ਚਰੰਜੀ ਲਾਲ ਕੰਗਣੀਵਾਲ
ਗ਼ਦਰ ਲਹਿਰ
ਅੱਜ ਦਾ ਹਰਿਆਣਾ ਸੂਬਾ ਕਦੇ ਪੰਜਾਬ ਸੂਬੇ ਦਾ ਹਿੱਸਾ ਹੁੰਦਾ ਸੀ। ਇੱਥੋਂ ਦੇ ਗੁੜਗਾਉਂ, ਹਿਸਾਰ, ਰੋਹਤਕ, ਕਰਨਾਲ ਤੇ ਜੀਂਦ ਪ੍ਰਸਿੱਧ ਕੇਂਦਰ ਸਨ ਜਿੱਥੇ ਅੱਜ ਕਿਸਾਨ ਅੰਦੋਲਨ ਨੇ ਆਪਣੇ ਪੈਰ ਜਮਾਏ ਹੋਏ ਹਨ। ਜਿੱਥੇ ਇਸ ਨੇ ਆਪਣੇ ਹੱਕ ਤੇ ਸੱਚ ਦੀ ਜੱਦੋਜਹਿਦ ਨੂੰ ਜ਼ਬਤ ਵਿੱਚ ਅਤੇ ਅਮਨ ਨਾਲ ਚਲਾਉਂਦਿਆਂ ਹੰਕਾਰੀ ਸੱਤਾਧਾਰੀਆਂ ਦੀ ਆਕੜ ਭੰਨੀ ਹੈ, ਉੱਥੇ ਹਿੰਦੋਸਤਾਨ ਦੇ ਕਿਸਾਨਾਂ ਤੇ ਕਿਰਤੀਆਂ ਦੀ ਹਮਾਇਤ ਪ੍ਰਾਪਤ ਕਰ ਲਈ ਹੈ।
ਹਰਿਆਣਾ ਦੇ ਕਿਸਾਨਾਂ ਤੇ ਕਿਰਤੀਆਂ ਨੇ ਮੋਢੇ ਨਾਲ ਮੋਢਾ ਡਾਹ ਕੇ ਪੰਜਾਬ ਦੇ ਕਿਸਾਨਾਂ ਨਾਲ ਛੋਟੇ ਭਰਾ ਵਾਲਾ ਕਿਰਦਾਰ ਬਾਖ਼ੂਬੀ ਨਿਭਾਇਆ ਹੈ ਅਤੇ ਸੰਘਰਸ਼ ਨੂੰ ਤਾਕਤ ਦੇ ਕੇ ਇੱਥੋਂ ਦੀ ਵਿਰਾਸਤ ਨੂੰ ਜਿਉਂਦਾ ਕੀਤਾ ਹੈ। ਇਹ ਵਿਰਾਸਤ 1857 ਦੇ ਆਜ਼ਾਦੀ ਸੰਗਰਾਮ ਵਿੱਚ ਰਾਉ ਤੁੱਲਾ ਰਾਮ ਅਤੇ ਹੁਕਮ ਚੰਦ ਜਿਹੇ ਨਾਇਕਾਂ ਸਮੇਤ ਹਰਿਆਣਵੀ ਲੋਕਾਂ ਦੀ ਭਾਗੀਦਾਰੀ ਤੇ ਦਿੱਤੀਆਂ ਸ਼ਹਾਦਤਾਂ ਦੀ ਹੈ। ਅੰਗਰੇਜ਼ ਸਾਮਰਾਜੀਆਂ ਖ਼ਿਲਾਫ਼ ਹੋਈ ਇਸ ਗਹਿਗੱਚ ਜੰਗ ਵਿੱਚ ਬੇਸ਼ੁਮਾਰ ਕੁਰਬਾਨੀਆਂ ਦਿੱਤੀਆਂ। ਇਸੇ ਵਿਰਾਸਤ ਦਾ ਅਗਲਾ ਪੜਾਅ ਗ਼ਦਰ ਲਹਿਰ (1914-15) ਸਮੇਂ ਸਿੰਗਾਪੁਰ ਵਿੱਚ ਹੋਈ ਬਗ਼ਾਵਤ ਸੀ ਜਿਸ ਵਿੱਚ ਸ਼ਹਾਦਤਾਂ ਦੇਣ ਵਾਲੇ 5ਵੀਂ ਲਾਈਟ ਇਨਫੈਂਟਰੀ ਦੇ 163 ਫ਼ੌਜੀ ਗੁੜਗਾਉਂ, ਰੋਹਤਕ, ਹਿਸਾਰ, ਕਰਨਾਲ ਆਦਿ ਦੇ ਪਿੰਡਾਂ ਦੇ ਸਨ। ਦੇਸ਼ ਵੰਡ ਨੇ ਇਸ ਵਿਰਾਸਤ ਨੂੰ ਲੋਕਾਂ ਦੇ ਅਵਚੇਤਨ ’ਚੋਂ ਵਿਸਾਰ ਦਿੱਤਾ ਸੀ। ਇਹ ਬਟਾਲੀਅਨ 1803 ਵਿਚ ਬਣੀ ਸੀ ਅਤੇ ਇਸ ਨੇ ਮਿਆਂਮਾਰ ਅਤੇ ਅਫ਼ਗਾਨਿਸਤਾਨ ਵਿਚ ਕਈ ਲੜਾਈਆਂ ਵਿਚ ਹਿੱਸਾ ਲਿਆ ਸੀ। 