ਸੁਭਾਸ਼ ਪਰਿਹਾਰ
ਇਸਲਾਮ ਧਰਮ ਦਾ ਜਨਮ ਲਗਭਗ 1400 ਸਾਲ ਪਹਿਲਾਂ ਸੱਤਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਵਰਤਮਾਨ ਮੁਲਕ ਸਾਊਦੀ ਅਰਬ ਵਿਚ ਹੋਇਆ ਸੀ। ਇਸ ਤੋਂ ਪਹਿਲੇ ਅਰਬ ਲੋਕ ਵੱਖ-ਵੱਖ ਕਬੀਲਿਆਂ ਵਿਚ ਰਹਿੰਦੇ ਸਨ ਅਤੇ ਹਰ ਕਬੀਲੇ ਦਾ ਆਪਣਾ ਹੀ ਦੇਵਤਾ ਸੀ ਜਿਸ ਨੂੰ ਉਹ ਪੂਜਦੇ ਸਨ। ਇਸਲਾਮ ਦੇ ਸੰਸਥਾਪਕ ਹਜ਼ਰਤ ਮੁਹੰਮਦ (570-632) ਨੇ ਇਨ੍ਹਾਂ ਕਬੀਲਿਆਂ ਨੂੰ ਇੱਕ ਖ਼ੁਦਾ ਦਾ ਵਿਚਾਰ ਦੇ ਕੇ ਇੱਕ ਸੂਤਰ ਵਿਚ ਪਿਰੋਣ ਦਾ ਜਤਨ ਕੀਤਾ। ਇਸਲਾਮ ਦਾ ਫ਼ਲਸਫ਼ਾ ਅਰਬੀ ਭਾਸ਼ਾ ਵਿਚ ਉਨ੍ਹਾਂ ਦੇ ਧਰਮ ਗ੍ਰੰਥ ‘ਕੁਰਾਨ ਸ਼ਰੀਫ਼’ ਵਿਚ ਦਰਜ ਹੈ। ਮੁਸਲਮਾਨ ਇਹ ਮੰਨਦੇ ਹਨ ਕਿ ‘ਕੁਰਾਨ ਸ਼ਰੀਫ਼’ ਵਿਚ ਦਰਜ ਬਾਣੀ ਖ਼ੁਦਾ ਦੇ ਬੋਲ ਹਨ ਜੋ ਉਸ ਨੇ ਹਜ਼ਰਤ ਮੁਹੰਮਦ ਰਾਹੀਂ ਜ਼ਾਹਿਰ ਕੀਤੇ।
ਇਕ ਸਦੀ ਵਿਚ ਹੀ ਅਰਬ ਮੁਸਲਮਾਨ ਸਾਰੇ ਮੱਧ ਪੂਰਬ ਏਸ਼ੀਆ ਅਤੇ ਉੱਤਰੀ ਅਫ਼ਰੀਕਾ ’ਤੇ ਕਾਬਜ਼ ਹੋ ਗਏ। ਜਿੱਤੇ ਹੋਏ ਇਲਾਕਿਆਂ ਵਿਚ ਫ਼ਾਰਸ (ਵਰਤਮਾਨ ਇਰਾਨ) ਵੀ ਸ਼ਾਮਿਲ ਸੀ। ਸਮੇਂ ਅਤੇ ਸਥਾਨ ਨਾਲ ਹਰ ਧਰਮ ਵਿਚ ਪਰਿਵਰਤਨ ਆਉਣੇ ਅਟੱਲ ਹਨ। ਅਜਿਹਾ ਹੀ ਇਸਲਾਮ ਨਾਲ ਵੀ ਹੋਇਆ। ਫ਼ਾਰਸ ਇਲਾਕੇ ਵਿਚ ਇਸਲਾਮ ਤੋਂ ਪਹਿਲਾਂ ਜ਼ੋਰੋਐਸਟਰੀ ਧਰਮ ਪ੍ਰਚਲਿਤ ਸੀ ਜੋ ਭਾਰਤੀ ਵੈਦਿਕ ਧਰਮ ਦੇ ਬਹੁਤ ਨੇੜੇ ਸੀ। ਇਸਲਾਮ ਉੱਪਰ ਇਨ੍ਹਾਂ ਦੇ ਅਸਰ ਵਜੋਂ ਹੀ ‘ਸੂਫ਼ੀਵਾਦ’ ਹੋਂਦ ਵਿਚ ਆਇਆ। ਸੂਫ਼ੀਆਂ ਦਾ ਇਹ ਮੰਨਣਾ ਸੀ ਕਿ ‘ਮਨੁੱਖੀ ਆਤਮਾ ਦਾ ਪਰਮਾਤਮਾ ਨਾਲ ਸਿੱਧਾ ਮੇਲ਼’ ਸੰਭਵ ਹੈ। ਸ਼ੁਰੂ ਵਿਚ ਕੱਟੜਪੰਥੀ ਮੁਸਲਮਾਨਾਂ ਵੱਲੋਂ ਇਸ ਦਾ ਵਿਰੋਧ ਵੀ ਹੋਇਆ, ਪਰ ਆਮ ਲੋਕਾਂ ਵਿਚ ਹਰਮਨ ਪਿਆਰਤਾ ਨੂੰ ਵੇਖਦਿਆਂ ਆਖ਼ਰ ਨੂੰ ਬਹੁਤੇ ਵਿਦਵਾਨਾਂ ਨੇ ਇਹ ਮੰਨ ਲਿਆ ਕਿ ਸੂਫ਼ੀਵਾਦ ਕੁਰਾਨ ਸ਼ਰੀਫ਼ ਦੀਆਂ ਸਿੱਖਿਆਵਾਂ ਮੁਤਾਬਿਕ ਵੀ ਠੀਕ ਹੈ। ਸੂਫ਼ੀਆਂ ਨੇ ਇਸ ‘ਆਤਮਾ-ਪਰਮਾਤਮਾ ਦੇ ਮੇਲ਼’ ਲਈ ਵੱਖ-ਵੱਖ ਢੰਗ-ਤਰੀਕਿਆਂ ਦਾ ਪਰਚਾਰ ਕੀਤਾ। ਹਰ ਤਰੀਕਾ ਸੂਫ਼ੀਆਂ ਦੇ ਵੱਖਰੇ ਗਰੁੱਪ ਦੇ ਤੌਰ ’ਤੇ ਵਿਕਸਿਤ ਹੋ ਗਿਆ ਜਿਸ ਨੂੰ ‘ਸਿਲਸਿਲਾ’ ਕਿਹਾ ਜਾਂਦਾ ਹੈ। ਇਨ੍ਹਾਂ ਸਿਲਸਿਲਿਆਂ ਵਿਚੋਂ ਪ੍ਰਮੁੱਖ ਹਨ- ਸੁਹਰਾਵਰਦੀ, ਚਿਸ਼ਤੀ, ਕਾਦਰੀ, ਨਕਸ਼ਬੰਦੀ ਆਦਿ। ਇਹ ਸਾਰੇ ਨਾਂ ਇਨ੍ਹਾਂ ਸਿਲਸਿਲਿਆਂ ਦੇ ਸੰਸਥਾਪਕਾਂ ਜਾਂ ਉਨ੍ਹਾਂ ਦੇ ਇਲਾਕਿਆਂ ਦੇ ਨਾਂ ’ਤੇ ਹਨ। ਜਿਵੇਂ ਸੁਹਰਾਵਰਦੀ ਸਿਲਸਿਲੇ ਦਾ ਨਾਂ ਇਰਾਨ ਦੇ ਇਸੇ ਨਾਂ ਦੇ ਥਾਂ ‘ਸੁਹਰਾਵਰਦ’ ਪਿੱਛੇ ਪਿਆ ਅਤੇ ‘ਚਿਸ਼ਤੀ’ ਸਿਲਸਿਲੇ ਦਾ ਨਾਂ ਅਫ਼ਗ਼ਾਨਿਸਤਾਨ ਦੇ ਕਸਬੇ ‘ਚਿਸ਼ਤ’ ਤੋਂ। ਸੂਫ਼ੀ ਅਬਦੁਲ ਕਾਦਿਰ ਜਿਲਾਨੀ ਦੇ ਨਾਂ ’ਤੇ ਸਿਲਸਿਲਾ ‘ਕਾਦਰੀ’ ਹੋਇਆ। ਪੰਜਾਬ ਵਿਚ ਸਭ ਤੋਂ ਵੱਧ ਪ੍ਰਭਾਵ ਚਿਸ਼ਤੀਆਂ ਦਾ ਸੀ। ਅਜਮੇਰ ਦਾ ਮੁਈਨੁੱਦੀਨ, ਦਿੱਲੀ ਦਾ ਨਿਜ਼ਾਮੁਦੀਨ, ਅਜੁਧਨ ਦਾ ਬਾਬਾ ਫ਼ਰੀਦ ਸਾਰੇ ਇਸੇ ਸਿਲਸਿਲੇ ਨਾਲ ਸਬੰਧਿਤ ਸਨ। ਬੁੱਲੇ ਸ਼ਾਹ ਕਾਦਰੀ ਸੀ।
ਪੰਜਾਬ ਵਿਚ ਸੂਫ਼ੀਆਂ ਦਾ ਲੋਕ-ਬਿੰਬ ਬੁੱਲ੍ਹੇ ਸ਼ਾਹ ਵਰਗਾ ਹੈ ਜੋ ਧਰਮਾਂ ਨਾਲ ਜੁੜੇ ਹਰ ਕਿਸਮ ਦੇ ਕਰਮਕਾਂਡ ਨੂੰ ਨਕਾਰਦਾ ਹੈ। ਪਰ ਸਾਰੇ ਸੂਫ਼ੀ ਅਜਿਹੇ ਨਹੀਂ ਸਨ। ਅਨੇਕਾਂ ਸਿਲਸਿਲਿਆਂ ਦੇ ਸੂਫ਼ੀ ਬਹੁਤ ਕੱਟੜ ਵੀ ਸਨ ਜਿਸ ਦੀ ਪ੍ਰਮੁੱਖ ਉਦਾਹਰਣ ਸੀ ਸਰਹਿੰਦ ਦਾ ਨਕਸ਼ਬੰਦੀ ਸ਼ੇਖ਼ ਅਹਿਮਦ ਜੋ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਦੇ ਜ਼ਮਾਨੇ ਵਿਚ ਹੋਇਆ ਸੀ।
ਲਾਹੌਰ ਦਾ ਸਭ ਤੋਂ ਪ੍ਰਸਿੱਧ ਸੂਫ਼ੀ ਸ਼ੇਖ਼ ਹਜ਼ਰਤ ਮੀਆਂ ਮੀਰ ਕਾਦਰੀ ਸਿਲਸਿਲੇ ਨਾਲ ਜੁੜਿਆ ਹੋਇਆ ਸੀ। ਉਸ ਦੀ ਦਰਗਾਹ ਲਾਹੌਰ ਵਿਖੇ ਕਿਲ੍ਹੇ ਦੇ ਲਗਭਗ 6 ਕਿਲੋਮੀਟਰ ਦੱਖਣ-ਪੂਰਬ ਵੱਲ ਸਥਿਤ ਹੈ। ਉਸ ਦਾ ਪੂਰਾ ਨਾਂ ਸ਼ੇਖ਼ ਮੁਹੰਮਦ ਮੀਰ ਸੀ। ਉਸ ਦਾ ਜਨਮ ਵਰਤਮਾਨ ਪਾਕਿਸਤਾਨ ਦੇ ਸਿੰਧ ਸੂਬੇ ਦੇ ਜਮਸ਼ੋਰੋ ਜ਼ਿਲ੍ਹੇ ਦੇ ਸ਼ਹਿਰ ਸੇਹਵਨ ਸ਼ਰੀਫ਼ ਵਿਖੇ ਹੋਇਆ ਸੀ। ਜਨਮ ਵਰ੍ਹਾ ਸ਼ਾਇਦ 957/1550-51 ਦੇ ਆਸਪਾਸ ਸੀ। ਉਹ ਆਪਣੇ ਆਪ ਨੂੰ ਦੂਸਰੇ ਖ਼ਲੀਫ਼ਾ ਉਮਰ (ਖ਼ਿਲਾਫ਼ਤ: 634-644) ਦਾ ਵੰਸ਼ਜ਼ ਮੰਨਦਾ ਸੀ। ਦਰਅਸਲ, ਸਾਰੇ ਸੂਫ਼ੀ ਹੀ ਆਪਣੇ ਆਪ ਨੂੰ ਕਿਸੇ ਨਾ ਕਿਸੇ ਖ਼ਲੀਫ਼ੇ ਦਾ ਵੰਸ਼ਜ਼ ਹੋਣ ਦਾ ਐਲਾਨ ਕਰਦੇ ਸਨ। ਉਹ ਹਜ਼ਰਤ ਸ਼ੇਖ਼ ਖਿਜ਼ਰ ਸਿਵਸਤਾਨੀ ਦਾ ਮੁਰੀਦ ਸੀ। ਮੀਆਂ ਮੀਰ ਸ਼ੁਰੂ ਵਿਚ ਕੁਝ ਸਮਾਂ ਸਰਹਿੰਦ ਵਿਖੇ ਰਿਹਾ, ਪਰ ਇਸ ਦੌਰਾਨ ਉਹ ਜ਼ਿਆਦਾਤਰ ਬਿਮਾਰ ਹੀ ਰਿਹਾ। ਇੱਥੋਂ ਉਹ ਲਾਹੌਰ ਚਲਿਆ ਗਿਆ ਅਤੇ ਆਪਣੀ ਜ਼ਿੰਦਗੀ ਦਾ 60 ਸਾਲ ਤੋਂ ਵੱਧ ਸਮਾਂ ਉੱਥੇ ਹੀ ਲੰਘਾਇਆ। ਲਗਭਗ 88 (ਚਦਰਮਾਸੀ) ਵਰ੍ਹੇ ਦੀ ਉਮਰ ਭੋਗ ਕੇ 7 ਰਬੀਅ ਅਲ-ਅੱਵਲ 1045/ 21 ਜਾਂ 22 ਅਗਸਤ 1635 ਦੇ ਦਿਨ ਫ਼ੌਤ ਹੋ ਗਿਆ।
ਮੀਆਂ ਮੀਰ ‘ਵਹਿਦਤ ਅਲ-ਵਜੂਦ’ ਦੇ ਫ਼ਲਸਫ਼ੇ ਵਿਚ ਵਿਸ਼ਵਾਸ਼ ਰੱਖਦਾ ਸੀ ਜਿਸ ਮੁਤਾਬਿਕ ਅੱਲਾਹ ਦਾ ਵਜੂਦ ਹਰ ਸ਼ੈਅ ਵਿਚ ਹੈ। ਇਹ ਫ਼ਲਸਫ਼ਾ ਵੇਦਾਂਤ ਦੇ ਫ਼ਲਸਫ਼ੇ ‘ਸਰਵੇਸ਼ਰਵਾਦ’ ਨਾਲ ਮੇਲ ਖਾਂਦਾ ਹੈ। ਸੌਖੇ ਸ਼ਬਦਾਂ ਵਿਚ ਇਸਨੂੰ ‘ਕਣ-ਕਣ ਵਿਚ ਭਗਵਾਨ’ ਦਾ ਫ਼ਲਸਫ਼ਾ ਕਹਿ ਸਕਦੇ ਹਾਂ। ਇਸ ਦੇ ਉਲਟ ‘ਵਹਿਦਤ ਅਲ ਸ਼ੁਹੂਦ’ ਦੇ ਫ਼ਲਸਫ਼ੇ ਵਿਚ ਵਿਸ਼ਵਾਸ ਰੱਖਣ ਵਾਲਿਆਂ ਦਾ ਮੰਨਣਾ ਸੀ ਕਿ ਭਾਵੇਂ ਬਣਾਇਆ ਸਭ ਕੁਝ ਖ਼ੁਦਾ ਨੇ ਹੈ, ਪਰ ਉਹ ਸਭ ਕੁਝ ਵਿਚ ਮੌਜੂਦ ਨਹੀਂ ਹੈ।
