ਦਿਲਜੀਤ ਸਿੰਘ ਬੇਦੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਧਾਰਮਿਕ ਸੰਸਥਾਵਾਂ, ਜਥੇਬੰਦੀਆਂ, ਸੰਤ ਮਹਾਪੁਰਸ਼ਾਂ ਅਤੇ ਸੰਗਤ ਦੇ ਸਹਿਯੋਗ ਨਾਲ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਅਤੇ ਗੁਰੂ ਰਾਮਦਾਸ ਜੀ ਦੇ 450ਵੇਂ ਗੁਰਿਆਈ ਦਿਵਸ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ 15 ਤੋਂ 18 ਸਤੰਬਰ ਤੱਕ ਪੰਥਕ ਰਵਾਇਤ ਅਤੇ ਪੂਰੇ ਜਾਹੋ ਜਲਾਲ ਨਾਲ ਕਰਵਾਏ ਜਾ ਰਹੇ ਹਨ। ਇਨ੍ਹਾਂ ਦਿਹਾੜਿਆਂ ਨੂੰ ਸਮਰਪਿਤ ਸਮਾਗਮ 30 ਅਗਸਤ ਤੋਂ ਸ਼ੁਰੂ ਹੋ ਚੁੱਕੇ ਹਨ। ਵੱਖ ਇਤਿਹਾਸਕ ਗੁਰੂ ਘਰਾਂ ਤੋਂ ਨਗਰ ਕੀਰਤਨ, ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਸੈਮੀਨਾਰ, ਕੀਰਤਨ ਦਰਬਾਰ ਅਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਏ ਜਾ ਰਹੇ ਹਨ।
ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦਾ ਗੁਰਬਾਣੀ ਦੇ ਰੂਪ ਵਿੱਚ ਦਿੱਤਾ ਉਪਦੇਸ਼ ਮਨੁੱਖਤਾ ਲਈ ਕਲਿਆਣਕਾਰੀ ਅਤੇ ਅਮੋਲਕ ਹੈ। ਉਨ੍ਹਾਂ ਜੀਵਨ ਦੇ ਹਰ ਪਹਿਲੂ ਨੂੰ ਬਾਖੂਬੀ ਸਮਝਦਿਆਂ ਗੁਰਬਾਣੀ ਉਪਦੇਸ਼ ਦੇ ਨਾਲ-ਨਾਲ ਸਮਾਜਿਕ ਪੱਖ ਤੋਂ ਲੋਕ ਭਲਾਈ ਲਈ ਸਾਰਥਕ ਉਪਰਾਲੇ ਕੀਤੇ। ਉਹ ਮਨੁੱਖੀ ਜੀਵਨ ਨੂੰ ਬਿਹਤਰ ਅਤੇ ਗੁਣੀ ਬਣਾਉਣ ਲਈ ਕਾਰਜਸ਼ੀਲ ਰਹੇ।
ਗੁਰੂ ਅਮਰਦਾਸ ਜੀ ਦਾ ਜਨਮ 1479 ਈ. ਨੂੰ ਤੇਜ ਭਾਨ ਅਤੇ ਮਾਤਾ ਸੁਲੱਖਣੀ (ਲਖਮੀ) ਦੇ ਘਰ ਪਿੰਡ ਬਾਸਰਕੇ ਵਿੱਚ ਹੋਇਆ। ਬਾਸਰਕੇ ਅੰਮ੍ਰਿਤਸਰ ਦੇ ਕਸਬਾ ਛੇਹਰਟਾ ਤੋਂ ਤਿੰਨ ਕੁ ਮੀਲ ਦੀ ਦੂਰੀ ’ਤੇ ਸਥਿਤ ਹੈ। ਮਾਤਾ-ਪਿਤਾ ਦੀ ਧਾਰਮਿਕ ਬਿਰਤੀ ਦਾ ਪ੍ਰਭਾਵ ਉਨ੍ਹਾਂ ਦੇ ਮਨ ’ਤੇ ਵੀ ਬਚਪਨ ਵਿੱਚ ਹੀ ਪੈ ਗਿਆ। ਤੇਜ ਭਾਨ ਜੀ ਖੇਤੀਬਾੜੀ ਅਤੇ ਦੁਕਾਨਦਾਰੀ ਕਰਦੇ ਸਨ। ਜਵਾਨ ਹੋਣ ’ਤੇ (ਗੁਰੂ) ਅਮਰਦਾਸ ਜੀ ਨੇ ਆਪਣੇ ਪਿਤਾ ਜੀ ਦਾ ਕੰਮ-ਕਾਜ ਸੰਭਾਲ ਲਿਆ। ਸੰਨ 1502 ਈ: ਵਿੱਚ ਉਨ੍ਹਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ ਘਰ ਦੋ ਪੁੱਤਰ ਬਾਬਾ ਮੋਹਨ ਤੇ ਬਾਬਾ ਮੋਹਰੀ ਜੀ ਜਦਕਿ ਦੋ ਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਨੇ ਜਨਮ ਲਿਆ।
ਇੱਕ ਦਿਨ ਅੰਮ੍ਰਿਤ ਵੇਲੇ ਉਨ੍ਹਾਂ ਬੀਬੀ ਅਮਰੋ ਜੀ ਕੋਲੋਂ ‘ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ।।’ ਸ਼ਬਦ ਸੁਣਿਆ। ਇਸ ਸ਼ਬਦ ਨੇ ਉਨ੍ਹਾਂ ਦਾ ਮਨ ਟੁੰਬ ਲਿਆ। ਬੀਬੀ ਅਮਰੋ ਜੀ ਉਨ੍ਹਾਂ ਨੂੰ ਨਾਲ ਲੈ ਕੇ ਖਡੂਰ ਸਾਹਿਬ ਪੁੱਜ ਗਏ। ਜਦੋਂ ਉਨ੍ਹਾਂ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ’ਤੇ ਸੀਸ ਰੱਖਿਆ ਤਾਂ ਉਨ੍ਹਾਂ ਦਾ ਮਨ ਸ਼ਾਂਤੀ ਦੀ ਅਵਸਥਾ ’ਚ ਆ ਗਿਆ। ਭਟਕਣਾ ਖਤਮ ਹੋ ਗਈ। ਉਨ੍ਹਾਂ ਨੇ ਪੂਰਨ ਗੁਰੂ ਨੂੰ ਪਾ ਲਿਆ ਸੀ। ਬਾਣੀ ਵਿੱਚ ਗੁਰੂ ਜੀ ਇਹ ਅਵਸਥਾ ਇਸ ਤਰ੍ਹਾਂ ਬਿਆਨ ਕਰਦੇ ਹਨ: ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥ ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਧਾਈਆ॥
ਗੁਰੂ ਜੀ ਉਥੇ ਹੀ ਟਿਕ ਗਏ। ਗੁਰ-ਸੰਗਤ ਦੀ ਸੇਵਾ ਨੂੰ ਆਪਣਾ ਕਰਮ ਬਣਾ ਲਿਆ। ਉਹ ਅੰਮ੍ਰਿਤ ਵੇਲੇ ਉੱਠਦੇ, ਹਰ ਰੋਜ਼ ਬਿਆਸ ਦਰਿਆ ਤੋਂ ਪਾਣੀ ਭਰ ਕੇ ਲਿਆਉਂਦੇ ਅਤੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਂਦੇ। ਬਿਰਧ ਅਵਸਥਾ ਵਿੱਚ ਹੁੰਦਿਆਂ ਵੀ ਸਾਰੀ ਸੇਵਾ ਤਨੋਂ-ਮਨੋਂ ਕਰਦੇ। ਉਨ੍ਹਾਂ ਦੀ ਨਿਰਸਵਾਰਥ ਸੇਵਾ ਦੇਖ ਕੇ ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਤੀਸਰੇ ਵਾਰਸ ਥਾਪ ਦਿੱਤਾ।
ਗੁਰੂ ਅਮਰਦਾਸ ਜੀ ਨੇ ਇਸਤਰੀ ਦੇ ਮਾਣ-ਵਡਿਆਈ ਲਈ ਆਵਾਜ਼ ਬੁਲੰਦ ਕੀਤੀ। ਸਤੀ ਪ੍ਰਥਾ ਦਾ ਉੱਚੀ ਸੁਰ ਵਿੱਚ ਵਿਰੋਧ ਕੀਤਾ। ਇਸਤਰੀ ਨੂੰ ਪਰਦੇ ਅੰਦਰ ਰਹਿਣ ਦੇ ਰਿਵਾਜ ਨੂੰ ਵੀ ਨਕਾਰਿਆ। ਇਸੇ ਤਰ੍ਹਾਂ ਉਨ੍ਹਾਂ ਵੱਡੇ ਜੋੜ-ਮੇਲੇ ਆਰੰਭ ਕੀਤੇ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ 22 ਪ੍ਰਚਾਰਕ ਥਾਪੇ, ਜਿਨ੍ਹਾਂ ਨੂੰ ਮੰਜੀਦਾਰ ਦਾ ਨਾਂ ਦਿੱਤਾ। ਪਾਣੀ ਦੀ ਕਿਲਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਗੋਇੰਦਵਾਲ ਸਾਹਿਬ ਵਿੱਚ ਬਾਉਲੀ ਬਣਵਾਈ। ਹੋਰ ਕਾਰਜ ਵੀ ਉਨ੍ਹਾਂ ਦੀ ਸ਼ਖਸੀਅਤ ਨੂੰ ਉਭਾਰਦੇ ਹਨ। ਸੰਨ 1574 ਈਸਵੀ ਵਿੱਚ ਉਹ ਗੁਰੂ ਰਾਮਦਾਸ ਜੀ ਨੂੰ ਗੁਰਤਾਗੱਦੀ ਦੇ ਕੇ ਜੋਤੀ ਜੋਤਿ ਸਮਾ ਗਏ।
