ਗੁਰਬਚਨ ਸਿੰਘ ਭੁੱਲਰ
ਇੰਦੇ ਚਲਿਆ ਗਿਆ। ਸਮਾਜ ਮੈਨੂੰ ਸਮਝਾਉਂਦਾ ਹੈ, ਜੋ ਆਇਆ ਹੈ, ਰਾਜਾ, ਰੰਕ, ਫ਼ਕੀਰ, ਸਭ ਨੇ ਹੀ ਜਾਣਾ ਹੈ, ਵਾਰੀ ਆਪੋ ਆਪਣੀ! ਦਿਲ ਰੋਣਹਾਕਾ ਹੋ ਕੇ ਉਜਰ ਕਰਦਾ ਹੈ, 53 ਸਾਲ ਦਾ ਵਾਹ ਸੀ। ਮਨ ਤਰਕ ਦਾ ਪੱਲਾ ਫੜਾਉਂਦਾ ਹੈ, ਜੋ ਹੋਇਆ, ਠੀਕ ਹੋਇਆ, ਸਗੋਂ ਉਹਨੂੰ ਪਹਿਲਾਂ ਹੀ ਚਲੇ ਜਾਣਾ ਚਾਹੀਦਾ ਸੀ। ਸਵਾ ਦੋ ਸਾਲ ਪਹਿਲਾਂ ਡਿੱਗ ਕੇ ਉਹਨੂੰ ਸੱਟ ਲੱਗ ਗਈ ਸੀ। ਮੈਨੂੰ ਪਤਾ ਕੁਝ ਦਿਨਾਂ ਬਾਅਦ ਲਗਿਆ। ਮੈਂ ਉਹਦੀ ਪਤਨੀ ਤੋਂ ਹਸਪਤਾਲ ਦੇ ਮਿਲਣ ਦੇ ਸਮੇਂ ਦੀ ਜਾਣਕਾਰੀ ਚਾਹੀ ਤਾਂ ਉਹ ਬੋਲੀ, “ਹਸਪਤਾਲ ਵਾਲੇ ਕਹਿੰਦੇ ਹਨ, ਅਸੀਂ ਜੋ ਕੁਝ ਕਰ ਸਕਦੇ ਸੀ, ਕਰ ਦਿੱਤਾ, ਹੁਣ ਤਾਂ ਸੰਭਾਲ ਹੀ ਇਹਨਾਂ ਦਾ ਇਲਾਜ ਹੈ। ਅਸੀਂ ਇਥੋਂ ਛੁੱਟੀ ਹੋਈ ਤੋਂ ਬੇਟੀ ਦੇ ਹਸਪਤਾਲ ਜਾ ਰਹੇ ਹਾਂ, ਤੁਸੀਂ ਇਕ-ਦੋ ਦਿਨਾਂ ਨੂੰ ਉਥੇ ਆਉਣਾ।”
ਉਹਦੀਆਂ ਦੋ ਬੇਟੀਆਂ ਵਿਚੋਂ ਇਕ ਕੈਨੇਡਾ ਹੈ ਤੇ ਦੂਜੀ ਡਾਕਟਰ ਹੈ ਜਿਸ ਨੇ ਦਿੱਲੀ ਵਿਚ ਕਾਫ਼ੀ ਕਮਰਿਆਂ ਵਾਲਾ ਚੰਗਾ-ਖਾਸਾ ਆਪਣਾ ਨਿੱਜੀ ਹਸਪਤਾਲ ਬਣਾਇਆ ਹੋਇਆ ਹੈ। ਮੈਂ ਤੇ ਮੇਰਾ ਕਵੀ ਮਿੱਤਰ ਗੁਰਚਰਨ ਗਏ ਤਾਂ ਉਹ ਸਭ ਲੋੜੀਂਦੀਆਂ ਚੀਜ਼ਾਂ ਤੇ ਸਹੂਲਤਾਂ ਨਾਲ ਲੈਸ ਕਮਰੇ ਵਿਚ ਪਿਆ ਸੀ, ਜਿਸ ਕਮਰੇ ਨੇ ਅਗਲੇ ਸਵਾ ਦੋ ਸਾਲ ਉਹਦਾ ‘ਘਰ’ ਬਣੇ ਰਹਿਣਾ ਸੀ। ਡਿੱਗਣ ਨਾਲ ਉਹਦੀ ਰੀੜ੍ਹ ਦੀ ਹੱਡੀ ਨੂੰ ਜਰਬ ਆ ਗਈ ਸੀ। ਹੇਠਲਾ ਧੜ ਨਿਕਾਰਾ ਹੋ ਗਿਆ ਸੀ ਤੇ ਹੱਥ ਕਮਜ਼ੋਰ ਹੋ ਗਏ ਸਨ। ਏਨੇ ਕਮਜ਼ੋਰ ਕਿ ਉਹ ਪਿਆਲਾ ਫੜਨ ਤੋਂ ਤੇ ਚਮਚਾ ਚੁੱਕਣ ਤੋਂ ਵੀ ਅਸਮਰੱਥ ਹੋ ਗਿਆ ਸੀ। ਸੋਚਣਾ, ਸਮਝਣਾ, ਸੁਣਨਾ, ਬੋਲਣਾ, ਸਭ ਠੀਕ ਬਣਿਆ ਰਿਹਾ। ਬੇਵੱਸ ਤਨ ਅਤੇ ਕੰਮ ਕਰਦੇ ਮਨ ਦੀ ਇਹ ਦੁਫਾੜ ਉਹਦੇ ਲਈ ਸਰਾਪ ਬਣ ਗਈ। ਪਤਨੀ ਤੋਂ ਇਲਾਵਾ ਇਕ ਕਰਮਚਾਰੀ ਸਿਰਫ਼ ਉਹਦੀ ਸੰਭਾਲ ਲਈ ਸੀ। ਸੁੱਖ-ਸਾਂਦ ਮਗਰੋਂ ਉਹ ਪਹਿਲਾਂ ਵਾਂਗ ਹੀ ਸਾਹਿਤ ਦੀਆਂ ਗੱਲਾਂ ਕਰਨ ਲੱਗਿਆ। ਅਸੀਂ ਤੁਰਨ ਲੱਗੇ ਤਾਂ ਬੋਲਿਆ, “ਮਿੱਤਰੋ, ਅਗਲੀ ਵਾਰ ਕਿਤਾਬਾਂ ਲੈ ਕੇ ਆਉਣਾ।” ਉਹਨੇ ਕਿਤਾਬ ਖੋਲ੍ਹ ਕੇ ਟਿਕਾਉਣ ਦਾ ਜੁਗਾੜ ਕਰ ਲਿਆ ਸੀ ਤੇ ਵਰਕਾ ਸੇਵਾਦਾਰ ਪਲਟ ਦਿੰਦਾ ਸੀ। ਕਈ ਵਾਰ ਫੋਨ ਕਰਨਾ ਤਾਂ ਸੇਵਾਦਾਰ ਨੇ ਉਹਦੇ ਕੰਨ-ਮੂੰਹ ਕੋਲ ਕਰ ਦੇਣਾ। ਕਈ ਵਾਰ ਮੈਂ ਸੇਵਾਦਾਰ ਨੂੰ ਆਖ ਦਿੰਦਾ, ਤੂੰ ਹੀ ਉਹਨਾਂ ਨੂੰ ਦੱਸ ਦੇ, ਮੈਂ ਹਾਲ-ਚਾਲ ਪੁਛਦਾ ਹਾਂ।
ਦੁੱਧ-ਚਿੱਟੇ ਹਸਪਤਾਲੀ ਬਿਸਤਰੇ ਉੱਤੇ ਪਿਆ ਦੇਖ ਮੈਨੂੰ ਖ਼ਿਆਲ ਆਇਆ, ਉਹ ਸਫ਼ੈਦ ਬਸਤਰ ਪਹਿਣ ਕੇ ਹੀ ਖ਼ੁਸ਼ ਸੀ, ਨਿਰਮਲਤਾ ਦੀ ਨਿਸ਼ਾਨੀ। ਪਗੜੀ ਤਾਂ ਉਹ ਹਮੇਸ਼ਾ ਸਫ਼ੈਦ ਹੀ ਰਖਦਾ। ਪੱਗ ਵਾਂਗ ਉਹ ਮਨ-ਚਿੱਤ ਨੂੰ ਵੀ ਮੈਲ਼ਾ ਨਹੀਂ ਸੀ ਹੋਣ ਦਿੰਦਾ। ਉਹਦੇ ਸੁਭਾਅ ਵਿਚ ਕੁਝ-ਕੁਝ ਫ਼ਕੀਰੀ ਸੀ। ਉਹ ਸਾਹਿਤਕ ਬਹਿਸ-ਮੁਬਾਹਸੇ ਤੇ ਗਰਮਾ-ਗਰਮੀ ਉਥੇ ਹੀ ਛੱਡ ਆਉਣ ਦੀ ਜਾਚ ਤੇ ਜੁਗਤ ਸਿੱਖ ਗਿਆ ਸੀ। ਅਟੰਕ ਹੋ ਜਾਂਦਾ। ਵਿਰੋਧ ਨੂੰ ਮਨ ਦਾ ਬੋਝ ਬਣਾ ਕੇ ਨਹੀਂ ਸੀ ਢੋਂਦਾ। ਸਮਾਜ ਵਿਚ ਵੀ, ਪਰ ਸਾਹਿਤ ਵਿਚ ਤਾਂ ਉਸ ਤੋਂ ਵੀ ਵੱਧ, ਉਹ ਸੱਚ ਦਾ ਹਾਮੀ ਸੀ। ਸਾਹਿਤਕ ਸਭਾਵਾਂ ਵਿਚ ਕਿਸੇ ਦੀ ਰਚਨਾ ਸੁਣ ਕੇ ਉਹਦੀ ਟਿੱਪਣੀ ਨਿਰਪੱਖ-ਨਿਰਲੇਪ ਹੁੰਦੀ। ਚੰਗੀ ਰਚਨਾ ਦੇ ਗੁਣ ਉਹ ਤਹਿਆਂ ਫਰੋਲ-ਫਰੋਲ ਦਸਦਾ। ਮੰਨ ਲਵੋ, ਕਿਸੇ ਦੀ ਕਵਿਤਾ ਕਮਜ਼ੋਰ ਹੈ, ਉਹ ਪਹਿਲਾਂ ਬੋਲ ਕੇ ਗਿਆਂ ਦੇ ਉਸਤਤੀ ਗੁਲਦਸਤੇ ਪਾਸੇ ਕਰ ਕੇ ਆਖਦਾ, “ਮਿੱਤਰੋ, ਤੁਸੀਂ ਜੋ ਕੁਝ ਕਵਿਤਾ ਆਖ ਕੇ ਪੜ੍ਹ ਗਏ ਹੋ, ਕਵਿਤਾ ਤਾਂ ਇਸ ਵਿਚੋਂ ਗ਼ੈਰ-ਹਾਜ਼ਰ ਰਹੀ। ਤੁਸੀਂ ਵਾਰਤਿਕ ਦੀਆਂ ਸਤਰਾਂ ਕੌਮਿਆਂ ਨਾਲ ਤੋੜ ਕਵਿਤਾ ਆਖ ਕੇ ਪੜ੍ਹ ਦਿੱਤੀਆਂ।” ਤੇ ਕੁਰਸੀ ਉੱਤੇ ਜਾ ਬੈਠਦਾ।
