ਅਮਰੀਕ
ਦੇਸ਼ ਤੇ ਸੂਬੇ ਦਾ ਸਿਆਸੀ ਤੇ ਸਮਾਜਿਕ ਇਤਿਹਾਸ ਤੇ ਗੁਰਸ਼ਰਨ ਸਿੰਘ ਦਾ ਰੰਗਕਰਮ ਸਫ਼ਰ ਨਾਲ-ਨਾਲ ਚੱਲਦੇ ਰਹੇ। ਜਿਸ ਵੀ ਘਟਨਾ ਨੇ ਦੇਸ਼ ਤੇ ਪੰਜਾਬ ਦੀ ਦਸ਼ਾ-ਦਿਸ਼ਾ ’ਤੇ ਅਹਿਮ ਅਸਰ ਪਾਇਆ, ਉਨ੍ਹਾਂ ਨੇ ਬਾਕਾਇਦਾ ਉਸ ’ਤੇ ਨਾਟਕ ਲਿਖਿਆ ਤੇ ਖੇਡਿਆ। ਪੰਜਾਬ ਦੇ ਕਾਲੇ ਦੌਰ ਸਮੇਂ ਲੋਕ ਅਖ਼ਬਾਰਾਂ ਦੀਆਂ ਖ਼ਬਰਾਂ ਤੇ ਵਿਸ਼ਲੇਸ਼ਣਾਂ ’ਤੇ ਘੱਟ, ਗੁਰਸ਼ਰਨ ਸਿੰਘ ਦੇ ਨਾਟਕਾਂ ਤੇ ਤਰਕਾਂ ’ਤੇ ਵਧੇਰੇ ਯਕੀਨ ਕਰਦੇ ਸਨ। ਉਸ ਡਰਾਉਣੇ ਦੌਰ ਵਿਚ ਗੁਰਸ਼ਰਨ ਹੋਰਾਂ ਨੇ ਜਿਹੜੇ ਮਹਾਨ ਕੰਮ ਕੀਤੇ, ਉਸ ਦੀ ਮਿਸਾਲ ਸਾਰੀ ਦੁਨੀਆ ਵਿਚ ਸ਼ਾਇਦ ਹੀ ਦੂਜੀ ਹੋਵੇ। ਉਸ ਕਾਲੀ ਹਨੇਰੀ ਵਿਚ ਜਦੋਂ ਸੂਬੇ ਦੀਆਂ ਜ਼ਿਆਦਾਤਰ ਕਲਮਾਂ ਚੁੱਪ ਸਨ ਤੇ ਸਭਿਆਚਾਰ ਕਰਮੀ ਡਰ ਕੇ ਘਰਾਂ ਵਿਚ ਆਰਾਮ ਕੁਰਸੀਆਂ ’ਤੇ ਬੈਠ ਗਏ ਸਨ ਤਾਂ ਇਸ ਬਜ਼ੁਰਗ ਨੇ ਖ਼ਿਲਾਫ਼ ਵਕ਼ਤ ਨੂੰ ਐਵੇਂ ਹੀ ਕੋਲੋਂ ਨਹੀਂ ਸੀ ਲੰਘ ਜਾਣ ਦਿੱਤਾ।
ਗੁਰਸ਼ਰਨ ਸਿੰਘ ਸਾਡੇ ਸਮਿਆਂ ਦੇ ਯੋਧਾ ਸਨ। ਇਕ ਵਿਲੱਖਣ ਮਹਾ-ਲੋਕ ਨਾਇਕ। ਅਜਿਹੀ ਮਸ਼ਾਲ ਜਿਹੜੀ ਹਰ ਮਨੁੱਖ ਵਿਰੋਧੀ ਹਨੇਰੇ ਨੂੰ ਚੀਰਨ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੀ। ਉਨ੍ਹਾਂ ਨੇ ਲੋਕ ਚੇਤਨਾ ਲਈ ਜੋ ਕੁਝ ਕੀਤਾ ਤੇ ਜਿਹੋ ਜਿਹੀ ਜ਼ਿੰਦਗੀ ਜੀਵੀ, ਉਹ ਪੀੜ੍ਹੀਆਂ ਦਰ ਪੀੜ੍ਹੀਆਂ ਯਾਦ ਰੱਖਣਗੀਆਂ। ਉਸ ਵਿਰਲੀ-ਅਨੋਖੀ ਸ਼ਖ਼ਸੀਅਤ ਦੇ ਕਈ ਮਕਬੂਲ ਨਾਂ ਸਨ। ਗੁਰਸ਼ਨ ਸਿੰਘ… ਭਾ’ਜੀ… ਬਾਬਾ… ਭਾਈ ਮੰਨਾ ਸਿੰਘ…। ਅੰਕੜਿਆਂ ਅਤੇ (ਵਿਸ਼ਵ ਪੱਧਰੀ) ਰਿਕਾਰਡ ਇਕੱਠੇ ਕਰਨ ਵਾਲੀਆਂ ਕਈ ਨਾਮੀ ਸੰਸਥਾਵਾਂ ਦੀ ਜਾਣਕਾਰੀ ਵਿਚ ਹੋਵੇ ਜਾਂ ਨਾ, ਪਰ ਇਹ ਤੱਥ ਇਤਿਹਾਸਕ ਤੇ ਖ਼ਾਸ ਤੌਰ ’ਤੇ ਜ਼ਿਕਰਯੋਗ ਹੈ ਕਿ ਗੁਰਸ਼ਰਨ ਸਿੰਘ ਅਜਿਹੇ ਨਾਟਕਕਾਰ-ਸਭਿਆਚਾਰ ਕਰਮੀ ਰਹੇ ਜਿਨ੍ਹਾਂ ਨੇ ਪੰਜਾਬ ਦੇ ਇਕ-ਇਕ ਪਿੰਡ, ਕਸਬੇ ਅਤੇ ਸ਼ਹਿਰ ਵਿਚ ਜਾ ਕੇ ਨਾਟਕ ਖੇਡੇ। ਬੇਸ਼ੱਕ ਵਧੇਰੇ ਗਿਣਤੀ ਨੁੱਕੜ ਨਾਟਕਾਂ ਦੀ ਰਹੀ ਹੈ। ਉਨ੍ਹਾਂ ਨੂੰ ਨੁੱਕੜ ਨਾਟਕਾਂ ਦਾ ਅਣਥੱਕ ਤੇ ਕ੍ਰਾਂਤੀਕਾਰੀ ਰਹਿਨੁਮਾ ਕਿਹਾ ਜਾਂਦਾ ਹੈ।
ਦੇਸ਼ ਤੇ ਸੂਬੇ ਦਾ ਸਿਆਸੀ ਤੇ ਸਮਾਜਿਕ ਇਤਿਹਾਸ ਤੇ ਗੁਰਸ਼ਰਨ ਸਿੰਘ ਦਾ ਰੰਗਕਰਮ ਸਫ਼ਰ ਨਾਲ-ਨਾਲ ਚੱਲਦੇ ਰਹੇ। ਜਿਸ ਵੀ ਘਟਨਾ ਨੇ ਦੇਸ਼ ਤੇ ਪੰਜਾਬ ਦੀ ਦਸ਼ਾ-ਦਿਸ਼ਾ ’ਤੇ ਅਹਿਮ ਅਸਰ ਪਾਇਆ, ਉਨ੍ਹਾਂ ਨੇ ਬਾਕਾਇਦਾ ਉਸ ’ਤੇ ਨਾਟਕ ਲਿਖਿਆ ਤੇ ਖੇਡਿਆ। ਪੰਜਾਬ ਦੇ ਕਾਲੇ ਦੌਰ ਸਮੇਂ ਲੋਕ ਅਖ਼ਬਾਰਾਂ ਦੀਆਂ ਖ਼ਬਰਾਂ ਤੇ ਵਿਸ਼ਲੇਸ਼ਣਾਂ ’ਤੇ ਘੱਟ, ਗੁਰਸ਼ਰਨ ਸਿੰਘ ਦੇ ਨਾਟਕਾਂ ਤੇ ਤਰਕਾਂ ’ਤੇ ਵਧੇਰੇ ਯਕੀਨ ਕਰਦੇ ਸਨ। ਉਸ ਡਰਾਉਣੇ ਦੌਰ ਵਿਚ ਗੁਰਸ਼ਰਨ ਹੋਰਾਂ ਨੇ ਜਿਹੜੇ ਮਹਾਨ ਕੰਮ ਕੀਤੇ, ਉਸ ਦੀ ਮਿਸਾਲ ਸਾਰੀ ਦੁਨੀਆ ਵਿਚ ਸ਼ਾਇਦ ਹੀ ਦੂਜੀ ਹੋਵੇ। ਉਸ ਕਾਲੀ ਹਨੇਰੀ ਵਿਚ ਜਦੋਂ ਸੂਬੇ ਦੀਆਂ ਜ਼ਿਆਦਾਤਰ ਕਲਮਾਂ ਚੁੱਪ ਸਨ ਤੇ ਸਭਿਆਚਾਰ ਕਰਮੀ ਡਰ ਕੇ ਘਰਾਂ ਵਿਚ ਆਰਾਮ ਕੁਰਸੀਆਂ ’ਤੇ ਬੈਠ ਗਏ ਸਨ ਤਾਂ ਇਸ ਬਜ਼ੁਰਗ ਨੇ ਖ਼ਿਲਾਫ਼ ਵਕ਼ਤ ਨੂੰ ਐਵੇਂ ਹੀ ਕੋਲੋਂ ਨਹੀਂ ਸੀ ਲੰਘ ਜਾਣ ਦਿੱਤਾ। ਚੁਫ਼ੇਰੇ ਖ਼ੂਨ-ਖ਼ਰਾਬੇ ਅਤੇ ਆਪੋਧਾਪੀ ਦੌਰਾਨ ਜ਼ਮੀਨੀ ਪੱਧਰ ’ਤੇ ਜਾ ਕੇ ਅਮਨ ਤੇ ਭਾਈਚਾਰੇ ਲਈ ਮਜ਼ਬੂਤੀ ਨਾਲ ਕੰਮ ਕੀਤਾ। ਆਪਣੀ ਕਲਾ ਜ਼ਰੀਏ ਆਵਾਮ ਨੂੰ ਬੜੀ ਬਰੀਕੀ ਨਾਲ ਸਮਝਾਇਆ ਕਿ ਹਿੰਦੂ-ਸਿੱਖ ਏਕਤਾ ਕਾਇਮ ਰਹੇਗੀ ਤਾਂ ਪੰਜਾਬ ਬਚੇਗਾ, ਦੇਸ਼ ਬਚੇਗਾ, ਨਹੀਂ ਤਾਂ ਕੁਝ ਨਹੀਂ ਬਚੇਗਾ।
ਭਾ’ਜੀ ਦਾ ਇਕ ਨਾਟਕ ਹੈ ‘ਹਿੱਟ ਲਿਸਟ’। ‘ਸੰਤ ਜੀ’ ਇਸ ਵਿਚ ਪਾਤਰ ਬਣਾਏ ਗਏ ਸਨ। ਚੱਲਦੇ ਨਾਟਕ ਦੌਰਾਨ ਗੁਰਸ਼ਰਨ ਸਿੰਘ ਨੂੰ ਧਮਕੀ ਦਿੱਤੀ ਗਈ, ਨਾਟਕ ਫੌਰਨ ਬੰਦ ਕਰਨ ਦਾ ਫ਼ਰਮਾਨ ਸੁਣਾਇਆ ਗਿਆ ਤੇ ਉਨ੍ਹਾਂ ਦਾ ਨਾਂ ਹਿੱਟ ਲਿਸਟ ਵਿਚ ਸ਼ਾਮਲ ਕਰਨ ਦੀ ਗੱਲ ਆਖੀ ਗਈ, ਪਰ ਨਾ ਨਾਟਕ ਰੁਕਿਆ ਤੇ ਨਾ ਜਾਨੋਂ ਮਾਰ ਦਿੱਤੇ ਜਾਣ ਦੀ ਧਮਕੀ ਫ਼ੌਰੀ ਤੌਰ ’ਤੇ ਅਸਰ ਦਿਖਾ ਸਕੀ। ਭਾ’ਜੀ ਦਾ ਬੁਲੰਦ ਤੇ ਸਪਸ਼ਟ ਜਵਾਬ ਸੀ ਕਿ ਹਥਿਆਰਾਂ ਦੇ ਜ਼ੋਰ ’ਤੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ ਨਾ ਕੀਤੀ ਜਾਵੇ। ਖ਼ੈਰ, ਇਸ ਘਟਨਾ ਤੋਂ ਬਾਅਦ ਗੁਰਸ਼ਰਨ ਸਿੰਘ ਨੂੰ ਸਰਕਾਰੀ ਏਜੰਸੀਆਂ ਦੇ ਜ਼ਬਰਦਸਤ ਦਬਾਅ ਕਾਰਨ ਅੰਮ੍ਰਿਤਸਰ ਛੱਡ ਕੇ ਚੰਡੀਗੜ੍ਹ ਜਾਣਾ ਪਿਆ। ਹਾਲਾਂਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਇਕ ਵੱਡਾ ਤਬਕਾ ਵੀ ਮੰਨਦਾ ਹੈ ਕਿ ਭਾ’ਜੀ ਨੂੰ ਜਨੂੰਨੀਆਂ ਦਾ ਸੌਖਾ ਸ਼ਿਕਾਰ ਕਦੇ ਨਹੀਂ ਬਣਨਾ ਚਾਹੀਦਾ। ਇਸੇ ਤਰ੍ਹਾਂ ਗੁਰਸ਼ਰਨ ਸਿੰਘ ਦੇ ਇਕ ਹੋਰ ਮਸ਼ਹੂਰ ਨਾਟਕ ਵਿਚ ਬਾਦਲ, ਬਰਨਾਲਾ ਤੇ ਕੈਪਟਨ ਪਾਤਰ ਸਨ। ਇਕ ਵਾਰ ਇਸ ਨਾਟਕ ਦੇ ਮੰਚਨ ਦੌਰਾਨ ਬਤੌਰ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਵੀ ਦਰਸ਼ਕ ਗੈਲਰੀ ਵਿਚ ਸਨ। ਖ਼ੁਦ ਨੂੰ ਪਾਤਰ ਤੇ ਉਹ ਵੀ ਖਲਨਾਇਕ ਦੇ ਤੌਰ ’ਤੇ ਦੇਖ ਕੇ ਉਹ ਨਾਰਾਜ਼ ਹੋ ਕੇ ਉੱਠ ਕੇ ਚਲੇ ਗਏ, ਪਰ ਗੁਰਸ਼ਰਨ ਸਿੰਘ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ। ਇਹੀ ਬਰਨਾਲਾ ਮੁੱਖ ਮੰਤਰੀ ਸਨ ਤੇ ਇਕ ਨਾਟਕ ਉਤਸਵ ਵਿਚ ਮੁੱਖ ਮਹਿਮਾਨ ਸਨ। ਉੱਥੇ ਭਾ’ਜੀ ਨੇ ਵੀ ਨਾਟਕ ਪੇਸ਼ ਕਰਨਾ ਸੀ। ਮੁੱਖ ਮੰਤਰੀ ਨੂੰ ਸਮੇਂ ਸਿਰ ਆਉਂਦਾ ਨਾ ਦੇਖ ਕੇ ਉਨ੍ਹਾਂ ਨੇ ਰੋਸ ਵਜੋਂ ਬਾਈਕਾਟ ਕਰ ਦਿੱਤਾ ਤੇ ਨਾਟਸ਼ਾਲਾ ਤੋਂ ਬਾਹਰ ਆ ਕੇ ਨਾਟਕ ਕੀਤਾ। ਉਹ ਬੇਖ਼ੌਫ਼ ਬਾਦਲੀਲ ਵਿਰੋਧ ਕਰਦੇ ਸਨ।
16 ਸਤੰਬਰ 1929 ਨੂੰ ਪੈਦਾ ਹੋਏ ਗੁਰਸ਼ਰਨ ਸਿੰਘ ਨੇ ਬਤੌਰ ਇੰਜੀਨੀਅਰ ਲੰਬਾ ਸਮਾਂ ਭਾਖੜਾ ਡੈਮ ’ਤੇ ਬਿਤਾਇਆ। ਉਹ ਅਕਸਰ ਕਾਮਿਆਂ ਦੇ ਹਿੱਤਾਂ ਲਈ ਡੈਮ ਦੇ ਪ੍ਰਬੰਧਕਾਂ ਨਾਲ ਟਕਰਾਅ ਜਾਂਦੇ ਹਨ। ਉਸੇ ਸਿਲਸਿਲੇ ਵਿਚ ਉਨ੍ਹਾਂ ਨੇ ਕੁਝ ਫ਼ੈਸਲਾਕੁੰਨ ਹੜਤਾਲਾਂ ਅਤੇ ਅੰਦੋਲਨਾਂ ਜ਼ਰੀਏ ਮਜ਼ਬੂਤ ਅਗਵਾਈ ਵੀ ਕੀਤੀ। ਭਾ’ਜੀ ਦੇ ਅੰਦਰ ਸਰਗਰਮ ਨਾਟਕਕਾਰ ਨੇ ਭਾਖੜਾ ਡੈਮ ’ਤੇ ਜਨਮ ਲਿਆ। ਉਹ ਕਾਮਿਆਂ ਤੇ ਮੁਲਾਜ਼ਮਾਂ ਸਾਹਮਣੇ ਅੰਦਰ ਅਰਥ ਭਰਪੂਰ ਨਾਟਕ ਪੇਸ਼ ਕਰਦੇ ਤਾਂ ਬਹੁਤੀ ਵਾਰ ਪ੍ਰਬੰਧਕਾਂ ਤੇ ਉੱਚ ਅਧਿਕਾਰੀਆਂ ਨੂੰ ਉਨ੍ਹਾਂ ਦੇ ਤਿੱਖੇ ਤੇਵਰ ਰਾਸ ਨਾ ਆਉਂਦੇ, ਪਰ ਗੁਰਸ਼ਰਨ ਸਿੰਘ ਪੂਰੀ ਜ਼ਿੱਦ ਤੇ ਲੋਕ ਸਮਰਪਣ ਦੀ ਭਾਵਨਾ ਨਾਲ ਜੁਟੇ ਰਹਿੰਦੇ। ਜੂਨ 1975 ਦੀ ਐਮਰਜੈਂਸੀ ਦਾ ਉਨ੍ਹਾਂ ਨੇ ਹਰ ਲਿਹਾਜ਼ ਨਾਲ ਪੂਰਜ਼ੋਰ ਵਿਰੋਧ ਕੀਤਾ। ਇਸ ਦੇ ਵਿਰੋਧ ਵਿਚ ਨਾਟਕ ਖੇਡੇ ਤੇ ਸੈਮੀਨਾਰ ਕੀਤੇ। ਬੌਖਲਾਈ ਸਰਕਾਰ ਨੇ ਕਈ ਤਰ੍ਹਾਂ ਦੀਆਂ ਧਮਕੀਆਂ ਦੇ ਕੇ 19 ਸਤੰਬਰ 1995 ਨੂੰ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ। ਇਸ ਦੇ ਬਾਵਜੂਦ ਇਸ ਇਨਕਲਾਬੀ ਸਭਿਆਚਾਰ ਕਰਮੀ ਦੀਆਂ ਸਰਕਾਰ ਵਿਰੋਧੀ ਸਰਗਰਮੀਆਂ ਨਹੀਂ ਰੁਕੀਆਂ।
ਜੂਨ 84 ਤੇ ਨਵੰਬਰ 84 ਨੇ ਪੰਜਾਬੀਆਂ ਤੇ ਪੰਜਾਬ ਨੂੰ ਬੜੇ ਜ਼ਖ਼ਮ ਦਿੱਤੇ ਹਨ। ਇਸ ਸਮੇਂ ਦੌਰਾਨ ਵੀ ਗੁਰਸ਼ਰਨ ਸਿੰਘ ਪੰਜਾਬ ਤੇ ਪੰਜਾਬੀਅਤ ਦਾ ਡੂੰਘਾ ਦਰਦ ਦੱਸਣ ਲਈ ਅੱਗੇ ਆਏ। ਹਰ ਤਰ੍ਹਾਂ ਦੇ ਅਤਿਵਾਦ ਦੇ ਵਿਰੋਧੀ ਗੁਰਸ਼ਰਨ ਸਿੰਘ ਨੇ ਸਾਕਾ ਨੀਲਾ ਤਾਰਾ ਦਾ ਵੀ ਜ਼ਬਰਦਸਤ ਵਿਰੋਧ ਕੀਤਾ ਤੇ ਪਿੰਡ, ਕਸਬਿਆਂ ਅਤੇ ਸ਼ਹਿਰਾਂ ਵਿਚ ਜਾ ਕੇ ਨੁੱਕੜ ਨਾਟਕ ਖੇਡ ਕੇ ਪੰਜਾਬ ਸੰਕਟ ਦੀਆਂ ਅੰਦਰਲੀਆਂ ਪਰਤਾਂ ਤੋਂ ਆਵਾਮ ਨੂੰ ਜਾਣੂ ਕਰਵਾਇਆ। ਇਹੀ ਕੰਮ ਉਨ੍ਹਾਂ ਨੇ ਨਵੰਬਰ 84 ਦੇ ਡਰਾਉਣੇ ਸਿੱਖ ਵਿਰੋਧੀ ਕਤਲੇਆਮ ਤੋਂ ਬਾਅਦ ਕੀਤਾ। ਉਦੋਂ ਉਨ੍ਹਾਂ ਨੇ ਦਿੱਲੀ, ਕਾਨਪੁਰ, ਹਰਿਆਣਾ ਤੇ ਹੋਰ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਨੁੱਕੜ ਨਾਟਕ ਖੇਡੇ। ਉਨ੍ਹਾਂ ਦੇ ਹਰ ਨਾਟਕ ਵਿਚ ਇਕ ਖੁੱਲ੍ਹਾ ਸੰਦੇਸ਼ ਹੈ ਕਿ ਵਿਵਸਥਾ ਨਾ ਬਦਲੀ ਤੇ ਅਸੀਂ ਚੁੱਪ ਬੈਠੇ ਰਹੇ ਤਾਂ ਵਾਰ-ਵਾਰ ਜੂਨ 84 ਤੇ ਨਵੰਬਰ 84 ਹੋਣਗੇ। 