ਹਰਦਿਆਲ ਸਿੰਘ ਥੂਹੀ
ਜਦੋਂ ਅਸੀਂ ਰਿਕਾਰਡਿੰਗ ਢਾਡੀ ਕਲਾ ਬਾਰੇ ਗੱਲ ਕਰਦੇ ਹਾਂ ਤਾਂ ਰਿਕਾਰਡ ਹੋਣ ਵਾਲੇ ਢਾਡੀਆਂ ਵਿਚੋਂ ਢਾਡੀ ਦੀਦਾਰ ਸਿੰਘ ਰਟੈਂਡਾ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਮੋਹਰੀ ਰਿਹਾ ਹੈ। ਪਿਛਲੀ ਸਦੀ ਦੇ ਤੀਜੇ ਦਹਾਕੇ ਦੇ ਅਖੀਰ ਵਿਚ ਉਸ ਦੀ ਆਵਾਜ਼ ਨੂੰ ਸੰਸਾਰ ਪ੍ਰਸਿੱਧ ਰਿਕਾਰਡਿੰਗ ਕੰਪਨੀ ਐੱਚ. ਐੱਮ. ਵੀ. ਨੇ ਰਿਕਾਰਡ ਕੀਤਾ। ਭਾਵੇਂ ਇਸ ਤੋਂ ਪਹਿਲਾਂ ਵੀ ਕੁਝ ਲੋਕ ਢਾਡੀਆਂ ਦੀ ਰਿਕਾਰਡਿੰਗ ਹੋ ਚੁੱਕੀ ਸੀ, ਪਰ ਉਨ੍ਹਾਂ ਨੂੰ ਦੀਦਾਰ ਸਿੰਘ ਜਿੰਨੀ ਪ੍ਰਸਿੱਧੀ ਨਹੀਂ ਮਿਲ ਸਕੀ। ਐੱਚ. ਐੱਮ. ਵੀ. ਤੋਂ ਇਲਾਵਾ ਹੋਰ ਵੀ ਕਈ ਰਿਕਾਰਡਿੰਗ ਕੰਪਨੀਆਂ ਨੇ ਉਸ ਦੀ ਆਵਾਜ਼ ਨੂੰ ਕਾਲੇ ਤਵਿਆਂ ਵਿਚ ਕੈਦ ਕੀਤਾ। ਇਨ੍ਹਾਂ ਕੰਪਨੀਆਂ ਨੇ ਹੋਰ ਕਿਸੇ ਲੋਕ ਢਾਡੀ ਦੀ ਆਵਾਜ਼ ਵਿਚ ਇੰਨੇ ਤਵੇ ਨਹੀਂ ਕੱਢੇ। ਦੀਦਾਰ ਸਿੰਘ ਰਟੈਂਡਾ ਲਈ ਇਹ ਮਾਣ ਵਾਲੀ ਗੱਲ ਹੈ।
ਦੀਦਾਰ ਸਿੰਘ ਦਾ ਜਨਮ 1893 ਵਿਚ ਜ਼ਿਲ੍ਹਾ ਜਲੰਧਰ ਦੇ ਕਸਬੇ ਬੰਗਾ ਦੇ ਨੇੜਲੇ ਪਿੰਡ ਰਟੈਂਡਾ ਵਿਖੇ ਗੋਸਲ ਗੋਤ ਦੇ ਜਿਮੀਂਦਾਰ ਪਰਿਵਾਰ ਵਿਚ ਪਿਤਾ ਦਲੇਰ ਦੇ ਘਰ ਹੋਇਆ। ਮਾਪਿਆਂ ਦੀਆਂ ਚਾਰ ਔਲਾਦਾਂ ਤਿੰਨ ਭਰਾ ਅਤੇ ਇਕ ਭੈਣ, ਵਿਚੋਂ ਦੀਦਾਰ ਸਿੰਘ ਸਭ ਤੋਂ ਛੋਟਾ ਸੀ। ਸਾਰਿਆਂ ਤੋਂ ਵੱਡਾ ਚੰਨਣ ਸਿੰਘ ਸੀ। ਵਿਚਕਾਰਲੇ ਦੀ ਛੋਟੀ ਉਮਰ ਵਿਚ ਹੀ ਮੌਤ ਹੋ ਗਈ ਸੀ। ਬਾਰਾਂ ਆਬਾਦ ਕਰਨ ਸਮੇਂ ਦੀਦਾਰ ਸਿੰਘ ਦਾ ਪਰਿਵਾਰ ਰਟੈਂਡੇ ਅਤੇ ਨੇੜਲੇ ਪਿੰਡ ਮੁਕੰਦਪੁਰ ਦੇ ਹੋਰ ਕਈ ਪਰਿਵਾਰਾਂ ਸਮੇਤ ਬਾਰ ਦੇ ਇਲਾਕੇ (ਪੱਛਮੀ ਪੰਜਾਬ) ਵਿਚ ਚਲਾ ਗਿਆ ਸੀ। ਉੱਧਰ ਚੱਕ ਨੰਬਰ 65 ਤਹਿਸੀਲ ਜੜ੍ਹਾਂਵਾਲਾ ਜ਼ਿਲ੍ਹਾ ਲਾਇਲਪੁਰ (ਫੈਸਲਾਬਾਦ) ਵਿਚ ਇਨ੍ਹਾਂ ਨੇ ਕਈ ਮੁਰੱਬੇ ਜ਼ਮੀਨ ਖ਼ਰੀਦੀ ਸੀ। ਮੁਕੰਦਪੁਰ ਦੇ ਪਰਿਵਾਰ ਵੱਧ ਸਨ, ਇਸ ਲਈ ਪਿੰਡ ਦਾ ਨਾਂ ਮੁਕੰਦਪੁਰ ਰੱਖ ਲਿਆ। ਏਥੇ ਹੀ ਮੇਲਿਆਂ ’ਤੇ ਗਮੰਤਰੀਆਂ ਦੇ ‘ਗੌਣ’ ਸੁਣ-ਸੁਣ ਕੇ ਉਸ ਨੂੰ ਗਾਉਣ ਦੀ ਚੇਟਕ ਲੱਗ ਗਈ। ਘਰਦਿਆਂ ਨੇ ਬਥੇਰਾ ਵਰਜਿਆ, ਪਰ ਉਹ ਆਪਣੇ ਅੰਦਰਲੀ ਸੰਗੀਤਕ ਭੁੱਖ ਨੂੰ ਦਬਾ ਨਾ ਸਕਿਆ ਅਤੇ ਚੋਰੀ ਛਿਪੇ ਆਪਣਾ ਝੱਸ ਪੂਰਾ ਕਰਦਾ ਰਿਹਾ।
ਦੂਰ ਨੇੜੇ ਲੱਗਣ ਵਾਲੇ ਮੇਲਿਆਂ ’ਤੇ ਜਾ ਕੇ ਅਖਾੜੇ ਸੁਣਨੇ ਉਸ ਨੂੰ ਚੰਗੇ ਲੱਗਦੇ। ਇਕ ਵਾਰ ਮੁਕਤਸਰ ਦੇ ਮੇਲੇ ’ਤੇ ਜੈਮਲ ਸਿੰਘ ਕੋਰੇ ਆਣੇ ਵਾਲੇ ਦਾ ਅਖਾੜਾ ਲੱਗਾ ਹੋਇਆ ਸੀ। ਇੱਥੇ ਹੀ ਦੀਦਾਰ ਸਿੰਘ ਨੇ ਜੈਮਲ ਸਿੰਘ ਨੂੰ ਆਪਣਾ ਉਸਤਾਦ ਧਾਰ ਲਿਆ। ਇਹ ਲਗਭਗ 1912-13 ਦੀ ਗੱਲ ਹੈ। ਭਗਤੂ ਰਾਮਗੜ੍ਹੀਆ ਜੋ ਆਪਣੇ ਸਮੇਂ ਦਾ ਮਕਬੂਲ ਸਾਰੰਗੀ ਵਾਦਕ ਸੀ, ਕੋਲੋਂ ਦੀਦਾਰ ਸਿੰਘ ਨੇ ਸਾਰੰਗੀ ਦੇ ਸੁਰਾਂ ਦੀ ਸਿਖਲਾਈ ਲਈ। ਬਾਅਦ ਵਿਚ ਆਪਣਾ ਜਥਾ ਬਣਾ ਕੇ ਅਖਾੜੇ ਲਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ ਪਹਿਲ ‘ਪੰਛੀ’ ਅਤੇ ‘ਜੱਦੋ ਕਾ ਸਹਿਗਲ’ ਨਾਂ ਹੇਠ ਗਾਉਂਦਾ ਰਿਹਾ, ਫੇਰ ‘ਰਟੈਂਡੇ ਵਾਲਾ’ ਨਾਂ ਨਾਲ ਮਸ਼ਹੂਰ ਹੋਇਆ। ਸੋਲਾਂ ਸਤਾਰਾਂ ਸਾਲ ਇਨ੍ਹਾਂ ਨੇ ਸਾਂਝੇ ਪੰਜਾਬ ਵਿਚ ਪਿੰਡ ਦੀਆਂ ਸੱਥਾਂ ਤੋਂ ਲੈ ਕੇ ਪ੍ਰਸਿੱਧ ਮੇਲਿਆਂ ’ਤੇ ਅਖਾੜੇ ਲਾਏ। ਮੇਲਿਆਂ ਤੇ ਸੱਥਾਂ ਦੇ ਅਖਾੜਿਆਂ ਤੋਂ ਹੌਸਲਾ ਕਰਕੇ ਉਹ ਐੱਚ. ਐੱਮ. ਵੀ. ਰਿਕਾਰਡਿੰਗ ਕੰਪਨੀ ਤਕ ਜਾ ਪਹੁੰਚੇ। ਇਹ 1929-30 ਦੀ ਗੱਲ ਹੈ। ਦੀਦਾਰ ਸਿੰਘ ਦੇ ਨਾਲ ਸਾਰੰਗੀ ਵਾਦਕ ਭਗਤ ਸਿੰਘ ਤੇ ਪਾਛੂ ਧੰਨਾ ਸਿੰਘ ਸਨ।
ਦਿੱਲੀ ਪਹੁੰਚ ਕੇ ਜਦੋਂ ਉਹ ਕੰਪਨੀ ਦੇ ਦਫ਼ਤਰ ਗਏ ਤਾਂ ਕੰਪਨੀ ਮੈਨੇਜਰ ਬੰਗਾਲੀ ਬਾਬੂ ਮਿਸਟਰ ਘੋਸ਼ ਦੇਸੀ ਜਿਹੇ ਬੰਦੇ ਸਮਝ ਕੇ ਕੋਈ ਗੱਲ ਹੀ ਨਾ ਸੁਣੇ। ਦੀਦਾਰ ਸਿੰਘ ਹੋਰਾਂ ਦੇ ਇਹ ਕਹਿਣ ’ਤੇ ਕਿ ਇਕ ਵਾਰ ਸਾਨੂੰ ਸੁਣ ਕੇ ਵੇਖ ਲਓ, ਜੇ ਚੰਗਾ ਨਾ ਲੱਗਿਆ ਤਾਂ ਬੇਸ਼ੱਕ ਰਿਕਾਰਡ ਨਾ ਕਰਿਓ। ਮੈਨੇਜਰ ਮੰਨ ਗਿਆ ਅਤੇ ਦੂਜੇ ਦਿਨ ਆਉਣ ਲਈ ਕਿਹਾ। ਰਾਤ ਗੁਰਦੁਆਰਾ ਸ਼ੀਸ਼ ਗੰਜ ਵਿਖੇ ਕੱਟੀ। ਦੂਜੇ ਦਿਨ ਜਦੋਂ ਇਨ੍ਹਾਂ ਨੇ ਮੈਨੇਜਰ ਨੂੰ ਆਪਣਾ ‘ਗੌਣ’ ਸੁਣਾਇਆ ਤਾਂ ਉਹ ਖੁਸ਼ ਹੋ ਗਿਆ ਤੇ ਇਕੱਠੇ ਛੇ ਤਵੇ ਰਿਕਾਰਡ ਕਰ ਲਏ। ਇਹ ਪੂਰਨ, ਸੋਹਣੀ, ਹੀਰ, ਮਿਰਜ਼ਾ ਆਦਿ ਗਾਥਾਵਾਂ ਨਾਲ ਸਬੰਧਿਤ ਸਨ। ਇਨ੍ਹਾਂ ਦੀ ਵਿਕਰੀ ਤੋਂ ਉਤਸ਼ਾਹਿਤ ਹੋ ਕੇ ਕੰਪਨੀ ਨੇ ਦੁਬਾਰਾ ਸੱਦਾ ਭੇਜ ਦਿੱਤਾ। ਐੱਚ. ਐੱਮ. ਵੀ. ਕੰਪਨੀ ਦੀਦਾਰ ਸਿੰਘ ਨੂੰ ਰਿਕਾਰਡ ਤਾਂ ਕਰਦੀ ਰਹੀ, ਪਰ ਪੈਸੇ ਦੇਣ ਪੱਖੋਂ ਆਨਾਕਾਨੀ ਕਰਦੀ ਰਹੀ। ਇਸ ਤਰ੍ਹਾਂ ਰਿਕਾਰਡਿੰਗ ਨਾਲ ਉਸ ਨੂੰ ਆਰਥਿਕ ਪੱਖੋਂ ਤਾਂ ਭਾਵੇਂ ਲਾਭ ਨਾ ਹੋਇਆ, ਪਰ ਸ਼ੋਹਰਤ ਤੇ ਪ੍ਰਸਿੱਧੀ ਬੇਅੰਤ ਮਿਲੀ। ਇਸ ਪ੍ਰਸਿੱਧੀ ਕਾਰਨ ਦੂਜੀਆਂ ਰਿਕਾਰਡਿੰਗ ਕੰਪਨੀਆਂ ਉਨ੍ਹਾਂ ਦੇ ਅੱਗੇ ਪਿੱਛੇ ਫਿਰਨ ਲੱਗੀਆਂ। ਐੱਚ. ਐੱਮ. ਵੀ. ਤੇ ਦਿ ਟਵਿਨ ਤੋਂ ਬਾਅਦ ਜ਼ੀਨੋਫੋਨ ਕੰਪਨੀ ਨੇ ਇਨ੍ਹਾਂ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ 1935 ਵਿਚ ਸਥਾਪਤ ਹੋਈ ਨੈਸ਼ਨਲ ਗ੍ਰਾਮੋਫੋਨ ਰਿਕਾਰਡ ਮੈਨੂਫੈਕਚਰਿੰਗ ਕੰਪਨੀ, ਬੰਬੇ (ਯੰਗ ਇੰਡੀਆ) ਨੇ ਲਗਾਤਾਰ ਇਨ੍ਹਾਂ ਦੇ ਤਵੇ ਕੱਢੇ। ਇਹ ਕੰਪਨੀ 1955 ਵਿਚ ਬੰਦ ਹੋ ਗਈ ਸੀ। ਇਨ੍ਹਾਂ ਦੀ ਅਖੀਰਲੀ ਰਿਕਾਰਡਿੰਗ ਹਿੰਦੁਸਤਾਨ ਰਿਕਾਰਡ ਕੰਪਨੀ ਦੀ ਹੈ, ਜੋ ਛੇਵੇਂ ਦਹਾਕੇ ਦੇ ਆਖਰੀ ਸਾਲਾਂ ਦੀ ਹੈ। ਇਨ੍ਹਾਂ ਤੋਂ ਇਲਾਵਾ ਮੋਗੇ ਵਾਲੀ ਕੰਪਨੀ ਵਰਮਾ ਗ੍ਰਾਮੋਫੋਨ ਨੇ ਇਨ੍ਹਾਂ ਦੇ ਕੁਝ ਪਹਿਲਾਂ ਰਿਕਾਰਡ ਤਵਿਆਂ ਨੂੰ ਆਪਣੇ ਲੇਬਲ ਹੇਠ ਦੁਬਾਰਾ ਰਿਲੀਜ਼ ਕੀਤਾ।
