ਸਤਪਾਲ ਭੀਖੀ
ਗੁਰਸ਼ਰਨ ਸਿੰਘ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਖੇਤਰ ਵਿਚ ਵੱਡਾ ਨਾਂ ਹੈ। ਉਨ੍ਹਾਂ ਪੰਜਾਬੀ ਨਾਟਕ ਨੂੰ ਨਵੀਂ ਦਸ਼ਾ, ਦਿਸ਼ਾ ਤੇ ਦ੍ਰਿਸ਼ਟੀ ਪ੍ਰਦਾਨ ਕੀਤੀ। ਸੰਪਾਦਨਾ ਅਤੇ ਕਾਲਮਨਵੀਸੀ ਦੇ ਖੇਤਰ ਵਿਚ ਨਵੀਂ ਜ਼ਮੀਨ ਤਿਆਰ ਕੀਤੀ। ਪੰਜਾਬੀ ਸੱਭਿਆਚਾਰ ਦੇ ਪ੍ਰਚਲਣ ਨੂੰ ਨਵੇਂ ਜ਼ਾਵੀਏ ਤੋਂ ਦੇਖਣ ਦੇ ਯਤਨ ਕੀਤੇ ਅਤੇ ਤਬਦੀਲ ਹੋਣ ਯੋਗ ਤੱਤਾਂ ਨੂੰ ਉਭਾਰਿਆ। ਉਨ੍ਹਾਂ ਨੇ ਪੰਜਾਬੀਆਂ ਨੂੰ ਰਾਜਨੀਤੀ ਦੀ ਨਵੀਂ ਦਲੀਲ ਦਿੱਤੀ। ਉਹ ਨਵੇਂ ਵਿਚਾਰਾਂ ਨੂੰ ਪਿੰਡਾਂ ਸ਼ਹਿਰਾਂ ਵਿਚ ਲੈ ਕੇ ਗਏ। ਰਾਜਸੀ ਦਬਾਓ ਅਤੇ ਵਿਰੋਧਾਂ ਦੇ ਬਾਵਜੂਦ ਆਪਣੇ ਵਿਚਾਰਾਂ ਨੂੰ ਧੜੱਲੇਦਾਰ ਢੰਗ ਨਾਲ ਰੱਖਿਆ ਤੇ ਖਿੰਡੇ ਹੋਏ ਵਿਚਾਰਾਂ ਨੂੰ ਇਕਮੁੱਠ ਕਰਨ ਦੇ ਯਤਨ ਕੀਤੇ। ਹਰ ਖੇਤਰ ਵਿਚ ਗੁਰਸ਼ਰਨ ਸਿੰਘ ਦੀ ਗੱਲਬਾਤ ਨੂੰ ਚੰਗੀ ਮਾਨਤਾ ਮਿਲੀ। ਉਨ੍ਹਾਂ ਦੀ ਬਹੁ-ਪਾਸਾਰੀ ਦ੍ਰਿਸ਼ਟੀ ਦਾ ਕੋਈ ਸਾਨੀ ਨਹੀਂ। ਉਹ ਵੱਡੀਆਂ ਸ਼ਖ਼ਸੀਅਤਾਂ ਤੋਂ ਲੈ ਕੇ ਪਿੰਡ ਦੇ ਆਮ ਆਦਮੀ ਤੱਕ ਹਰ ਇਕ ਦੀ ਪਹੁੰਚ ਵਿਚ ਸਨ। ਚੰਗੇ ਕਾਰਜਾਂ ਲਈ ਉਨ੍ਹਾਂ ਦੀ ਜ਼ੁਬਾਨ ’ਤੇ ਨਾਂਹ ਕਦੇ ਨਹੀਂ ਆਈ।
ਆਪਣੇ ਕੰਮ ਵਿਚ ਏਨੀ ਜ਼ਿੰਮੇਵਾਰੀ, ਨਿਡਰਤਾ ਤੇ ਦ੍ਰਿੜ੍ਹਤਾ ਕਿਸੇ-ਕਿਸੇ ਦੇ ਹਿੱਸੇ ਹੀ ਆਉਂਦੀ ਹੈ। ਉਸ ਦੀ ਇੱਕ ਮਿਸਾਲ ਦਿੰਦਾ ਹਾਂ। ਘਟਨਾ 1993-94 ਦੀ ਹੋਵੇਗੀ। ਭੀਖੀ ਵਿਖੇ ਰਾਤ ਨੂੰ ਗੁਰਸ਼ਰਨ ਭਾ’ਜੀ ਦੇ ਨਾਟਕ ਸਨ। ਅਤਿਵਾਦ ਦੇ ਦਿਨ। ਪੂਰਾ ਸਹਿਮ। ਦੁਪਹਿਰ ਸਮੇਂ ਬੱਸ ਅੱਡੇ ਕੋਲ ਬੰਬ ਧਮਾਕਾ ਹੋ ਗਿਆ। ਭੀਖੀ ਬੰਦ। ਆਵਾਜਾਈ ਠੱਪ। ਕਣ-ਕਣ ’ਚ ਡਰ। ਸ਼ਾਮ ਨੂੰ ਗੁਰਸ਼ਰਨ ਸਿੰਘ ਆਏ। ਰਾਮਲੀਲਾ ਗਰਾਊਂਡ ਦੀ ਸਟੇਜ ਖਾਲੀ। ਕੋਈ ਤਿਆਰੀ ਨਾ। ਉਨ੍ਹਾਂ ਨੇ ਪ੍ਰਬੰਧਕਾਂ ਨੂੰ ਬੁਲਾਇਆ। ਪ੍ਰਬੰਧਕਾਂ ਨੇ ਆਪਣੀ ਅਸਮਰੱਥਾ ਜ਼ਾਹਰ ਕੀਤੀ। ਭਾ’ਜੀ ਆਪਣੇ ਅਸਲੀ ਰੰਗ ਵਿਚ ਆ ਗਏ, ‘‘ਇਹ ਪ੍ਰੋਗਰਾਮ ਹੋਵੇਗਾ। ਕੀ ਬੰਬ ਚੱਲਣ ਨਾਲ ਪੂਰੀ ਜ਼ਿੰਦਗੀ ਰੁਕ ਗਈ? ਕੀ ਲੋਕ ਸਾਹ ਲੈਣਾ ਛੱਡ ਗਏ ਨੇ? ਤੁਸੀਂ ਜਾਓ ਘਰ। ਇਹ ਨਾਟਕ ਮੈਂ ਖ਼ੁਦ ਕਰਾਂਗਾ। ਇੱਥੇ ਨਾਟਕ ਹੋਵੇਗਾ, ਅਵੱਸ਼ ਹੋਵੇਗਾ।’’ ਲੋਕ ਆਏ, ਨਾਟਕ ਹੋਏ ਤੇ ਲੋਕ ਆਪਣੇ ਮਨਾਂ ਅੰਦਰ ਇਕ ਵਿਸ਼ਵਾਸ ਲੈ ਕੇ ਮੁੜੇ। ਇਹ ਗੁਰਸ਼ਰਨ ਸਿੰਘ ਦੀ ਸ਼ਕਤੀ ਤੇ ਸ਼ਖ਼ਸੀਅਤ ਸੀ।
ਗੁਰਸ਼ਰਨ ਸਿੰਘ ਨੇ ਨਾਟਕਾਂ/ਇਕਾਂਗੀਆਂ/ਲੇਖਾਂ ਦੇ ਨਾਲ-ਨਾਲ ਲਗਾਤਾਰ ਡਾਇਰੀ ਲਿਖੀ। ਡਾਇਰੀਆਂ ਵਿਚਲੀਆਂ ਟਿੱਪਣੀਆਂ ’ਚ ਪੰਜਾਬ ਦੀ ਰੂਹ ਬੋਲਦੀ ਹੈ। ਉਹ ਪੰਜਾਬੀ ਸਾਹਿਤ, ਸੱਭਿਆਚਾਰ, ਬੋਲੀ ਪ੍ਰਤੀ ਕਿੰਨੇ ਸੰਵੇਦਨਸ਼ੀਲ ਤੇ ਦੂਰ-ਦ੍ਰਿਸ਼ਟੀ ਦੇ ਮਾਲਕ ਸਨ ਇਹ ਇਨ੍ਹਾਂ ਡਾਇਰੀਆਂ ਵਿਚਲੀਆਂ ਲਿਖਤਾਂ ਪੜ੍ਹਦਿਆਂ ਮਹਿਸੂਸ ਹੁੰਦਾ ਹੈ। ਵਿਰਾਸਤੀ ਅਮੀਰੀਆਂ, ਅਖੌਤੀ ਸਿਫ਼ਤੀਆਂ ਤੇ ਵਿਕਰਾਲ ਸਮੱਸਿਆਵਾਂ ਬਾਰੇ ਉਨ੍ਹਾਂ ਵਿਸਥਾਰ ਸਹਿਤ ਅਤੇ ਲਗਾਤਾਰ ਲਿਖਿਆ।
ਚਰਚਿਤ ਥੀਏਟਰ ਅਦਾਕਾਰ ਡਾ. ਹਰਪ੍ਰੀਤ ਸਿੰਘ ਲਵਲੀ ਨੇ ਇਨ੍ਹਾਂ ਲਿਖਤਾਂ ਨੂੰ ਕਿਤਾਬੀ ਰੂਪ ਦੇ ਕੇ ਵੱਡਾ ਕਾਰਜ ਕੀਤਾ ਹੈ। ਦਰਅਸਲ, ਇਹ ਵੱਖ-ਵੱਖ ਸਮਿਆਂ ਵਿਚ ਗੁਰਸ਼ਰਨ ਸਿੰਘ ਵੱਲੋਂ ਲਿਖੇ ਗਏ ਕਾਲਮ ਹਨ ਜੋ ਵੱਖ-ਵੱਖ ਅਖ਼ਬਾਰਾਂ ਵਿਚ ਛਪਦੇ ਰਹੇ। ਕਾਲਮ ‘ਮੇਰੀ ਨਾਟਕ ਡਾਇਰੀ’ (ਪੰਜਾਬੀ ਟ੍ਰਿਬਿਊਨ, ਮਈ 1991 ਤੋਂ ਜਨਵਰੀ 1992 ਤੱਕ) ਵਿਚ 32 ਹਫ਼ਤਾਵਾਰੀ ਲੇਖਾਂ ਰਾਹੀਂ ਆਪਣੇ ਜੀਵਨ ਵਿਚ ਲਿਖੇ ਤੇ ਮੰਚਤ ਕੀਤੇ ਕੁਝ ਅਭੁੱਲ ਨਾਟਕਾਂ ਬਾਰੇ ਲਿਖਿਆ ਹੈ। ਉਨ੍ਹਾਂ ਨਾਟਕਾਂ ਦੀ ਵਿਧੀ, ਮੰਚਨ ਤੇ ਕਲਾਕਾਰਾਂ ਨਾਲ ਹੋਏ ਤਜਰਬਿਆਂ ਨੂੰ ਬਾਖ਼ੂਬੀ ਬਿਆਨ ਕੀਤਾ। ‘ਇਹੁ ਹਮਾਰਾ ਜੀਵਣਾ’ (ਦੇਸ਼ ਸੇਵਕ, ਜਨਵਰੀ 1996 ਤੋਂ ਅਗਸਤ 1997) ’ਚ ਮੌਜੂਦਾ ਭਾਰਤ, ਪੰਜਾਬ ਦੇ ਸਮਾਜਿਕ, ਆਰਥਿਕ ਤੇ ਸਿਆਸੀ ਵਰਤਾਰੇ ’ਤੇ ਡੂੰਘੀ ਝਾਤ ਪਵਾਈ ਗਈ ਹੈ। ‘ਕਲਾ ਤੇ ਜ਼ਿੰਦਗੀ’ (ਮਾਰਚ 1998 ਤੋਂ ਅਕਤੂਬਰ 2001 ਤੱਕ) ਵਿਚ ਜਿੱਥੇ ਨਾਟਕਾਂ ਬਾਰੇ ਵਿਸਥਾਰ ਸਹਿਤ ਨੋਟ ਹਨ, ਉੱਥੇ ਸਾਹਿਤ ਅਤੇ ਰਾਜਨੀਤੀ ਦੇ ਸਬੰਧ ਅਤੇ ਉਸ ਦੇ ਲੋਕਾਂ ’ਤੇ ਪ੍ਰਭਾਵ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ‘ਕਲਾ ਦੇ ਝਰੋਖੇ ਤੋਂ’ (ਅਪਰੈਲ 1994 ਤੋਂ ਅਗਸਤ 1997 ਤੱਕ) ਵਿਚ ਕਲਾ ਖੇਤਰ ਦੇ ਅਨੇਕ ਰੁਝਾਨਾਂ, ਕਲਾ ਵੰਨਗੀਆਂ ਦੀ ਮਹੱਤਤਾ ਨੂੰ ਰੂਪਮਾਨ ਕੀਤਾ ਗਿਆ ਹੈ। ‘ਵਿਚਾਰ-ਚਰਚਾ’ (ਦੇਸ਼ ਸੇਵਕ, ਜੂਨ 1998 ਤੋਂ ਜਨਵਰੀ 2000 ਤੱਕ) ਕਾਫ਼ੀ ਗੰਭੀਰ ਕਾਲਮ ਸੀ। ਇਸ ਵਿਚ ਲਹਿਰਾਂ ਦੀਆਂ ਪ੍ਰਾਪਤੀਆਂ-ਅਪ੍ਰਾਪਤੀਆਂ ਦਾ ਅਧਿਐਨ ਹੈ। ਧਰਮ ਅਤੇ ਸਿਆਸਤ ਦੀਆਂ ਬਾਰੀਕੀਆਂ ਨੂੰ ਉਜਾਗਰ ਕੀਤਾ ਗਿਆ ਹੈ।
ਗੁਰਸ਼ਰਨ ਸਿੰਘ ਦੀ ਧੀ ਨਵਸ਼ਰਨ ਕੌਰ ਪੁਸਤਕ ਦੇ ਮੁੱਖਬੰਦ ਵਿਚ ਲਿਖਦੀ ਹੈ, ‘‘ਗੁਰਸ਼ਰਨ ਸਿੰਘ ਪੰਜਾਬੀ ਦੇ ਉੱਘੇ ਨਾਟਕਕਾਰ ਹੀ ਨਹੀਂ, ਉੱਘੇ ਲੇਖਕ, ਸੰਪਾਦਕ, ਕਾਲਮਨਵੀਸ ਵੀ ਸਨ। ਉਨ੍ਹਾਂ ਨੇ 200 ਦੇ ਕਰੀਬ ਨਾਟਕ ਲਿਖੇ, ਦੋ ਮਾਸਿਕ ਪਰਚੇ ‘ਸਰਦਲ’ ਤੇ ‘ਸਮਤਾ’ ਦੀ ਸੰਪਾਦਨਾ ਕੀਤੀ… ਇਹ ਕਾਲਮ ਅੱਜ ਤੋਂ 20 ਜਾਂ 30 ਸਾਲ ਪਹਿਲਾਂ ਲਿਖੇ ਗਏ, ਅੱਜ ਵੀ ਇਨ੍ਹਾਂ ਨੂੰ ਸਾਂਭਣ ਤੇ ਪੜ੍ਹਨ ਦੀ ਕਿਉਂ ਲੋੜ ਹੈ, ਜਦੋਂਕਿ ਬਹੁਤ ਕੁਝ ਬਦਲ ਗਿਆ ਹੈ… ਉਦਾਹਰਨ ਦੇ ਤੌਰ ’ਤੇ 1998 ਵਿਚ ਭਾਰਤ ਪ੍ਰਮਾਣੂ ਤਾਕਤ ਬਣਿਆ- ਗੁਰਸ਼ਰਨ ਸਿੰਘ ਆਪਣੇ ਕਾਲਮ ’ਚ ਲਿਖਦੇ ਹਨ ‘ਤਾਂ ਕੀ ਅਸੀਂ ਵੀ ਜਸ਼ਨ ਮਨਾਈਏ ਅਤੇ ਆਪਣੀ ਦੇਸ਼ ਭਗਤੀ ਦੇ ਸਬੂਤ ਦੇਈਏ? ਜਾਂ ਸਵਾਲ ਪੁੱਛੀਏ ਕਿ ਕੀ ਪ੍ਰਮਾਣੂ ਤਾਕਤ ਬਣਨ ਨਾਲ ਭੁੱਖੇ ਲੋਕਾਂ ਨੂੰ ਰੋਟੀ ਮਿਲ ਜਾਏਗੀ? ਦੇਸ਼ ਭਗਤੀ ਕੀ ਹੈ? ਆਜ਼ਾਦੀ ਦੀ ਜੰਗ ਵੇਲੇ ਦੇਸ਼ ਭਗਤੀ ਦੇ ਅਰਥ ਕੀ ਸਨ, ਅੱਜ ਇਸ ਨੂੰ ਕਿਵੇਂ ਸਮਝਿਆ ਜਾਵੇ? ਰਾਸ਼ਟਰਵਾਦ ਕੀ ਹੈ?’ …ਜੇਕਰ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਆਪਣੇ ਕਾਲਮਾਂ ’ਚ (ਨਾਟਕਾਂ ’ਚ) ਗੁਰਸ਼ਰਨ ਸਿੰਘ ਔਰਤਾਂ ਦੀਆਂ ਗ਼ੁਲਾਮੀ ਦੀਆਂ ਪਰਤਾਂ ਲਾਹੁੰਦਾ ਰਿਹਾ, ਉਨ੍ਹਾਂ ਨੂੰ ਘਰ ’ਚੋਂ ਨਿਕਲਣ ਦਾ ਹੋਕਾ ਦਿੰਦਾ ਰਿਹਾ ਤਾਂ ਅੱਜ ਔਰਤਾਂ ਕਿਸਾਨੀ ਸੰਘਰਸ਼ ਵਿਚ ਲਾਸਾਨੀ ਭੂਮਿਕਾ ਨਿਭਾਅ ਰਹੀਆਂ ਹਨ।’’
ਸਿਰੜ ਦੇਖੋ, ਸੰਪਾਦਕ ਬਿਮਾਰ ਗੁਰਸ਼ਰਨ ਸਿੰਘ ਦੀ ਸੁੱਖ-ਸਾਂਦ ਪੁੱਛਣ ਘਰ ਜਾਂਦਾ ਹੈ, ‘‘ਭਾ’ਜੀ ਕੀ ਹਾਲ ਹੈ?’’
ਜਵਾਬ: ‘‘ਹੁਣ ਮੇਰੇ ਤਿੰਨ ਫ਼ਿਕਰ ਨੇ, ਇਕ ਮਜ਼ਦੂਰ ਔਰਤਾਂ ਨੂੰ ਮਰਦਾਂ ਦੇ ਬਰਾਬਰ ਮਜ਼ਦੂਰੀ ਮਿਲੇ, ਸਮਾਜ ਉਨ੍ਹਾਂ ਨੂੰ ਇੱਜ਼ਤ ਦੀ ਨਜ਼ਰ ਨਾਲ ਦੇਖੇ, ਉਨ੍ਹਾਂ ਨੂੰ ਬਰਾਬਰੀ ਦੇ ਹੱਕ ਮਿਲਣ, ਇਹ ਗੱਲ ਮੈਂ ਨਾਟਕ ਦੇ ਜ਼ਰੀਏ ਲੋਕਾਂ ਵਿਚ ਲੈ ਕੇ ਜਵਾਂਗਾ। ਦੂਸਰਾ, ਵਿਹੜੇ ਵਾਲੇ ਕਿਰਤੀ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗਾ ਤੇ ਤੀਸਰਾ, ਭਗਤ ਸਿੰਘ ਦੀ ਵਿਚਾਰਧਾਰਾ ਪਿੰਡ-ਪਿੰਡ ਲੈ ਕੇ ਜਾਵਾਂਗਾ।’’