ਚੌਥੇ ਗੁਰੂ ਰਾਮਦਾਸ ਜੀ ਨੇ ਲੋਕਾਈ ਨੂੰ ਜੀਵਨ-ਜੁਗਤਿ ਸਮਝਾ ਕੇ ਮਾਰਗ ਦਰਸ਼ਨ ਕੀਤਾ। ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ‘ਰਾਮਕਲੀ ਕੀ ਵਾਰ’ ਵਿੱਚ ਉਨ੍ਹਾਂ ਦੀ ਸ਼ਖ਼ਸੀਅਤ ਇਸ ਤਰ੍ਹਾਂ ਉਭਾਰੀ: ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਅਸਲ ਵਿੱਚ ਗੁਰੂ ਰਾਮਦਾਸ ਜੀ ਦੀ ਵਡਿਆਈ ਵੱਡੀ ਹੈ। ਉਹ ਨਿਮਰਤਾ ਤੇ ਨਿਰਮਲਤਾ ਦੇ ਪੁੰਜ ਸਨ। ਉਨ੍ਹਾਂ ਦਾ ਜਨਮ 1534 ਈ. ਨੂੰ ਹਰਦਾਸ ਜੀ ਤੇ ਮਾਤਾ ਦਇਆ ਕੌਰ ਦੇ ਘਰ ਚੂਨਾ ਮੰਡੀ ਲਾਹੌਰ ਵਿੱਚ ਹੋਇਆ। ਉਨ੍ਹਾਂ ਜੀ ਦਾ ਨਾਂ ਜੇਠਾ ਰੱਖਿਆ ਗਿਆ। ਬਾਲ ਅਵਸਥਾ ਵਿੱਚ ਹੀ ਉਨ੍ਹਾਂ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ। ਬਚਪਨ ਦਾ ਬਹੁਤਾ ਸਮਾਂ ਨਾਨਕੇ ਘਰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬੀਤਿਆ, ਜਿਥੇ ਗਰੀਬੀ ਦੀ ਹਾਲਤ ਵਿੱਚ ਉਹ ਘੁੰਗਣੀਆਂ ਵੇਚਦੇ ਰਹੇ। ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਤਾਂਘ ਸਦਕਾ ਉਹ ਗੋਇੰਦਵਾਲ ਸਾਹਿਬ ਆ ਗਏ। ਇਥੇ ਉਹ ਗੁਰੂ-ਦਰਬਾਰ ਵਿੱਚ ਸਵੇਰੇ-ਸ਼ਾਮ ਕਥਾ-ਕੀਰਤਨ ਸਰਵਣ ਕਰਦੇ ਅਤੇ ਗੁਰੂ-ਘਰ ਦੀ ਨਿਸ਼ਕਾਮ ਸੇਵਾ ਵੀ ਡਟ ਕੇ ਕਰਦੇ। ਉਨ੍ਹਾਂ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ ਸੁਭਾਅ ਨੂੰ ਵੇਖ ਕੇ ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਉਨ੍ਹਾਂ ਨਾਲ ਕਰ ਦਿੱਤਾ। ਇਸ ਤਰ੍ਹਾਂ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਪਰਵਾਨ ਹੋਏ।
ਉਨ੍ਹਾਂ ਗੁਰਿਆਈ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਗੁਰੂ-ਘਰ ਦੀ ਹਰ ਪੱਖ ਤੋਂ ਮਜ਼ਬੂਤੀ ਲਈ ਮਸੰਦ ਪ੍ਰਥਾ ਦੀ ਨੀਂਹ ਰੱਖੀ। ਸਿੱਖੀ ਦੇ ਨਵੇਂ ਕੇਂਦਰ ਸਥਾਪਤ ਕੀਤੇ। ਉਨ੍ਹਾਂ ਚੱਕ ਰਾਮਦਾਸ ਦੀ ਨੀਂਹ ਰੱਖੀ ਜੋ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਅੱਜ ਦੁਨੀਆਂ ਦੇ ਗੌਰਵਮਈ ਇਤਿਹਾਸ ਦਾ ਅਧਿਆਤਮਕ ਕੇਂਦਰ ਹੈ। ਗੁਰੂ ਰਾਮਦਾਸ ਜੀ ਵੱਲੋਂ ਦਿੱਤੇ ਉਪਦੇਸ਼ ਨੂੰ ਮਨਾਂ ਵਿੱਚ ਵਸਾ ਕੇ ਅਕਾਲ ਪੁਰਖ ਦੀ ਸਿਫਤ ਸਲਾਹ ਕਰਦਿਆਂ ਸਰਬੱਤ ਦਾ ਭਲਾ ਲੋਚਣਾ ਚਾਹੀਦਾ ਹੈ। ਗੁਰੂ ਸਾਹਿਬਾਨਾਂ ਦੀ ਸ਼ਤਾਬਦੀ ਸਮੇਂ ਸਮੂਹ ਸੰਗਤ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਨਿਮਰਤਾ ਭਰਪੂਰ ਜੀਵਨ ਦੇ ਧਾਰਨੀ ਬਣਨਾ ਚਾਹੀਦਾ ਹੈ। ਚੌਥੇ ਪਾਤਸ਼ਾਹ ਸਾਡਾ ਮਾਰਗ ਰੌਸ਼ਨ ਕਰਦੇ ਹੋਏ ਫੁਰਮਾਉਂਦੇ ਹਨ:
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥
ਸ਼ਤਾਬਦੀ ਸਮਾਗਮ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਤੇ ਹੋਰ ਸਬੰਧਤ ਅਸਥਾਨਾਂ ’ਤੇ ਵੀ ਹੋਣਗੇ। ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਵਿਸ਼ੇਸ਼ ਸੈਮੀਨਾਰ ਹੋਣਗੇ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਵਿਦਵਾਨ, ਸਿੱਖ ਚਿੰਤਕ ਸਮੂਲੀਅਤ ਕਰਨਗੇ। 13 ਸਤੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ, ਦੀਵਾਨ ਹਾਲ, ਅੰਮ੍ਰਿਤਸਰ ਵਿਖੇ ਰਾਗ ਦਰਬਾਰ ਹੋਵੇਗਾ ਅਤੇ ਨਾਲ ਹੀ 14 ਸਤੰਬਰ ਨੂੰ ਦਿਨ ਵੇਲੇ ਮੁੱਖ ਸਮਾਗਮ ਹੋਵੇਗਾ। ਸ਼ਤਾਬਦੀ ਨੂੰ ਸਮਰਪਿਤ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਪਾਵਨ ਚਰਨ ਛੋਹ ਅਸਥਾਨਾਂ ਤੋਂ ਵਿਸ਼ੇਸ਼ ਨਗਰ ਕੀਰਤਨ ਸਜਾਏ ਜਾ ਰਹੇ ਹਨ। 13 ਸਤੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਵੱਲੋਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਤੱਕ ਵੱਡੇ ਪੱਧਰ ’ਤੇ ਨਗਰ ਕੀਰਤਨ ਸਜਾਇਆ ਜਾਵੇਗਾ। ਗੁਰਦੁਆਰਾ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਵਿਖੇ ਮੁੱਖ ਸਮਾਗਮ ਵਿੱਚ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ। ਪੁਸਤਕ ਪ੍ਰਦਰਸ਼ਨੀ ਅਤੇ ਚਿੱਤਰ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ। 16 ਸਤੰਬਰ ਨੂੰ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਹੋਣਗੇ। ਨੈਸ਼ਨਲ ਗੱਤਕਾ ਮੁਕਾਬਲੇ ਵੀ ਕਰਵਾਏ ਜਾਣਗੇ। 17 ਸਤੰਬਰ ਨੂੰ ਰਾਤ 8 ਵਜੇ ਤੋਂ ਅਗਲੇ ਦਿਨ ‘ਆਸਾ ਦੀ ਵਾਰ’ ਸ਼ੁਰੂ ਹੋਣ ਤੱਕ ਪੰਥ ਦੇ ਨਾਮਵਰ ਢਾਡੀ ਅਤੇ ਕਵੀਸ਼ਰੀ ਜਥੇ ਸੇਵਾ ਨਿਭਾਉਣਗੇ।
ਸੰਪਰਕ: 98148-98570