀ ਦਿੱਤਾ, ਬੱਸ ਭਜਾਇਆ ਹੀ ਭਜਾਇਆ ਸੀ!
ਮਨੁੱਖ ਆਪਣੀ ਕਲਪਨਾ ਵਿਚ ਵਿਚਰ ਕੇ, ਸਾਰਾ ਕੁਝ ਪ੍ਰਾਪਤ ਕਰ ਕੇ ਸੰਤੁਸ਼ਟ ਹੋ ਜਾਂਦੈ। ਐਸੀ ਸੰਤੁਸ਼ਟੀ ਉਹਨੂੰ ਕਿਸੇ ਪ੍ਰਕਾਰ ਦਾ ਅਪਰਾਧ ਕਰਨ ਤੋਂ ਰੋਕੀ ਰੱਖਦੀ ਹੈ। ਜੀਹਦੇ ਕੋਲ਼ ਕਲਪਨਾ ਦੀ ਇਹ ਪੂੰਜੀ ਨਹੀਂ, ਉਹ ਕਦੇ ਵੀ ਨੇਕ ਦਿਲ ਨਹੀਂ ਹੋ ਸਕਦਾ।
ਪਿੰਡਾਂ ਦੀਆਂ ਕੰਧਾਂ ਤੇ ਟੂਰਨਾਮੈਂਟਾਂ ਦੇ ਇਸ਼ਤਿਹਾਰ ਲੱਗੇ ਹੁੰਦੇ। ਉਨ੍ਹਾਂ ਨੂੰ ਪੜ੍ਹ ਕੇ ਦਿਲ ਵਿਚ ਖੁਸ਼ੀ ਦੀਆਂ ਲਹਿਰਾ ਦੌੜ ਜਾਂਦੀਆਂ। ਨਾਨਕੇ ਜਾਣ ਜਿੰਨਾ ਚਾਅ ਚੜ੍ਹ ਜਾਂਦਾ ਪਰ ਛੇਤੀ ਹੀ ਇਹ ਖੁਸ਼ੀ ਬੇਵਸੀ ਦਾ ਹਉਕਾ ਬਣ ਕੇ ਮਰ ਜਾਂਦੀ ਕਿਉਂਕਿ ਐਂਟਰੀ ਫੀਸ ਭਰਨ ਲਈ ਸਾਡੀ ਜੇਬ ਵਿਚ ਖੋਟੇ ਪੈਸੇ ਵੀ ਨਹੀਂ ਸੀ ਹੁੰਦੇ। ਜਦੋਂ ਬੰਦੇ ਦੀ ਕਿਸਮਤ ਖੋਟੀ ਹੋਵੇ, ਕੋਲ਼ ਖੋਟਾ ਪੈਸਾ ਵੀ ਨਹੀਂ ਹੁੰਦਾ।
ਤੜਕੇ ਉਠ ਕੇ, ਦੋਵੇਂ ਜਣੇ ਪਿੰਡ ਦੀ ਫਿਰਨੀ ਵਾਲ਼ੇ ਬੋਹੜ ਕੋਲ਼ ਬੈਠ ਜਾਂਦੇ ਤੇ ਫਿਰ ਉਥੋਂ ਕਾਹਲੇ ਕਦਮੀਂ ਤੁਰ ਪੈਂਦੇ। ਘਰੋਂ ਕਬੱਡੀ ਖੇਡਣ ਲਈ ਭੋਰਾ ਵੀ ਸਹਿਯੋਗ ਨਹੀਂ ਸੀ। ਜਿਸ ਦਿਨ ਪਤਾ ਲੱਗ ਜਾਂਦਾ ਕਿ ਕੱਲ੍ਹ ਨੂੰ ਮੈਂ ਕਬੱਡੀ ਖੇਡਣ ਜਾਣਾ ਤਾਂ ਬਾਪੂ ਮੇਰੇ ਤੇ ਖ਼ਾਸ ਨਜ਼ਰ ਰੱਖਦਾ। ਮੈਨੂੰ ਐਵੇਂ ਹੀ ਬਿਨਾਂ ਕੰਮ ਤੋਂ ਆਪਦੇ ਨਾਲ਼ ਤੋਰੀ ਫਿਰਦਾ। ਮੇਰੀ ਗਿੱਚੀ ਵਿਚ ਦੋ ਚਾਰ ਜੜ੍ਹ ਵੀ ਦਿੰਦਾ। ਐਂਟਰੀ ਫੀਸ ਦੇ ਫ਼ਿਕਰ ਵਿਚ ਮੈਨੂੰ ਰਾਤ ਭਰ ਨੀਂਦ ਨਾ ਆਉਂਦੀ…।
