ਕੇਵਲ ਧਾਲੀਵਾਲ
ਇਨਕਲਾਬੀ ਰੰਗਮੰਚ ਨੂੰ ਪ੍ਰਣਾਇਆ ਅਤੇ ਗੁਰਸ਼ਰਨ ਸਿੰਘ ਦੀਆਂ ਪੈੜਾਂ ’ਤੇ ਤੁਰਨ ਵਾਲਾ ਹੰਸਾ ਸਿੰਘ ਸਾਡੇ ਵਿਚ ਨਹੀਂ ਰਿਹਾ। ਉਹ ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਤੋਂ ਪਹਿਲਾਂ ਵੀ ਸ਼ਾਮ ਨੂੰ ਕਿਸਾਨ ਮੋਰਚਿਆਂ ’ਤੇ ਨਾਟਕ ਖੇਡ ਰਿਹਾ ਸੀ। ਇਨਕਲਾਬੀ ਰੰਗਮੰਚ ਦਾ ਦਰਿਆ ਸੀ ਹੰਸਾ ਸਿੰਘ। ਬਿਆਸ ਵਿਖੇ ਬਹੁਤੇ ਲੋਕ ਡੇਰੇ ਕਰਕੇ ਵੀ ਜਾਂਦੇ ਨੇ, ਪਰ ਸਾਡਾ ਡੇਰਾ ਤਾਂ ਹੰਸਾ ਸਿੰਘ ਦਾ ਘਰ ਸੀ। ਹੰਸਾ ਸਿੰਘ ਦੇ ਏਸ ਡੇਰੇ ’ਤੇ ਬਾਬਾ ਬਕਾਲਾ, ਰਈਆ, ਬੁਤਾਲਾ, ਕਰਤਾਰਪੁਰ, ਕਪੂਰਥਲਾ, ਖਿਲਚੀਆਂ, ਟਾਂਗਰਾ, ਗੁਰਦਾਸਪੁਰ ਤੇ ਹੋਰ ਕਈ ਨੇੜਲੀਆਂ ਥਾਵਾਂ ਤੋਂ ਰੰਗਮੰਚ ਦੇ ਕਲਾਕਾਰ ਸਿੱਖਿਆ ਲੈਣ ਆਉਂਦੇ ਤੇ ਨਾਟਕ ਖੇਡਦੇ। ਰੰਗਮੰਚ ਦੇ ਇਸ ਸ਼ੈਦਾਈ ਨੇ ਆਪਣੀ ਨੌਕਰੀ ਦੌਰਾਨ ਪ੍ਰਾਵੀਡੈਂਟ ਫੰਡ ’ਚੋਂ (ਆਪਣੇ ਪੁੱਤਰ ਦੇ ਵਿਆਹ ਦਾ ਬਹਾਨਾ ਕਰਕੇ) ਪੈਸੇ ਕਢਵਾ ਕੇ ਬਿਆਸ ਵਿਖੇ ਇਕ ਖ਼ੂਬਸੂਰਤ ਓਪਨ ਏਅਰ ਥੀਏਟਰ ‘ਇਨਪੁੱਟ ਨਾਟ ਭਵਨ’ ਉਸਾਰ ਲਿਆ ਤੇ ਓਥੇ ਨਾਟਕਾਂ ਦੇ ਮੇਲੇ ਲਾਉਣੇ ਸ਼ੁਰੂ ਕਰ ਦਿੱਤੇ। ਜਦੋਂ ਉਸ ਨੇ ਆਪਣੇ ‘ਨਾਟ ਭਵਨ’ ਦਾ ਸੁਪਨਾ ਲਿਆ ਤੇ ਮੇਰੇ ਕੋਲ ਆ ਕੇ ਕਹਿੰਦਾ, ‘‘ਭਾਅ ਮੇਰੇ ਨਾਟ ਭਵਨ ਨੂੰ ਤੂੰ ਡਿਜ਼ਾਈਨ ਕਰਨਾ ਏ।’’ ਮੈਂ ਵੀ ਕਿਹਾ, ‘‘ਠੀਕ ਏ ਭਾਅ, ਜਦੋਂ ਕਹੇਂ ਮੈਂ ਆ ਜਾਊਂਗਾ ਬਿਆਸ।’’ ਉਹ ਮੇਰੇ ਨਾਲੋਂ ਉਮਰ ’ਚ 15 ਸਾਲ ਵੱਡਾ ਸੀ, ਪਰ ਮੈਨੂੰ ਭਾਅ ਹੀ ਕਹਿੰਦਾ। ਅਸੀਂ ਦੋਵੇਂ ਮਝੈਲ ਇਕ ਦੂਜੇ ਨੂੰ ਭਾਅ-ਭਾਅ ਕਹਿ ਕੇ ਸੰਬੋਧਨ ਹੁੰਦੇ। ਉਹ ਅੰਤਾਂ ਦਾ ਪਿਆਰਾ ਇਨਸਾਨ ਸੀ। ਉਸ ਦੇ ਨਾਟ-ਭਵਨ ਦੀ ਡਿਜ਼ਾਈਨਿੰਗ ਲਈ ਮੈਂ ਕਈ ਗੇੜੇ ਬਿਆਸ ਲਾਏ। ਉਹ ਫੁੱਲਿਆ ਨਾ ਸਮਾਉਂਦਾ। ਇਸ ਨਾਟ ਭਵਨ ਦਾ ਉਦਘਾਟਨ 27 ਮਾਰਚ 2003 ਕੇਂਦਰੀ ਪੰਜਾਬੀ ਰੰਗਮੰਚ ਸਭਾ ਪੰਜਾਬ ਵੱਲੋਂ ਕੀਤਾ ਗਿਆ ਤੇ ਓਥੇ ਪਹਿਲਾ ਨਾਟਕ ‘ਮੰਚ-ਰੰਗਮੰਚ ਅੰਮ੍ਰਿਤਸਰ’ ਦੀ ਟੀਮ ਨੇ ‘ਮੱਸਿਆ ਦੀ ਰਾਤ’ ਖੇਡਿਆ। ਇਨਪੁੱਟ ਨਾਟ ਭਵਨ ਦੀਆਂ ਉਦਘਾਟਨੀ ਰਸਮਾਂ ਵਿਚ ਮੇਰੇ ਸਮੇਤ, ਦਵਿੰਦਰ ਦਮਨ, ਜਸਵੰਤ ਦਮਨ, ਡਾ. ਆਤਮਜੀਤ, ਕਮਲੇਸ਼ ਉੱਪਲ, ਡਾ. ਸਤੀਸ਼ ਵਰਮਾ, ਡਾ. ਸਾਹਿਬ ਸਿੰਘ, ਸ੍ਰੀ ਜਤਿੰਦਰ ਬਰਾੜ, ਸ੍ਰੀਮਤੀ ਹਰਭਜਨ ਕੌਰ ਤੇ ਕ੍ਰਾਂਤੀ, ਲੱਕੀ ਵੀ ਹਾਜ਼ਿਰ ਹੋਏ। ਇਸ ਪੜਾਅ ਤੱਕ ਪਹੁੰਚਣ ਲਈ ਹੰਸਾ ਸਿੰਘ ਨੇ ਲੰਮਾ ਸੰਘਰਸ਼ ਤੇ ਕਰੜੀ ਮਿਹਨਤੀ ਕੀਤੀ, ਜ਼ਿੰਦਗੀ ’ਚ ਅਨੁਸ਼ਾਸਨ ਰੱਖਿਆ ਅਤੇ ਰੰਗਮੰਚ ਨਾਲ ਵਚਨਬੱਧਤਾ ਨਿਭਾਈ। ਇਹੋ ਗੁਣ ਉਸ ਨੇ ਆਪਣੇ ਦੋਵਾਂ ਪੁੱਤਰਾਂ ਕ੍ਰਾਂਤੀਪਾਲ ਤੇ ਵਿਕਰਮਜੀਤ ਲੱਕੀ ਨੂੰ ਵੀ ਦਿੱਤੇ। ਜੇ 45 ਕੁ ਵਰ੍ਹੇ ਪਿਛਾਂਹ ਪਰਤ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਭਾ’ਜੀ ਗੁਰਸ਼ਰਨ ਸਿੰਘ ਦੇ ਰੰਗਮੰਚ ਸਫ਼ਰ ਵਿਚੋਂ ਜਿਨ੍ਹਾਂ ਕਲਾਕਾਰਾਂ ਨੇ ਕੁਝ ਸਿੱਖ ਕੇ, ਨਵੇਂ ਪੂਰਨੇ ਪਾਏ ਉਨ੍ਹਾਂ ਵਿਚ ਹੰਸਾ ਸਿੰਘ ਦਾ ਨਾਮ ਵੀ ਮੋਹਰੀ ਰੰਗਕਰਮੀਆਂ ਦੀ ਕਤਾਰ ਵਿਚ ਹੈ। ਐਮਰਜੈਂਸੀ ਦੇ ਸਾਲ 1975 ਤੋਂ ਲੈ ਕੇ 1977 ਤੱਕ ਢਾਈ ਤਿੰਨ ਸਾਲਾਂ ਤੱਕ ਹੰਸਾ ਸਿੰਘ ਭਾ’ਜੀ ਗੁਰਸ਼ਰਨ ਸਿੰਘ ਦੀ ਨਾਟ ਮੰਡਲੀ ਵਿਚ ਬਤੌਰ ਅਦਾਕਾਰ ਕੰਮ ਕਰਦਾ ਰਿਹਾ। ਇਨ੍ਹਾਂ ਸਾਲਾਂ ਵਿਚ ਹੋਰ ਕੋਈ ਅਦਾਕਾਰ ਤਾਂ ਕਿਸੇ ਨਾਟਕ ਵਿਚ ਬਦਲ ਜਾਂਦਾ ਸੀ, ਪਰ ਹੰਸਾ ਸਿੰਘ ਹਰ ਨਾਟਕ ਵਿਚ ਤੇ ਹਰ ਪ੍ਰੋਗਰਾਮ ਵਿਚ ਉਨ੍ਹਾਂ ਦੇ ਨਾਲ ਹੀ ਰਿਹਾ। ਭਾ’ਜੀ ਨਾਲ ਕੰਮ ਕਰਦਿਆਂ ਹੰਸਾ ਸਿੰਘ ਨੇ ‘ਇਨਕਲਾਬ ਜ਼ਿੰਦਾਬਾਦ’, ‘ਤਖ਼ਤ ਲਾਹੌਰ’, ‘ਇਹ ਲਹੂ ਕਿਸਦਾ ਹੈ’, ‘ਪਰਖ’, ‘ਭਗੌਤੀ ਦੀ ਸ਼ਕਤੀ’ ਅਤੇ ‘ਕਿਵ ਕੂੜੇ ਤੁਟਿ ਪਾਲਿ’ ਨਾਟਕ ਪ੍ਰਮੁੱਖ ਤੌਰ ’ਤੇ ਕੀਤੇ।
ਪੰਜਾਬੀ ਥੀਏਟਰ ਨਾਲ ਜੁੜਨ ਦਾ ਸੁਭਾਗ ਹੰਸਾ ਸਿੰਘ ਨੂੰ ਉਸ ਦੇ ਘਰ ’ਚੋਂ ਹੀ ਮਿਲਿਆ। ਉਸ ਦੇ ਪਿਤਾ ਪਿਆਰਾ ਸਿੰਘ ਹੋਰੀਂ ਵੀ ਰੰਗਮੰਚ ਨਾਲ ਜੁੜੇ ਹੋਏ ਸਨ। ਰਈਏ ਵਿਖੇ ਉਹ ਰਾਮਲੀਲਾ ਕਲੱਬ ਦੇ ਮੈਂਬਰ ਸਨ ਤੇ ਨਾਟਕ ਵੀ ਕਰਿਆ ਕਰਦੇ ਸਨ। ਹੰਸਾ ਸਿੰਘ ਨੇ ਸਟੇਜ ’ਤੇ ਪਹਿਲਾ ਗੀਤ ‘ਚੁੰਮ ਚੁੰਮ ਰੱਖੋ ਨੀ ਏਹ ਕਲਗੀ ਜੁਝਾਰ ਦੀ’ ਬੋਲਿਆ। ਉਸ ਦੀ ਆਵਾਜ਼ ਬਹੁਤ ਵਧੀਆ ਸੀ। ਉਸ ਵੇਲੇ ਉਸ ਦੀ ਉਮਰ ਨੌਂ-ਦਸ ਸਾਲ ਸੀ। ਸਕੂਲ ਵਿਚ 26 ਜਨਵਰੀ ਦਾ ਪ੍ਰੋਗਰਾਮ ਸੀ। ਅਧਿਆਪਕਾ ਚਰਨਜੀਤ ਕੌਰ ਛਾਪਿਆਂ ਵਾਲੀ ਨੇ ਉਸ ਨੂੰ ਤੇਰਾ ਸਿੰਘ ਚੰਨ ਦੇ ਉਪੇਰਿਆਂ ’ਤੇ ਨਾਟਕ ਤਿਆਰ ਕਰਵਾਏ। ਬੱਚਿਆਂ ਨੇ ਇਕੱਠੇ ਗੀਤ ਗਾਏ। ‘ਹੇ ਪਿਆਰੀ ਭਾਰਤ ਮਾਂ, ਤੈਨੂੰ ਅਸੀਂ ਸੀਸ ਨਿਵਾਉਂਦੇ ਹਾਂ…।’ ਚੀਨ ਤੇ ਭਾਰਤ ਦੀ ਉਸ ਵੇਲੇ ਲੜਾਈ ਲੱਗੀ ਸੀ। ਉਸ ’ਤੇ ਆਧਾਰਿਤ ਨਾਟਕ ਕੀਤਾ ਜੋ ਲੋਕਾਂ ਨੇ ਬਹੁਤ ਪਸੰਦ ਕੀਤਾ। ਸਕੂਲ ਦੇ ਅਧਿਆਪਕਾਂ ਤੇ ਪਿੰਡ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਉਸ ਦਾ ਹੌਂਸਲਾ ਵਧ ਗਿਆ। ਜੀ.ਟੀ.ਬੀ. ਖ਼ਾਲਸਾ ਹਾਈ ਸਕੂਲ, ਬਾਬਾ ਬਕਾਲਾ ਵਿਚ ਪੜ੍ਹਦਿਆਂ ਪਿੰਡ ਵਿਚ ਇਕ ਬਾਲ ਸਭਾ ਬਣਾਈ ਗਈ। ਇਸ ਸਭਾ ਦੇ ਪ੍ਰਧਾਨ ਗੁਰਾਂਦਿੱਤਾ ਮੱਲ ਸਨ। ਸਭਾ ਵੱਲੋਂ 1965 ਵਿਚ ਆਈ.ਸੀ. ਨੰਦਾ ਦਾ ਨਾਟਕ ‘ਬੇਬੇ ਰਾਮ ਭਜਨੀ’ ਖੇਡਿਆ। ਫਿਰ ਕੁਝ ਚਿਰ ਬਾਅਦ ‘ਜਿੰਨ’ ਨਾਟਕ ਖੇਡ ਕੇ ਪਿੰਡ ਵਿਚ ਰੰਗਮੰਚ ਦਾ ਦੀਪ ਜਗਾਇਆ। ਇਸ ਤਰ੍ਹਾਂ ਹੰਸਾ ਸਿੰਘ ਨੇ ਪੰਜਾਬੀ ਥੀਏਟਰ ਨਾਲ ਪੱਕੀ ਆੜੀ ਪਾ ਲਈ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ।
ਗੁਰਸ਼ਰਨ ਭਾ’ਜੀ ਨਾਲ ਹੰਸਾ ਸਿੰਘ ਨੇ ਤਿੰਨ ਸਾਲ 1975, 1976, 1977 ਤੱਕ ਕੁਲਵਕਤੀ ਦੇ ਤੌਰ ’ਤੇ ਕੰਮ ਕੀਤਾ। ਇਹ ਉਹ ਸਮਾਂ ਸੀ, ਜਦੋਂ ਭਾ’ਜੀ ਦੀ ਟੀਮ ਦੇ ਕਹਿੰਦੇ ਕਹਾਉਂਦੇ ਕਲਾਕਾਰ ਐਮਰਜੈਂਸੀ ਦੇ ਡਰੋਂ ਨਾਟਕ ਖੇਡਣੇ ਛੱਡ ਗਏ ਸੀ। ਉਦੋਂ ਹੰਸਾ ਸਿੰਘ ਵਰਗੇ ਨਿਡਰ ਤੇ ਸਿਰੜੀ ਕਲਾਕਾਰਾਂ ਨੇ ਉਨ੍ਹਾਂ ਦਾ ਸਾਥ ਦਿੱਤਾ। ਭਾ’ਜੀ ਕਿਸੇ ਕਲਾਕਾਰ ਨੂੰ ਉਂਝ ਵਿਸ਼ੇਸ ਰੂਪ ਵਿਚ ਕਿਸੇ ਸਿਆਸੀ ਵਿਚਾਰਧਾਰਾ ਨਾਲ ਨਹੀਂ ਸੀ ਜੋੜਦੇ, ਪਰ ਉਨ੍ਹਾਂ ਦੀ ਸੰਗਤ ਵਿਚ ਆ ਕੇ ਬੰਦਾ ਬਹੁਤ ਕੁਝ ਸੋਚਣ ਲਈ ਮਜਬੂਰ ਹੋ ਜਾਂਦਾ ਸੀ ਕਿ ਸਮਾਜ ਵਿਚ ਨਾਬਰਾਬਰੀ ਕਿਉਂ ਹੈ? ਭਾ’ਜੀ ਨਾਲ ਜਦੋਂ ਕੋਈ ਕਲਾਕਾਰ ਰੋਜ਼ਾਨਾ ਸੰਗਤ ਕਰਦਾ ਤਾਂ ਇਹ ਸਵਾਲ ਉਹਦੇ ਮਨ ਵਿਚ ਆਉਂਦਾ ਤੇ ਉਦੋਂ ਉਹ ਜਵਾਬ ਲੱਭਣ ਲਈ ਭਾ’ਜੀ ਨਾਲ ਤੁਰ ਪੈਂਦਾ। ਨੌਕਰੀ ਕਾਰਨ ਹੰਸਾ ਸਿੰਘ ਨੂੰ ਭਾ’ਜੀ ਨਾਲ ਜਾਣ ਦਾ ਸਮਾਂ ਨਾ ਮਿਲਦਾ ਤਾਂ ਉਸ ਨੇ ਆਪਣੇ ਪਿੰਡ ਹੀ 1978 ਵਿਚ ਟੀਮ ਬਣਾਈ ‘ਲੋਕ ਕਲਾ ਮੰਚ ਬਾਬਾ ਬਕਾਲਾ’ ਤੇ ਪਹਿਲਾ ਨਾਟਕ ‘ਅੰਮ੍ਰਿਤਸਰ ਸਤਿਗੁਰੂ ਸਤਿਵਾਦੀ’ ਖੇਡਿਆ। ਇਹ ਹੰਸਾ ਸਿੰਘ ਦੀ ਨਿਰਦੇਸ਼ਨਾ ਹੇਠ ਪਹਿਲਾ ਨਾਟਕ ਸੀ। ਫਿਰ ਪਿੰਡ ਦੇ 55 ਕਲਾਕਾਰਾਂ ਨਾਲ ਕਰਨਲ ਗੁਪਤਾ ਦਾ ਲਿਖਿਆ ਨਾਟਕ ‘ਜੱਗ ਚਾਨਣ ਹੋਇਆ’ ਖੇਡਿਆ। ਪਿੰਡ ਦੇ ਵੱਡੇ ਮੈਦਾਨ ਵਿਚ ਬਹੁਤ ਵੱਡੀ ਸਟੇਜ ਬਣਾਈ, 80 ਫੁੱਟ ਚੌੜੀ। ਉਸ ’ਤੇ ਮੰਦਰ, ਮਸੀਤਾਂ ਬਣਾ ਕੇ ਵੱਡਾ ਸੈੱਟ ਬਣਾਇਆ। ਅੰਮ੍ਰਿਤਸਰ ਤੋਂ ਕੁਲਵੰਤ ਲਾਈਟਾਂ ਵਾਲੇ ਨੂੰ ਬੁਲਾਇਆ। ਸਾਰਾ ਨਾਟਕ ਰਿਕਾਰਡ ਕੀਤਾ ਸੀ। ਢਾਈ ਮਹੀਨੇ ਰਿਹਰਸਲ ਕੀਤੀ ਗਈ। 1978 ਵਿਚ ਇਹ ਨਾਟਕ ਖੇਡਿਆ ਗਿਆ। ਆਲੇ-ਦੁਆਲੇ ਦੇ ਪਿੰਡਾਂ ਤੋਂ ਲੋਕ ਟਰਾਲੀਆਂ ਭਰ-ਭਰ ਕੇ ਆਉਂਦੇ। ਇਹ ਨਾਟਕ ਤਿੰਨ ਦਿਨ ਚੱਲਦਾ ਰਿਹਾ। ਇਹ ਉਸ ਦੀ ਜ਼ਿੰਦਗੀ ਦਾ ਅਹਿਮ ਨਾਟਕ ਸੀ। ਇਸ ਤੋਂ ਬਾਅਦ ਅਗਲੇ ਦਸ ਸਾਲ ਦਾ ਨਾਟਕੀ ਸਫ਼ਰ ਵੱਖਰੀ ਭਾਂਤ ਦਾ ਸੀ।
ਲੋਕਾਂ ਨੂੰ ਚੇਤੰਨ ਕਰਨ, ਉਨ੍ਹਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਵਿਚ ਅਗਾਂਹਵਧੂ ਸੋਚ ਪੈਦਾ ਕਰਨ ਲਈ ਪ੍ਰਚਾਰ ਪਸਾਰ ਦੀ ਲੋੜ ਸੀ ਤੇ ਪ੍ਰਚਾਰ ਦਾ ਸਾਧਨ ਬਣਿਆ ਨਾਟਕ। ਪੰਜਾਬ ਵਿਚ ਪੰਜ ਟੀਮਾਂ ਬਣਾਈਆਂ ਗਈਆਂ: ਪੰਜਾਬ ਨਾਟਕ ਕਲਾ ਕੇਂਦਰ ਬਾਬਾ ਬਕਾਲਾ, ਪੰਜਾਬ ਨਾਟਕ ਕਲਾ ਕੇਂਦਰ ਲੁਧਿਆਣਾ, ਪੰਜਾਬ ਨਾਟਕ ਕਲਾ ਕੇਂਦਰ ਜਲੰਧਰ, ਹੁਸ਼ਿਆਰਪੁਰ, ਪੰਜਾਬ ਨਾਟਕ ਕਲਾ ਕੇਂਦਰ ਪਟਿਆਲਾ ਤੇ ਪੰਜਾਬ ਨਾਟਕ ਕਲਾ ਕੇਂਦਰ ਲੋਹੀਆਂ।
ਇਨ੍ਹਾਂ ਪੰਜਾਂ ਟੀਮਾਂ ਦੇ ਕਲਾਕਾਰ ਅਗਾਂਹਵਧੂ ਸੋਚ ਵਾਲੇ ਸਨ। ਉਹ ਇਕ ਵੀ ਪੈਸਾ ਟੀਮ ਕੋਲੋਂ ਨਹੀਂ ਸਨ ਲੈਂਦੇ। ਉਨ੍ਹਾਂ ਨੂੰ ਸਿਰਫ਼ ਬੱਸ ਕਿਰਾਇਆ ਹੀ ਦਿੱਤਾ ਜਾਂਦਾ। ਇਹ ਟੀਮਾਂ ਇਕ ਮਹੀਨੇ ਵਿਚ 20 ਤੋਂ 25 ਸ਼ੋਅ ਕਰਦੀਆਂ। ਇਕ ਸ਼ੋਅ ਦਾ 300 ਰੁਪਏ ਲਿਆ ਜਾਂਦਾ ਸੀ। ਹਰ ਟੀਮ ਆਪਣਾ ਹਿਸਾਬ ਕਿਤਾਬ ਰੱਖਦੀ। ਨਾਟਕ ਟੀਮਾਂ ਦੀਆਂ ਬਾਕਾਇਦਾ ਮੀਟਿੰਗਾਂ ਚੱਲਦੀਆਂ। ਪੰਜਾਂ ਟੀਮਾਂ ਦੇ ਵਧੀਆ ਕਲਾਕਾਰ ਲੈ ਕੇ ਪੰਜਾਬ ਦੀ ਇਕ ਟੀਮ ਬਣਾਈ। ਪੰਜਾਬ ਦੀ ਟੀਮ ਨੇ ਨਵੇਂ ਨਾਟਕ ਲਿਖਣ ਦੀ ਪਿਰਤ ਵੀ ਪਾਈ। ਨਾਟਕ ਵਰਕਸ਼ਾਪਾਂ ਲਗਾਈਆਂ ਗਈਆਂ। ਪਹਿਲੀ ਵਰਕਸ਼ਾਪ ਦੁੱਗਰੀ (ਲੁਧਿਆਣਾ) ਵਿਖੇ ਲੱਗੀ। ‘ਮੀਲ ਪੱਥਰ’ ਨਾਟਕ ਤਿਆਰ ਕੀਤਾ ਗਿਆ। ਦਿੱਲੀ ਦੰਗੇ ਹੋਏ ਤਾਂ ਪੁਰਹੀਰਾਂ (ਹੁਸ਼ਿਆਰਪੁਰ) ਵਿਖੇ ਨਾਟਕ ਵਰਕਸ਼ਾਪ ਲਾਈ ਗਈ। ਤਿੰਨ ਦਿਨ ਵਿਚ ਨਾਟਕ ਲਿਖਿਆ ਗਿਆ। ਚਾਰ ਦਿਨਾਂ ’ਚ ਰਾਤ ਦਿਨ ਰਿਹਰਸਲ ਕਰਕੇ ਦੇਸ਼ ਭਗਤ ਯਾਦਗਾਰ ਹਾਲ ਵਿਚ ਨਾਟਕ ਖੇਡਿਆ ਗਿਆ। ਇਹ ਨਾਟਕ ਸੀ ‘ਔਰੰਗਜ਼ੇਬ ਅਜੇ ਮਰਿਆ ਨਹੀਂ’। ਵਰਕਸ਼ਾਪਾਂ ਦੌਰਾਨ ਪਾਤਰ ਰੋਟੀ ਪਾਣੀ ਵੀ ਆਪ ਤਿਆਰ ਕਰਦੇ। ਇਨ੍ਹਾਂ ਸਮਿਆਂ ਵਿਚ ਪੰਜਾਬ ਨਾਟਕ ਕਲਾ ਕੇਂਦਰ ਨੇ ‘ਔਰੰਗਜ਼ੇਬ ਅਜੇ ਮਰਿਆ ਨਹੀਂ’, ‘ਜ਼ੰਜੀਰਾਂ ਕਿੰਝ ਟੁੱਟਣ’, ‘ਓੜਕ ਸੱਚ ਰਹੀ’, ‘ਜਦੋਂ ਲੋਕ ਜਾਗੇ’, ‘ਮੀਲ ਪੱਥਰ’ ਪੰਜ ਵੱਡੇ ਨਾਟਕ ਲਿਖੇ ਜੋ ਹੰਸਾ ਸਿੰਘ ਦੀ ਨਿਰਦੇਸ਼ਨਾ ਹੇਠ ਖੇਡੇ ਗਏ। ਪੰਜਾਂ ਟੀਮਾਂ ਵਿਚੋਂ ਕਲਾਕਾਰ ਲੈ ਕੇ ਇਨਕਲਾਬੀ ਗੀਤਾਂ ਦੀਆਂ ਕੈਸਿਟਾਂ ਵੀ ਤਿਆਰ ਕੀਤੀਆਂ ਗਈਆਂ।