ਉਹ ਸ਼ਬਦਾਂ ਦਾ ਮੁੱਲ ਵੀ ਜਾਣਦਾ ਸੀ ਤੇ ਉਹਨਾਂ ਨੂੰ ਵਰਤਣ ਦਾ ਵੀ ਗਿਆਨੀ ਸੀ। ਸ਼ਾਇਦ ਇਸੇ ਕਰਕੇ ਉਹ ਸ਼ਬਦਾਂ ਨੂੰ ਬੜੇ ਸਰਫ਼ੇ ਨਾਲ ਵਰਤਦਾ। ਬਹੁਤੇ ਵਾਰ ਉਹ ਇਕ ਸ਼ਬਦ ਤੋਂ ਹੀ ਪੂਰੇ ਵਾਕ ਦਾ ਕੰਮ ਲੈ ਲੈਂਦਾ। ਉਹਨੂੰ ਪੁੱਛਣਾ, “ਹੋਰ ਫੇਰ ਇੰਦੇ ਭਾਈ, ਕੀ ਹਾਲ-ਚਾਲ ਹੈ?” ਉਹਨੇ ਮੁਸਕਰਾ ਕੇ ਆਖਣਾ, “ਭਲਾ!” ਗੱਲਬਾਤ ਵਿਚ ਉਹ ਭਲਾ ਤੇ ਚੰਗਾ ਵਰਗੇ ਸ਼ਬਦ ਅਕਸਰ ਵਰਤਦਾ। ਸੰਬੋਧਨ ਉਹਦਾ ‘ਮਿੱਤਰੋ’ ਸੀ। ਫੋਨ ’ਤੇ ਪੁਛਦਾ, “ਕੀ ਹਾਲ ਹੈ, ਮਿੱਤਰੋ?” ਫੋਨ ’ਤੇ ਦਸਦਾ, “ਭਲਾ-ਚੰਗਾ, ਮਿੱਤਰੋ!” ਸਾਹਿਤ, ਪੜ੍ਹਨਾ ਤੇ ਲਿਖਣਾ ਦੋਵੇਂ, ਉਹਦੇ ਜੀਵਨ ਦਾ ਮੁੱਖ ਪੱਖ ਸਨ। ਫੋਨ ਹੋਵੇ ਜਾਂ ਮਿਲਣਾ, ਸਾਹਿਤ ਤੋਂ ਵਧੀਕ ਗੱਲ ਸੁੱਖ-ਸਾਂਦ ਦੀ ਪੁੱਛ-ਦੱਸ ਨਾਲ ਮੁੱਕ ਜਾਂਦੀ।
ਗ਼ਲਤ ਪੰਜਾਬੀ ਲਿਖਣ ਵਾਲਿਆਂ ਤੋਂ, ਸਾਡੀ ਵਿਸ਼ਵਵਿਦਿਆਲੀ ਖੋਜ ਦੇ ਮਿਆਰਾਂ ਤੋਂ, ਆਲੋਚਨਾ ਦੇ ਨਾਂ ਹੇਠ ਕੀਤੀਆਂ ਜਾਂਦੀਆਂ ਬੇਤੁਕੀਆਂ ਤੋਂ ਉਹਨੂੰ ਬਹੁਤ ਤਕਲੀਫ਼ ਹੁੰਦੀ ਸੀ। ਇਹ ਗੱਲਾਂ ਉਹ ਅਕਸਰ ਕਰਦਾ। ਜਦੋਂ ਕਦੀ ਮੌਕਾ ਮਿਲਦਾ, ਉਹ ਆਪਣਾ ਇਹ ਦਰਦ ਮੰਚ ਉੱਤੇ ਵੀ ਜ਼ਾਹਿਰ ਕਰਨ ਤੋਂ ਖੁੰਝਦਾ ਤੇ ਝਿਜਕਦਾ ਨਹੀਂ ਸੀ। ਕਿਸ ਨੂੰ ਪੀੜ ਹੁੰਦੀ ਹੈ ਤੇ ਕੌਣ ਖਿਝਦਾ ਹੈ, ਇਹ ਅਗਲਾ ਜਾਣੇ। ਨਤੀਜਾ ਇਹ ਕਿ ਦਿੱਲੀ ਦੇ ਅਕਾਦਮਿਕ ਸੰਸਾਰ ਲਈ ਉਹਦੀ ਕੋਈ ਹੋਂਦ ਨਹੀਂ ਸੀ। ਉਸ ਨੂੰ ਪਰ ਇਹਨਾਂ ਗੱਲਾਂ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ। ਅਜਿਹੇ ਲੋਕਾਂ ਦੀ ਨਜ਼ਰ ਵਿਚ ਆਪਣੀ ਹੋਂਦ ਜਤਾਉਣਾ ਉਹਦਾ ਉਦੇਸ਼ ਹੀ ਨਹੀਂ ਸੀ। ਉਹ ਆਪਣੇ ਕਲਮੀ ਸੰਸਾਰ ਵਿਚ ਮਸਤ ਰਹਿੰਦਾ।