ਮੀਆਂ ਮੀਰ ਬਾਦਸ਼ਾਹ ਅਕਬਰ (1556-1605), ਜਹਾਂਗੀਰ (1606-27) ਅਤੇ ਸ਼ਾਹਜਹਾਂ (1628-58) ਦਾ ਸਮਕਾਲੀ ਸੀ। 1620 ਵਿਚ ਜਹਾਂਗੀਰ ਨੇ ਮੀਆਂ ਮੀਰ ਨੂੰ ਮੁਲਾਕਾਤ ਲਈ ਆਗਰੇ ਆਉਣ ਲਈ ਸੱਦਾ ਦਿੱਤਾ ਸੀ। ਮਿਲਣ ਮਗਰੋਂ ਬਾਦਸ਼ਾਹ ਨੇ ਆਪਣੀ ਕਿਤਾਬ ‘ਤੁਜ਼ੁਕ-ਇ ਜਹਾਂਗੀਰੀ’ ਵਿਚ ਮੀਆਂ ਮੀਰ ਬਾਰੇ ਲਿਖਿਆ: “ਉਹ ਸੱਚਮੁੱਚ ਇਕ ਭਲਾ ਪੁਰਖ ਹੈ ਅਤੇ ਇਸ ਸਮੇਂ ਦੀ ਇਕ ਪ੍ਰਾਪਤੀ ਅਤੇ ਸੁਖਦਾਈ ਹਸਤੀ ਹੈ।’’ ਜਹਾਂਗੀਰ ਇਹ ਵੀ ਲਿਖਦਾ ਹੈ ਕਿ ਉਹ ਮੀਆਂ ਮੀਰ ਨੂੰ ਕੋਈ ਤੋਹਫ਼ਾ ਦੇਣਾ ਚਾਹੁੰਦਾ ਸੀ, ਪਰ ਉਸ ਨੂੰ ਲੱਗਾ ਕਿ ਉਹ ਅਜਿਹੀਆਂ ਗੱਲਾਂ ਤੋਂ ਉੱਪਰ ਉੱਠਿਆ ਹੋਇਆ ਸੀ। ਬਾਦਸ਼ਾਹ ਨੇ ਉਸ ਨੂੰ ਅਰਦਾਸ ਕਰਦੇ ਸਮੇਂ ਬੈਠਣ ਲਈ ਸਫ਼ੈਦ ਮਿਰਗਛਾਲ ਭੇਂਟ ਕੀਤੀ। ਉਹ ਛੇਤੀ ਹੀ ਰਾਜਧਾਨੀ ਤੋਂ ਲਾਹੌਰ ਲਈ ਰੁਖ਼ਸਤ ਹੋ ਗਿਆ। ਬਾਅਦ ਵਿਚ ਬਾਦਸ਼ਾਹ ਨੇ ਉਸ ਨੂੰ ਦੋ ਖ਼ਤ ਵੀ ਲਿਖੇ ਅਤੇ ਬੇਨਤੀ ਕੀਤੀ ਕਿ ਉਹ ਬਾਦਸ਼ਾਹ ਦੀ ਕੰਧਾਰ ਮੁਹਿੰਮ ਵਿਚ ਜਿੱਤ ਲਈ ਦੁਆ ਕਰੇ।
