ਬਹਾਦਰ ਸਿੰਘ ਗੋਸਲ
ਜ਼ਿਲ੍ਹਾ ਲੁਧਿਆਣਾ ਦੇ ਦੋ ਜੌੜੇ ਪਿੰਡ ਵਿਰਸੇ ਅਤੇ ਸੱਭਿਆਚਾਰਕ ਪੱਖੋਂ ਬਹੁਤ ਮਹੱਤਵ ਰੱਖਦੇ ਹਨ। ਇਹ ਦੋਵੇਂ ਪਿੰਡ ਲੁਧਿਆਣਾ-ਮਾਲੇਰਕੋਟਲਾ ਮੁੱਖ ਸੜਕ ’ਤੇ ਲੁਧਿਆਣਾ ਤੋਂ 15 ਕਿਲੋਮੀਟਰ ਅਤੇ ਮਾਲੇਰਕੋਟਲਾ ਤੋਂ 25 ਕਿਲੋਮੀਟਰ ਦੂਰ ਪਿੰਡ ਸਾਇਆਂ ਕਲਾਂ ਅਤੇ ਸਾਇਆਂ ਖੁਰਦ ਦੇ ਤੌਰ ’ਤੇ ਜਾਣੇ ਜਾਂਦੇ ਹਨ। ਅਸਲ ਵਿੱਚ ਇਹ ਇੱਕੋ ਪਿੰਡ ਦੇ ਦੋ ਹਿੱਸੇ ਹਨ, ਜਿਨ੍ਹਾਂ ਨੂੰ ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ਤੋਂ ਲਹਿੰਦੇ ਵੱਲ ਪੰਜਾਬ ਦੀਆਂ ਪ੍ਰਸਿੱਧ ਮਿਨੀ ਓਲੰਪਿਕ ਖੇਡਾਂ ਲਈ ਜਾਣੇ ਜਾਂਦੇ ਪਿੰਡ ਕਿਲ੍ਹਾ ਰਾਏਪੁਰ ਨੂੰ ਜਾਣ ਵਾਲੀ ਸੜਕ ਵੰਡਦੀ ਹੈ। ਇਹ ਦੋਵੇਂ ਪਿੰਡ ਇਸ ਕਰਕੇ ਵੀ ਮਸ਼ਹੂਰ ਹਨ ਕਿ ਇਨ੍ਹਾਂ ਦੇ ਵਿਰਾਸਤੀ ਇਤਿਹਾਸ ਅਨੁਸਾਰ ਪਿੰਡ ਸਾਇਆਂ ਦਾ ਨਾਂ ਸਦੀਆਂ ਪਹਿਲਾਂ ਪਾਕਿਸਤਾਨੀ ਖੇਤਰ ਵਾਲੇ ਪਾਸਿਓਂ ਆਏ ਇੱਕ ਸਾਈਂ ਬਾਬਾ ਦੇ ਨਾਂ ’ਤੇ ਰੱਖਿਆ ਗਿਆ ਹੈ। ਉਸ ਸਾਈਂ ਬਾਬਾ ਨੇ ਲੁਧਿਆਣਾ-ਮਾਲੇਰਕੋਟਲਾ ਕੱਚੀ ਸੜਕ ਦੇ ਕਿਨਾਰੇ ਆਪਣਾ ਡੇਰਾ ਕਰ ਲਿਆ ਸੀ ਅਤੇ ਉਹ ਇੱਕ ਕੁਟੀਆ ਅਤੇ ਇੱਕ ਖੂਹੀ ਬਣਾ ਦੇ ਇੱਥੇ ਰਹਿਣ ਲੱਗਿਆ ਸੀ। ਪੁਰਾਣੇ ਸਮਿਆਂ ਵਿੱਚ ਵੀ ਸੜਕ ਕਾਫੀ ਚੱਲਦੀ ਸੀ ਅਤੇ ਆਉਂਦੇ-ਜਾਂਦੇ ਰਾਹੀ ਆਰਾਮ ਅਤੇ ਪਾਣੀ ਪੀਣ ਲਈ ਇੱਥੇ ਰੁਕਦੇ ਸਨ। ਸਾਈਂ ਬਾਬਾ ਦੇ ਨਾਲ ਜੋ ਸੇਵਕ ਆਏ ਸਨ, ਉਨ੍ਹਾਂ ਨੇ ਪਿੰਡ ਦੀ ਮੌੜੀ ਗੱਡ ਕੇ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ। ਪਿੰਡ ਦਾ ਪਹਿਲਾ ਨਾਂ ਸਾਈਂਆਣਾ ਅਤੇ ਫਿਰ ਬਦਲ ਕੇ ਸਾਇਆਂ ਬਣ ਗਿਆ। ਅੱਜ ਵੀ ਇੱਥੇ ਸਾਈਂ ਦੀ ਸਮਾਧ ਅਤੇ ਖੂਹੀ ਮੌਜੂਦ ਹਨ। ਪਿੰਡ ਦੀ ਆਬਾਦੀ ਵਧਦੀ ਗਈ ਅਤੇ ਫਿਰ ਇਹ ਪਿੰਡ ਦੋ ਹਿੱਸਿਆਂ ਵਿੱਚ ਵੰਡਿਆ ਗਿਆ।