10 ਅਕਤੂਬਰ 1914 ਨੂੰ ਇਸ ਨੂੰ ਸਿੰਗਾਪੁਰ ਭੇਜਿਆ ਗਿਆ। ਇਸ ਵਿਚ ਮੁੱਖ ਤੌਰ ’ਤੇ ਮੁਸਲਮਾਨ ਭਾਈਚਾਰੇ ਦੀਆਂ ਰੰਘੜ ਅਤੇ ਪਠਾਣ ਬਿਰਾਦਰੀਆਂ ਦੇ ਸਿਪਾਹੀ ਸਨ। 27 ਜਨਵਰੀ 1915 ਨੂੰ ਬਟਾਲੀਅਨ ਦੇ ਕਮਾਂਡਰ ਕਰਨਲ ਮਾਰਟਿਨ ਨੇ ਦੱਸਿਆ ਕਿ ਬਟਾਲੀਅਨ ਨੂੰ ਹਾਂਗਕਾਂਗ ਭੇਜਿਆ ਜਾਵੇਗਾ। ਇਹ ਖ਼ਬਰਾਂ ਅਤੇ ਅਫ਼ਵਾਹਾਂ ਵੀ ਫੈਲੀਆਂ ਕਿ ਬਟਾਲੀਅਨ ਨੂੰ ਪਹਿਲੀ ਆਲਮੀ ਜੰਗ ਵਿਚ ਲੜਣ ਲਈ ਯੂਰਪ ਜਾਂ ਤੁਰਕੀ ਭੇਜਿਆ ਜਾਵੇਗਾ। ਇਸ ਤੋਂ ਸਿਪਾਹੀਆਂ ਦੇ ਜਜ਼ਬੇ ਭੜਕਣੇ ਸ਼ੁਰੂ ਹੋਏ। 15 ਫਰਵਰੀ ਨੂੰ ਬਟਾਲੀਅਨ ਨੂੰ ਬਾਹਰ ਭੇਜਣ ਲਈ ਅਲਵਿਦਾ ਪਰੇਡ ਹੋਈ ਅਤੇ ਨਾਲ ਹੀ ਬਗ਼ਾਵਤ ਭੜਕ ਗਈ।
5ਵੀਂ ਬਟਾਲੀਅਨ ਦੇ ਕਮਾਂਡਰ ਕਰਨਲ ਮਾਰਟਿਨ ਨੇ ਮੇਜਰ ਜਨਰਲ ਡੀ. ਰੇਡੋਹਟ ਨੂੰ ਜੋ ਆਪਣੇ ਬੰਗਲੇ ਵਿਚ ਸੀ, ਫੋਨ ਕੀਤਾ ਅਤੇ ਬਗ਼ਾਵਤ ਬਾਰੇ ਦੱਸਿਆ। ਜਨਰਲ ਰੇਡੋਹਟ ਨੇ ਗਵਰਨਰ ਆਰਥਰ ਯੰਗ ਨੂੰ ਸੰਦੇਸ਼ ਭੇਜਿਆ ਅਤੇ ਆਪਣੀ ਪਤਨੀ ਨੂੰ ਜਰਮਨ ਬੰਦੀ ਕੈਂਪ ਦੇ ਕਮਾਂਡਰ ਨੂੰ ਟੈਲੀਫੋਨ ਕਰਨ ਲਈ ਕਹਿ ਕੇ ਆਪ ਸਿੰਗਾਪੁਰ ਲਈ ਚੱਲ ਪਿਆ। ਜਨਰਲ ਦੀ ਪਤਨੀ ਨੂੰ ਫੋਨ ਕਰਦਿਆਂ ਗੋਲੀ ਦੀ ਆਵਾਜ਼ ਸੁਣਾਈ ਦਿੱਤੀ। ਇਸੇ ਗੋਲੀ ਨੇ ਲੈਫਟੀਨੈਂਟ ਮਿੰਟਗੁਮਰੀ ਜਿਹੜਾ ਫੋਨ ਸੁਣ ਰਿਹਾ ਸੀ, ਨੂੰ ਖ਼ਤਮ ਕਰ ਦਿੱਤਾ। ਕੈਂਪ ਵਿਚ ਖ਼ਬਰ ਪਹੁੰਚਣ ਤੋਂ ਪਹਿਲਾਂ ਹੀ ਬਾਗ਼ੀਆਂ ਨੇ ਹਮਲਾ ਕਰਕੇ, ਕੈਂਪ-ਕਮਾਂਡਰ, ਤਿੰਨ ਅਧਿਕਾਰੀ, ਸੱਤ ਐਨ.ਜੀ.ਓਜ਼ ਤੇ ਹੋਰ ਮੌਤ ਦੇ ਘਾਟ ਉਤਾਰ ਦਿੱਤੇ। ਇਸ ਵਿਚ ਇਕ ਜਰਮਨ ਤੇ ਇਕ ਜੌਹਰ ਨਿਵਾਸੀ ਵੀ ਸ਼ਾਮਿਲ ਸਨ।