ਪੰਜਾਬ ਨਾਟਕ ਕਲਾ ਕੇਂਦਰ ਦੇ ਉਸ ਵੇਲੇ ਸਰਗਰਮ ਕਲਾਕਾਰਾਂ ਵਿਚ ਅਮੋਲਕ ਸਿੰਘ, ਜੋਰਾ ਸਿੰਘ ਨਸਰਾਲੀ, ਕਸਤੂਰੀ ਲਾਲ, ਹੰਸਾ ਸਿੰਘ, ਸੁਰਿੰਦਰ ਸਿੰਘ, ਕੁਲਦੀਪ ਗੁਰਾਲਾ, ਰੇਸ਼ਮ ਸਿੰਘ, ਅਮਰਜੀਤ ਮੱਲੀ, ਮੇਜਰ ਬਲਦ ਕਲਾਂ, ਸ਼ਬਜਿੰਦਰ ਕੇਦਾਰ, ਲਖਵਿੰਦਰ ਮੱਲੀ, ਸੁਮਨ ਲਤਾ, ਤਰਸੇਮ ਲੋਹੀਆਂ, ਮੰਗਤ ਸਿੰਘ (ਸ਼ਹੀਦ), ਹਰਮੇਸ਼ ਮਾਲੜੀ, ਸੂਰਤ ਸਿੰਘ, ਰਵੇਲ ਸਿੰਘ, ਮੋਹਣ ਸਿੰਘ, ਦਲੀਪ ਭਨੋਟ, ਸਤਿਨਾਮ ਸਿੰਘ, ਹਰਕੰਵਲਜੀਤ ਸਿੰਘ ਸਾਹਿਲ, ਗੁਰਵਿੰਦਰ ਨੀਟਾ, ਰਾਜ ਕੈਲਗਰੀ, ਬਲਦੇਵ ਕਿਸ਼ੋਰ, ਵਿਪਨ ਲੋਹੀਆਂ, ਜਗਮੋਹਣ ਲੋਹੀਆਂ, ਵਿਜੈ ਸਚਦੇਵਾ ਹੋਰ ਵੀ ਬਹੁਤ ਕਲਾਕਾਰ ਸਨ ਜਿਨ੍ਹਾਂ ਨੇ ਲੋਕਾਂ ਲਈ ਥੀਏਟਰ ਕੀਤਾ। ਇਨਕਲਾਬੀ ਗੀਤਾਂ ਦੀਆਂ ਕੈਸਿਟਾਂ ਵਿਚ ਪਰਮਜੀਤ ਚੱਕ ਦੇਸਰਾਜ ਅਤੇ ਨੌਰੰਗ ਭਵਾਨੀਗੜ੍ਹ ਨੇ ਵੀ ਭਰਵੀਂ ਹਾਜ਼ਰੀ ਲਵਾਈ।
1975 ਦੀ ਬੜੀ ਦਿਲਚਸਪ ਘਟਨਾ ਹੈ। 1975 ਵਿਚ ਹੀ ਹੰਸਾ ਸਿੰਘ ਦੀ ਸ਼ਾਦੀ ਹੋਈ ਸੀ। ਉਨ੍ਹਾਂ ਦਿਨਾਂ ਵਿਚ ਹੀ ਭਾ’ਜੀ ਗੁਰਸ਼ਰਨ ਸਿੰਘ ਨਾਲ ਨਾਟਕ ਕਰਨ ਦਾ ਉਸ ਨੂੰ ਮੌਕਾ ਮਿਲ ਗਿਆ। ਇਕ ਪਾਸੇ ਨਵੀਂ-ਨਵੀਂ ਸ਼ਾਦੀ ਤੇ ਦੂਜੇ ਪਾਸੇ ਭਾ’ਜੀ ਗੁਰਸ਼ਰਨ ਸਿੰਘ ਨਾਲ ਨਾਟਕ ਕਰਨ ਦਾ ਮੌਕਾ। ਬੰਦਾ ਕਿਹੜੇ ਪਾਸੇ ਜਾਵੇ? ਹੰਸਾ ਸਿੰਘ ਨੇ ਨਾਟਕਾਂ ਨੂੰ ਤਰਜੀਹ ਦਿੱਤੀ। ਘਰ ਵਿਚ ਮਹਾਂਭਾਰਤ ਛਿੜ ਗਿਆ। ਇਹ ਤਾਂ ਹੋਣਾ ਹੀ ਸੀ, ਜਦੋਂ ਹੰਸਾ ਸਿੰਘ ਨੇ ਕਈ-ਕਈ ਦਿਨ ਘਰ ਨਾ ਆਉਣਾ। ਦਿਨੇ ਕਿਸੇ ਕਾਲਜ ਤੇ ਰਾਤ ਨੂੰ ਕਿਸੇ ਪਿੰਡ। ਹੰਸਾ ਸਿੰਘ ਦੀ ਘਰਵਾਲੀ ਦੇ ਪੇਕੇ ਉਸ ਨੂੰ ਲੈ ਗਏ। ਉਸ ’ਤੇ ਕੇਸ ਕਰ ਦਿੱਤਾ। ਅੱਠ ਮਹੀਨੇ ਉਹ ਨਾ ਆਈ। ਜਦੋਂ ਪਹਿਲੀ ਤਰੀਕ ਪਈ ਤਾਂ ਜੱਜ ਇਕ ਔਰਤ ਸੀ। ਉਸ ਨੇ ਪੁੱਛਿਆ, ‘‘ਕਾਕਾ, ਕਿਹੜੇ ਨਾਟਕ ਕਰਦਾ ਏਂ?’’ ਜਿਉਂ ਹੀ ਹੰਸਾ ਸਿੰਘ ਨੇ ਭਾ’ਜੀ ਗੁਰਸ਼ਰਨ ਸਿੰਘ ਦਾ ਨਾਂ ਲਿਆ ਤਾਂ ਜੱਜ ਸਾਹਿਬਾ ਕਹਿੰਦੀ, ‘‘ਉਹਨੂੰ ਤਾਂ ਮੈਂ ਜਾਣਦੀ ਹਾਂ। ਉਹ ਤਾਂ ਬੜੇ ਵਧੀਆ ਇਨਸਾਨ ਨੇ।’’ ਹੰਸਾ ਸਿੰਘ ਨੇ ਜੁਆਬ ਦਿੱਤਾ, ‘‘ਜੀ ਮੈਂ ਵੀ ਬਹੁਤ ਵਧੀਆ ਇਨਸਾਨ ਹਾਂ, ਪਰ ਮੇਰੇ ਸਹੁਰੇ ਨਹੀਂ ਸਮਝਦੇ।’’ ਫੇਰ ਜੱਜ ਨੇ ਦੋਵਾਂ ਧਿਰਾਂ ਨੂੰ ਸਮਝਾਇਆ ਤੇ ਹੰਸਾ ਸਿੰਘ ਦੇ ਹੱਕ ਵਿਚ ਫ਼ੈਸਲਾ ਕੀਤਾ ਤੇ ਉਹ ਦੋਵੇਂ ਜੀਅ ਖ਼ੁਸ਼ੀ-ਖ਼ੁਸ਼ੀ ਘਰ ਪਰਤ ਆਏ। ਇਸ ਤੋਂ ਬਾਅਦ ਉਸ ਦੀ ਜੀਵਨ ਸਾਥਣ ਨੇ ਇਸ ਕੰਮ ਵਿਚ ਉਸ ਦਾ ਬਹੁਤ ਸਾਥ ਦਿੱਤਾ। ਜੇਕਰ ਹੰਸਾ ਸਿੰਘ ਆਖ਼ਰੀ ਸਾਹਾਂ ਤੱਕ ਰੰਗਮੰਚ ਦੀ ਸੇਵਾ ਕਰ ਸਕਿਆ ਤਾਂ ਉਸ ਵਿਚ ਉੁਸ ਦੀ ਜੀਵਨ ਸਾਥਣ ਹਰਭਜਨ ਕੌਰ ਦਾ ਬਹੁਤ ਵੱਡਾ ਰੋਲ ਰਿਹਾ ਹੈ।
ਜਦੋਂ ਭਾ’ਜੀ ਅਤੇ ਬਾਕੀ ਸਾਥੀਆਂ ਨੇ 14 ਮਾਰਚ 1982 ਨੂੰ ਪੰਜਾਬ ਲੋਕ ਸਭਿਆਚਾਰਕ ਮੰਚ ਦੀ ਸਥਾਪਨਾ ਕੀਤੀ ਤਾਂ ਉਸ ਵੇਲੇ ਹੰਸਾ ਸਿੰਘ ਨੂੰ ਬਾਨੀ ਮੈਂਬਰ ਲਿਆ ਗਿਆ। ਅੱਗੇ ਚਲਕੇ ਹੰਸਾ ਸਿੰਘ ‘ਪਲਸ ਮੰਚ’ ਦਾ ਮੀਤ ਪ੍ਰਧਾਨ ਵੀ ਬਣਿਆ। ਜਦੋਂ ਗਦਰੀ ਬਾਬਿਆਂ ਦਾ ਮੇਲਾ ਜਲੰਧਰ ਵਿਖੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸ਼ੁਰੂ ਕੀਤਾ ਤਾਂ ਝੰਡੇ ਦੀ ਰਸਮ ਦਾ ਐਕਸ਼ਨ ਗੀਤ ਪਹਿਲੀ ਵਾਰ ਬੇਸ਼ੱਕ ਮੇਰੀ ਨਿਰਦੇਸ਼ਨਾ ਵਿਚ ਪੇਸ਼ ਕੀਤਾ ਗਿਆ, ਪਰ ਬਾਕੀ ਦੇ ਲਗਭਗ 15-20 ਮੇਲਿਆਂ ਵਿਚ ਹੰਸਾ ਸਿੰਘ ਦੀ ਨਿਰਦੇਸ਼ਨਾ ਹੇਠ ਹੀ ਝੰਡੇ ਦੀ ਰਸਮ ਦਾ ਐਕਸ਼ਨ ਗੀਤ 100-150 ਕਲਾਕਾਰਾਂ ਨਾਲ ਪੇਸ਼ ਕੀਤਾ ਜਾਂਦਾ ਰਿਹਾ। ਇਕ ਦੁਰਘਟਨਾ ਵਿਚ ਉਸ ਦੀ ਲੱਤ ਟੁੱਟ ਗਈ ਸੀ। ਉਹ ਫੇਰ ਵੀ ਦੇਸ਼ ਭਗਤ ਹਾਲ, ਗੀਤ ਦੀ ਰਿਹਰਸਲ ਲਈ ਮੰਜੇ ’ਤੇ ਲੰਮਾ ਪਿਆ-ਪਿਆ (ਉਸ ਦੇ ਕਲਾਕਾਰ ਉਸ ਨੂੰ ਮੰਜੇ ਸਮੇਤ ਰਿਹਰਸਲ ਵਾਲੀ ਥਾਂ ਲੈ ਜਾਂਦੇ) ਪਹੁੰਚ ਜਾਂਦਾ ਤੇ ਇਸੇ ਵਚਨਬੱਧਤਾ ਦੀ ਗੁੜ੍ਹਤੀ ਉਸ ਨੇ ਆਪਣੇ ਪੁੱਤਰਾਂ ਕ੍ਰਾਂਤੀ ਤੇ ਲੱਕੀ ਨੂੰ ਵੀ ਦਿੱਤੀ।
ਦੂਸਰੀ ਘਟਨਾ 1992 ਦੀ ਹੈ। ਉਹ ਮਹਿਕਮਾ ਲੋਕ ਨਿਰਮਾਣ ਵਿਭਾਗ ਦੇ ਸੜਕ ਦੇ ਮਹਿਕਮੇ ਵਿਚ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ। ਉਹ ਲੇਬਰ ਕੋਲੋਂ ਕੰਮ ਕਰਵਾ ਰਿਹਾ ਸੀ। ਬੜੀ ਤੇਜ਼ ਇਕ ਟਰੱਕ ਬਿਆਸ ਵੱਲੋਂ ਆਇਆ। ਉਹ ਖੱਬੇ ਪਾਸੇ ਵੱਲ ਖੜ੍ਹਾ ਸੀ। ਟਰੱਕ ਪਹਿਲਾਂ ਸੱਜੇ ਪਾਸੇ ਫਿਰ ਖੱਬੇ ਪਾਸੇ ਵੱਲ ਮੁੜਿਆ। ਉਸ ਦੀ ਸਾਈਡ ਵਾਲੇ ਦੋ ਬੰਦੇ ਉਸ ਨੇ ਕੁਚਲ ਦਿੱਤੇ। ਉਹ ਟਾਹਲੀਆਂ ਵੱਲ ਭੱਜਿਆ, ਪਰ ਟਰੱਕ ਫਿਰ ਉਸ ਦੇ ਮਗਰ। ਟਾਹਲੀਆਂ ਵੱਲ ਉਹ ਟੋਏ ਵਿਚ ਜਾ ਡਿੱਗਾ। ਟਾਹਲੀ ਨਾਲ ਟਰੱਕ ਟਕਰਾਇਆ। ਇਕ ਵੱਡਾ ਟਾਹਣਾ ਟੁੱਟ ਕੇ ਉਸ ਦੀ ਲੱਤ ਉਪਰ ਆ ਡਿੱਗਿਆ। ਉਸ ਦੀ ਲੱਤ ਬਿਲਕੁਲ ਟੁੱਟ ਗਈ। ਉਸ ਨੂੰ ਥੱਲਿਓਂ ਕੱਢਿਆ ਗਿਆ। ਉਸ ਵੇਲੇ ਉਸ ਦਾ ਕੋਈ-ਕੋਈ ਸਾਹ ਚੱਲ ਰਿਹਾ ਸੀ, ਪਰ ਉਹ ਬੇਹੋਸ਼ ਸੀ। ਬਿਆਸ ਹਸਪਤਾਲ ਵਾਲਿਆਂ ਨੇ ਜਵਾਬ ਦੇ ਦਿੱਤਾ। ਡਾਕਟਰ ਕਹਿੰਦੇ ਅੰਮ੍ਰਿਤਸਰ ਲੈ ਜਾਓ। ਅੰਮ੍ਰਿਤਸਰ ਲੈ ਕੇ ਜਾ ਰਹੇ ਸਨ ਤਾਂ ਰਾਹ ਵਿਚ ਕਾਰ ਨੂੰ ਅੱਗ ਲੱਗ ਗਈ। ਸ਼ਾਟ ਸਰਕਟ ਹੋ ਗਿਆ ਸੀ। ਕੁਦਰਤੀ ਲਾਗੇ ਇਕ ਮਕੈਨਿਕ ਸੀ। ਉਹ ਦੌੜ ਕੇ ਆਇਆ ਤੇ ਉਸ ਨੇ ਅੱਗ ਬੁਝਾਈ। 14 ਦਿਨਾਂ ਬਾਅਦ ਉਸਨੂੰ ਹੋਸ਼ ਆਈ। ਇਸ ਦੌਰਾਨ ਕਈ ਵਾਰ ਡਾਕਟਰਾਂ ਨੇ ਜਵਾਬ ਦਿੱਤਾ ਕਿ ਮੁਸ਼ਕਿਲ ਹੈ ਬਚ ਨਹੀਂ ਸਕਦਾ ਲੈ ਜਾਓ। ਇਹ ਗੱਲ ਅਖ਼ਬਾਰਾਂ ਵਿਚ ਛਪ ਗਈ ਕਿ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਮੀਤ ਪ੍ਰਧਾਨ ਦਾ ਐਕਸੀਡੈਂਟ ਹੋ ਗਿਆ, ਉਹ ਜ਼ੇਰੇ ਇਲਾਜ ਹਨ, ਉਨ੍ਹਾਂ ਦੀ ਮਦਦ ਕਰੋ। ਲੋਕਾਂ ਨੇ ਪੈਸੇ ਦਾ ਮੀਂਹ ਵਰ੍ਹਾ ਦਿੱਤਾ। ਨਿੱਕੇ-ਨਿੱਕੇ ਬੱਚੇ ਜਿਨ੍ਹਾਂ ਨੂੰ ਉਹ ਨਾਟਕ ਸਿਖਾਉਂਦਾ ਸੀ ਉਨ੍ਹਾਂ ਨੇ ਆਪਣੇ ਜੇਬ੍ਹ ਖਰਚ ਦੇ ਇਕ-ਇਕ, ਦੋ-ਦੋ ਰੁਪਏ ਇਕੱਠੇ ਕਰਕੇ ਉਸ ਨੂੰ ਭੇਜੇ ਤੇ ਨਾਲ ਹੀ ਦੁਆਵਾਂ ਵੀ ਕਰਦੇ ਕਿ ਸਾਡੇ ਸਰ ਮਰਨੇ ਨਹੀਂ ਚਾਹੀਦੇ। ਸ਼ਾਇਦ ਏਨੇ ਪਿਆਰ ਤੇ ਦੁਆਵਾਂ ਦਾ ਅਸਰ ਸੀ ਕਿ ਹੰਸਾ ਸਿੰਘ ਜਿਵੇਂ-ਕਿਵੇਂ ਵੀ ਇਕ ਤਰ੍ਹਾਂ ਨਾਲ ਦੁਬਾਰਾ ਜ਼ਿੰਦਾ ਹੋ ਗਿਆ। ਉਨ੍ਹਾਂ ਦਿਨਾਂ ਵਿਚ 3,60,000 (ਤਿੰਨ ਲੱਖ ਸੱਠ ਹਜ਼ਾਰ) ਦਾ ਖਰਚਾ ਆਇਆ ਜੋ ਲੋਕਾਂ ਨੇ ਹੰਸਾ ਸਿੰਘ ’ਤੇ ਖਰਚ ਕੀਤਾ। ਲੋਕਾਂ ਨੇ ਉਸ ਨੂੰ ਮੌਤ ਦੇ ਮੂੰਹ ਵਿਚੋਂ ਧੂਹ ਲਿਆ। ਜਦੋਂ ਅਸੀਂ ਉਸ ਦਾ ਹਾਲ-ਚਾਲ ਪੁੱਛਣ ਗਏ ਤਾਂ ਉਹ ਪਲਸਤਰ ਲੱਗੀ ਲੱਤ ਤੇ ਬਾਕੀ ਸਰੀਰ ’ਤੇ ਬੱਝੀਆਂ ਪਟੀਆਂ ਦੇ ਨਾਲ ਵੀ ਹੱਥ ’ਚ ਕਾਗਜ਼ ਕਲਮ ਫੜੀ ਨਾਟਕ ਲਿਖ ਰਿਹਾ ਸੀ। ਉਹ ਹਮੇਸ਼ਾਂ ਕਹਿੰਦਾ ਸੀ, ‘‘ਹੁਣ ਇਸ ਸਰੀਰ ਵਿਚ ਖ਼ੂਨ ਲੋਕਾਂ ਦਾ, ਪੈਸਾ ਲੋਕਾਂ ਦਾ, ਮੈਂ ਵੀ ਲੋਕਾਂ ਦਾ। ਸੋ ਮੈਂ ਉਸ ਵੇਲੇ ਹੀ ਪ੍ਰਣ ਕਰ ਲਿਆ ਸੀ ਜਿੰਨਾ ਚਿਰ ਸਰੀਰ ਵਿਚ ਪ੍ਰਾਣ ਰਹਿਣਗੇ, ਓਨਾ ਚਿਰ ਮੈਂ ਲੋਕਾਂ ਲਈ ਥੀਏਟਰ ਕਰਦਾ ਰਹਾਂਗਾ।’’