1634 ਵਿਚ ਬਾਦਸ਼ਾਹ ਸ਼ਾਹਜਹਾਂ ਮੀਆਂ ਮੀਰ ਨੂੰ ਤਿੰਨ ਵਾਰ (7 ਅਤੇ 9 ਅਪਰੈਲ ਅਤੇ 18 ਦਸੰਬਰ) ਮਿਲਿਆ। ਇਸ ਬਾਦਸ਼ਾਹ ਦੀ ਧੀ ਜਹਾਂਆਰਾ (1614-81) ਅਤੇ ਜੇਠਾ ਪੁੱਤਰ ਦਾਰਾ ਸ਼ਿਕੋਹ (1615-59) ਮੀਆਂ ਮੀਰ ਦੇ ਪ੍ਰਮੁੱਖ ਸ਼ਾਗਿਰਦ ਮੁੱਲਾ ਸ਼ਾਹ ਬਦਖ਼ਸ਼ੀ ਨੂੰ ਆਪਣਾ ਪੀਰ ਮੰਨਦੇ ਸਨ। ਦੋਹੇਂ ਆਪਣੇ ਪੀਰ ਦੇ ਪੀਰ ਮੀਆਂ ਮੀਰ ਪ੍ਰਤੀ ਵੀ ਅਕੀਦਤ ਰੱਖਦੇ ਸਨ। ਦਾਰਾ ਸ਼ਿਕੋਹ ਦੀਆਂ ਲਿਖਤਾਂ ‘ਸਕੀਨਾਤ ਅਲ-ਔਲੀਯਾ’ ਅਤੇ ‘ਸਫ਼ੀਨਾਤ ਅਲ-ਔਲੀਯਾ’ ਮੀਆਂ ਮੀਰ ਬਾਰੇ ਜਾਣਕਾਰੀ ਲਈ ਸਾਡੇ ਮੁੱਖ ਸਮਕਾਲੀ ਸੋਮੇ ਹਨ। ਵਾਸ਼ਿੰਗਟਨ ਡੀ.ਸੀ. (ਅਮਰੀਕਾ) ਦੀ ਆਰਥਰ ਐਂਡ ਸੈਕਲਰ ਗੈਲਰੀ ਵਿਖੇ 1635 ਵਿਚ ਬਣਾਈ ਗਈ ਇੱਕ ਪੇਂਟਿੰਗ ਵਿਚ ਦਾਰਾ ਸ਼ਿਕੋਹ, ਮੀਆਂ ਮੀਰ ਅਤੇ ਮੁੱਲਾ ਸ਼ਾਹ ਬਦਖ਼ਸ਼ਾਨੀ ਦੀ ਮੁਲਾਕਾਤ ਦਰਸਾਉਂਦਾ ਹੈ।
ਹਰੇਕ ਪੀਰ-ਫ਼ਕੀਰ ਬਾਰੇ ਅਨੇਕਾਂ ਕਿੱਸੇ, ਕਰਾਮਾਤਾਂ ਪ੍ਰਚਲਿਤ ਹੁੰਦੇ ਹਨ, ਪਰ ਇਹ ਇਤਿਹਾਸਕ ਨਾ ਹੋ ਕੇ ਬਾਅਦ ਵਿਚ ਸ਼ਰਧਾਲੂਆਂ ਵੱਲੋਂ ਆਪਣੀ ਸੋਚ ਮੁਤਾਬਿਕ ਕਲਪਿਤ ਹੁੰਦੀਆਂ ਹਨ।
‘ਐਨ ਓਰੀਐਂਟਲ ਬਾਇਓਗ੍ਰਾਫ਼ਿਕਲ ਡਿਕਸ਼ਨਰੀ’ ਦਾ ਲੇਖਕ ਟੀ. ਡਬਲਯੂ ਬੀਲ ਲਿਖਦਾ ਹੈ ਕਿ ਮੀਆਂ ਮੀਰ ਨੇ ‘ਜ਼ਿਆ ਅਲ-ਅਯੂਨ’ ਨਾਂ ਦੀ ਕਿਤਾਬ ਵੀ ਲਿਖੀ ਸੀ। ਉਸ ਦੇ ਮੁਤਾਬਿਕ ਇਸ ਕਿਤਾਬ ਵਿਚ ਜੀਵਨ ਆਚਰਣ ਦੇ ਉਚਿਤ ਨਿਯਮ ਦੱਸੇ ਗਏ ਹਨ। ਏਸ਼ਿਆਟਿਕ ਸੋਸਾਇਟੀ, ਕੋਲਕਾਟਾ (ਕਲਕੱਤਾ) ਵਿਖੇ ‘ਨਿਸ਼ਾਤ ਅਲ-ਇਸ਼ਕ’ ਨਾਂ ਦਾ ਇੱਕ ਕਿਤਾਬਚਾ ਵੀ ਮੀਆਂ ਮੀਰ ਦੇ ਨਾਂ ਨਾਲ ਮਨਸੂਬ ਕੀਤਾ ਜਾਂਦਾ ਹੈ।
ਸਿੱਖ ਜਗਤ ਵਿਚ ਮੀਆਂ ਮੀਰ ਦਾ ਨਾਂ ਬੜੇ ਸਨਮਾਨ ਨਾਲ ਲਿਆ ਜਾਂਦਾ ਹੈ। ਉਹ ਗੁਰੂ ਅਰਜਨ ਦੇਵ ਜੀ (ਗੁਰੂਕਾਲ 1581-1606) ਅਤੇ ਗੁਰੂ ਹਰਗੋਬਿੰਦ ਸਾਹਿਬ (ਗੁਰੂਕਾਲ 1606-44) ਦਾ ਸਮਕਾਲੀ ਸੀ। ਮੰਨਿਆ ਜਾਂਦਾ ਹੈ ਕਿ ਉਸ ਨੇ ਜਨਵਰੀ 1588 ਵਿਚ ਗੁਰੂ ਅਰਜਨ ਦੇਵ ਦੇ ਕਹਿਣ ’ਤੇ ਹਰਮੰਦਿਰ ਸਾਹਿਬ ਦੀ ਇਮਾਰਤ ਦੀ ਨੀਂਹ ਰੱਖੀ ਸੀ।
ਮੀਆਂ ਮੀਰ ਦੀ ਦਰਗਾਹ ਦਾ ਕੇਂਦਰ ਉਸ ਦਾ ਮਜ਼ਾਰ ਹੈ ਜੋ ਇੱਕ ਖੁੱਲ੍ਹੇ ਵਿਹੜੇ ਵਿੱਚ ਸਥਿਤ ਹੈ। ਮਕਬਰੇ ਦੀ ਇਮਾਰਤ ਵਰਗਾਕਾਰ ਹੈ ਜਿਸ ’ਤੇ ਅਸਲ ਵਿੱਚ ਰੰਗ-ਬਿਰੰਗੀਆਂ ਗਲੇਜ਼ਡ ਟਾਈਲਾਂ ਨਾਲ ਸਜਾਵਟ ਕੀਤੀ ਹੋਈ ਸੀ। ਹੁਣ ਟਾਈਲਾਂ ਦੇ ਸਿਰਫ਼ ਨਿਸ਼ਾਨ ਹੀ ਬਾਕੀ ਹਨ। ਮਕਬਰੇ ਦੇ ਅੰਦਰ ਸਿਰਫ਼ ਇੱਕੋ ਕਬਰ ਹੈ। ਬਾਹਰ ਦੋ ਹੋਰ ਕਬਰਾਂ ਹਨ। ਇਨ੍ਹਾਂ ਵਿੱਚੋਂ ਇੱਕ ਹੇਠ ਮੀਆਂ ਮੀਰ ਦੀ ਭੈਣ ਜਮਾਲ ਖ਼ਾਤੂਨ ਦਾ ਬੇਟਾ ਮੁਹੰਮਦ ਸ਼ਰੀਫ਼ ਦਫ਼ਨ ਹੈ ਜਿਸ ਦਾ ਦੇਹਾਂਤ 1644 ਵਿਚ ਹੋਇਆ ਸੀ।