ਮੈਨੂੰ ਚੰਦ ਦੀ ਗੁਲਾਈ ਵਿਚੋਂ ਕਿਸੇ ਮਾਸ਼ੂਕ ਦਾ ਚਿਹਰਾ ਨਹੀਂ, ਕਿਸੇ ਖਿਡਾਰੀ ਦਾ ਚਿਹਰਾ ਦਿਖਾਈ ਦਿੰਦਾ ਜਿਸ ਨੂੰ ਮੈਂ ਆਪਣੇ ਮਨ ਹੀ ਮਨ ਵਿਚ ਗੁਰੂ ਮੰਨਿਆ ਹੁੰਦਾ, ਜੀਹਦੇ ਜਿਹਾ ਮੈਂ ਹੋਣਾ ਚਾਹੁੰਦਾ। ਫਿਰ ਪਤਾ ਹੀ ਨਾ ਲੱਗਦਾ, ਕਿਸ ਵੇਲ਼ੇ ਮੈਨੂੰ ਨੀਂਦ ਦਬੋਚ ਲੈਂਦੀ। ਤੜਕੇ ਗੁਰੂ ਘਰ ਦਾ ਭਾਈ ਬਾਣੀ ਦਾ ਵਾਕ ਲੈਂਦਾ ਤਾਂ ਮੈਂ ਉਠ ਪੈਂਦਾ। ਨਲਕਾ ਗੇੜ ਕੇ, ਅੱਖਾਂ ਧੋ ਕੇ, ਮੈਂ ਝੱਗੇ ਦੇ ਅਗਲੇ ਪਾਸੇ ਨਾਲ਼ ਮੂੰਹ ਪੂੰਝ ਲੈਂਦਾ।
‘ਹੁਣ ਕੇੜ੍ਹੇ ਪਾਸੇ ਮੂੰਹ ਚੱਕਿਆ?’ ਬੇਬੇ ਦੀ ਕੌੜੀ ਆਵਾਜ਼ ਮੇਰਾ ਪਿੱਛਾ ਕਰਦੀ।
‘ਡੇਰੇ ਜਾ ਰਿਹਾਂ।’ ਤੇ ਲੰਗੋਟਾ ਚੱਕ ਗੀਝੇ ਵਿਚ ਪਾ ਲੈਂਦਾ।
‘ਜਾਣਦੀ ਆਂ ਮੈਂ, ਕੇੜ੍ਹੇ ਡੇਰੇ ਜਾ ਕੇ ਸਮਾਧੀ ਲਾਉਨਾ ਤੂੰ? ਦਫਾ ਹੋ।’ ਬੇਬੇ ਵੀ ਮੰਜੇ ਤੋਂ ਉੱਠ ਕੇ ਘਰ ਦੇ ਨਿੱਕੇ ਮੋਟੇ ਕੰਮਾਂ ਵਿਚ ਰੁੱਝ ਜਾਂਦੀ। ਮੈਂ ਪਿੰਡ ਦੀਆਂ ਹਨ੍ਹੇਰੀਆਂ ਗਲੀਆਂ ਵਿਚੋਂ ਲੰਘਦਾ, ਜਿਨ੍ਹਾਂ ਵਿਚ ਘਰਾਂ ਦੀਆਂ ਵਿਰਲਾਂ ਵਿਚੋਂ ਦੀ ਆਇਆ ਚਾਨਣ ਥੋੜ੍ਹੀ ਬਹੁਤ ਰੌਸ਼ਨੀ ਕਰਦਾ। ਜਾ ਕੇ ਟਿੰਕੂ ਮਹਾਰਾਜ ਦੇ ਚਰਨਾਂ ਵਿਚ ਬਹਿ ਜਾਂਦਾ। ਮੇਰੇ ਜਾਦਿਆਂ ਤਾਈਂ ਬਾਬਾ ਜੀ ਚਾਹ ਦਾ ਵੱਡਾ ਟੋਪ ਚੁੱਲ੍ਹੇ ਤੇ ਰੱਖ ਕੇ ਨਲਕੇ ਦੇ ਪਾਣੀ ਨਾਲ਼ ਨਹਾ ਰਹੇ ਹੁੰਦੇ। ਮੈਂ ਉਨ੍ਹਾਂ ਦੇ ਗਿੱਲੇ ਚਰਨਾਂ ਨੂੰ ਹੱਥ ਲਾ ਕੇ ਆਸ਼ੀਰਵਾਦ ਲੈਂਦਾ ਤੇ ਚੁੱਲ੍ਹੇ ਅੱਗੇ ਬੈਠ ਕੇ ਅੱਗ ਸੇਕਣ ਲੱਗ ਪੈਂਦਾ। ਉਹ ਆ ਕੇ ਚਾਹ ਦੇ ਉਬਲਦੇ ਪਾਣੀ ਵਿਚ ਦੁੱਧ ਦੀ ਬਾਲਟੀ ਪਲਟ ਦਿੰਦੇ। ਇਹ ਚਾਹ ਸਾਰਾ ਦਿਨ ਹੀ ਏਥੇ ਆਉਂਦੀ ਸੰਗਤ ਵਿਚ ਵਰਤਦੀ ਰਹਿੰਦੀ। ਜਿਹੜਾ ਵੀ ਇੱਥੇ ਮੱਥਾ ਟੇਕਣ ਆਉਂਦਾ, ਉਹ ਲਾਚੀਆਂ, ਖੰਡ ਦੀ ਕੌਲੀ ਜਾਂ ਦੁੱਧ ਦੀ ਗਲਾਸੀ ਭਰ ਕੇ ਲੈ ਆਉਂਦਾ। ਟਿੰਕੂ ਜੀ ਮੂੰਹ ਨਾਲ਼ ਹੀ ਲਾਚੀਆਂ ਤੇ ਲੌਗਾਂ ਨੂੰ ਚਿੱਥ ਕੇ ਚਾਹ ਵਿਚ ਪਾ ਦਿੰਦੇ। ਮੇਰੇ ਮਨ ਵਿਚ ਉਨ੍ਹਾਂ ਦੇ ਜੂਠੇ ਭਾਂਡੇ ਵਿਚ ਖਾਣ-ਪੀਣ ਦੀ ਇੱਛਾ ਹੁੰਦੀ ਜਿਵੇਂ ਟਿੰਕੂ ਜੀ ਦਾ ਜੂਠਾ ਖਾ ਕੇ ਮੇਰੇ ਤੋਂ ਹੋਣ ਵਾਲ਼ੇ ਕਿੰਨੇ ਹੀ ਪਾਪ ਪੁੰਨ ਵਿਚ ਬਦਲ ਜਾਂਦੇ ਹੋਣ। ਇੱਥੋਂ ਮੱਥਾ ਟਿਕਾਈ ਵਿਚ ਪਏ ਰੁਪਏ ਚੁੱਕ ਕੇ ਮੈਂ ਸਿੱਧਾ ਹੀ ਸਰੋਵਰ ਦੇ ਘਰ ਚਲਾ ਜਾਂਦਾ। ਮੇਰੇ ਨਾਲ਼ ਕਦੇ ਕਾਲ਼ਾ ਵੀ ਹੁੰਦਾ। ਸਾਡਾ ਚਾਰਾਂ ਦਾ ਜੁੱਟ ਹੁੰਦਾ ਸੀ ਪਰ ਕਦੇ ਇੱਕਠੇ ਕਿਸੇ ਟੂਰਨਾਮੈਂਟ ਤੇ ਨਹੀਂ ਸਾਂ ਖੇਡ ਸਕੇ। ਇਸ ਵੇਲ਼ੇ ਪੂਰੀ ਹੀ ਲੋਈ ਪਾਟ ਗਈ ਹੁੰਦੀ। ਬੂਹੇ ਦੀ ਵਿਰਲ ਵਿਚ ਦੀ ਹੱਥ ਪਾ ਕੇ ਮੈਂ ਕੁੰਡਾ ਖੋਲ੍ਹ ਕੇ ਅੰਦਰ ਚਲਾ ਜਾਂਦਾ ਤੇ ਮੰਜੇ ਕੋਲ਼ ਪਈਆਂ ਜੁੱਤੀਆਂ ਵੱਲ ਵੇਖ ਕੇ ਪਤਾ ਕਰ ਲੈਂਦਾ ਕਿ ਸਰੋਵਰ ਕਿਹੜੇ ਮੰਜੇ ਤੇ ਪਿਆ। ਮੰਜੇ ਦੇ ਸਿਰ੍ਹਾਣੇ ਬੈਠ ਕੇ ਮੈਂ ਉਹਨੂੰ ਹਲੂਣ ਕੇ ਉਠਾ ਲੈਂਦਾ। ਸਰੋਵਰ ਉਬਾਸੀ ਲੈਂਦਾ ਊਂਘਦਾ ਬੋਲਦਾ, ‘ਕੌਣ ਐ?’
‘ਮੈਂ ਆਂ।’
‘ਤੂੰ ਏਨੀ ਛੇਤੀ ਆ ਵੀ ਗਿਐਂ?’
‘ਛੇਤੀ ਕਿੱਥੇ, ਦੇਰਾਂ ਹੋ ਰਹੀਐਂ।’
‘ਮੈਚ ਐ ਕਾਈ ਕਿ?’
‘ਹੋਰ ਤੇਰੇ ਤੋਂ ਮਾਂਹ ਦਲਾਉਣੇ ਐ?’