ਅੱਧੀ ਸਦੀ ਤੋਂ ਵੱਧ ਪਹਿਲਾਂ ਇੰਦੇ ਨਾਲ ਮੇਰੀ ਮੁਲਾਕਾਤ ਐਵੇਂ ਸਬੱਬੀ ਹੀ ਹੋ ਗਈ। ਮੈਂ ਦਿੱਲੀ ਪਹੁੰਚਿਆ ਤਾਂ ਫ਼ਰੀਦਕੋਟ ਤੋਂ ਮੇਰੇ ਇਕ ਹਮਜਮਾਤੀ ਮਿੱਤਰ ਦੀ ਚਿੱਠੀ ਆਈ, “ਮੇਰਾ ਛੋਟਾ ਭਰਾ ਜਗਦੀਸ਼ ਕੌਸ਼ਲ, ਜੋ ਕਹਾਣੀਆਂ ਲਿਖਦਾ ਹੈ, ਐਸ ਪਤੇ ਉੱਤੇ ਰਹਿੰਦਾ ਹੈ। ਦੋਵੇਂ ਮਿਲਿਆ-ਗਿਲਿਆ ਕਰੋ।” ਅਸੀਂ ਆਉਂਦੇ ਐਤਵਾਰ ਉਹਦੇ ਘਰ ਪਹੁੰਚ ਗਏ। ਗੱਲਾਂ ਵਿਚ ਪਤਾ ਲੱਗਿਆ, ਉਹ ਕਿਰਾਏਦਾਰ ਸੀ ਤੇ ਘਰ ਦਾ ਮਾਲਕ ਇੰਦੇ ਦਾ ਸਾਂਝਾ ਪਰਿਵਾਰ ਸੀ। ਇੰਦੇ ਓਦੋਂ ਸਮਰਾਲੇ ਨੇੜੇ ਬੋਂਦਲੀ ਕਾਲਜ ਵਿਚ ਪੜ੍ਹਾਉਂਦਾ ਸੀ ਤੇ ਉਹਦੀ ਅਧਿਆਪਕ ਪਤਨੀ ਦੋਵਾਂ ਬਾਲੜੀਆਂ ਸਮੇਤ ਦਿੱਲੀ ਉਸੇ ਘਰ ਦੇ ਇਕ ਹਿੱਸੇ ਵਿਚ ਰਹਿੰਦੀ ਸੀ। ਕੌਸ਼ਲ ਕਹਿੰਦਾ, ਇੰਦੇ ਆਇਆ ਹੋਇਆ ਹੈ, ਬੁਲਾਵਾਂ? ਉਹਨੇ ਬੱਚਾ ਭੇਜ ਕੇ ਉਹਨੂੰ ਬੁਲਾ ਲਿਆ।
ਉਸ ਪਿੱਛੋਂ ਕਦੀ-ਕਦੀ ਕਿਸੇ ਸਾਹਿਤਕ ਇਕੱਠ ਵਿਚ ਜਾਂ ‘ਨਾਗਮਣੀ ਸ਼ਾਮ’ ਵਿਚ ਮੇਲ ਹੋ ਜਾਂਦਾ। ਉਹ ‘ਨਾਗਮਣੀ’ ਵਿਚ ਛਪਦਾ ਹੁੰਦਾ ਸੀ। ਕੁਝ ਸਾਲਾਂ ਮਗਰੋਂ ਬੱਚੀਆਂ ਦੀ ਪਰਵਰਿਸ਼ ਤੇ ਪੜ੍ਹਾਈ ਦਾ ਖ਼ਿਆਲ ਕਰਦਿਆਂ ਉਹ ਨੌਕਰੀ ਛੱਡ ਕੇ ਦਿੱਲੀ ਆ ਗਿਆ। ਮਨੁੱਖੀ ਜੀਵਨ ਸਬੱਬਾਂ ਦਾ ਭਰਿਆ ਹੋਇਆ ਹੈ। ਇਕ ਅਜਿਹੇ ਸਬੱਬ ਨੇ ਸਾਡੀ ਰਸਮੀ ਦੁਆ-ਸਲਾਮ ਨੂੰ ਚੰਗੀ ਦੋਸਤੀ ਵਿਚ ਬਦਲ ਦਿੱਤਾ। ਇਕ ਦਿਨ ਇਹ ਮੇਰੇ ਦਫ਼ਤਰ ਆਇਆ ਤੇ ਮੈਨੂੰ ਕਹਿਣ ਲੱਗਿਆ, “ਮੈਨੂੰ ਕੰਮ ਦੀ ਲੋੜ ਹੈ। ਜੇ ਤੁਹਾਡੇ ਦਫ਼ਤਰ ਕਦੀ ਕੋਈ ਮੇਰੇ ਜੋਗ ਨੌਕਰੀ ਨਿੱਕਲੇ, ਮੇਰਾ ਖ਼ਿਆਲ ਰੱਖਣਾ।” ਮੈਨੂੰ ਅਜਿਹੀ ਕਿਸੇ ਨੌਕਰੀ ਦੀ ਕੋਈ ਆਸ ਨਹੀਂ ਸੀ। ਜੇ ਨੌਕਰੀ ਹੋ ਵੀ ਜਾਂਦੀ, ਰੂਸੀਆਂ ਨੇ ਕਿਸੇ ਨੂੰ ਮੇਰੇ ਆਖਿਆਂ ਥੋੜ੍ਹੋ ਲਾ ਦੇਣਾ ਸੀ। ਪਰ ਇਹ ਗੱਲ ਕਹਿਣੀ ਮੈਨੂੰ ਠੀਕ ਨਾ ਲੱਗੀ। ਮੈਂ ਹਾਮੀ ਭਰ ਕੇ ਉਹਨੂੰ ਤੋਰ ਦਿੱਤਾ। ਤਿੰਨ-ਚਾਰ ਹਫ਼ਤਿਆਂ ਮਗਰੋਂ ਮੈਨੂੰ ਮੈਗ਼ਜ਼ੀਨ ਸੈਕਸ਼ਨ ਦੇ ਮੁਖੀ ਰੂਸੀ ਨੇ ਬੁਲਾ ਕੇ ਕਿਹਾ, “ਪੰਜਾਬੀ ‘ਸੋਵੀਅਤ ਦੇਸ’ ਲਈ ਸੰਪਾਦਕ ਦੀ ਲੋੜ ਹੈ। ਤੁਹਾਡਾ ਸਾਹਿਤਕ ਘੇਰਾ ਵੱਡਾ ਹੈ। ਤੁਸੀਂ ਇਹ ਤਾਂ ਜਾਣਦੇ ਹੀ ਹੋ ਕਿ ਆਪਾਂ ਨੂੰ ਬੰਦਾ ਕਿਹੋ ਜਿਹਾ ਚਾਹੀਦਾ ਹੈ।”
ਮੈਂ ਇੰਦੇ ਨੂੰ ਬੁਲਾ ਕੇ ਸਮਝਾ ਦਿੱਤਾ ਕਿ ਰੂਸੀ ਉਹਤੋਂ ਕੀ ਕੁਝ ਪੁੱਛ ਸਕਦਾ ਹੈ ਤੇ ਉਹਨੂੰ ਕੀ ਜਵਾਬ ਦੇਣੇ ਚਾਹੀਦੇ ਹਨ। ਸਿਆਣਾ ਬੰਦਾ ਸੀ, ਝੱਟ ਮੇਰੀ ਰਮਜ਼ ਸਮਝ ਗਿਆ। ਰੂਸੀ ਨੂੰ ਮਿਲਾਇਆ ਤਾਂ ਇਹ ਉਹਦੀ ਕਸਵੱਟੀ ਉੱਤੇ ਖਰਾ ਉੱਤਰਨ ਵਿਚ ਸਫਲ ਰਿਹਾ। ਕੁਦਰਤੀ ਸੀ ਕਿ ਇਕੋ ਦਫ਼ਤਰ ਵਿਚ ਕੰਮ ਕਰਦਿਆਂ ਅਸੀਂ ਇਕ ਦੂਜੇ ਦੇ ਬਹੁਤ ਨੇੜੇ ਹੋ ਗਏ। ਉਥੋਂ ਵਿਹਲਾ ਹੋਣ ਮਗਰੋਂ ਉਹ ਲਿਖਣ-ਪੜ੍ਹਨ ਨੂੰ ਹੀ ਸਮਰਪਿਤ ਹੋ ਗਿਆ। ਬੱਚੀਆਂ ਪੜ੍ਹ-ਲਿਖ ਕੇ ਘਰੋ-ਘਰੀ ਜਾ ਚੁੱਕੀਆਂ ਸਨ। ਦੋਵੇਂ ਜੀਅ, ਕਿਸੇ ਬਹੁਤੀ ਭੱਜ-ਭਜਾਈ ਦੀ ਲੋੜ ਨਹੀਂ ਸੀ ਰਹਿ ਗਈ। ਸਾਂਝੇ ਘਰ ਦੀ ਵੰਡ-ਵੰਡਾਈ ਤੋਂ ਮਗਰੋਂ ਉਹਨੇ ਜਿਸ ਵਸੇਬੇ ਵਿਚ ਨਿਵਾਸ ਖਰੀਦਿਆ, ਉਹਦੇ ਨਾਂ ‘ਸਾਖ਼ਸ਼ਰ ਵਿਹਾਰ’ ਨੇ ਵੀ ਜਿਵੇਂ ਪਸੰਦ ਵਿਚ ਭੂਮਿਕਾ ਨਿਭਾਈ ਹੋਵੇ। ਮੈਂ ਹਸਦਾ, “ਇੰਦੇ ਭਾਈ, ਸਾਖ਼ਸ਼ਰਾਂ ਵਿਚਕਾਰ ਰਹਿੰਦੇ ਹੋ, ਇਸੇ ਮਾਹੌਲ ਸਦਕਾ ਚੌਵੀ ਘੰਟੇ ਅੱਖਰਾਂ ਨਾਲ ਵਾਹ ਬਣਿਆ ਰਹਿੰਦਾ ਹੈ ਤੇ ਰਚਨਾ ਹੁੰਦੀ ਰਹਿੰਦੀ ਹੈ।” ਉਹ ਮੁਸਕਰਾ ਕੇ ਅਲਪ-ਸ਼ਬਦਾ ਉੱਤਰ ਦਿੰਦਾ, “ਸਾਖ਼ਸ਼ਰ ਨੇ, ਸਾਹਿਤ-ਰਸੀਏ ਨਹੀਂ!”