ਦੀਦਾਰ ਸਿੰਘ ਦੀ ਪਾਰਟੀ ਵੱਲੋਂ ਕੁੱਲ ਮਿਲਾ ਕੇ ਨੱਬੇ ਕੁ ਤਵੇ ਰਿਕਾਰਡ ਕਰਵਾਏ ਗਏ। ਵੱਖ-ਵੱਖ ਸਮਿਆਂ ’ਤੇ ਰਿਕਾਰਡ ਹੋਏ ਇਨ੍ਹਾਂ ਤਵਿਆਂ ਵਿਚ ਦੀਦਾਰ ਸਿੰਘ ਦਾ ਸਾਥ ਭਗਤ ਸਿੰਘ, ਧੰਨਾ ਸਿੰਘ, ਤਾਰਾ ਸਿੰਘ ਤੇ ਛਾਂਗੇ ਤੋਂ ਇਲਾਵਾ ਕਰਤਾਰ ਸਿੰਘ, ਹਜ਼ਾਰਾ ਸਿੰਘ, ਹਰਨਾਮ ਸਿੰਘ, ਨੱਥੇ ਖਾਂ, ਨਿਰੰਜਣ ਸਿੰਘ, ਨਾਜ਼ਰ ਸਿੰਘ, ਲਸ਼ਕਰ ਸਿੰਘ, ਨਛੱਤਰ ਸਿੰਘ ਕਲੇਰਾਂ, ਮਹਿੰਗਾ ਸਿੰਘ ਜਾਫ਼ਰਪੁਰ, ਜੀਤ ਸਿੰਘ ਚਾਹਲ ਕਲਾਂ ਆਦਿ ਸਾਥੀਆਂ ਨੇ ਦਿੱਤਾ।
ਦੇਸ਼ ਦੀ ਵੰਡ ਵੇਲੇ ਦੀਦਾਰ ਸਿੰਘ ਫੇਰ ਏਧਰ ਆਪਣੀ ਜੰਮਣ ਭੋਇੰ ’ਤੇ ਆ ਗਿਆ। ਪਿੰਡ ਗੁਣਾਚਾਰ ਇਨ੍ਹਾਂ ਨੂੰ ਜ਼ਮੀਨ ਅਲਾਟ ਹੋਈ। ਏਧਰ ਆ ਕੇ ਉਹ ਆਪਣੇ ਪੁਰਾਣੇ ਸਾਥੀਆਂ ਨਿਰੰਜਣ ਸਿੰਘ, ਨਾਜ਼ਰ ਸਿੰਘ ਤੇ ਲਸ਼ਕਰ ਸਿੰਘ ਨਾਲ ਲਗਾਤਾਰ ਗਾਉਂਦਾ ਤੇ ਰਿਕਾਰਡਿੰਗ ਕਰਵਾਉਂਦਾ ਰਿਹਾ। 1956 ਵਿਚ ਨਿਰੰਜਣ ਸਿੰਘ ਇੰਗਲੈਂਡ ਚਲਾ ਗਿਆ। ਲਸ਼ਕਰ ਸਿੰਘ ਨੇ ਗਾਉਣਾ ਛੱਡ ਦਿੱਤਾ। ਨਾਜ਼ਰ ਸਿੰਘ ਨੇ ਆਪਣਾ ਵੱਖਰਾ ਗਰੁੱਪ ਬਣਾ ਲਿਆ। ਇਸ ਸਮੇਂ ਦੀਦਾਰ ਸਿੰਘ ਦੇ ਕੁਝ ਨਵੇਂ ਸ਼ਾਗਿਰਦ ਉਸ ਦਾ ਸਾਥ ਦੇਣ ਲੱਗ ਪਏ, ਇਨ੍ਹਾਂ ਵਿਚ ਨਛੱਤਰ ਸਿੰਘ ਕਲੇਰਾਂ, ਜੀਤ ਸਿੰਘ ਚਾਹਲ ਅਤੇ ਮਹਿੰਗਾ ਸਿੰਘ ਜਾਫਰਪੁਰ ਸ਼ਾਮਲ ਸਨ। 1970-71 ਤਕ ਇਹ ਦੀਦਾਰ ਸਿੰਘ ਦੀ ਅਗਵਾਈ ਹੇਠ ਗਾਉਂਦੇ ਰਹੇ। ਬਾਅਦ ਵਿਚ ਵਡੇਰੀ ਉਮਰ ਅਤੇ ਸਿਹਤ ਢਿੱਲੀ ਰਹਿਣ ਕਰਕੇ ਉਹ ਗਾਉਣਾ ਛੱਡ ਕੇ ਘਰ ਬੈਠ ਗਿਆ। ਅਖੀਰ 9 ਅਗਸਤ 1989 ਨੂੰ ਢਾਡੀ ਕਲਾ ਦਾ ਇਹ ਸਿਤਾਰਾ ਆਪਣੀ ਆਖ਼ਰੀ ਭਾਅ ਮਾਰਕੇ ਲੁਪਤ ਹੋ ਗਿਆ।
ਸਾਲ 1910-11 ਵਿਚ ਉਸ ਦਾ ਵਿਆਹ ਬਹਿਰਾਮ ਨੇੜਲੇ ਪਿੰਡ ਸੰਧਵਾਂ ਦੀ ਕਰਮ ਕੌਰ ਨਾਲ ਹੋਇਆ। ਉਸ ਦੀਆਂ ਅਗਲੀਆਂ ਪੀੜ੍ਹੀਆਂ ਵਿਚੋਂ ਕੋਈ ਵੀ ਉਸ ਵਾਲੀ ਲਾਈਨ ’ਤੇ ਨਾ ਚੱਲਿਆ। ਪਹਿਲਾਂ ਪਹਿਲ ਦੀਦਾਰ ਸਿੰਘ ਨੇ ਹਜ਼ੂਰਾ ਸਿੰਘ ਤੇ ਹੋਰ ਕਵੀਆਂ ਦੀਆਂ ਰਚਨਾਵਾਂ ਗਾਈਆਂ ਤੇ ਰਿਕਾਰਡ ਕਰਵਾਈਆਂ। ਬਾਅਦ ਵਿਚ ਉਸ ਨੇ ਬਹੁਤ ਸਾਰੀ ਰਚਨਾ ਆਪ ਵੀ ਕੀਤੀ। ਇਨ੍ਹਾਂ ਰਚਨਾਵਾਂ ਵਿਚ ਸੁੰਦਰ ਚਰਖਾ, ਧੀਆਂ ਦਾ ਵਿਛੋੜਾ, ਬੰਦੇ ਦੀ ਤ੍ਰਿਸ਼ਨਾ, ਦੇਸ਼ ਪਰਵਾਨੇ, ਜੱਟ ਦੀ ਮਸਤੀ, ਸਾਹਿਬਾਂ ਦਾ ਤਰਲਾ, ਭਾਈ ਤਾਰੂ ਸਿੰਘ ਆਦਿ ਸ਼ਾਮਲ ਸਨ। ਉਹ ਇਨ੍ਹਾਂ ਰਚਨਾਵਾਂ ਨੂੰ ਕਿਤਾਬੀ ਰੂਪ ਵਿਚ ਛਪਵਾਉਣਾ ਚਾਹੁੰਦਾ ਸੀ, ਪਰ ਉਸ ਦਾ ਇਹ ਸੁਪਨਾ ਅਧੂਰਾ ਹੀ ਰਿਹਾ।
ਉਸ ਦੀਆਂ ਵੱਖ-ਵੱਖ ਕੰਪਨੀਆਂ ਵਿਚ ਲਗਭਗ ਦੋ ਸੌ ਰਚਨਾਵਾਂ ਰਿਕਾਰਡ ਹੋਈਆਂ, ਜੋ ‘ਦੀਦਾਰ ਸਿੰਘ ਐਂਡ ਪਾਰਟੀ’ ਦੇ ਨਾਂ ਹੇਠ ਹਨ। ਇਨ੍ਹਾਂ ਵਿਚੋਂ ਕੁਝ ਕੁ ਗਿਣਤੀ ਦੀਆਂ ਰਚਨਾਵਾਂ ਦੇ ਮੁੱਖੜੇ ਹਨ:
* ਚੱਕ ਕੇ ਝੰਮਣ ਦਾ ਲੜ ਹੀਰ ਬਹਿ ਗਈ ਡੋਲੀ ’ਤੇ,
ਰਾਂਝੇ ਖੜ੍ਹੇ ਨੇ ਦੁਹੱਥੜ ਪੱਟੀਂ ਮਾਰੀ।
* ਹੀਰ ਰੋਂਦੀ ਹੈ ਗੱਲ ਲੱਗ ਰੰਝੇਟੇ ਮਾਹੀ ਦੇ,
ਆਸ਼ਕ ਦੁਖੀਏ ਬੰਦੇ ਕੂੰਜ ਜਿਉਂ ਕੁਰਲਾਣੇ।
* ਹਾਰ ਤੋੜ ਕੇ ਓ ਮਕਰ ਬਣਾ ਲਿਆ ਹੀਰ ਨੇ,
ਮੋਤੀ ਇਕ ਤਾਂ ਇਕ ਕਰ ਡੋਲੀ ਕੋਲ ਖਿੰਡਾਇਆ।
* ਖੇੜੇ ਹੋ ਸ਼ਰਮਿੰਦਾ ਮੁੜ ਗਏ ਕੋਲੋਂ ਡੋਲੀ ਦਿਓਂ,
ਜਦੋਂ ਹੀਰ ਨੇ ਚਲਿੱਤਰ ਕਰ ਲਿਆ ਹਾਰ ਦਾ।
* ਭੱਥਿਓਂ ਕੱਢੀਆਂ ਕਾਨੀਆਂ,
ਨਾਲ ਸੁਨਹਿਰੀ ਤੀਰ ਵੇ।
* ਮੰਦੀ ਨਾਲੇ ਕੀਤੀ ਹੈ ਅੱਜ ਸਾਹਿਬਾਂ,
ਤਕਰਸ਼ ਮੇਰਾ ਟੰਗਿਆ ਨੀਂ ਅੱਜ ਜੰਡ।
ਢਾਡੀ ਗਾਇਕੀ ’ਤੇ ਦੀਦਾਰ ਦੀ ਪਕੜ ਪੀਢੀ ਸੀ। ਇਸ ਗਾਇਕੀ ਵਿਚ ਉਸ ਨੇ ਕਾਵਿ ਦੇ ਵੱਖ-ਵੱਖ ਰੂਪਾਂ ਨੂੰ ਬਾਖੂਬੀ ਨਿਭਾਇਆ। ਹੀਰ ਦੀ ਤਾਰੀਫ਼ ਕਰਦਾ ਉਹ ਸਰੋਤਿਆਂ ਨੂੰ ਸ਼ਿੰਗਾਰ ਰਸ ਪ੍ਰਦਾਨ ਕਰਦਾ ਹੈ। ਮਿਰਜ਼ੇ ਦੀ ਲੋਥ ਵੇਖ ਕੇ ਕਰੁਣਾ ਰਸ ਨਾਲ ਭਰ ਦਿੰਦਾ ਹੈ। ਏਸੇ ਤਰ੍ਹਾਂ ਦੁੱਲੇ ਦੀ ਵਾਰ ਰਾਹੀਂ ਬੀਰ ਰਸ, ਪੂਰਨ, ਗੋਪੀ ਚੰਦ ਤੇ ਕੌਲਾਂ ਦੀਆਂ ਗਾਥਾਵਾਂ ਰਾਹੀਂ ਸ਼ਾਂਤ ਰਸ ਤੇ ਵੈਰਾਗ ਭਰ ਦਿੰਦਾ। ਲੋੜ ਉਸ ਦੀਆਂ ਰਿਕਾਰਡ ਰਚਨਾਵਾਂ ਨੂੰ ਇਕੱਤਰ ਕਰਕੇ ਆਧੁਨਿਕ ਢੰਗਾਂ ਰਾਹੀਂ ਸਰੋਤਿਆਂ ਤਕ ਪਹੁੰਚਾਉਣ ਦੀ ਹੈ।
ਸੰਪਰਕ: 84271-00341