ਸੱਤ ਪੁਸਤਕਾਂ ਦੀ ਗੱਲ ਕਰੀਏ ਤਾਂ ਪਹਿਲੀ ਪੁਸਤਕ ‘ਨਾਟਕ ਸਿਰਫ਼ ਨਾਟਕ ਨਹੀਂ’ ਵਿਚ ਲਗਪਗ ਢਾਈ ਦਰਜਨ ਨਾਟਕਾਂ ਦੀ ਸਿਰਜਣ ਪ੍ਰਕਿਰਿਆ, ਸੰਦਰਭ, ਮੰਚਨ ਤੇ ਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਲਿਖਿਆ ਹੈ। ਪਾਠਕਾਂ ਲਈ ਖ਼ੂਬਸੂਰਤ ਸਮੱਗਰੀ ’ਚ ਇਹ ਬਿਹਤਰੀਨ ਪੁਸਤਕ ਹੈ। ‘ਕੁਝ ਸਲੀਬਾਂ ਦੇ ਸੰਗ’ ਪੁਸਤਕ ਉਕਤ ਸੰਵਾਦ ਨੂੰ ਅੱਗੇ ਤੋਰਦੀ ਹੈ। ਇਸ ਦਾ ਕਲੇਵਰ ਵਿਸ਼ਵ ਨਾਟਕ ਤੋਂ ਲੈ ਕੇ ਨਾਵਲ, ਕਵਿਤਾ, ਫ਼ਿਲਮਾਂ, ਦਸਤਾਵੇਜ਼ੀ, ਰਚਨਾਵਾਂ, ਸੈਮੀਨਾਰਾਂ, ਗੋਸ਼ਟੀਆਂ, ਚਲੰਤ ਮਸਲਿਆਂ ਨੂੰ ਕੇਂਦਰ ਵਿਚ ਰੱਖਦਾ ਹੈ। ‘ਸਮੇਂ ਨਾਲ ਗੱਲਾਂ’ ਪੁਸਤਕ ਸਾਹਿਤਕ ਖੇਤਰ ਦੀਆਂ ਅਨੇਕ ਸ਼ਾਹਕਾਰ ਰਚਨਾਵਾਂ ਦੇ ਚਰਚਿਤ ਹੋ ਜਾਣ ਦੇ ਆਧਾਰ ਬਿੰਦੂਆਂ ਦੀ ਨਿਸ਼ਾਨਦੇਹੀ ਕਰਦੀ ਹੈ। ਪੁਸਤਕ ‘ਸੁਪਨਸਾਜ਼ਾਂ ਦਾ ਪੰਜਾਬ’ ਵਿਸ਼ੇਸ਼ ਤੌਰ ’ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ’ਤੇ ਕੇਂਦਰਿਤ ਹੈ। ਲੇਖਕ ਸਮਾਜਿਕ ਵਰਤਾਰੇ ਦੀਆਂ ਜੜ੍ਹਾਂ ਨੂੰ ਸਮਝਣ ਦੇ ਆਹਰ ਵਿਚ ਹੈ। ‘ਮਾਂ, ਭੈਣ, ਧੀ ਦੀ ਗਾਲ੍ਹ’ ਲਿਖਤ ਵਿਚ 1996 ਦੀ ਇਕ ਘਟਨਾ ਬਾਰੇ ਲਿਖਦਿਆਂ ਲੇਖਕ ਕਹਿੰਦਾ ਹੈ, ‘‘ਪੰਜ ਮਹੀਨੇ ਪਹਿਲਾਂ ਪੀਕਿੰਗ ਵਿਚ ਜਿੱਥੇ 176 ਕੌਮਾਂ ਦੀਆਂ ਔਰਤਾਂ ਇਕੱਠੀਆਂ ਹੋਈਆਂ, ਉੱਥੇ ਔਰਤਾਂ ਦੇ ਇਸ ਘੋਰ ਅਪਸ਼ਗਨ ਦਾ ਨੋਟਿਸ ਲਿਆ ਗਿਆ, ਜਿਸ ਦਾ ਇਨ੍ਹਾਂ ਗਾਲ੍ਹਾਂ ਰਾਹੀਂ ਪ੍ਰਗਟਾਵਾ ਹੁੰਦਾ ਹੈ। ਇਹ ਮੰਗ ਕੀਤੀ ਗਈ ਕਿ ਪਹਿਲਾਂ ਇਨ੍ਹਾਂ ਗਾਲ੍ਹਾਂ ਵਿਰੁੱਧ ਲੋਕ ਰਾਇ ਬਣਾਈ ਜਾਵੇ ਤੇ ਫਿਰ ਸਰਕਾਰ ਕੋਲੋਂ ਮੰਗ ਕੀਤੀ ਜਾਏ ਕਿ ਉਹ ਦੇਸ਼ ਦੇ ਕਾਨੂੰਨ ਵਿਚ ਇਹ ਧਾਰਾ ਸ਼ਾਮਲ ਕਰਨ ਕਿ ਜਿਹੜਾ ਗਾਲ੍ਹ ਕੱਢੇਗਾ ਉਸ ਨੂੰ 6 ਮਹੀਨੇ ਤੱਕ ਕੈਦ ਹੋ ਸਕਦੀ ਹੈ। ਬਿਲਕੁਲ ਉਸੇ ਤਰ੍ਹਾਂ, ਜਿਸ ਤਰ੍ਹਾਂ ਕਿਸੇ ਦਲਿਤ ਵੀਰ-ਭੈਣ ਲਈ ਜਾਤੀ ਸੂਚਕ ਸ਼ਬਦ ਵਰਤਣ ਵਾਲੇ ਲਈ ਹੁੰਦੀ ਹੈ।’’ ‘ਬਾਲ ਮਜ਼ਦੂਰਾਂ ਦੀ ਕਹਾਣੀ’ ’ਚ ਲੇਖਕ ਦੀ ਟਿੱਪਣੀ ਪੜ੍ਹੋ, ‘‘30 ਮਾਰਚ 1997 ਤੋਂ ਪਹਿਲੀ ਅਪਰੈਲ ਤੱਕ ਬਾਲ ਮਜ਼ਦੂਰਾਂ ਬਾਰੇ ਇਕ ਕੌਮੀ ਕਨਵੈਨਸ਼ਨ ਨਵੀਂ ਦਿੱਲੀ ਵਿਖੇ ਹੋਈ। ਇਸ ਕਨਵੈਨਸ਼ਨ ਵਿਚ ਜੋ ਗੱਲਾਂ ਸਾਹਮਣੇ ਆਈਆਂ, ਉਹ ਸਾਰੀ ਕੌਮ ਲਈ (ਜੇ ਕੋਈ ਕੌਮ ਹੈ?) ਸ਼ਰਮਿੰਦਗੀ ਦਾ ਕਾਰਨ ਹੋ ਸਕਦੀਆਂ ਹਨ (ਜੇ ਕੋਲ ਕੋਈ ਸ਼ਰਮ ਹੈ?)। ਇਹ ਕਨਵੈਨਸ਼ਨ ਬਾਲ ਮਜ਼ਦੂਰੀ ਵਿਰੁੱਧ ਸੰਘਰਸ਼ ਕਰਦੇ 700 ਦੇ ਕਰੀਬ ਵਾਲੰਟੀਅਰ ਗਰੁੱਪਾਂ ਵੱਲੋਂ ਕੀਤੀ ਗਈ। ਇਸ ਵਿਚ 1000 ਦੇ ਕਰੀਬ ਬਾਲ ਮਜ਼ਦੂਰਾਂ ਨੇ ਭਾਗ ਲਿਆ। ਇਕ ਜਿਊਰੀ ਜਿਸ ਵਿਚ 7 ਜੱਜ ਸ਼ਾਮਿਲ ਸਨ, ਉਨ੍ਹਾਂ ਨੇ ਜਨਤਕ ਸੁਣਵਾਈ ਕੀਤੀ। ਇਸ ਵਿਚ 11 ਖੇਤਰਾਂ ਨਾਲ ਸਬੰਧਤ ਬਾਲ ਮਜ਼ਦੂਰਾਂ ਨੇ ਆਪਣੀ ਆਪ ਬੀਤੀ ਸੁਣਾਈ।
ਇਨ੍ਹਾਂ ਬਾਲ ਮਜ਼ਦੂਰਾਂ ਦੀ ਗਿਣਤੀ 4 ਕਰੋੜ 50 ਲੱਖ ਹੈ। ਇਹ ਔਸਤਨ 10-12 ਘੰਟੇ ਰੋਜ਼ ਕੰਮ ਕਰਦੇ ਹਨ। ਤਨਖ਼ਾਹ 250 ਰੁਪਏ ਹੈ, ਵੱਡੇ ਹਿੱਸੇ ਨੂੰ ਇਹ ਤਨਖ਼ਾਹ ਵੀ ਨਹੀਂ ਮਿਲਦੀ। ਉਹ ਬੰਧੂਆ ਮਜ਼ਦੂਰਾਂ ਦੇ ਰੂਪ ਵਿਚ ਕੰਮ ਕਰਦੇ ਹਨ। ਦੁਨੀਆਂ ਭਰ ਵਿਚ ਮਨੁੱਖ ਦੇ ਬੁਨਿਆਦੀ ਹੱਕਾਂ ਵਿਚ ਇਹ ਹੱਕ ਸ਼ਾਮਿਲ ਹੈ ਕਿ 14 ਸਾਲ ਤੋਂ ਘੱਟ ਉਮਰ ਦਾ ਬੱਚਾ ਕੰਮ ’ਤੇ ਨਹੀਂ ਲਗਾਇਆ ਜਾਵੇਗਾ। ਉਹ ਲਾਜ਼ਮੀ ਤੌਰ ’ਤੇ ਸਕੂਲ ਪੜ੍ਹੇਗਾ, ਪਰ ਇਹ ਹੱਕ ਮਿਲੇ ਕਿਸ ਤਰ੍ਹਾਂ?’’ ਅਜਿਹੇ ਅਨੇਕ ਵੇਰਵੇ ਇਸ ਪੁਸਤਕ ਵਿਚ ਉਪਲਬਧ ਹਨ।