ਜਦੋਂ ਪੰਜਾਬ ’ਚ ਅਤਿਵਾਦ ਦੇ ਕਾਲੇ ਦਿਨਾਂ ਦੀ ਦਹਿਸ਼ਤ ਸੀ। 9 ਅਪਰੈਲ 1991 ਨੂੰ ਸੇਵੇ ਵਾਲਾ ਵਿਖੇ ਇਨਕਲਾਬੀ ਨਾਟਕਾਂ ਦਾ ਪ੍ਰੋਗਰਾਮ ਹੋ ਰਿਹਾ ਸੀ। ਹੰਸਾ ਸਿੰਘ ਨੇ ਨਾਟਕ ਖੇਡਿਆ ‘ਅੰਨ੍ਹੇ ਨਿਸ਼ਾਨਚੀ’। ਉਸ ਦੀ ਟੀਮ ਨਾਟਕ ਖ਼ਤਮ ਕਰ ਕੇ ਸਟੇਜ ਦੇ ਪਿੱਛੇ ਗਈ ਹੀ ਸੀ ਤੇ ਅਮੋਲਕ ਸਿੰਘ ਸਟੇਜ ਉਪਰ ਤਕਰੀਰ ਕਰਨ ਲਈ ਜਾ ਰਹੇ ਸਨ। ਉਦੋਂ ਹੀ ਦਹਿਸ਼ਤਗਰਦਾਂ ਨੇ ਸਟੇਜ ਲਾਗਲੇ ਕੋਠਿਆਂ ਉੱਤੇ ਬੈਠੀਆਂ ਨਾਟਕ ਦੇਖ ਰਹੀਆਂ ਔਰਤਾਂ ਵੱਲ ਇਕ ਗਰਨੇਡ ਸੁੱਟਿਆ ਤੇ ਇਕ ਸਟੇਜ ਵੱਲ। ਓਥੇ ਭਗਦੜ ਮੱਚ ਗਈ। 18 ਲੋਕ ਉੱਥੇ ਸ਼ਹੀਦ ਹੋ ਗਏ। ਉਸ ਵੇਲੇ ਮੇਘਰਾਜ ਭਗਤੂਆਣਾ ਵੀ ਓਥੇ ਸ਼ਹੀਦ ਹੋਏ ਜਿਨ੍ਹਾਂ ਦੀ ਧੀ ਹਰਿੰਦਰ ਬਿੰਦੂ ਭਗਤੂਆਣਾ ਇਸ ਵੇਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਕਾਰਜਕਾਰੀ ਸਕੱਤਰ ਹੈ। ਹੰਸਾ ਸਿੰਘ ਉਸ ਵੇਲੇ ਵੀ ਨਾਟਕ ਖੇਡਣੋਂ ਨਾ ਰੁਕਿਆ। ਪੰਜਾਬ ਦੇ ਪਿੰਡ ਪਿੰਡ, ਸ਼ਹਿਰ-ਸ਼ਹਿਰ ਲੋਕ ਏਕਤਾ ਤੇ ਇਨਕਲਾਬ ਦਾ ਸੁਨੇਹਾ ਦੇਂਦਿਆਂ ਹੰਸਾ ਸਿੰਘ ਨੇ ਆਪਣੀ ਨਾਟ ਮੰਡਲੀ ਨਵ-ਚਿੰਤਨ ਕਲਾ ਮੰਚ ਨੂੰ ਸਿਖ਼ਰਾਂ ਉੱਤੇ ਪਹੁੰਚਾਇਆ। ਹੰਸਾ ਸਿੰਘ ਦੀ ਨਾਟ-ਮੰਡਲੀ ਨਾਲ ਉਸ ਦੇ ਕਲਾਕਾਰਾਂ ਦਾ ਪਰਿਵਾਰ ਜੁੜਿਆ ਹੋਇਆ ਹੈ। ਆਪਣੀ ਪਤਨੀ ਹਰਭਜਨ ਕੌਰ, ਦੋਵੇਂ ਪੁੱਤਰਾਂ ਕ੍ਰਾਂਤੀਪਾਲ ਤੇ ਵਿਕਰਮਜੀਤ ਲੱਕੀ ਅਤੇ ਹੋਰ ਬਹੁਤ ਸਾਰਿਆਂ ਨੂੰ ਹੰਸਾ ਸਿੰਘ ਨੇ ਸਿਰਫ਼ ਰੰਗਮੰਚ ਦੀ ਲਗਨ ਹੀ ਨਹੀਂ ਲਾਈ ਸਗੋਂ ਜੀਵਨ ਜਾਚ ਵੀ ਸਿਖਾਈ। ਉਸ ਨੇ ਸਕੂਲਾਂ ਵਿਚ ਬੱਚਿਆਂ ਨਾਲ ਬਾਲ ਰੰਗਮੰਚ ਵਰਕਸ਼ਾਪਾਂ ਕੀਤੀਆਂ ਤੇ ਬੱਚਿਆਂ ਅੰਦਰ ਚੰਗੇ ਸਮਾਜ ਦੀ ਚੇਤਨਤਾ ਦੇ ਬੀਜ ਬੀਜੇ। ਹੰਸਾ ਸਿੰਘ ਉਨ੍ਹਾਂ ਕਲਾਕਾਰਾਂ ਵਿਚੋਂ ਸੀ ਜਿਸ ਨੇ ਆਪਣੀ ਕਲਾ ਰਾਹੀਂ ਸਮਾਜਿਕ ਸੁਨੇਹਾ ਦੇਣ ਦਾ ਬੀੜਾ ਚੁੱਕਿਆ। ਉਸ ਨੇ ਜ਼ਿੰਦਗੀ ’ਚ ਕਈ ਤੂਫ਼ਾਨ ਝੱਲੇ, ਕਈ ਔਕੜਾਂ ਦਾ ਸਾਹਮਣਾ ਕੀਤਾ, ਪਰ ਉਹ ਇਨਕਲਾਬੀ ਰੰਗਮੰਚ ਦੇ ਸੂਹੇ ਬੀਜ ਬੀਜਣੋਂ ਨਾ ਰੁਕਿਆ। ਉਸ ਨੇ ‘ਪੰਜੋ’ ਦੇ ਦੁੱਖਾਂ ਦੀ ਬਾਤ ਪਾਈ, ‘ਪਰਬਤੋਂ ਭਾਰੀ ਮੌਤ’ ਨੂੰ ਵੀ ਵੰਗਾਰਿਆ, ‘1084ਵੇਂ ਦੀ ਮਾਂ’ ਨੂੰ ਕਾਲਜੇ ਨਾਲ ਲਾਇਆ ਤੇ ‘ਚਾਨਣ ਦੇ ਬੀਜ’ ਉੱਥੇ ਬੀਜੇ ਜਿੱਥੇ ਕਹਿੰਦੇ ਨੇ ‘ਜਦੋਂ ਖੇਤ ਜਾਗੇ’। ਆਖਰੀ ਸਾਹਾਂ ਤੱਕ ਹੱਕ-ਸੱਚ ਦਾ ਹੋਕਾ ਦੇਂਦੇ ਸੂਹੀ ਸੋਚ ਵਾਲੇ ਉੱਚ ਦੁਮਾਲੜੇ ਨਾਟਕਕਾਰ ਹੰਸਾ ਸਿੰਘ ਨੂੰ ਸਲਾਮ।
ਸੰਪਰਕ: 98142-99422