ਸਰੋਵਰ ਦੀ ਬੇਬੇ ਅੱਕੀ ਹੋਈ ਚਾਹ ਦੀ ਬਾਟੀ ਲਿਆ ਕੇ ਰੱਖ ਦਿੰਦੀ।
ਸਾਡੇ ਦੋਹਾਂ ਵਿਚ ਇਹੀ ਪੱਕੀ ਸਾਂਝ ਸੀ ਜਿਸ ਨੇ ਕਦੇ ਹੋਰ ਕਾਸੇ ਦੀ ਘਾਟ ਨਹੀਂ ਰੜਕਣ ਦਿੱਤੀ। ਇਸ ਸੁਪਨੇ ਨੇ ਸਾਨੂੰ ਦੋਵਾਂ ਨੂੰ ਦੋ ਬੁੱਤ ਇੱਕ ਰੂਹ ਵਾਲ਼ੀ ਮਿੱਟੀ ਵਿਚ ਗੁੰਨ੍ਹ ਦਿੱਤਾ ਸੀ।
ਜੇ ਉਹ ਸੀ ਤਾਂ ਮੈਂ ਸੀ! ਜੇ ਮੈਂ ਸੀ ਤਾਂ ਹੀ ਉਹ ਸੀ!
‘ਐਂਟਰੀ ਕਿਵੇਂ ਹੋਵੇਗੀ?’ ਉਹਦਾ ਦੂਜਾ ਸਵਾਲ ਇਹੀ ਹੁੰਦਾ। ਲੋਕਾਂ ਨੂੰ ਜਾਗ ਖੁੱਲ੍ਹਣ ਤੇ ਸੌ ਫ਼ਿਕਰ ਹੁੰਦੇ ਸੀ ਪਰ ਸਾਨੂੰ ਇਹੀ ਫ਼ਿਕਰ ਹੁੰਦਾ, ਐਂਟਰੀ ਦੇ ਪੈਸੇ ਕਿੱਥੋਂ ਆਉਣਗੇ? ਦੋਵੇਂ ਗੁਰੂ ਘਰ ਜਾ ਕੇ ਜਾਂ ਜਿੱਥੇ ਵੀ ਕੋਈ ਰੱਬ ਦਾ ਘਰ ਦਿਸਦਾ, ਇਹੀ ਮੰਗਦੇ ਕਿ ਸਾਡੇ ਕੋਲ਼ ਇੰਨੇ ਕੁ ਪੈਸੇ ਹੋਣ ਕਿ ਕਿਸੇ ਵੀ ਖੇਡ ਮੇਲੇ ਤੇ ਜਾ ਕੇ ਅਸਾਨੀ ਨਾਲ਼ ਖੇਡ ਸਕੀਏ ਪਰ ਇੰਨੇ ਪੈਸਿਆਂ ਦੀ ਮੰਨਤ ਕਦੇ ਵੀ ਨਹੀਂ ਸੀ ਮੰਗੀ ਕਿ ਸਾਡੇ ਸ਼ੌਂਕ ਪੂਰੇ ਹੋ ਜਾਣ।
ਅੱਜ ਮੈਂ ਸੋਚਦਾਂ, ਬੰਦੇ ਕੋਲ਼ ਇੰਨੇ ਰੁਪਏ ਵੀ ਨਾ ਹੋਣ ਕਿ ਉਹ ਕਿਸੇ ਗ਼ਰੀਬ ਨੂੰ ਖ਼ਰੀਦ ਸਕੇ। ਤੇ ਨਾ ਹੀ ਰੱਬ ਦਾ ਕੋਈ ਬੰਦਾ ਏਨਾ ਗ਼ਰੀਬ ਹੀ ਹੋਵੇ ਕਿ ਜ਼ਰੂਰੀ ਲੋੜਾਂ ਪੂਰੀਆਂ ਕਰਨ ਵਿਚ ਉਹ ਖ਼ੁਦ ਨੂੰ ਥਾਂ-ਕੁ-ਥਾਂ ਗਿਰਵੀ ਕਰਦਾ ਫਿਰੇ।
‘ਚਿੰਤਾ ਨਾ ਕਰ ਐਂਟਰੀ ਹੋ ਜੂ।’ ਮੈਂ ਸਿਰ ਫੇਰਦੇ ਕਦੇ ਆਸ ਦਾ ਪੱਲਾ ਨਹੀਂ ਸੀ ਛੱਡਿਆ।
‘ਮੂੰਹੋਂ ਕੁਸ਼ ਹੋਰ ਬੋਲੀ ਜਾਨੈ, ਧੌਣ ਤੇਰੀ ਕੁਸ਼ ਹੋਰ ਦੱਸੀ ਜਾਂਦੀ ਐ।’
ਜਿਹੜੀ ਉਮੀਦ ਬੰਦੇ ਨੂੰ ਕੁਝ ਕਰਨ ਲਈ ਪ੍ਰੇਰਿਤ ਕਰੇ, ਚਾਹੇ ਉਹ ਝੂਠੀ ਹੀ ਕਿਉਂ ਨਾ ਹੋਵੇ, ਉਹ ਕਿਸੇ ਪੁੰਨ ਤੋਂ ਘੱਟ ਨਹੀਂ।
ਸਰੋਵਰ ਆਪਣੇ ਲੰਗੋਟੇ ਨੂੰ ਪਿੰਜਣੀ ਨਾਲ਼ ਬੰਨ੍ਹ ਕੇ ਮੇਰੇ ਨਾਲ਼ ਕਿਸੇ ਜ਼ਿਮੀਂਦਾਰ ਦੇ ਘਰ ਚਲਾ ਜਾਂਦਾ। ਅਸੀਂ ਸੋਚਾਂ ਸੋਚਦੇ ਰਹਿੰਦੇ ਸਾਂ ਕਿ ਅੱਜ ਆਪਾਂ ਐਂਟਰੀ ਫੀਸ ਲਈ ਕਿਸ ਤੋਂ ਪੈਸੇ ਮੰਗੀਏ। ਅਸੀਂ ਹਰ ਬਹਾਨੇ ਨਾਲ ਪੈਸੇ ਮੰਗਦੇ ਸਾਂ। ਕਦੇ ਮੈਂ ਆਪਣਾ ਰੋਣਾ ਜਿਹਾ ਚਿਹਰਾ ਬਣਾ ਕੇ ਕਿਸੇ ਅੱਗੇ ਜਾ ਕੇ ਕਹਿੰਦਾ, ‘ਬਾਈ ਬੇਬੇ ਬਹੁਤ ਬਿਮਾਰ ਐ, ਬਾਪੂ ਘਰੇ ਨਈਂ।’
ਅਜਿਹੇ ਝੂਠ ਬੋਲ ਕੇ ਕਈ ਵਾਰ ਐਂਟਰੀ ਦੇ ਰੁਪਏ ਲਏ।
ਬਾਪੂ ਪੁੱਛਦਾ, ‘ਬਿੱਟੂ ਕਿੱਥੇ ਐ?’
‘ਪਤਾ ਨੀ।’ ਮੇਰੇ ਭਰਾ ਲੱਖਾ ਤੇ ਜੈ ਸਿੰਘ ਦੋਵੇਂ ਡਰੇ ਹੋਏ ਬੋਲਦੇ।
‘ਜਿੱਥੇ ਵੀ ਐ, ਲਿਆਉ ਫੜ ਕੇ, ਨਹੀਂ ਤਾਂ ਫੇਰ ਸੋਡੀ ਸ਼ਾਮਤ ਆਊ।’
ਬਾਪੂ ਦਾ ਹੁਕਮ ਮੰਨ ਕੇ ਉਹ ਪਿੰਡ ਦੀਆਂ ਗਲੀਆਂ ਵਿਚ ਮੈਨੂੰ ਭਾਲਦੇ ਰਹਿੰਦੇ ਪਰ ਮੈਂ ਕਿਸੇ ਵੀ ਹੀਲੇ ਉਨ੍ਹਾਂ ਦੇ ਹੱਥ ਨਹੀਂ ਸਾਂ ਆਉਂਦਾ। ਜਦ ਕਦੇ ਮਿਲ ਜਾਂਦਾ ਤਾਂ ਬਾਪੂ ਮੇਰੇ ਮੌਰਾਂ ਤੇ ਜੁੱਤੀ ਮਾਰਦਾ ਤਾਂ ਉਹਨੂੰ ਲੱਗੀ ਸੁੱਕੀ ਮਿੱਟੀ ਵੀ ਨਾਲ਼ ਹੀ ਝੜਦੀ। ਹਰੇਕ ਸਾਡਾ ਮਜ਼ਾਕ ਉਡਾਉਂਦਾ, ‘ਹਾਂ ਬਈ ਸੋਮ ਘਰਾਚੋਂ, ਅੱਜ ਫੇਰ ਕੌਡੀ ਖੇਡਣ ਜਾਣਾ ਤੈਂ? ਕੌਡੀ-ਕੌਡੀ ਕਰਦਾ ਬੰਦਾ ਕੌਡੀ ਹੋ ਜਾਂਦੈ।’
‘ਪਰ ਅਸੀਂ ਨਹੀਂ ਹੁੰਦੇ ਬਾਈ, ਤੂੰ ਸਾਨੂੰ ਐਂਟਰੀ ਫੀਸ ਦੇਹ…।’ ਮੈਨੂੰ ਕਿਸੇ ਦੇ ਮਜ਼ਾਕ ਦੀ ਕੋਈ ਪ੍ਰਵਾਹ ਨਹੀਂ ਸੀ, ਬੱਸ ਪੈਸੇ ਵੱਲੋਂ ਕੋਈ ਨਾਂਹ ਨਾ ਕਰੇ। ਰੱਬੇ ਅੱਗੇ ਅਰਦਾਸ ਕਰਦੇ ਸਾਂ ਕਿ ਦੋ ਰੁਪਏ ਦਾ ਪ੍ਰਸ਼ਾਦ ਦੇਵਾਂਗੇ ਜਾਂ ਇੱਕ ਰੁਪਏ ਦਾ ਮੱਥਾ ਟੇਕਾਂਗੇ।