ਦੂਜੀ ਟੋਲੀ ਨੇ ਕਰਨਲ ਦੇ ਬੰਗਲੇ ਨੂੰ ਘੇਰ ਲਿਆ। ਸਾਰੀ ਰਾਤ ਗੋਲੀਬਾਰੀ ਉਧਰੋ-ਉਧਰੀ ਹੁੰਦੀ ਰਹੀ। ਕੋਈ ਨਤੀਜਾ ਨਾ ਨਿਕਲਿਆ। ਤੀਜੀ ਟੋਲੀ ਜਿਹੜੀ ਸਿੰਗਾਪੁਰ ਸੜਕ ਵੱਲ ਗਈ, ਨੇ ਰਾਹ ਵਿਚ ਆਏ ਯੂਰਪੀਆਂ ਨੂੰ ਮਾਰ ਮੁਕਾਇਆ, ਬਾਗ਼ੀਆਂ ਦੀ ਟੋਲੀ ਸੈਂਟਰਲ ਪੁਲੀਸ ਸਟੇਸ਼ਨ ਪੁੱਜੀ। 16 ਫਰਵਰੀ ਨੂੰ ਸੂਰਜ ਛੁਪਣ ਤੱਕ ਸ਼ਹਿਰ ਦੇ ਚਾਰੇ ਪਾਸੇ ਬਗ਼ਾਵਤ ਦੀ ਖ਼ਬਰ ਫੈਲ ਗਈ ਸੀ।
ਬਗ਼ਾਵਤ ਨੂੰ ਕਾਬੂ ਕਰਨ ਲਈ ਤੁਰੰਤ ਕਾਰਵਾਈ ਕਰਦਿਆਂ ਗਵਰਨਰ ਜਨਰਲ ਰੇਡੋਹਟ ਨੇ 5ਵੀਂ ਇਨਫੈਂਟਰੀ ਦੇ ਕਰਨਲ ਕਮਾਂਡਿੰਗ ਬਰੋਨਲੋ ਨਾਲ ਸਲਾਹ ਕਰਕੇ ਕਾਰਵਾਈ ਕੀਤੀ। ਇਕ ਫਰਾਂਸੀਸੀ ਅਤੇ ਇਕ ਜਪਾਨੀ ਜੰਗੀ ਜਹਾਜ਼ ਨੂੰ ਜਿਹੜੇ ਸਿੰਗਾਪੁਰ ਨੇੜੇ ਖੜ੍ਹੇ ਸਨ, ਸਿਪਾਹੀਆਂ ਨੂੰ ਧਰਤੀ ’ਤੇ ਉਤਾਰਨ ਲਈ ਹੁਕਮ ਕੀਤੇ ਗਏ ਅਤੇ ਬਾਗ਼ੀਆਂ ਉਪਰ ਰਾਤ ਸਮੇਂ ਹਮਲਾ ਕਰਨ ਦੀ ਯੋਜਨਾ ਬਣਾ ਕੇ ਵਲੰਟੀਅਰ ਕੋਰ ਅਤੇ ਪੁਲੀਸ ਨੂੰ ਹਥਿਆਰਬੰਦ ਕੀਤਾ ਗਿਆ। ਜੌਹਰ ਰਿਆਸਤ ਦੇ ਸੁਲਤਾਨ ਨੂੰ ਵੀ ਬੁਲਾਇਆ ਗਿਆ ਜੋ ਆਪਣੇ ਡੇਢ ਸੌ ਸਿਪਾਹੀਆਂ ਨਾਲ ਸ਼ਾਮ ਨੂੰ ਪੁੱਜ ਗਿਆ ਸੀ। ਸਵੇਰ ਹੁੰਦੇ ਸਾਰ ਬਾਗ਼ੀਆਂ ਦੀਆਂ ਬੈਰਕਾਂ ਉੱਤੇ ਹਮਲਾ ਕੀਤਾ ਗਿਆ। 17 ਫਰਵਰੀ ਨੂੰ ਅੰਗਰੇਜ਼ੀ ਜੰਗੀ ਜਹਾਜ਼ ਐਡਮਿਰਲ ਹੁਗਜ਼ਰਟ ਦੀ ਨਿਗਰਾਨੀ ਹੇਠ, ਜਿਸ ਉਪਰ 179 ਬਰਤਾਨਵੀ ਜਲ ਸੈਨਿਕ, 76 ਜਾਪਾਨੀ ਫ਼ੌਜੀ ਤੇ ਦੋ ਮਸ਼ੀਨ ਗੰਨਾਂ ਸਨ, ਕੰਢੇ ਉੱਤੇ ਉਤਾਰ ਦਿੱਤੇ ਗਏ ਜਿਨ੍ਹਾਂ ਨੇ ਇਕੱਲੇ-ਦੁਕੱਲੇ ਗ਼ਦਰੀਆਂ ਨੂੰ ਘੇਰੇ ’ਚ ਲੈ ਲਿਆ ਸੀ। 17 ਫਰਵਰੀ ਸ਼ਾਮ ਤੱਕ 400 ਤੋਂ ਵਧੇਰੇ ਬਾਗ਼ੀ ਭੁੱਖ-ਪਿਆਸ ਨਾਲ ਥੱਕ-ਟੁੱਟ ਚੁੱਕੇ ਕਾਬੂ ਆ ਚੁੱਕੇ ਸਨ। 18 ਫਰਵਰੀ ਸ਼ਾਮ ਤੱਕ ਸਾਰੀ ਸਥਿਤੀ ਪੂਰਨ ਤੌਰ ’ਤੇ ਕਾਬੂ ਹੇਠ ਆ ਗਈ ਅਤੇ ਸਿਵਾਏ ਜੰਗਲ ਵਿਚ ਪਨਾਹ ਲੈਣ ਵਾਲੇ ਬਾਗ਼ੀਆਂ ਤੋਂ ਸਾਰੇ ਬਾਗ਼ੀ ਕਾਬੂ ਵਿੱਚ ਕੀਤੇ ਗਏ। ਸਿੰਗਾਪੁਰ ਦੇ ਇਸ ਗ਼ਦਰ ਵਿੱਚ ਅੱਠ ਯੂਰਪੀਨ ਅਧਿਕਾਰੀ, 9 ਸਿਪਾਹੀ ਅਤੇ 16 ਸ਼ਹਿਰੀ ਮਾਰੇ ਗਏ।
22 ਮਾਰਚ ਨੂੰ ਦਹਿਸ਼ਤ ਪਾਉਣ ਲਈ 5 ਬਾਗ਼ੀ ਫ਼ੌਜੀਆਂ ਨੂੰ ਲੋਕਾਂ ਸਾਹਮਣੇ ਗੋਲੀਆਂ ਨਾਲ ਸ਼ਹੀਦ ਕੀਤਾ ਗਿਆ। ਕਾਬੂ ਵਿਚ ਲਏ ਬਾਗ਼ੀਆਂ ਦਾ 23 ਫਰਵਰੀ ਨੂੰ ਕੋਰਟ ਮਾਰਸ਼ਲ ਹੋਇਆ। ਤਿੰਨਾਂ ਦਿਨਾਂ ਪਿੱਛੋਂ 32 ਹੋਰ ਬਾਗ਼ੀਆਂ ਨੂੰ 15 ਹਜ਼ਾਰ ਲੋਕਾਂ ਸਾਹਮਣੇ ਗੋਲੀਆਂ ਨਾਲ ਮੌਤ ਦੇ ਘਾਟ ਉਤਾਰਿਆ ਗਿਆ। 16 ਨੂੰ ਉਮਰ ਕੈਦ ਦੀ ਸਜ਼ਾ, ਬਾਕੀਆਂ ਨੂੰ 20 ਸਾਲ ਤੋਂ 9 ਮਹੀਨੇ ਤਕ ਕੈਦ ਦੀ ਸਜ਼ਾ ਸੁਣਾਈ ਗਈ।
ਇਸ ਸਬੰਧ ’ਚ ਭਾਈ ਭਗਵਾਨ ਸਿੰਘ ਲਿਖਦੇ ਹਨ:
‘‘1857 ਦੇ ਵਾਂਗ ਇਨ੍ਹਾਂ ਫ਼ੌਜੀਆਂ ਦਾ ਕੋਈ ਕੇਂਦਰ ਨਹੀਂ ਸੀ। ਇਹ ਇਕ ਦੂਜੇ ਤੋਂ ਅਗਲੀ ਕਾਰਵਾਈ ਕਰਨ ਲਈ ਪੁੱਛ ਰਹੇ ਸਨ। ਜਿੱਥੇ ਵਿਦਰੋਹ ਹੁੰਦਾ ਏ ਸਭ ਤੋਂ ਪਹਿਲਾਂ ਦੋ ਚੀਜ਼ਾਂ ’ਤੇ ਕਾਬੂ ਕਰਨਾ ਚਾਹੀਦਾ ਹੈ, ਇਕ ਤਾਂ ਕਮਿਊਨੀਕੇਸ਼ਨ, ਟੈਲੀਫੋਨ ਸੈਂਟਰ, ਟੈਲੀਗ੍ਰਾਫ ਸੈਂਟਰ ਅਤੇ ਵਾਇਰਲੈੱਸ ਸੈਂਟਰ, ਦੂਸਰਾ ਹਥਿਆਰਾਂ ਦੀ ਜਗ੍ਹਾ ਤੇ ਫ਼ੌਜ। ਲੇਕਿਨ ਜਿਹੜਾ ਕਿਲ੍ਹਾ ਸੀ, ਉਨ੍ਹਾਂ ਦੇ ਹੱਥ ਨਾ ਆਇਆ। ਕਮਿਊਨੀਕੇਸ਼ਨ ’ਤੇ ਕਬਜ਼ਾ ਨਾ ਹੋ ਸਕਿਆ। ਇਹਦਾ ਨਤੀਜਾ ਨਿਕਲਿਆ ਕਿ ਅੰਗਰੇਜ਼ਾਂ ਨੇ ਵਾਇਰਲੈੱਸ ਭੇਜ ਕੇ ਜਪਾਨੀਆਂ ਦੇ ਜਿਹੜੇ ਜਹਾਜ਼ ਸਨ, ਉਨ੍ਹਾਂ ਸਾਰਿਆਂ ਨੂੰ ਬੁਲਾ ਕੇ ਸਿੰਗਾਪੁਰ ਉਤਾਰਿਆ। ਉਨ੍ਹਾਂ ਜਾਪਾਨੀਆਂ ਨੇ ਲੜ ਕੇ ਸਾਡੇ ਇਨਕਲਾਬੀਆਂ ਨੂੰ ਮਾਰਿਆ। ਕਿਉਂਕਿ ਐਂਗਲੋ-ਜਪਾਨੀ ਟਰੀਟੀ ਅਨੁਸਾਰ, ਜਿੱਥੇ ਅੰਗਰੇਜ਼ਾਂ ਨੂੰ ਜ਼ਰੂਰਤ ਪੈਂਦੀ, ਜਾਂ ਪੈਣੀ ਸੀ, ਉਹ ਜਪਾਨ ਤੋਂ ਮਦਦ ਲੈ ਸਕਦੇ ਸਨ। ਉਹ ਆਪਣੀਆਂ ਫ਼ੌਜਾਂ ਨੂੰ ਹਿੰਦੋਸਤਾਨ ਵਿਚੋਂ ਕੱਢ ਕੇ ਹਿੰਦੋਸਤਾਨ ਨੂੰ ਖ਼ਤਰੇ ਵਿਚ ਨਹੀਂ ਸਨ ਪਾ ਸਕਦੇ, ਇਸ ਵਾਸਤੇ ਉਨ੍ਹਾਂ ਨੇ ਜਾਪਾਨ ਨੂੰ ਅਪੀਲ ਕੀਤੀ ਜਿਸਨੇ ਉਨ੍ਹਾਂ ਨੂੰ ਵੱਡੇ ਖ਼ਤਰੇ ਤੋਂ ਬਚਾਇਆ।’’
ਸਿੰਗਾਪੁਰ ਦੀ ਰਿਆਸਤ ਜੌਹਰ ਦੇ ਸੁਲਤਾਨ ਦੇ ਫ਼ੌਜੀਆਂ ਨੇ ਜੰਗਲ ਵਿਚ ਛੁਪੇ ਬਾਗ਼ੀਆਂ ਨੂੰ ਫੜ ਕੇ ਲੋਕਾਂ ਸਾਹਮਣੇ ਚੋਲੀਆਂ ਮਾਰੀਆਂ। ਸਿੰਗਾਪੁਰ ਦੀ ਫ਼ੌਜੀ ਬਗ਼ਾਵਤ ਸਬੱਬੀ ਨਹੀਂ ਹੋਈ। ਇਹ ਇਨਕਲਾਬੀ ਪ੍ਰਚਾਰ ਦਾ ਸਿੱਟਾ ਸੀ ਜਿਸ ਦੇ ਬੀਜ਼ ਗ਼ਦਰ ਪਾਰਟੀ ਨੇ ਬੀਜੇ ਸਨ। ਆਈਸ ਮੌਂਗਰ ਅਤੇ ਸਲੈਟਰੀ ਵੱਲੋਂ ਸਿੰਗਾਪੁਰ ਦੀ ਬਗ਼ਾਵਤ ਬਾਰੇ ਕੀਤਾ ਖੁਲਾਸਾ ਅਸਪਸ਼ਟ ਹੈ। ਉਨ੍ਹਾਂ ਦਾ ਇਸ਼ਾਰਾ ਭਾਈ ਸੰਤੋਖ ਸਿੰਘ ਅਤੇ ਭਾਈ ਭਗਵਾਨ ਸਿੰਘ ਵੱਲ ਹੈ ਜਿਹੜੇ ਉਸ ਸਮੇਂ ਪੂਰਬੀ ਦੇਸ਼ਾਂ ਵਿੱਚ ਪਾਰਟੀ ਦੀਆਂ ਜ਼ਿੰਮੇਵਾਰੀਆਂ ਵਿਚ ਮਸ਼ਰੂਫ਼ ਸਨ। ਉਨ੍ਹਾਂ ਦਾ ਇਹ ਕਹਿਣਾ ਸਪੱਸ਼ਟ ਹੈ ਕਿ ਇਹ ਗ਼ਦਰ ‘ਖ਼ਿਲਾਫ਼ਤ’ ਅਤੇ ‘ਗ਼ਦਰ ਲਹਿਰ’ ਦੇ ਪ੍ਰਭਾਵ ਸਦਕਾ ਹੋਇਆ। ਗਿਆਨੀ ਭਗਵਾਨ ਸਿੰਘ ਨੇ ਲਿਖਿਆ:
ਸਿੰਗਾਪੁਰ ਦਾ ਗਦਰ 15 ਫਰਵਰੀ 1915 ਨੂੰ ਸ਼ੁਰੂ ਹੋਇਆ ਸੀ। ਮੈਂ ਫਿਲਪਾਈਨ ਵਿਚ ਨਿਰਾਸ਼ ਹੋ ਕੇ ਹਥਿਆਰ, ਪੈਸੇ ਲੱਭਦਾ ਫਿਰਦਾ, ਫੜਿਆ ਜਾ ਚੁੱਕਾ ਸਾਂ। ਮੈਨੂੰ ਪਤਾ ਸੀ ਕਿ ਫਲਾਣੀ ਫਲਾਣੀ ਤਾਰੀਕ ਨੂੰ ਸਿੰਗਾਪੁਰ ਵਿਚ ਗ਼ਦਰ ਹੋਣ ਵਾਲਾ ਏ, ਪਰ ਰਸਤੇ ਵਿਚ ਫੜੇ ਜਾਣ ਕਰਕੇ ਮੈਂ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਸਕਿਆ। ਤਿੰਨ ਦਿਨ ਤੱਕ ਸਿੰਗਾਪੁਰ ਵਿਚ ਵਿਦਰੋਹ ਹੁੰਦਾ ਰਿਹਾ। ਫ਼ੌਜੀ ਬਾਗ਼ੀ ਹੋ ਗਏ। ਤਿੰਨ ਦਿਨ ਤੱਕ ਸਿੰਗਾਪੁਰ ਵਿਚ ਕੋਈ ਯੂਰਪੀਨ ਆਦਮੀ ਲੱਭਦਾ ਨਹੀਂ ਸੀ। ਜਿਹੜੇ ਲੱਭੇ ਉਸ ਨੂੰ ਫੜ ਲੈਣ, ਉਸ ਨੂੰ ਪੁੱਛਣ, ‘‘ਤੂੰ ਕੌਣ ਹੈ?’’ ਜੋ ਕਹਿ ਦੇਵੇ ‘‘ਮੈਂ ਅਮਰੀਕਨ ਹਾਂ’’ ਜਾਂ ‘‘ਡੱਚ ਹਾਂ’’ ਜਾਂ ਕੋਈ ਹੋਰ ਹਾਂ, ਉਸ ਨੂੰ ਛੱਡ ਦੇਣ। ਅਗਰ ਉਹ ਕਹਿ ਦੇਵੇ ਕਿ “ਮੈਂ ਅੰਗਰੇਜ਼ ਹਾਂ’’ ਤਾਂ ਉਸ ਨੂੰ ਮਾਰ ਦਿੰਦੇ ਸੀ। ਤਿੰਨ ਦਿਨ ਤੱਕ ਆਪਣਾ ਝੰਡਾ ਝੁੱਲਦਾ ਰਿਹਾ ਸਾਰੇ। ਇੰਨੀ ਕਸਰ ਰਹਿ ਗਈ ਕਿ ਲੀਡਰਾਂ ਕੋਲੋਂ ਜੋ ਚੀਜ਼ਾਂ ਹੋਣੀਆਂ ਚਾਹੀਦੀਆਂ ਸਨ, ਉਹ ਨਹੀਂ ਹੋਈਆਂ। ਉਸ ਦੀ ਵਜ੍ਹਾ ਇਹ ਸੀ ਕਿ ਕਿਸੇ ਨੂੰ ਤਜ਼ਰਬਾ ਨਹੀਂ ਸੀ। ਉੱਥੇ ਇੰਤਜ਼ਾਰ ਹੋ ਰਿਹਾ ਸੀ ਲੀਡਰਾਂ ਦਾ ਕਿ ਉਹ ਆ ਕੇ ਦਿਸ਼ਾ-ਨਿਰਦੇਸ਼ ਦੇਣਗੇ। ਮੇਰੇ ਫੜੇ ਜਾਣ ਕਰਕੇ, ਮੈਨੂੰ ਜਿਹੜੀ ਥੋੜ੍ਹੀ ਬਹੁਤ ਅਕਲ ਸੀ, ਉਹ ਵੀ ਉਨ੍ਹਾਂ ਨੂੰ ਮੁਹੱਈਆ ਨਾ ਹੋ ਸਕੀ।
ਸੂਬੇਦਾਰ ਡੰਡੇ ਖਾਨ ਦੀ ਮਸਾਲੀ ਸ਼ਹਾਦਤ: ਗੁੜਗਾਓਂ ਦੇ ਪਿੰਡ ਬਾਜ਼ਪੁਰ ਦਾ ਜਮਾਂਦਾਰ ਡੰਡੇ ਖਾਨ 5ਵੀਂ ਇਨਫੈਂਟਰੀ ਵਿਚ ਸੂਬੇਦਾਰ ਸੀ ਉਸ ਨੂੰ ਜਿਸ ਤਰ੍ਹਾਂ ਮੌਤ ਦਾ ਸਾਹਮਣਾ ਕਰਨਾ ਪਿਆ ਉਹ ਲਾਸਾਨੀ ਹੈ। ਇਸ ਮੌਤ ਬਾਰੇ ਸ਼ਾਹੀ ਰਾਸ਼ਟਰਮੰਡਲ ਦਾ ਮੈਂਬਰ ‘ਡਿਸਕਨ’ ਜੋ ਮੌਕੇ ’ਤੇ ਮੌਜੂਦ ਸੀ। ਉਸ ਨੇ ਕਿਹਾ, “ਉਸ ਨੂੰ ਗਿੱਟਿਆਂ ਤੋਂ ਲੈ ਕੇ ਉਪਰ ਤੱਕ ਛੇ ਸੰਗਲਾਂ ਨਾਲ ਬੰਨ੍ਹਿਆ ਹੋਇਆ ਸੀ। ਇਹ ਜਮਾਂਦਾਰ ਬੜਾ ਉੱਚਾ ਲੰਮਾ ਤੇ ਮੋਟਾ ਦਰਸ਼ਨੀ ਜਵਾਨ ਸੀ। ਸ਼ਰੌਪਸ਼ਾਇਰ ਰਜਮੈਂਟ ਦੇ ਸਿਪਾਹੀ ਉਸ ਦਾ ਭਾਰ ਛੇ ਮਣ ਦੇ ਕਰੀਬ ਦੱਸਦੇ ਸਨ। ਉਸ ਨੂੰ ਛੇ ਸੱਤ ਸਿਪਾਹੀ ਫੜੀ ਕੋਠੀਉਂ ਬਾਹਰ ਕੱਢਦੇ ਹੁੰਦੇ ਸਨ। ਕੋਰਟ ਮਾਰਸ਼ਲ ਨੇ ਉਸ ਨੂੰ ਗੋਲੀ ਮਾਰਨ ਦਾ ਹੁਕਮ ਦਿੱਤਾ। ਉਸ ਨੂੰ ਗੋਲੀ ਮਾਰਨ ਲਈ ਮੁਕੱਰਰ ਗੋਰਿਆਂ ਦੀ ਟੋਲੀ ਉਸ ਦੇ ਨੇੜੇ ਬਲੂੰਗੜਿਆਂ ਵਾਂਗ ਲਗਦੀ ਸੀ। ਜਿਨ੍ਹਾਂ ਨੂੰ ਉਸ ਵੱਲ ਦੇਖਿਆਂ ਕੰਬਣੀ ਛਿੜਦੀ ਸੀ। ਘਬਰਾਹਟ ਦੇਖ ਕੇ ਮੇਜਰ ਨੇ ਸਾਰੀ ਪਲਟਨ ਨੂੰ ਵੰਗਾਰਿਆ ਕਿ ਕੋਈ ਹੈ ਜੋ ਇਸ ਜਮਾਂਦਾਰ ਨੂੰ ਗੋਲੀ ਮਾਰੇ। ਕੁਝ ਹੁੰਢੇ ਹੋਏ ਬੁੱਢੇ ਸਿਪਾਹੀ ਅੱਗੇ ਆਏ, ਜਿਨ੍ਹਾਂ ਉਸ ਨੂੰ ਗੋਲੀਆਂ ਮਾਰੀਆਂ, ਪਰ ਉਹ ਮਰਿਆ ਨਾ। ਆਖ਼ਰ ਮੇਜਰ ਨੇ ਅੱਗੇ ਹੋ ਕੇ ਪਿਸਤੌਲ ਉਸ ਦੇ ਦਿਲ ਉਪਰ ਰੱਖ ਕੇ ਚਲਾਇਆ। ਜਮਾਂਦਾਰ ਡਿੱਗ ਪਿਆ, ਪਰ ਖਤਮ ਨਾ ਹੋਇਆ।
ਉਸ ਨੂੰ ਦਸ ਗੋਲੀਆਂ ਲੱਗ ਚੁੱਕੀਆਂ ਸਨ। ਅੰਤ ਮੇਜਰ ਬੂਟਾਂ ਸਣੇ ਉਸ ਦੀ ਛਾਤੀ ਉੱਤੇ ਚੜ੍ਹ ਗਿਆ ਅਤੇ ਬੂਟਾਂ ਦੀਆਂ ਅੱਡੀਆਂ ਮਾਰ ਮਾਰ ਉਸ ਦੇ ਫੇਫੜਿਆਂ ਵਿਚੋਂ ਹਵਾ ਕੱਢੀ, ਤਦ ਜਾ ਕੇ ਉਸ ਦੇ ਪ੍ਰਾਣ ਨਿਕਲੇ। ਆਜ਼ਾਦੀ ਦੀ ਖਾਤਰ ਇਹ ਜ਼ੁਲਮ ਗ਼ਦਰੀ ਇਨਕਲਾਬੀਆਂ ਨੂੰ ਆਮ ਹੀ ਸਹਿਣੇ ਪਏ। ਦੇਸ਼ ਦੇ ਉਨ੍ਹਾਂ ਹਾਕਮਾਂ ਜਾਂ ਢੰਡੋਰਚੀਆਂ ਲਈ ਇਹ ਸ਼ੀਸ਼ਾ ਹੈ ਜੋ ਅੱਜ ਤੱਕ ਇਹ ਢੰਡੋਰਾ ਪਿੱਟਦੇ ਰਹੇ ਕਿ ਆਜ਼ਾਦੀ ਬਿਨਾਂ ਕਿਸੇ ਖ਼ੂਨ-ਖਰਾਬੇ ਦੇ, ਸ਼ਾਂਤਮਈ ਸੱਤਿਆਗ੍ਰਹਿਆਂ ਕਰਕੇ ਪ੍ਰਾਪਤ ਹੋਈ ਹੈ।
ਕਾਸਮ ਅਲੀ ਮਨਸੂਰ ਤੇ ਸੂਬੇਦਾਰ ਡੰਡੇ ਖਾਨ: ਸਿੰਗਾਪੁਰ ਦੀ ਬਗ਼ਾਵਤ ਦੇ ਸਬੰਧ ’ਚ ਦੋਹਾਂ ਦੀਆਂ ਹੋਈਆਂ ਸ਼ਹਾਦਤਾਂ ਬੜੀਆਂ ਮਾਣਮੱਤੀਆਂ ਹਨ। ਕਾਸਮ ਅਲੀ ਮਨਸੂਰ ਸੂਰਤ ਸ਼ਹਿਰ ਦਾ ਮਸ਼ਹੂਰ ਵਪਾਰੀ ਸੀ ਜਿਹੜਾ 1884-85 ਵਿਚ ਸਿੰਗਾਪੁਰ ਆਇਆ ਸੀ। ਇਸ ਨੇ ਬੰਬਈ ਅਤੇ 1913 ਨੂੰ ਮੁੜ ਸਿੰਗਾਪੁਰ ਵਿਚ ਖ਼ਿਲਾਫ਼ਤ ਦਾ ਬਹੁਤ ਪ੍ਰਚਾਰ ਕੀਤਾ। ਉਸ ਨੇ ਆਪਣੇ ਪੁੱਤਰ ਨੂੰ ਰੰਗੂਨ ਤੋਂ 28 ਦਸੰਬਰ 1914 ਨੂੰ ਚਿੱਠੀ ਲਿਖੀ ਜਿਸ ਵਿਚ ਲਿਖਿਆ ਸੀ ਕਿ, “ਮਲਾਇਆ ਰਿਆਸਤੀ ਗਾਈਡ ਨਾਂ ਦੀ ਮੁਸਲਮਾਨ ਪਲਟਨ ਗ਼ਦਰ ਕਰਕੇ ਤੁਰਕੀ ਨਾਲ ਰਲਣ ਵਾਸਤੇ ਤਿਆਰ ਹੈ ਤੇ ਕੌਂਸਲ ਪਾਸੋਂ ਮੰਗ ਕੀਤੀ ਗਈ ਸੀ ਕਿ ਇਸ ਪਲਟਨ ਨੂੰ ਲੈ ਜਾਣ ਵਾਸਤੇ ਇਕ ਤੁਰਕੀ ਜੰਗੀ ਜਹਾਜ਼ ਸਿੰਗਾਪੁਰ ਮੰਗਵਾ ਦੇਵੇ।’’ ਇਹ ਚਿੱਠੀ ਅੰਗਰੇਜ਼ਾਂ ਦੇ ਹੱਥ ਲੱਗ ਗਈ ਜਿਸ ਤੋਂ ਪਤਾ ਲੱਗ ਜਾਣ ’ਤੇ ਇਸ ਪਲਟਨ ਨੂੰ ਸਿੰਗਾਪੁਰ ਤੋਂ ਪੀਨਾਂਗ ਬਦਲ ਦਿੱਤਾ ਗਿਆ। ਮਨਸੂਰ ਅਲੀ ਦੇ ਸਿੰਗਾਪੁਰ ਤੇ ਰੰਗੂਨ ਵਿੱਚ ਬੜੇ ਵੱਡੇ ਕਾਰੋਬਾਰੀ ਅੱਡੇ ਸਨ। ਅੰਗਰੇਜ਼ੀ ਹਕੂਮਤ ਵਿਰੁੱਧ ਸਾਜ਼ਿਸ਼ ਦੇ ਜੁਰਮ ਵਿਚ ਗ੍ਰਿਫ਼ਤਾਰ ਕਰਕੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਬਰਤਾਨਵੀ ਰਾਜ ਦੇ ਜ਼ੁਲਮ ਜਿਹੜੇ ਇਨ੍ਹਾਂ ਬਾਗ਼ੀ ਫ਼ੌਜੀਆਂ ਉੱਤੇ ਕੀਤੇ ਗਏ, ਉਹ ਲੂੰ-ਕੰਡੇ ਖੜ੍ਹੇ ਕਰਦੇ ਹਨ। ਇਸ ਵਾਰਦਾਤ ਦਾ ਇਹ ਵਿਆਖਿਆਕਾਰ ਉਨ੍ਹਾਂ ਨਿਗਰਾਨਾਂ ਵਿਚੋਂ ਇਕ ਸੀ ਜਿਹੜੇ ਭਾਈ ਬਲਵੰਤ ਸਿੰਘ ਖੁਰਦਪੁਰੀ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਹਿੰਦੋਸਤਾਨ ਲਿਜਾ ਰਹੇ ਸਨ।
ਅਜੋਕੇ ਸੰਦਰਭ ਵਿਚ ਦੇਖਿਆ ਜਾਵੇ ਤਾਂ ਕਿਸਾਨੀ ਸੰਘਰਸ਼ ਨੇ ਇਨਸਾਫ਼ਪਸੰਦ ਤੇ ਜਮਹੂਰੀਅਤ ਪਸੰਦ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕਿਸਾਨਾਂ ਨੇ ਬਹੁਕੌਮੀ ਕੰਪਨੀਆਂ ਅਤੇ ਪੂੰਜੀਪਤੀ ਘਰਾਣਿਆਂ ਦੇ ਇਸ਼ਾਰਿਆਂ ’ਤੇ ਕੇਂਦਰੀ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਨਕੇਲ ਪਾਉਣ ਲਈ ਦਿੱਲੀ ਨੂੰ ਘੇਰਾ ਪਾ ਕੇ ਆਪਣੇ ਸੰਘਰਸ਼ ਨੂੰ ਲੋਕ ਸੰਘਰਸ਼ ਦਾ ਰੂਪ ਦੇ ਦਿੱਤਾ ਹੈ। ਵਾਹੀਕਾਰਾਂ ਦੇ ਮਸੀਹਾ ਚੌਧਰੀ ਛੋਟੂ ਰਾਮ ਦੀ ਜਨਮ ਭੂਮੀ ਹਰਿਆਣਾ ਦੀ ਸ਼ਾਨਾਮੱਤੀ ਵਿਰਾਸਤ ਵਿਚੋਂ ਹੀ ਮੌਜੂਦਾ ਸੰਘਰਸ਼ ਦੇ ਬੀਜ ਪੁੰਗਰੇ ਹਨ ਜੋ ਪੰਜਾਬ ਦੇ ਕਿਸਾਨੀ ਸੰਘਰਸ਼ ਨਾਲ ਇਕਮਿਕ ਹੋ ਕੇ ਬੁਲੰਦੀ ’ਤੇ ਪਹੁੰਚਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਸੰਪਰਕ: 97806-02066