ਦੋਹਾਂ ਪਿੰਡਾਂ ਵਿੱਚ ਅੱਜ-ਕੱਲ੍ਹ ਵੀ ਸ਼ਾਨਦਾਰ ਵਿਰਾਸਤੀ ਪੁਰਾਤਨ ਦਰਵਾਜ਼ੇ ਦੇਖਣ ਨੂੰ ਮਿਲਦੇ ਹਨ। ਪਿੰਡ ਸਾਇਆਂ ਕਲਾਂ ਦਾ ਦਰਵਾਜ਼ਾ ਬਹੁਤ ਪੁਰਾਣੇ ਸਮਿਆਂ ਦੀ ਬਾਤ ਪਾਉਂਦਾ ਨਜ਼ਰ ਆਉਂਦਾ ਹੈ। ਦਰਵਾਜ਼ੇ ਦੀ ਦਿੱਖ ਦੇਖਦੇ ਹੀ ਬਣਦੀ ਹੈ ਅਤੇ ਦਰਵਾਜ਼ੇ ਦੇ ਬਾਹਰ ਲਿਖਿਆ ਸੰਨ 1912 ਇਸ ਦੀ ਪੁਰਾਤਨ ਹੋਂਦ ਨੂੰ ਦਰਸਾਉਂਦਾ ਹੈ। ਪਿੰਡ ਦੇ 84 ਸਾਲਾ ਬਜ਼ੁਰਗ ਹਰੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖਿਆਂ ਵੱਲੋਂ ਕੀਤੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ 1912ਈ: ਵਿੱਚ ਤਾਂ ਇਸ ਦੀ ਮੁਰੰਮਤ ਕੀਤੀ ਗਈ ਸੀ ਜਦੋਂ ਕਿ ਇਹ ਦਰਵਾਜ਼ਾ ਘੱਟੋ-ਘੱਟ 200 ਸਾਲ ਪੁਰਾਣਾ ਹੈ। ਦਰਵਾਜ਼ੇ ਦੀਆਂ ਛੱਤਾਂ ਪੁਰਾਣੇ ਲਾਲ ਪੱਥਰ ਦੀਆਂ ਸਲੈਬਾਂ ਨਾਲ ਬਣੀਆਂ ਹੋਈਆਂ ਹਨ। ਹੁਣ ਇਸ ਦੀ ਛੱਤ ਵਿੱਚ 15 ਘਣ ਨਜ਼ਰ ਆਉਂਦੇ ਹਨ। ਦਰਵਾਜ਼ੇ ਦੀਆਂ ਕੰਧਾਂ ਵਿੱਚ ਪੁਰਾਤਨ ਆਲੇ ਅਤੇ ਬਾਹਰ ਵੱਲ ਬੰਦ ਖਿੜਕੀਆਂ ਨਜ਼ਰ ਆਉਂਦੀਆਂ ਹਨ। ਦਰਵਾਜ਼ੇ ਦੇ ਅੰਦਰਲੇ ਅਤੇ ਬਾਹਰਲੇ ਪਾਸੇ ਖੁੱਲ੍ਹੀ ਜਗ੍ਹਾ ਰੱਖੀ ਗਈ ਹੈ ਜੋ ਪੁਰਾਣੇ ਸਮਿਆਂ ਵਿੱਚ ਸਮਾਜਿਕ ਇਕੱਠਾਂ ਲਈ ਵਰਤੀ ਜਾਂਦੀ ਸੀ। ਦਰਵਾਜ਼ੇ ਦੇ ਬਿਲਕੁਲ ਨਾਲ ਲੱਗਦਾ ਅੰਦਰਵਾਰ ਪਿੰਡ ਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜਿਸ ਦੀ ਇਮਾਰਤ ਪਿੰਡ ਵਾਲਿਆਂ ਵੱਲੋਂ ਸੰਨ 1953 ਵਿੱਚ ਬਣਾਈ ਗਈ ਸੀ।
ਪਿੰਡ ਵਿੱਚ ਬਾਹਰੋਂ ਆਉਣ ਵਾਲੇ ਵਪਾਰੀ, ਫੇਰੀ ਵਾਲੇ, ਤਮਾਸ਼ੇ ਕਰਨ ਵਾਲਿਆਂ ਲਈ ਇਸ ਦਰਵਾਜ਼ੇ ਦੀ ਖਾਸ ਮਹੱਤਤਾ ਰਹੀ ਹੈ ਕਿਉਂਕਿ ਉਹ ਦਰਵਾਜ਼ਾ ਪਾਰ ਕਰਕੇ ਹੀ ਪਿੰਡ ਵਿੱਚ ਦਾਖਲ ਹੁੰਦੇ ਸਨ ਅਤੇ ਕੜਾਕੇ ਦੀਆਂ ਦੁਪਹਿਰਾਂ ਵਿੱਚ ਇੱਥੇ ਆਰਾਮ ਕਰਦੇ ਸਨ। ਪੁਰਾਣੀਆਂ ਵਸਤਾਂ ਖਰੀਦਣ ਵਾਲੇ ਇੱਕ ਬਜ਼ੁਰਗ ਕਬਾੜੀ ਹੀਰਾ ਲਾਲ ਨੇ ਦੱਸਿਆ ਕਿ ਉਹ ਪਿਛਲੇ 36 ਸਾਲਾਂ ਤੋਂ ਇਸ ਦਰਵਾਜ਼ੇ ਰਾਹੀਂ ਲੰਘਦਾ ਹੋਇਆ ਆਪਣੇ ਰੁਜ਼ਗਾਰ ਦਾ ਕੰਮ ਕਰਦਾ ਆ ਰਿਹਾ ਹੈ ਅਤੇ ਇਹ ਪੁਰਾਤਨ ਦਰਵਾਜ਼ਾ ਉਸ ਨੂੰ ਖੂਬ ਸਕੂਨ ਦਿੰਦਾ ਰਿਹਾ ਹੈ। ਪਿੰਡ ਦੇ ਲੋਕ ਅੱਜ ਵੀ ਇਸ ਦਰਵਾਜ਼ੇ ਦੀ ਸੰਭਾਲ ਲਈ ਤਤਪਰ ਹਨ ਅਤੇ ਕਈ ਸਮਾਜਿਕ ਗਤੀਵਿਧੀਆਂ ਇਸ ਦਰਵਾਜ਼ੇ ਵਿੱਚ ਕੀਤੀਆਂ ਜਾਂਦੀਆਂ ਹਨ।
ਇਸ ਦੇ ਨਾਲ ਹੀ ਦੂਜਾ ਜੁੜਵਾ ਪਿੰਡ ਹੈ ਸਾਇਆਂ ਖੁਰਦ, ਜਿੱਥੇ ਦਾ ਦਰਵਾਜ਼ਾ ਵੀ ਦੇਖਣ ਯੋਗ ਹੈ। ਇਸ ਦਰਵਾਜ਼ੇ ਦਾ ਪਹਿਲਾਂ ਵੀ ਨਵੀਨੀਕਰਨ ਹੋ ਚੁੱਕਿਆ ਹੈ ਪਰ ਪਿੰਡ ਦੇ ਲੋਕਾਂ ਦਾ ਇਸ ਦਰਵਾਜ਼ੇ ਨਾਲ ਇੰਨਾ ਮੋਹ ਹੈ ਕਿ ਹੁਣ ਫਿਰ ਪਿੰਡ ਦੀ ਪੰਚਾਇਤ ਵੱਲੋਂ ਪੰਚਾਇਤੀ ਫੰਡ ’ਚੋਂ ਇਸ ਦੀ ਛੱਤ ਬਦਲੀ ਜਾ ਰਹੀ ਹੈ। ਇਸ ਦਰਵਾਜ਼ੇ ਦੀ ਸੰਭਾਲ ਲਈ ਪਿੰਡ ਦੀ ਸਰਪੰਚ ਬੀਬੀ ਅਮਰਜੀਤ ਕੌਰ, ਬਾਕੀ ਪੰਚਾਇਤ ਮੈਂਬਰਾਂ ਨਾਲ ਮਿਲ ਕੇ ਚੰਗਾ ਉਪਰਾਲਾ ਕਰ ਰਹੇ ਹਨ। ਪਿੰਡ ਦੇ ਬਜ਼ੁਰਗ ਤੇਜਿੰਦਰ ਸਿੰਘ ਅਤੇ ਨੌਜਵਾਨ ਤੇਜਿੰਦਰ ਸਿੰਘ ਨੇ ਦੱਸਿਆ ਕਿ ਇਹ ਦਰਵਾਜ਼ਾ ਤਕਰੀਬਨ 200 ਸਾਲ ਪੁਰਾਣਾ ਹੈ। ਪਹਿਲਾਂ ਇਸ ’ਤੇ ਲੱਕੜ ਦੇ ਵੱਡੇ ਗੇਟ ਹੁੰਦੇ ਸਨ ਜੋ ਮੁਰੰਮਤ ਸਮੇਂ ਹਟਾ ਦਿੱਤੇ ਗਏ। ਹੁਣ ਨਵੀਂ ਛੱਤ ਦਾ ਕੰਮ ਬੜੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਪਿੰਡ ਸਾਇਆਂ ਕਲਾਂ ਦੇ ਦਰਵਾਜ਼ੇ ਵਾਂਗ ਹੀ ਇਸ ਦਰਵਾਜ਼ੇ ਦੇ ਦੋਵੇਂ ਪਾਸੇ ਕਾਫ਼ੀ ਖੁੱਲ੍ਹੀ ਜਗ੍ਹਾ ਸਮਾਜਿਕ ਕਾਰਜਾਂ ਲਈ ਰੱਖੀ ਗਈ ਹੈ। ਪਹਿਲਾਂ ਪਿੰਡ ਵਿੱਚ ਆਉਣ ਵਾਲੀਆਂ ਬਾਰਾਤਾਂ ਇਸੇ ਦਰਵਾਜ਼ੇ ਢੁੱਕਦੀਆਂ ਸਨ। ਦਰਵਾਜ਼ੇ ਦੇ ਬਾਹਰ ਵਾਲੇ ਪਾਸੇ ਪਿੰਡ ਦੀ ਸੱਥ ਲਈ ਵੱਡੇ ਰੁੱਖ ਲਗਾ ਕੇ ਹੇਠਾਂ ਉੱਚਾ ਚਬੂਤਰਾ ਬਣਾਇਆ ਗਿਆ ਹੈ, ਜਿੱਥੇ ਬਜ਼ੁਰਗ ਰਲ ਕੇ ਬੈਠੇ ਰਹਿੰਦੇ ਹਨ।
ਦਰਵਾਜ਼ੇ ਦਾ ਬਾਹਰੀ ਦ੍ਰਿਸ਼ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਹੈ, ਜੋ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਿਸੇ ਸਮੇਂ ਇਹ ਦਰਵਾਜ਼ਾ ਪਿੰਡ ਦੀ ਸੁਰੱਖਿਆ ਅਤੇ ਸ਼ਾਨ ਦਾ ਪ੍ਰਤੀਕ ਰਿਹਾ ਹੈ। ਦਰਵਾਜ਼ੇ ਦੀਆਂ ਕੰਧਾਂ ’ਤੇ ਬਣੇ ਪੁਰਾਣੇ ਆਲੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਯਾਦ ਦਿਵਾਉਂਦੇ ਹਨ। ਬਾਹਰੀ ਕੰਧ ਵਿੱਚ ਬਣੀਆਂ ਆਲਿਆਂ ਵਰਗੀਆਂ ਬੰਦ ਅਲਮਾਰੀਆਂ ਇਸ ਦੀ ਦਿੱਖ ਨੂੰ ਹੋਰ ਨਿਖਾਰਦੀਆਂ ਹਨ। ਦਰਵਾਜ਼ੇ ਦੀ ਉਮਰ ਵਡੇਰੀ ਕਰਨ ਲਈ ਇਸ ਦੇ ਅੰਦਰ ਚਾਰ ਪਿੱਲਰ ਬਣਾਏ ਗਏ ਹਨ, ਜਿਨ੍ਹਾਂ ’ਤੇ ਹੁਣ ਨਵੀਂ ਛੱਤ ਪਾਈ ਜਾ ਰਹੀ ਹੈ। ਦਰਵਾਜ਼ਾ ਦੇਖਣ ਵਾਲੇ ਨੂੰ ਇਹ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਦੀਆਂ ਤੋਂ ਇਸ ਦਰਵਾਜ਼ੇ ਦੀ ਪੁਰਾਤਨ ਸੱਭਿਆਚਾਰਕ ਦਿੱਖ ਨੂੰ ਕਾਇਮ ਰੱਖਿਆ ਗਿਆ ਹੈ। ਇਨ੍ਹਾਂ ਪਿੰਡਾਂ ਦੇ ਦੋਹਾਂ ਦਰਵਾਜ਼ਿਆਂ ਨੂੰ ਦੇਖ ਕੇ ਮਨ ਵਿੱਚ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਸਾਡੇ ਪਿੰਡਾਂ ਵਿੱਚ ਪੰਜਾਬੀ ਵਿਰਸੇ ਦਾ ਅਥਾਹ ਭੰਡਾਰ ਲੁਕਿਆ ਪਿਆ ਹੈ ਅਤੇ ਸਰਕਾਰਾਂ ਨੂੰ ਇਸ ਦੀ ਸੰਭਾਲ ਲਈ ਪੰਚਾਇਤਾਂ ਨੂੰ ਲੋੜੀਂਦਾ ਫੰਡ ਮੁਹੱਈਆ ਕਰਵਾਉਣਾ ਚਾਹੀਦਾ ਹੈ।
ਸੰਪਰਕ: 948764-52223