ਕਦੇ ਕਦੇ ਕੋਰਾ ਜਵਾਬ ਮਿਲਦਾ, ‘ਪੈਨਸ਼ਨ ਲਵਾ ਦੇਈਏ ਸੋਡੀ? ਇੱਕ ਅੱਧੀ ਵਾਰੀ ਹੁੰਦਾ, ਕੋਈ ਨਾ ਮੋੜੇ, ਮੁਕਰ ਵੀ ਜਾਏ ਤਾਂ ਸਰ ਜਾਂਦੈ ਪਰ ਸੋਡੀ ਤਾਂ ਭਰਾਵਾ ਨਿੱਤ ਦੀ ਵਿੱਡ ਐ…!’
‘ਅੱਜ ਤੂੰ ਪੰਜਾਹ ਰੁਪਏ ਦੇਹ ਛੱਡ, ਤੇਰਾ ਕੰਮ ਕਰਾ ਦੇਵਾਂਗੇ ਖੇਤਾਂ ਚ, ਨਾਲ਼ੇ ਬਾਈ ਏਸੇ ਪਿੰਡ ਚ ਈ ਰਹਿਣਾ, ਅਸੀਂ ਕੋਈ ਭੀਖ਼ ਮੰਗਣ ਨਹੀਂ ਆਏ, ਉਧਾਰ ਪੈਸੇ ਲੈਣ ਆਏ ਆਂ।’
‘ਕੀ ਕੰਮ ਕਰਾਓਗੇ?’
‘ਜੋ ਵੀ ਸਾਡੇ ਕਰਨ ਆਲ਼ਾ ਹੋਇਆ।’
ਇੰਜ ਅਸੀਂ ਹਰੇਕ ਨਾਲ਼ ਦਿੱਤੇ ਪੈਸਿਆਂ ਬਦਲੇ ਕੰਮ ਕਰਾਉਣ ਦਾ ਪੱਕਾ ਭਰੋਸਾ ਦੁਆ ਦਿੰਦੇ ਸਾਂ ਪਰ ਉਸ ਵੇਲ਼ੇ ਸਾਡੇ ਪੈਰ ਮੈਦਾਨ ਵਿਚ ਪੱਕੇ ਨਹੀਂ ਸੀ ਹੋਏ। ਪਹਿਲਾ ਮੈਚ ਹੀ ਹਾਰ ਜਾਂਦੇ ਸਾਂ ਪਰ ਆਪਣੇ ਇਰਾਦੇ ਤੋਂ ਕਦੇ ਨਹੀਂ ਸੀ ਹਾਰੇ।
ਫਿਰ ਇੱਕ ਦਿਨ ਦਿਲ ਵਿਚ ਆਈ ਕਿ ਮੈਚ ਹਾਰਨ ਦਾ ਕਾਰਨ ਕੀ ਹੈ? ਪਤਾ ਲੱਗਿਆ ਕਿ ਰੱਬ ਨਾਲ਼ ਕੀਤਾ ਵਾਅਦਾ ਪੂਰਾ ਨਹੀਂ ਸਾਂ ਕਰਦੇ; ਜਾਣੀ ਮੰਗੇ ਪੈਸਿਆਂ ਵਿਚੋਂ ਮੱਥਾ ਨਹੀਂ ਸੀ ਟੇਕਦੇ। ਸੋ ਹੁਣ ਐਂਟਰੀ ਫੀਸ ਲਈ ਮੰਗੇ ਪੈਸਿਆਂ ਚੋਂ ਰੱਬ ਨਾਲ਼ ਕੀਤੇ ਵਾਅਦੇ ਮੁਤਾਬਿਕ ਮੱਥਾ ਟੇਕ ਦਿੰਦੇ ਸਾਂ।
‘ਜੋ ਬੰਦੇ ਰੱਬ ਨਾਲ਼ ਕੀਤੀ ਜ਼ੁਬਾਨ ਪੂਰੀ ਕਰਦੇ ਨੇ, ਰੱਬ ਵੀ ਉਨ੍ਹਾਂ ਦੀ ਸੁਣਦਾ।’ ਮੇਰੇ ਮਨ ਵਿਚ ਇਹ ਧਾਰਨਾ ਪੱਕੀ ਹੋ ਗਈ। ਹੌਲ਼ੀ ਹੌਲ਼ੀ ਮੇਰੀ ਤੇ ਸਰੋਵਰ ਦੀ ਪਿੰਡ ਦੇ ਕੁੱਝ ਕੁ ਘਰਾਂ ਵਿਚ ਏਨੀ ਇੱਜ਼ਤ ਬਣ ਗਈ ਕਿ ਉਹ ਸਾਨੂੰ ਸੌ-ਪੰਜਾਹ ਰੁਪਏ ਤੀਕ ਦੇ ਦਿੰਦੇ। ਜਿੰਨਾ ਕਿਹਾ ਹੁੰਦਾ, ਓਨਾ ਕੰਮ ਵੀ ਕਰਦੇ। ਅਸੀਂ ਦੋਵੇਂ ਕਿਸੇ ਦੇ ਘਰ ਚਲੇ ਜਾਂਦੇ। ਉਹਤੋਂ ਕੰਮ ਪੁੱਛ ਕੇ ਖੇਤਾਂ ਚ ਚਲੇ ਜਾਂਦੇ। ਜਿੱਥੇ ਮੈਨੂੰ ਇੱਕਲੇ ਨੂੰ ਸਾਰਾ ਦਿਨ ਕੰਮ ਕਰਨਾ ਪੈਂਦਾ, ਉੱਥੇ ਦੋਵਾਂ ਨੂੰ ਅੱਧਾ ਦਿਨ ਹੀ ਕੰਮ ਕਰਨਾ ਪੈਂਦਾ। ਫਿਰ ਸ਼ਾਮ ਨੂੰ ਆ ਕੇ ਮੈਦਾਨ ਵਿਚ ਖੇਡਣ ਲਈ ਆ ਜਾਂਦੇ। ਕਦੇ ਖੇਤਾਂ ਵਿਚ ਵੱਧ ਕੰਮ ਕਰਦੇ ਤੇ ਮਾਲਕ ਤੋਂ ਅਗਲੇ ਮੈਚ ਦੀ ਐਂਟਰੀ ਫੀਸ ਲਈ ਰੁਪਈਆਂ ਦਾ ਜੁਗਾੜ ਕਰ ਲੈਂਦੇ। ਇਸ ਦੁਨੀਆ ਵਿਚ ਬੰਦੇ ਦਾ ਬੰਦੇ ਤੇ ਭਰੋਸਾ ਬਣਾ ਲੈਣਾ ਸਭ ਤੋਂ ਔਖਾ ਕੰਮ ਹੁੰਦਾ ਪਰ ਪਸ਼ੂਆਂ ਨਾਲ਼ ਤਾਂ ਇਹ ਭਰੋਸਾ ਕੁਝ ਸਮੇਂ ਦੀ ਵਫ਼ਾਦਾਰੀ ਕਰਨ ਨਾਲ਼ ਹੀ ਬਣ ਜਾਂਦੈ।
ਜਿਹੜਾ ਕੁਝ ਅਸੀਂ ਆਪ ਕਮਾ ਸਕਦੇ ਹਾਂ, ਜੇਕਰ ਉਹੀ ਕਿਸੇ ਹੋਰ ਤੋਂ ਮੰਗਦੇ ਰਹੀਏ ਤਾਂ ਉਹਦੇ ਜਿਹਾ ਪਾਪ ਕੋਈ ਨਹੀਂ। ਜਦ ਆਪਾਂ ਇਸ ਸਰਾਪ ਤੋਂ ਖੁਦ ਨੂੰ ਆਜ਼ਾਦ ਕਰਾਂਗੇ ਤਾਂ ਹੀ ਜੀਵਨ ਚ ਖੁਸ਼ਹਾਲੀ ਆ ਸਕਦੀ ਹੈ। ਸਾਡੇ ਨਾਲ਼ ਇੱਕ ਅਵਾਰਾ ਕੁੱਤਾ ਹੁੰਦਾ ਸੀ। ਉਹਦੇ ਸਿਰ ਚ ਕੀੜੇ ਪਏ ਹੋਏ ਸਨ। ਮੈਂ ਤੇ ਸਰੋਵਰ ਨੇ ਉਹਦੇ ਜ਼ਖ਼ਮਾਂ ਵਿਚੋਂ ਕੀੜੇ ਕੱਢ ਦਿੱਤੇ। ਫਿਰ ਮਲ਼੍ਹਮ ਪੱਟੀ ਕਰਦਿੱਤੀ। ਉਹ ਰਾਜ਼ੀ ਹੋ ਗਿਆ। ਹਮੇਸ਼ਾ ਸਾਡੇ ਘਰ ਦੇ ਕੌਲੇ ਨਾਲ਼ ਘੋਗਰਾ ਪੱਟ ਕੇ ਬੈਠਾ ਰਹਿੰਦਾ। ਰਾਖੀ ਕਰਦਾ ਉਹ ਵਫ਼ਾਦਾਰੀ ਨਿਭਾਉਂਦਾ ਮਰਿਆ।
ਜਿਹੜਾ ਕੁੱਤਾ ਵਫ਼ਾਦਾਰ ਹੁੰਦਾ ਹੈ, ਉਹ ਬੰਦੇ ਦੀ ਮੌਤ ਮਰਦਾ ਹੈ!