ਉਹਨੇ ਇਧਰ-ਉਧਰ ਖਿੱਲਰੀਆਂ ਰਚਨਾਵਾਂ ਨੂੰ ਛਾਨਣੀ ਲਾ ਕੇ 2004 ਵਿਚ ਪਹਿਲਾ ਕਾਵਿ-ਸੰਗ੍ਰਹਿ ‘ਮਨ ਦਾ ਵਾਸੀ’ ਛਪਵਾਇਆ। ਸੱਤ ਸਾਲ ਦੇ ਫ਼ਰਕ ਨਾਲ 2011 ਵਿਚ ਉਹਦਾ ਬਾਲ-ਕਵਿਤਾਵਾਂ ਦਾ ਪਹਿਲਾ ਸੰਗ੍ਰਹਿ ‘ਅਸੀਂ ਉੱਡਾਂਗੇ’ ਛਪਿਆ। ਇਸ ਪਿੱਛੋਂ ਉਹਦੇ ਲਿਖਣ-ਕਾਰਜ ਵਿਚ ਅਨੁਵਾਦ ਵੀ ਸ਼ਾਮਲ ਹੋ ਗਿਆ। ਉਹਦੀਆਂ ਪੁਸਤਕਾਂ ਲਗਾਤਾਰ ਛਪਣ ਲੱਗੀਆਂ, ਕਈ ਵਾਰ ਸਾਲ ਵਿਚ ਦੋ-ਦੋ ਵੀ। ਕਵਿਤਾ ਉਹਦੀ ਮੰਚਾਂ ਤੋਂ ਦੱਸੀ ਹੋਈ ਕਾਵਿਕਤਾ ਦੀ ਕਸਵੱਟੀ ਉੱਤੇ ਪੂਰੀ ਉੱਤਰਦੀ ਸੀ। ਬਾਲ-ਕਵਿਤਾਵਾਂ ਉਹਦੇ ਵਰਗੀਆਂ ਪੰਜਾਬੀ ਵਿਚ ਹੋਰ ਕਿਸੇ ਨੇ ਨਹੀਂ ਲਿਖੀਆਂ, ਵਿਸ਼ੇ ਤੇ ਨਿਭਾਅ ਦੇ ਪੱਖੋਂ ਵੱਖਰੀਆਂ, ਆਪਣੇ ਵਰਗੀਆਂ ਸਿਰਫ਼ ਆਪ। ਉਹ ਬਾਲ-ਰਚਨਾ ਕਰਨ ਸਮੇਂ ਮਨ ਦੀ ਕਾਇਆ ਪਲਟ ਕੇ ਬਾਲ ਹੋ ਜਾਂਦਾ। ਬੱਚਿਆਂ ਵਾਲੀ ਕਲਪਨਾ, ਬੱਚਿਆਂ ਵਾਲੇ ਬੋਲ। ਉਹਦੇ ਦੋ ਸੰਗ੍ਰਹਿ ਕਵਿਤਾਵਾਂ ਦੇ ਤੇ ਚਾਰ ਸੰਗ੍ਰਹਿ ਬਾਲ-ਕਵਿਤਾਵਾਂ ਦੇ ਛਪੇ।
ਉਹਦਾ ਅਨੁਵਾਦ-ਕਾਰਜ ਸਹੀ ਅਰਥਾਂ ਵਿਚ ਮੁੱਲਵਾਨ ਹੈ। ਉਹਨੇ ਅਨੁਵਾਦ ਲਈ ਸਾਡੇ ਲਗਭਗ ਸਭੇ ਅਨੁਵਾਦਕਾਂ ਵਾਲਾ, ਹਿੰਦੀ ਤੋਂ ਕਹਾਣੀਆਂ-ਕਵਿਤਾਵਾਂ ਪੰਜਾਬੀ ਵਿਚ ਕਰ ਦੇਣ ਦਾ ਸੌਖਾ ਤੇ ਸਮਾਂ-ਲੰਘਾਊ ਰਾਹ ਨਹੀਂ ਸੀ ਫੜਿਆ। ਸਾਹਿਤ ਨੂੰ ਉਹ ਸੌਖ ਨਾਲ ਨਹੀਂ ਸੀ ਜੋੜਦਾ ਤੇ ਲੰਘਾਉਣ ਲਈ ਵਾਧੂ ਸਮਾਂ ਉਸ ਕੋਲ ਹੈ ਹੀ ਨਹੀਂ ਸੀ। ਅਨੁਵਾਦ ਵਾਸਤੇ ਰਚਨਾਵਾਂ ਉਹਨੇ ਸੋਚ ਕੇ, ਮਿਥ ਕੇ ਉਹ ਚੁਣੀਆਂ ਜੋ ਪੰਜਾਬੀ ਪਾਠਕਾਂ ਦਾ ਹਾਸਲ ਬਣ ਸਕਣ। ਪੰਜਾਬੀ ਦੀ ਐਮ.ਏ. ਨਾਲ ਉਹਨੇ ਅੰਗਰੇਜ਼ੀ ਦੀ ਐਮ.