1969-71 ਦੀ ਨਕਸਲਬਾੜੀ ਲਹਿਰ ਨਾਲ ਉਨ੍ਹਾਂ ਦੀ ਖੁੱਲ੍ਹੀ ਤੇ ਸਰਗਰਮ ਹਮਦਰਦੀ ਸੀ। ਉਸ ਲਹਿਰ ਨੇ ਪੰਜਾਬ ਵਿਚ ਦਸਤਕ ਦਿੱਤੀ ਤਾਂ ਉਨ੍ਹਾਂ ਨੇ ਉਸ ਦੇ ਹੱਕ ਵਿਚ ਸਭਿਆਚਾਰਕ ਮੋਰਚਾ ਸੰਭਾਲਿਆ।
ਪੰਜਾਬੀ ਦੇ ਕਈ ਨਾਮਵਰ ਲੇਖਕ, ਕਵੀ ਤੇ ਨਾਟਕਕਾਰ ਨਕਸਲਬਾੜੀ ਲਹਿਰ ਦੀ ਦੇਣ ਹਨ। ਅਵਤਾਰ ਸਿੰਘ ਪਾਸ਼, ਸੁਰਜੀਤ ਪਾਤਰ, ਲਾਲ ਸਿੰਘ ਦਿਲ, ਅਮਰਜੀਤ ਚੰਦਨ, ਸੰਤ ਰਾਮ ਉਦਾਸੀ, ਮਿੱਤਰ ਸੇਨ ਮੀਤ, ਵਰਿਆਮ ਸਿੰਘ ਸੰਧੂ, ਅਤਰਜੀਤ, ਤ੍ਰਿਲੋਚਨ ਤੇ ਅਜਮੇਰ ਸਿੰਘ ਔਲਖ ਆਦਿ ਕੁਝ ਖ਼ਾਸ ਨਾਂ ਹਨ। ਇਨ੍ਹਾਂ ਸਾਰਿਆਂ ਦਾ ਗੁਰਸ਼ਰਨ ਸਿੰਘ ਨਾਲ ਲਗਾਅ ਜੱਗ ਜ਼ਾਹਿਰ ਹੈ। ਬਹੁਤ ਘੱਟ ਲੋਕ ਇਸ ਤੱਥ ਤੋਂ ਜਾਣੂੰ ਹਨ ਕਿ ਪਾਸ਼ ਦਾ ਪਹਿਲਾ ਚਰਚਿਤ ਕਵਿਤਾ ਸੰਗ੍ਰਹਿ ਗੁਰਸ਼ਰਨ ਭਾ’ਜੀ ਨੇ ਹੀ ਛਾਪਿਆ ਸੀ। ਕਿੰਨੇ ਹੀ ਲੇਖਕ ਤੇ ਨਾਟਕਕਾਰ ਤੇ ਉਨ੍ਹਾਂ ਦੀ ਸਰਪ੍ਰਸਤੀ ਹੇਠ ਪਰਿਪੱਕ ਹੋਏ ਤੇ ਆਮ ਪਾਠਕਾਂ ਤਕ ਪੁੱਜੇ। ਉਨ੍ਹਾਂ ਨੇ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਦੀ ਨੀਂਹ ਰੱਖੀ ਸੀ ਜਿਸਦਾ ਬੁਨਿਆਦੀ ਮਕਸਦ ਚੰਗਾ ਜਨਵਾਦੀ ਤੇ ਪ੍ਰਗਤੀਸ਼ੀਲ ਸਾਹਿਤ ਬਹੁਤ ਘੱਟ ਕੀਮਤ ’ਤੇ ਸਾਹਿਤ ਪ੍ਰੇਮੀਆਂ ਤੱਕ ਪਹੁੰਚਾਉਣਾ ਸੀ। ਆਪਣੀ ਇਸ ਮੁਹਿੰਮ ਨੂੰ ਉਨ੍ਹਾਂ ਨੇ ਸਾਰੀ ਉਮਰ ਜਾਰੀ ਰੱਖਿਆ। ਲੋਕ ਮੁੱਦਿਆਂ ਅਤੇ ਸਾਹਿਤ-ਸਭਿਆਚਾਰ ’ਤੇ ਕੇਂਦਰਤ ਕੁਝ ਪਰਚਿਆਂ ਦਾ ਸੰਪਾਦਨ-ਪ੍ਰਕਾਸ਼ਨ ਵੀ ਗੁਰਸ਼ਰਨ ਸਿੰਘ ਨੇ ਸਮੇਂ-ਸਮੇਂ ਕੀਤਾ। ਬਲਰਾਜ ਸਾਹਨੀ ਉਨ੍ਹਾਂ ਦੇ ਪਰਮ ਮਿੱਤਰ ਸਨ ਤੇ ਮਸ਼ਹੂਰ ਹਿੰਦੀ ਕਵੀ ਕੁਮਾਰ ਵਿਕਲ ਵੀ ਬਹੁਤ ਕਰੀਬੀ ਦੋਸਤਾਂ ਵਿਚ ਸ਼ਾਮਲ ਸਨ। ਉਨ੍ਹਾਂ ਨੇ ਪ੍ਰੇਮ ਚੰਦ ਤੇ ਅਸਗਰ ਵਜ਼ਾਹਤ ਦੀਆਂ ਕਹਾਣੀਆਂ ’ਤੇ ਆਧਾਰਿਤ ਪੰਜਾਬੀ ਵਿਚ ਕਈ ਯਾਦਗਾਰੀ ਨਾਟਕ ਲਿਖੇ।
ਗੁਰਸ਼ਰਨ ਸਿੰਘ ਦੀ ਹਰਮਨ ਪਿਆਰਤਾ ਸਦਕਾ ਪੰਜਾਬ ਦੇ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਕਈ ਨਾਟਕਾਂ ਦੇ ਦ੍ਰਿਸ਼ ਤੇ ਸੰਵਾਦ ਹੂ-ਬ-ਹੂ ਬਾਖ਼ੂਬੀ ਯਾਦ ਹਨ। ਇਨ੍ਹਾਂ ਨਾਟਕਾਂ ਵਿਚ ‘ਬਾਬਾ ਬੋਲਦਾ ਹੈ’, ‘ਟੋਇਆ’, ‘ਹਿੱਟ ਲਿਸਟ’, ‘ਕੁਰਸੀਵਾਲਾ-ਮੰਜੀਵਾਲਾ’, ‘ਜੰਗੀਰਾਮ ਦੀ ਹਵੇਲੀ’, ‘ਏਹ ਲਹੂ ਕਿਸ ਦਾ ਹੈ’, ‘ਧਮਕ ਨਗਾਰੇ ਦੀ’, ‘ਕੁਰਸੀ ਮੋਚਰਾ ਤੇ ਹਵਾ ਵਿਚ ਲਟਕਦੇ ਲੋਕ’, ‘ਨਵਾਂ ਜਨਮ’ ਆਦਿ ਮੁੱਖ ਹਨ। ਇਨ੍ਹਾਂ ਨਾਟਕਾਂ ਦਾ ਮੰਚਨ ਉਨ੍ਹਾਂ ਨੇ ਪੰਜਾਬ ਦੇ ਚੱਪੇ-ਚੱਪੇ ਵਿਚ ਕੀਤਾ।
ਉਨ੍ਹਾਂ ਨੇ ਦੂਰਦਰਸ਼ਨ ਲਈ ਲੜੀਵਾਰ ਵੀ ਬਣਾਇਆ ਸੀ ‘ਭਾਈ ਮੰਨਾ ਸਿੰਘ’। ਇਸ ਲੜੀਵਾਰ ਵਿਚ ਪੰਜਾਬ ਦੇ ਸੰਤਾਪ ਨਾਲ ਜੁੜੀਆਂ ਕਹਾਣੀਆਂ ਦੀ ਨਾਟਕੀ ਪੇਸ਼ਕਾਰੀ ਹੁੰਦੀ ਸੀ। ਇਸ ਲੜੀਵਾਰ ਨੇ ਉਨ੍ਹਾਂ ਨੂੰ ਹੋਰ ਮਕਬੂਲ ਕਰ ਦਿੱਤਾ ਤੇ ਉਨ੍ਹਾਂ ਦਾ ਨਾਂ ਭਾਈ ਮੰਨਾ ਸਿੰਘ ਪੈ ਗਿਆ। ਦੇਸ਼ ਦੇ ਕਈ ਹੋਰ ਇਲਾਕਿਆਂ ਵਿਚ ਉਹ ਭਾਈ ਮੰਨਾ ਸਿੰਘ ਦੇ ਨਾਂ ਨਾਲ ਮਸ਼ਹੂਰ ਹਨ। ਜ਼ਿਕਰਯੋਗ ਹੈ ਕਿ ਲੜੀਵਾਰ ਲਈ ਉਨ੍ਹਾਂ ਨੇ ਵਿਚਾਰਧਾਰਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਸੀ ਤੇ ਪੰਜਾਬ ਬਾਰੇ ਇਕ ਸਹੀ ਸਮਝ ਬਾਕੀ ਦੇਸ਼ ਨੂੰ ਦੇਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਇਕ ਬੇਮਿਸਾਲ ਕੰਮ ਦੂਰ ਦੁਰਾਡੇ ਦੇਸ਼ਾਂ ਵਿਚ ਨੁੱਕੜ ਨਾਟਕ ਖੇਡਣ ਦਾ ਵੀ ਕੀਤਾ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਕੌਮਾਂਤਰੀ ਪੱਧਰ ’ਤੇ ਲੋਕ ਜਾਣਦੇ-ਮੰਨਦੇ ਹਨ। ਪੰਜਾਬੀ-ਹਿੰਦੀ ਦੇ ਨਾਲ-ਨਾਲ ਗੁਰਸ਼ਰਨ ਸਿੰਘ ਨੇ ਅੰਗਰੇਜ਼ੀ ਵਿਚ ਵੀ ਨਾਟਕ ਲਿਖੇ। ਵਿਚਾਰ-ਚਰਚਾ ਤੇ ਸੰਵਾਦ ਦਾ ਕੋਈ ਵੀ ਮੌਕਾ ਉਹ ਛੱਡਦੇ ਨਹੀਂ ਸਨ। ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਵਿਚ ਵੀ ਉਨ੍ਹਾਂ ਨੇ ਖ਼ੂਬ ਕੰਮ ਕੀਤ। ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਉਹ ਆਪਣੀ ਅਸਲੀ ਤਾਕਤ ਮੰਨਦੇ ਸਨ। ਔਰਤਾਂ ਤੇ ਬੱਚਿਆਂ ਦੇ ਸਰੋਕਾਰ ਵੀ ਉਨ੍ਹਾਂ ਦੀਆਂ ਚਿੰਤਾਵਾਂ ਵਿਚ ਸ਼ਾਮਿਲ ਸਨ।
ਹੁਣ ਜਿਸਮਾਨੀ ਤੌਰ ’ਤੇ ਭਾ’ਜੀ ਗੁਰਸ਼ਰਨ ਸਿੰਘ ਨਹੀਂ ਹਨ, ਪਰ ਉਨ੍ਹਾਂ ਦਾ ਨਾਂ ਜ਼ਿੰਦਾ ਹੈ ਤੇ ਹਮੇਸ਼ ਜ਼ਿੰਦਾ ਰਹੇਗਾ। ਸਦਾ ਜ਼ਿੰਦਾ ਰਹਿਣਗੇ ਉਨ੍ਹਾਂ ਦੇ ਵਿਚਾਰ। ਉਹ ਹਮੇਸ਼ਾ ਇਸੇ ’ਤੇ ਅਡੋਲ ਰਹੇ ਕਿ ਕਲਾ ਕਲਾ ਲਈ ਨਹੀਂ, ਆਵਾਮ ਤੇ ਉਸ ਦੀ ਬਿਹਤਰੀ ਲਈ ਹੁੰਦੀ ਹੈ।
ਸਦਾ ਰਹੇਗੀ ਗੁਰਸ਼ਰਨ ਸਿੰਘ ਦੀ ਰੌਸ਼ਨੀ…।