ਜੋ ਬੰਦਾ ਵਫ਼ਾਦਾਰ ਨਹੀਂ ਹੁੰਦਾ, ਉਹ ਕੁੱਤੇ ਦੀ ਮੌਤ ਮਰਦਾ ਹੈ! …
—
ਕਬੱਡੀ ਦੇ ਸਟਾਰ ਖਿਡਾਰੀ ਬਿੱਟੂ ਦੁਗਾਲ ਉਤੇ ਆਧਾਰਿਤ ਨਾਵਲ ਦਾ ਅੰਤ ਸਹਿਜੀ ਨੇ ਬੁਝਾਰਤੀ ਢੰਗ ਨਾਲ ਕੀਤਾ: ਮੈਨੂੰ ਪਟਿਆਲੇ ਦਾਖ਼ਲ ਕਰਾ ਦਿੱਤਾ। ਉੱਥੇ ਮੇਰੀ ਪੂਰੀ ਚੈੱਕਅਪ ਹੋਣ ਲੱਗੀ। ਮੇਰੇ ਅੰਦਰ ਜੀਵਨ ਦੇ ਹੁਣ ਤੱਕ ਦੇ ਸਾਰੇ ਪਲ਼ ਛੇਤੀ ਛੇਤੀ ਬੀਤਣ ਲੱਗੇ, ਕਿਵੇਂ ਨਿੱਕਾ ਹੁੰਦਾ ਖੇਡਿਆ ਸਾਂ? ਕਿਵੇਂ ਜਾਦੂ ਮਿਲਿਆ?… ਡਾਕਟਰਾਂ ਨੇ ਸਿਰਫ਼ ਅੱਧਾ ਪ੍ਰਤੀਸ਼ਤ ਹੀ ਉਮੀਦ ਦੱਸੀ, ਉਹ ਵੀ ਰੱਬ ਦੀ ਕਿਰਪਾ ਨਾਲ਼। ਫੇਰ ਵੀ ਮੈਂ ਬੇਹੋਸ਼ੀ ਵਿਚ ਹੀ ਬਾਕੀ ਦੇ ਸਾਹਾਂ ਦੀ ਪੂੰਜੀ ਖ਼ਰਚ ਕਰਨੀ ਸੀ।
ਗੁਲਜ਼ਾਰੀ ਨੇ ਜਾਦੂ ਨੂੰ ਕਾਲ਼ ਕੀਤੀ ਪਰ ਉਹਨੇ ਦੋ ਵਾਰ ਕਾਲ ਕਰਨ ਤੇ ਫ਼ੋਨ ਨਹੀਂ ਸੀ ਚੁੱਕਿਆ। ਫੇਰ ਅੱਧੇ ਘੰਟੇ ਬਾਅਦ ਜਾਦੂ ਨੇ ਕਾਲ਼ ਬੈਕ ਕੀਤੀ ਤਾਂ ਗੁਲਜ਼ਾਰੀ ਬੋਲਿਆ, ‘ਹਾਂ ਜਾਦੂ, ਬਿੱਟੂ..!’
‘ਮੈਂ ਸਮਾਧੀ ਚ ਸਾਂ… ਉਹਦੀ ਪਿੰਡੇ ਦੀ ਮਹਿਕ ਮੇਰੇ ਤੱਕ ਆਈ… ਤੰਬਾਕੂ ਦੀ ਕੌੜੀ ਮਹਿਕ ਨੇ ਮੈਨੂੰ
ਭੰਗ ਕਰ ਦਿੱਤਾ ਸੀ…।’
‘ਹਾਂ ਬਿੱਟੂ ਪਟਿਆਲੇ ਐ…।’
‘ਨਹੀਂ ਉਹ ਪਟਿਆਲੇ ਨਹੀਂ… ਬਹੁਤ ਦੂਰ ਗਿਐ!’
ਸੰਪਰਕ: +1-905-799-1661