‘ਕਲਾ ਤੇ ਜ਼ਿੰਦਗੀ’ ਪੁਸਤਕ ਵੀ ਬਹੁਤ ਸਾਰੇ ਪਾਸਾਰਾਂ ਨੂੰ ਆਪਣੇ ਕਲਾਵੇ ’ਚ ਲੈਂਦੀ ਹੈ। ਕਲਾ ਤੇ ਨੈਤਿਕਤਾ ਦਾ ਕੀ ਅੰਤਰ ਸਬੰਧ ਹੈ। ਲੇਖਕ ਵਿਚਾਰਾਂ ਦੀ ਪੁਣਨੀ ਵਿਚੋਂ ਖ਼ਿਆਲਾਂ ਦੀ ਡਿੱਗਦੀ ਧਾਰ ਨੂੰ ਵੇਖਦਾ ‘ਦੋ ਧੜਿਆਂ ਵਿਚ ਵੰਡੀ ਖ਼ਲਕਤ’ ਨੂੰ ਸਾਫ਼ ਤੇ ਸਪਸ਼ਟ ਕਰਦਾ ਹੈ।
‘ਆਪੋ ਆਪਣੇ ਫ਼ਿਕਰ’ ਅਤੇ ‘ਚਾਨਣ ਕਦੇ ਹਰਦੇ ਨਹੀਂ’ ਪੁਸਤਕਾਂ ਕਾਫ਼ੀ ਮਹੱਤਵਪੂਰਨ ਹਨ। ਇਹ ਪੁਸਤਕਾਂ ਵਿਚਾਰਧਾਰਾ ਅਤੇ ਫਲਸਫੇ਼ ਨੂੰ ਕੇਂਦਰ ਵਿਚ ਲਿਆਉਂਦੀਆਂ ਹਨ। ਗੁਰਸ਼ਰਨ ਸਿੰਘ ਇਨ੍ਹਾਂ ਲੇਖਾਂ ਰਾਹੀਂ ਵੱਖ-ਵੱਖ ਸਮੇਂ ਚੱਲੀਆਂ ਲਹਿਰਾਂ/ ਫਿਲਾਸਫ਼ੀਆਂ, ਉਨ੍ਹਾਂ ਦੇ ਪ੍ਰਭਾਵਾਂ/ ਕੁਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਦਾ ਹੈ। ਲੇਖਕ ਦੀ ਬਾਰੀਕ ਦ੍ਰਿਸ਼ਟੀ ਇਨ੍ਹਾਂ ਵਰਤਾਰਿਆਂ ਨੂੰ ਪੇਸ਼ ਕਰਦੀ ਹੋਈ ਸਾਡੇ ਸਾਹਮਣੇ ਨਵੇਂ ਦੁਆਰ ਖੋਲ੍ਹਦੀ ਹੈ। ‘ਅਮਲ ਵਿਚ ਸਿਧਾਂਤ ਭੂਮਿਕਾ’, ‘ਵਿਚਾਰਧਾਰਕ ਸਪਸ਼ਟਤਾ ਦੀ ਲੋੜ’, ‘ਕਮਿਊਨਿਸਟਾਂ ਦੀ ਵਚਨਬੱਧਤਾ’, ‘ਦੇਸ਼ ਭਗਤ ਕੌਣ ਹੈ?’ ਆਦਿ ਵਿਸ਼ੇ ਭਾਵੇਂ ਛੋਟੀਆਂ-ਛੋਟੀਆਂ ਟਿੱਪਣੀਆਂ ਹਨ, ਪਰ ਵੱਡੇ ਅਰਥ ਸਮੋਈ ਬੈਠੀਆਂ ਹਨ। ਇਹ ਲਿਖਤਾਂ ਜਿੱਥੇ ਸਿਧਾਂਤਾਂ, ਅਮਲਾਂ ਦੇ ਮੁਲਾਂਕਣ ਨੂੰ ਪੇਸ਼ ਕਰਦੀਆਂ ਹਨ, ਉੱਥੇ ਇਤਿਹਾਸ ਨੂੰ ਬਦਲਣ ਵਾਲੀਆਂ ਤਾਕਤਾਂ ਦੇ ਗੁਪਤ ਏਜੰਡੇ ਸਾਡੇ ਸਨਮੁਖ ਕਰਦੀਆਂ ਹਨ (ਹੁਣ ਤਾਂ ਇਹ ਗੱਲਾਂ ਧੁੱਪ ਵਾਂਗ ਸਾਫ਼ ਹੀ ਹਨ)।
‘‘ਸਮਾਜਿਕ ਚੇਤਨਾ ਦੇ ਚਾਰ ਪੜਾਅ ਹਨ। ਪਹਿਲਾ ਪੜਾਅ ਹੈ ਕਿ ਸਾਧਾਰਨ ਵਿਅਕਤੀ ਨੂੰ ਇਹ ਅਹਿਸਾਸ ਹੋਵੇ ਕਿ ਜਿਸ ਸਮਾਜ ਵਿਚ ਅਸੀਂ ਜੀਅ ਰਹੇ ਹਾਂ, ਇਹ ਅਣਖ ਵਾਲੇ ਬੰਦੇ ਦੇ ਜੀਣ ਦੇ ਯੋਗ ਨਹੀਂ। ਦੂਜਾ ਪੜਾਅ ਹੈ ਕਿ ਜਾਣਿਆ ਜਾਏ ਕਿ ਇਹ ਕਿਉਂ ਜੀਣ ਦੇ ਯੋਗ ਨਹੀਂ? ਕੀ ਕਾਰਨ ਹਨ? ਤੀਜਾ ਪੜਾਅ ਹੈ ਕਿ ਜਦੋਂ ਕਾਰਨ ਪਤਾ ਲੱਗ ਗਏ ਹਨ ਤਾਂ ਸੰਘਰਸ਼ ਕਰਕੇ ਹਾਲਾਤ ਬਦਲਣ ਵੱਲ ਤੁਰਿਆ ਜਾਏ ਅਤੇ ਚੌਥਾ ਪੜਾਅ ਸਰਗਰਮ ਸਿਆਸਤ ਦਾ ਹੈ। ਸਾਡੇ ਲੋਕ, ਚੇਤਨਾ ਦੇ ਇਸ ਸਫ਼ਰ ਵਿਚ ਵੱਖ-ਵੱਖ ਪੜਾਵਾਂ ’ਤੇ ਖਲੋਤੇ ਹਨ। ਇਨ੍ਹਾਂ ਪੜਾਵਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਬਹੁਤੀ ਖ਼ਲਕਤ ਨੂੰ ਇਹ ਅਹਿਸਾਸ ਹੀ ਨਹੀਂ ਕਿ ਜਿਹੜਾ ਜੀਣਾ ਜੀਆ ਜਾ ਰਿਹਾ ਹੈ, ਉਹ ਬਦਲਣਾ ਚਾਹੀਦਾ ਹੈ। ਉਸ ਨੇ ਇਸ ਸਾਰੇ ਵਰਤਾਰੇ ਨੂੰ ਰੱਬ ਦਾ ਭਾਣਾ ਮੰਨ ਕੇ ਸਵੀਕਾਰ ਕੀਤਾ ਹੋਇਆ ਹੈ।’’ (ਚੇਤਨਾ ਦਾ ਸਫ਼ਰ)
‘ਸਾਡੇ ਵੀ ਕੁਝ ਮੁੱਦੇ ਹਨ’ ਲਿਖਤ ਮੌਜੂਦਾ ਦੌਰ ਵਿਚ ਲੋੜਾਂ ਦਾ ਇਕ ਮੈਨੀਫੈਸਟੋ ਹੈ ਜਿਹੜੀਆਂ ਮਨੁੱਖੀ ਜੀਵਨ ਲਈ ਬਹੁਤ ਅਹਿਮ ਹਨ। ਇਸ ਦੇ ਦੁਆਲੇ ਲੇਖਕ ਦੀਆਂ ਦਰਜਨਾਂ ਲਿਖਤਾਂ ਆਪਣਾ ਗੰਭੀਰ ਸੰਵਾਦ ਰਚਾਉਂਦੀਆਂ ਹਨ।
ਇਨ੍ਹਾਂ ਲਿਖਤਾਂ ਵਿਚ ਗੁਰਸ਼ਰਨ ਸਿੰਘ ਦਾ ਅਨੁਭਵ ਅਤੇ ਅਧਿਐਨ ਬਾਖ਼ੂਬੀ ਨਜ਼ਰ ਆਉਂਦਾ ਹੈ। ਇਹ ਲਿਖਤਾਂ ਮੌਜੂਦਾ ਦੌਰ ਵਿਚ ਹੋਰ ਵੀ ਮਹੱਤਵਪੂਰਨ ਹਨ। ਕਈ ਹਵਾਲੇ ਤਾਂ ਪੇਸ਼ੀਨਗੋਈ ਦੇ ਰੂਪ ਵਿਚ ਹਨ। ਜਿਨ੍ਹਾਂ ਫ਼ਿਕਰਾਂ/ਤੌਖ਼ਲਿਆਂ ਨੂੰ 20-25 ਸਾਲ ਪਹਿਲਾਂ ਧਿਆਨ ’ਚ ਲਿਆਂਦਾ ਗਿਆ, ਉਹ ਅਸੀਂ ਅੱਜ ਅੱਖੀਂ ਵੇਖ ਤੇ ਹੱਡੀਂ ਹੰਢਾਅ ਰਹੇ ਹਾਂ। ਸੋਚਣ ਤੇ ਧਿਆਨ ਦੇਣ ਵਾਲੀ ਗੱਲ ਹੈ ਕਿ ਜਿਹੜਾ ਕਿਸਾਨ ਸੰਘਰਸ਼ ਅੱਜ ਲੜਿਆ ਜਾ ਰਿਹਾ ਹੈ ਤੇ ਜਿਸ ਢੰਗ ਨਾਲ ਲੜਿਆ ਜਾ ਰਿਹਾ ਹੈ, ਉਸ ਨੂੰ ਦੋ ਦਹਾਕੇ ਪਹਿਲਾਂ ਲੜੇ ਜਾਣ ਦੀ ਜ਼ਮੀਨ ਬਾਰੇ ਲੇਖਕ ਆਪਣਾ ਮੱਤ ਪੇਸ਼ ਕਰਦਾ ਹੈ। ਸਮਕਾਲ ਨੂੰ ਸਮਝਣ ਲਈ ਇਨ੍ਹਾਂ ਪੁਸਤਕਾਂ ਦਾ ਅਧਿਐਨ ਜ਼ਰੂਰੀ ਹੈ।
ਸੰਪਰਕ: 98761-55530