ਏ. ਵੀ ਕੀਤੀ ਤੇ ਫੇਰ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦਾ ਵੀ ਰਿਹਾ। ਪੰਜਾਬੀ ਵਾਂਗ ਹੀ ਉਹ ਅੰਗਰੇਜ਼ੀ ਸਾਹਿਤ ਦਾ ਵੀ ਰਸੀਆ ਪਾਠਕ ਸੀ। ਉਹ ਡੂੰਘਾ, ਤਾਂ ਵੀ ਸਰਲ-ਸਹਿਜ ਕਵੀ ਸੀ, ਅਨੁਵਾਦ ਕਵਿਤਾ ਦਾ ਕੀਤਾ ਤੇ ਕਵਿਤਾ ਵਿਚ ਹੀ ਕੀਤਾ। ਕਵਿਤਾ ਦੀ ਅੰਤਰੀਵ ਭਾਵਨਾ ਨੂੰ ਸਮਝਦੇ ਹੋਣਾ, ਅੰਗਰੇਜ਼ੀ ਭਾਸ਼ਾ ਦੀਆਂ ਬਰੀਕੀਆਂ ਦਾ ਜਾਣੂ ਹੋਣਾ ਅਤੇ ਪੰਜਾਬੀ ਦਾ ਆਪ ਇਕ ਚੰਗਾ ਕਵੀ ਹੋਣਾ ਉਹਨੂੰ ਚੰਗਾ ਅਨੁਵਾਦਕ ਬਣਾ ਦਿੰਦੇ ਸਨ। ਅਨੁਵਾਦ ਵਿਚ ਉਹਦੀ ਆਪਣੀ ਸਮਰੱਥਾ ਵੀ ਉਜਾਗਰ ਹੁੰਦੀ ਸੀ ਤੇ ਅਤੇ ਪੰਜਾਬੀ ਸ਼ਬਦਾਂ ਦੀ ਸਮਰੱਥਾ ਵੀ।
ਉਹਦੀ ਪਲੇਠੀ ਅਨੁਵਾਦ ਪੁਸਤਕ ‘ਯੂਰਪ ਦੀ ਕਵਿਤਾ’ ਸੀ। ਸਮਕਾਲੀਆਂ ਨਾਲੋਂ ਵੱਧ ਧਿਆਨ ਉਹਨੇ ਪੁਰਾਤਨ ਤੇ ਮੱਧਕਾਲੀ ਕਵੀਆਂ ਵੱਲ ਦਿੱਤਾ। ਉਹਨੇ ‘ਜਾਪਾਨ ਦੀ ਆਦਿ ਕਵਿਤਾ’ ਤੇ ‘ਚੀਨ ਦੀ ਮੁੱਢਲੀ ਕਵਿਤਾ’ ਨੂੰ ਪੰਜਾਬੀ ਵਿਚ ਢਾਲਿਆ। ਪਿਛਲੀ ਸਦੀ ਦਾ ਪੁਰਤਗਾਲੀ ਕਵੀ ਫ਼ਰਨਾਂਦੋ ਪੈਸੋਆ ਤੇ ਸੱਤਵੀਂ ਸਦੀ ਦਾ ਚੀਨੀ ਕਵੀ ਹੈਨਸ਼ੈਨ ਤਾਂ ਉਹਨੂੰ ਏਨੇ ਚੰਗੇ ਲੱਗੇ ਕਿ ਉਹਨਾਂ ਦੀ ਇਕ-ਇਕ ਪੂਰੀ ਪੁਸਤਕ ਛਪਵਾ ਦਿੱਤੀ। ਮੈਂ ‘ਚੀਨ ਦੀ ਕਵਿਤਾ ਦੇ ਪੰਜ ਪੁਰਾਣੇ ਪੰਨੇ’ ਨਾਂ ਦੀ ਪੁਸਤਕ ਉਚੇਚ ਨਾਲ ਪੜ੍ਹੀ ਕਿਉਂਕਿ ਇਸ ਵਿਚ ਸ਼ਾਮਲ ਮੱਧਕਾਲੀ ਦੇਵ-ਕਵੀ ਸਾਡੇ ਆਪਣੇ ਮਧਕਾਲੀ ਸੰਤ-ਭਗਤ ਕਵੀਆਂ ਵਰਗੇ ਹਨ, ਉਹਨਾਂ ਵਾਂਗ ਹੀ ਕਵਿਤਾ ਦੇ ਨਾਲ-ਨਾਲ ਸੰਗੀਤ ਦੇ ਵੀ ਗੂੜ੍ਹ-ਗਿਆਨੀ ਜਿਹੜਾ ਸੁਮੇਲ ਰਚਨਾ ਨੂੰ ਵਿਸ਼ੇਸ਼ ਗੌਰਵ ਬਖ਼ਸ਼ ਦਿੰਦਾ ਹੈ। ਚਾਰ ਕਵੀ ਅੱਠਵੀਂ ਸਦੀ ਦੇ ਤੇ ਇਕ ਨੌਵੀਂ ਸਦੀ ਦਾ। ਆਪਣੇ ਦਾਰਸ਼ਨਿਕ-ਅਧਿਆਤਮਕ ਵਿਰਸੇ ਦੇ ਰੰਗ ਵਿਚ ਗੂੜ੍ਹੇ ਰੰਗੇ ਹੋਏ, ਕੋਈ ਬੋਧੀ, ਕੋਈ ਤਾਉਵਾਦੀ ਤੇ ਕੋਈ ਕਨਫ਼ਿਊਸ਼ਸ ਮੱਤ ਨੂੰ ਮੰਨਣ ਵਾਲਾ। ਮੌਲਕ ਪੰਜਾਬੀ ਕਵਿਤਾਵਾਂ ਵਰਗੇ ਪਾਠ ਵਿਚ ਅਨੁਵਾਦ ਦਾ ਪਤਾ ਓਦੋਂ ਲਗਦਾ ਜਦੋਂ ਕਿਤੇ ਚੀਨੀ ਨਾਂ-ਥਾਂ ਦਾ ਓਪਰਾ ਜ਼ਿਕਰ ਆਉਂਦਾ। ਮੈਂ ਆਖਿਆ, “ਭਾਈ ਇੰਦੇ, ਤੁਸੀਂ ਇਹ ਅਨੁਵਾਦ ਨਹੀਂ ਕੀਤਾ ਸਗੋਂ ਸਮੇਂ ਤੇ ਸਥਾਨ ਨੂੰ ਪਾਰ ਕਰਦਿਆਂ ਹਰ ਕਵੀ ਦੇ ਮਨ-ਚਿੱਤ ਵਿਚ ਵੜ ਕੇ ਬੇਨਤੀ ਕੀਤੀ ਹੈ, ‘ਬਾਬਾ ਜੀ, ਮੇਰੇ ਲਈ ਆਪਣੀਆਂ ਇਹ ਕਵਿਤਾਵਾਂ ਪੰਜਾਬੀ ਵਿਚ ਉਚਾਰ ਦਿਉ!’ ਤੇ ਉਹ ਚੀਨੀ ਸੰਤ ਪੰਜਾਬੀ ਵਿਚ ਪੁਨਰ-ਸਿਰਜਣ ਕਰਦੇ ਗਏ ਤੇ ਤੁਸੀਂ ਬੱਸ ਕਾਗ਼ਦ ਉੱਤੇ ਉਤਾਰਦੇ ਗਏ!” ਅਕਾਦਮਿਕ ਸੰਸਾਰ ਵਾਂਗ ਸਾਹਿਤਕ ਸੱਤਾਧਾਰੀਆਂ ਲਈ ਵੀ ਉਹ ਕਿਸੇ ਗਿਣਤੀ ਵਿਚ ਨਹੀਂ ਸੀ। ਜਿਥੇ ਸਾਹਿਤ ਅਕਾਦਮੀ ਦੇ ਇਨਾਮ ਦੇ ਨਿਸ਼ਾਨੇ ਨਾਲ ਇਕੋ ਪੁਸਤਕ ਅਨੁਵਾਦਣ ਵਾਲੇ ਨਿਵਾਜੇ ਜਾਂਦੇ ਰਹੇ, ਅਨੁਵਾਦਕ ਇੰਦੇ ਉਹਨਾਂ ਦੇ ਨਜ਼ਰ ਨਹੀਂ ਸੀ ਪਿਆ।
ਅੰਤਮ ਯਾਤਰਾ
ਇੰਦੇ
ਕਰਤਾਰਪੁਰ ਛੱਡੋ
ਜਾਂ ਹਰਿਦੁਆਰ
ਏਸ ਪਾਰ ਜਾਂ ਓਸ ਪਾਰ
ਇਹ ਫੁੱਲ ਤੁਹਾਡੇ ਨੇ।
ਅਸੀਂ ਜੀਣਾ ਸੀ
ਸੋ ਜੀ ਲਿਆ
ਮਰਨਾ ਤੁਹਾਡੇ ਲਈ ਛੱਡ ਚੱਲੇ ਹਾਂ।
ਲਿਆਓ ਫੜਾਓ ਆਪਣੇ ਫੁੱਲ ਵੀ
ਰਲ਼ ਕੇ ਚੁੱਭੀ ਲਾਉਂਦੇ ਹਾਂ!
ਕੁਝ ਦਿਨ ਪਹਿਲਾਂ ਅਚਾਨਕ ਉਹਦੀ ਇਕ ਕਵਿਤਾ ਵਟਸਐਪ ਉੱਤੇ ਆ ਉੱਤਰੀ, ਜੋ ਇਥੇ ਡੱਬੀ ਵਿਚ ਛਾਪੀ ਜਾ ਰਹੀ ਹੈ। ਮਨ ਘਬਰਾ ਗਿਆ। ਫੋਨ ਕੀਤਾ। ਉਹ ਮਰਨਾ ਸਾਡੇ ਲਈ ਛੱਡ ਕੇ ਅੰਤਮ ਯਾਤਰਾ ਉੱਤੇ ਤੁਰ ਚੁੱਕਿਆ ਸੀ!
ਸੰਪਰਕ: 011-42502364