ਇਤਿਹਾਸਕਾਰ ਸੱਯਦ ਮੁਹੰਮਦ ਲਤੀਫ਼ ਮੁਤਾਬਿਕ ਮੀਆਂ ਮੀਰ ਦੀ ਕਬਰ ਉੱਪਰ ਮਕਬਰੇ ਦੀ ਉਸਾਰੀ ਸ਼ਹਿਜ਼ਾਦੇ ਦਾਰਾ ਸ਼ਿਕੋਹ ਨੇ ਸ਼ੁਰੂ ਕਰਵਾਈ ਸੀ। ਉਸ ਦੀ ਯੋਜਨਾ ਆਪਣੀ ਲਾਹੌਰ ਵਿਖੇ ਰਿਹਾਇਸ਼ ਤੋਂ ਦਰਗਾਹ ਤੀਕ ਸੜਕ ਬਣਵਾਉਣ ਦੀ ਵੀ ਸੀ, ਪਰ ਔਰੰਗਜ਼ੇਬ ਰਾਹੀਂ ਉਸ ਨੂੰ ਮਰਵਾ ਦੇਣ ਕਾਰਨ ਇਹ ਯੋਜਨਾ ਅਧੂਰੀ ਰਹਿ ਗਈ। ਜੇਕਰ ਇਹ ਵਿਚਾਰ ਠੀਕ ਹੈ ਤਾਂ ਸ਼ਹਿਜ਼ਾਦੇ ਨੇ ਇਸ ਮਕਬਰੇ ਦੀ ਉਸਾਰੀ ਕਾਫ਼ੀ ਲੇਟ ਸ਼ੁਰੂ ਕਰਵਾਈ ਹੋਵੇਗੀ ਵਰਨਾ ਉਸ ਕੋਲ ਇਸ ਕੰਮ ਲਈ ਦੋ ਦਹਾਕਿਆਂ ਤੋਂ ਵੀ ਵੱਧ ਸਮਾਂ ਸੀ। ਬ੍ਰਿਟਿਸ਼ ਵਿਦਵਾਨ ਸਾਈਮਨ ਡਿਗਬੀ ਦਾ ਕਹਿਣਾ ਹੈ ਕਿ ਇਸ ਮਕਬਰੇ ਦੀ ਉਸਾਰੀ ਮੁਗ਼ਲ ਅਹਿਲਕਾਰ ਵਜ਼ੀਰ ਖ਼ਾਨ (ਅਸਲ ਨਾਂ – ਹਕੀਮ ਸ਼ੇਖ਼ ਇਲਮੁੱਦੀਨ ਅੰਸਾਰੀ) ਨੇ ਕਰਵਾਈ ਸੀ ਜਿਸ ਨੇ ਲਾਹੌਰ ਵਿਖੇ ਇਕ ਸ਼ਾਨਦਾਰ ਮਸਜਿਦ ਅਤੇ ਹੋਰ ਅਨੇਕਾਂ ਇਮਾਰਤਾਂ ਵੀ ਬਣਵਾਈਆਂ ਸਨ (ਇਹ ਵਜ਼ੀਰ ਖ਼ਾਨ ਸਰਹਿੰਦ ਵਾਲੇ ਵਜ਼ੀਰ ਖ਼ਾਨ ਤੋਂ ਵੱਖਰਾ ਅਹਿਲਕਾਰ ਸੀ)।
ਮੀਆਂ ਮੀਰ ਦੇ ਨਾਂ ’ਤੇ ਕਾਦਰੀ ਸਿਲਸਿਲੇ ਦਾ ਪੰਥ ‘ਮੀਆਂ ਖ਼ੇਲ’ ਚੱਲਿਆ। ਉਸ ਦੇ ਨਾਂ ’ਤੇ ਲਾਹੌਰ ਵਿਚ ਇੱਕ ਹਸਪਤਾਲ ਵੀ ਹੈ। ਹੁਣ ਲਾਹੌਰ ਦੇ ਇਸ ਇਲਾਕੇ ਦਾ ਨਾਂ ਹੀ ‘ਮੀਆਂ ਮੀਰ’ ਪੈ ਗਿਆ ਹੈ। ਪਹਿਲੇ ਇਸ ਦਾ ਨਾਂ ‘ਬਾਗ਼ਬਾਨਪੁਰਾ’ ਸੀ।
ਹਰ ਸਾਲ ਉਰਸ ਦੇ ਮੌਕੇ ਇਸ ਮਜ਼ਾਰ ’ਤੇ ਮੇਲਾ ਲੱਗਦਾ ਹੈ।
ਸੰਪਰਕ: 98728-22417